“ਮੈਨੂੰ ਟੁੱਟੀ ਫੁੱਟੀ ਗੁਜਰਾਤੀ ਵਿੱਚ ਕਹਿਣਾ ਪਿਆ, “ਤੇਰਾ ਬਾਪ, ਫਾਇਨੈਂਸ ਮਨਿਸਟਰ ਭੇਜੇ ਸ਼ੇ ...”
(4 ਅਪਰੈਲ 2025)
ਸ਼ੇਰਨੀ ਦਾ ਦੁੱਧ ਤਾਂ ਸ਼ੇਰ ਦਾ ਬੱਚਾ ਹੀ ਪੀ ਸਕਦਾ ਹੈ, ਇਸ ਨੂੰ ਪੀਣਾ ਮਨੁੱਖ ਦੇ ਹਿੱਸੇ ਨਹੀਂ ਆਇਆ। ਹਾਂ, ਅਜਿਹੇ ਗੁਣ ਜ਼ਰੂਰ ਹਨ ਜਿਨ੍ਹਾਂ ਨੂੰ ਅਪਣਾ ਕੇ ਬੰਦਾ ਸ਼ੇਰ ਦੀ ਤਰ੍ਹਾਂ ਦਹਾੜਨ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ। ਇਨ੍ਹਾਂ ਅਜਿਹੇ ਗੁਣਾਂ ਵਿੱਚੋਂ ਭਾਸ਼ਾਵਾਂ ਦਾ ਗਿਆਨ ਸਰਬ-ਉੱਤਮ ਹੈ। ਹਰ ਜਾਤ, ਕਬੀਲੇ, ਭਾਈਚਾਰੇ ਦੀ ਭਾਸ਼ਾ ਦਾ ਗਿਆਨ ਹੀ ਉਸਦੇ ਵਿਚਾਰਾਂ, ਧਾਰਮਿਕ ਸੰਸਥਾਵਾਂ, ਤਿਉਹਾਰਾਂ, ਮੇਲਿਆਂ ਅਤੇ ਖੁਸ਼ੀਆਂ-ਗ਼ਮੀਆਂ ਦੇ ਗੀਤਾਂ ਬਾਰੇ ਜਾਣਕਾਰੀ ਦੇ ਸਕਦਾ ਹੈ। ਕਿਸੇ ਕੌਮ ਦੀ ਸਮਾਜਿਕ ਅਤੇ ਸਿਆਸੀ ਵਿਚਾਰਧਾਰਾ ਨੂੰ ਸਮਝਣ ਲਈ ਵੀ ਉਸ ਕੌਮ ਦੀ ਭਾਸ਼ਾ ਦਾ ਗਿਆਨ ਅਤਿ ਜ਼ਰੂਰੀ ਹੁੰਦਾ ਹੈ।
ਭਾਸ਼ਾ ਦੇ ਗਿਆਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਮਾਜ ਅਤੇ ਸਰਕਾਰ ਤੈਅ ਕਰਦੇ ਹਨ ਕਿ ਕਿਹੜੀ ਭਾਸ਼ਾ ਦਾ ਗਿਆਨ ਦਿੱਤਾ ਜਾਵੇ ਅਤੇ ਕਿਸਦਾ ਨਾ ਦਿੱਤਾ ਜਾਵੇ। ਸਾਡਾ ਦੇਸ਼ ਬਹੁ-ਭਾਸ਼ਾਈ ਹੋਣ ਕਰਕੇ ਭਾਸ਼ਾਈ ਸਿੱਖਿਆ ਦੇ ਫੈਸਲੇ ਕੇਂਦਰ-ਸਰਕਾਰ ਕਰਦੀ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪੋ ਆਪਣੀ ਰਾਜਸੀ ਨੀਤੀ ਨੂੰ ਮੁੱਖ ਰੱਖ ਕੇ ਵੱਖ ਵੱਖ ਭਾਸ਼ਾ-ਨੀਤੀ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਆਮ ਸਹਿਮਤੀ ਰਹੀ ਹੈ ਕਿ ਸਕੂਲ ਵਿੱਚ ਮੁਢਲੀ ਸਿੱਖਿਆ ਦੌਰਾਨ ਬੱਚਿਆਂ ਨੂੰ ਤਿੰਨ ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾਵੇ, ਪ੍ਰਾਂਤ ਦੀ ਭਾਸ਼ਾ, ਹਿੰਦੀ ਨੂੰ ਕੌਮੀ ਭਾਸ਼ਾ ਮੰਨਦੇ ਹੋਏ ਇਸਦਾ ਗਿਆਨ ਅਤੇ ਇੱਕ ਹੋਰ ਭਾਸ਼ਾ, ਜਿਹੜੀ ਆਮ ਤੌਰ ’ਤੇ ਅੰਗਰੇਜ਼ੀ ਹੀ ਮੰਨੀ ਜਾਂਦੀ ਰਹੀ ਹੈ। ਮੇਰੇ ਸਕੂਲੀ ਸਮੇਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ (1956-57) ਅੰਗਰੇਜ਼ੀ ਲਾਜ਼ਮੀ ਪੜ੍ਹਾਈ ਜਾਂਦੀ ਸੀ। ਅੱਜ ਹਿੰਦੀ ਭਾਸ਼ਾ ਨੂੰ ਭਾਰਤ ਦੇ ਦੱਖਣੀ ਸੂਬਿਆਂ ਵਿੱਚ ਤੀਸਰੀ ਭਾਸ਼ਾ ਦੇ ਰੂਪ ਵਿੱਚ ਪੜ੍ਹਾਉਣ ਦਾ ਵਿਸ਼ਾ ਸਿਆਸੀ ਰੂਪ ਧਾਰਨ ਕਰ ਚੁੱਕਾ ਹੈ। ਮੈਂ ਇਸ ਰੂਪ ਨੂੰ ਵਿਚਾਰਨ ਦੇ ਯੋਗ ਨਹੀਂ ਹਾਂ ਪਰ ਹੈ ਇਹ ਵਿਚਾਰਨਯੋਗ।
ਸਾਡੇ ਦੇਸ਼ ਦੇ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿੱਚ ਹਵਾਲੇ ਮਿਲਦੇ ਹਨ ਕਿ ਸ਼ੂਦਰ ਅਤੇ ਔਰਤ ਵਿੱਦਿਆ ਹਾਸਲ ਕਰਨ ਦੇ ਹੱਕਦਾਰ ਹੀ ਨਹੀਂ ਹਨ। ਜੇਕਰ ਸਮਾਜ ਦਾ ਵੱਡਾ ਹਿੱਸਾ (ਸ਼ੂਦਰ ਅਤੇ ਔਰਤ) ਆਪਣੀ ਸੱਭਿਅਤਾ ਦੀ ਭਾਸ਼ਾ ਹੀ ਨਹੀਂ ਜਾਣਦੇ, ਤਦ ਉਹ ਧਾਰਮਿਕ ਗੁਰੂਆਂ ਅਤੇ ਸਿਆਸੀ ਆਗੂਆਂ ਦੇ ਵਿਚਾਰਾਂ ਦੀ ਪੁਣ-ਛਾਣ ਕਰਨ ਦੀ ਬਜਾਏ ਉਨ੍ਹਾਂ ਦੇ ਪਿਛਲੱਗ ਬਣਕੇ ਹੀ ਰਹਿ ਜਾਣਗੇ। ਨਵੇਂ ਵਿਚਾਰ ਦੇ ਪ੍ਰਫੁੱਲਤ ਹੋਣ ਦੇ ਰਾਹ ਸੌੜੇ ਹੋ ਜਾਣਗੇ।
ਸਾਡੇ ਦੇਸ਼ ’ਤੇ ਬਾਹਰੀ ਤਾਕਤਾਂ ਹਮਲਾਵਰ ਰਹੀਆਂ ਹਨ। ਮੁਗਲ ਪੰਜ ਸੌ ਸਾਲ ਰਾਜ ਕਰ ਗਏ, ਫਿਰ ਦੋ ਸੌ ਸਾਲ ਦੇ ਕਰੀਬ ਅੰਗਰੇਜ਼ ਰਾਜ ਕਰ ਗਏ। ਅੰਗਰੇਜ਼ ਬੜੀ ਸਿਆਣੀ ਕੌਮ ਹੈ। ਉਨ੍ਹਾਂ ਪੂਰੀ ਦੁਨੀਆ ਨੂੰ ਇੱਕ ਸਮੇਂ ਆਪਣੇ ਕਬਜ਼ੇ ਹੇਠ ਕਰ ਲਿਆ ਸੀ। ਉਹ ਜਾਣਦੇ ਸਨ ਕਿ ਜੇਕਰ ਭਾਰਤ ਦੇਸ਼ ’ਤੇ ਰਾਜ ਕਰਨਾ ਹੈ ਤਾਂ ਇੱਥੋਂ ਦੀ ਸੰਸਕ੍ਰਿਤੀ ਨੂੰ ਸਮਝਣਾ ਅਤੀ ਜ਼ਰੂਰੀ ਹੈ। ਇਸ ਮਕਸਦ ਲਈ ਉਨ੍ਹਾਂ ਦੀ ਕੌਮ ਨੇ ਪ੍ਰੋ. ਮੈਕਸ ਮੁੱਲਰ, ਪ੍ਰੋ. ਮੁਇਰ, ਪ੍ਰੋ. ਕਨੇ ਅਤੇ ਹੋਰ ਵਿਦਵਾਨ ਪੈਦਾ ਕੀਤੇ, ਜਿਨ੍ਹਾਂ ਨੇ ਸਾਡੇ ਧਾਰਮਿਕ ਗ੍ਰੰਥਾਂ, ਜਿਹੜੇ ਸਾਡੀ ਭਾਸ਼ਾ ਸੰਸਕ੍ਰਿਤ ਵਿੱਚ ਲਿਖੇ ਹੋਏ ਸਨ, ਦਾ ਅਨੁਵਾਦ ਅੰਗਰੇਜ਼ਾਂ ਦੀ ਮਾਤ-ਭਾਸ਼ਾ ਅੰਗਰੇਜ਼ੀ ਵਿੱਚ ਕੀਤਾ। ਆਪਣੇ ਰਾਜ-ਕਾਲ ਦੌਰਾਨ ਸਰਕਾਰੀ ਕੰਮ-ਕਾਜ ਚਲਾਉਣ ਲਈ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਵੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਬਹੁਤ ਸਾਰੇ ਭਾਰਤੀ, ਸਣੇ ਕੁਝ ਸ਼ੂਦਰਾਂ ਅਤੇ ਔਰਤਾਂ ਦੇ, ਵੀ ਅੰਗਰੇਜ਼ੀ ਦਾ ਚੰਗਾ ਗਿਆਨ ਹਾਸਲ ਕਰ ਗਏ। ਉਨ੍ਹਾਂ ਦੇ ਸੋਚਣ ਦਾ ਘੇਰਾ ਵਿਸ਼ਾਲ ਹੋਇਆ ਅਤੇ ਉਨ੍ਹਾਂ ਵਿੱਚੋਂ ਹੀ ਆਜ਼ਾਦੀ ਘੁਲਾਟੀਏ ਅਤੇ ਦੇਸ਼ਭਗਤ ਨਿੱਤਰੇ, ਜਿਨ੍ਹਾਂ ਨੇ ਇੱਕ ਦਿਨ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ।
ਦੇਸ਼ ਵਿੱਚ ਸਦੀਆਂ ਤੋਂ ਹੋ ਰਹੇ ਜਾਤ ਅਧਾਰਿਤ ਭੇਦਭਾਵ ਦੀ ਜੜ੍ਹ ਪਛਾਣਨ ਲਈ ਡਾਕਟਰ ਬੀ ਆਰ ਅੰਬੇਡਕਰ ਨੇ ਭਾਰਤੀ ਪ੍ਰਾਚੀਨ ਗ੍ਰੰਥਾਂ ਦਾ ਅਧਿਐਨ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦਿਤ ਗ੍ਰੰਥਾਂ ਰਾਹੀਂ ਕੀਤਾ। ਆਜ਼ਾਦੀ ਸੰਘਰਸ਼ ਦੌਰਾਨ ਹੀ ਉਨ੍ਹਾਂ ਨੇ ਇਸ ਭੇਦਭਾਵ ਦੇ ਵਿਰੁੱਧ ਜੰਗ ਛੇੜ ਦਿੱਤੀ ਸੀ। ਕਿਉਂਕਿ ਇਹ ਜੰਗ ਉੱਚ-ਜਾਤੀ ਦੇ ਹਿਤਾਂ ਵਿਰੁੱਧ ਸੀ, ਇਸ ਲਈ ਉਨ੍ਹਾਂ ਵੱਲੋਂ ਅੰਬੇਡਕਰ ਸਾਹਿਬ ਦਾ ਵਿਰੋਧ ਕਰਨਾ ਲਾਜ਼ਮੀ ਸੀ। ਉੱਚ ਜਾਤੀ ਦੇ ਵਿਦਵਾਨਾਂ ਨਾਲ ਬਹਿਸ ਦੌਰਾਨ ਉਹ ਕਦੇ ਕਦੇ ਸ਼ੇਰ ਦੀ ਤਰ੍ਹਾਂ ਦਹਾੜ੍ਹਦੇ ਸਨ, ਜਿਸ ’ਤੇ ਉਨ੍ਹਾਂ ਦੇ ਵਿਰੋਧੀ ਬ੍ਰਾਹਮਣਵਾਦੀਆਂ ਦਾ ਇਤਰਾਜ਼ ਸੀ ਕਿ ਅੰਬੇਡਕਰ ਭਾਰਤੀ ਸੰਸਕ੍ਰਿਤੀ ਤੋਂ ਨਾ-ਵਾਕਫ਼ ਹੈ, ਕਿਉਂਕਿ ਉਹ ਸੰਸਕ੍ਰਿਤ ਨਹੀਂ ਜਾਣਦਾ। ਡਾਕਟਰ ਬਾਬਾ ਸਾਹਿਬ ਦਾ ਤਰਕ ਸੀ ਕਿ ਸਾਡੇ ਪ੍ਰਾਚੀਨ ਗ੍ਰੰਥਾਂ ਦਾ ਅਨੁਵਾਦ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ, ਇਸ ਲਈ ਉਹ ਸਾਡੀ ਪ੍ਰਾਚੀਨ ਸੰਸਕ੍ਰਿਤੀ ਦੇ ਵਿਧੀ ਵਿਧਾਨ ਦੀ ਚੰਗੀ ਸਮਝ ਰੱਖਦੇ ਹਨ। ਅਤੇ ਨਾਲ ਹੀ ਉਹ ਕਿਹਾ ਕਰਦੇ ਸਨ, “ਅੰਗਰੇਜ਼ੀ ਸ਼ੇਰਨੀ ਦਾ ਦੁੱਧ ਹੈ, ਜਿਹੜੇ ਇਸ ਨੂੰ ਪੀਣਗੇ, ਉਹੀ ਦਹਾੜਨਗੇ।”
