“ਮੇਰੇ ਬੱਚੇ ਨੂੰ ਹੱਥ ਪਾਇਆ ਤਾਂ ਮੈਂਥੋਂ ਬੁਰਾ ਕੋਈ ਨੀ ਹੋਵੇਗਾ, ਤੁਰਦੈਂ ਕਿ ਨਹੀਂ ਇੱਥੋਂ, ਆ ਜਾਂਦੇ ਨੇ ਤੀਜੇ ਦਿਨ ...”
(10 ਅਗਸਤ 2023)
ਕਹਾਣੀ ਨਵੰਬਰ 1964 ਤੋਂ ਸ਼ੁਰੂ ਹੁੰਦੀ ਹੈ। ਮੱਠੀ ਮੱਠੀ ਠੰਢ ਉੱਤਰ ਰਹੀ ਸੀ, ਹਾਲੇ ਸਵੈਟਰ ਵਗੈਰਾ ਪਾਉਣੇ ਸ਼ੁਰੂ ਨਹੀਂ ਸਨ ਹੋਏ। ਮੈਂ ਕਾਲਜ ਤੋਂ ਪਿੰਡ ਜਾ ਰਿਹਾ ਸੀ, ਸੋਚਿਆ ਜਾਂਦੇ ਜਾਂਦੇ ਪੇਚੜੀ ਵਿੱਚ ਫਿੱਟਰੀ ਕਰਦੇ ਚਾਚਾ ਜੀ ਨੂੰ ਮਿਲਦਾ ਜਾਂਦਾ ਹਾਂ, ਕੋਈ ਦੁੱਖ ਸੁਖ ਦੀ ਖ਼ਬਰ ਪਤਾ ਲੱਗ ਜਾਊ। ਉਦੋਂ ਦਿਨ ਛਿਪਣ ਕਿਨਾਰੇ ਸੀ। ਚਾਚਾ ਜੀ ਨੇ ਖ਼ਬਰ ਦਿੱਤੀ, “ਭਲਾਈ ਅਫਸਰ ਸਾਹਿਬ ਦਾ ਸੁਨੇਹਾ ਆਇਆ ਹੈ ਕਿ ਜੇਕਰ ਮੁਰਗੀਖਾਨਾ ਖੋਲ੍ਹਣਾ ਹੈ ਤਾਂ ਥੋਡੇ ਬਾਪੂ ਜੀ ਨੂੰ ਸਵੇਰੇ 10 ਵਜੇ ਦਫਤਰ ਹਾਜ਼ਰ ਹੋਣਾ ਪਵੇਗਾ, ਨਹੀਂ ਤਾਂ ਗਰਾਂਟ ਨਹੀਂ ਮਿਲੇਗੀ।” ਉਨ੍ਹੀਂ ਦਿਨੀਂ ਬਾਪੂ ਜੀ ਸਾਡੇ ਮਾਮਾ ਜੀ ਕੋਲ ਮਾਨਸਾ ਕੰਮ ਕਰਦੇ ਹੁੰਦੇ ਸੀ। ਮੁਰਗੀਖਾਨੇ ਦੀ ਗਰਾਂਟ ਤੇ ਉੱਤੋਂ ਰਾਤ ਦਾ ਹਨੇਰਾ ਆ ਪਿਆ ਸੀ। ਚਾਚਾ ਜੀ ਨੇ ਮੈਨੂੰ ਹੱਲਾਸ਼ੇਰੀ ਦਿੱਤੀ। ਹੱਥ ’ਤੇ ਮਾਨਸਾ ਦਾ ਕਿਰਾਇਆ ਧਰਕੇ ਚਾਚਾ ਜੀ ਨੇ ਕਿਹਾ, “ਜਾਹ ਮੇਰਾ ਮੱਲ, ਛੇਤੀ ਕਰ, ਮਾਨਸਾ ਨੂੰ ਜਾਂਦੀ ਆਖਰੀ ਬੱਸ ਨਿਕਲ ਨਾ ਜਾਵੇ, ਆਪਣੇ ਬਾਪੂ ਜੀ ਨੂੰ ਓਧਰੋਂ ਪਹਿਲੀ ਬੱਸ ’ਤੇ ਲੈ ਆ। ਗਰਾਂਟ ਦਾ ਕੰਮ ਬਣ ਜਾਊ।”
ਕਿਤਾਬਾਂ, ਸਾਇਕਲ ਉੱਥੇ ਸੁੱਟ ਕੇ ਮੈਂ ਆਖਰੀ ਬੱਸ ਫੜਨ ਲਈ ਦੌੜ ਲਾ ਦਿੱਤੀ। ਪੇਚੜੀ ਤੋਂ ਸੰਗਰੂਰ ਦਾ ਸੁਨਾਮੀ ਦਰਵਾਜਾ ਬੱਸ ਅੱਡਾ ਬਹੁਤੀ ਦੂਰ ਨਹੀਂ ਸੀ। ਬੱਸ ਜਾ ਚੁੱਕੀ ਸੀ। ਸਵੇਰੇ ਦੇ ਚਾਰ ਵਜੇ ਮੈਂ ਕਿਵੇਂ ਮਾਨਸਾ ਪਹੁੰਚਿਆ ਬਿਰਤਾਂਤ ਨੂੰ ਲੰਬਾ ਕਰ ਦੇਵੇਗਾ, ਅਸੀਂ ਦੂਸਰੀ ਸਵੇਰ ਪਿਉ-ਪੁੱਤ ਸੰਗਰੂਰ ਪਹੁੰਚ ਗਏ। ਮੈਂ ਕਲਾਸ ਵਿੱਚ ਅਤੇ ਬਾਪੂ ਜੀ ਦਫਤਰ ਹਾਜ਼ਰ ਹੋ ਗਏ।
