“ਜਾਤੀ ਦਾ ਸੰਕਲਪ ਬ੍ਰਾਹਮਣਵਾਦੀ ਸੋਚ ਦੀ ਉਪਜ ਹੈ। ਆਪਣੀ ਸੋਚ ਨੂੰ ਉੱਤਮ ਦਰਸਾਉਣ, ਆਪਣੇ ਨਿੱਜੀ ਅਤੇ ...”
(30 ਸਤੰਬਰ 2023)
ਕੈਲੀਫੋਰਨੀਆ ਸਟੇਟ ਵਿੱਚ ਪਹਿਲਾਂ ਹੀ ਆਮ ਜਨਤਾ ਨਾਲ ਨਿੱਜੀ ਅਦਾਰਿਆਂ ਵਿੱਚ ਮਨਮਾਨੀਆਂ ਕਰਨ ਵਿਰੁੱਧ (Unruh Civil Rights Act) ਅਤੇ ਰੁਜ਼ਗਾਰ ਅਤੇ ਆਵਾਸ ਵਿੱਚ ਵਿਤਕਰੇ ਵਿਰੁੱਧ (Fair Employment and Housing Act) ਕਾਨੂੰਨ ਬਣੇ ਹੋਏ ਹਨ। ਸਰਕਾਰੀ ਹੁਕਮਨਾਮੇ ਜਨਤਕ ਨੌਕਰੀਆਂ, ਸਰਕਾਰੀ ਯੋਜਨਾਵਾਂ ਅਤੇ ਵਿੱਦਿਆ ਵਿੱਚ ਵਿਤਕਰੇ ਵਿਰੁੱਧ ਕਿਰਿਆਸ਼ੀਲ ਹਨ। ਇਨ੍ਹਾਂ ਕਾਨੂੰਨਾਂ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਨਾ ਸੰਭਵ ਨਹੀਂ। ਮੋਟੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਹ ਕਾਨੂੰਨ ਹਰ ਕਿਸਮ ਦੇ ਵਿਤਕਰੇ ਵਿਰੁੱਧ ਮੌਜੂਦਾ ਕਾਨੂੰਨ ਹਨ।
ਲੋਕ ਆਪਣੀਆਂ ਪਹਿਚਾਣਾਂ (Identity) ਨੂੰ ਸਮਝਣ ਦੇ ਤਰੀਕਿਆਂ ਵਿੱਚ ਬਦਲਾਅ ਲਿਆਉਂਦੇ ਰਹਿੰਦੇ ਹਨ। ਇਸ ਬਦਲਦੇ ਨਜ਼ਰੀਏ ਦੇ ਮੱਦੇਨਜ਼ਰ ਇਸ ਸਟੇਟ ਨੇ ਲੋੜ ਮਹਿਸੂਸ ਕੀਤੀ ਕਿ ਉਨ੍ਹਾਂ ਦੇ ਵਿਤਕਰੇ ਵਿਰੁੱਧ ਲਿਆਂਦੇ ਕਾਨੂੰਨਾਂ ਦਾ ਮੰਤਵ ਸਮੇਂ ਸਮੇਂ ’ਤੇ ਜਨਤਕ ਤੌਰ ’ਤੇ ਸਪਸ਼ਟ ਕੀਤਾ ਜਾਵੇ। ਕੈਲੀਫੋਰਨੀਆ ਵਿੱਚ ਜਾਤ-ਅਧਾਰਿਤ ਵਿਤਕਰੇ ਦੀਆਂ ਵਧ ਰਹੀਆਂ ਰਿਪੋਰਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਿੱਲ ਇਨ੍ਹਾਂ ਕਾਨੂੰਨਾਂ ਵਿੱਚ ‘ਜਾਤੀ’ ਨੂੰ ਵਿਸ਼ੇਸ਼ ਤੌਰ ’ਤੇ ਹੋਰ ਪ੍ਰਤੀਬੰਧਿਤ ਅਧਾਰਾਂ ਵਿੱਚ ਜੋੜਦਾ ਹੈ। ਬਿੱਲ ਦੇ ਨਿਰਮਾਤਾ ਅਤੇ ਸਰਪ੍ਰਸਤਾਂ ਮੁਤਾਬਿਕ ਵਪਾਰ, ਕੰਮਕਾਜੀ ਥਾਂਵਾਂ, ਆਵਾਸ, ਅਤੇ ਸਕੂਲਾਂ ਵਿੱਚ ਜਾਤ-ਅਧਾਰਿਤ ਵਿਤਕਰਾ ਹੋ ਰਿਹਾ ਹੈ, ਖਾਸ ਕਰ ਕੇ ਉਨ੍ਹਾਂ ਭਾਈਚਾਰਿਆਂ ਵਿੱਚ ਜਿਨ੍ਹਾਂ ਵਿੱਚ ਦੱਖਣ ਏਸ਼ੀਆਈ ਪ੍ਰਵਾਸੀ ਭਾਈਚਾਰੇ ਦੀ ਸੰਘਣੀ ਵਸੋਂ ਹੈ।
ਉਪਰੋਕਤ ਕਾਨੂੰਨਾਂ ਵਿੱਚ ਨਸਲ, ਰੰਗ ਆਦਿ ਦਾ ਜ਼ਿਕਰ ਸੀ। ਸਮਝਿਆ ਜਾਂਦਾ ਸੀ ਕਿ ਇਹ ‘ਜਾਤੀ-ਵਿਕਤਰੇ’ ਉੱਤੇ ਵੀ ਲਾਗੂ ਹੁੰਦਾ ਹੈ। ਕਾਨੂੰਨੀ ਦਾਅ ਪੇਚਾਂ ਨਾਲ ਦੱਖਣੀ ਏਸ਼ੀਆਈ ਭਾਈਚਾਰਾ ਆਪਣੇ ਹੀ ਦੇਸ਼/ਧਰਮ ਦੇ ਲੋਕਾਂ ਨਾਲ ਜਾਤੀ-ਭੇਦ ਭਾਵ ਕਰਦਿਆਂ ਹੋਇਆਂ ਵੀ ਕਾਨੂੰਨੀ ਕਾਰਵਾਈ ਤੋਂ ਬਚ ਨਿਕਲਦਾ ਸੀ। ਹੁਣ ਇਸ ਬਿੱਲ ਰਾਹੀਂ ਜਾਤੀ ਸ਼ਬਦ ਨੂੰ ਕਾਨੂੰਨ ਵਿੱਚ ਹੀ ਜੋੜ ਦਿੱਤਾ ਗਿਆ ਹੈ। Seattle Council ਦੀ ਵੈੱਬਸਾਈਟ ’ਤੇ ਇੱਕ ਦਸਤਾਵੇਜ਼ ਮੁਤਾਬਿਕ ਇਹ ਕਾਨੂੰਨ ਜਾਤੀ ਨੂੰ ਇਸ ਤਰ੍ਹਾਂ ਪ੍ਰੀਭਾਸ਼ਿਤ ਕਰਦਾ ਹੈ:
“ਕੱਟੜ ਸਮਾਜਿਕ ਦਰਜਾਬੰਦੀ ਦਾ ਉਹ ਸਿਸਟਮ, ਜਿਸਦਾ ਚਿਤਰਨ ਵਿਰਾਸਤੀ ਅਵਸਥਾ, ਸਗੋਤੀ ਵਿਆਹ ਪ੍ਰਥਾ (ਇੱਕ ਹੀ ਕਬੀਲੇ / ਜਾਤ ਵਿੱਚ ਵਿਆਹ ਕਰਵਾਉਣ ਦੀ ਰੀਤ) ਅਤੇ ਰਿਵਾਇਤ, ਧਰਮ ਜਾਂ ਕਾਨੂੰਨ ਵੱਲੋਂ ਲਗਾਈਆਂ ਸਮਾਜਿਕ ਬੰਦਿਸ਼ਾਂ ਕਰਦੀਆਂ ਹਨ।” ਸਮਝਿਆ ਜਾ ਰਿਹਾ ਹੈ ਕਿ ਜਾਤੀ ਦੀ ਇਸ ਪਰਿਭਾਸ਼ਾ ਨਾਲ ਦੱਖਣੀ ਏਸ਼ੀਆਈ ਭਾਈਚਾਰਾ ਕੋਈ ਕਾਨੂੰਨੀ ਹੀਲ-ਹੁੱਜਤ ਕਰਨ ਵਿੱਚ ਬਹੁਤਾ ਕਾਮਯਾਬ ਨਹੀਂ ਹੋ ਸਕੇਗਾ।
