“ਹਰ ਬੱਚਾ ਕੁਦਰਤ ਨੇ ਵਿਲੱਖਣ ਪੈਦਾ ਕੀਤਾ ਹੈ ਅਤੇ ਉਸ ਦੀ ਵਿਲੱਖਣਤਾ ਨੂੰ ਵਿਗਸਣ ਦੇਣ ਨਾਲ ਹੀ ਮਨੁੱਖਤਾ ...”
(26 ਜੁਲਾਈ 2024)
ਕੁਝ ਦਿਨ ਪਹਿਲਾਂ ਇੱਕ ਸਿੱਖਿਆ ਸ਼ਾਸਤਰੀ ਦੀ ਵਿਦਿਆਰਥੀਆਂ ਵੱਲੋਂ ਵਿਸ਼ਿਆਂ ਦੀ ਚੋਣ ਬਾਰੇ ਲਿਖਤ ਮੈਨੂੰ ਆਪਣਾ ਛੇਵੀਂ (1957) ਦਾ ਦਖਲਾ ਯਾਦ ਕਰਵਾ ਗਈ। ਸਕੂਲ ਵਿੱਚ ਦਾਖਲਾ ਕਿਵੇਂ ਮਿਲਦਾ ਸੀ, ਇਹ ਤਾਂ ਬਾਪੂ ਜੀ ਹੀ ਜਾਣਦੇ ਸਨ। ਇੱਕ ਗਰੀਬ ਅਨਪੜ੍ਹ ਮਜ਼ਦੂਰ ਪਿਤਾ ਸਿਰਫ ਇੰਨਾ ਹੀ ਜਾਣਦਾ ਹੋਵੇਗਾ ਕਿ ਉਸ ਦਾ ਪੁੱਤਰ ਛੇਵੀਂ ਜਮਾਤ ਵਿੱਚ ਦਾਖਲ ਹੋ ਗਿਆ ਹੈ। ਉਹ ਕੀ ਪੜ੍ਹੇਗਾ, ਪੜ੍ਹ ਕੇ ਉਸ ਲਈ ਕਿਹੜੇ ਕਿੱਤੇ ਉਪਲਬਧ ਹੋਣਗੇ, ਇਹ ਸਭ ਬਾਰੇ ਉਹ ਬਿਲਕੁਲ ਕੋਰੇ ਹੋਣਗੇ। ਉਨ੍ਹਾਂ ਮੈਨੂੰ ਦੱਸਿਆ, “ਬੇਟਾ ਮਾਸਟਰ ਜੀ ਕਹਿ ਰਹੇ ਨੇ, ਥੋਡਾ ਮੁੰਡਾ ਹੁਸ਼ਿਆਰ ਐ, ਮੈਂ ਇਸ ਨੂੰ ਅਜਿਹੇ ਵਿਸ਼ੇ ਦੇ ਦਿੱਤੇ ਹਨ ਕਿ ਇਹ ਵੱਡਾ ਹੋਕੇ ਨਵੀਂਆਂ ਨਵੀਆਂ ਚੀਜ਼ਾਂ ਬਣਾਇਆ ਕਰੂਗਾ।” ਸ਼ਾਇਦ ਉਸ ਦਾ ਮਤਲਬ ਸੀ ਕਿ ਮੁੰਡਾ ਵੱਡਾ ਹੋਕੇ ਸਾਇੰਸਦਾਨ ਬਣੇਗਾ। ਬਾਪੂ ਜੀ ਜ਼ਰੂਰ ਖੁਸ਼ ਹੋਏ ਹੋਣਗੇ, ਮੈਂ ਨਿਆਣਾ ਵੀ ਖੁਸ਼ ਹੋਇਆ ਹੋਵਾਂਗਾ।
ਦੋ ਤਿੰਨ ਮਹੀਨੇ ਗੁਜ਼ਰਨ ਤੋਂ ਬਾਅਦ ਪਤਾ ਚੱਲਿਆ ਕਿ ਮੈਂ ਸੰਸਕ੍ਰਿਤ ਦਾ ਵਿਸ਼ਾ ਪੜ੍ਹ ਰਿਹਾ ਸੀ। ਮੈਂ ਹੀ ਨਹੀਂ. ਪਿੰਡ ਦੇ, ਖਾਸ ਕਰਕੇ ਦਲਿਤ ਸਮਾਜ ਦੇ ਬੱਚੇ, ਸੰਸਕ੍ਰਿਤ ਦੀ ਕਲਾਸ ਵਿੱਚ ਭਰਤੀ ਕਰ ਦਿੱਤੇ ਗਏ ਸਨ। ਹੋਰ ਪਿੰਡਾਂ ਦੇ ਬੱਚੇ ਵੀ ਸਨ। ਸ਼ਹਿਰੀ ਬੱਚਾ ਇੱਕ ਅੱਧ ਹੀ ਸੀ। ਇਸਦੀ ਚੋਣ ਵਿੱਚ ਨਾ ਸਾਡੇ ਮਾਪਿਆਂ ਦਾ ਕੋਈ ਹੱਥ ਸੀ ਅਤੇ ਨਾ ਹੀ ਕਿਸੇ ਵਿਦਿਆਰਥੀ ਦਾ। ਇਹ ਵਿਸ਼ਾ ਸਾਡੇ ਲਈ ਚੁਣਿਆ ਗਿਆ ਸੀ। ਸਾਨੂੰ ਸਮਾਜਿਕ-ਵਿਗਿਆਨ ਵੀ ਪੜ੍ਹਾਇਆ ਜਾ ਸਕਦਾ ਸੀ, ਜਿਸਦੀ ਸਾਨੂੰ ਜ਼ਰੂਰਤ ਵੀ ਸੀ। ਕਈ ਦਹਾਕਿਆਂ ਬਾਅਦ ਜਦੋਂ ਥੋੜ੍ਹੀ ਬਹੁਤ ਸੂਝ ਆਉਣ ਲੱਗੀ ਤਾਂ ਪਿਛਲ ਝਾਤ ਮਾਰਿਆਂ ਮੈਂ ਇਸ ਨਤੀਜੇ ’ਤੇ ਪਹੁੰਚਿਆ ਕਿ ਸ਼ਹਿਰੀ ਆਬਾਦੀ ਵਿੱਚ ਜਾਗਰੂਕਤਾ ਜ਼ਿਆਦਾ ਹੋਣ ਕਰਕੇ ਉਹ ਸਮਝ ਗਏ ਸਨ ਕਿ ਸੰਸਕ੍ਰਿਤ ਵਿਸ਼ੇ ਦਾ ਬਹੁਤਾ ਭਵਿੱਖ ਨਹੀਂ ਹੈ, ਇਸ ਲਈ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੂਸਰੇ ਵਿਸ਼ਿਆਂ ਵੱਲ ਉਲਾਰ ਦਿੱਤਾ ਸੀ। ਦੂਸਰਾ ਸਿੱਟਾ ਮੈਂ ਇਹ ਕੱਢਿਆ ਕਿ ਸੰਸਕ੍ਰਿਤ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਇੰਨੀ ਘਟ ਗਈ ਹੋਵੇਗੀ ਕਿ ਬਾਬੂ ਰਾਮ ਸ਼ਾਸਤਰੀ ਨੇ ਸਾਨੂੰ ਪੇਂਡੂਆਂ ਨੂੰ ਬਲੀ ਦਾ ਬੱਕਰਾ ਬਣਾਉਣਾ ਹੀ ਠੀਕ ਸਮਝਿਆ ਤਾਂ ਕਿ ਉਸ ਦੀ ਅਸਾਮੀ ਬਚੀ ਰਹੇ। ਦੁਖਦਾਈ ਯਾਦ ਤਾਜ਼ਾ ਹੋ ਆਈ ਹੈ ਕਿ ਉਹ ਪੜ੍ਹਾਉਣ ਵੇਲੇ ਮੱਥੇ ’ਤੇ ਤਿਉੜੀਆਂ ਹੀ ਪਾਈਂ ਰੱਖਦੇ ਸਨ। ਸ਼ਾਇਦ ਸੋਚ ਰਹੇ ਹੋਣ, “ਆਹ ਕਿਹੜੇ ਦਿਨ ਦੇਖਣੇ ਪੈ ਗਏ, ਉਨ੍ਹਾਂ ਲੋਕਾਂ ਨੂੰ ਦੇਵ-ਭਾਸ਼ਾ ਪੜ੍ਹਾਉਣੀ ਪੈ ਗਈ, ਜਿਨ੍ਹਾਂ ਨੂੰ ਵਿੱਦਿਆ ਦਾ ਹੱਕ ਹੀ ਨਹੀਂ ਸੀ।”
ਬਾਬੂ ਰਾਮ ਸ਼ਾਸਤਰੀ ਦੀ ਬੋਲਚਾਲ ਵਿੱਚ ਸਾਡੇ ਲਈ ਤਿਹੁ ਦੀ ਕਣੀ ਵੀ ਨਹੀਂ ਹੁੰਦੀ ਸੀ। ਉਨ੍ਹਾਂ ਨੂੰ ਤਾਂ ਸਾਡਾ ਸ਼ੁਕਰਗੁਜਾਰ ਹੋਣਾ ਚਾਹੀਦਾ ਸੀ ਕਿ ਅਸੀਂ ਆਪਣੇ ਬਚਪਨ ਦੀਆਂ ਖੇਡਾਂ ਦਾ ਸਮਾਂ ਉਨ੍ਹਾਂ ਦੇ ਵਿਸ਼ੇ ਦੀਆਂ ਗਰਦਾਨਾਂ ਯਾਦ ਕਰਨ ਵਿੱਚ ਗੁਜਾਰਦੇ ਸੀ। ਸਾਡੇ ਤਾਂ ਆਲੇ ਦੁਆਲੇ ਮੀਲਾਂ ਦੇ ਫਾਸਲਿਆਂ ਵਿੱਚ ਵੀ ਕੋਈ ਇਹ ਨਹੀਂ ਜਾਣਦਾ ਸੀ ਕਿ ‘ਸੰਸਕ੍ਰਿਤ’ ਵੀ ਕੋਈ ਪੜ੍ਹਨ ਵਾਲਾ ਵਿਸ਼ਾ ਹੈ। ਉਂਝ ਸਾਡਾ ਖਹਿੜਾ ਇਸ ਤੋਂ ਕੋਈ ਨੌਂ ਕੁ ਮਹੀਨਿਆਂ ਵਿੱਚ ਛੁੱਟ ਗਿਆ, ਜਦੋਂ ਸਾਡੇ ਹੀ ਪਿੰਡ ਮਿਡਲ ਸਕੂਲ ਸ਼ੁਰੂ ਹੋ ਗਿਆ ਤੇ ਅਸੀਂ ਰਹਿੰਦੇ ਤਿੰਨ ਮਹੀਨਿਆਂ ਵਿੱਚ ‘ਸਿਵਿਕਸ’ ਵਿਸ਼ੇ ਨਾਲ ਛੇਵੀਂ ਪਾਸ ਕਰ ਗਏ।
ਸਾਡੀ ਸੱਭਿਅਤਾ ਦੇ ਵੈਦਿਕ ਕਾਲ ਤੋਂ ਬਾਅਦ ਦੇ ਧਾਰਮਿਕ ਸਾਹਿਤ ਦਾ ਅਧਿਐਨ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਤਤਕਾਲੀ ਸ਼ਾਸਕਾਂ ਅਤੇ ਧਰਮ-ਸ਼ਾਸਤਰੀਆਂ ਨੇ ਸਮਾਜ ਦੀਆਂ ਕੁਝ ਸ਼੍ਰੇਣੀਆਂ (ਅਖੌਤੀ ਨੀਵੀਂਆਂ ਸ਼੍ਰੇਣੀਆਂ) ’ਤੇ ਪਾਬੰਦੀਆਂ ਲਗਾ ਕੇ ਉਨ੍ਹਾਂ ਲਈ ਕਿੱਤਿਆਂ ਦੀ ਚੋਣ ਸੀਮਤ ਕਰ ਦਿੱਤੀ। ਵਿੱਦਿਆ ਗ੍ਰਹਿਣ ਕਰਨ ਦੇ ਅਧਿਕਾਰ ਤੋਂ ਹੀ ਵੰਚਿਤ ਕਰ ਦਿੱਤੇ ਗਏ। ਇਸ ਵਿਸ਼ੇ ਵਿੱਚ ਨਾ ਜਾਂਦੇ ਹੋਏ ਕਹਿ ਸਕਦਾ ਹਾਂ ਕਿ ਪਿਛਲੀ ਸਦੀ ਵਿੱਚ ਇਨ੍ਹਾਂ ਸ਼੍ਰੇਣੀਆਂ ਨੂੰ ਜੱਦੋਜਹਿਦ ਕਰਨ ਉਪਰੰਤ ਮਿਲੇ ਇਹ ਅਧਿਕਾਰ ਉੱਪਰਲੇ ਵਿਚਾਰ ਨੂੰ ਪ੍ਰਮਾਨਿਤ ਕਰਦੇ ਹਨ। ਮੇਰੇ ਪਿਤਾ ਜੀ ਵਰਗੇ ਕਰੋੜਾਂ ਇਨਸਾਨ ਇਸ ਵੰਚਿਤ ਸਮਾਜ ਨਾਲ ਸੰਬੰਧਿਤ ਸਨ ਅਤੇ ਮੇਰੇ ਵਰਗੇ ਕਰੋੜਾਂ ਉਸ ਸਮੇਂ ਪੈਦਾ ਹੋਏ, ਜਦੋਂ ਸਾਨੂੰ ਕਿੱਤੇ ਅਤੇ ਵਿਸ਼ੇ ਚੁਣਨ ਦੀ ਖੁੱਲ੍ਹ ਕਾਨੂੰਨੀ ਤੌਰ ’ਤੇ ਪ੍ਰਦਾਨ ਹੋ ਚੁੱਕੀ ਸੀ। ਸਾਡੀ ਸਭ ਦੀ ਤ੍ਰਾਸਦੀ ਇਹ ਹੈ ਕਿ ਅਸੀਂ ਅੱਖੀਂ ਦੇਖਿਆ ਸੱਚ ਵੀ ਸਵੀਕਾਰ ਕਰਨ ਤੋਂ ਮੁਨਕਰ ਹਾਂ। ਸੱਚ ਨੂੰ ਝੁਠਲਾਉਣਾ ਸਾਨੂੰ ਜਿਵੇਂ ਵਿਰਾਸਤ ਵਿੱਚ ਹੀ ਮਿਲਿਆ ਹੋਵੇ।
ਸਰਕਾਰੀ ਸਕੂਲ ਵਿੱਚ ਨੌਂਵੀਂ ਦਾ ਦਾਖਲਾ ਹੋ ਰਿਹਾ ਸੀ, ਸਿਲਵੱਟਿਆਂ ਵਾਲਾ ਕੁੜਤਾ-ਪਜਾਮਾ ਪਾਈਂ ਮੈਂ ਭਵਿੱਖੀ ਡਾਕਟਰਾਂ ਦੀ ਲਾਈਨ ਵਿੱਚ ਖੜ੍ਹ ਗਿਆ। ਸਾਇੰਸ ਮਾਸਟਰ ਮੇਰੇ ’ਤੇ ਇਉਂ ਝਪਟਿਆ ਜਿਵੇਂ ਬਿੱਲੀ ਚੂਹੇ ’ਤੇ ਟੁੱਟ ਪੈਂਦੀ ਹੈ। ਉਹ ਮੋਢੇ ਤੋਂ ਫੜ ਕੇ ਗਰਜਿਆ, “ਕਿਆ ਆਪ ਕੇ ਮਾਤਾ-ਪਿਤਾ ਡਾਕਟਰੀ ਕੀ ਫੀਸ ਭਰ ਦੇਂਗੇ?”
ਮੇਰਾ ਸਾਹ-ਸੂਤਿਆ ਗਿਆ। ਮੈਂ ਡਾਕਟਰ ਬਣਨ ਦੀ ਇੱਛਾ ਪਾਲ ਰਿਹਾ ਸੀ ਅਤੇ ਮਾਸਟਰ ਜੀ ਦੇ ਸ਼ਬਦਾਂ ਨੇ ਜਿਵੇਂ ਇਸ ਆਸ ’ਤੇ ਪਾਣੀ ਫਿਰ ਦਿੱਤਾ ਹੋਵੇ। ਮੈਂ ਉੱਭੜਵਾਹੇ ਭੜਕ ਗਿਆ, “ਮਾਸਟਰ ਜੀ, ਪਹਿਲਾਂ ਇਹ ਹਾਈਜੀਨ-ਫਿਜਿਆਲੋਗੀ ਤਾਂ ਪੜ੍ਹਨ ਦਿਓ, ਬਾਕੀ ਫਿਰ ਦੇਖੀ ਜਾਊ!”
ਮਾਸਟਰ ਜੀ ਅੱਖਾਂ ਟੱਡੀਂ ਮੇਰੇ ਵੱਲ ਦੇਖਦੇ ਅਵਾਕ ਖੜ੍ਹੇ ਸਨ। ਸਭ ਉਨ੍ਹਾਂ ਨੂੰ ‘ਫੁਕਰਾ ਮਾਸਟਰ’ ਕਹਿੰਦੇ ਸਨ ਅਤੇ ਹੁਣ ਉਨ੍ਹਾਂ ’ਤੇ ਮੁਸਕੜੀਏਂ ਹੱਸ ਰਹੇ ਸਨ। ਮੈਂ ਇਹ ਵਿਸ਼ਾ ਦਸਵੀਂ ਵਿੱਚ ਚੰਗੇ ਅੰਕ ਲੈਕੇ ਪਾਸ ਕਰ ਗਿਆ।
ਹੁਣ ਤਕ ਅਹਿਸਾਸ ਹੋ ਚੁੱਕਾ ਸੀ ਕਿ ਅਸੀਂ ਡਾਕਟਰੀ ਦੇ ਕੋਰਸ ਦਾ ਖਰਚਾ ਨਹੀਂ ਉਠਾ ਸਕਦੇ ਸੀ। ਸੋਚਿਆ ਕਿ ਇੰਜਨੀਅਰਇੰਗ ਕਰ ਲਵਾਂਗੇ ਅਤੇ ਇਸ ਲਈ ਨਾਨ-ਮੈਡੀਕਲ ਦੇ ਵਿਸ਼ੇ ਪੜ੍ਹਨੇ ਜ਼ਰੂਰੀ ਸਨ। ਮਾਇਕ ਮਜਬੂਰੀ ਵੱਸ ਇਹ ਚੋਣ ਕਰ ਲਈ ਗਈ। ਕਾਲਜ ਵਿੱਚ ਦਾਖਲਾ ਲੈਣ ਲਈ ਕੁਝ ਓਹੜ ਪੋਹੜ ਕਰਦਿਆਂ ਮੇਰੇ ਸੱਜੇ ਗਿੱਟੇ ਕੋਲ ਕੱਚ ਵੱਜ ਗਿਆ ਸੀ ਅਤੇ ਪ੍ਰਿੰਸੀਪਲ ਸਾਹਮਣੇ ਸਾਖਸ਼ਾਤ ਹੋਣ ਵੇਲੇ ਖੱਦਰ ਦੇ ਪਜਾਮੇ ਹੇਠ ਵੱਡਾ ਪਟਾ ਬੰਨ੍ਹਿਆ ਹੋਇਆ ਸੀ। ਦਸਵੀਂ ਵਿੱਚੋਂ ਚੰਗੇ ਨੰਬਰ ਹੋਣ ਦੇ ਬਾਵਜੂਦ ਵੀ ਮੇਰੇ ਪਹਿਰਾਵੇ ਵਿੱਚੋਂ ਝਲਕਦੀ ਮੇਰੀ ਆਰਥਿਕ ਸਥਿਤੀ ਦੇਖ ਕੇ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ, “ਇਸ ਹਾਲਤ ਵਿੱਚ ਤੁਸੀਂ ਪਿੰਡ ਤੋਂ ਆ ਕੇ ਨਾਨ-ਮੈਡੀਕਲ ਨਹੀਂ ਪੜ੍ਹ ਸਕਦੇ, ਹੋਸਟਲ ਵਿੱਚ ਰਹਿਣਾ ਪਵੇਗਾ।”
ਉਹ ਵੀ ਅਤੇ ਮੈਂ ਵੀ ਜਾਣਦਾ ਸੀ ਕਿ ਮੈਂ ਹੋਸਟਲ ਦਾ ਖਰਚ ਨਹੀਂ ਦੇ ਸਕਦਾ। ਫਿਰ ਵੀ ਮੈਂ ਹੋਸਟਲ ਵਿੱਚ ਰਹਿਣ ਦੀ ਹਾਮੀ ਭਰ ਦਿੱਤੀ। ਇਹ ਵੱਖਰੀ ਕਹਾਣੀ ਹੈ ਕਿ ਮੇਰੇ ਹੋਸਟਲ ਵਿੱਚ ਰਹਿਣ ਦੀ ਸ਼ਰਤ ਕਿਵੇਂ ਨਾ ਕਿਵੇਂ ਹਟ ਗਈ। ਅਜਿਹੇ ਹਾਲਾਤ ਵਿੱਚ ਵਿਦਿਆਰਥੀ ਆਪਣੇ ਪਸੰਦ ਦੇ ਵਿਸ਼ੇ ਕਿਵੇਂ ਚੁਣ ਸਕਦਾ ਹੈ। ਪਰਿਵਾਰ ਦੀ ਆਰਥਿਕ ਸਥਿਤੀ, ਪਰਿਵਾਰ ਵਿੱਚ ਵਿੱਦਿਆ ਦਾ ਸਤਰ ਬੱਚਿਆਂ ਦੇ ਵਿਸ਼ਿਆਂ ਦੀ ਚੋਣ ’ਤੇ ਪ੍ਰਭਾਵ ਪਾਉਂਦੇ ਹੀ ਹਨ।
ਇੰਜਨੀਅਰਿੰਗ ਕਾਲਜ ਵਿੱਚ ਦਾਖਲਾ ਵੀ ਮਿਲ ਗਿਆ ਪਰ ਮੈਂ ਫਿਰ ਉਸ ਦੋਹਾਰੇ ’ਤੇ ਆ ਖੜ੍ਹਾ ਹੋਇਆ, ਸਾਇੰਸ ਮਾਸਟਰ ਬਣਾ ਜਾਂ ਇੰਜਨੀਅਰ? ਮੈਨੂੰ ਚੋਣ ਕਰਨੀ ਹੀ ਪੈਣੀ ਸੀ, ਮਜਬੂਰੀ ਵੱਸ ਬੀ ਐੱਸ ਸੀ ਵਿੱਚ ਦਾਖਲ ਹੋ ਗਿਆ। ਮਾਰਗ ਦਰਸ਼ਤਾ ਦੀ ਘਾਟ ਵੀ ਵਿਸ਼ਿਆਂ ਦੀ ਚੋਣ ਸਹੀ ਨਾ ਹੋਣ ਵਿੱਚ ਇੱਕ ਵੱਡਾ ਅੜਿੱਕਾ ਸੀ। ਬੀ ਐੱਸ ਸੀ ਕਰਨ ਤਕ ਸਾਨੂੰ ਸਿਰਫ ਐਨਾ ਹੀ ਪਤਾ ਸੀ ਕਿ ਅਸੀਂ ਸਾਇੰਸ ਮਾਸਟਰ ਬਣ ਰਹੇ ਹਾਂ, ਜ਼ਿਆਦਾ ਤੋਂ ਜ਼ਿਆਦਾ ਕਿਸੇ ਵਿਸ਼ੇ ਦੇ ਕਾਲਜ ਪ੍ਰੋਫੈਸਰ ਬਣ ਜਾਵਾਂਗੇ, ਜਦੋਂ ਕਿ ਸਾਡੇ ਲਈ ਇੰਡਸਟਰੀ, ਰਿਸਰਚ, ਕੈਮੀਕਲ ਅਤੇ ਦਵਾਈਆਂ, ਆਦਿ ਵਿੱਚ ਬਹੁਤ ਕਿੱਤਿਆਂ ਦੇ ਬੂਹੇ ਖੁੱਲ੍ਹੇ ਸਨ। ਹਮ ਜਮਾਤੀ ਬਹੁਤੇ ਮਾਸਟਰ ਜਾਂ ਕਲਰਕ ਬਣ ਕੇ ਹੀ ਰਹਿ ਗਏ ਸਨ।
