“ਸਰ, ਸਭ ਨੂੰ ਪੈਸੇ ਦਿੱਤੇ ਪਰ ਬਣਿਆ ਕੁਝ ਨਾ। ਤਿੰਨ ਪੇਟੀ ਹੋਰ ਲੱਗ ਗਿਆ ...”
(7 ਨਵੰਬਰ 2025)
ਰੋਜ਼ੀ-ਰੋਟੀ ਦਾ ਸਵਾਲ ਸਭ ਨੂੰ ਹੱਲ ਕਰਨਾ ਪੈਂਦਾ ਹੈ। ਬੱਚੇ ਲਈ ਇਹ ਸਵਾਲ ਉਸਦੇ ਮਾਪੇ ਹੱਲ ਕਰਦੇ ਹਨ। ਕੁਝ ਬੱਚਿਆਂ ਨੂੰ ਇਹ ਕਦੇ ਵੀ ਹੱਲ ਨਹੀਂ ਕਰਨਾ ਪੈਂਦਾ ਕਿਉਂਕਿ ਉਹ ਪੈਦਾ ਹੀ ਮੂੰਹ ਵਿੱਚ ਚਾਂਦੀ ਦਾ ਚਮਚਾ ਲੈ ਕੇ ਹੁੰਦੇ ਹਨ। ਬਹੁਗਿਣਤੀ ਬੱਚੇ ਸਕੂਲ, ਕਾਲਜ, ਯੂਨੀਵਰਸਿਟੀ ਪੱਧਰ ਦੀ ਵਿੱਤ ਮੁਤਾਬਿਕ ਪੜ੍ਹਾਈ ਖਤਮ ਕਰਦਿਆਂ ਹੀ ਇਹ ਸਵਾਲ ਹੱਲ ਕਰਨ ਲਗ ਜਾਂਦੇ ਹਨ। ਜਿਹੜੇ ਕੋਈ ਹੁਨਰ ਹਾਸਲ ਨਹੀਂ ਕਰ ਸਕਦੇ, ਉਹ ਖੇਤ-ਮਜ਼ਦੂਰ, ਉਸਾਰੀ ਦੇ ਕੰਮ ਵਿੱਚ ਲੱਗੇ ਮਿਸਤਰੀ-ਦਿਹਾੜੀਦਾਰ, ਢਾਬੇ-ਹੋਟਲਾਂ ਤੇ ਭਾਂਡੇ-ਮਾਂਜਦੇ ਮੁੰਡੂ, ਸੜਕਾਂ-ਸਾਫ ਕਰਨ ਅਤੇ ਹੋਰ ਅਜਿਹੇ ਕੰਮ ਕਰਨ ਲੱਗ ਜਾਂਦੇ ਹਨ। ਕੁਝ ਜੱਦੀ-ਪੁਸ਼ਤੀ ਧੰਦੇ ਜਿਵੇਂ ਖੇਤੀ, ਵਪਾਰ ਆਦਿ ਕਰਨ ਲੱਗ ਜਾਂਦੇ ਹਨ। ਕੁਝ ਪੜ੍ਹ-ਲਿਖ ਕੇ ਸਰਕਾਰੀ, ਗੈਰ ਸਰਕਾਰੀ ਨੌਕਰੀਆਂ ਕਰਦੇ ਹਨ ਪਰ ਤਰਜੀਹ ਸਰਕਾਰੀ ਨੌਕਰੀ ਨੂੰ ਦਿੱਤੀ ਜਾਂਦੀ ਹੈ। ਕੁਝ ਇਸ ਸਵਾਲ ਦਾ ਹੱਲ ਕਰਦੇ ਕਰਦੇ ਜਵਾਨੀ ਦੀ ਦਹਲੀਜ਼ ਲੰਘ ਜਾਂਦੇ ਹਨ। ਕਈ ਅੰਗਰੇਜ਼ਾਂ ਦੇ ਅਖਾਣ (Politics is the last resort of a scoundrel --- ਬਦਮਾਸ਼ ਦੀ ਆਖਰੀ ਟੇਕ ਸਿਆਸਤ ’ਤੇ ਹੁੰਦੀ ਹੈ) ਤੋਂ ਸੇਧ ਲੈਣ ਲਗਦੇ ਹਨ। ਆਗੂ ਭਾਵੇਂ ਨਾ ਵੀ ਬਣ ਸਕਣ, ਵਿਚੋਲੀਏ ਕਾਰਕੁਨ ਬਣਕੇ ਰੋਜ਼ੀ-ਰੋਟੀ ਦਾ ਮਸਲਾ ਹੱਲ ਕਰ ਲੈਂਦੇ ਹਨ। ਕਿੱਡੀ ਵਿਡੰਬਨਾ ਹੈ ਕਿ ਸਾਡੇ ਦੇਸ਼ ਵਿੱਚ ਅੱਜ ਕੱਲ੍ਹ ਨੌਜਵਾਨਾਂ ਵੱਲੋਂ ਪਹਿਲ ਦੇ ਅਧਾਰ ’ਤੇ ਸਿਆਸਤ ਨੂੰ ਸਭ ਤੋਂ ਵੱਧ ਅਪਣਾਇਆ ਜਾ ਰਿਹਾ ਹੈ।
ਸਾਰੇ ਧੰਦੇ, ਕਿੱਤੇ ਇੱਕ ਖਾਸ ਦਰਜੇ ਦੀ ਨੈਤਿਕਤਾ ਦੀ ਮੰਗ ਕਰਦੇ ਹਨ। ਮਜ਼ਦੂਰ ਲਈ ਪੈਮਾਨਾ ਹੈ ਕਿ ਵੱਧ ਤੋਂ ਵੱਧ ਕੰਮ ਕਰੇ। ਮਜ਼ਦੂਰੀ ਦੇਣ ਵਾਲੇ ਨੇ ਘੱਟ ਤੋਂ ਘੱਟ ਉਜਰਤ ਦੇਣ ਦਾ ਪੈਮਾਨਾ ਅਪਣਾਅ ਰੱਖਿਆ ਹੈ, ਉਹ ਵੀ ਵਕਤ ਸਿਰ ਨਹੀਂ ਦੇਣਾ। ਬਾਪੂ ਜੀ ਜਦੋਂ ਦਿਹਾੜੀ ਕਰਦੇ ਸਨ ਤਾਂ ਜੱਟ ਦੋ ਰੁਪਏ ਦੇਣ ਲਈ ਪੰਜਾਹ ਗੇੜੇ ਮਰਵਾਉਂਦਾ ਸੀ। ਚੌਥੇ ਪੰਜਵੇਂ ਗੇੜੇ ਸੁਣਾ ਦਿੰਦਾ, “ਥੋਡੇ ਦੋ ਰੁਪਈਆਂ ਪਿੱਛੇ ਪਿੰਡੋਂ ਤਾਂ ਨੀ ਭੱਜ ਜਾਂਗੇ-- ਦੇ ਦਿਆਂਗੇ, ਆਜੀਂ ਦੋਂਹ ਦਿਨਾਂ ਨੂੰ।” ਉਹ ਦੋ ਦਿਨ ਮਹੀਨਿਆਂ ਵਿੱਚ ਬਦਲ ਜਾਂਦੇ। ਅੱਜ ਕੱਲ੍ਹ ਠੇਕੇ ’ਤੇ ਰੱਖੇ ਸਰਕਾਰੀ ਮੁਲਾਜ਼ਮ, ਜਿਨ੍ਹਾਂ ਵਿੱਚ ਯੂਨੀਵਰਸਟੀ ਪੱਧਰ ਦੇ ਅਧਿਆਪਕ, ਕਲਰਕ, ਇੰਜਨੀਅਰ ਆਦਿ ਸ਼ਾਮਲ ਹਨ, ਆਪਣੀਆਂ ਉਜਰਤਾਂ ਲੈਣ ਲਈ ਸੜਕਾਂ ’ਤੇ ਉੱਤਰੇ ਆਮ ਦਿਖਾਈ ਦੇ ਰਹੇ ਹਨ। ਖੇਤੀ ਦੇ ਧੰਦੇ ਵਿੱਚ ਲੱਗੇ ਮਨੁੱਖ ਦੇਹ ਤੋੜ ਕੇ ਕੰਮ ਕਰਦੇ ਹਨ। ਉਨ੍ਹਾਂ ਨੂੰ ਅਜਿਹਾ ਕਰਨਾ ਹੀ ਪੈਂਦਾ ਹੈ। ਇਹ ਜ਼ਰੂਰ ਹੈ ਕਿ ਅੱਜ ਕੱਲ੍ਹ ਮਸ਼ੀਨ ਨੇ ਕੰਮ ਥੋੜ੍ਹਾ ਸੁਖਾਲਾ ਕਰ ਦਿੱਤਾ ਹੈ। ਉਹ ਆਪਣੇ ਕੰਮ ਨਾਲ ਬੇਈਮਾਨੀ ਕਰ ਹੀ ਨਹੀਂ ਸਕਦੇ। ਸਰਕਾਰੀ ਕਰਮਚਾਰੀਆਂ ਅਤੇ ਅਫਸਰਾਂ ਬਾਰੇ ਕੁਝ ਕਹਿਣਾ ਜਾਇਜ਼ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਕੰਮ ਕਰਨ ਦੇ ਤੌਰ-ਤਰੀਕੇ ਅਤੇ ਨੈਤਿਕ ਪੱਧਰ ਤੋਂ ਸਭ ਜਾਣੂ ਹਨ। ਹਾਲਾਂ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਵਾਲ ਉਮਰ ਭਰ ਲਈ ਹੱਲ ਹੋਇਆ ਹੁੰਦਾ ਹੈ, ਫਿਰ ਵੀ ਸਮਾਜ ਦੀ ਬੌਧਿਕ ਸ਼੍ਰੇਣੀ ਸਮਝੀ ਜਾਂਦੀ ਇਸ ਜਮਾਤ ਲਈ ਇਹ ਸਵਾਲ ਉਮਰ ਭਰ (ਕੁਝ ਵਿਰਲਿਆਂ ਨੂੰ ਛੱਡ ਕੇ) ਬੁਝਾਰਤ ਹੀ ਬਣਿਆ ਰਹਿੰਦਾ ਹੈ।
ਮੈਂ ਇੱਕ ਕਹਾਣੀ ਸੁਣਾਉਂਦਾ ਹਾਂ। ਮੈਂ ਇਸਦਾ ਕੇਂਦਰੀ ਪਾਤਰ ਇਸ ਲਈ ਹਾਂ ਕਿ ਮੈਂ ਇਸ ਨੂੰ ਸ਼ੁਰੂ ਕਰਦਾ ਹਾਂ ਅਤੇ ਖ਼ਤਮ ਕਰਨ ਦਾ ਜ਼ਿੰਮਾ ਵੀ ਸ਼ੁਰੂ ਕਰਨ ਵੇਲੇ ਹੀ ਲੈ ਲੈਂਦਾ ਹਾਂ। ਕਹਾਣੀ ਦਾ ਹਰ ਪਾਤਰ ਆਪਣੇ ਨਿੱਜੀ ਕਿਰਦਾਰ ਅਤੇ ਆਪਣੀ ਸਮਾਜਿਕ ਸ਼੍ਰੇਣੀ ਦੇ ਸਮੂਹਿਕ ਵਿਵਹਾਰ ਬਾਰੇ ਬੜਾ ਕੁਝ ਕਹਿੰਦਾ ਹੈ। ਵਿਵਹਾਰ ਦਾ ਇਹ ਮੁਲਾਂਕਣ ਮੈਂ ਪਾਠਕਾਂ ਲਈ ਪ੍ਰਸ਼ਨ ਦੇ ਰੂਪ ਵਿੱਚ ਛੱਡਦਾ ਹਾਂ। ਇਕਤਾਲੀ-ਬਿਆਲੀ ਸਾਲ ਪਹਿਲਾਂ ਦੀ ਘਟਨਾ ਹੈ। ਹਰ ਪਹਿਲੂ ਨੂੰ ਜਾਤੀ-ਵਿਤਕਰੇ ਨਾਲ ਜੋੜਨਾ ਠੀਕ ਤਾਂ ਨਹੀਂ ਹੈ ਪਰ ਸੱਚ-ਬਿਆਨੀ ਤੋਂ ਬਿਨਾਂ ਕਹਾਣੀ ਵੀ ਕਲਪਿਤ ਲੱਗੇਗੀ। ਇਸ ਤੋਂ ਪਹਿਲਾਂ ਬੰਬਈ (ਹੁਣ ਮੁੰਬਈ) ਦੇ ਆਮਦਨ-ਕਰ ਵਿਭਾਗ ਦੀ ਜਾਂਚ ਸ਼ਾਖਾ (Investigation Wing) ਵਿੱਚ ਅਖੌਤੀ ਨੀਵੀਂ-ਜਾਤੀਆਂ ਦੇ ਅਫਸਰਾਂ ਦੀ ਤਾਇਨਾਤੀ ਵਰਜਿਤ ਹੀ ਸੀ। ਇਹ ਮਲਾਈਦਾਰ ਤਾਇਨਾਤੀ ਮੰਨੀ ਜਾਂਦੀ ਸੀ। ਯੋਗਤਾ ਅਤੇ ਨਿਸ਼ਠਾਵਾਨੀ ਮਾਅਨੇ ਨਹੀਂ ਰੱਖਦੇ ਸਨ। ਇੱਕ ਦੱਖਣੀ ਬ੍ਰਾਹਮਣ ਦਾ ਅਸ਼ੀਰਵਾਦ ਜ਼ਰੂਰੀ ਸੀ। ਵਕਤ ਨੇ ਕਰਵਟ ਲਈ ਤਾਂ ਸਾਡੇ ਕਈ ਅਫਸਰ ਉਸ ਸ਼ਾਖਾ ਵਿੱਚ ਤਾਇਨਾਤ ਹੋ ਗਏ। ਮੇਰਾ ਕੰਮ ਕਸਟਮ ਅਤੇ ਸੈਂਟਰਲ ਐਕਸਾਇਜ਼, ਇੰਫੋਰਸਮੈਂਟ ਡਾਇਰੈਕਟੋਰੇਟ, ਏਅਰਪੋਰਟ, ਪੁਲੀਸ ਆਦਿ ਨਾਲ ਤਾਲਮੇਲ ਕਰਕੇ ਇਨਕਮ ਟੈਕਸ ਦੀ ਚੋਰੀ ਫੜਨਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਬੰਬਈ ਵਿਖੇ ਟੈਲੀਫੋਨ ਲਾਈਨ ਲਈ ਚੰਗੀ ਰਿਸ਼ਵਤ ਦੇਣੀ ਪੈਂਦੀ ਸੀ ਪਰ ਮੈਨੂੰ ਮੇਰੀ ਡਿਊਟੀ ਕਰਕੇ ਘਰ ਸਰਕਾਰੀ ਫੋਨ ਦੀ ਸੁਵਿਧਾ ਸੀ। ਪਤਾ ਨਹੀਂ ਹੁੰਦਾ ਸੀ ਰਾਤ ਦੇ ਕਿਹੜੇ ਪਹਿਰ ਹਵਾਈ ਅੱਡੇ, ਸ਼ਹਿਰ ਵਿੱਚ ਅਤੇ ਹੋਰ ਬਾਹਰ ਜਾਣਾ ਪੈ ਜਾਵੇ। ਜ਼ਰੂਰੀ ਕਾਗਜ਼-ਪੱਤਰ ਰੱਖਣ ਲਈ ਮੈਂ ਇੱਕ ਸੋਹਣਾ ਜਿਹਾ ਪਲਾਸਟਿਕ ਦਾ ਬ੍ਰੀਫਕੇਸ ਲੈ ਲਿਆ। ਇਹ ਮੇਰੀ ਲੋੜ ਸੀ। ਲੋਕਾਂ ਨੇ ਤਨਜ਼ ਕੱਸਣੇ ਸ਼ੁਰੂ ਕਰ ਦਿੱਤੇ ... ਨਵਾਂ ਲੈ ਲਿਆ ... ਚੰਗੀ ਤਕੜੀ ਕਪੈਸਟੀ ਐ ...।
ਇਹ ਤਾਇਨਾਤੀ ਉਸ ਸ਼ਾਖਾ ਵਿੱਚ ਸਭ ਤੋਂ ਵੱਧ ਤਾਕਤਵਰ ਸੀ ਪਰ ਸਮਗਲਰਾਂ ਨਾਲ ਪੰਗਾ ਕੋਈ ਨਹੀਂ ਲੈਣਾ ਚਾਹੁੰਦਾ ਸੀ। ਈ ਡੀ ਨੇ ਇੱਕ ਵਪਾਰੀ (ਮਾਰਵਾੜੀ ਭਾਈਚਾਰੇ ਵਿੱਚੋਂ) ਤੋਂ ਕੋਈ ਨੌਂ ਲੱਖ ਰੁਪਏ ਜ਼ਬਤ ਕਰ ਲਏ ਸਨ। ਆਮਦਨ ਕਰ ਕਾਨੂੰਨ ਤਹਿਤ ਇਸ ਰਕਮ ਦੇ ਨਿਪਟਾਰੇ ਲਈ ਕੇਸ ਮੇਰੇ ਹਵਾਲੇ ਕਰ ਦਿੱਤਾ ਗਿਆ। ਕਾਗਜ਼ੀ ਕਾਰਵਾਈ ਕਰਕੇ ਇਹ ਪੈਸਾ ਮੈਂ ਈ ਡੀ ਕੋਲੋਂ ਆਪਣੇ ਵਿਭਾਗ ਵਿੱਚ ਲਿਆ ਹੀ ਰਿਹਾ ਸੀ ਕਿ ਉਸ ਵਪਾਰੀ ਦੇ ਵਕੀਲ ਸਾਹਿਬ ਆ ਧਮਕੇ। ਕਹਿਣ ਲੱਗੇ, “ਤੁਸੀਂ ਇਹ ਪੈਸਾ ਜ਼ਬਤ ਹੀ ਨਹੀਂ ਕਰ ਸਕਦੇ।”
ਜਦੋਂ ਕੋਈ ਵਾਹ ਨਾ ਚੱਲੀ ਤਦ ਰਿਸ਼ਵਤ ਦੇਣ ’ਤੇ ਆ ਗਏ, “ਸਰ! ਤੁਸੀਂ ਦੋ ਪੇਟੀ (ਲੱਖ) ਅੰਦਰ ਕਰੋ, ਸਭ ਇਵੇਂ ਹੀ ਚੱਲ ਰਿਹਾ ਹੈ, ਨਿਪਟਾ ਦਿਓ, ... ਉੱਥੇ ਵੀ ਚੱਲ ਗਿਆ ਸੀ...।
ਮੈਂ ਕਿਹਾ, “ਵਕੀਲ ਸਾਹਿਬ ਮੈਂ ਸਰਕਾਰੀ ਨੌਕਰ ਹਾਂ ਅਤੇ ਇਹ ਕੁਰਸੀ ਸੰਭਾਲਣ ਵੇਲੇ ਮੈਨੂੰ ਸੰਵਿਧਾਨਕ ਸਹੁੰ ਚੁਕਾਈ ਗਈ ਸੀ ਕਿ ਮੈਂ ਆਪਣੀ ਡਿਊਟੀ ਇਮਾਨਦਾਰ ਅਤੇ ਨਿਸ਼ਠਾਵਾਨ ਹੋ ਕੇ ਕਰਾਂਗਾ। ਦੂਸਰੀ ਗੱਲ, ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਹੋਇਆ ਹੈ ਕਿ ਸਰਕਾਰ ਦਾ ਟੈਕਸ ਕਿਸੇ ਹਾਲਤ ਵਿੱਚ ਵੀ ਨਹੀਂ ਛੱਡਾਂਗਾ। ਤੁਹਾਨੂੰ ਸਲਾਹ ਦਿੰਦਾ ਹਾਂ ਕਿ ਸਰਕਾਰ ਦਾ ਬਣਦਾ ਟੈਕਸ ਭਰ ਦਿਓ, ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਮੈਂ ਤੁਹਾਡੀ ਮਦਦ ਕਰ ਦਿਆਂਗਾ। ਫਿਰ ਭਾਵੇਂ ਤੁਸੀਂ ਜਿਹੜੀ ਸੇਵਾ ਕਰਨੀ ਹੈ ਕਰ ਦੇਣਾ। ਜੇਕਰ ਨਹੀਂ ਵੀ ਕਰੋਗੇ ਤਦ ਵੀ ਕੋਈ ਗੱਲ ਨਹੀਂ, ਮੇਰੀ ਰੋਜ਼ੀ-ਰੋਟੀ ਦਾ ਹੱਲ ਸਰਕਾਰ ਨੇ ਕੀਤਾ ਹੋਇਆ ਹੈ।”
“ਠੀਕ ਹੈ ਜੀ, ਮੈਂ ਕਰ-ਦਾਤਾ ਨਾਲ ਗੱਲ ਕਰਾਂਗਾ।” ਕਹਿਕੇ ਉਹ ਚਲਾ ਗਿਆ।
ਦੋ ਦਿਨਾਂ ਬਾਅਦ ਕਰ-ਦਾਤਾ ਜੀ ਆ ਗਏ। ਉਨ੍ਹਾਂ ਨਾਲ ਬੜਾ ਦਿਲਚਸਪ ਵਾਰਤਾਲਾਪ ਹੋਇਆ। ਕਹਿਣ ਲੱਗੇ, “ਸਰ ਇੱਕ ਪੇਟੀ ਹੋਰ ਲੈ ਲਓ।”
ਮੇਰੀ ਚੁੱਪ ਦਾ ਮਤਲਬ ਉਹ ਸਮਝਦੇ ਰਹੇ ਕਿ ਮੈਂ ਬੋਲੀ ਵਧਾ ਰਿਹਾ ਹਾਂ। ਇੱਕ ਵਾਰ ਫਿਰ ਉਨ੍ਹਾਂ ਨੂੰ ਵਕੀਲ ਸਾਹਿਬ ਵਾਲੀ ਗੱਲ ਕਹੀ। ਉਹ ਕਹਿਣ, ਨਹੀਂ ਚਾਰ ਪੇਟੀ ਕਰ ਲਓ। ਫਿਰ ਸ਼ੁਹ ਪੰਜ ’ਤੇ ਆ ਗਏ। ਜਿਉਂ ਜਿਉਂ ਉਹ ਇੱਕ ਇੱਕ ਕਰਕੇ ਅੱਗੇ ਵਧਦੇ ਜਾਣ ਤਿਉਂ ਤਿਉਂ ਮੇਰੇ ਅੰਦਰ ਦਾ ਪਾਰਾ ਚੜ੍ਹਦਾ ਜਾਵੇ। ਅੰਤ ਜਦੋਂ ਉਨ੍ਹਾਂ ਇਹ ਕਿਹਾ ਕਿ ਤੁਸੀਂ ਭਾਵੇਂ ਸਾਰੇ ਰੱਖ ਲਓ ਪਰ ਮੈਂ ਸਰਕਾਰ ਨੂੰ ਇੱਕ ਧੇਲਾ ਨਹੀਂ ਦੇਵਾਂਗਾ। ਇਹ ਸੁਣਦੇ ਹੀ ਮੇਰੇ ਅੰਦਰ ਦਾ ਜਵਾਲਾਮੁਖੀ ਫਟ ਗਿਆ। ਛਾਤੀ ’ਤੇ ਹੱਥ ਚਲਾ ਗਿਆ ਅਤੇ ਮੂੰਹ ਵਿੱਚੋਂ ਕੁਝ ਇਸ ਤਰ੍ਹਾਂ ਦਾ ਕਿਹਾ ਗਿਆ, “ਬਾਪ ਦਾ ਪੁੱਤ ਨਹੀਂ ਜੇਕਰ ਇਨ੍ਹਾਂ ਵਿੱਚੋਂ ਇੱਕ ਵੀ ਪੈਸਾ ਤੈਨੂੰ ਵਾਪਸ ਹੋਣ ਦੇਵਾਂ, ਚੱਲ ਭੈਣ … ਨਿਕਲ ਮੇਰੇ ਦਫਤਰੋਂ ਬਾਹਰ।” ਮੈਂ ਗੁੱਸੇ ਨਾਲ ਕੰਬ ਰਿਹਾ ਸਾਂ।
ਆਪਣੀ ਮਾਨਸਿਕਤਾ ਦੀ ਜ਼ਿਦ ਪੁਗਾਉਣ ਜਾਂ ਫਿਰ ਮੇਰੀ ਗਾਲ੍ਹ ਦਾ ਬਦਲਾ ਲੈਣ ਲਈ ਉਸਨੇ ਮੇਰੇ ਵਿਰੁੱਧ ਬੰਬਈ ਹਾਈ ਕੋਰਟ ਵਿੱਚ ਰਿਟ ਦਾਖਲ ਕਰ ਦਿੱਤੀ। ਸਰਕਾਰੀ ਜੂਨੀਅਰ ਵਕੀਲ ਸਾਹਿਬ (ਮਹਾਰਾਸ਼ਟਰ ਦੇ ਬ੍ਰਾਹਮਣ ਭਾਈਚਾਰੇ ਵਿੱਚੋਂ) ਦਾ ਮੈਨੂੰ ਫੋਨ ਆ ਗਿਆ, “ਤੁਹਾਡੇ ਵਿਰੁੱਧ ਰਿਟ ਫਾਈਲ ਹੋ ਗਈ ਹੈ, ਕੇਸ-ਰਿਕਾਰਡ ਲੈਕੇ ਮੇਰੇ ਦਫਤਰ ਆ ਜਾਓ, ਕੱਲ੍ਹ ਸਵੇਰੇ ਸੁਣਵਾਈ ਹੈ।”
ਆਵਾਜ਼ ਵਿੱਚ ਹਾਕਮਾਂ ਵਾਲਾ ਰੋਹਬ, ਜਿਵੇਂ ਮੈਂ ਉਸਦਾ ਮਤਹਿਤ ਹੋਵਾਂ, ਜਦੋਂ ਕਿ ਉਹ ਸਰਕਾਰ ਨੇ ਸਾਡੇ ਲਈ ਵਕੀਲ ਰੱਖਿਆ ਹੋਇਆ ਸੀ। ਮੈਂ ਜਨਾਬ ਦੇ ਹਾਜ਼ਰ ਹੋ ਗਿਆ। ਦੋ ਚਾਰ ਸਵਾਲ ਜਵਾਬ ਹੋਏ ਜਿਨ੍ਹਾਂ ਦੌਰਾਨ ਉਨ੍ਹਾਂ ਨੇ ਆਪਨੀ ਜ਼ਬਾਨ ਦੇ ਨਾਲ ਨਾਲ ਆਪਣਾ ਸੱਜਾ ਹੱਥ ਵੀ ਵਰਤਿਆ, ਮੇਰਾ ਮੋਢਾ ਤੋੜਨ ਵਾਲਾ ਕਰ ਦਿੱਤਾ। ਕਹਿਣ ਲੱਗੇ, “ਤੁਹਾਨੂੰ ਕੁਝ ਪਤਾ ਹੀ ਨਹੀਂ।”