ਅਮਰੀਕਾ ਦੇ ਬਸ਼ਿੰਦਿਆਂ ਅਤੇ ਦੱਖਣੀ ਏਸ਼ੀਆਈਆਂ ਵਿੱਚ ਹਿੰਦੂ ਧਰਮ ਦੀ ਜਾਣਕਾਰੀ ਅਤੇ ਸਮਝ ਦੀ ਪੱਧਰ ਦਾ ਫਰਕ ਸਮੱਸਿਆ ਦੀ ਅਸਲ ਜੜ੍ਹ ਹੈ। ਦੱਖਣੀ ਏਸ਼ੀਆ ਦੇ ਬਹੁਤੇ ਪ੍ਰਵਾਸੀ ਭਾਈਚਾਰੇ ਹਿੰਦੂ ਧਰਮ ਦੇ ਪੈਰੋਕਾਰ ਹਨ ਅਤੇ ਉਹ ਹਿੰਦੂ ਧਰਮ ਵਿੱਚ ‘ਜਾਤ’ ਦੇ ਅਰਥ ਚੰਗੀ ਤਰ੍ਹਾਂ ਜਾਣਦੇ/ਸਮਝਦੇ ਹਨ। ਜਾਤ ਨਹੀਂ ਤਾਂ ਧਰਮ ਹਿੰਦੂ ਨਹੀਂ। ਇਸ ਬਿੱਲ ਵਿੱਚ ਜਾਤ (Caste) ਦੀ ਇਹ ਪਰਿਭਾਸ਼ਾ ਗ਼ੈਰ-ਏਸ਼ੀਅਨ ਅਮਰੀਕੀ ਭਾਈਚਾਰੇ ਨੂੰ ਜਾਤੀ ਦੇ ਸੰਕਲਪ ਨੂੰ ਸਮਝਣ ਵਿੱਚ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ।
ਜਾਤੀ ਹਿੰਦੂ ਧਰਮ ਦਾ ਵਿਲੱਖਣ ਸੰਕਲਪ ਹੈ। ਜਾਤੀ ਬਿਨਾਂ ਹਿੰਦੂ ਧਰਮ ਕੋਈ ਹੋਰ ਧਰਮ ਹੀ ਹੋਵੇਗਾ ਪਰ ਹਿੰਦੂ-ਧਰਮ ਨਹੀਂ ਕਹਾਏਗਾ। ਇਸ ਸੰਕਲਪ ਨੂੰ ਸਮਝਣ ਲਈ ਸਾਨੂੰ ਪ੍ਰਾਚੀਨ ਕਾਲ >ਤੇ ਝਾਤ ਮਾਰਨੀ ਪਵੇਗੀ। ਡਾ. ਬਾਬਾ ਸਾਹਿਬ ਅੰਬੇਡਕਰ ਦੀ ਲਿਖਤ ‘ਸ਼ੂਦਰ ਕੌਣ ਸਨ?’ (ਬਾਬਾ ਸਾਹਿਬ ਅੰਬੇਡਕਰ ਦੀਆਂ ਲਿਖਤਾਂ ਅਤੇ ਭਾਸ਼ਣ, ਖੰਡ-7) ਦੇ ਮੁਤਾਬਿਕ ਪ੍ਰਾਚੀਨ ਕਾਲ ਵਿੱਚ ਹਿੰਦੂ ਸਮਾਜ ਤਿੰਨ ਹੀ ਵਰਨਾਂ - ਬ੍ਰਾਹਮਣ, ਖੱਤਰੀ ਅਤੇ ਵੈਸ਼ ਵਿੱਚ ਵੰਡਿਆ ਹੋਇਆ ਸੀ। ਇਹ ਉਹ ਹੀ ਸਮਾਂ ਸੀ ਜਦੋਂ ਵੇਦ ਲਿਖੇ ਗਏ ਸਨ। ਇਹ ਵਰਨ ਵਿਵਸਥਾ ਕਠੋਰ ਨਹੀਂ, ਬਲਕਿ ਲਚਕਦਾਰ ਸੀ। ਵਿਅਕਤੀਗਤ ਯੋਗਤਾ ਅਧਾਰਿਤ ਹੋਣ ਕਰਕੇ ਵਰਨ ਬਦਲੀ ਸੰਭਵ ਸੀ। ਕਸ਼ਤਰੀ ਬ੍ਰਾਹਮਣ ਵਰਨ ਵਿੱਚ ਜਾ ਸਕਦਾ ਸੀ, ਬ੍ਰਾਹਮਣ ਕਸ਼ਤਰੀ ਵਰਨ ਅਤੇ ਵੈਸ਼ ਬ੍ਰਾਹਮਣ ਵਰਨ ਵਿੱਚ ਜਾ ਸਕਦਾ ਸੀ। - ਵਰਨ ਕਿਰਤੀ ਦੀ ਯੋਗਤਾ ’ਤੇ ਨਿਰਭਰ ਕਰਦਾ ਸੀ, ਕਿੱਤੇ ਤੇ ਨਹੀਂ। ਜਿਸ ਭਾਵ ਵਿੱਚ ‘ਸ਼ੂਦਰ’ ਸ਼ਬਦ ਅੱਜ ਪ੍ਰਚਲਿਤ ਹੈ, ਉਸ ਸਮੇਂ ਅਜਿਹਾ ਨਹੀਂ ਸੀ। ਉਸ ਸਮੇਂ ‘ਸ਼ੂਦਰ’ ਕਸ਼ੱਤਰੀ ਵਰਨ ਦਾ ਇੱਕ ਗੋਤਰ ਸੀ ਅਤੇ ਇਸ ਗੋਤਰ ਦੇ ਰਾਜੇ ਵੀ ਸਨ। (ਸੁਦਾਸ-ਇੱਕ ਸ਼ਕਤੀਸ਼ਾਲੀ ਰਾਜਾ ਅਤੇ ਰਿਗ ਵੇਦ ਦੇ ਕਈ ਸ਼ਲੋਕਾਂ ਦਾ ਰਚੈਤਾ ਸੀ)। ਇਸ ਵੇਲੇ ਦਾ ਧਰਮ ਬ੍ਰਹਮਇਜ਼ਮ ਅਰਥਾਤ ਬ੍ਰਹਮਵਾਦ ਸੀ। ਇਨ੍ਹਾਂ ਸਮਿਆਂ ਵਿੱਚ ਹੀ ਰਿਗ-ਵੇਦ ਦਾ ਮਹਾਨ ਸੰਕਲਪ ‘ਸੰਸਾਰ ਇੱਕ ਕਟੁੰਬ ਹੈ’ ਹੋਂਦ ਵਿੱਚ ਆਇਆ। (ਬਾਬਾ ਸਾਹਿਬ ਨੇ ‘ਬ੍ਰਹਮਇਜ਼ਮ ਭਾਵ ਬ੍ਰਹਮਵਾਦ’ ਦਾ ਸ਼ਬਦ ਪ੍ਰੋ. ਹੌਪਕਿਨ ਦੀ ਲਿਖਤ ‘Epics of India’ ਤੋਂ ਲਿਆ ਹੈ।)
ਲਿਖਤ ਮੁਤਾਬਿਕ ‘ਸ਼ੂਦਰ ਰਾਜਿਆਂ’ ਅਤੇ ਬ੍ਰਾਹਮਣਾਂ ਦੀ ਆਪਸ ਵਿੱਚ ਇਸ ਹੱਦ ਤਕ ਖ਼ਟਕ ਗਈ ਕਿ ਉਹ ਇੱਕ ਦੂਜੇ ਦੇ ਦੁਸ਼ਮਣ ਹੋ ਗਏ। ਬ੍ਰਾਹਮਣਾਂ ਨੇ ‘ਸ਼ੂਦਰ ਰਾਜਿਆਂ ‘ਨੂੰ ਨੀਚਾ ਦਿਖਾਉਣ ਦੀ ਠਾਣ ਲਈ। ਇਸ ਲਈ ਬ੍ਰਾਹਮਣਾਂ ਨੇ ਸ਼ੂਦਰ ਰਾਜਿਆਂ ਦੇ ਵੰਸਜਾਂ ਲਈ ਜਨੇਊ ਧਾਰਨ ਦੀ ਰਸਮ (Upanayana) ਕਰਨ ਤੋਂ ਇਨਕਾਰ ਕਰ ਦਿੱਤਾ। ਜਨੇਊ ਧਾਰੇ ਵਗੈਰ ਰਾਜ-ਤਿਲਕ ਨਹੀਂ ਹੋ ਸਕਦਾ ਸੀ, ਇਸ ਲਈ ਇਨ੍ਹਾਂ ਰਾਜਿਆਂ ਹੱਥੋਂ ਤਾਕਤ ਖੁੱਸ ਗਈ ਅਤੇ ਉਹ ਸਮਾਜਿਕ ਤੌਰ ’ਤੇ ਪਛਾੜ ਦਿੱਤੇ ਗਏ। ਹੌਲੀ ਹੌਲੀ ਉਹ ਸਮਾਜ ਦਾ ‘ਚੌਥਾ ਵਰਨ’ ਬਣ ਗਏ। ਆਪਣੇ ਇਸ ਕਾਰੇ ਨੂੰ ਧਾਰਮਿਕ ਰੰਗਤ ਦੇਣ ਲਈ ਬ੍ਰਾਹਮਣਾਂ ਨੇ ਰਿਗ ਵੇਦ ਦੇ ਦਸਵੇਂ ਮੰਡਲ ਦੇ ਨੱਬੇਵੇਂ ਮੰਤ੍ਰ (ਜਿਸ ਨੂੰ ਪ੍ਰਸਿੱਧ Purusha Sukta ਕਰਕੇ ਜਾਣਿਆ ਜਾਂਦਾ ਹੈ) ਦੇ ਸ਼ਲੋਕ 11 ਅਤੇ 12 ਵਿੱਚ ਵਧਾਰਾ ਕਰ ਦਿੱਤਾ।
(ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਹੈ ਕਿ ਪੁਰੁਸ਼ਾ ਸ਼ੂਕਤਾ ਰਿਗ-ਵੇਦ ਦੇ ਫੁਟਕਲ ਹਿੱਸੇ ਵਿੱਚ ਆਉਂਦਾ ਹੈ ਅਤੇ ਇਹ ਸੰਸਾਰ-ਉਤਪਤੀ ਦੇ ਹਿੰਦੂ-ਮੱਤ ਦੀ ਵਿਆਖਿਆ ਕਰਦਾ ਹੈ। ਇਸਦੇ ਵਧਾਰੇ ਤੋਂ ਬਾਅਦ ਵਾਲੇ ਸ਼ਲੋਕ (11 ਅਤੇ 12) ਵਿਆਖਿਆ ਕਰਦੇ ਹਨ ਕਿ ਬ੍ਰਾਹਮਣ ਪੁਰੂਸ਼ਾ ਦੇ ਮੁਖ ਤੋਂ, ਕਸ਼ੱਤਰੀ ਬਾਹਾਂ ਤੋਂ, ਵੈਸ਼ ਜੰਘਾਂ ਤੋਂ ਅਤੇ ਸ਼ੂਦਰ ਪੈਰਾਂ ਤੋਂ ਪੈਦਾ ਹੋਇਆ। ਸਰੀਰ ਦਾ ਸਭ ਤੋਂ ਪਵਿੱਤਰ ਭਾਗ ਮੁਖ ਨੂੰ ਮੰਨਿਆ ਗਿਆ ਇਸ ਲਈ ਬ੍ਰਾਹਮਣ ਸਭ ਤੋਂ ਪਵਿੱਤਰ ਅਤੇ ਉਹ ਪਵਿੱਤਰ ਕੰਮ ਕਰੇਗਾ, ਭੁਜਾਵਾਂ ਬਲ ਦਾ ਪ੍ਰਤੀਕ ਹਨ ਇਸ ਲਈ ਕਸ਼ੱਤਰੀ ਬਲ ਵਾਲੇ ਕੰਮ ਕਰੇਗਾ, ਜੰਘਾਂ ਤੋਂ ਪੈਦਾ ਹੋਏ ਵੈਸ਼ ਵਪਾਰ ਕਰਨਗੇ ਅਤੇ ਪੈਰਾਂ ਤੋਂ ਪੈਦਾ ਹੋਇਆ ਸ਼ੂਦਰ ਸਿਰਫ ਸਾਫ਼-ਸਫਾਈ, ਉੱਪਰਲੇ ਤਿੰਨ ਵਰਨਾਂ ਦੀ ਸੇਵਾ ਅਤੇ ਮੁਸ਼ੱਕਤ ਭਰੇ ਕੰਮ ਕਰੇਗਾ ਕਿਉਂਕਿ ਪੈਰ ਸਭ ਤੋਂ ਗੰਦੇ ਅਤੇ ਭਾਰ ਉਠਾਉਂਦੇ ਹਨ। ਬਾਬਾ ਸਾਹਿਬ ਦੀ ਲਿਖਤ ਹਿੰਦੂ ਧਰਮ ਵਿੱਚ ਬੁਝਾਰਤਾਂ - ਖੰਡ IV (ਪਹਿਲੀ ਬੁਝਾਰਤ) ਦੇ ਪੰਨਾ 23 ਤੇ ਬਾਬਾ ਸਾਹਿਬ ਲਿਖਦੇ ਹਨ ਕਿ ਇਨ੍ਹਾਂ ਸ਼ਲੋਕਾਂ ਨੂੰ ਰੱਬੀ ਫਰਮਾਨ ਮੰਨ ਲਿਆ ਗਿਆ ਕਿ ਸਮਾਜ ਦੀ ਬਣਤਰ ਦਾ ਅਧਾਰ ਲਾਜ਼ਮੀ ਹੀ ਇਹ ਚਾਰ ਵਰਨ ਹੋਣ। ਸਿਵਾਏ ਗੌਤਮ ਬੁੱਧ ਤੋਂ ਪੁਰੁਸ਼ਾ ਸ਼ੂਕਤਾ ਵੱਲੋਂ ਨਿਰਧਾਰਤ ਸਮਾਜਿਕ ਢਾਂਚੇ ਨੂੰ ਕਿਸੇ ਹੋਰ ਨੇ ਨਹੀਂ ਵੰਗਾਰਿਆ।)
ਬਾਬਾ ਸਾਹਿਬ ਆਪਣੀ ਲਿਖਤ (ਖੰਡ 7) ਦੇ ਅਧਿਆਏ VIII - ਵਰਨ ਤਿੰਨ ਜਾਂ ਚਾਰ, ਵਿੱਚ ਸਤਪਥਾ ਬ੍ਰਾਹਮਣਾਂ (Satapatha Brahmana), ਤਾਇੱਤਿਰਆ ਬ੍ਰਾਹਮਣਾਂ (Taittiriya Brahmana) ਦੀ ਗਵਾਹੀ, ਪੱਛਮੀ ਵਿਦਵਾਨਾਂ Colebrooke, ਪ੍ਰੋ. ਮੈਕਸ ਮੁੱਲਰ ਅਤੇ ਪ੍ਰੋ. ਵੈਬਰ ਦੀਆਂ ਟਿੱਪਣੀਆਂ ਦੇ ਨਾਲ ਨਾਲ ਪੰਨੇ 137-138 ਤੇ ਲਿਖਦੇ ਹਨ:
“… ਪੁਜਾਰੀ ਬਹੁਤ ਜਾਲ੍ਹਸਾਜ਼ੀਆਂ ਲਈ ਜਾਣੇ ਜਾਂਦੇ ਹਨ। ਪਾਦਰੀਪੁਣੇ ਦੇ ਇਤਿਹਾਸ ਵਿੱਚ Donations of Constantine ਅਤੇ Pseudo-lsidore Decretals ਮਸ਼ਹੂਰ ਜਾਲ੍ਹਸਾਜੀਆਂ ਹਨ। ਭਾਰਤ ਦੇ ਬ੍ਰਾਹਮਣ ਵੀ ਅਜਿਹੀਆਂ ਚਾਲਬਾਜ਼ੀਆਂ ਤੋਂ ਮੁਕਤ ਨਹੀਂ ਸਨ। ਪ੍ਰੋ. ਮੈਕਸ ਮੁੱਲਰ ਜਿਹੇ ਸੰਸਾਰ ਪ੍ਰਸਿੱਧ ਵਿਦਵਾਨ ਨਿਤਾਰਾ ਕਰਦੇ ਹਨ ਕਿ ਕਿਵੇਂ ਭਾਰਤ ਦੇ ਬ੍ਰਾਹਮਣਾਂ ਨੇ ਮੂਲ ਸ਼ਬਦ ‘Agre (ਅਗਰੇ) ਨੂੰ Agne (ਅਗਨੀ)’ ਵਿੱਚ ਬਦਲ ਦਿੱਤਾ ਤਾਂ ਕਿ ਵਿਧਵਾ ਨੂੰ ਅਗਨੀ-ਭੇਂਟ ਲਈ ਰਿਗ-ਵੇਦ ਦੀ ਹਿਮਾਇਤ ਹਾਸਲ ਕੀਤੀ ਜਾ ਸਕੇ। ਇਹ ਵੀ ਬੜਾ ਮਸ਼ਹੂਰ ਕਿੱਸਾ ਹੈ ਕਿ ਈਸਟ ਇੰਡੀਆ ਕੰਪਨੀ ਦੇ ਸਮੇਂ ਇੱਕ ਦਾਅਵੇਦਾਰ ਦੀ ਹਿਮਾਇਤ ਕਰਨ ਲਈ ਸਾਰੀ ਸਮਰਿਤੀ ਹੀ ਜਾਅਲੀ ਘੜ ਦਿੱਤੀ ਗਈ ਸੀ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਚੌਥੇ ਵਰਨ ਦੇ ਹੋਂਦ ਵਿੱਚ ਆਉਣ ਤੋਂ ਕਾਫੀ ਦੇਰ ਬਾਅਦ ਬ੍ਰਾਹਮਣਾਂ ਨੇ ਪੁਰੁਸ਼ਾ ਸੁਕਤਾ ਜਾਲ੍ਹੀ ਘੜ ਲਿਆ ਹੋਵੇ, ਜੇ ਸਾਰਾ ਨਹੀਂ, ਘੱਟੋ ਘੱਟ ਸ਼ਲੋਕ 11 ਅਤੇ 12 ਦਾ ਇਸ ਮੰਤਵ ਨਾਲ ਰਿਗ ਵੇਦ ਵਿੱਚ ਵਧਾਰਾ ਕਰ ਦਿੱਤਾ ਤਾਂ ਕਿ ਚਤੁਰਵਰਨ ਵਿਵਸਥਾ ਨੂੰ ਰਿਗ ਵੇਦ ਦੀ ਸਹਿਮਤੀ ਪ੍ਰਾਪਤ ਹੋ ਸਕੇ।” ... ਭਾਵ ਰੱਬੀ-ਰੰਗ ਦਿੱਤਾ ਜਾ ਸਕੇ। ਬਾਬਾ ਸਾਹਿਬ ਨੇ ਇਸ ਲਿਖਤ ਵਿੱਚ ਵਧਾਰੇ ਬਾਰੇ ਬ੍ਰਹਮਣਵਾਦੀ ਸੋਚ ਦੇ ਧਾਰਨੀ ਬੁੱਧੀਜੀਵੀਆਂ ਨੂੰ ਵੰਗਾਰਿਆ ਹੈ। ਇਸ ਵਧਾਰੇ ਅਤੇ ਵੰਗਾਰ ਦੀ ਪੁਸ਼ਟੀ ਸ਼ਸ਼ੀ ਥਰੂਰ, ਮੈਂਬਰ ਪਾਰਲੀਮੈਂਟ, ਆਪਣੀ ਕਿਤਾਬ ‘Why I Am A Hindu’ (2017) ਵਿੱਚ ਕਰਦੇ ਹਨ। ਇਸ ਵਧਾਰੇ ਦੇ ਸਮਿਆਂ ਤੋਂ ਹੀ ਬ੍ਰਾਹਮਣਵਾਦ ਦੀ ਜੜ੍ਹ ਪੱਕੀ ਹੁੰਦੀ ਹੈ।