ਕਿੰਨੀ ਸਚਾਈ ਸੀ/ਹੈ ਡਾਕਟਰ ਸਾਹਿਬ ਦੇ ਕਥਨ ਵਿੱਚ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ, ਡਾਕਟਰ ਰਾਜਿੰਦਰ ਪ੍ਰਸਾਦ, ਰਾਜਗੋਪਾਲ ਅਚਾਰੀਆ ਅਤੇ ਹੋਰ ਕਿੰਨੇ ਹੀ ਸਿਆਸੀ ਆਗੂ ਅੰਗਰੇਜ਼ੀ ਦੇ ਚੰਗੇ ਵਿਦਵਾਨ ਸਨ ਅਤੇ ਇਸੇ ਕਰਕੇ ਹੀ ਅੰਗਰੇਜ਼ੀ ਹਕੂਮਤ ਅੱਗੇ ਦਹਾੜ ਸਕਦੇ ਸਨ। ਉਨ੍ਹਾਂ ਨੇ ਸਾਡੇ ਜਨ-ਸਮੂਹ ਨੂੰ ਵੀ ਅੰਗਰੇਜ਼ ਸਾਮਰਾਜ ਅੱਗੇ ਦਾਹੜਨ ਲਾ ਦਿੱਤਾ ਸੀ।
ਸੂਬਾਈ ਭਾਸ਼ਾਵਾਂ ਦਾ ਗਿਆਨ ਵੀ ਅਤਿ ਜ਼ਰੂਰੀ ਹੈ। ਸਿਰਫ ਇਕੱਲੀ ਸੂਬਾਈ ਭਾਸ਼ਾ ਦਾ ਗਿਆਨ ਸਾਡੀ ਸੋਚ ਨੂੰ ਸੂਬੇ ਦੀਆਂ ਹੱਦਾਂ ਤਕ ਸੀਮਤ ਕਰਦਾ ਹੈ, ਤੰਗ ਦਿਲੀ ਉਤਸ਼ਾਹਿਤ ਹੁੰਦੀ ਹੈ, ਅਸੀਂ ਟੋਭੇ ਦੇ ਡੱਡੂ ਬਣ ਕੇ ਰਹਿ ਜਾਂਦੇ ਹਾਂ। ਤੰਗ ਦਿਲੀ ਦੀ ਨਵੀਂ ਮਿਸਾਲ ਸਾਹਮਣੇ ਆਈ ਹੈ ਕਿ ਇੱਕ ਉੱਘਾ ਕੰਨੜ ਲੇਖਕ ਭਾਸ਼ਾ ਦੇ ਗਰੂਰ ਵਿੱਚ ਕਹਿ ਦਿੰਦਾ ਹੈ , “... ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਣੀ ਨਹੀਂ ਚਾਹੀਦੀ।” ਅਜਿਹੇ ਵਿਦਵਾਨ ਨੂੰ ਪੁੱਛਿਆ ਜਾਵੇ ਕਿ ਜੇਕਰ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਆਵੇਗੀ ਤਾਂ ਉਹ ਡਾਕਟਰ, ਇੰਜਨੀਅਰ, ਕੰਪਿਊਟਰ ਮਾਹਿਰ, ਖਗੋਲ ਸ਼ਾਸਤਰੀ, ਰਾਕੇਟ ਸਾਇੰਸਦਾਨ ਅਤੇ ਹੋਰ ਮਨੁੱਖੀ-ਬਿਰਤੀਆਂ ਦਾ ਪੱਛਮੀ ਗਿਆਨ ਕਿਵੇਂ ਹਾਸਲ ਕਰਨਗੇ? ਸੋਚ ਦਾ ਦਾਇਰਾ ਵੱਡਾ ਕਰਨ ਲਈ ਸਾਨੂੰ ਦੂਸਰੇ ਸੂਬਿਆਂ ਅਤੇ ਕੌਮਾਂ ਦੀਆਂ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕਰਨਾ ਪਵੇਗਾ ਤਾਂ ਕਿ ਅਸੀਂ ਦੇਸ਼-ਦੁਨੀ ਨੂੰ ਚੰਗੀ ਤਰ੍ਹਾਂ ਜਾਣ ਸਕੀਏ। ਅਜਿਹੇ ਗਿਆਨ ਦੀ ਘਾਟ ਕਰਕੇ ਦੇਸ਼ ਪਛੜ ਨਹੀਂ ਜਾਵੇਗਾ?
ਦੂਸਰੇ ਪਾਸੇ ਕਈ ਸਾਲਾਂ ਤੋਂ ਬੁੱਧੀਮਾਨ ਵਿਚਾਰਕ ਚੰਦਰ ਭਾਨ ਪ੍ਰਸ਼ਾਦ ਤਰਕ ਦੇ ਰਹੇ ਹਨ ਕਿ ਦਲਿਤਾਂ ਨੂੰ ਅੰਗਰੇਜ਼ੀ ਭਾਸ਼ਾ ਜ਼ਰੂਰ ਸਿੱਖਣੀ ਚਾਹੀਦੀ ਹੈ ਤਾਂ ਕਿ ਉਹ ਉਨ੍ਹਾਂ ਆਧੁਨਿਕ ਪੇਸ਼ਿਆਂ ਵਿੱਚ ਦਾਖਲ ਹੋ ਸਕਣ, ਜਿੱਥੇ ਉਨ੍ਹਾਂ ਦੀ ਪ੍ਰਤੀਨਿਧਤਾ ਓਨੀ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਹੈ। ਇਹ ਤਰਕ ਸਾਰੇ ਗ਼ਰੀਬਾਂ ’ਤੇ ਲਾਗੂ ਹੁੰਦਾ ਹੈ। ਮੈਂ ਉਨ੍ਹਾਂ ਵੇਲਿਆਂ ਵਿੱਚ ਯੂ ਪੀ ਐੱਸ ਸੀ ਦੇ ਮੁਕਾਬਲੇ ਦਾ ਇਮਿਤਹਾਨ ਪਾਸ ਕੀਤਾ ਜਦੋਂ ਸਿਰਫ ਅੰਗਰੇਜ਼ੀ ਮਾਧਿਅਮ ਵਿੱਚ ਹੀ ਉੱਤਰ-ਪੱਤਰੀਆਂ ਲਿਖੀਆਂ ਜਾ ਸਕਦੀਆਂ ਸਨ। ਜੇਕਰ ਮੈਨੂੰ ਅੰਗਰੇਜ਼ੀ ਨਾ ਆਉਂਦੀ ਹੁੰਦੀ ਤਾਂ ਮੈਂ ਕਦੇ ਅਜਿਹੇ ਮੁਕਾਬਲੇ ਦੀ ਪ੍ਰੀਖਿਆ ਵਿੱਚ ਬੈਠਣ ਬਾਰੇ ਸੋਚ ਵੀ ਨਹੀਂ ਸਕਦਾ ਸਾਂ, ਕਾਮਯਾਬੀ ਤਾਂ ਦੂਰ ਦੀ ਗੱਲ ਸੀ।
ਭਾਸ਼ਾ ਦੁਆਲੇ ਤਾਮਿਲ ਨਾਢੂ ਅਤੇ ਕੇਂਦਰ ਸਰਕਾਰ ਵਿੱਚ ਉੱਭਰ ਰਹੇ ਵਰਤਮਾਨ ਟਕਰਾਅ ਦੇ ਸੰਦਰਭ ਬਾਰੇ ਪ੍ਰਸਿੱਧ ਇਤਿਹਾਸਕਾਰ ਅਤੇ ਲੇਖਕ ਰਾਮਚੰਦਰ ਗੁਹਾ 30 ਮਾਰਚ 2025 ਦੇ ਪੰਜਾਬੀ ਟ੍ਰਿਬਿਊਨ ਵਿੱਚ ਲਿਖਦੇ ਹਨ, “ਪਿਛਲੇ ਲੇਖਾਂ ਵਿੱਚ ਮੈਂ ਦਰਜ ਕੀਤਾ ਹੈ ਕਿ ਵਰਤਮਾਨ ਸਰਕਾਰ ਹਿੰਦੂਆਂ ਨੂੰ ਇਸ ਧਰਤੀ ’ਤੇ ਉੱਚ ਦਰਜੇ ਦੇ ਨਾਗਰਿਕ ਬਣਾਉਣ ਦੀਆਂ ਯੋਜਨਾਬੱਧ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਭਾਰਤੀ ਘੱਟ ਗਿਣਤੀਆਂ ਨੂੰ ਜ਼ਲੀਲ ਕਰਨ ਅਤੇ ਹਾਸ਼ੀਏ ’ਤੇ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਹਾਲਾਂਕਿ ਅਜ਼ਾਦ ਭਾਰਤ ਆਪਣੇ ਧਾਰਮਿਕ ਅਤੇ ਭਾਸ਼ਾਈ ਬਹੁਵਾਦ ਨੂੰ ਅਪਣਾਉਣ ਕਰਕੇ ਹੀ ਉੱਸਰਿਆ ਅਤੇ ਵਧਿਆ ਹੈ। ਸਿਧਾਂਤਕ ਰੂਪ ਵਿੱਚ ਕੋਈ ਵੀ ਧਰਮ ਦੂਜੇ ਤੋਂ ਵਧੀਆ ਸਾਬਤ ਹੋਣ ਲਈ ਨਹੀਂ ਬਣਿਆ ਅਤੇ ਨਾ ਹੀ ਕੋਈ ਭਾਸ਼ਾ ਇਸ ਲਈ ਬਣੀ ਹੈ।” ਇਸ ਕਿਸਮ ਦਾ ਟਕਰਾਅ ਪਿਛਲੀ ਸਦੀ ਵਿੱਚ ਪੰਜਾਬ ਵੀ ਦੇਖ ਚੁੱਕਿਆ ਹੈ, ਉਦੋਂ ਭਾਵੇਂ ਕੇਂਦਰ ’ਤੇ ਦੂਸਰੀ ਵਿਚਾਰਧਾਰਾ ਵਾਲੀ ਪਾਰਟੀ ਦਾ ਕਬਜ਼ਾ ਸੀ।