ਮੇਰੇ ਅੰਦਰ ਫਿਰ ਤੂਫ਼ਾਨ ਖੜ੍ਹਾ ਹੋ ਗਿਆ। ਮੈਂ ਕਿਹਾ, “ਵਕੀਲ ਸਾਹਿਬ, ਇਹ ਫਾਈਲ ਮੈਂ ਮੁੱਢ ਤੋਂ ਤਿਆਰ ਕੀਤੀ ਹੈ। ਇਸਦੇ ਤੱਥ ਅਤੇ ਕਾਨੂੰਨੀ ਪਹਿਲੂਆਂ ਤੋਂ ਮੈਂ ਚੰਗੀ ਤਰ੍ਹਾਂ ਵਾਕਿਫ ਹਾਂ। ਤੁਸੀਂ ਕਹਿੰਦੇ ਹੋ, ਮੈਨੂੰ ਕੁਝ ਪਤਾ ਹੀ ਨਹੀਂ। ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ।”
ਵਕੀਲ ਸਾਹਿਬ ਸਮਝਦੇ ਸਨ ਕਿ ਕਾਨੂੰਨ ਸਿਰਫ ਉਹੀ ਜਾਣਦੇ ਅਤੇ ਸਮਝਦੇ ਹਨ, ਅਫਸਰਾਂ ਨੂੰ ਤਾਂ ਇਸਦੀ ਸਮਝ ਹੀ ਨਹੀਂ ਹੁੰਦੀ। ਉਹ ਤਾਂ ਸਿਰਫ ਹੁਕਮ ਦੇਣਾ ਹੀ ਜਾਣਦੇ ਹਨ। ਉਸਦੀ ਇਸ ਬਿਰਤੀ ਤੋਂ ਦੁਖੀ ਹੋ ਕੇ ਮੈਂ ਉੱਠ ਕੇ ਆਪਣੇ ਦਫਤਰ ਆ ਗਿਆ।
ਸਾਰਾ ਵਾਕਿਆ ਮੈਂ ਆਪਣੇ ਸੀਨੀਅਰ ਨੂੰ ਦੱਸਿਆ। ਉਨ੍ਹਾਂ ਸਲਾਹ ਦਿੱਤੀ ਕਿ ਕੇਸ ਸਬੰਧੀ ਨੋਟ ਬਣਾ ਕੇ ਇੰਸਪੈਕਟਰ ਦੇ ਹੱਥ ਭੇਜ ਦੇਵਾਂ।
ਮੈਂ ਨੋਟ ਭੇਜ ਦਿੱਤਾ। ਰਾਤ ਦੇ ਕੋਈ ਨੌਂ ਕੁ ਵਜੇ ਵਕੀਲ ਸਾਹਿਬ ਦਾ ਫੋਨ ਆਇਆ, “ਸਰ! ਤੁਹਾਡਾ ਨੋਟ ਬੜਾ ਸਪਸ਼ਟ ਸੀ।”
ਹੁਣ ਉਹ ਸਰਕਾਰੀ ਵਕੀਲ ਜੀ ਸਰ ਕਹਿਕੇ ਸੰਬੋਧਨ ਕਰ ਰਹੇ ਸਨ। ਠੀਕ ਹੈ ਜੀ ਕੱਲ੍ਹ ਕੋਰਟ ਵਿੱਚ ਮਿਲਦੇ ਹਾਂ, ਕਹਿ ਕੇ ਫੋਨ ਰੱਖਣਾ ਹੀ ਬਣਦਾ ਸੀ। ਜੀਅ ਤਾਂ ਕਰਦਾ ਸੀ ਕਿ ਉਸ ਨੂੰ ਸੁਣਾਵਾਂ ਪਰ ਆਰਾਮ ਨਾਲ ਸੌਣ ਲਈ ਬਾਬੇ ਨਾਨਕ ਦਾ ਇਹ ਸ਼ਲੋਕ ਯਾਦ ਕਰ ਲਿਆ, “ਮੁਰਖੈ ਨਾਲ ਨਾ ਲੂਝੀਏ ….।”
ਹੁਣ ਕੋਰਟ ਦ੍ਰਿਸ਼ ਸ਼ੁਰੂ ਹੁੰਦਾ ਹੈ। ਜਸਟਿਸ ਦੇਸਾਈ (ਗੁਜਰਾਤੀ ਬ੍ਰਾਹਮਣ ਭਾਈਚਾਰੇ ਵਿੱਚੋਂ) ਦੇ ਪੇਸ਼ ਹੋਏ। ਪਤਾ ਨਹੀਂ ਵਕੀਲ ਸਾਹਿਬਾਨ ਅਤੇ ਜੱਜ ਸਾਹਿਬਾਨ ਨੇ ਕੀ ਘੁਸਰ-ਮੁਸਰ ਕੀਤੀ, ਹਫਤੇ ਦੀ ਤਰੀਕ ਪਾ ਦਿੱਤੀ ਤੇ ਨਾਲ ਹੀ ਰਿਟ ਵਿੱਚ ਤਬਦੀਲੀ ਦੀ ਆਗਿਆ ਦੇ ਦਿੱਤੀ। ਅਗਲੇ ਹਫਤੇ ਜੱਜ ਸਾਹਿਬ ਬਦਲੇ ਹੋਏ ਸਨ ਪਰ ਰਿਟ ਵਿੱਚ ਹੋਰ ਤਬਦੀਲੀ ਦੇ ਹੁਕਮਾਂ ਨਾਲ ਪੰਦਰਾਂ ਦਿਨਾਂ ’ਤੇ ਮਾਮਲਾ ਪਾ ਦਿੱਤਾ। ਹੁਣ ਜੱਜ ਸਾਹਿਬਾਨ ਸ਼੍ਰੀ ਆਰ ਪੀ ਭਰੂਚਾ (ਪਾਰਸੀ ਭਾਈਚਾਰਾ) ਸਨ, ਜਿਹੜੇ ਬਾਅਦ ਵਿੱਚ ਭਾਰਤ ਦੇ ਚੀਫ-ਜਸਟਿਸ ਵੀ ਬਣੇ। ਸੁਣਵਾਈ ਸ਼ੁਰੂ ਹੋ ਗਈ। ਮੈਂ ਮੁਜਰਿਮ ਵਾਂਗ ਕਟਹਿਰੇ ਵਿੱਚ ਖੜ੍ਹਾ ਸੀ। ਦੋਹਾਂ ਧਿਰਾਂ ਦੇ ਵਕੀਲ ਸਾਹਿਬਾਨ ਤੀਂਘੜ ਤੀਂਘੜ ਬਹਿਸ ਕਰ ਰਹੇ ਹਨ। ਸ਼ਬਦਾਂ ਦਾ ਅਨਰਥ ਹੋ ਰਿਹਾ ਸੀ। ਜ਼ੋਰ ਲਾ ਕੇ ਆਖਰ ਦੋਵੇਂ ਧਿਰਾਂ ਚੁੱਪ ਸਾਧ ਲਈ, ਜਿਵੇਂ ਉਨ੍ਹਾਂ ਦੇ ਅੰਦਰ ਦਾ ਤੂਫ਼ਾਨ ਸ਼ਾਂਤ ਹੋ ਗਿਆ ਹੋਵੇ, ਰੋਟੀ ਕਮਾਈ ਗਈ ਹੋਵੇ। ਮੁਸਕੜੀਏਂ ਹੱਸਦੇ ਭਰੂਚਾ ਸਾਹਿਬ ਨੇ ਪੁੱਛਿਆ, “ਬਹਿਸ ਮੁੱਕ ਗਈ?”
“ਜੀ ਮਾਈ ਲਾਰਡ!” ਦੋਵੇਂ ਸੱਜਣ ਇੱਕੋ ਵੇਲੇ ਬੋਲੇ। ਜੱਜ ਸਾਹਿਬ ਨੇ ਇੱਕ ਮਿੰਟ ਲਈ ਚੁੱਪ ਧਾਰ ਕੇ ਕਲਮ ਚੁੱਕੀ। ਮੇਰੇ ਦਿਲ ਦੀ ਧੜਕਨ ਤੇਜ਼ ਹੋ ਗਈ, ਜਿਹੜੀ ਜੱਜ ਸਾਹਿਬ ਦੇ ‘ਕੇਸ ਖਾਰਿਜ’ (ਡਿਸਮਿੱਸਡ) ਕਹਿਣ ’ਤੇ ਆਮ ਵਰਗੀ ਹੋ ਜਾਂਦੀ ਹੈ। ਬਲਕਿ ਇਹ ਕਹਿਣਾ ਚਾਹੀਦਾ ਹੈ-- ਮੁਗੈਂਬੋ ਖੁਸ਼ ਹੂਆ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਬੰਬਈ ਵਿੱਚ ਮੇਰਾ ਜਿੰਨਾ ਕੁ ਵਾਹ ਪਾਰਸੀ ਭਾਈਚਾਰੇ ਨਾਲ ਪਿਆ, ਉਸ ਤੋਂ ਕਹਿ ਸਕਦਾ ਹਾਂ ਕਿ ਬਹੁਤ ਇਮਾਨਦਾਰ ਭਾਈਚਾਰਾ ਹੈ।
ਨੌਕਰੀ ਦੇ ਪਹਿਲੇ ਸਾਲ ਕੰਮ ਕਰਨ ਦਾ ਬੜਾ ਚਾਅ ਹੁੰਦਾ ਹੈ। ਇੱਕ ਪਾਰਸੀ ਬਾਵਾ ਜੀ ਦਾ ਦਸ ਰੁਪਏ ਰਿਫੰਡ ਸੀ। ਬਾਬੂ-ਪਾਤਸ਼ਾਹ ਨੇ ਦੱਸਿਆ ਕਿ ਨਿਯਮ ਦੇ ਮੁਤਾਬਿਕ ਦਸ ਜਾਂ ਦਸ ਤੋਂ ਘੱਟ ਰਕਮ ਦਾ ਰਿਫੰਡ-ਚੈੱਕ ਨਹੀਂ ਕੱਟ ਸਕਦੇ ਅਤੇ ਸਰਕਾਰ ਨਕਦ ਰਿਫੰਡ ਨਹੀਂ ਦਿੰਦੀ। ਮੈਂ ਪਾਰਸੀ ਬਾਵਾ ਜੀ ਨੂੰ ਸਥਿਤੀ ਸਮਝਾਈ। ਉਹ ਕਹਿਣ ਮੈਂ ਚੈੱਕ ਹੀ ਲੈਣਾ ਹੈ। ਮੈਂ ਕਿਹਾ, ਮੈਂ ਜੇਬ ਵਿੱਚੋਂ ਦਸ ਰੁਪਏ ਦੇ ਦਿੰਦਾ ਹਾਂ। ਉਨ੍ਹਾਂ ਸਾਫ ਨਾਂਹ ਕਰ ਦਿੱਤੀ। ਕਹਿਣ ਕਾਨੂੰਨ ਮੁਤਾਬਿਕ ਦਿਓ।
ਹੁਣ ਫਿਰ ਹਾਈ ਕੋਰਟ ਮੁੜਦੇ ਹਾਂ। ਅਸੀਂ ਹਾਈ ਕੋਰਟ ਦੇ ਬਰਾਮਦੇ ਵਿੱਚੋਂ ਲੰਘ ਰਹੇ ਸਾਂ ਕਿ ਸਰਕਾਰ ਦੇ ਸੀਨੀਅਰ ਵਕੀਲ (ਉੱਤਰ ਭਾਰਤ ਦੇ ਬ੍ਰਾਹਮਣ ਭਾਈਚਾਰੇ ਵਿੱਚੋਂ) ਨੂੰ ਕਹਿ ਬੈਠਿਆ ਕਿ ਸਰ ਇੱਕ ਸਵਾਲ ਪੁੱਛ ਸਕਦਾ ਹਾਂ। ਕਹਿਣ ਲੱਗੇ, “ਜਗਰੂਪ ਤੂੰ ਬੋਲਦਾ ਬਹੁਤ ਹੈਂ, ਪੁੱਛ ਕੀ ਪੁੱਛਣਾ ਹੈ।”
ਮੇਰਾ ਸਵਾਲ ਸੀ, “ਸਰ! ਬਹਿਸ ਦੌਰਾਨ ਦੋਹਾਂ ਧਿਰਾਂ ਨੇ ਉਸ ਧਾਰਾ ਦਾ ਜ਼ਿਕਰ ਹੀ ਨਹੀਂ ਕੀਤਾ ਜਿਸ (ਆਮਦਨ ਕਰ ਕਾਨੂੰਨ ਦੀ ਧਾਰਾ 132 A) ’ਤੇ ਰਿਟ ਸੀ?”
ਉਸ ਸਰਕਾਰੀ ਵਕੀਲ ਦਾ ਉੱਤਰ ਸੀ, “ਸਾਡੀ ਰੋਜ਼ੀ ਰੋਟੀ ਦਾ ਵੀ ਸਵਾਲ ਹੈ।”
ਮੈਂ ਕਿਹਾ, “ਮੇਰੇ ਸਵਾਲ ਦਾ ਜਵਾਬ ਮਿਲ ਗਿਆ ਹੈ, ਧੰਨਵਾਦ!”
ਪੰਜ ਕੁ ਸਾਲ ਬਾਅਦ ਉਹ ਵਪਾਰੀ ਵੀਰ ਸਾਹਮਣਿਓਂ ਮਿਲਿਆ। ਪੁੱਛਣ ਲੱਗਾ, “ਸਰ ਪਛਾਣਿਆ? ਤੁਹਾਡੇ ਕੋਲ ਕੇਸ ਸੀ ਸਾਡਾ।”
“ਜੀ ਨਹੀਂ! ਮੇਰੇ ਕੋਲ ਹਰ ਰੋਜ਼ ਕਿੰਨੇ ਹੀ ਵਿਅਕਤੀ ਆਉਂਦੇ ਹਨ, ਹਰ ਇੱਕ ਨੂੰ ਯਾਦ ਨਹੀਂ ਰੱਖਿਆ ਜਾ ਸਕਦਾ। ਹਾਂ ਕੇਸ ਦਾ ਨਾਂ ਬਤਾਉਗੇ ਤਾਂ ਸ਼ਾਇਦ ਯਾਦ ਆ ਜਾਵੇ।” ਮੈਂ ਕਿਹਾ।
“ਜੀ ਉਹ ਨੌਂ ਲੱਖ ਨਕਦੀ ਵਾਲਾ ...।” ਉਹ ਬੋਲੇ।
ਵਿੱਚੋਂ ਹੀ ਟੋਕਦਿਆਂ ਮੈਂ ਕਿਹਾ, “ਹਾਂ, ਹਾਂ, ਯਾਦ ਆਇਆ, ਕੀ ਹੋਇਆ?” ਅਰਥਾਤ ਕੀ ਭਾਣਾ ਵਰਤਿਆ?
“ਸਰ! ਤੁਹਾਨੂੰ ਬਹੁਤ ਯਾਦ ਕਰੀਦਾ ਹੈ।”
“ਕਿਉਂ ਬਈ, ਹੁਣ ਮੈਨੂੰ ਕਿਉਂ ਯਾਦ ਕਰਦੇ ਹੋ?” ਮੈਂ ਪੁੱਛਿਆ।
“ਸਰ, ਤੁਸੀਂ ਤਾਂ ਸਾਡਾ ਫਾਇਦਾ ਹੀ ਕਰ ਰਹੇ ਸੀ ਪਰ …।” ਉਹ ਬੋਲਿਆ।
“ਪਰ ਨੂੰ ਛੱਡੋ, ਇਹ ਦੱਸੋ ਕਿ ਆਖਰ ਹੋਇਆ ਕੀ?” ਮੈਂ ਸਵਾਲ ਕੀਤਾ।
“ਸਰ, ਸਭ ਨੂੰ ਪੈਸੇ ਦਿੱਤੇ ਪਰ ਬਣਿਆ ਕੁਝ ਨਾ। ਤਿੰਨ ਪੇਟੀ ਹੋਰ ਲੱਗ ਗਿਆ।”
ਫਿਰ ਉਸਨੇ ਦੱਸਿਆ ਕਿਸ ਕਿਸ ਨੂੰ ਕਿੰਨੇ ਕਿੰਨੇ ਪੈਸੇ ਦਿੱਤੇ। ਮੇਰੇ ਕੋਲੋਂ ਰਿਹਾ ਨਾ ਗਿਆ। “ਕਿਉਂ ਆਇਆ ਸੁਆਦ? ਨਾਲੇ ਹੁਣ ਮੈਨੂੰ ਯਾਦ ਕਰਨ ਦਾ ਕੀ ਫਾਇਦਾ? ਅਬ ਪਛਤਾਏ ਕਿਆ ਹੋਰ ਜਬ ਚਿੜੀਆਂ ਚੁਗ ਗਈ ਖੇਤ, ਮੈਂ ਤੁਹਾਨੂੰ ਕਿਹਾ ਸੀ, ਭਾਈ ਤੁਹਾਡਾ ਫਾਇਦਾ ਕਰ ਦਿਆਂਗਾ, ਸਰਕਾਰ ਦਾ ਹਿੱਸਾ ਦੇ ਦਿਓ, ਉਦੋਂ ਤਾਂ ਆਕੜ ਗਏ ਸੀ …।”
ਪਛਤਾਵਾ ਉਸ ਦੀ ਆਵਾਜ਼ ਅਤੇ ਅੱਖਾਂ ਵਿੱਚੋਂ ਝਲਕ ਰਿਹਾ ਸੀ। ਉਸ ਵੱਲੋਂ ਚਾਹ ਦੇ ਕੱਪ ਦੀ ਬੇਨਤੀ ਠੁਕਰਾਉਣਾ ਸਦਾਚਾਰੀ ਨਹੀਂ ਸੀ। ਚਾਹ ਪੀਂਦੇ ਪੀਂਦੇ ਹਮਦਰਦੀ ਭਰੀਆਂ ਕੁਝ ਗੱਲਾਂ ਕੀਤੀਆਂ ਤੇ ਵਿਦਾ ਲਈ।
ਜਿਵੇਂ ਪੰਜਾਬ ਦੇ ਸਾਬਕਾ ਡੀ ਜੀ ਪੀ ਜੁਲਿਓ ਰਬੇਰਿਓ ਨੂੰ ਸੀਤਲ ਦਾਸ ਅਤੇ ਗੋਬਿੰਦ ਰਾਮ (ਦੋਵੇਂ ਅਨੁਸੂਚਿਤ ਜਾਤੀ ਦੇ ਆਈ ਪੀ ਐੱਸ) ਨੇ ਨਿਰਾਸ ਨਹੀਂ ਕੀਤਾ ਸੀ, ਉਵੇਂ ਹੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਅਨੁਸ਼ੂਚਿਤ ਜਾਤੀ ਦੇ ਅਫਸਰਾਂ ਦੀ ਜਾਂਚ ਸ਼ਾਖਾ ਵਿੱਚ ਤਾਇਨਾਤੀ ਵੇਲੇ ਦੀ ਕਾਰਜ-ਕੁਸ਼ਲਤਾ ਨੇ ਆਪਣੇ ਆਕਾਵਾਂ ਨੂੰ ਨਿਰਾਸ ਨਹੀਂ ਕੀਤਾ ਸੀ।
ਇਸੇ ਸੰਦਰਭ ਵਿੱਚ ਜਨਤਕ ਖੇਤਰ ’ਤੇ ਝਾਤ ਮਾਰਦੇ ਹਾਂ। ਗਰਮਦਲੀਏ ਕਮਿਊਨਿਸਟਾਂ ਦਾ ਇੱਕ ਸਾਥੀ ਬਹੁਤ ਪੜ੍ਹਿਆ ਲਿਖਿਆ ਸੀ। ਸਾਹਿਤਕ ਅਤੇ ਸਿਆਸੀ ਹਲਕੇ ਉਸ ਨੂੰ ਬੁੱਧੀਜੀਵੀ ਮੰਨਦੇ ਸਨ। ਉਹ ਮੇਰਾ ਵੀ ਚੰਗਾ ਜਾਣੂ ਸੀ। ਵਕਤ ਨਾਲ ਉਹ ਇੱਕ ਪੰਜਾਬੀ ਅਖਬਾਰ ਦਾ ਐਡੀਟਰ ਬਣ ਗਿਆ। ਉਸਦਾ ਇਸ ਪਦਵੀ ’ਤੇ ਹੋਣਾ ਮੇਰੇ ਲਈ ਅਚੰਭਾ ਸੀ। ਮੈਂ ਆਪਣੀ ਜਗਿਆਸਾ ਦੂਰ ਕਰਨ ਲਈ ਉਸ ਨੂੰ ਫੋਨ ਕੀਤਾ ਅਤੇ ਸਿੱਧਾ ਸਵਾਲ ਕੀਤਾ, “ਬੇਲੀਆ ਇੱਥੇ ਕਿਵੇਂ?”
ਉਹ ਕਹਿਣ ਲੱਗਾ, “ਸੱਚ ਪੁੱਛਦਾ ਹੈਂ?”