ਡਾ. ਬਾਬਾ ਸਾਹਿਬ ਅੰਬੇਡਕਰ ਦੀ ਲਿਖਤ ‘ਹਿੰਦੂ ਧਰਮ ਵਿੱਚ ਬੁਝਾਰਤਾਂ’ ਖੰਡ IV ਵਿੱਚ ਉਹ ਬੁਝਾਰਤ ਨੰਬਰ 22 ਵਿੱਚ ਲਿਖਦੇ ਹਨ:
“ਲੋਕਤੰਤਰ ਦੇ ਸੋਮੇ ਜਾਂ ਇਸਦੀ ਸਫਲ ਕਾਰਜਸ਼ੈਲੀ ਦੀ ਸੰਭਾਵਨਾ ਦੀ ਸਮੱਸਿਆ ਲਈ ਸਾਨੂੰ ਲੋਕਾਂ ਦੇ ਧਰਮ ਕੋਲ ਜਾਣਾ ਚਾਹੀਦਾ ਹੈ ਅਤੇ ਪੁੱਛਣਾ ਚਾਹੀਦਾ ਹੈ - ਕੀ ਇਹ ਮੈਤਰੀ (Fraternity) ਸਿਖਾਉਂਦਾ ਹੈ ਜਾਂ ਨਹੀਂ? … ਹਿੰਦੂ ਧਰਮ ਮੈਤਰੀ ਨਹੀਂ ਸਿਖਾਉਂਦਾ। ਇਸਦੇ ਬਦਲੇ ਇਹ ਸਮਾਜ ਦੀ ਸ਼੍ਰੇਣੀ ਜਾਂ ਵਰਨ ਵੰਡ ਅਤੇ ਵੱਖਰੀ ਸ਼੍ਰੇਣੀ-ਸੁਚੇਤਤਾ ਦੀ ਬਰਕਰਾਰੀ ਸਿਖਾਉਂਦਾ ਹੈ। ਇਸ ਤਰ੍ਹਾਂ ਦੀ ਵਿਵਸਥਾ ਵਿੱਚ ਲੋਕਤੰਤਰ ਲਈ ਥਾਂ ਕਿੱਥੇ ਹੈ?
ਹਿੰਦੂ ਸਮਾਜਿਕ ਵਿਵਸਥਾ ਗ਼ੈਰ-ਲੋਕਤੰਤਰਿਕ ਇਤਫਾਕਨ ਨਹੀਂ ਹੈ, ਇਸ ਨੂੰ ਗ਼ੈਰ-ਲੋਕਤੰਤਰਿਕ ਬਣਾਇਆ ਗਿਆ ਹੈ। ਹਿੰਦੂ ਸਮਾਜ ਦਾ ਵਰਨਾਂ, ਜਾਤਾਂ ਅਤੇ ਅਛੂਤਾਂ (Outcastes) ਵਿੱਚ ਵੰਡਿਆ ਜਾਣਾ ਸਿਧਾਂਤ ਨਹੀਂ ਹਨ, ਪ੍ਰੰਤੂ ਫਰਮਾਨ ਹਨ। ਇਹ ਸਭ ਲੋਕਤੰਤਰ ਦੇ ਰਾਹ ਵਿੱਚ ਅੜਿੱਕੇ ਖੜ੍ਹੇ ਕੀਤੇ ਹੋਏ ਹਨ।” ਇਸੇ ਬੁਝਾਰਤ ਵਿੱਚ ਉਹ ‘ਬ੍ਰਹਮਵਾਦ’ ਅਤੇ ‘ਬ੍ਰਹਾਮਣਵਾਦ’ ਦੀ ਚਿੰਤਨ-ਸ਼ੈਲੀ ਵਿੱਚ ਫਰਕ ਉਲੇਖਦੇ ਹਨ।
ਬ੍ਰਹਮਵਾਦ ਦਾ ਧਰਮ-ਸਿਧਾਂਤ ਤਿੰਨ ਅਲੱਗ ਰੂਪਾਂ ਵਿੱਚ ਬਿਆਨਿਆ ਗਿਆ ਹੈ:
(a) ਇਹ ਸਭ ਬ੍ਰਹਮਾ ਹੈ। (b) ਆਤਮਾ ਅਤੇ ਬ੍ਰਹਮਾ ਇੱਕ ਹਨ। ਇਸ ਲਈ ਮੈਂ ਬ੍ਰਹਮਾ ਹਾਂ। (c) ਆਤਮਾ ਅਤੇ ਬ੍ਰਹਮਾ ਇੱਕ ਹਨ। ਇਸ ਲਈ ਤੂ ਵੀ ਬ੍ਰਹਮਾ ਹੈ।
ਇਨ੍ਹਾਂ ਨੂੰ ਮਹਾਂ-ਵਾਕ ਕਿਹਾ ਜਾਂਦਾ ਹੈ, ਭਾਵ ਇਹ ਮਹਾਨ ਕਹਾਵਤਾਂ ਹਨ ਅਤੇ ਇਹ ਬ੍ਰਹਮਵਾਦ ਦਾ ਸਾਰ ਹਨ।
ਇੱਥੇ ਵੇਦਾਂਤ ਦਾ ਵੀ ਜ਼ਿਕਰ ਹੈ :
ਸੰਖਿਪਤ ਰੂਪ ਵਿੱਚ ਬ੍ਰਾਹਮਣਵਾਦੀ ਮੱਤ ਦੇ ਧਾਰਮਿਕ ਸਿਧਾਂਤ ਇਸ ਤਰ੍ਹਾਂ ਹਨ:
(a) ਚਤੁਰਵਰਨ ਵਿਵਸਥਾ ਵਿੱਚ ਵਿਸ਼ਵਾਸ। (b) ਵੇਦਾਂ ਦੀ ਪਵਿੱਤਰਤਾ ਅਤੇ ਸਦੀਵਤਾ। (c) ਦੇਵਤਿਆਂ ਨੂੰ ਬਲੀ/ਪੂਜਾ ਹੀ ਮੁਕਤੀ ਦਾ ਇੱਕੋ ਇੱਕ ਰਾਹ ਹੈ।
ਅੱਗੇ ਜਾ ਕੇ ਬਾਬਾ ਸਾਹਿਬ ਲਿਖਦੇ ਹਨ:
“ਬ੍ਰਹਮਵਾਦ ਨਵਾਂ-ਸਮਾਜ ਉਪਜਾਉਣ ਵਿੱਚ ਕਿਉਂ ਅਸਫਲ ਰਿਹਾ? ਇਹ ਬਹੁਤ ਵੱਡੀ ਬੁਝਾਰਤ ਹੈ। ਇਹ ਨਹੀਂ ਕਿ ਬ੍ਰਾਹਮਣ ਬ੍ਰਹਮਵਾਦ ਦੇ ਸਿਧਾਂਤ ਨੂੰ ਮਾਣਤਾ ਨਹੀਂ ਦਿੰਦੇ। ਉਨ੍ਹਾਂ ਮਾਣਤਾ ਦਿੱਤੀ। ਪ੍ਰੰਤੂ ਉਨ੍ਹਾਂ ਇਹ ਨਹੀਂ ਪੁੱਛਿਆ ਕਿ ਬ੍ਰਾਹਮਣ ਅਤੇ ਸ਼ੂਦਰ ਵਿੱਚ, ਆਦਮੀ ਅਤੇ ਔਰਤ ਵਿੱਚ, ਜਾਤ ਅਤੇ ਗ਼ੈਰ-ਜਾਤ ਵਿੱਚ ਨਾ-ਬਰਾਬਰੀ ਦੀ ਸਮਾਜਿਕ ਹਕੀਕਤ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾਵੇ? ਸਿੱਟਾ ਇਹ ਨਿਕਲਿਆ ਕਿ ਸਾਡੇ ਕੋਲ ਇੱਕ ਪਾਸੇ ‘ਬ੍ਰਹਮਵਾਦ’ ਦੇ ਸਭ ਤੋਂ ਵੱਧ ਲੋਕਤੰਤਰਿਕ ਸਿਧਾਂਤ ਹਨ ਅਤੇ ਦੂਸਰੇ ਪਾਸੇ ਉਹ ਸਮਾਜ ਹੈ ਜਿਸ ਵਿੱਚ ਜਾਤਾਂ, ਉਪ-ਜਾਤਾਂ, ਅਛੂਤ, ਪ੍ਰਾਚੀਨ ਕਬੀਲੇ ਅਤੇ ਅਪਰਾਧਿਕ ਬਿਰਤੀ ਦੇ ਕਬੀਲਿਆਂ ਦੀ ਭਰਮਾਰ ਹੈ। ਇਸ ਤੋਂ ਵੱਡੀ ਦੁਬਿਧਾ ਕੀ ਹੋ ਸਕਦੀ ਹੈ। …”