ਜਿਉਂ ਜਿਉਂ ਮੈਂ ਅੱਗੇ ਵਧਦਾ ਗਿਆ, ਪਰਿਵਾਰ ਅਤੇ ਪਿਤਾ ਜੀ ਦੀਆਂ ਆਸਾਂ ਅਤੇ ਉਮੀਦਾਂ ਦੇ ਦ੍ਰਖ਼ਤ ਫਲ ਦੇਖਣ ਦੀ ਤਾਂਘ ਦਿਖਾਉਣ ਲੱਗੇ। ਸਿਆਲ ਦੇ ਦਿਨ ਸਨ ਕਿ ਮੈਂ ਇੱਕ ਰਫ ਜਿਹੀ ਕਾਪੀ ਤੇ ਏਯਰੋਮੇਟਿਕ ਰਸਾਇਣ ਦੇ ਕੁਝ ਫਾਰਮੂਲੇ ਲਿਖਣ ਦਾ ਅਭਿਆਸ ਕਰ ਰਿਹਾ ਸੀ ਤਾਂ ਖੇਤੋਂ ਬਾਪੂ ਜੀ ਕੋਲ ਆ ਕੇ ਖਲੋ ਗਏ। ਉਹ ਗੁੱਸੇ ਵਿੱਚ ਕਹਿਣ ਲੱਗੇ, “ਅਸੀਂ ਤੈਨੂੰ ਕਾਪੀ ਮਸਾਂ ਲੈ ਕੇ ਦਿੰਨੇਂ ਆਂ, ਤੂੰ ਆਹ ਘਰ ਬਣਾ ਬਣਾ ਖੇਡ ਰਿਹਾ ਹੈਂ।” ਮੇਰਾ ਸੁਤੇ ਸਿੱਧ ਹਾਸਾ ਨਿਕਲ ਗਿਆ, ਜਿਸ ਨਾਲ ਬਾਪੂ ਜੀ ਨੂੰ ਹੋਰ ਗੁੱਸਾ ਆ ਗਿਆ।
“ਲੱਗ ਗਿਆ ਤੇਰਾ ਪਤਾ! ਤੂੰ ਜਿਹੜਾ ਡੀ ਸੀ ਬਣੇਂਗਾ, ਅਸੀਂ ਐਵੇਂ ਹੀ … …।”
ਮੈਂ ਉਨ੍ਹਾਂ ਨੂੰ ਕਿਤਾਬ ਦਿਖਾਈ ਕਿ ਮੈਂ ਦਰਅਸਲ ਪੜ੍ਹ ਹੀ ਰਿਹਾ ਸੀ। “ਭਾਈ ਸਾਨੂੰ ਅਨਪੜ੍ਹਾਂ ਨੂੰ ਕੀ ਪਤੈ ...।”ਕਹਿਕੇ ਸ਼ਾਂਤ ਹੋ ਗਏ।
ਉਨ੍ਹਾਂ ਨੂੰ ਜ਼ਰੂਰ ਲਗਦਾ ਹੋਵੇਗਾ ਕਿ ਅਜਿਹੀ ਪੜ੍ਹਾਈ ਨਾਲ ਮੈਂ ਅਫਸਰ ਨਹੀਂ ਬਣ ਸਕਦਾ ਹੋਵਾਂਗਾ। ਮਿਹਨਤਕਸ਼ ਲੋਕਾਂ ਦੀਆਂ ਇਛਾਵਾਂ ਆਪਣੇ ਬੱਚਿਆਂ ਦੇ ਵਿਸ਼ੇ ਅਤੇ ਕਿੱਤੇ ਦੀ ਚੋਣ ’ਤੇ ਢੂੰਗਾ ਪ੍ਰਭਾਵ ਪਾਉਂਦੀਆਂ ਹਨ।
ਮੈਂ ਕਿਵੇਂ ਨਾ ਕਿਵੇਂ ਪ੍ਰੋਫੈਸਰ ਬਣ ਗਿਆ। ਇਹ ਮੇਰੇ ਮਨ ਪਸੰਦ ਦਾ ਕਿੱਤਾ ਵੀ ਸੀ ਪਰ ਪਿਤਾ ਜੀ ਦਾ ਸਿਰੜ ਸੀ ਕਿ ਉਹ ਮੈਨੂੰ ਅਫਸਰ ਬਣਾ ਕੇ ਹੀ ਰਹਿਣਗੇ। ਹੁਣ ਮੈਨੂੰ ਹੋਰ ਵਿਸ਼ਿਆਂ ਦੀ ਚੋਣ ਕਰਨੀ ਪੈਣੀ ਸੀ ਪਰ ਇਹ ਬਿਲਕੁਲ ਵੱਖਰੇ ਸੰਦਰਭ ਦੀ ਗੱਲ ਹੈ।
ਸਮਾਜ ਵਿੱਚ ਅਜਿਹਾ ਸਿਲਸਿਲਾ ਜਾਰੀ ਹੈ ਅਤੇ ਸ਼ਾਇਦ ਜਾਰੀ ਰਹੇਗਾ ਹੀ। ਕੁਝ ਦਿਨ ਹੋਏ ਇੱਕ ਬਾਰ੍ਹਵੀਂ ਜਮਾਤ ਦੀ ਬੱਚੀ ਨਾਲ ਮੁਲਾਕਤ ਹੋ ਗਈ। ਪਰਿਵਾਰ ਨੂੰ ਚੰਗੀ ਕਮਾਈ ਸੀ। ਗੱਲਬਾਤ ਦੌਰਾਨ ਪਤਾ ਚੱਲਿਆ ਕਿ ਉਹ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਉਸ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ। ਥੋੜ੍ਹਾ ਜਿਹਾ ਉਸ ਨਾਲ ਹੋਰ ਗੱਲਬਾਤ ਤੋਂ ਪਤਾ ਚੱਲਿਆ ਕਿ ਸਾਇੰਸ ਦੇ ਵਿਸ਼ੇ ਪਾਸ ਕਰਨ ਲਈ ਉਹ ਜ਼ਿਆਦਾਤਰ ‘ਘੋਟਾ‘ ਲਾ ਕੇ ਫਾਰਮੂਲੇ ਪੀ ਰਹੀ ਸੀ। ਉਸ ਦਾ ਵਿਚਾਰ ਸੀ ਕਿ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਉਹ ‘ਕੋਟਾ ਫੈਕਟਰੀ’ ਤੋਂ ਕੋਚਿੰਗ ਲੈ ਕੇ NEET ਪਾਸ ਕਰ ਜਾਵੇਗੀ ਅਤੇ ਅੰਤ ਡਾਕਟਰੀ ਦੇ ਕੋਰਸ ਵਿੱਚ ਦਾਖਲਾ ਲੈ ਲਵੇਗੀ। ਅਖ਼ਬਾਰੀ ਖ਼ਬਰਾਂ ਮੁਤਾਬਿਕ ਇਸ ਇਮਿਤਹਾਨ ਦਾ ਪਰਚਾ 32-32 ਲੱਖ ਰੁਪਏ ਵਿੱਚ ਵਿਕਿਆ ਹੈ ਅਤੇ ਮਾਮਲਾ ਸੁਪਰੀਮ ਕੋਰਟ ਤਕ ਪਹੁੰਚ ਗਿਆ ਹੈ। ਅਜਿਹੇ ਹਾਲਾਤ ਵਿੱਚ ਗਰੀਬ ਪੇਂਡੂ ਬੱਚੇ ਭਾਵੇਂ ਆਪਣੀ ਮਰਜ਼ੀ ਨਾਲ ਹੀ ਵਿਸ਼ਿਆਂ ਦੀ ਚੋਣ ਕਰਕੇ ਇਮਿਤਹਾਨ ਦੇ ਰਹੇ ਹੋਣ ਪਰ ਧਨ-ਕੁਬੇਰ ਅਤੇ ਹੋਰ ਗਰੋਹ ਆਪਣਿਆਂ ਨੂੰ ਹਰ ਹਰਬਾ ਵਰਤ ਕੇ ਅੱਗੇ ਕੱਢ ਦੇਣਗੇ।
‘... ਗਰੁੱਪ ਆਫ ਰੀਪੁਅਟਡ ਇੰਸਟੀਚਿਊਸ਼ਨਜ਼’ ਹੋ ਸਕਦਾ ਹੈ ਕੌਮਾਂਤਰੀ ਪੱਧਰ ਦੀ ਸਿਖਲਾਈ ਅਤੇ ਵਿੱਦਿਆ ਪ੍ਰਦਾਨ ਕਰਦੇ ਹੋਣ ਪਰ ਇਨ੍ਹਾਂ ਨੇ ਵੀ ਸਮਾਜ ਦੀ ਮੱਧ ਵਰਗੀ ਅਤੇ ਗਰੀਬ ਸ਼੍ਰੇਣੀ ਨੂੰ ਉਨ੍ਹਾਂ ਵਿਸ਼ਿਆਂ ਦੀ ਚੋਣ ਤੋਂ ਵਾਂਝਾ ਹੀ ਕਰ ਦਿੱਤਾ ਹੈ, ਜਿਹੜੇ ਉਹ ਵਿਦਿਆਰਥੀਆਂ ਨੂੰ ਚੋਣ ਵਾਸਤੇ ਪਰੋਸਦੇ ਹਨ। ਉਨ੍ਹਾਂ ਦੀ ਦਾਖਲਾ ਫੀਸ, ਟਿਉਸ਼ਨ ਫੀਸ, ਹੋਸਟਲ ਆਦਿ ਦੇ ਖਰਚੇ ਇਨ੍ਹਾਂ ਸ਼੍ਰੇਣੀਆਂ ਦੇ ਵਿਤੋਂ ਬਾਹਰ ਦੀ ਗੱਲ ਹੈ। ਦੇਸ਼ ਵਿੱਚ ਗਰੀਬ ਅਤੇ ਅਮੀਰ ਵਿਚਕਾਰ ਵਧ ਰਿਹਾ ਆਰਥਿਕ ਪਾੜਾ ਵਿਸ਼ਿਆਂ ਦੀ ਚੋਣ ਨੂੰ ਆਮ ਨਾਗਰਿਕ ਲਈ ਸੁੰਗੇੜਦਾ ਹੀ ਜਾਵੇਗਾ।
ਸਮਾਜ ਵਿੱਚ ਪ੍ਰਚਲਤ ਧਾਰਨਾਵਾਂ ਵੀ ਵਿਸ਼ਿਆਂ ਦੀ ਚੋਣ ’ਤੇ ਪ੍ਰਭਾਵ ਪਾਉਂਦੀਆਂ ਹਨ। ਅੱਜ ਕੱਲ੍ਹ ਪੰਜਾਬ ਵਿੱਚ ਦੂਸਰੇ ਮੁਲਕਾਂ, ਖਾਸ ਕਰ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਨੂੰ ਪਰਵਾਸ ਦੀ ਦੌੜ ਲੱਗੀ ਹੋਈ ਹੈ। ਨੌਜਵਾਨ ਅਜਿਹੇ ਵਿਸ਼ੇ ਚੁਣਦੇ ਹਨ ਕਿ ਕਿਵੇਂ ਨਾ ਕਿਵੇਂ ਬਾਰ੍ਹਵੀਂ ਹੋ ਜਾਵੇ ਤੇ IELTS ਵਿੱਚੋਂ 8 ਬੈਂਡ ਆ ਜਾਣ ’ਤੇ ਉਹ ਪਰਵਾਸ ਕਰ ਜਾਣ।
ਇਹ ਗੰਭੀਰ ਸਿਲਸਿਲਾ ਚਲਦਾ ਹੀ ਰਹੇਗਾ ਜਦੋਂ ਤਕ ਅਸੀਂ ਆਪਣਾ ਦੋਗਲਾਪਨ ਤਿਆਗ ਕੇ ਜੀਵਨ ਦੇ ਅਸਲੀ ਮਾਅਨਿਆਂ ਨੂੰ ਮਾਨਤਾ ਨਹੀਂ ਦੇਵਾਂਗੇ। ਹਰ ਬੱਚਾ ਕੁਦਰਤ ਨੇ ਵਿਲੱਖਣ ਪੈਦਾ ਕੀਤਾ ਹੈ ਅਤੇ ਉਸ ਦੀ ਵਿਲੱਖਣਤਾ ਨੂੰ ਵਿਗਸਣ ਦੇਣ ਨਾਲ ਹੀ ਮਨੁੱਖਤਾ ਦਾ ਵਿਕਾਸ ਹੋ ਸਕਦਾ ਹੈ। ਮਾਪਿਆਂ ਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਬੱਚਿਆਂ ਦੀਆਂ ਇੱਛਾਵਾਂ ਨੂੰ ਕੁਚਲਣਾ ਕਦਾਚਿੱਤ ਜਾਇਜ਼ ਨਹੀਂ ਠਹਰਾਇਆ ਜਾ ਸਕਦਾ। ਇਹ ਅਣਮਨੁੱਖੀ ਵਰਤਾਰਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5163)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.