ਕਿਸੇ ਤਬਕੇ, ਇਲਾਕੇ ਦੇ ਲੋਕਾਂ ਦਾ ਜਾਂ ਕਿਸੇ ਦਾ ਨਿੱਜੀ ਤੌਰ ’ਤੇ ਨਿਰਾਦਰ ਕਰਨ ਲਈ ਅਸੀਂ ਬਹੁਤ ਵਾਰ ਭਾਸ਼ਾ ਦੇ ਗਰੂਰ ਦਾ ਇਸਤੇਮਾਲ ਕਰਦੇ ਹਾਂ ਖਾਸ ਕਰ ਕੇ ਉਦੋਂ ਜਦੋਂ ਅਜਿਹੇ ਲੋਕਾਂ ਕੋਲ ਰਾਜਸੀ ਤਾਕਤ ਹੁੰਦੀ ਹੈ ਅਤੇ ਉਹ ਇਹ ਵੀ ਜਾਣਦੇ ਹਨ ਕਿ ਸਾਹਮਣੇ ਵਾਲੇ ਨੂੰ ਇਸਤੇਮਾਲ ਹੋਣ ਵਾਲੀ ਭਾਸ਼ਾ ’ਤੇ ਮੁਹਾਰਤ ਨਹੀਂ ਹੈ। 1994 ਵਿੱਚ ਮੇਰੀ ਤਾਇਨਾਤੀ ਗੁਜਰਾਤ ਸੂਬੇ ਦੇ ਬੜੌਦਾ ਸ਼ਹਿਰ ਵਿੱਚ ਸੀ। ਇੱਕ ਦਿਨ ਇੱਕ ਛੋਟੇ ਕੱਦ ਦੇ ਰਾਜ-ਨੇਤਾ ਦਾ ਫੋਨ ਆਇਆ ਕਿ ਮੈਂ ਉਸ ਦਾ ਫਲਾਂ ਫਲਾਂ ਕੰਮ ਕਰ ਦੇਵਾਂ। ਉਹ ਗੂੜ੍ਹ ਗੁਜਰਾਤੀ ਬੋਲ ਰਿਹਾ ਸੀ। ਉਸ ਦੀ ਸ਼ਬਦ-ਸੁਰ ਹੁਕਮਨਾਮਾ ਹੋਣ ਦਾ ਪ੍ਰਭਾਵ ਪਾਉਂਦੀ ਸੀ। ਕਿਸੇ ਵੀ ਸੰਵੇਦਨਸ਼ੀਲ ਅਫਸਰ/ਮਨੁੱਖ ਨੂੰ ਅਜਿਹਾ ਵਰਤਾਰਾ ਪਸੰਦ ਨਹੀਂ ਹੋ ਸਕਦਾ। ਖਿਝ ਦੇ ਆਲਮ ਵਿੱਚ ਮੈਂ ਫੋਨ ਬੰਦ ਕਰਨ ਤੋਂ ਪਹਿਲਾਂ ਦਫਤਰ ਆ ਕੇ ਮਿਲਣ ਲਈ ਕਹਿ ਦਿੱਤਾ। ਉਸਦੇ ਅਹਮ (ਹਊਮੈਂ) ’ਤੇ ਭਾਰੀ ਸੱਟ ਵੱਜੀ ਹੋਵੇਗੀ ਕਿ ਪੰਦਰ੍ਹਾਂ ਮਿੰਟ ਵਿੱਚ ਹੀ ਮੇਰੇ ਦਰਬਾਨ ਨੂੰ ਧੱਕਾ ਮਾਰ ਕੋਈ ਵੀਹ ਬੰਦਿਆਂ ਨੇ ਮੈਨੂੰ ਆ ਘੇਰਿਆ ਸੀ। ਭੀੜ ਦੇਖਦਿਆਂ ਹੀ ਮੇਰਾ ਪਾਰਾ ਸੱਤ ਅਸਮਾਨੀ ਚੜ੍ਹਨਾ ਕੁਦਰਤੀ ਸੀ। ਮੈਂ ਕਿਹਾ, “ਯੂ ਹੈਵ ਨੋ ਰਾਈਟ ਟੂ ਐਂਟਰ ਮਾਈ ਆਫਿਸ ਇਨ ਏ ਕਰਾਊਡ। ਓਨਲੀ ਥਰੀ ਪ੍ਰਸਨਜ਼ ਕੈਨ ਕਮ। ਪਲੀਜ਼ ਵੇਕੇਟ ਮਾਈ ਆਫਿਸ ਇਮਿਡੀਏਟਲੀ ਅਦਰਵਾਇਜ਼ ਆਈ ਐੱਮ ਗੋਇੰਗ ਟੂ ਕਾਲ ਦ ਪੋਲੀਸ ਐਂਡ ਗੈਟ ਯੂ ਅਰੈੱਸਟਡ।”
ਉਸ ਨੂੰ ਅਜਿਹੇ ਉੱਤਰ ਦੀ ਉਮੀਦ ਨਹੀਂ ਹੋਵੇਗੀ। ਕੁਝ ਦੇਰ ਉਹ ਅੱਖਾਂ ਟੱਡੀ ਖੜ੍ਹਾ ਦੇਖਦਾ ਰਿਹਾ, ਫਿਰ ਭੀੜ ਨੂੰ ਬਾਹਰ ਲੈਅ ਗਿਆ। ਤਿੰਨ ਬੰਦੇ ਅੰਦਰ ਆਏ ਅਤੇ ਪਛਾਣ ਕਰਵਾਉਣ ਉਪਰੰਤ ਮੈਂ ਉਨ੍ਹਾਂ ਨੂੰ ਬਿਠਾਇਆ। ਸਲੀਕੇ ਵਜੋਂ ਚਾਹ-ਪਾਣੀ ਪੁੱਛਿਆ। ਇਸ ਗੱਲ ’ਤੇ ਬਹਿਸ ਗਰਮਾ ਗਈ ਕਿ ਕਿਸ ਭਾਸ਼ਾ ਵਿੱਚ ਵਾਰਤਾਲਾਪ ਕੀਤਾ ਜਾਵੇ। ਉਹ ਸੱਜਣ ਗੁਜਰਾਤੀ ਵਿੱਚ ਸ਼ੁਰੂ ਹੋ ਗਿਆ। ਮੈਂ ਗੁਜਰਾਤੀ ਜਾਣਦਾ ਨਹੀਂ ਸੀ, ਇਸ ਲਈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੀ ਜਾ ਰਿਹਾ ਸੀ। ਮੈਂ ਬੇਨਤੀ ਕੀਤੀ ਕਿ ਉਹ ਸਾਡੇ ਦੇਸ਼ ਦੀ ਕੌਮੀ ਭਾਸ਼ਾ ਹਿੰਦੀ ਜਾਂ ਲਿੰਕ-ਭਾਸ਼ਾ ਅੰਗਰੇਜ਼ੀ ਵਿੱਚ ਬੋਲੇ ਤਾਂ ਕਿ ਮੈਂ ਉਸ ਦੀ ਸਮੱਸਿਆ ਸਮਝ ਕੇ ਹੱਲ ਕਰ ਸਕਾਂ।
“ਤਮੇਂ ਕੌਨ ਭੇਜੇ ਸ਼ੇ?” ਬੋਲ ਕੇ ਉਹ ਸ਼ੇਰ ਦੀ ਪੂਛ ਨੂੰ ਹੱਥ ਲਾ ਬੈਠਾ।
ਮੈਨੂੰ ਟੁੱਟੀ ਫੁੱਟੀ ਗੁਜਰਾਤੀ ਵਿੱਚ ਕਹਿਣਾ ਪਿਆ, “ਤੇਰਾ ਬਾਪ, ਫਾਇਨੈਂਸ ਮਿਨੀਸਟਰ ਭੇਜੇ ਸ਼ੇ --- ਹੂ ਬਲੱਡੀ ਵਾਂਟਸ ਯੂਅਰ ਗੁਜਰਾਤ?ਆਸਕ ਹਿਮ ਟੂ ਸੈਂਡ ਮੀ ਟੂ ਮਾਈ ਪੰਜਾਬ।”
ਉਹ ਕੁਝ ਢੈਲਾ ਹੋ ਗਿਆ ਸੀ ਅਤੇ ਹਿੰਦੀ ਵਿੱਚ ਬੋਲਣ ਦੀ ਆਗਿਆ ਮੰਗਣ ਦੀ ਆਗਿਆ ਮੰਗਣ ਲੱਗ। ਗੱਲ ਛੋਟੀ ਕਰਦੇ ਹਾਂ। ਦਰਅਸਲ ਉਹ ਆਪਣੀ ਰਾਜਸੀ ਤਾਕਤ ਅਤੇ ਭਾਸ਼ਾ ਦੇ ਜ਼ੋਰ ’ਤੇ ਸਮਝ ਰਿਹਾ ਸੀ ਕਿ ਸੂਬੇ ਤੋਂ ਬਾਹਰੀ ਅਫਸਰ ਨੂੰ ਜ਼ਲੀਲ ਕਰਕੇ ਆਪਣਾ ਕੰਮ ਕਰਵਾ ਲਵੇਗਾ। ਉਹ ਸ਼ੇਰਨੀ ਦੇ ਦੁੱਧ ਵਾਲੇ ਕਥਨ ਤੋਂ ਕੋਰਾ ਹੋਵੇਗਾ।
ਮਨੁੱਖੀ ਮਨ ਦੇ ਵਲਵਲੇ ਉਸ ਦੀ ਮਾਂ ਬੋਲੀ ਵਿੱਚ ਹੀ ਬੋਲੇ, ਲਿਖੇ ਅਤੇ ਸਮਝੇ ਜਾ ਸਕਦੇ ਹਨ। ਇਸ ਲਈ ਇੱਕ ਭਾਸ਼ਾ ਨੂੰ ਦੂਸਰੀ ਤੋਂ ਉੱਤਮ ਕਹਿਣਾ ਅਸਲ ਵਿੱਚ ਇਹ ਕਹਿਣਾ ਹੈ ਕਿ ਅਖੌਤੀ ਉੱਤਮ ਭਾਸ਼ਾ ਵਾਲਿਆਂ ਦੇ ਵਲਵਲੇ ਵੀ ਉੱਤਮ ਹਨ। ਸਾਡੇ ਲੋਕ ਆਮ ਕਹਿੰਦੇ ਹਨ, “ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।” ਅਤੇ ਇਹ ਦਿਲ ਦੀਆਂ ਡੂੰਘਾਈਆਂ ਦਾ ਵਰਣਨ ਆਪਣੀ ਮਾਂ-ਬੋਲੀ ਵਿੱਚ ਹੀ ਹੋ ਸਕਦਾ ਹੈ। ਕਿਸੇ ਵੀ ਭਾਸ਼ਾ ਦਾ ਨਿਰਾਦਰ ਮਨੁੱਖਤਾ ਦਾ ਨਿਰਾਦਰ ਹੈ।
ਜਪੁਜੀ ਸਾਹਿਬ ਵਿੱਚ ਨਾਨਕ ਸਾਹਿਬ ਦਾ ਫਰਮਾਨ ਹੈ, ‘ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤੁਮ ਨੀਚੁ ਨਾ ਕੋਇ॥’ ਗੁਰੂ ਸਾਹਿਬ ਨੇ ਦੁਨਿਆਵੀ ਅਤੇ ਅਧਿਆਤਮਿਕ ਸੱਚ ਸਾਡੇ ਸਾਹਮਣੇ ਰੱਖਿਆ ਹੈ। ਜਿਸ ਕੋਲ ਰਾਜਸੀ ਤਾਕਤ ਹੈ, ਉਹ ਜ਼ੋਰ ਨਾਲ ਕਿਸੇ ਵੀ ਜ਼ਰੀਏ, ਜਿਵੇਂ ਹੁਣ ਭਾਸ਼ਾ ਨੂੰ ਵਰਤਿਆ ਜਾ ਰਿਹਾ ਹੈ, ਕਿਸੇ ਨੂੰ ਉੱਤਮ ਅਤੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਜਦਕਿ ਕੋਈ ਉੱਤਮ ਜਾਂ ਨੀਵਾਂ ਨਹੀਂ ਹੈ।
ਸਾਡੇ ਦੇਸ਼ ਦਾ ਬਹੁ-ਭਾਸ਼ਾਈ ਹੋਣਾ ਦੱਸਦਾ ਹੈ ਕਿ ਇੱਕ ਸਮਾਂ ਸੀ ਜਦੋਂ ਸਾਰੀਆਂ ਭਾਸ਼ਾਵਾਂ ਦਾ ਸਤਕਾਰ ਕੀਤਾ ਜਾਂਦਾ ਸੀ। ਇਹ ਪ੍ਰਾਚੀਨ ਵੈਦਿਕ ਕਾਲ ਸੀ ਜਦੋਂ ਬ੍ਰਹਮਵਾਦ (ਨਾ ਕਿ ਬ੍ਰਾਹਮਣਵਾਦ) ਪ੍ਰਮੁੱਖ ਧਰਮ ਸੀ ਅਤੇ ਸੰਸਕ੍ਰਿਤ ਮੁੱਖ ਭਾਸ਼ਾ ਸੀ। ਤਦ ‘ਮੈਂ ਵੀ ਬ੍ਰਹਮ ਤੂੰ ਵੀ ਬ੍ਰਹਮ’ ਦਾ ਸਿਧਾਂਤ ਸਮਾਜ ਦੀ ਅਗਵਾਈ ਕਰਦਾ ਸੀ। ਭਾਰਤ ਵਰਸ਼ ਦੀ ਪੁਰਾਤਨ ਸੁਨਹਿਰੀ ਸ਼ਾਨ ਬਹਾਲੀ ਲਈ ਜ਼ਰੂਰੀ ਹੈ ਕਿ ਅਸੀਂ ਹਰ ਭਾਸ਼ਾ ਦਾ ਸਤਕਾਰ ਕਰੀਏ, ਵੱਧ ਤੋਂ ਵੱਧ ਭਾਸ਼ਾਵਾਂ ਸਿੱਖੀਏ ਤਾਂ ਕਿ ਅਸੀਂ ਅਜੋਕੇ ਆਧੁਨਿਕ ਗਿਆਨ ਵਿੱਚ ਪਛੜ ਨਾ ਜਾਈਏ। ਤਕਨੀਕੀ ਗਿਆਨ ਹਾਸਲ ਕਰੀਏ। ਅੱਜ ਡਾਕਟਰ ਬੀ ਆਰ ਅੰਬੇਡਕਰ ਦਾ ਕਥਨ ਇਸ ਰੂਪ ਵਿੱਚ ਜ਼ਿਆਦਾ ਢੁਕਵਾਂ ਸਾਬਤ ਹੋਵੇਗਾ, “ਤਕਨੀਕੀ ਭਾਸ਼ਾ ਸ਼ੇਰਨੀ ਦਾ ਦੁੱਧ ਹੈ, ਜਿਸ ