“ਕੁੜੀ ਵਾਲਿਆਂ ਦੇ ਪਰਿਵਾਰ ਨੇ ਮਿਲਣੀ ਕਰਨ ਤੋਂ ਹੀ ਨਾਂਹ ਕਰ ਦਿੱਤੀ, ਪਾਣੀ ਤਕ ਨਾ ਪੁੱਛਿਆ ...”
(30 ਅਗਸਤ 2023)
ਕਾਲਜ ਪੜ੍ਹਦਿਆਂ ਦਿਲ-ਦਿਮਾਗ ਬੜੀਆਂ ਖਾਹਿਸ਼ਾਂ ਦੀ ਜ਼ਰਖੇਜ਼ ਭੋਏਂ ਹੁੰਦੇ ਹਨ। ਕਿਸੇ ਖੇਤਰ ਵਿੱਚ ਬੁਲੰਦੀਆਂ ਛੂਹਣ ਦੀ ਤਮੰਨਾ, ਕੁਝ ਨਵੇਕਲਾ ਕਰਨ ਦੀ ਚਾਹਤ, ਕੁਝ ਮਨ-ਭਾਉਂਦਾ ਪ੍ਰਾਪਤ ਕਰਨ ਲਈ ਉਤਸ਼ਾਹ ਦਿਨ ਰਾਤ ਉੱਸਲਵੱਟੇ ਲੈਂਦਾ ਹੈ। ਆਦਰਸ਼ਵਾਦ ਦਾ ਭੂਤ ਸਿਰ ਚੜ੍ਹਦਾ ਹੀ ਰਹਿੰਦਾ ਹੈ।
ਸਾਡੇ ਇੱਕ ਮਿੱਤਰ ਨੂੰ ਅੰਗਰੇਜ਼ੀ ਸਾਹਿਤ ਦੀ ਚੰਗੀ ਮੁਹਾਰਤ ਹਾਸਲ ਹੋ ਗਈ। ਉਸ ਨੂੰ ਸਾਡੇ ਸਮਾਜ ਅਤੇ ਸਿਆਸੀ ਢਾਂਚੇ ਦੀ ਵੀ ਥਹੁ ਪੈਣ ਲੱਗੀ। ਉਹ ਪੂਰੀ ਢਾਣੀ ਨੂੰ ਫਾਇਦੋਰ ਦਾਸਤੋਵਸਕੀ ਦਾ ਕਥਨ ਯਾਦ ਕਰਵਾਉਂਦਾ ਕਿ ਗਰੀਬ ਮਨੁੱਖ ਸੋਚਦਾ ਹੈ ਕਿ ਜੋ ਅਮੀਰ ਕਰ ਸਕਦਾ ਹੈ, ਉਹ ਵੀ ਕਰ ਸਕਦਾ ਹੈ। ਭਾਵ ਰੀਸ ਕਰਨਾ ਮਨੁੱਖ ਦੀ ਫਿਤਰਤ ਵਿੱਚ ਸ਼ਾਮਲ ਹੈ ਅਤੇ ਇਹ ਰੀਸ ਹੀ ਉਸ ਦੀ ਗਰੀਬੀ ਦਾ ਕਾਰਨ ਬਣਦੀ ਹੈ। ਅਸੀਂ ਜੋ ਦੇਖਦੇ ਸੀ ਉਸ ਨੂੰ ਹੀ ਆਦਰਸ਼ ਸਮਾਜਿਕ ਵਿਵਸਥਾ ਸਮਝੀ ਜਾ ਰਹੇ ਸਾਂ, ਇਹ ਤਾਂ ਹੁਣ ਬੁਢੇਪੇ ਵੇਲੇ ਸਮਝ ਆਇਆ ਕਿ ਸਮਾਜਿਕ ਵਿਵਸਥਾ ਤਾਂ ਬਣਾਈ ਜਾਂਦੀ ਹੈ। ਸਾਡੇ ਸਮਾਜ ਦੀ ਜ਼ਮੀਨੀ ਹਕੀਕਤ ਨੂੰ ਹੀ ਆਦਰਸ਼ ਬਣਾ ਦਿੱਤਾ ਗਿਆ ਸੀ ਜਦੋਂ ਕਿ ਆਦਰਸ਼ ਨੂੰ ਹਕੀਕਤ ਬਣਾਉਣਾ ਚਾਹੀਦਾ ਸੀ। ਸਾਡੇ ਮਿੱਤਰ ਦਾ ਵਿਚਾਰ ਸੀ ਕਿ ਇਹ ਆਦਰਸ਼ ਵਿਵਸਥਾ ਨਹੀਂ ਹੈ ਅਤੇ ਇਹ ਸੁਧਾਰੀ ਜਾ ਸਕਦੀ ਹੈ। ਉਹ ਤਰਕਸ਼ੀਲ ਸੀ ਅਤੇ ਸਾਨੂੰ ਕੁਝ ਸਮਝ ਨਾ ਆਉਣ ਦੇ ਬਾਵਜੂਦ ਵੀ ਅਸੀਂ ਉਸ ਦਾ ਸਾਥ ਦੇਣਾ ਮਿੱਤਰਤਾ ਦਾ ਪੈਮਾਨਾ ਸਮਝਕੇ ਉਸ ਨਾਲ ਸਹਿਮਤ ਹੁੰਦੇ ਰਹਿੰਦੇ ਸੀ। ਆਦਰਸ਼ ਕਿਸ ਭਾਅ ਵਿਕਿਆ, ਇਹ ਉਸ ਵੇਲੇ ਪਤਾ ਲੱਗਿਆ ਜਦੋਂ ਸਮਾਜ ਦੀ ਹਕੀਕਤ ਅਤੇ ਅਸਲੀ ਹੱਡ-ਮਾਸ ਦੇ ਮਨੁੱਖਾਂ ਨਾਲ ਵਾਹ ਪਿਆ।
