“ਉਸ ਨੇ ਹੋਰ ਬੜਾ ਕੁਝ ਕਿਹਾ, ਮੈਂ ਸੁਣਦਾ ਰਿਹਾ। ਅੰਤ ਉਸ ਨੇ ਕਿਹਾ, “ਵੀਰ ਜੀ, ਔਲਾਦ ਵਾਸਤੇ ...”
(19 ਦਸੰਬਰ 2024)
ਹਾਲਾਤ ਹੀ ਕੁਝ ਅਜਿਹੇ ਬਣ ਗਏ ਹਨ ਕਿ ਲੋਕ ਚੰਗੀਆਂ ਤਕੜੀਆਂ ਕੋਠੀਆਂ ਵੇਚ ਕੇ ਦਰਵਾਜੇ ਬੰਦ ਸੁਸਾਇਟੀ ਵਿੱਚ ਰਹਿਣਾ ਪਸੰਦ ਕਰਦੇ ਹਨ। ਅਸੀਂ ਵੀ ਅਜਿਹਾ ਹੀ ਕੀਤਾ ਹੈ। ਹਾਲਾਤ ਤੋਂ ਨਾਬਰ ਹੋਣਾ ਜਰਵਾਣਿਆਂ ਦੇ ਹਿੱਸੇ ਆਉਂਦਾ ਹੈ। ਇੱਥੇ ਵੀ ਕਿਸੇ ਅਣ-ਕਿਆਸੇ ਡਰ ਦੇ ਮਾਰੇ ਬਾਹਰ ਨਹੀਂ ਨਿਕਲਦੇ, ਸੁਸਾਇਟੀ ਦੇ ਅੰਦਰ ਹੀ ਘੁੰਮ ਲੈਂਦੇ ਹਾਂ। ਸ਼ਾਮ ਨੂੰ ਇੱਕ ਫੇਰੀ ਦੌਰਾਨ ਸ਼੍ਰੀਮਤੀ ਕਹਿਣ ਲੱਗੇ, “ਜਦੋਂ ਕਦੇ ਵੀ ਮੈਂ ਕਿਸੇ ਬਣਦੇ-ਠਣਦੇ ਸਰਦਾਰ ਨੂੰ ਚੌਕੀਦਾਰੀ ਕਰਦੀ ਦੇਖਦੀ ਆਂ, ਮੈਨੂੰ ਬੜਾ ਤਰਸ ਜਿਹਾ ਆਉਣ ਲੱਗ ਜਾਂਦਾ ਹੈ।” ਇਹ ਸੁਣਦੇ ਹੀ ਮੈਂ ਉਸ ਨੂੰ ਤੀਹ ਕੁ ਸਾਲ ਪੁਰਾਣੀ ਘਟਨਾ ਯਾਦ ਕਰਵਾਈ। ਅਸੀਂ ਦਮਨ ਤੋਂ ਸੂਰਤ (ਗੁਜਰਾਤ) ਆ ਰਹੇ ਸੀ। ਹਾਈਵੇ ’ਤੇ ਚਾਹ-ਪਾਣੀ ਪੀਣ ਲਈ ਰੁਕੇ ਤਾਂ ਇੱਕ ਅਲੂਆਂ ਜਿਹਾ ਸਰਦਾਰ ਮੁੰਡਾ ਆਰਡਰ ਲੈਣ ਆਇਆ। ਮੈਂ ਕਿਹਾ, “ਸ਼੍ਰੀ ਮਤੀ ਜੀ, ਤੁਹਾਨੂੰ ਯਾਦ ਹੈ ਉਸ ਵਕਤ ਮੈਂ ਕੀ ਕਿਹਾ ਸੀ?” ਉਨ੍ਹਾਂ ਕਿਹਾ, “ਹਾਂ, ਤੁਸੀਂ ਇਹ ਕਹਿਕੇ ਉਦਾਸ ਹੋ ਗਏ ਸੀ ਕਿ ਤੁਹਾਨੂੰ ਕੋਈ ਸਰਦਾਰ ਵੇਟਰ ਵਜੋਂ ਕੰਮ ਕਰਦਾ ਚੰਗਾ ਨਹੀਂ ਲਗਦਾ।”