ਮੈਂ ਕਿਹਾ, “ਕਚਹਿਰੀ ਵਿੱਚ ਸਹੁੰ ਖਵਾ ਕੇ ਬੁਲਾਇਆ ਸੱਚ ਨਹੀਂ, ਮੈਨੂੰ ਕੋਰਾ ਸੱਚ ਚਾਹੀਦਾ ਹੈ।”
ਉਹ ਕਹਿੰਦਾ, “ਲੈਅ ਸੁਣ ਫਿਰ... ਜਗਰੂਪ, ਜ਼ਿੰਦਗੀ ਵਿੱਚ ਰੌਲਾ ਸਿਰਫ ਇਸ ਗੱਲ ਦਾ ਹੈ ਕਿ ਕੌਣ ਵਧੀਆ ਮਕਾਨ ਵਿੱਚ ਵਧੀਆ ਔਰਤ ਨਾਲ ਰਹਿ ਕੇ ਵਧੀਆ ਰੋਟੀ ਖਾਂਦਾ ਹੈ। ਉਦੋਂ ਸਾਨੂੰ ਕੁਝ ਮਿਲਦਾ ਨਹੀਂ ਸੀ, ਅਸੀਂ ਰੌਲਾ ਪਾਉਂਦੇ ਸੀ। ਹੁਣ ਮਿਲਦਾ ਹੈ, ਅਸੀਂ ਵੀ ਚੁੱਪ ਕਰਕੇ ਬਹਿ ਗਏ ਹਾਂ।”
‘ਰੋਜ਼ੀ-ਰੋਟੀ ਦਾ ਸਵਾਲ’ ਉਸ ਲਈ ਵੀ ਸੀ।
ਨਿਆਂ-ਪਾਲਕਾ (Judiciary) ਇੱਕ ਸ਼੍ਰੇਸ਼ਠ ਸੰਸਥਾ ਮੰਨੀ ਜਾਦੀ ਹੈ। ਜੱਜ ਸਾਹਿਬਾਨ ਅਤੇ ਵਕੀਲ ਬੁੱਧੀਜੀਵੀ ਕਹਾਉਂਦੇ ਹਨ ਅਤੇ ਹੁੰਦੇ ਵੀ ਹਨ। ਅਖ਼ਬਾਰਾਂ ਦੇ ਸੰਪਾਦਕ ਸਾਹਿਬਾਨ ਨੂੰ ਵੀ ਇਸੇ ਜਮਾਤ ਦਾ ਹਿੱਸਾ ਮੰਨ ਲੈਂਦੇ ਹਾਂ। ਬੁੱਧੀਜੀਵੀ ਸ਼੍ਰੇਣੀ ਬਾਰੇ ਡਾ. ਬਾਬਾ ਸਾਹਿਬ ਅੰਬੇਡਕਰ ਇਉਂ ਲਿਖਦੇ ਹਨ:
“… ਬੁੱਧੀਜੀਵੀ ਚੰਗਾ ਮਨੁੱਖ ਹੋ ਸਕਦਾ ਹੈ ਪਰ ਬੜੀ ਅਸਾਨੀ ਨਾਲ ਉਹ ਬਦਮਾਸ਼ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਬੁੱਧੀਜੀਵੀ ਸ਼੍ਰੇਣੀ ਕੁਰਾਹੇ ਪਈ ਮਨੁੱਖਤਾ ਦੀ ਮੁਕਤੀ ਲਈ ਹਰ ਮਦਦ ਕਰਨ ਵਿੱਚ ਸਹਾਈ ਹੋਣ ਵਾਲੀ ਉੱਚ ਅਧਿਆਤਮਿਕ ਸੋਚ ਵਾਲੇ ਵਿਅਕਤੀਆਂ ਦੀ ਟੋਲੀ ਜਾਂ ਬੜੀ ਅਸਾਨੀ ਨਾਲ ਧੋਖੇਬਾਜ਼ਾਂ ਦੀ ਜੁੰਡਲੀ ਹੋ ਸਕਦੀ ਹੈ ਜਾਂ ਫਿਰ ਆਪਣੀ ਸ਼ਕਤੀ ਦੇ ਸੋਮੇਂ ਵਾਲੀ ਸਵਾਰਥੀ ਢਾਣੀ ਦੀ ਵਕਾਲਤ ਕਰਨ ਵਾਲੀ ਸੰਸਥਾ ਹੋ ਸਕਦੀ।’ (ਅਨਿਹੇਲੇਸਨ ਆਫ ਕਾਸਟ ਵਿੱਚੋਂ)
ਬਾਬਾ ਸਾਹਿਬ ਦੇ ਉਪਰੋਕਤ ਕਥਨ ਦੀ ਰੌਸ਼ਨੀ ਵਿੱਚ ਅਜੋਕੀ ਬੁੱਧੀਜੀਵੀ ਸ਼੍ਰੇਣੀ ਦੂਸਰੀ ਅਤੇ ਤੀਸਰੀ ਦਰਜਾਬੰਦੀ ਵਿੱਚ ਫਿੱਟ ਹੁੰਦੀ ਦਿਖਾਈ ਦਿੰਦੀ ਹੈ। ਅੱਜ ਕੱਲ੍ਹ ਇੱਕ ਹੋਰ ਦੁਖਦਾਈ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ ਕਿ ਬੁੱਧੀਜੀਵੀ ਰਾਏ ਸਿਆਸੀ ਹਵਾ ਦੇ ਰੁਖ ਮੁਤਾਬਿਕ ਡਿੱਕੋ-ਡੋਲੇ ਖਾਣ ਲੱਗੀ ਹੈ। ਇਹ ਕਿਹੋ ਜਿਹੀ ਬੁੱਧੀਮਾਨੀ ਹੈ? ਰਾਏ ਬਦਲਦੇ ਸ਼ਖਸ ਨੂੰ ਆਮ ਭਾਸ਼ਾ ਵਿੱਚ ‘ਚਾਲੂ’ ਕਿਹਾ ਜਾਂਦਾ ਹੈ।
ਖ਼ਬਰ ਹੈ ਕਿ ਇਸ ਕਹਾਣੀ ਵਿਚਲੇ ਜੂਨੀਅਰ ਵਕੀਲ ਸਾਹਿਬ ਬੰਬੇ ਹਾਈ ਕੋਰਟ ਦੇ ਮਾਨਯੋਗ ਜੱਜ ਰਿਟਾਇਰ ਹੋਏ ਸਨ।
ਅੱਸੀਵਿਆਂ ਤੋਂ ਆਰਥਿਕ ਅਤੇ ਸਮਾਜਿਕ ਹਾਲਾਤ ਹੌਲੀ ਹੌਲੀ ਬਦਲਦੇ ਹੋਏ ਬਦਲਾਅ ਦੀ ਸਿਖਰ ਵੱਲ ਵਧ ਰਹੇ ਹਨ। ਬਦਲਾਅ ਕੁਦਰਤ ਦਾ ਅਟਲ ਨਿਯਮ ਹੈ। ਸਦਾਚਾਰ ਅਤੇ ਕਦਰਾਂ-ਕੀਮਤਾਂ ਦਾ ਬਦਲਣਾ ਹੈਰਾਨ ਨਹੀਂ ਕਰਦਾ। ਰੋਜ਼ੀ-ਰੋਟੀ ਦੇ ਸਵਾਲ ਨੇ ਅਨੈਤਿਕਤਾ ਨੂੰ ਨੈਤਿਕਤਾ ਉੱਤੇ ਹਾਵੀ ਕਰ ਦਿੱਤਾ ਹੈ। ਨੈਤਿਕਤਾ ਦੇ ਪੈਮਾਨੇ ਹੀ ਬਦਲ ਗਏ ਹਨ। ਪਰ ਇਹ ਇੱਕ ਅਜਿਹਾ ਸਵਾਲ ਹੈ ਜਿਸਦੇ ਹੱਲ ਲਈ ਮਨੁੱਖਤਾ ਨੇ ਸੁਹਿਰਦ ਯਤਨ ਨਹੀਂ ਕੀਤੇ। ਰੋਜ਼ੀ-ਰੋਟੀ ਦੇ ਸਵਾਲ ਦਾ ਹੱਲ ਅਜਿਹਾ ਉਲਝਾਇਆ ਹੈ, ਜਿਸਦੀ ਤਰਜਮਾਨੀ ਉਰਦੂ ਸ਼ਾਇਰ ਦਾ ਇਹ ਸ਼ੇਅਰ (ਸੋਧਿਆ ਹੋਇਆ) ਬਾਖੂਬੀ ਕਰਦਾ ਹੈ:
ਬਹੁਤ ਮੁਸ਼ਕਿਲ ਹੈ ਕਿ ਰੋਜ਼ੀ-ਰੋਟੀ ਦੇ ਸਵਾਲ ਦੀ ਗੁੱਥੀ ਸੁਲਝੇ,
ਅਕਲਮੰਦੋਂ ਨੇ ਬਹੁਤ ਸੋਚ ਸਮਝ ਕੇ ਉਲਝਾਇਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (