“ਸਾਨੂੰ ਦੇਖਦਿਆਂ ਹੀ ਉਹ ਗਰਜੀ, “ਲਓ, ਭਿੰਡਰਾਂਵਾਲਾ ਆ ਗਿਆ ਹੁਣ … …।” ਉਸ ਦੇ ...”
(7 ਮਾਰਚ 2025)
ਹਰ ਮਨੁੱਖ ਆਪਣੀਆਂ ਭਾਵਨਾਵਾਂ ਦਾ ਸਤਕਾਰ ਚਾਹੁੰਦਾ ਹੈ। ਹਰ ਵਿਅਕਤੀ ਕੋਮਲ ਅਤੇ ਕਠੋਰ ਭਾਵਨਾਵਾਂ ਦਾ ਮਿਲਗੋਭਾ ਹੈ। ਹਰ ਇਨਸਾਨ ਦੀਆਂ ਭਾਵਨਾਵਾਂ ਮੁੱਲਵਾਨ ਹਨ। ਇਹ ਮਨੁੱਖ ਨੂੰ ਕੁਦਰਤ ਦਾ ਅਨੂਠਾ ਤੋਹਫ਼ਾ ਹਨ, ਜਿਸ ਕਰਕੇ ਉਹ ਦੂਸਰੇ ਜੀਵਾਂ ਨਾਲੋਂ ਵੱਖ ਹੈ। ਕਹਿੰਦੇ ਹਨ ‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ’ ਅਰਥਾਤ ਮਨੁੱਖੀ ਦਿਲ ਦੀਆਂ ਗਹਿਰਾਈਆਂ ਨੂੰ ਕੋਈ ਨਹੀਂ ਜਾਣ ਸਕਿਆ। ਹਾਲਾਂ ਕਿ ਅਖਾਣ ਉਦੋਂ ਬਣਿਆ ਹੋਵੇਗਾ ਜਦੋਂ ਸਮੁੰਦਰ ਦੀ ਡੁੰਘਾਈ ਨਾਪਣਾ ਮਨੁੱਖ ਦੇ ਵਸੋਂ ਬਾਹਰ ਦੀ ਗੱਲ ਸੀ। ਅੱਜ ਅਸੀਂ ਸਾਰੇ ਸਮੁੰਦਰਾਂ ਦੀਆਂ ਗਿਣਤੀਆਂ ਮਿਣਤੀਆਂ ਜਾਣਦੇ ਹਾਂ ਪਰ ਮਨੁੱਖੀ ਦਿਲ ਦੀਆਂ ਗਹਿਰਾਈਆਂ ਨੂੰ ਮਾਪਣ ਤੋਂ ਹਾਲੇ ਵੀ ਅਸਮਰੱਥ ਹੀ ਹਾਂ। ਮਨੁੱਖ ਦੇ ਪੂਰਵਜ ਅਤੇ ਅਜੋਕੇ ਧਾਰਮਿਕ ਰਾਹ ਦਸੇਰੇ ਉਪਦੇਸ਼ ਦਿੰਦੇ ਰਹੇ ਹਨ ਕਿ ਇਨਸਾਨ ਨੂੰ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਇਹ ਵੀ ਸੱਚ ਜਾਪਦਾ ਹੈ ਕਿ ਧਰਤੀ ’ਤੇ ਮਨੁੱਖ ਕਿਤੇ ਵੀ ਰਹਿ ਰਿਹਾ ਹੋਵੇ, ਮਨੁੱਖੀ ਮਨ ਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਇੱਕ ਹੀ ਹਨ।