ਚੌਕੀਦਾਰੀ ਦੀ ਗੱਲ ਨੇ ਹੋਰ ਖਿਆਲਾਂ ਦੀ ਲੜੀ ਸ਼ੁਰੂ ਕਰ ਦਿੱਤੀ ਸੀ। ਮੈਂ ਕਿਹਾ, “ਮੈਨੂੰ ਇਨ੍ਹਾਂ ਸਾਰੇ ਚੌਕੀਦਾਰਾਂ ’ਤੇ ਤਰਸ ਆ ਰਿਹਾ ਹੈ। ਇਨ੍ਹਾਂ ਤੋਂ ਬਾਰ੍ਹਾਂ ਘੰਟੇ ਦੀ ਡਿਊਟੀ ਕਰਵਾਉਂਦੇ ਹਨ, ਕੋਈ ਛੁੱਟੀ ਨਹੀਂ ਦਿੰਦੇ, ਵਰਦੀ ਨਹੀਂ ਦਿੰਦੇ। ਤਰਸ ਆਉਂਦਾ ਹੈ ਨੌਜਵਾਨ ਬੱਚਿਆਂ ’ਤੇ ਜਿਹੜੇ ਸਾਰੀ ਰਾਤ ਜਾਗ ਕੇ ਥੋੜ੍ਹੀ ਤਨਖਾਹ ਲੈਂਦੇ ਹਨ। ਇਹ ‘ਤਰਸ’ ਵਾਲਾ ਤਵਾ ਪਤਾ ਨਹੀਂ ਕਿੱਧਰ ਨੂੰ ਘੁੰਮ ਗਿਆ ਕਿ ਸੁਸਾਇਟੀ ਦਾ ਇੱਕ ਬਾਸ਼ਿੰਦਾ ਦਿਮਾਗ ਵਿੱਚ ਆ ਖੜ੍ਹਾ ਹੋਇਆ। ਉਸ ਨਾਲ ਰਸਮੀ ਮੁਲਾਕਾਤ ਤੋਂ ਪਤਾ ਲੱਗਿਆ ਕਿ ਉਹ ਕਿੱਤੇ ਤੋਂ ਅਧਿਆਪਕ ਸੀ ਅਤੇ ਕੋਈ ਪੱਚੀ ਕੁ ਸਾਲ ਪਹਿਲਾਂ ਆਪਣੇ ਪੁੱਤਰ ਅਤੇ ਧੀ ਨੂੰ ਪੰਜਾਬੀਆਂ ਦੇ ਚਹੇਤੇ ਮੁਲਕ ਕਨੇਡਾ ਭੇਜ ਚੁੱਕਿਆ ਸੀ। ਇੱਥੇ ਦਰਵਾਜੇ-ਬੰਦ ਸੁਸਾਇਟੀ ਵਿੱਚ ਫਲੈਟ ਲੈ ਕੇ ਮੀਆਂ-ਬੀਵੀ ਸਰਦੀਆਂ ਕੱਟ ਰਹੇ ਸਨ। ਇੱਕ ਦਿਨ ਉਹ ਕਹਿਣ ਲੱਗਾ, “ਗਲਤੀ ਕਰ ਬੈਠੇ ਆਂ ਨਿਆਣੇ ਉੱਥੇ ਭੇਜ ਕੇ, ਕੁਛ ਨੀ ਨਰਕ ਭੋਗਦੇ ਆਂ ਉੱਥੇ, ਨਾ ਕਿਤੇ ਠੰਢ ਵਿੱਚ ਆ ਜਾ ਸਕਦੇ ਹਾਂ, ਬੱਸ ਸਾਰਾ ਦਿਨ ਅੰਦਰ ਡੱਕੇ ਰਹਿੰਦੇ ਹਾਂ। ਹੁਣ ਫਰਵਰੀ ਦੇ ਪਹਿਲੇ ਹਫਤੇ ਜਾਣਾ ਹੈ, ਡਰ ਲਗਦਾ ਹੈ ਜਾਣ ਤੋਂ …” ਉਸ ਦਿਨ ਜਿਉਂ ਜਿਉਂ ਉਹ ਬੋਲਦਾ ਗਿਆ ਸੀ ਮੇਰੇ ਅੰਦਰ ਉਸ ਪ੍ਰਤੀ ਤਰਸ ਦਾ ਭਾਵ ਵਧਦਾ ਗਿਆ ਸੀ।
ਉਸ ਦੀਆਂ ਗੱਲਾਂ ਨੇ ਮੈਨੂੰ ਕਨੇਡਾ ਗਏ ਮਿੱਤਰ ਦੀ ਯਾਦ ਕਰਵਾ ਦਿੱਤੀ। ਉਹ ਕੋਈ ਵੀਹ ਕੁ ਸਾਲ ਪਹਿਲਾਂ ਪਰਵਾਸ ਕਰ ਗਿਆ ਸੀ। ਇੱਕ ਦਿਨ ਉਸ ਦਾ ਫੋਨ ਆਇਆ, “ਬਾਈ ਜੀ, ਬੜਾ ਵਧੀਆ ਮੁਲਕ ਐ। ਊਂ ਵੀ ਇੱਥੇ ਪੰਜਾਬੀਆਂ ਨੇ ਪੰਜਾਬ ਹੀ ਬਣਾ ਰੱਖਿਐ। ਮੇਰੀ ਵੀ ਜਾਬ ਲੱਗ ਗਈ ਐ, ਚੰਗੇ ਡਾਲਰ ਮਿਲਦੇ ਹਨ ...।”
ਮੈਂ ਕਿਹਾ, “ਯਾਰ ਤੂੰ ਬੜਾ ਖੁਸ਼ਕਿਸਮਤ ਐਂ, ਕਿਹੜੀ ਜਾਬ ਮਿਲ ਗਈ ਬਾਈ ਨੂੰ?”
“ਇੱਥੇ ਇਹਨੂੰ ਸਕਿਉਰਟੀ ਕਹਿੰਦੇ ਨੇ ਬਾਈ …।”
ਮੈਂ ਕਿਹਾ, “ਯਾਰ, ਤੂੰ ਸਿੱਧਾ ਕਿਉਂ ਨੀ ਕਹਿੰਦਾ ਕਿ ਚੌਕੀਦਾਰੀ ਕਰ ਰਿਹਾ ਹੈਂ।” ਯਾਰ ਹੋਣ ਦੇ ਹੱਕ ’ਤੇ ਮੈਂ ਉਸ ਨੂੰ ਥੋੜ੍ਹਾ ਸ਼ਰਮਿੰਦਾ ਕਰਨਾ ਚਾਹਿਆ। ਮੈਂ ਕਿਹਾ, “ਯਾਰ, ਤੂੰ ਇੱਥੇ ਪ੍ਰੋਫੈਸਰ ਮਾੜਾ ਸੀ, ਕਰਨ ਲੱਗ ਗਿਆ ਹੈ ਚੌਕੀਦਾਰੀ, ਉਹ ਵੀ ਬੇਗਾਨੇ ਮੁਲਕ ਦੀ ...।” ਉਹਨੇ ਮੈਨੂੰ ਵਿੱਚੋਂ ਟੋਕ ਕੇ ਦੱਸਣਾ ਚਾਹਿਆ ਕਿ ਸਾਡੇ ਅਤੇ ਉੱਥੇ ਦੀ ਚੌਕੀਦਾਰੀ ਵਿੱਚ ਕੀ ਫਰਕ ਹੈ। ਉਹ ਕਹਿਣ ਲੱਗਾ, “ਬਾਈ ਜੀ, ਇੱਥੇ ਤੁਸੀਂ ਬੱਸ ਦੇਖਦੇ ਰਹਿਣਾ ਹੈ ਕਿ ਕੋਈ ਗਲਤ ਮਲਤ ਕੰਮ ਤਾਂ ਨਹੀਂ ਹੋ ਰਿਹਾ। ਕੋਈ ਐਰਾ ਗੈਰਾ ਬੰਦਾ ਤਾਂ ਨਹੀਂ ਆ ਵੜਿਆ। ਬੱਸ ਤੁਸੀਂ ਪੁਲਿਸ ਨੂੰ ਫੋਨ ਕਰਨਾ ਹੈ, ਉਦੋਂ ਹੀ ਆ ਜਾਂਦੇ ਨੇ ਮਾਂ ਦੇ ਪੁੱਤ ...।”