ਉਸ ਵਕਤ ਪੜ੍ਹਾਈ ਖਤਮ ਹੁੰਦਿਆਂ ਹੀ ਰਿਸ਼ਤੇਦਾਰ ਅਤੇ ਆਂਢ-ਗੁਆਂਢ ਮਾਂ-ਬਾਪ ਦੇ ਪਿੱਛੇ ਪੈ ਜਾਂਦੇ ਸਨ, “ਮੁੰਡੇ ਦੀ ਉਮਰ ਹੋ ਗਈ ਐ ਬਈ, ਵਿਆਹ ਕਰ ਦਿਓ ਇਹਦਾ ਹੁਣ, ਜਦੋਂ ਕਹੋਂ ਰਿਸ਼ਤਾ ਤਿਆਰ ਐ …।” ਸਭ ਨੂੰ ਵਿਆਹ ਦੀ ਕਾਹਲੀ ਹੁੰਦੀ ਸੀ। ਮਾਵਾਂ ਨੂੰਹ ਦਾ ਮੂੰਹ ਦੇਖਣ ਨੂੰ ਕਾਹਲੀਆਂ ਪੈਂਦੀਆਂ। ਦਹੇਜ ਪ੍ਰਥਾ ਸਮਾਜ ਵਿੱਚ ਕੋਈ ਨਵੀਂ ਨਹੀਂ ਸੀ, ਹਰ ਕੋਈ ਆਪਣੀ ਧੀ ਨੂੰ ਆਪਣੀ ਸਮਰੱਥਾ ਮੁਤਾਬਿਕ ਦਿੰਦਾ ਹੀ ਸੀ। ਵਿੱਦਿਆ ਦੇ ਪਸਾਰ ਨਾਲ ਪੜ੍ਹੇ ਲਿਖੇ ਮੁੰਡਿਆਂ ਦੀ ਮੰਗ ਵਿਆਹ-ਮੰਡੀ ਵਿੱਚ ਵਧ ਗਈ ਸੀ। ਹਰ ਕੋਈ ਆਪਣੀ ਲਾਡਲੀ ਲਈ ਚੰਗਾ ਪੜ੍ਹਿਆ ਲਿਖਿਆ, ਗੋਰਾ, ਲੰਬਾ ਜਵਾਨ ਮੁੰਡਾ ਲੱਭ ਰਿਹਾ ਸੀ। ਇਹ ਵਧੀਆ ਮਨਸ਼ਾ ਸੀ। ਉੱਧਰ ਪੜ੍ਹੇ ਲਿਖੇ ਮੁੰਡਿਆਂ ਦੇ ਮਾਪਿਆਂ ਨੇ ਰੇਟ ਵਧਾ ਦਿੱਤੇ, ਅਖੇ ਪੜ੍ਹਾਈ ਤੇ ਸਾਡਾ ਬਹੁਤ ਖਰਚ ਹੋ ਗਿਆ ਹੈ। ਅਸੀਂ ਕਈ ਦੋਸਤ ਵਿਆਹ ਟਾਲਣ ਵਿੱਚ ਕਾਮਯਾਬ ਵੀ ਰਹੇ ਪਰ ਸਾਡਾ ਇਹ ਆਦਰਸ਼ਵਾਦੀ ਦੋਸਤ ਟਾਲ ਨਾ ਸਕਿਆ।
ਉੱਨੀ ਸੌ ਸੱਠਵਿਆਂ ਦੇ ਦਹਾਕੇ ਦੀ ਗੱਲ ਹੈ। ਉਨ੍ਹਾਂ ਦਿਨਾਂ ਵਿੱਚ ਬਰਾਤ ਵਿੱਚ ਸੌ ਬੰਦਾ ਹੋ ਜਾਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਕਿਹਾ ਇਹੀ ਜਾਂਦਾ ਸੀ, ਕਿ ਬੱਸ ਜੀ, ਵੀਹ ਪੱਚੀ ਬੰਦੇ ਹੋਣਗੇ, ਉਨ੍ਹਾਂ ਦੀ ਸੇਵਾ ਵਿੱਚ ਕਮੀ ਨੀ ਹੋਣੀ ਚਾਹੀਦੀ। ਪਰ ਪੰਜਾਹ ਦੇ ਆਸ-ਪਾਸ ਬਰਾਤੀ ਹੋ ਹੀ ਜਾਂਦੇ ਸਨ। ਬਰਾਤੀ ਹੋਣ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਬਰਾਤ ਵਿੱਚ ਸ਼ਾਮਲ ਹੋਣ ਲਈ ਨਿੱਜੀ ਤੌਰ ’ਤੇ ਕਹਿਣਾ ਪੈਂਦਾ ਸੀ ਕਿ ਉਹ ਪਰਿਵਾਰ ਇੱਕ ਜਾਂ ਦੋ ਬੰਦੇ ਤਿਆਰ ਰੱਖੇ। ਜਾਂਝੀ ਲਈ ਨਵੇਂ ਕੱਪੜੇ ਪਹਿਲਾਂ ਤਿਆਰ ਕਰਵਾਉਣੇ ਪੈਂਦੇ ਸਨ। ਕੱਢਵੀਂ ਤਿੱਲੇਦਾਰ ਜੁੱਤੀ ਬਣਵਾਉਣ ਲਈ ਮਾਇਆ ਅਤੇ ਸਮਾਂ ਵੀ ਚਾਹੀਦਾ ਸੀ। ਬਰਾਤ ਕੁੜੀ ਦੇ ਘਰ ਸ਼ਾਮ ਵੇਲੇ ਢੁਕਦੀ ਸੀ। ਸ਼ਾਮ ਦੀ ਚਾਹ ਅਤੇ ਰਾਤ ਦੀ ਰੋਟੀ, ਫਿਰ ਦੂਸਰਾ ਪੂਰਾ ਦਿਨ ਹੋਰ ਰਸਮਾਂ-ਵਿਹਾਰਾਂ ਵਿੱਚ ਨਿਕਲ ਜਾਂਦਾ, ਤੀਸਰੇ ਦਿਨ ਬਰਾਤ ਡੋਲੀ ਲੈ ਕੇ ਵਿਦਾ ਹੁੰਦੀ। ਤੀਸਰੇ ਦਿਨ ਵੀ ਕੁੜੀ ਵਾਲਿਆਂ ਨੂੰ ਤਕਰੀਬਨ ਸਾਰਾ ਦਿਨ ਹੀ ਬਰਾਤੀਆਂ ਦੀ ਸੇਵਾ ਵਿੱਚ ਲੰਘਾਉਣਾ ਪੈਂਦਾ ਸੀ। ਹਦਾਇਤ ਹੁੰਦੀ ਕਿ ਬਈ, “ਕੋਈ ਬਰਾਤੀ ਨਰਾਜ਼ ਹੋ ਕੇ ਨਾ ਜਾਵੇ, ਪੂਰੀ ਸੇਵਾ ਦਾ ਹੱਕਦਾਰ ਐ ਉਹ। ਜਿੱਥੇ ਮਰਜ਼ੀ ਬੈਠੇ, ਜਿਸ ਨੂੰ ਮਰਜ਼ੀ ਮਖੌਲ, ਟਿੱਚਰ ਕਰੇ ...।”
ਬਰਾਤ ਦੀ ਸੇਵਾ ਅਤੇ ਦਹੇਜ ਵਿੱਚ ਲੈਣ-ਦੇਣ ਨਾਲ ਕੁੜੀ ਦੇ ਪਰਿਵਾਰ ਉੱਤੇ ਕਾਫੀ ਆਰਥਿਕ ਬੋਝ ਪੈ ਜਾਂਦਾ ਸੀ। ਬਹੁਤੀ ਵਾਰੀ ਪਰਿਵਾਰ ਕਰਜ਼ੇ ਹੇਠ ਵੀ ਆ ਜਾਂਦਾ ਸੀ। ਅਜਿਹਾ ਨਹੀਂ ਸੀ ਕਿ ਮੁੰਡੇ ਵਾਲਿਆਂ ਦਾ ਖਰਚਾ ਘੱਟ ਹੁੰਦਾ ਸੀ, ਉਨ੍ਹਾਂ ਤੋਂ ਵੀ ਆਸ ਕੀਤੀ ਜਾਂਦੀ ਸੀ ਕਿ ਬਰਾਤ ਬੱਸ ਵਿੱਚ ਆਵੇ, ਨਾਲ ਲਾਉਡ-ਸਪੀਕਰ ਹੋਵੇ, ਬੈਂਡ ਵਾਜਾ ਹੋਵੇ। ਜੇਕਰ ਬੀਨ ਤੇ ਨੱਚਦੇ ਨਚਾਰ ਹੁੰਦੇ ਤਾਂ ਬਰਾਤ ਸ਼ਾਨਦਾਰ..., ਲਾਊਡ-ਸਪੀਕਰ ਤੋਂ ਬਿਨਾ ਬਰਾਤ ਨੂੰ ਤਾਂ ਲੋਕ ਬਰਾਤ ਹੀ ਨਹੀਂ ਸਨ ਮੰਨਦੇ। ਰੱਜੇ ਪੁੱਜੇ ਘਰ ਗਾਇਕ-ਜੋੜੀਆਂ ਦਾ ਅਖਾੜਾ ਵੀ ਲਵਾ ਦਿੰਦੇ।
ਉਸ ਵੇਲੇ ਦੇ ਕਾਲਜੀਏਟਾਂ ਵਿੱਚ ਆਦਰਸ਼ਵਾਦ ਹੈ ਵੀ ਜ਼ਿਆਦਾ ਹੀ ਸੀ। ਅਸੀਂ ਸੋਚਦੇ ਸਾਂ ਕਿ ਵਿਆਹ ਉੱਤੇ ਘੱਟ ਤੋਂ ਘੱਟ ਖਰਚ ਹੋਣਾ ਚਾਹੀਦਾ ਹੈ। ਬਰਾਤ ਦੇ ਪੰਜ ਸੱਤ ਬੰਦੇ ਹੋਣ, ਸਾਦੀ ਰੋਟੀ ਹੋਵੇ, ਸੋਮਰਸ ਦਾ ਸੇਵਨ ਨਾ ਕੀਤਾ ਜਾਵੇ, ਦਹੇਜ ਬੰਦ ਹੋਵੇ।
ਤੈਅ ਹੋਇਆ ਕਿ ਉਸ ਦੀ ਸ਼ਾਦੀ ਬੀ ਏ ਦੇ ਪੇਪਰ ਹੁੰਦਿਆਂ ਹੀ ਕਰ ਦਿੱਤੀ ਜਾਵੇਗੀ। ਤਰੀਕ ਪੱਕੀ ਕਰ ਦਿੱਤੀ ਗਈ। ਉਨ੍ਹੀਂ ਦਿਨੀਂ ਆਮ ਲੋਕ ਵਿਆਹ ਮਈ-ਜੂਨ ਦੇ ਮਹੀਨੇ ਹੀ ਕਰਿਆ ਕਰਦੇ ਸਨ। ਹਾੜ੍ਹੀ ਦੀ ਫਸਲ ਤੋਂ ਬਾਅਦ ਲੋਕਾਂ ਦਾ ਹੱਥ ਥੋੜ੍ਹਾ ਖੁੱਲ੍ਹਾ ਹੁੰਦਾ ਸੀ। ਉਸ ਮੁੰਡੇ ਨੇ ਮੈਨੂੰ ਕਿਹਾ ਕਿ ਮੈਂ ਜ਼ਰੂਰ ਆਵਾਂ ਤਾਂ ਕਿ ਉਸ ਨਾਲ ਕੋਈ ਖੜ੍ਹਾ ਦਿਖਾਈ ਦੇਵੇ। ਬਰਾਤ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਮੈਂ ਉਸਦੇ ਪਿੰਡ ਪਹੁੰਚ ਗਿਆ।