ਬਾਬਾ ਸਾਹਿਬ ਦੀਆਂ ਇਨ੍ਹਾਂ ਲਿਖਤਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਿੰਦੂ ਸਮਾਜ ਗੱਲ ਤਾਂ ‘ਬ੍ਰਹਮਵਾਦ’ ਦੀ ਕਰਦਾ ਹੈ ਪਰ ਅਭਿਆਸ ‘ਬ੍ਰਾਹਮਣਵਾਦ’ ਦਾ ਕਰਦਾ ਹੈ। ਧਰਮ ਅਧਾਰਿਤ ਸਮਾਜਾਂ ਦੇ ਮਨੁੱਖ, ਕੁਝ ਵਿਰਲਿਆਂ ਨੂੰ ਛੱਡ ਕੇ, ਇਹੋ ਵਰਤਾਰਾ ਕਰਦੇ ਦੇਖੇ ਗਏ ਹਨ। ਸਾਡਾ ‘ਦੋਫਾੜ-ਆਪਾ’ ਸਾਨੂੰ ‘ਜੀਵਨ ਦੀ ਸੰਪੂਰਨਤਾ’ ਦੇਖਣ ਤੋਂ ਵਾਂਝਾ ਕਰ ਦਿੰਦਾ ਹੈ। ਅਸੀਂ ਅਧਿਆਤਮ ਅਤੇ ਪਦਾਰਥਵਾਦ ਦੀਆਂ ਦੋ ਬੇੜੀਆਂ ਦੇ ਸਵਾਰ ਹੋ ਜਾਂਦੇ ਹਾਂ। ਧਾਰਮਿਕ ਗੁਰੂ ਸਾਡੇ ਅਧਿਆਤਮ ਦੀ ਭੁੱਖ ਨੂੰ ਅਤੇ ਸਿਆਸੀ-ਲੀਡਰ ਸਾਡੀ ਪਦਾਰਥ ਦੀ ਲਾਲਸਾ ਨੂੰ ਪੂਰਦਾ ਪੂਰਦਾ ਆਪਣੇ ਆਪ ਨੂੰ ‘ਵਿਰਲਿਆਂ’ ਵਿੱਚ ਸਥਾਪਿਤ ਕਰ ਲੈਂਦਾ ਹੈ।
ਹੌਲੀ ਹੌਲੀ ਪੱਕੀ ਵਰਨ ਵਿਵਸਥਾ ਜਾਤ ਦੇ ਨਾਂ ਨਾਲ ਜਾਣੀ ਲੱਗੀ। ਹੁਣ ਸ਼ੂਦਰ ਦੇ ਘਰ ਸ਼ੂਦਰ, ਕਸ਼ੱਤਰੀ ਦੇ ਘਰ ਕਸ਼ੱਤਰੀ, ਵੈਸ਼ ਦੇ ਘਰ ਵੈਸ਼ ਅਤੇ ਬ੍ਰਾਹਮਣ ਦੇ ਘਰ ਬ੍ਰਾਹਮਣ ਹੀ ਪੈਦਾ ਹੋਵੇਗਾ। ਸਮਾਜ ਦਾ ਚਲਨ ‘ਮਨੂੰ ਸਮਰਿਤੀ'-(Laws of Manu) ਮੁਤਾਬਿਕ (2 BC-3 B C) ਸ਼ੁਰੂ ਹੋਇਆ। ਇਸ ਵਿੱਚ ਹਰ ਵਰਨ ਲਈ ਇੱਕ ਹੀ ਗੁਨਾਹ ਲਈ ਵੱਖ ਵੱਖ ਸ਼ਜਾਵਾਂ ਦਾ ਵਿਧਾਨ ਹੈ। ਬ੍ਰਾਹਮਣਾਂ ਉੱਤੇ ਘੱਟ ਤੋਂ ਘੱਟ ਅਤੇ ਸ਼ੂਦਰਾਂ ਉੱਤੇ ਵੱਧ ਤੋਂ ਵੱਧ ਸਮਾਜਿਕ ਬੰਦਿਸ਼ਾਂ ਲਗਾਈਆਂ ਗਈਆਂ। ਸ਼ੂਦਰ ਸਮਾਜ ਦੇ ਸਭ ਤੋਂ ਹੇਠਲੀ ਪੌਡੇ ’ਤੇ ਹੋਣ ਕਰਕੇ ਸਭ ਦੀ ਘ੍ਰਿਣਾ ਦਾ ਪਾਤਰ ਸੀ/ਹੈ। ਉਪਰੋਕਤ ਵਿਆਖਿਆ ਗ਼ੈਰ-ਹਿੰਦੂ ਵਿਦੇਸ਼ੀ ਯੂਰਪੀਨਾਂ, ਅਮਰੀਕਨਾਂ ਅਤੇ ਹੋਰਾਂ ਨੂੰ ਜਾਤ (Caste) ਦੇ ਸੰਕਲਪ ਅਤੇ ਕਿਉਂ Caste ਸ਼ਬਦ ਨੂੰ ਕਾਨੂੰਨ ਵਿੱਚ ਖਾਸ ਤੌਰ ’ਤੇ ਲਿਖਣਾ ਜ਼ਰੂਰੀ ਸੀ, ਸਮਝਣ ਵਿੱਚ ਮਦਦ ਕਰ ਸਕਦੀ ਹੈ।
ਹਰ ਰੋਜ਼ ਸਵੇਰੇ ਦਫਤਰ, ਕੰਮ-ਕਾਜ਼ ਦੀ ਥਾਂ ਜਾਣ ਵੇਲੇ ਹਿੰਦੂ ਮੰਦਿਰ, ਸਿੱਖ ਗੁਰਦੁਆਰੇ, ਮੁਸਲਿਮ ਮਸੀਤ, ਈਸਾਈ ਗਿਰਜ਼ਾਘਰ ... ਅਸੀਂ ਆਪੋ-ਆਪਣੇ ਧਰਮ-ਅਸਥਾਨ ਜਾਂਦੇ ਹਾਂ ਪਰ ਦਫਤਰ, ਕੰਮ ਦੀ ਥਾਂ ਜਾਂਦੇ ਹੀ ਆਪਣੇ ਨਿੱਜੀ ਅਤੇ ਸ਼੍ਰੇਣੀ-ਹਿਤਾਂ ਦੀ ਪੂਰਤੀ ਲਈ ਆਪਣਾ ਧਿਆਨ ਆਪਣੇ ਧਰਮ ਚਿੰਨ੍ਹਾਂ ਵਾਲੇ ਮਨੁੱਖਾਂ ’ਤੇ ਕੇਂਦਰਿਤ ਕਰਨ ਲਗਦੇ ਹਾਂ। ਕੋਈ ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ। ਮੇਰਾ ਬਾਸ ਮੱਥੇ ’ਤੇ ਤਿਲਕ ਲਗਾ ਕੇ ਆਉਂਦਾ ਸੀ ਅਤੇ ਦਫਤਰ ਵਿੱਚ ਵੀ ਉਨ੍ਹਾਂ ਨੇ ਇੱਕ ਕੋਨੇ ’ਤੇ ਛੋਟਾ ਜਿਹਾ ਪੂਜਾ ਅਸਥਾਨ ਬਣਾ ਰੱਖਿਆ ਸੀ। ਇੱਕ ਦਿਨ ਮੈਂ ਉਨ੍ਹਾਂ ਨੂੰ ਕਿਸੇ ਸੰਦਰਭ ਵਿੱਚ ਕਹਿ ਬੈਠਿਆ, “ਸਰ! ਵਿਦੇਸ਼ਾਂ ਵਿੱਚ ਸਾਰੇ ਭਾਰਤੀ ਮਿਲ-ਜੁਲ ਕੇ ਰਹਿੰਦੇ ਹਨ, ਗੋਰੇ ਸਾਰਿਆਂ ਨੂੰ ਇੱਕੋ-ਨਜ਼ਰ ਨਾਲ ਦੇਖਦੇ ਹਨ।’ ਉਨ੍ਹਾਂ ਦੇ ਮੱਥੇ ਦੀ ਤਿਉੜੀ ਹੁਣ ਵੀ ਸਾਹਮਣੇ ਆ ਗਈ ਹੈ। ਇਹ ਤਾਂ ਸਚਾਈ ਹੈ ਕਿ ਯੂਰਪੀਨ, ਅਮਰੀਕਾ, ਕੈਨੇਡਾ ਆਦਿ ਦੇਸਾਂ ਦੇ ਨਿਵਾਸੀ ਦੱਖਣੀ ਏਸੀਆਈਆਂ ਨੂੰ ‘ਕਾਲੇ’ ਹੀ ਸਮਝਦੇ ਸਨ, ਹਨ। ਇਹੋ ਰੰਗ ਭੇਦ ਸੀ, ਹੈ। ਮੈਂ ਬਾਸ ਨਾਲ ਗੱਲ ਕਰਨ ਵੇਲੇ ਭੁੱਲ ਗਿਆ ਸੀ ਕਿ ਹਿੰਦੂ ਧਰਮ ਦੇ ਪੈਰੋਕਾਰ ਜਿੱਥੇ ਵੀ ਜਾਂਦੇ ਹਨ, ਉਹ ਜਾਤ ਦਾ ਸੰਕਲਪ ਨਾਲ ਹੀ ਲੈਕੇ ਜਾਂਦੇ ਹਨ। ਇਹ ਕੁਦਰਤੀ ਹੈ। ਵਿਦੇਸ਼ ਵਿੱਚ ਵੀ ਉਹ ਆਪਣੇ ਧਾਰਮਿਕ ਚਿੰਨ੍ਹ ਦੀ ਮਦਦ ਨਾਲ ‘ਆਪਣੇ ਬੰਦੇ’ ਲੱਭਦੇ ਹਨ ਅਤੇ ਜਦੋਂ ਇਨ੍ਹਾਂ ਵਿੱਚੋਂ ਕੋਈ ‘ਦਲਿਤ ਹਿੰਦੂ’ ਮਿਲ ਜਾਂਦਾ ਹੋਊ ਤਦ ਫਿਰ ਉਸ ਨਾਲ ਵਿਕਤਰੇ-ਭਰਪੂਰ ਵਰਤਾਰਾ ਸ਼ੁਰੂ ਹੋ ਜਾਂਦਾ ਹੋਵੇਗਾ।