ਉਸ ਨੇ ਹੋਰ ਬੜਾ ਕੁਝ ਕਿਹਾ, ਮੈਂ ਸੁਣਦਾ ਰਿਹਾ। ਅੰਤ ਉਸ ਨੇ ਕਿਹਾ, “ਵੀਰ ਜੀ, ਔਲਾਦ ਵਾਸਤੇ ਸਭ ਕੁਝ ਕਰਨਾ ਪੈਂਦਾ ਹੈ।”
ਇਸ ਗੱਲ ਤੋਂ ਤਾਂ ਅਸੀਂ ਕੋਈ ਵੀ ਮੁਨਕਰ ਨਹੀਂ ਹੋ ਸਕਦੇ। ਖੈਰ, ਮਿੱਤਰ ਦੇ ਪੈਰ ਹੁਣ ਤਕ ਚੰਗੀ ਤਰ੍ਹਾਂ ਜਮ ਗਏ ਹਨ। ਪਰ ਇਸ ਵਾਰੀ ਜਦੋਂ ਆਏ ਤਾਂ ਉਨ੍ਹਾਂ ਦੇ ਲਫ਼ਜ਼ ਸਨ, “ਬਾਈ ਜੀ, ਸਵਰਗ ਵਿੱਚ ਆ ਰਹੇ ਹਾਂ।” ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਵੀਹ ਸਾਲ ਪਹਿਲਾਂ ਦਾ ਸਵਰਗ ਕੈਨੇਡਾ ਹੁਣ ਨਰਕ ਕਿਵੇਂ ਬਣ ਗਿਆ ਸੀ।
ਆਪਣੇ ਪੰਜਾਬ ਦਾ ਅਖਾਣ ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਇਕੱਲੀ’ ਸਾਡੇ ਇੱਕ ਰਿਸ਼ਤੇਦਾਰ ਦੀ ਬੱਚੀ ’ਤੇ ਹੂ-ਬ-ਹੂ ਢੁੱਕਿਆ। ਕੁੜੀ ਕਹਿਣ ਲੱਗੀ, “ਬਾਪੂ ਜੀ, ਤਾਇਆ ਥੋਡੇ ਨਾਲੋਂ ਕਿਤੇ ਘੱਟ ਕਮਾਉਂਦਾ ਹੈ, ਫਿਰ ਵੀ ਉਸ ਨੇ ਭੈਣ ਨੂੰ ਕਨੇਡਾ ਭੇਜ ਦਿੱਤਾ ਹੈ। ਮੈਂ ਨੀ ਇੱਥੇ ਰਹਿੰਦੀ, ਮੈਨੂੰ ਵੀ ਭੇਜੋ।” ਉਸ ਕੁੜੀ ਨੇ ਕਨੇਡਾ ਦੀ ਧਰਤੀ ’ਤੇ ਪੈਰ ਧਰ ਕੇ ਹੀ ਸਾਹ ਲਿਆ। ਰੀਸੋ ਰੀਸੀ ਸਾਡਾ ਵੀ ਇੱਕ ਬੱਚਾ ਉਡਾਰੀ ਮਾਰ ਗਿਆ। ਉਸ ਨੂੰ ਮਿਲਣ ਜਾਂਦੇ ਰਹਿੰਦੇ ਹਾਂ ਤਾਂ ਯੂਰਪ ਦੇ ਹਵਾਈ ਅੱਡਿਆਂ ਤੇ ਪ੍ਰਵਾਸੀ ਬੱਚਿਆਂ ਦੇ ਮਾਂ-ਬਾਪ ਨਾਲ ਗੁਫ਼ਤਗੂ ਕਰਨ ਦਾ ਮੌਕਾ ਮੇਲ ਬਣ ਹੀ ਜਾਂਦਾ ਹੈ। ਸਬੱਬ ਹੀ ਸਮਝਿਆ ਜਾਵੇ ਕਿ ਜਿਨ੍ਹਾਂ ਨਾਲ ਗੱਲ-ਬਾਤ ਹੋਈ, ਉਹ ਜ਼ਿਆਦਾਤਰ ਅਧਿਆਪਕ ਹੀ ਸਨ। ਕਦੇ ਕਦੇ ਇਹ ਵਿਚਾਰ ਵੀ ਮਨ ਵਿੱਚ ਆਉਣ ਲਗਦਾ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਬੱਚਿਆਂ ਵਿੱਚ ਦੇਸ਼-ਪ੍ਰੇਮ ਦੀ ਚਿਣਗ ਕਿਉਂ ਨਾ ਲਾਈ? ਇੱਕ ਅਧਿਆਪਕਾ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਟੂਰਿਸਟ ਵੀਜ਼ਾ ’ਤੇ ਮਿਲਣ ਆਉਂਦੀ ਹੈ ਪਰ ਕੰਮ ਕਰਕੇ ਕਿਰਾਇਆ ਕੱਢ ਕੇ ਦੋ ਚਾਰ ਲੱਖ ਕਮਾ ਕੇ ਵੀ ਲੈ ਜਾਂਦੀ ਹੈ।
ਮੈਂ ਕਿਹਾ, “ਤੁਸੀਂ ਇਸ ਵੀਜ਼ੇ ਤੇ ਕੰਮ ਕਿਵੇਂ ਕਰ ਲੈਂਦੇ ਹੋ, ਇਹ ਤਾਂ ਗੈਰ ਕਾਨੂੰਨੀ ਹੁੰਦਾ ਹੈ, ਤੁਸੀਂ ਜੇਕਰ ਫੜੇ ਜਾਵੋਂ ਤਾਂ?”
ਉਹ ਕਹਿਣ ਲੱਗੀ, “ਵੀਰ ਜੀ, ਟੱਬਰ ਵਾਸਤੇ ਕਿਹੜਾ ਜੋਖ਼ਮ ਨੀ ਉਠਾ ਲੈਂਦੇ ਆਪਾਂ?” ਮੈਨੂੰ ਹਾਂ ਕਰਨੀ ਹੀ ਪਈ। ਫਿਰ ਉਸ ਨੇ ਦੱਸਿਆ, “ਅਸੀਂ ਦਿਹਾੜੀ ਕਰਨ ਜਾਂਦੇ ਹਾਂ। ਸਵੇਰੇ ਹੀ ਸਾਨੂੰ ਇੱਕ ਬੰਦ ਟਰੱਕ ਵਿੱਚ ਲੈ ਜਾਂਦੇ ਨੇ ਤੇ ਸ਼ਾਮ ਨੂੰ ਛੱਡ ਜਾਂਦੇ ਨੇ। ਡਾਲਰ ਵੀ ਨਕਦ ਦੇ ਦਿੰਦੇ ਨੇ ਪਰ ਅੰਗਰੇਜ਼ ਕੰਮ ਬਹੁਤ ਕਰਵਾਉਂਦੇ ਨੇ। ਮੋਬਾਇਲ ਰਖਵਾ ਲੈਂਦੇ ਨੇ, ਕਦੇ ਕਦੇ ਤਾਂ ਗਾਹਲਾਂ ਵੀ ਦਿੰਦੇ ਨੇ।”