ਬਰਾਤ ਦੀ ਤਿਆਰੀ ਹੋਣ ਲੱਗੀ। ਉਹ ਬਜ਼ਿੱਦ ਸੀ ਕਿ ਬਰਾਤ ਵਿੱਚ ਮੈਂ ਉਸ ਨਾਲ ਜ਼ਰੂਰ ਹੋਵਾਂਗਾ ਅਤੇ ਤਿੰਨ ਬੰਦੇ ਹੋਰ ਹੋਣਗੇ ਜਿਨ੍ਹਾਂ ਵਿੱਚ ਇੱਕ ਵਿਚੋਲਾ ਅਤੇ ਦੋ ਹੋਰ ਵਿਅਕਤੀ ਹੋਣਗੇ। ਇਹ ਹੋਰ ਦੋ ਕੌਣ ਹੋਣਗੇ ਦਾ ਫ਼ੈਸਲਾ ਪਰਿਵਾਰ ਨੇ ਕਰਨਾ ਸੀ। ਇਹ ਫ਼ੈਸਲਾ ਕਰਨਾ ਵਿਆਹ ਵਿੱਚ ਬੀ ਦਾ ਲੇਖਾ ਛੇੜ ਗਿਆ। ਮਿੱਤਰ ਨੇ ਫਰਮਾਨ ਜਾਰੀ ਕਰ ਦਿੱਤਾ ਕਿ ਉਸ ਦੇ ਪਿਤਾ ਜੀ ਘਰ ਰਹਿਣਗੇ। ਬਹਿਸ ਕਰਦਿਆਂ ਦਿਨ ਢਲ ਗਿਆ। ਉਸ ਦਾ ਇੱਕ ਭਾਈ ਤੇ ਇੱਕ ਜੀਜਾ ਤਿਆਰ ਕੀਤੇ ਗਏ। ਸਭ ਜ਼ੋਰ ਲਾ ਰਹੇ ਸਨ ਕਿ ਬਰਾਤ ਵਿੱਚ ਵੀਹ-ਤੀਹ ਬੰਦੇ ਜ਼ਰੂਰ ਲੈ ਕੇ ਜਾਓ ਪਰ ਕਹਿੰਦੇ ਹੋਏ ਡਰ ਵੀ ਰਹੇ ਸਨ ਮਤੇ ਉਹ ਸਿਹਰਾ ਬੰਨ੍ਹਣ ਤੋਂ ਹੀ ਮੁੱਕਰ ਜਾਵੇ, ਕਹੇ, ਕਰ ਲਓ ਜੋ ਕਰਨਾ ਹੈ, ਮੈਂ ਜਾਣਾ ਹੀ ਨਹੀਂ।
ਓਧਰ ਅਗਲੇ ਬਰਾਤ ਦੀਆਂ ਉਡੀਕਾਂ ਕਰ ਰਹੇ ਸਨ। ਅੰਨ-ਪਾਣੀ ਬਣਿਆ ਪਿਆ ਸੀ। ਉਹ ਮੋਬਾਇਲ-ਨੈੱਟ ਦਾ ਜ਼ਮਾਨਾ ਨਹੀਂ ਸੀ ਕਿ ਮਿੰਟ ਮਿੰਟ ਦੀ ਖ਼ਬਰ ਲੈਂਦੇ-ਦਿੰਦੇ ਰਹਿੰਦੇ ... ਬਰਾਤ ਕਿੱਥੇ ਕੁ ਹੈ, ਕਿੰਨੇ ਕੁ ਬੰਦੇ ਨੇ ਆਦਿ ਸਵਾਲਾਂ ਦੇ ਜਵਾਬ ਮਿਲਦੇ ਰਹਿੰਦੇ।
ਆਖਰ ਅਸੀਂ ਪੰਜ ਬੰਦੇ ਜੀਪ ਵਿੱਚ ਸਵਾਰ ਹੋ ਕੇ ਵਿਆਹੁਣ ਤੁਰ ਪਏ। ਕੱਚੇ ਉਗੜ-ਦੁਗੜ ਰਾਹਾਂ ’ਤੇ ਤੁਰਦੀ ਜੀਪ ਨੇ ਸਾਡੀਆਂ ਵੱਖੀਆਂ ਟਿਕਾਣੇ ਕਰ ਦਿੱਤੀਆਂ। ਮੂੰਹ-ਸਿਰ ਕੱਪੜੇ ਸਭ ਗਰਦ ਨਾਲ ਭਰ ਗਏ। ਬਰਾਤੀਆਂ ਵਾਲੀ ਸ਼ਬ ਖਰਾਬ ਹੋ ਗਈ ਸੀ। ਅਸੀਂ ਕੋਈ ਘੰਟਾ ਕੁ ਦਿਨ ਖੜ੍ਹੇ ਢੁੱਕ ਗਏ। ਜੀਪ ਵਿੱਚੋਂ ਵਿਚੋਲਾ ਉੱਤਰਿਆ। ਸਾਡੀ ਆਮਦ ਦਾ ਸੁਨੇਹਾ ਦੇਣ ਗਿਆ ਕਾਫੀ ਦੇਰ ਮੁੜ ਕੇ ਨਾ ਆਇਆ। ਕੁੜੀ ਵਾਲਿਆਂ ਦੇ ਪਰਿਵਾਰ ਨੇ ਮਿਲਣੀ ਕਰਨ ਤੋਂ ਹੀ ਨਾਂਹ ਕਰ ਦਿੱਤੀ, ਪਾਣੀ ਤਕ ਨਾ ਪੁੱਛਿਆ। ਅਸੀਂ ਪਾਣੀ ਲਈ ਤਰਸ ਰਹੇ ਸਾਂ। ਉਦੋਂ ਪਾਣੀ ਨਾਲ ਨਹੀਂ ਚੁੱਕਦੇ ਹੁੰਦੇ। ਕੁੜੀ ਵਾਲੇ ਕਹਿਣ ਲੱਗੇ, ਬਰਾਤ ਲੈ ਕੇ ਆਓ ਤਾਂ ਕੁੜੀ ਤੋਰਾਂਗੇ । ਸ਼ਰਤ ਲਾ ਦਿੱਤੀ, ਘੱਟ ਤੋਂ ਘੱਟ ਤੀਹ-ਪੈਂਤੀ ਬੰਦੇ ਜ਼ਰੂਰ ਹੋਣ ਅਤੇ ਨਾਲ ‘ਸਪੀਕਰ’ ਵੀ ਲੈ ਕੇ ਆਉਣ। ਮੈਂ ਤੇ ਮਿੱਤਰ ਸਿਰ ਫੜ ਕੇ ਬਹਿ ਗਏ। ਅਗਲੇ ਸਭ ਵਾਅਦਿਆਂ ਤੋਂ ਭੱਜ ਗਏ ਸਨ।