ਸ਼ਾਇਦ ਅਜਿਹਾ ਕੁਝ ਹੀ ‘Cisco Case’ ਵਿੱਚ ਵਾਪਰਿਆ ਹੋਵੇਗਾ। ਦਲਿਤ-ਹਿੰਦੂ ਵਿਚਾਰਾ ਦੂਹਰੀ ਮਾਰ ਝੱਲਦਾ ਰਿਹਾ। ਰੰਗ-ਭੇਦੀ ਏਸ਼ੀਆਈ ਹੋਣ ਕਰਕੇ ਅਤੇ ਜਾਤ-ਅਧਾਰਿਤ ਹਿੰਦੂ ਹੋਣ ਕਰਕੇ। ਜੇਕਰ ਅਖੌਤੀ ਉੱਚ ਜਾਤੀਏ ਹਿੰਦੂਆਂ ਨੂੰ ਸੌਖੇ ਹੀ ਜਾਤ ਦਾ ਪਤਾ ਨਹੀਂ ਲੱਗਦਾ ਫਿਰ ਉਹ ਉਪ-ਨਾਮ (ਗੋਤਰ) ਲੱਭਣ ਲਗਦੇ ਹਨ ਜਿਵੇਂ ਕਿ 7-12-2014 ਦੇ ਟਾਇਮਜ਼ ਆਫ ਇੰਡੀਆ ਮੁਤਾਬਿਕ ਅਮਰੀਕਾ ਵਿੱਚ ਇੱਕ ਅਮੀਰ ਗੁਜਰਾਤੀ ਪਰਿਵਾਰ ਬੱਸ ਵਿੱਚ ਸਫ਼ਰ ਕਰਨ ਵੇਲੇ Sakya ਨਾਮ ਦੇ ਹਿੰਦੂ, ਪੀ ਐੱਚ ਡੀ ਦਾ ਇੱਕ ਵਿਦਿਆਰਥੀ ਕੋਲੋਂ ਉਸ ਦੀ ਜਾਤ ਜਾਣਨ ਲਈ ਉਸ ਦੇ ਗੋਤਰ ਦੀ ਛਾਣ-ਬੀਨ ਕਰਨ ਤਕ ਜਾਂਦਾ ਹੈ। National Council of Applied Economic Research, University of Maryland US ਦੇ ਇੱਕ ਸਰਵੇ ਮੁਤਾਬਿਕ ਪ੍ਰਵਾਸੀ ਹਿੰਦੂਆਂ ਦੇ ਚਾਰ ਵਿੱਚੋਂ ਇੱਕ ਘਰ ਆਪਣੇ ਘਰ-ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਜਾਤੀ-ਭੇਦ ਭਾਵ ਕਰਦੇ ਹਨ। ਨਵੰਬਰ 2014 ਵਿੱਚ ਮਹਾਰਾਸ਼ਟਰ ਦੇ ਖੈਰਲਾਂਜੀ ਵਿੱਚ ਤਿੰਨ ਦਲਿਤਾਂ ਦੇ ਕਤਲ ਵਿਰੁੱਧ ਜਦੋਂ ਜਾਪਾਨ ਦੇ ਇੱਕ ਅਦਾਰੇ ਵਿੱਚ ਦਲਿਤਾਂ ਨੇ ਇਸ ਬਾਰੇ ਅਖੌਤੀ ਉੱਚ ਜਾਤੀਆਂ ਦੇ ਸਾਥੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਹਾ ਤਦ ਉਨ੍ਹਾਂ ਨੇ ਇਨ੍ਹਾਂ ਦਲਿਤ ਸਾਥੀਆਂ ਨੂੰ ਬਲਾਉਣਾ ਹੀ ਬੰਦ ਕਰ ਦਿੱਤਾ।
ਅਮਰੀਕਾ ਦੀ ਜ਼ਮੀਨੀ ਹਕੀਕਤ ਦੇ ਮੱਦੇਨਜ਼ਰ ਅੰਬੇਦਕਰ ਐਸੋਸੀਏਸ਼ਨ ਆਫ ਨਾਰਥ ਅਮਰੀਕਾ, ਅੰਬੇਦਕਰ ਇੰਟਰਨੈਸ਼ਨਲ ਸੈਂਟਰ, ਅੰਬੇਡਕਰ ਇੰਟਰਨੈਸ਼ਨਲ ਮੋਰਚਾ, A K S C, ਇਕਵਿਟੀ ਲੈਬਸ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। ਇਨ੍ਹਾਂ ਸੰਸਥਾਵਾਂ ਨੇ ਹੀ ਇਹ ਬਿੱਲ ਲਿਆਉਣ ਲਈ ਸੰਘਰਸ਼ ਕੀਤਾ ਅਤੇ ਅੰਤ ਬਿੱਲ ਨੂੰ ਸੇਨੇਟ ਵਿੱਚ ਪਾਸ ਕਰਵਾਉਣ ਵਿੱਚ ਕਾਮਯਾਬ ਹੋਈਆਂ। ਬਿੱਲ ਨੂੰ ਤਕਰੀਬਨ 80 ਅਜਿਹੀਆਂ ਸੰਸਥਾਵਾਂ ਦਾ ਅਤੇ 1000 ਦੇ ਕਰੀਬ ਵਿਅਕਤੀਆਂ ਦਾ ਸਮਰਥਨ ਹਾਸਲ ਹੈ। ਬਿੱਲ ਦਾ ਵਿਰੋਧ ਕੋਈ ਚਾਲੀ ਸੰਸਥਾਵਾਂ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ ‘ਵਿਸ਼ਵ ਹਿੰਦੂ ਪ੍ਰੀਸ਼ਦ’ ਨੂੰ ਮੋਹਰੀ ਦੱਸਿਆ ਜਾ ਰਿਹਾ ਹੈ। ਹਿੰਦੂ ਅਮਰੀਕਨ ਐਸੋਸੀਏਸ਼ਨ ਬਿੱਲ ਦਾ ਵਿਰੋਧ ਕਰਨ ਵੇਲੇ ਕਹਿ ਰਹੀ ਹੈ ਕਿ ‘Caste’ ਕਾਨੂੰਨ ਦੀ ਉਪਜ ਹੈ ਜੋ ਗੁੰਮਰਾਹਕੁੰਨ ਹੈ। ਇਹ ਹਿੰਦੂ ਧਰਮ ਦੀ ਵਿਲੱਖਣ ਦੇਣ ਹੈ, ਇਹ ਕਾਨੂੰਨ ਦੀ ਉਪਜ ਨਹੀਂ ਹੈ।
ਸਿੱਖ ਬੁੱਧੀਜੀਵੀਆਂ ਦੀ ਸੋਚ ਨੇ ਕਿਵੇਂ 1982 ਵਿੱਚ ਬ੍ਰਿਟਿਸ਼ ਕੋਲੰਬੀਆ ਵਿਖੇ ‘ਰਵਿਦਾਸੀਆ ਸਿੱਖਾਂ’ ਨੂੰ ਵੱਖਰਾ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ, ਇੱਕ ਹੋਰ ਬੁਝਾਰਤ ਹੈ। ਹਿੰਦੂ ਧਰਮ ਵਿੱਚ ਜਾਤੀ ਵਿਤਕਰੇ ਦੇ ਵਿਰੁੱਧ ਖੜ੍ਹਾ ਹੋਇਆ, ‘ਮਾਨਸ ਕੀ ਜਾਤ ਏਕ ਪਹਿਚਾਨਬੋ’ ਅਤੇ ‘ਸਰਬੱਤ ਦਾ ਭਲਾ’ ਚਾਹੁਣ ਵਾਲਾ ਸਿੱਖ ਫਲਸਫਾ ਇਸ ਪੱਧਰ ’ਤੇ ਕਿਵੇਂ ਆ ਗਿਆ? ਹੁਣ ਤਾਂ ਸਿੱਖਾਂ ਦੀ ਜੰਮਣ ਭੋਏਂ ’ਤੇ ਵੀ ਇਹ ਵਰਤਾਰਾ ਪੱਕ ਗਿਆ ਹੈ। ਧਰਵਾਸ ਹਾਲੇ ਵੀ ਬੱਝਦਾ ਹੈ ਕਿ ਕੁਝ ਸਿੱਖ ਜਥੇਬੰਦੀਆਂ ਨੇ ਬਿੱਲ ਦੇ ਸਮਰਥਨ ’ਤੇ ਆ ਕੇ ਗੁਰੂ ਤੋਂ ਬੇ-ਦਾਵਾ ਪੜਵਾ ਲਿਆ ਹੈ।