ਮੈਂ ਕਿਹਾ, “ਭੈਣ ਜੀ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਤਾਂ ਹਰੇਕ ਥਾਵੇਂ ਗਾਲ੍ਹਾਂ ਹੀ ਪੈਂਦੀਆਂ ਨੇ। ਮਨੁੱਖੀ ਸੁਭਾਅ ਹੀ ਅਜਿਹਾ ਹੈ ਪਰ ਆਪਣੇ ਪੰਜਾਬ ਵਿੱਚ ਤਾਂ ਲੋਕ ਕਾਨੂੰਨੀ ਤੌਰ ’ਤੇ ਦਿਹਾੜੀ ਕਰਦਿਆਂ ਨੂੰ ਗਾਲੀ-ਗਲੋਚ ਤੋਂ ਬਿਨਾਂ ਗੱਲ ਨੀ ਕਰਦੇ, ਜਾਤੀ-ਸੂਚਕ ਸ਼ਬਦ ਬੋਲਣ ਤੋਂ ਭੋਰਾ ਵੀ ਗੁਰੇਜ਼ ਨੀ ਕਰਦੇ, ਓ ਭਈਆ, ਓਏ ...।”
ਉਹ ਥੋੜ੍ਹੀ ਜਿਹੀ ਸ਼ਰਮਿੰਦਾ ਹੋਈ ਅਤੇ ਆਹ ਭਰ ਕੇ ਕਹਿਣ ਲੱਗੀ, “ਵੀਰ ਜੀ, ਕੀ ਕਰੀਏ ਹਾਲਾਤ ਹੀ ਬਦ ਤੋਂ ਬਦਤਰ ਹੋਈ ਜਾ ਰਹੇ ਨੇ।”
ਮੈਂ ਟਿੱਪਣੀ ਕਰਨੀ ਜਾਇਜ਼ ਨਾ ਸਮਝੀ।
ਹਾਲਾਤ ਦਾ ਵੇਰਵਾ ਅੱਜ ਕੱਲ੍ਹ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣ ਰਿਹਾ ਹੈ। ਕੈਨੇਡਾ ਦੇ ਬਰੈਂਪਟਨ ਤੋਂ ਜੌਹਲ ਸਾਹਿਬ ਅਕਸਰ ਉੱਥੋਂ ਦੇ ਹਾਲਾਤ ਬਾਰੇ ਟਿੱਪਣੀ ਕਰਦੇ ਰਹਿੰਦੇ ਹਨ ਜਿਹੜੀ ਵਟਸਐਪ ਦੇ ਜ਼ਰੀਏ ਮੇਰੇ ਕੋਲ ਵੀ ਪਹੁੰਚ ਜਾਂਦੀ ਹੈ। ਯੂ-ਟਿਊਬ ਅਤੇ ਟਿਕ-ਟੌਕ ਨੇ ਤਾਂ ਕੋਈ ਸ਼ਖਸ ਨਹੀਂ ਛੱਡਿਆ ਜਿਹੜਾ ਕੁਝ ਸਮਾਂ ਇਨ੍ਹਾਂ ਪਲੇਟਫਾਰਮਾਂ ’ਤੇ ਨਹੀਂ ਬਿਤਾਉਂਦਾ। ਪਿਛਲੇ ਦਿਨੀਂ ਇੱਕ ਵੀਡੀਓ ਨਸ਼ਰ ਹੋਇਆ ਜਿਹੜਾ ਮੈਂ ਕਈ ਵਾਰ ਦੇਖਿਆ। ਦੇਖ ਕੇ ਹੱਸਿਆ ਵੀ ਤੇ ਰੋਇਆ ਵੀ। ਕਨੇਡਾ ਵਸਦੇ ਪੰਜਾਬ ਦੇ ਬੁੱਢੇ ਇੱਕ ਥਾਂ ’ਤੇ ਮਹਿਫ਼ਲ ਲਾਈ ਬੈਠੇ ਹਨ। ਆਪਸੀ ਗੱਲਬਾਤ ਤੋਂ ਇਸ਼ਾਰਾ ਮਿਲਦਾ ਹੈ ਕਿ ਉਨ੍ਹਾਂ ਵਿੱਚ ਤਹਿਸੀਲਦਾਰ, ਡੀ ਐੱਸ ਪੀ, ਚੰਗੇ ਲੈਂਡ-ਲਾਰਡ ਸ਼ਾਮਲ ਸਨ। ਗਰੇਵਾਲ ਸਹਿਬ ਸਭ ਦੇ ਮਨੋਰੰਜਨ ਲਈ ਆਪਣਾ ਸੁਪਨਾ ਸੁਣਾ ਰਹੇ ਨੇ। ਦਰਅਸਲ ਗਰੇਵਾਲ ਸਾਹਿਬ ਦਾ ਸੁਪਨਾ ਹਰ ਪੰਜਾਬੀ ਪ੍ਰਵਾਸੀ ਦੇ ਸੁਪਨਿਆਂ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਨੇ ਗਾ ਕੇ ਪੂਰਾ ਸੁਪਨਾ ਸੁਣਾਇਆ ਜਿਸਦੀ ਆਖਰੀ ਲਾਈਨ ਸੀ, ‘ਗਰੇਵਾਲ ਕਰੋੜਾਂ ਦਾ ਇੱਥੇ ਫਿਰੇ ਦਿਹਾੜੀ ਕਰਦਾ।’ ਕਿਉਂਕਿ ਪੰਜਾਬ ਦੀ ਜੱਟ ਬਰਾਦਰੀ ਹੀ ਕਨੇਡਾ ਜਾਣ ਦੀ ਕਾਹਲੀ ਵਿੱਚ ਹੈ, ਮੈਨੂੰ ਇਉਂ ਲੱਗਿਆ ਜਿਵੇਂ ਗਰੇਵਾਲ ਕਹਿ ਰਿਹਾ ਹੋਵੇ, ‘ਕਰੋੜਾਂ ਦਾ ਜੱਟ ਫਿਰੇ ਦਿਹਾੜੀਆਂ ਕਰਦਾ ...।’ ਗਰੇਵਾਲ ਦੀ ਕਵਿਤਾ ਖਤਮ ਹੁੰਦੇ ਹੀ ਹਾਸੇ ਦੀ ਫੁਹਾਰ ਫੁੱਟਦੀ ਹੈ ਪਰ ਲਗਦਾ ਇਉਂ ਹੈ, ਜਿਵੇਂ ਉਹ ਆਪਣੇ ਪਛਤਾਵੇ ’ਤੇ ਹੱਸ ਰਹੇ ਹੋਣ। ਪੰਜਾਬੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਹਾਲਤ ਲਈ ਕੌਣ ਜ਼ਿੰਮੇਵਾਰ ਹੈ? ਕਿਸੇ ਦੇ ਸਵਰਗ ਵਿੱਚ ਜਾ ਕੇ ਤੁਸੀਂ ਆਪਣਾ ਮਿਨੀ-ਸਵਰਗ ਤਾਂ ਬਣਾ ਸਕਦੇ ਹੋ, ਪੂਰਾ ਸਵਰਗ ਨਹੀਂ ਬਣਾ ਸਕਦੇ। ਸਾਨੂੰ ਆਪਣੇ ਪੰਜਾਬ ਦਾ ਸਵਰਗ ਹੀ ਸੰਭਾਲ ਲੈਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5543)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)