ਫੇਰ ਦਫਤਰੀ ਕਾਰਵਾਈ ਵਿੱਚ ‘ਮੌਕੇ ਦੀ ਸ਼ਨਾਖਤ’ ਦਾ ਦੌਰ ਸ਼ੁਰੂ ਹੋਇਆ। ਮੁਰਗੀਖਾਨੇ ਦੀ ਗਰਾਂਟ ਲੈਣ ਵਾਲੇ ਕੋਈ ਚਾਰ ਪਰਿਵਾਰ ਹੋਰ ਸਨ। ਹਰ ਐਤਵਾਰ ਨੂੰ ਕਦੇ ਛੋਟੇ ਤੇ ਕਦੇ ਵੱਡੇ ਭਲਾਈ ਅਫਸਰ ਸਾਹਿਬ ਦੌਰੇ ਕਰਨ ਲੱਗੇ। ਹੈਸੀਅਤ ਮੁਤਾਬਿਕ ਅਫਸਰ ਦੀ ਆਓ ਭਗਤ ਹੁੰਦੀ। ਸਾਰਿਆਂ ਨੇ ਕੁਝ ਫੰਡ ਇਕੱਠਾ ਕਰ ਲਿਆ ਹੋਣਾ ਹੈ। ਮੁਆਇਨਾ ਖਤਮ ਹੁੰਦੇ ਹੀ ‘ਦੇਸੀ ਸੰਤਰਾ’ ਖੁੱਲ੍ਹਦੀ। ਥੋੜ੍ਹੇ ਜਿਹੇ ਹਵਾ ਪਿਆਜ਼ੀ ਹੁੰਦੇ ਹੀ ਅਫਸਰ ਸਹਿਬਾਨ ਇਹ ਕਹਿੰਦੇ ਸੁਣਾਈ ਦਿੰਦੇ, “ਸਰਕਾਰ ਨੇ ਥੋਡੇ ਤਾਂ ਭਾਗ ਹੀ ਖੋਲ੍ਹ ਦਿੱਤੇ, ਬੱਸ ਮੁਰਗੀਖਾਨਾ ਚੱਲਿਆ ਨੀ ਤੇ ਕੰਗਾਲੀ ਹਟੀ ਨੀ।’ ਗਰਾਂਟ ਲੈਣ ਵਾਲੇ ਗਰੀਬੜਿਆਂ ਨੇ ਕਹਿਣਾ, “ਇਹ ਤਾਂ ਜੀ ਥੋਡੀ ਮੇਹਰ ਹੋ ’ਗੀ, ਨਾਲੇ ਜਦੋਂ ਜਨਾਬ ਫੇਰ ਗੇੜਾ ਮਾਰਿਆ ਕਰਨਗੇ, ਉਹ ਵੀ ਤਾਂ ਅੰਗਰੇਜ਼ੀ ਨਾਲ ਮੁਰਗਾ ਖਾਇਆ ਕਰਨਗੇ!” ਹਲਕੇ ਜਿਹੇ ਹਾਸੇ ਨਾਲ ਮਹਿਫ਼ਲ ਮਘ ਜਾਂਦੀ। ਸੁਪਨਿਆਂ ਦਾ ਸੰਸਾਰ ਬੁਣਦੇ ਬੁਣਦੇ ਇੱਕ ਦੂਜੇ ਤੋਂ ਵਿਦਾ ਲੈਂਦੇ। ਮੇਰੀ ਅੱਲ੍ਹੜ ਅਕਲ ਵੀ ਛਲਾਵੇ ਵਿੱਚ ਅਨੰਦਿਤ ਹੁੰਦੀ ਰਹਿੰਦੀ।
ਗਰਾਂਟ ਦੀ ਪਹਿਲੀ ਕਿਸ਼ਤ ਨੇ ਘਰਾਂ ਦੇ ਵਿਹੜਿਆਂ ਵਿੱਚ ਹੀ ਮੁਰਗੀਖਾਨੇ ਤਿਆਰ ਕਰਵਾ ਦਿੱਤੇ। ਚਾਰੇ-ਪਾਸੇ ਹਵਾਦਾਰ ਬਾਰੀਆਂ, ਜਾਲੀਦਾਰ ਦਰਵਾਜੇ, ਸੀਮਿੰਟ ਦਾ ਫ਼ਰਸ਼ --- --- -। ਹੁਣ ਗਊ-ਮੱਝ ਲਈ ਥਾਂ ਨਾ ਬਚੀ। ਸਾਰੇ ਪਰਿਵਾਰਾਂ ਨੂੰ ਬਾਹਰ ਜਗ੍ਹਾ ਲੈਣੀ ਪਈ। ਪਸ਼ੂਆਂ ਦੀ ਸਾਂਭ-ਸੰਭਲ ਦਾ ਕੰਮ ਵਧ ਗਿਆ।