ਵਿਦੇਸ਼ਾਂ ਦੇ ਅਮਲੀ ਜੀਵਨ ਵਿੱਚ ਇਸ ਧਾਰਮਿਕ ਉਪਦੇਸ਼ ਦੀ ਪਾਲਣਾ ਦੀ ਇੱਕ ਉਦਾਹਰਨ ਪਿਛਲੇ ਦਿਨੀਂ ਪੰਜਾਬੀ ਟ੍ਰਿਬਿਊਨ ਵਿੱਚ ਤਰਲੋਚਨ ਸਿੰਘ ਦੁਪਾਲ ਪੁਰ ਹੁਰਾਂ ਨੇ ‘ਅਮਰੀਕੀ ਹਥਕੜੀ … ….’ ਸਿਰਲੇਖ ਹੇਠ ਪੇਸ਼ ਕੀਤੀ। ਲੇਖਕ ਨੇ ਬਿਆਨਿਆ ਕਿ ਕਿਵੇਂ ਇੱਕ ਵਿਦਿਆਰਥੀ ਵੱਲੋਂ ਕਹੀ ਗੱਲ ’ਤੇ ਉਸ ਨੂੰ ਨਾ-ਸਿਰਫ ਕਾਨੂੰਨ ਦੇ ਹਵਾਲੇ ਕੀਤਾ ਗਿਆ, ਬਲਕਿ ਉਸ ਨੂੰ ਦੱਸਿਆ ਗਿਆ ਕਿ ਉਸ ਨੇ ਕਿਸੇ ਦੂਸਰੇ ਮਨੁੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਸ ਨੂੰ ਦੁਖੀ ਕੀਤਾ ਹੈ ਅਤੇ ਅਜਿਹਾ ਵਰਤਾਰਾ ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਮਨਜ਼ੂਰ ਨਹੀਂ ਹੈ। ਇਹ ਲੇਖ ਪੜ੍ਹਦੇ ਪੜ੍ਹਦੇ ਮੈਂ ਕੋਈ ਚਾਲੀ ਕੁ ਸਾਲ ਪਿੱਛੇ ਚਲਾ ਗਿਆ।
ਆਪਣੇ ਦੇਸ਼ ਭਾਰਤ ਵਿੱਚ ਮਨੁੱਖੀ ਭਾਵਨਾਵਾਂ ਦੀ ਕਦਰ ਬਾਰੇ ਸੋਚਣ ਲੱਗਾ। ਇੱਕ ਗੱਲ ਵਾਰ ਵਾਰ ਮਨ ’ਤੇ ਉੱਭਰ ਰਹੀ ਸੀ ਕਿ ਸਾਡੇ ਦੇਸ਼ ਵਿੱਚ ਅਮੀਰ ਹੀ ਭਾਵਨਾਵਾਂ ਵਾਲੇ ਹਨ, ਬਾਕੀ ਸਭ ਭਾਵਨਾ ਰਹਿਤ ਮਾਤਾ ਦੇ ਮਾਲ ਦੀ ਤਰ੍ਹਾਂ ਹਨ। ਸਰਕਾਰੀ ਅਫਸਰ, ਭਾਵੇਂ ਕਿੰਨਾ ਵੀ ਵੱਡਾ ਹੋਵੇ, ਉਹ ਵੀ ਸਿਆਸਤਦਾਨ ਅੱਗੇ ਭਾਵਨਾ ਰਹਿਤ ਹੋ ਜਾਂਦਾ ਜਾਪਦਾ ਹੈ ਅਤੇ ਬਹੁਤੇ ਸਰਕਾਰੀ ਮੁਲਾਜ਼ਮਾਂ ਲਈ ਆਮ-ਸ਼ਹਿਰੀ ਦੀਆਂ ਭਾਵਨਾਵਾਂ ਕੋਈ ਮਾਅਨੇ ਨਹੀਂ ਰੱਖਦੀਆਂ।
1985 ਦੀ ਗੱਲ ਹੈ, ਇੱਕ ਚੰਗੇ ਖਾਂਦੇ ਪੀਂਦੇ ਪੰਜਾਬੀ ਪਰਿਵਾਰ ਦੇ ਘਰ ਆਮਦਨ-ਕਰ ਵਿਭਾਗ ਨੂੰ ਛਾਪਾ ਮਰਨਾ ਪਿਆ। ਪੰਜਾਬੀਆਂ ਦੇ ਸੁਭਾਅ ਤੋਂ ਪੰਜਾਬੀ ਚੰਗੀ ਤਰ੍ਹਾਂ ਵਾਕਿਫ ਹਨ, ਇਸ ਲਈ ਅਸੀਂ ਮਹਿਕਮੇ ਦੇ ਕਹਿੰਦੇ ਕਹਾਉਂਦੇ ਖੱਬੀਖਾਨ ਅਫਸਰਾਂ ਨੂੰ ਇਸ ਮੁਹਿੰਮ ’ਤੇ ਭੇਜਿਆ। ਉਨ੍ਹਾਂ ਨਾਲ ਔਰਤ ਇੰਸਪੈਕਟਰ ਅਤੇ ਪੁਲਿਸ ਵੀ ਤਾਇਨਾਤ ਕੀਤੀ ਪਰ ਘਰ ਦੀ ਸ਼ੇਰਨੀ ਨੇ ਦਹਾੜ ਕੇ ਅਜਿਹੀ ਭਾਸ਼ਾ ਵਰਤੀ ਜਿਹੜੀ ਅਸ਼ਲੀਲਤਾ ਦੀ ਉੱਚਤਮ ਡਿਗਰੀ ਕਹੀ ਜਾ ਸਕਦੀ ਹੈ, ਲਿਖੀ ਨਹੀਂ ਜਾ ਸਕਦੀ। ਸਾਡੇ ਅਫਸਰਾਂ ਦੇ ਵੱਸੋਂ ਬਾਹਰ ਗੱਲ ਹੋਣ ਕਰਕੇ ਸਾਨੂੰ ਮੋਰਚਾ ਸੰਭਾਲਣਾ ਪਿਆ।
ਮੇਰਾ ਸਾਥੀ ਸਰਦਾਰ ਸੀ ਪਰ ਕਲੀਨਸ਼ੇਵ ਹੋ ਗਿਆ ਸੀ। ਮੇਰੀ ਦਾਹੜੀ-ਮੁੱਛ ਅਤੇ ਪੱਗ ਕਾਇਮ ਸੀ। ਸਾਨੂੰ ਦੇਖਦਿਆਂ ਹੀ ਉਹ ਗਰਜੀ, “ਲਓ, ਭਿੰਡਰਾਂਵਾਲਾ ਆ ਗਿਆ ਹੁਣ … …।” ਉਸ ਦੇ ਸ਼ਰਾਰਤੀ ਬੋਲ ਮੇਰੇ ਵੱਲ ਸੇਧਿਤ ਸਨ, ਮੇਰੀ ਦਸਤਾਰ ’ਤੇ ਹਮਲਾ ਸੀ। ਮੈਨੂੰ ਬੜਾ ਦੁੱਖ ਹੋਇਆ। ਉਸ ਨੂੰ ਇਹ ਰਤਾ ਅਹਿਸਾਸ ਨਹੀਂ ਸੀ ਕਿ ਅਸੀਂ ਸਾਰੇ ਸਰਕਾਰੀ ਡਿਊਟੀ ਕਰ ਰਹੇ ਸੀ ਅਤੇ ਸਾਡੀਆਂ ਵੀ ਭਾਵਨਾਵਾਂ ਸਨ। ਅਸੀਂ ਵੀ ਇਨਸਾਨ ਸਾਂ। ਉਹ ਅਮੀਰ ਔਰਤ ਸੀ ਤੇ ਮੈਂ ਇੱਕ ਗਰੀਬ ਸਰਕਾਰੀ ਅਫਸਰ, ਮੇਰੀਆਂ ਕੋਈ ਭਾਵਨਾਵਾਂ ਨਹੀਂ ਸਨ। ਉਹ ਦਕਿਆਨੂਸੀ ਭਾਵਨਾਵਾਂ ਦੀ ਪਰਵਾਹ ਵੀ ਕੀ ਕਰਦੀ ਸੀ, ਉਹ ਤਾਂ ਅਜੋਕੀ ਲਿਬਰੇਟਡ ਔਰਤ ਸੀ। ਇਸੇ ਲਈ ਸਾਰੀ ਟੀਮ ਅੱਗੇ ਪਾਰਦਰਸ਼ੀ ਨਾਈਟ-ਗਾਊਨ ਵਿੱਚ ਸਾਹਮਣੇ ਖੜ੍ਹੀ ਸੀ। ਉਸ ਨੂੰ ਅਜਿਹਾ ਬੋਲਣ ਅਤੇ ਦਿਸਣ ਲਈ ਕਾਨੂੰਨ ਦੇ ਹਵਾਲੇ ਕਰਨ ਲਈ ਕੋਈ ਨਿਯਮ ਨਹੀਂ ਸੀ, ਬੱਸ ਕੌੜੇ ਘੁੱਟ ਭਰ ਸਕਦੇ ਸੀ, ਉਹ ਅਸੀਂ ਭਰੀ ਜਾ ਰਹੇ ਸੀ। ਅਮੀਰਾਂ ਨੇ ਆਪਣੀਆਂ ਭਾਵਨਾਵਾਂ ਦੀ ਸੰਤੁਸ਼ਟੀ ਲਈ ਮਹਿੰਗੀ ਵਿਦੇਸ਼ੀ ਸ਼ਰਾਬ ਸਟੋਰ ਕਰ ਰੱਖੀ ਸੀ ਪਰ ਪਰਮਿਟ ਨਾਂ ਦੀ ਸਰਕਾਰੀ ਗਿੱਦੜ ਚਿੱਠੀ ਨਹੀਂ ਸੀ। ਸੰਬੰਧਿਤ ਕਾਨੂੰਨ ਤਹਿਤ ਉਸ ਨੂੰ ਗ੍ਰਿਫ਼ਤਾਰ ਤਾਂ ਕਰਵਾਇਆ ਪਰ ਰਾਤੋ-ਰਾਤ ਉਹ ਜ਼ਮਾਨਤ ’ਤੇ ਬਾਹਰ ਆ ਗਈ।
ਸਵੇਰੇ ਦਫਤਰ ਮਿਲਣ ਆਈ। ਕਹਿਣ ਲੱਗੀ, “ਵੇ ਤੂੰ ਵੀ ਤਾਂ ਪੰਜਾਬੀ ਸੀ ...।”
ਮੈਂ ਕਿਹਾ, “ਮੈਡਮ ਜੀ, ਅਸੀਂ ਤਾਂ ਸਰਕਾਰੀ ਡਿਊਟੀ ਕਰ ਰਹੇ ਸੀ ਪਰ ਤੁਸੀਂ ਤਾਂ ਹੱਦ ...”
ਉਹ ਵਿੱਚੋਂ ਹੀ ਬੋਲ ਪਈ, “ਵੇ ਹੁਣ ਬੱਸ ਵੀ ਕਰ।”
ਮੈਂ ਕਿਹਾ, “ਪਿਆਰ ਨਾਲ ਅਸੀਂ ਪੰਜਾਬੀ ਜਾਨ ਵੀ ਵਾਰ ਦਿੰਦੇ ਹਾਂ ਪਰ ਟੈਂ ਸਾਡੇ ਤੋਂ ਝੱਲ ਨਹੀਂ ਹੁੰਦੀ।”
ਉਹ ਬੋਲੀ, “ਚੱਲ ਹੁਣ ਪਿਆ ਵੀ ਕੁਝ ...।” ਤੇ ਉਹ ਲਿਮਕਾ ਪੀ ਕੇ ਤੁਰ ਗਈ। ਜਾਣ ਵੇਲੇ ਉਸ ਦੇ ਚਿਹਰੇ ’ਤੇ ਪਛਤਾਵੇ ਦਾ ਭੋਰਾ ਸ਼ਿਕਵਾ ਨਹੀਂ ਸੀ। ਉਹ ਇੰਨਾ ਵੀ ਨਹੀਂ ਕਹਿ ਸਕੀ, “ਚੰਗਾ ਹੋਇਆ ਤੈਂ ਪੰਜਾਬੀ ਅਫਸਰੀ ਨਹੀਂ ਦਿਖਾਈ, ਮੈਂ ਹੀ ਤੈਨੂੰ ਬੁਰਾ ਭਲਾ ਕਿਹਾ, ਇਸ ਲਈ ਮੁਆਫੀ ...।” ਇਉਂ ਰੁਲਦੀਆਂ ਹਨ ਸਾਡੀਆਂ ਭਾਵਨਾਵਾਂ। ਇਉਂ ਕਰਦੇ ਹਾਂ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ, ਮਹਾਨ ਸਭਿਅਤਾ ਦੇ ਵਾਰਿਸ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਦੇਖ ਕੇ ਹੰਝੂਆਂ ਦਾ ਵਹਿ ਤੁਰਨਾ ਇਖਲਾਕੀ ਅਤੇ ਜਿਉਂਦੀ ਜਾਗਦੀ ਜ਼ਮੀਰ ਦੀ ਨਿਸ਼ਾਨੀ ਹੁੰਦਾ ਹੈ। ਅਜਿਹੇ ਮੌਕੇ ਦਿਨ-ਬਦਿਨ ਘਟ ਰਹੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)