ਦੇਸ਼ ਦੇ ਆਜ਼ਾਦ ਹੁੰਦਿਆਂ ਹੀ ਛੂਤ-ਛਾਤ ਕਾਨੂੰਨ ਰਾਹੀਂ ਖਤਮ ਕਰ ਦਿੱਤੀ ਗਈ ਸੀ ਪਰ ਹਕੀਕਤ ਇਹ ਹੈ ਕਿ ਇਸਦਾ ਪ੍ਰਚਲਨ ਜਾਰੀ ਹੈ। 1988 ਵਿੱਚ ਮੈਂ ਗੁਜਰਾਤ ਵਿਖੇ ਤਾਇਨਾਤ ਸਾਂ। ਮੇਰੇ ਸਹੁਰਾ ਸਾਹਿਬ, ਜਿਨ੍ਹਾਂ ਤਿੰਨ ਭਾਸ਼ਾਵਾਂ ਵਿੱਚ ‘ਭਾਗਵਤ ਗੀਤਾ’ ਲਿਖੀ, ਦਵਾਰਕਾ ਵਿਖੇ ਸ਼੍ਰੀ ਕ੍ਰਿਸ਼ਨ ਜੀ ਦੇ ਮੰਦਰ ਦੇ ਦਰਸ਼ਨ ਅਭਿਲਾਸ਼ੀ ਸਨ। ਉਹ ਅੰਮ੍ਰਿਤਧਾਰੀ ਸਿੱਖ ਸਨ। ਅਸੀਂ ਮੰਦਰ ਦੇ ਗੇਟ ’ਤੇ ਗਏ ਤਾਂ ਪੰਡਾ ਜੀ ਬੋਲੇ, “ਕੌਨ ਸੀ ਜਾਤ?” ਸਾਡੇ ਅਤੇ ਮੇਰੇ ਅਫਸਰਾਂ ਦੇ ਲੱਖ ਸਮਝਾਉਣ ’ਤੇ ਵੀ ਕਿ ਸਿੱਖਾਂ ਵਿੱਚ ਜਾਤ-ਪਾਤ ਨਹੀਂ ਹੈ, ਪੰਡਾ ਜੀ ਰਸਤਾ ਰੋਕ ਕੇ ਖੜ੍ਹ ਗਏ। ਅਸੀਂ ਜ਼ਿਦ ਕਰਨੀ ਮੁਨਾਸਿਬ ਨਾ ਸਮਝੀ ਤੇ ਬਾਹਰੋਂ ਹੀ ਵਾਪਸ ਆ ਗਏ। ਸਹੁਰਾ ਸਾਹਿਬ ਇੱਥੋਂ ਤਕ ਮਹਿਸੂਸ ਕਰ ਗਏ ਕਿ ਉਨ੍ਹਾਂ ਦਵਾਰਕਾ ਟਾਊਨ ਵਿੱਚ ਰਾਤ ਕੱਟਣਾ ਵੀ ਵਾਜਿਬ ਨਾ ਸਮਝਿਆ।
ਅਖਬਾਰਾਂ ਅਤੇ ਟੀਵੀ ’ਤੇ ਨਸ਼ਰ ਹੁੰਦੀਆਂ ਖ਼ਬਰਾਂ ਭੇਦ-ਭਾਵੀ ਵਰਤਾਰੇ ਦੀ ਮੂੰਹ ਬੋਲਦੀ ਤਸਵੀਰ ਹਨ। 7 ਜੁਲਾਈ 2023 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਛਪੀ - ਮੱਧ ਪ੍ਰਦੇਸ਼ - ਮੁੱਖ ਮੰਤਰੀ ਨੇ ਪਿਸ਼ਾਬ ਘਟਨਾ ਪੀੜਤ ਦੇ ਪੈਰ ਧੋ ਕੇ ਮੁਆਫੀ ਮੰਗੀ। ਕੁਛ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇਸ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਇੱਕ ਕਬਾਇਲੀ ਨੌਜਵਾਨ ਦੇ ਸਿਰ ਵਿੱਚ ਇੱਕ ਅਖੌਤੀ ਉੱਚ ਜਾਤੀਆ ਪਿਸ਼ਾਬ ਕਰਦਾ ਦਿਖਾਈ ਦਿੱਤਾ ਸੀ। ਇਸਦੇ ਬਰਾਬਰ ਹੀ ਖ਼ਬਰ ਹੈ ਕਿ ਸ਼ਿਵਪੁਰੀ ਜ਼ਿਲ੍ਹੇ ਵਿੱਚ ਦੋ ਦਲਿਤ ਨੌਜਵਾਨਾਂ ਦੀ ਕੁੱਟ-ਮਾਰ ਕੀਤੀ ਗਈ ਹੈ। ਇਹ ਵੀ ਲਿਖਿਆ ਹੈ ਕਿ ਅਜਿਹੇ ਸਿਰਫ 10% ਮਾਮਲੇ ਹੀ ਰਿਪੋਰਟ ਕੀਤੇ ਜਾਂਦੇ ਹਨ। ਇਸੇ ਦਿਨ ਇਹ ਖ਼ਬਰ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈੱਸ ਵਿੱਚ ਵੀ ਛਪੀ।
ਸੋਸ਼ਲ ਮੀਡੀਆ ’ਤੇ ਇੱਕ ਹੋਰ ਪੋਸਟ ਵਾਇਰਲ ਹੋ ਰਹੀ ਹੈ। ਦੈਨਿਕ ਭਾਸਕਰ ਅਖਬਾਰ ਦੇ ਹਿੰਦੀ-ਭਾਸ਼ਾ ਅਡੀਸ਼ਨ ਦੀ ਕਟਿੰਗ ਹੈ। ਲਿਖਿਆ ਹੈ “ਅਖਿਲ ਭਾਰਤੀ ਬ੍ਰਾਹਮਣ ਮਹਾਂ-ਸਭਾ ਨੇ ਅੱਜ ਇੱਥੇ (ਜੈਪੁਰ-ਰਾਜਸਥਾਨ) ਦੱਸਿਆ ਕਿ ਅਸੀਂ ਲੋਕ ਸਮਾਨਤਾ ਵਿੱਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਬ੍ਰਾਹਮਣ ਸਭ ਤੋਂ ਉੱਤਮ ਹਾਂ। ਬਾਕੀ ਸਭ ਗੈਰ-ਬ੍ਰਾਹਮਣ ਜੈਸੇ ਕਿ ਠਾਕੁਰ, ਬਣੀਆਂ, ਦਲਿਤ, ਪਿਛੜੇ, ਯਾਦਵ, ਜਾਟ, ਗੁਰਜਰ, ਮਾਲੀ ਅਤੇ ਔਰਤਾਂ ਆਦਿ ਨੀਚ ਹਨ। ਇਸ ਲਈ ਅਸੀਂ ਇਨ੍ਹਾਂ ਦੇ ਪੁਜਾਰੀ ਬਣਨ ਦਾ ਘੋਰ ਵਿਰੋਧ ਕਰਦੇ ਹਾਂ। ਫਿਰ ਸਦੀਆਂ ਤੋਂ ਸਾਡੀ ਕਮਾਈ ਦਾ ਸਾਧਨ ਬਣੇ ਮੰਦਰਾਂ ਨੂੰ ਅਸੀਂ ਅਸਾਨੀ ਨਾਲ ਆਪਣੇ ਹੱਥਾਂ ਵਿੱਚੋਂ ਨਿਕਲਣ ਨਹੀਂ ਦੇਵਾਂਗੇ। ਮਨੂੰ ਮਹਾਰਾਜ ਦੀ ਪਹਿਲੀ ਮੂਰਤੀ ਰਾਜਸਥਾਨ ਹਾਈ ਕੋਰਟ ਵਿੱਚ ਲੱਗੀ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਰਾਜਸਥਾਨ ‘ਮਨੂੰ ਸਮਰਿਤੀ’ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣੇ। ਇਸ ਨਾਲ ਬ੍ਰਾਹਮਣਾਂ ਨੂੰ ਕੋਈ ਸਜ਼ਾ ਨਹੀਂ ਮਿਲੇਗੀ ਅਤੇ ਉਹ ਕਿਸੇ ਵੀ ਜਾਇਦਾਦ ’ਤੇ ਅਸਾਨੀ ਨਾਲ ਕਬਜ਼ਾ ਕਰ ਲੈਣਗੇ। ਐਸਾ ਤਦ ਹੀ ਸੰਭਵ ਹੈ, ਜਦੋਂ ਭਾਜਪਾ ਦਾ ਰਾਜ ਦੁਬਾਰਾ ਰਾਜਸਥਾਨ ਵਿੱਚ ਆਵੇ। (11-07-2023)।”
ਸਾਨੂੰ ‘ਅਖਿਲ ਭਾਰਤੀ ਬ੍ਰਾਹਮਣ ਸਭਾ’ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ‘ਬ੍ਰਾਹਮਣਵਾਦ’ ਦਾ ਅਰਥ ਅਤੇ ਇਰਾਦਾ ਜਨਤਕ ਤੌਰ ’ਤੇ ਸਪਸ਼ਟ ਕਰ ਦਿੱਤਾ ਹੈ। ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਰੌਲਾ ‘ਰੋਜ਼ੀ-ਰੋਟੀ’ ਦੇ ਸਾਧਨਾਂ ’ਤੇ ਕਬਜ਼ਾ ਕਰਨ ਦਾ ਹੈ। ਬ੍ਰਾਹਮਣਵਾਦੀ ਭੇਦ-ਭਾਵੀ ਮਾਨਸਿਕਤਾ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਉਪਰੋਕਤ ਬਿਆਨੀਆਂ ਦੇਸ਼-ਵਿਦੇਸ਼ ਦੀਆਂ ਘਟਨਾਵਾਂ, ਅਤੇ ਬਿਆਨਬਾਜ਼ੀਆਂ ਦੁਖਦਾਈ ਹਨ।
ਕੋਈ ਚਾਲੀ ਸਾਲ ਪਹਿਲਾਂ ਮੇਰੇ ਅਧਿਆਪਨ ਵੇਲੇ ਦੇ ਇੱਕ ਮਿੱਤਰ-ਸਹਿਕਰਮੀ ਨੇ ਇਸ ਮਾਨਸਿਕਤਾ ਦਾ ਪ੍ਰਗਟਾਅ ਇਸ ਤਰ੍ਹਾਂ ਕੀਤਾ ਸੀ: “ਜਗਰੂਪ ਅਸੀਂ ਸਭ ਮੰਨਦੇ ਹਾਂ ਕਿ ਤੂੰ ਆਪਣੇ ਕੰਮ ਪ੍ਰਤੀ ਇਮਾਨਦਾਰ, ਮਿਹਨਤੀ ਅਤੇ ਹੁਸ਼ਿਆਰ ਹੈਂ, ਪਰ ਸਾਡੇ ਮਨ ਵਿੱਚੋਂ ਇਹ ਨਹੀਂ ਨਿਕਲਦਾ ਕਿ ਤੂੰ ਚਮਾਰ ਹੈਂ।” ਉਸ ਦਾ ਬੋਲਿਆ ਸੱਚ ਸਭ ਅਖੌਤੀ ਉੱਚ ਜਾਤੀਏ ਭਾਈਚਾਰੇ ’ਤੇ ਲਾਗੂ ਹੁੰਦਾ ਹੈ।
ਬਿੱਲ ਦਾ ਵਿਰੋਧ ਕਰ ਰਹੀਆਂ ਸੰਸਥਾਵਾਂ ‘ਬ੍ਰਾਹਮਣਵਾਦੀ’ ਹਨ। ਇਨ੍ਹਾਂ ਦਾ ਤਰਕ ਹੈ ਕਿ ਇਸ ਸੋਧ ਨਾਲ ਵਿਕਤਰੇ ਵਿੱਚ ਵਾਧਾ ਹੋਵੇਗਾ ਅਤੇ ਇਹ ਸੋਧ ਜਾਤ-ਪਾਤ ਨੂੰ ਬੜ੍ਹਾਵਾ ਦੇਵੇਗੀ। ਕਿਸੇ ਚੀਜ਼ ਨੂੰ ਬੜ੍ਹਾਵਾ ਉਹ ਹੀ ਵਿਅਕਤੀ ਜਾਂ ਸ਼੍ਰੇਣੀ ਦਿੰਦੀ ਹੈ ਜਿਸ ਨਾਲ ਉਸ ਦੇ ਹਿਤ ਸੁਰੱਖਿਅਤ ਹੁੰਦੇ ਹੋਣ। ਜਿਸਦੇ ਸਮਾਜਿਕ ਅਤੇ ਸਿਆਸੀ ਹੱਕ ਖੋਹੇ ਜਾ ਰਹੇ ਹੋਣ ਉਹ ਕਿਉਂ ਇਸ ਨੂੰ ਵਧਾਵੇਗਾ? ਇਸ ਨੂੰ ਵਧਾਉਣਾ-ਘਟਾਉਣਾ ਅਖੌਤੀ ਉੱਚ ਜਾਤੀਆਂ ਦੇ ਵੱਸ ਹੈ। ਜਾਤੀ ਦਾ ਸੰਕਲਪ ਬ੍ਰਾਹਮਣਵਾਦੀ ਸੋਚ ਦੀ ਉਪਜ ਹੈ। ਆਪਣੀ ਸੋਚ ਨੂੰ ਉੱਤਮ ਦਰਸਾਉਣ, ਆਪਣੇ ਨਿੱਜੀ ਅਤੇ ਸ਼੍ਰੇਣੀ ਹਿਤਾਂ ਦੀ ਰਾਖੀ ਲਈ ਉਹਨਾਂ ਦਾ ਵਿਰੋਧ ਕਰਨਾ ਕੁਦਰਤੀ ਹੈ। ਦੇਖਣਾ ਇਹ ਹੈ ਕਿ ਤਿੰਨ ਹਜ਼ਾਰ ਸਾਲ ਪਹਿਲਾਂ ਦਾ ਇਹ ਸੌੜਾ ਸੰਕਲਪ ਅੱਜ ਦੇ ਵਿਗਿਆਨਕ ਯੁਗ ਵਿੱਚ ਮਨੁੱਖਤਾ ਲਈ ਲਾਹੇਵੰਦ ਵੀ ਹੈ ਜਾਂ ਨਹੀਂ, ਜਦੋਂ ਕਿ ਸੰਸਾਰ ਇੱਕ ਗਲੋਬਲ-ਪਿੰਡ ਬਣ ਚੁੱਕਿਆ ਹੈ। ਆਰਟੀਫੀਸ਼ਲ ਇੰਟੈਲੀਜੈਂਸ ਦੇ ਰੋਬੌਟ ਜਾਤ ਨਹੀਂ ਜਾਣਦੇ।
ਬਿੱਲ ਨੇ ਤਾਂ ਅਸੈਂਬਲੀ ਵਿੱਚ ਪਾਸ ਹੋ ਹੀ ਜਾਣਾ ਹੈ ਕਿਉਂਕਿ ਉਸ ਸਦਨ ਵਿੱਚ ਵੀ ਡੈਮੋਕ੍ਰੇਟਸ ਦੀ ਬਹੁ-ਗਿਣਤੀ ਹੈ। ਇਸ ਲਈ ਅਖੌਤੀ ਉੱਚ ਜਾਤੀਏ ਹਿੰਦੂ ਭਾਈਚਾਰੇ ਨੂੰ ਬਿੱਲ ਦਾ ਵਿਰੋਧ ਕਰਨ ਦੀ ਬਜਾਏ ਸਮਰਥਨ ਕਰਨਾ ਚਾਹੀਦਾ ਹੈ ਤਾਂ ਕਿ ਦੇਸ਼-ਵਿਦੇਸ਼ ਵਿੱਚੋਂ ਜਾਤੀ-ਅਧਾਰਿਤ ਭੇਦ ਭਾਵ ਖਤਮ ਕੀਤਾ ਜਾ ਸਕੇ ਅਤੇ ਭਾਰਤ ਦੇਸ਼ ਇੱਕ ਵਾਰ ਫਿਰ ਵਿਸ਼ਵ-ਗੁਰੂ ਬਣਨ ਦੇ ਰਾਹ ਪੈ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4256)
(ਸਰੋਕਾਰ ਨਾਲ ਸੰਪਰਕ ਲਈ: (