ਜੀਪ ਵਾਪਸ ਗਈ। ਬਰਾਤੀ ਤਾਂ ਤਿਆਰ ਹੀ ਬੈਠੇ ਸਨ। ਕਈ ਨੇ ਤਾਂ ਸੁਨੇਹਾ ਮਿਲਦੇ ਸਾਰ ਹੀ ਸਾਇਕਲਾਂ ’ਤੇ ਅੱਡੀ ਮਾਰ ਦਿੱਤੀ। ਉਹ ਸਮਾਜਿਕ ਰੀਤਾਂ ਨਾਲ ਬੱਝੇ ਹੋਏ ਸਨ, ਅਸੀਂ ਰੀਤਾਂ ਦੀਆਂ ਪੀਡੀਆਂ ਗੰਢਾਂ ਢਿੱਲੀਆਂ ਕਰਨੀਆਂ ਚਾਹੁੰਦੇ ਸਾਂ। ਜੀਪ ਤੁੰਨ ਤੁੰਨ ਕੇ ਦੋ ਗੇੜੇ ਲਾਏ। ਸਪੀਕਰ ਲਾਇਆ ਗਿਆ ਫੇਰ ਕਿਤੇ ਜਾ ਕੇ ਸਾਨੂੰ ਚਾਹ ਪਾਣੀ ਨਸੀਬ ਹੋਇਆ।
ਪਿੰਡ ਹਾਲੇ ਬਿਜਲੀ ਦੀ ਰੋਸ਼ਨੀ ਤੋਂ ਵਾਂਝਾ ਸੀ। ਲਾਲਟੈਨ ਦੇ ਚਾਨਣੇ ਮਿਲਣੀ ਹੋਈ। ਘੁਸਮੁਸੇ ‘ਵਿੱਚ ਪਤਾ ਹੀ ਨਾ ਲੱਗੇ ਕੌਣ ਕੀਹਦੇ ਨਾਲ ਜੱਫੀ ਪਾ ਰਿਹਾ ਹੈ। ਰਾਤ ਦੇ ਦਸ ਵਜੇ ਰੋਟੀ ਪਰੋਸੀ ਗਈ। ਨਾਨਕਿਆਂ-ਦਾਦਕਿਆਂ ਦੀਆਂ ਗੀਤ ਗਾਉਂਦੀਆਂ ਕੁੜੀਆਂ ਮਿਹਣਾ ਮਾਰ ਰਹੀਆਂ ਸਨ, “ਵੇ ਤੂੰ ਬੇਬੇ ਨੂੰ ਨਾ ਲਿਆਇਆ ਨਾਲ ਅੱਜ ਦੀ ਘੜੀ ...।” ਅਸੀਂ ਬਾਪੂ ਨੂੰ ਨਾਲ ਲਿਆਉਣ ਨੂੰ ਤਿਆਰ ਨਹੀਂ ਸੀ, ਉਹ ਬੇਬੇ ਦਾ ਰਾਗ ਆਲਾਪ ਰਹੀਆਂ ਸਨ।
ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਬਰਾਤੀ ਦਾਰੂ ਨਾ ਪੀਣ, ਪਰ ਅਸੀਂ ਤਾਂ ਬਾਜ਼ੀ ਹਾਰ ਚੁੱਕੇ ਸਾਂ। ਸਾਡੀ ਤਾਂ ਹੁਣ ਕੋਈ ਗੱਲ ਵੀ ਨਹੀਂ ਸੁਣ ਰਿਹਾ ਸੀ। ਅੱਧਿਆਂ ਤੋਂ ਵੱਧ ਝੂਮਣ ਲੱਗ ਪਏ। ਉਨ੍ਹੀਂ ਦਿਨੀਂ ਰਿਵਾਜ ਸੀ ਕਿ ਪਹਿਲਾਂ ਬਰਾਤ ਰੋਟੀ ਖਾਵੇਗੀ, ਫਿਰ ਨਾਨਕਾ ਮੇਲ, ਉਹਦੇ ਵਿੱਚ ਵੀ ਪਹਿਲਾਂ ਮਰਦ ਤੇ ਬਾਅਦ ਵਿੱਚ ਔਰਤਾਂ ਤੇ ਬੱਚੇ। ਫਿਰ ਦਾਦਕੇ ਵੀ ਇਵੇਂ ਹੀ ਖਾਂਦੇ। ਸਾਡੀ ਅਦਰਸ਼ਤਾ ਨੇ ਉਸ ਦਿਨ ਸਾਨੂੰ ਭੁੱਖੇ ਪੇਟਾਂ ਤੋਂ ਬਹੁਤ ਦੁਰ ਅਸੀਸਾਂ ਦਿਵਾਈਆਂ ਹੋਣਗੀਆਂ।
ਮੇਰੇ ਮਿੱਤਰ ਨੇ ਸ਼ਾਮ ਨੂੰ ਬਰਾਤ ਮੰਗਵਾਉਣ ਵੇਲੇ ਸਖ਼ਤ ਲਹਿਜ਼ਾ ਵਰਤ ਕੇ ਸ਼ਰਤ ਰੱਖ ਦਿੱਤੀ ਸੀ ਕਿ ਉਹ ਦਾਜ ਬਿਲਕੁਲ ਨਹੀਂ ਲਏਗਾ। ਉਹ ਮੰਨ ਵੀ ਗਏ ਸਨ। ਬੂਹੇ ’ਤੇ ਖੜ੍ਹੀ ਬਰਾਤ ਉਨ੍ਹਾਂ ਵੇਲਿਆਂ ਦੇ ਸਮਾਜ ਵਿੱਚ ਬਹੁਤ ਕੁਝ ਮਨਾ ਵੀ ਲੈਂਦੀ ਸੀ ਅਤੇ ਮੰਨ ਵੀ ਜਾਂਦੀ ਸੀ। ਇਹ ਮੰਨ ਮਨੌਤ ਅਕਸਰ ਝੂਠੀ ਸਾਬਤ ਹੁੰਦੀ। ਅਜਿਹੇ ਮੌਕਿਆਂ ’ਤੇ ਸਮਾਜਿਕ ਰਸਮਾਂ-ਰਿਵਾਜ ਭਾਰੂ ਪੈ ਜਾਂਦੇ ਸਨ। ਭਾਈਚਾਰੇ ਦਾ ਦਬਾਅ ਬਹੁਤ ਸੀ। ਸਮਾਜਿਕ ਚਲਨ ਦਾ ਅਣਲਿਖਿਆ ਸੰਵਿਧਾਨ ਲਾਗੂ ਸੀ।
ਅਸੀਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਥੱਕ ਚੁੱਕੇ ਸਾਂ। ਪਿੰਡ ਵਾਲੇ ਮਿਰਜੇ, ਹੀਰ ਦੀਆਂ ਕਲੀਆਂ ਦੇ ਸੁਨੇਹੇ ਲਾਈ ਜਾਣ, ਕਹਿਣ ‘ਸਾਰੀ ਰਾਤ ਲਾਊਡ ਸਪੀਕਰ ਬੰਦ ਨਹੀਂ ਹੋਣਾ ਚਾਹੀਦਾ, ਫੇਰ ਮੰਨਾਗੇ ਕੋਈ ਬਰਾਤ ਆਈ ਤੀ।’ ਗਰਮੀ ਦਾ ਕਹਿਰ ਸੌਣ ਨਾ ਦੇਵੇ। ਦੋ ਵਜੇ ਹੀ ਵਿਚੋਲਾ ਸਾਹਿਬ ਨੇ ਆ ਹੋਕਾ ਦਿੱਤਾ, “ਉੱਠੋ ਬਈ ਉੱਠੋ, ਫੇਰੇ ਕਰਨੇ ਨੇ।’
ਅਸੀਂ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਸੁਚੇਤ ਕੀਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਹੋਵੇਗਾ। ਉਨ੍ਹਾਂ ਸੱਚ ਬੋਲਿਆ ਜਾਂ ਝੂਠ, ਕਹਿ ਨਹੀਂ ਸਕਦਾ। ਸਾਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਬਾਬਾ ਜੀ ਦੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਫੇਰੇ ਕਰਨੇ ਪੈਣਗੇ ਅਤੇ ਇਹ ਸੂਰਜ ਨਿਕਲਣ ਤੋਂ ਪਹਿਲਾਂ ਸਮਾਪਤ ਹੋਣੇ ਚਾਹੀਦੇ ਹਨ।
ਸਾਨੂੰ ਉਨ੍ਹਾਂ ਕੋਈ ਰਸਤਾ ਹੀ ਨਾ ਛੱਡਿਆ, ਜਾਣਾ ਹੀ ਪੈਣਾ ਸੀ। ਫੇਰੇ ਮੰਤ੍ਰ-ਵਿਧੀ ਨਾਲ ਸਮਾਪਤ ਹੋਣ ਤਕ ਸਾਨੂੰ ਇੱਕ ਅੱਖਰ ਵੀ ਸਮਝ ਨਾ ਆਇਆ। ਇਹ ਭੀ ਸਮਝ ਨਾ ਪਵੇ ਕਿ ਪੰਡਤ ਜੀ ਹਿੰਦੀ ਬੋਲਦੇ ਨੇ ਜਾਂ ਸੰਸਕ੍ਰਿਤ? ਸ਼ਲੋਕਾਂ ਦੇ ਅਰਥ ਤਾਂ ਕੀ ਸਮਝ ਆਉਣੇ ਸਨ। ਉਨ੍ਹਾਂ ਅਗਨੀ ਕੁੰਡ ਦੇ ਗਿਰਦ ਸੱਤ ਗੇੜੇ ਕਢਵਾ ਕੇ ਵਿਆਹ ਦੀ ਰਸਮ ਪੂਰੀ ਕਰ ਦਿੱਤੀ।
**
ਬੁੱਧਵਾਰ 23 ਅਗਸਤ (2023) ਰੋਜ਼ਾਨਾ ਦੀ ਤਰ੍ਹਾਂ ਆਦਤ ਤੋਂ ਮਜਬੂਰ ਮੈਂ ਵੱਟਸਐਪ ’ਤੇ ਨਜ਼ਰ ਮਾਰ ਰਿਹਾ ਸੀ ਕਿ ਇੱਕ ਫਾਰਵਰਡ ਦੇਖਿਆ। ਸਬੱਬ ਨਾਲ ਇਹ ਹਿੰਦੀ ਭਾਸ਼ਾ ਵਿੱਚ ‘ਸ਼ੂਦਰ ਸ਼ਿਵਸ਼ੰਕਰ ਸਿੰਹ ਯਾਦਵ ਨਾਂ ਦੇ ਸ਼ਖਸ ਵਲੋਂ ਸੀ- “ਬ੍ਰਾਹਮਣ ਸ਼ਾਦੀ ਮੇਂ ਜੋ ਮੰਤ੍ਰ ਪੜ੍ਹਤਾ ਹੈ ਉਸ ਕਾ ਅਰਥ ਜਾਨੀਏ। ਫੇਰਿਆਂ ਵੇਲੇ ਪੜ੍ਹੇ ਸੰਸਕ੍ਰਿਤ ਮੰਤ੍ਰ ਦਾ ਅਰਥ ਉਸ ਨੇ ਇਹ ਦੱਸਿਆ ਹੈ:
“ਘਰ ਦਾ ਮੁਖੀਆ ਗੂੰਗਾ ਬਹਿਰਾ ਹੈ, ਇਸਦੇ ਰਿਸ਼ਤੇਦਾਰ ਵੀ ਗੂੰਗੇ ਬਹਿਰੇ ਹਨ। ਲਾੜਾ-ਲਾਹੜੀ ਵੀ ਗੂੰਗੇ ਬਹਿਰੇ ਹਨ। ਜਾਨ ਤੋਂ ਪਿਆਰੇ ਤੁਸੀਂ ਮੇਰੇ ਮਨ ਵਿੱਚ ਵਸੇ ਹੋ, ਮੈਨੂੰ ਜਾਣੋ। ਮੈਂ ਲੜਕੀ ਨੂੰ ਗਰਭਵਤੀ ਕਰਨ ਦੇ ਸਮਰੱਥ ਹਾਂ। ਇਹ ਲੜਕੀ ਮੈਨੂੰ ਅਰਪਣ ਕਰ ਦਿਓ, ਮੈਂ ਇਸਦਾ ਗਰਭ ਧਾਰਨ ਕਰਕੇ ਲਾੜੇ ਨੂੰ ਸਮਰਪਿਤ ਕਰ ਦੇਵਾਂਗਾ।”
ਫਿਰ ਪੁਰੋਹਿਤ ਬੋਲਦਾ ਹੈ ਸਵਾਹਾ - ਸਵ ਆ ਹਾ - ਜਿਸਦਾ ਅਰਥ ਹੈ ਕਿ ਲੜਕੀ ਦੇ ਮਾਤਾ-ਪਿਤਾ ਤੋਂ ਜੋ ਮੰਗਿਆ ਗਿਆ ਹੈ, ਉਹ ਦੇ ਦੇਵੋ। ਲੜਕੀ ਦੇ ਮਾਤਾ-ਪਿਤਾ ਦੁਹਰਾਉਂਦੇ ਹਨ - ਸਵਹਾ (ਸਵ ਹਾ) - ਸਾਡੀ ਹਾਂ ਹੈ। ਭਾਵ ਬ੍ਰਾਹਮਣ ਨੇ ਜੋ ਮੰਗਿਆ ਹੈ, ਉਹ ਦੇ ਦਿੱਤਾ ਗਿਆ ਹੈ।
ਲੇਖਣੀ ਵਿੱਚ ਅੱਗੇ ਲਿਖਿਆ ਗਿਆ ਹੈ, “ਵਿਆਹ ਵੇਲੇ ਲਾੜੇ ਨੂੰ ਵਿਸ਼ਨੂੰ (ਵਰ) ਦਾ ਅਵਤਾਰ ਮੰਨਿਆ ਜਾਂਦਾ ਹੈ ਅਤੇ ਲੜਕੀ ਦੀ ਸ਼ਾਦੀ ਵਿਸ਼ਨੂੰ ਨਾਲ ਕਰਵਾਉਣ ਤੋਂ ਇਲਾਵਾ ਵਿਸ਼ਨੂੰ ਦੇ ਨਾਮ ਦੀ ਵਰਮਾਲਾ ਪਹਿਨਣ ਵਾਲੀ ਕੰਨਿਆਦਾਨ ਕੀਤੀ ਬਹੂ (ਨਾਰੀ) ਉੱਤੇ ਸਭ ਤੋਂ ਪਹਿਲਾਂ ਸੰਭੋਗ ਕਰਨ ਦਾ ਏਕਾਧਿਕਾਰ ਬ੍ਰਾਹਮਣ ਦਾ ਹੁੰਦਾ ਹੈ ਕਿਉਂਕਿ ਲੜਕੀ ਦੇ ਮਾਂ ਬਾਪ ਨੇ ਵਿਸ਼ਨੂੰ ਭਗਵਾਨ ਦੇ ਨਾਮ ’ਤੇ ਲੜਕੀ ਦਾ ਦਾਨ ਕਰ ਦਿੱਤਾ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਚੜ੍ਹਾਵੇ ਦਾ ਮਾਲਿਕ ਬ੍ਰਾਹਮਣ ਨੂੰ ਮੰਨਿਆ ਜਾਂਦਾ ਹੈ।”
**
ਜੇਕਰ ਫੇਰਿਆਂ ਦੇ ਸ਼ਲੋਕ ਦੇ ਇਹ ਅਰਥ ਮੇਰੇ ਮਿੱਤਰ ਅਤੇ ਮੈਨੂੰ ਫੇਰਿਆਂ ਸਮੇਂ ਮਾਲੂਮ ਹੁੰਦੇ, ਮੁਮਕਿਨ ਹੈ ਕਿ ਲਾੜੇ ਦੇ ਹੱਥ ਫੜੀ ਕਿਰਪਾਨ ਵਿੱਚ ਸੁੱਤੀ ਨਾਗਣੀ ਜਾਗ ਪੈਂਦੀ ਅਤੇ ਕਈਆਂ ਨੂੰ ਡੱਸ ਜਾਂਦੀ। ਸਰਵਾਲੇ ਦੇ ਹੱਥ ਫੜੀ ਹਾਕੀ ਕਈ ਸਿਰ ਫਾੜ ਜਾਂਦੀ। ਤਾਸੀਰ ਤੋਂ ਬਗਾਵਤੀ ਤਾਂ ਅਸੀਂ ਬਣ ਹੀ ਚੁੱਕੇ ਸੀ।
ਸੱਤ ਫੇਰੇ ਪੂਰੇ ਹੁੰਦੇ ਹੀ ਸਾਡੇ ਮਿੱਤਰ ਨੂੰ ਇੱਕ ਚੌਂਕੀ ਉੱਤੇ ਬੈਠਣ ਲਈ ਕਿਹਾ ਗਿਆ। ਇਹ ਖੱਟ ਦੀ ਰਸਮ ਸੀ। ਕਹਿਣ ਹੁਣੇ ਪੂਰੀ ਕਰਨੀ ਹੈ, ਫੇਰਿਆਂ ਦੇ ਨਾਲ ਨਾਲ। ਇਹੋ ਰਸਮ ਸੀ ਜਿਸ ’ਤੇ ਕੁੜੀ ਵਾਲੇ ਕੁੜੀ ਦਾ ਦਾਜ - ਗਹਿਣੇ, ਕੱਪੜੇ, ਭਾਂਡੇ ਆਦਿ ਦੀ ਨੁਮਾਇਸ਼ ਕਰਦੇ ਸਨ। ਉਹ ਸੋਚਦੇ ਹੋਣਗੇ ਕਿ ਦਿਨ ਵੇਲੇ ਇਹ ‘ਵਿਆਹਿਆ ਬੰਦਾ’ ਵਿਗੜ ਸਕਦਾ ਹੈ। ਉਹ ਮਿੱਤਰ ਦੇ ਗੱਲ ‘ਕੈਂਠਾ’ (ਮਰਦਾਂ ਲਈ ਸੋਨੇ ਦਾ ਹਾਰ) ਪਾਉਣ ਲੱਗੇ ਤਾਂ ਮਿੱਤਰ ਦੀਆਂ ਨਜ਼ਰਾਂ ਮੇਰੇ ’ਤੇ ਆ ਟਿਕੀਆਂ, ਜਿਵੇਂ ਪੁੱਛ ਰਹੀਆਂ ਹੋਣ, ਕੀ ਕਰਾਂ? ਉਸਦੀਆਂ ਅੱਖਾਂ ਵਿਚਲੀ ਮਜਬੂਰੀ ਬਹੁਤ ਕੁਝ ਬਿਆਨ ਕਰ ਗਈ। ਮੈਂ ਮੂੰਹ ’ਤੇ ਉਂਗਲ ਰੱਖ ਕੇ ਅੱਖ ਦੇ ਇਸ਼ਾਰੇ ਨਾਲ ਕਿਹਾ, “ਪਵਾ ਲੈ।” ਮੈਨੂੰ ਡਰ ਸੀ ਕਿ ਕਿਤੇ ਉਹ ਭੜਕ ਨਾ ਪਵੇ। ਪਰ ਉਹ ਸ਼ਾਂਤ ਰਿਹਾ। ਹੁਣ ਉਹ ਅੱਤ ਦਾ ਉਦਾਸ ਨਜ਼ਰ ਆ ਰਿਹਾ ਸੀ।
ਜਿਨ੍ਹਾਂ ਨੂੰ ਕੋਈ ਨਾ ਤਿੰਨਾਂ ਵਿੱਚ ਤੇ ਨਾ ਤੇਰ੍ਹਾਂ ਵਿੱਚ ਸਮਝਦਾ ਸੀ, ਉਨ੍ਹਾਂ ਤੋਂ ਸੁਣਨਾ ਪਿਆ, “ਵਿਆਹ ਲਿਆਉਂਦੇ ਸਾਤੋਂ ਬਿਨਾ, ਵੱਡੇ ਪੜ੍ਹਾਕੂ ਲੱਗੇ ਨੇ ਸਾਨੂੰ ਸਮਝਾਉਣ।”
ਅਸੀਂ ਸਮੇਂ ਤੋਂ ਪਹਿਲਾਂ ਭਰਿੰਡਾਂ ਦੇ ਛੱਤੇ ਨੂੰ ਹੱਥ ਲਾ ਬੈਠੇ ਸਾਂ। ਅਨਪੜ੍ਹ ਅਤੇ ਰੀਤਾਂ-ਰਿਵਾਜਾਂ ਵਿੱਚ ਜਕੜੇ ਸਮਾਜ ਨੂੰ ਸੁਧਾਰਨਾ ਸੌਖਾ ਨਹੀਂ। ਸਾਡੇ ਸਮਾਜ ਉੱਤੇ ਪੁਰਾਤਨਤਾ ਦੀ ਪਕੜ ਨੂੰ ਵਿਗਿਆਨ ਦੀਆਂ ਖੋਜਾਂ ਵੱਲੋਂ ਪੈਦਾ ਕੀਤੇ ਹਾਲਾਤ ਹੀ ਬਦਲ ਸਕੇ ਹਨ ਅਤੇ ਪੰਜਾਹ ਸਾਲ ਬਾਅਦ ਇਹ ਨਜ਼ਰ ਵੀ ਆ ਰਿਹਾ ਹੈ। ਸਾਨੂੰ ਸਿਰਫ ਐਨਾ ਧਰਵਾਸ ਰਹਿੰਦਾ ਹੈ ਕਿ ਅਸੀਂ ਕੋਸ਼ਿਸ਼ ਕੀਤੀ, ਸਫਲ ਨਾ ਹੋਏ ਤਾਂ ਨਾ ਸਹੀ।
ਲਾੜੀ ਨੂੰ ਡੋਲੀ ਵਿੱਚੋਂ ਉੱਤਰਦੇ ਸਮੇਂ ਸਾਡੇ ਉਦਾਸ ਚਿਹਰੇ ਸਾਡੀ ਅਸਫਲਤਾ ਦੀ ਮੂੰਹ ਬੋਲਦੀ ਤਸਵੀਰ ਸਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4184)
(ਸਰੋਕਾਰ ਨਾਲ ਸੰਪਰਕ ਲਈ: (