ਹੋਣ ਵਾਲੇ ਮੁਰਗੀ-ਪਾਲਕਾਂ ਨੂੰ ਟਰੇਨਿੰਗ ਦਿੱਤੀ ਗਈ, ਦੋ ਹਫ਼ਤੇ। ਬਾਪੂ ਜੀ ਅਤੇ ਉਨ੍ਹਾਂ ਦੇ ਸਾਥੀ ਸਵੇਰੇ ਵਾਲੀ ਗੱਡੀ ਫੜਦੇ ਤੇ ਦਸ ਕੁ ਵਜੇ ਮਲੇਰਕੋਟਲਾ ਪਹੁੰਚਦੇ। ਉਨ੍ਹਾਂ ਦੇ ਦੱਸਣ ਤੋਂ ਲਗਦਾ ਹੈ ਕਿ ਇਹ ਸਕੀਮ ਅਮਰੀਕਾ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੂੰ ਟਰੇਨਿੰਗ ਦੇਣ ਵਾਲਾ ਇੱਕ ਅਮਰੀਕੀ ਸੀ। ਬਾਪੂ ਜੀ ਨੇ ਬੜੀ ਦਿਲਚਸਪ ਗੱਲ ਦੱਸੀ। ਇੱਕ ਦਿਨ ਜਦੋਂ ਟਰੇਨਿੰਗ ਦੌਰਾਨ ‘ਲੱਕੜ ਦੇ ਫੀਡਰ’ ਬਣਾਉਣਾ ਸਿਖਾ ਰਹੇ ਸਨ, ਹਥੌੜੀ ਦਾ ਹੱਥਾ ਟੁੱਟ ਗਿਆ। ਅਮਰੀਕਨ ਕਹੇ ਨਵੀਂ ਹਥੌੜੀ ਖਰੀਦ ਕੇ ਲਿਆਓ, ਗਰੀਬ ਜਨਤਾ ਕਹੇ ਹੱਥਾ ਪਵਾ ਲਿਆਉਂਦੇ ਹਾਂ। ਕਹਿੰਦੇ ਸਾਡਾ ਹਾਸਾ ਨਾ ਰੁਕੇ, ਇਹਨੂੰ ਇਹ ਨਹੀਂ ਸਮਝ ਆ ਰਿਹਾ ਬਈ ਹਥੌੜੀ ਮਹਿੰਗੀ ਆਊਗੀ ਤੇ ਹੱਥਾ ਸਸਤੇ ਵਿੱਚ ਸਾਰ ਦੇਉ। ਉਸ ਨੇ ਵੀ ਹੱਸ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਆਪਾਂ ਹਥੌੜੀ ਨਵੀਂ ਨਹੀਂ ਖਰੀਦਾਂਗੇ ਤਾਂ ਫਿਰ ਉਸ ਹਥੌੜੀ ਬਣਾਉਣ ਵਾਲੇ ਦਾ ਗੁਜ਼ਾਰਾ ਕਿਵੇਂ ਹੋਵੇਗਾ, ਇਹ ਇਨ੍ਹਾਂ ਦੇ ਸਮਝ ਨਾ ਆਵੇ। ਦਰਅਸਲ ਦੋ ਸੱਭਿਅਤਾਵਾਂ ਦੀ ਆਰਥਿਕਤਾ ਆਪਸ ਵਿੱਚ ਗੱਲ ਕਰ ਰਹੀ ਸੀ। ਇੱਕ ਦੂਜੇ ’ਤੇ ਹੱਸ ਰਹੀਆਂ ਸਨ। ਇੱਕ ਪਾਸੇ ਗਰੀਬੀ ਦੀ ਮਾਨਸਿਕਤਾ ਸੀ ਅਤੇ ਦੂਜੇ ਪਾਸੇ ਅਮੀਰੀ ਦੀ।
ਫੀਡਰ ਤਿਆਰ ਹੋ ਗਏ, ਪਾਣੀ ਪਿਲਾਉਣ ਦਾ ਪ੍ਰਬੰਧ ਹੋ ਗਿਆ। ਚੂਚੇ ਨਿਕਲਣ ਲਈ ਬਿਜਲੀ ਦੇ ਵੱਡੇ ਵੱਡੇ ਲਾਟੂ ਫਿੱਟ ਹੋ ਗਏ। ਇਨ੍ਹਾਂ ਨਵੇਂ ਬਣ ਰਹੇ ਮੁਰਗੀ ਪਾਲਕਾਂ ਨੇ ਸੋਚਿਆ, ਜਿੰਨੀਆਂ ਵੱਧ ਮੁਰਗੀਆਂ ਓਨੇ ਵੱਧ ਆਂਡੇ। ਜਿਵੇਂ ਗਰੀਬ ਜਨਤਾ ਸੋਚਦੀ ਸੀ ਜਿੰਨੇ ਵੱਧ ਨਿਆਣੇ, ਓਨੀ ਵੱਧ ਕਮਾਈ। ਸਭ ਨੇ ਘਰੇ ਬਣਾਏ ‘ਦੇਸੀ ਇਨਕਿਊਬੇਟਰਾਂ’ ਨਾਲ ਚੂਚੇ ਕਢਵਾਏ ਕਿ ਉਨ੍ਹਾਂ ਕੋਲ ਤਕਰੀਬਨ ਸੌ ਸੌ ਚੂਚਾ ਹੋ ਜਾਵੇ। ਥੋੜ੍ਹੇ ਹੀ ਦਿਨਾਂ ਵਿੱਚ ਚੂਚੇ ਵੱਡੇ ਹੋਣ ਲੱਗੇ। ਜਦੋਂ ਬਾਪੂ ਜੀ ਨੇ ਸਾਨੂੰ ਦੱਸਣਾ, ਆਹ ਤਾਂ ਲਗਦਾ ਹੈ ਰੋਡ ਆਇਲੈਂਡ ਰੈੱਡ (Rhode Island Red) ਹੈ, ਆਹ ਬਾਈਟ ਲਿਘਰਨ (White Leghorn) ਹੈ, ਅਸੀਂ ਬੜੇ ਹੱਸਦੇ ਕਿਉਂਕਿ ਬਾਪੂ ਜੀ ਅਮਰੀਕਨ ਨਾਉਂ ਚੰਗੀ ਤਰ੍ਹਾਂ ਨਹੀਂ ਉਚਾਰ ਸਕਦੇ ਸਨ। ਸਰਦੀਆਂ ਦੇ ਦਿਨ ਸਨ, ਬਿਜਲੀ ਦਾ ਬਿੱਲ ਦੇਖ ਕੇ ਸਭ ਨੂੰ ਗਸ਼ੀਆਂ ਪੈਣ ਲੱਗ ਪਈਆਂ। ਚੂਚੇ ਨਿਕਲਦੇ ਹੀ ‘ਚਿਕਨ ਫਲੂ’ ਨੇ ਕਾਫੀ ਰਗੜ ਦਿੱਤੇ। ਅਸੀਂ ਬਚਿਆਂ ਹੋਇਆਂ ਨੂੰ ਸੰਭਾਲਦੇ ਤੇ ਮੋਇਆਂ ਦਾ ਅਫਸੋਸ ਕਰਦੇ ਆਪ ਵੀ ਅੱਧਮੋਏ ਹੋਏ ਮਹਿਸੂਸ ਕਰਦੇ।
ਚੂਚੇ ਵੱਡੇ ਹੋਣ ਲੱਗੇ। ਸਿਰਾਂ ’ਤੇ ਉੱਗਦੀਆਂ ਕਲਗੀਆਂ ਸਾਡੀਆਂ ਉਮੀਦਾਂ ਨੂੰ ਫੰਗ ਲਾਉਂਦੀਆਂ। ਅਸੀਂ ਸੁਬ੍ਹਾ-ਸਵੇਰੇ ਅੰਦਾਜ਼ਾ ਲਾਉਣਾ, ਕਿੰਨੇ ਮੁਰਗੇ ਹੋਣਗੇ ਤੇ ਕਿੰਨੀਆਂ ਮੁਰਗੀਆਂ। ਵੱਡੀ ਕਲਗੀ ਮੁਰਗਾ, ਛੋਟੀ ਕਲਗੀ ਮੁਰਗੀ। ਜਦੋਂ ਵੱਡੀਆਂ ਕਲਗੀਆਂ ਦੀ ਗਿਣਤੀ ਵਧਣ ਲੱਗੀ, ਸਾਡੀਆਂ ਉਮੀਦਾਂ ’ਤੇ ਪਾਣੀ ਫਿਰਨ ਲੱਗਿਆ। ਉਦੋਂ ‘ਬਰੈਲਰ’ ਨੂੰ ਕੌਣ ਜਾਣਦਾ ਸੀ। ਮੁਰਗੇ ਖਾਣ ਵੀ ਜ਼ਿਆਦਾ ਤੇ ਖਰੂਦ ਵੀ ਜ਼ਿਆਦਾ ਕਰਨ। ਬਿੱਠਾਂ ਦੀ ਬੋ ਅਤੇ ਵਜ਼ਨ ਵਧਣਾ ਸ਼ੁਰੂ ਹੋ ਗਿਆ। ‘ਇਨ੍ਹਾਂ ਨੂੰ ਕਿੱਥੇ ਵੇਚਾਂਗੇ’ ਦਾ ਫ਼ਿਕਰ ਖੜ੍ਹਾ ਹੋ ਗਿਆ।
1965 ਸਾਡੇ ਦੇਸ਼ ਲਈ ਚੰਗਾ ਵਰ੍ਹਾ ਨਹੀਂ ਸੀ। ਕਾਲ ਵਰਗੀ ਸਥਿਤੀ ਸੀ। ਕਾਰਨ ਮੈਨੂੰ ਪਤਾ ਨਹੀਂ ਪਰ ਅਨਾਜ ਦੀ ਕਮੀ ਹੋ ਗਈ ਸੀ। ਬੇਰੁਜ਼ਗਾਰੀ ਵੀ ਦਿਖਾਈ ਦੇ ਰਹੀ ਸੀ। ਖਾਸ ਕਰਕੇ ਮਜ਼ਦੂਰ ਜਮਾਤ ਲਈ ਦਿਨ ਕਟੀ ਔਖੀ ਸੀ। ਸ਼ਾਇਦ ਇਸ ਹਾਲਾਤ ਨੂੰ ਦੇਖਦਿਆਂ ਹੀ ਅਮਰੀਕਾ ਨੇ ਭਾਰਤ ਨੂੰ PL-480 ਸਮਝੌਤੇ ਤਹਿਤ ਕਣਕ ਦਿੱਤੀ ਸੀ। ਇਹ ਅਨਾਜ ਸ਼ਾਇਦ ਉਨ੍ਹਾਂ ਦੇ ਪਸ਼ੂ ਖਾਂਦੇ ਸਨ ਕਿਉਂਕਿ ਇਸਦੀ ਰੋਟੀ ਤਵੇ ਤੋਂ ਛਾਬੇ ਤਕ ਜਾਂਦੀ ਜਾਂਦੀ ਐਨੀ ਸਖ਼ਤ ਹੋ ਜਾਂਦੀ ਸੀ ਕਿ ਚਬਾਉਣ ਲਈ ਲੋਹੇ ਦੇ ਦੰਦ ਚਾਹੀਦੇ ਸਨ। ਜਿਨ੍ਹਾਂ ਪਰਿਵਾਰਾਂ ਕੋਲ ਘਰ ਦਾ ਘਿਓ ਹੁੰਦਾ, ਉਹ ਚੋਪੜ ਕੇ ਇਸ ਨੂੰ ਥੋੜ੍ਹੀ ਬਹੁਤੀ ਨਰਮ ਕਰ ਲੈਂਦੇ ਬਾਕੀਆਂ ਨੂੰ ਤਾਂ ਦੰਦ ਘਸਾਉਂਦੇ ਘਸਾਉਂਦੇ ਦੁਪਹਿਰਾ ਹੋ ਜਾਂਦਾ। ਸ਼ਾਇਦ ਇਸੇ ਸਮਝੌਤੇ ਮੁਤਾਬਿਕ ਇਹ ‘ਪੋਲਟਰੀ ਫਾਰਮ’ ਵੀ ਖੁੱਲ੍ਹਵਾਏ ਗਏ ਹੋਣ, ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ ਹੋਵੇ। ਹੁਣ ਤਕਰੀਬਨ ਸੱਠ ਸਾਲ ਬਾਅਦ ਮੈਂ ਸੋਚਦਾ ਹਾਂ ਕਿ ਚਲਾਕ ਬਾਣੀਆ ਆਪਣੀ ਡੰਗਰਾਂ ਦੇ ਖਾਣ ਵਾਲੀ ਮਰੀ ਹੋਈ ‘ਲਾਲ ਕਣਕ’ ਅਤੇ ਮੁਰਗੀਖਾਨੇ ਖੁਲ੍ਹਵਾਉਣ ਦੇ ਬਹਾਨੇ ਹੋਰ ਫਾਲਤੂ ਸਮਾਨ ਸਾਨੂੰ ਵੇਚ ਗਿਆ ਸੀ। ਦੋਹਾਂ ਧਿਰਾਂ ਨੇ ਸੋਚਿਆ ਹੋਵੇਗਾ ਵੈਸੇ ਵੀ ਇਹ ‘ਲਾਲ ਕਣਕ’ ਕਿਹੜਾ ਬੰਦਿਆਂ ਨੇ ਖਾਣੀ ਐ, ਦਲਿਤਾਂ, ਮਜ਼ਦੂਰਾਂ, ਗ਼ਰੀਬਾਂ ਅਤੇ ਜਾਨਵਰਾਂ ਨੇ ਹੀ ਖਾਣੀ ਐ, ਕਰ ਲਓ ਕਮਾਈ। ਨਾਲੇ ਪੁੰਨ ਨਾਲੇ ਫਲੀਆਂ ...।
ਸਾਡੇ ਤਕਰੀਬਨ 60% ਮੁਰਗੇ ਨਿੱਕਲੇ। ਕਾਲਜ ਤੋਂ ਵਾਪਸ ਆ ਕੇ ਮੇਰਾ ਬਹੁਤਾ ਸਮਾਂ ਇਨ੍ਹਾਂ ਦੀ ਸੇਵਾ ਵਿੱਚ ਗੁਜ਼ਰਨ ਲੱਗਿਆ। ਪਾਣੀ ਵਾਲੇ ਕੂੰਡੇ ਭਰਨੇ, ਫੀਡਰਾਂ ਵਿੱਚ ‘ਪੋਲਟਰੀ ਫੀਡ’ ਪਾਉਣੀ, ਬਿੱਠਾਂ ਇਕੱਠੀਆਂ ਕਰਨੀਆਂ। ਕਰਦੇ ਕਰਾਉਂਦੇ ਲਟਾਪੀਂਘ ਹੁੰਦਿਆਂ ਉਹ ਵਕਤ ਲੈ ਆਏ ਜਦੋਂ ਪੋਲਟਰੀ ਫਾਰਮ ਵਿੱਚ ਇੱਕ ਆਂਡਾ ਚਮਕਿਆ। ਸਾਰਾ ਟੱਬਰ ਨੱਚ ਉੱਠਿਆ। ਮੁਰਗੀਆਂ ਆਂਡੇ ਦੇਣ ਲੱਗ ਗਈਆਂ ਨੇ ... ਬੱਸ ਹੁਣ ਤਾਂ ਹੋਏ ਬਾਰੇ-ਨਿਆਰੇ। ਗੁਆਂਢੀਆਂ ਨੂੰ ਖ਼ਬਰ ਹੋਈ ਤਾਂ ਕਹਿਣ ਲੱਗੇ, “ਭਾਈ ਸਾਡੀਆਂ ਤਾਂ ਖਾ ਖਾ ਬੋਘੜ ਬਿੱਲੇ ਵਰਗੀਆਂ ਹੋਈ ਜਾਂਦੀਆਂ ਨੇ, ਹਾਲੇ ਤਕ ਇੱਕ ਵੀ ਆਂਡਾ ਨੀ ਦਿੱਤਾ। ਸਾਨੂੰ ਉਨ੍ਹਾਂ ਬੀਅ ਮਾੜਾ ਦਿੱਤਾ ਹੋਊ ...। ਆਪਸੀ ਈਰਖਾ ਦਿਖਾਈ ਦੇਣ ਲੱਗ ਪਈ।
ਹੁਣ ਮੇਰਾ ਕੰਮ ਹੋਰ ਵਧ ਗਿਆ। ਆਂਡਿਆਂ ਨੂੰ ਸ਼ਹਿਰ ਲਿਜਾਣਾ ਤੇ ਵੇਚ ਕੇ ਉਨ੍ਹਾਂ ਦੀ ਖੁਰਾਕ ਲੈ ਕੇ ਆਉਣਾ। ਸਾਇਕਲ ਦੇ ਫਰੇਮ ਨਾਲ ਬੋਰੀ ਬੰਨ੍ਹ ਲੈਣੀ, ਉਸ ਵਿੱਚ ਤੂੜੀ ਭਰਨੀ ਤੇ ਆਂਡੇ ਵਿੱਚ ਧਰ ਲੈਣੇ। ਸੜਕ ਨਾ ਹੋਣ ਕਰਕੇ ਸ਼ਹਿਰ ਪਹੁੰਚਦੇ ਪਹੁੰਚਦੇ ਦੋ ਚਾਰ ਆਂਡੇ ਟੁੱਟ ਹੀ ਜਾਂਦੇ। ਟੁੱਟੇ ਆਂਡੇ ਸੁੱਟਣੇ ਪੈਂਦੇ। ਆਂਡੇ ਮੁਰਗੇ ਵੇਚਣ ਵਾਲੇ ਦੀ ਦੁਕਾਨ ’ਤੇ ਲਿਜਾਣੇ ਪੈਂਦੇ ਸਨ। ਉਹ ਆਪਣੀ ਮਨ-ਮਰਜ਼ੀ ਦਾ ਭਾਅ ਦਿੰਦਾ। ਮੇਰੇ ਕੋਲ ਨਾ ਵਕਤ ਸੀ ਅਤੇ ਨਾ ਹੀ ਵਪਾਰੀਆਂ ਵਾਲੀ ਅਕਲ। ਸਾਨੂੰ ਪੇਂਡੂਆਂ ਨੂੰ ਪਤਾ ਹੀ ਨਹੀਂ ਸੀ ਕਿ ਬਾਣੀਏ ਦਾ ਦਿਮਾਗ ਲਾਭ-ਹਾਨੀ ਦਾ ਮੰਤ੍ਰ ਹਮੇਸ਼ਾ ਪੜ੍ਹਦਾ ਰਹਿੰਦਾ ਹੈ। ਅਸੀਂ ਸਰਮਾਏ ਦੀ ਅਸਲੀ ਫਿਤਰਤ ਤੋਂ ਕੋਰੇ ਸਾਂ। ਉਦੋਂ ਅੱਜ ਵਾਂਗ ਮੰਡੀਆਂ ਨਹੀਂ ਸਨ ਲੱਗਦੀਆਂ, ਬੱਸ ਜੋ ਮਿਲਦਾ ਘਰ ਜਾਣ ਵੇਲੇ ‘ਖਾਲਸਾ ਟਰੇਡਰਜ਼’ ਤੋਂ ਫੀਡ ਲੈ ਜਾਂਦਾ। ਅਕਸਰ ਆਂਡਿਆਂ ਦੀ ਸਾਰੀ ਵੱਟਤ ਜਾਨਵਰਾਂ ਦੀ ਖੁਰਾਕ ਪੂਰੀ ਕਰਨ ਲਈ ਵੀ ਕਾਫੀ ਨਾ ਹੁੰਦੀ। ਉੱਪਰੋਂ ਜਦੋਂ ‘ਖਾਲਸਾ ਟਰੇਡਰਜ਼’ ਵਾਲਾ ਸਰਦਾਰ ਬੁੜ-ਬੁੜ ਕਰਕੇ ਖੁਰਾਕ ਦੇਣ ਤੋਂ ਮਨ੍ਹਾਂ ਕਰ ਦਿੰਦਾ ਤਾਂ ਮਨ ਬਹੁਤ ਦੁਖੀ ਹੁੰਦਾ। ‘ਅੱਜ ਉਨ੍ਹਾਂ ਨੂੰ ਕੀ ਖੁਆਵਾਂਗੇ’ ਦਾ ਪ੍ਰਸ਼ਨ ਸਾਇਕਲ ਦੇ ਫ੍ਰੀ-ਵੀਲ ਵਾਂਗ ਦਿਮਾਗ ਵਿੱਚ ਘੁੰਮਣ ਲੱਗਦਾ। ਉਹ ਤਾਂ ਮੇਰੀ ਰਾਹ ਦੇਖ ਰਹੇ ਹੁੰਦੇ, ਕਦੋਂ ਸਾਇਕਲ ਦੀ ਘੰਟੀ ਵੱਜੇਗੀ ਤੇ ਕਦੋਂ ਚੋਗਾ ਮਿਲੇਗਾ। ਅਜਿਹੇ ਦਿਨ ਅਸੀਂ ਉਨ੍ਹਾਂ ਨੂੰ ਆਪਣੇ ਆਟੇ ਵਿੱਚੋਂ ਪਾਉਂਦੇ ਪਰ ਫੀਡ ਦੇ ਗਿੱਝੇ ਜਾਨਵਰ ਉਸ ਤੋਂ ਮੂੰਹ ਮੋੜ ਲੈਂਦੇ। ਉਨ੍ਹਾਂ ਦੇ ਭੁੱਖੇ ਰਹਿਣ ਦਾ ਅਤੇ ਸਾਡਾ ਆਟਾ ਖਰਾਬ ਹੋਣ ਦਾ ਪਛਤਾਵਾ ਹੋਰ ਤੰਗ ਕਰਦਾ। ਹਾਲਾਤ ਇੱਥੋਂ ਤਕ ਵਿਗੜ ਗਏ ਕਿ ਉਨ੍ਹਾਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਅਸੀਂ ਸਭ ਰੋਣਹਾਕੇ ਹੋ ਜਾਂਦੇ।
ਬਾਪੂ ਜੀ ਨੂੰ ਟਰੇਨਿੰਗ ਦੌਰਾਨ ਅਜਿਹੀ ਹਾਲਤ ਨਾਲ ਨਜਿੱਠਣ ਲਈ ਦੱਸਿਆ ਗਿਆ ਸੀ ਕਿ ਵੱਡੇ ਜਾਨਵਰਾਂ ਦੀ ਚੁੰਝ ਦਾ ਉਤਲਾ ਜਬਾੜ੍ਹਾ ਕਿਵੇਂ ਕੱਟਣਾ ਹੈ। ਜਾਨਵਰ ਨੂੰ ਫੜ ਕੇ ਗਰਮ ਤੇਸੀ ਨਾਲ ਅੱਧੀ ਚੁੰਝ ਸਾੜ ਦਿੱਤੀ ਜਾਂਦੀ ਸੀ। ਪਿੱਤਲ ਦੀ ਬਾਟੀ ਵਿੱਚ ਰੱਖੀ ਅੱਗ ਕਦੇ ਕਿਸੇ ਦਾ ਹੱਥ ਸਾੜਦੀ, ਕਦੇ ਪੈਰ ’ਤੇ ਡੁੱਲ ਜਾਂਦੀ। ਓਪਰੇਸ਼ਨ ‘ਜਬਾੜ੍ਹਾ ਕੱਟ’ ਮੁਲਤਵੀ ਕਰਨਾ ਪੈਂਦਾ। ਇੱਕ ਜਾਨਵਰ ਨੂੰ ਫੜਨ ਲਗਦੇ ਤਾਂ ਸਾਰੇ ਹੀ ਇੱਕ ਪਾਸੇ ਭੱਜ ਲੈਂਦੇ, ਅਸੀਂ ਹੰਭ ਜਾਂਦੇ। ਜਾਨਵਰਾਂ ਦੇ ਖੰਭ ਹੀ ਖੰਭ ਕਿਰ ਜਾਂਦੇ, ਦਿਨ ਨਿਕਲ ਜਾਂਦਾ ... ਜਾਨਵਰਾਂ ਦੀਆਂ ਲਹੂ-ਲੁਹਾਣ ਪਿੱਠਾਂ ਦੇਖ ਕੇ ਜੀਅ ਮਤਲਾਉਣ ਲਗਦਾ। ਹੁਣ ਤਕ ਮੈਂ ਕਿਵੇਂ ਨਾ ਕਿਵੇਂ ਇੱਕ ਮਹਿੰਗੀ ਕਿਤਾਬ ਖਰੀਦਣ ਲਈ ਉਸ ਦੀ ਅੱਧੀ ਕੀਮਤ ਇਕੱਠੀ ਕਰ ਲਈ ਸੀ। ਜਦੋਂ ਇਹ ਮੰਜ਼ਰ ਕਿਸੇ ਤੋਂ ਵੀ ਜਰਿਆ ਨਾ ਗਿਆ ਤਦ ਉਹ ਪੈਸੇ ਇਨ੍ਹਾਂ ਦੀ ਦਵਾਈ ਅਤੇ ਖੁਰਾਕ ਉੱਤੇ ਖਰਚ ਦਿੱਤੇ ਪਰ ਫੇਰ ਵੀ ਅਸੀਂ ਸਥਿਤੀ ਨੂੰ ਸੁਧਾਰ ਨਾ ਸਕੇ। ਸਾਰਾ ਵਰ੍ਹਾ ਮੈਂ ਉਹ ਕਿਤਾਬ ਨਾ ਖਰੀਦ ਸਕਿਆ। ਇੱਕ ਦਿਨ ਜਦੋਂ ਸਰਕਾਰੀ ਅਫਸਰ ਪੋਲਟਰੀ ਫਾਰਮਾਂ ਦੇ ਵਧਣ-ਫੁੱਲਣ ਦੀ ਮਹੀਨੇ ਵਾਰ ਰਿਪੋਰਟ ਲਈ ਆਇਆ ਅਤੇ ਉਸ ਨੇ ਤਸੱਲੀਬਖਸ਼ ਰਿਪੋਰਟ ਲਿਖਣ ਲਈ ਲਹੂ-ਲੁਹਾਣ ਮੁਰਗੇ ਨੂੰ ਹੱਥ ਪਾਇਆ ਤਾਂ ਮਾਤਾ ਜੀ ਦਾ ਗੁੱਸਾ ਫੁੱਟ ਪਿਆ, “ਮੇਰੇ ਬੱਚੇ ਨੂੰ ਹੱਥ ਪਾਇਆ ਤਾਂ ਮੈਂਥੋਂ ਬੁਰਾ ਕੋਈ ਨੀ ਹੋਵੇਗਾ, ਤੁਰਦੈਂ ਕਿ ਨਹੀਂ ਇੱਥੋਂ, ਆ ਜਾਂਦੇ ਨੇ ਤੀਜੇ ਦਿਨ ...।” ਸੁਣਦੇ ਸਾਰ ਉਹ ਮੂੰਹ ਜਜਹਾ ਬਣਾ ਕੇ ਤੁਰਦਾ ਲੱਗਿਆ। ਦੂਸਰੇ ਦਿਨ ਹੀ ਬਾਪੂ ਜੀ ਨੇ ਮੁਰਗੀਖਾਨੇ ਦੇ ਸਾਰੇ ਜਾਨਵਰ ਵੇਚ ਦਿੱਤੇ। ਜਿਉਂ ਹੀ ਖਰੀਦਣ ਵਾਲਾ ਜਾਨਵਰਾਂ ਨੂੰ ਪਿੰਜਰਿਆਂ ਅੰਦਰ ਪਾਉਂਦਾ, ਉਹ ਚੀਕਦੇ ਅਤੇ ਸਾਡੀਆਂ ਚੀਕਾਂ ਨਿਕਲ ਜਾਂਦੀਆਂ। ਘਰ ਵਿੱਚ ਕਈ ਦਿਨ ਮਾਤਮ ਛਾਇਆ ਰਿਹਾ।
ਫਿਰ ਉਹ ਮੁਰਗੀਖਾਨਾ ‘ਸਾਡਾ ਘਰ’ ਹੋ ਗਿਆ। ਕੱਚੇ ਘਰ ਵਿੱਚ ਗਾਂ-ਮੱਝ ਵਾਪਸ ਆ ਗਈ। ਫਰਕ ਸਿਰਫ ਇੰਨਾ ਪਿਆ ਕਿ ਬਰਸਾਤ ਤੋਂ ਪਹਿਲਾਂ ਅਸੀਂ ਕੱਚਾ ਘਰ ਲਿੱਪਦੇ ਤੇ ਬਰਸਾਤ ਦੌਰਾਨ ਛੱਤ ’ਤੇ ਬੋਰੀਆਂ ਨਾਲ ਸਿਰ ਢਕ ਕੇ ਮੋਰੀਆਂ ਬੰਦ ਕਰਦੇ ਪਰ ਹੁਣ ਮੀਂਹ ਪੈਂਦੇ ਵਿੱਚ ਹਵਾਦਾਰ ਬਾਰੀਆਂ ਨੂੰ ਬੋਰੀਆਂ ਨਾਲ ਢਕਦੇ ਰਹਿੰਦੇ, ਅੰਦਰ ਚਿੱਕੜ ਫੇਰ ਵੀ ਹੋ ਜਾਂਦਾ। ਮੁਰਗੀਖਾਨੇ ਦੇ ਇਸ ਸਰਕਾਰੀ ਤਜਰਬੇ ਨੇ ਸਾਡੀ ਗਰੀਬੀ ਤਾਂ ਕੀ ਹਟਾਉਣੀ ਸੀ ਬਲਕਿ ਸਾਡੇ ਸਿਰ ਕਰਜ਼ਾ ਚੜ੍ਹਾ ਦਿੱਤਾ ਸੀ। ਉੱਪਰੋਂ ਜਿਹੜਾ ਮਾਨਸਿਕ ਸੰਤਾਪ ਅਸੀਂ ਸਾਲਾਂ ਬੱਧੀ ਹੰਢਾਇਆ, ਉਹ ਅਸੀਂ ਹੀ ਜਾਣਦੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4143)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)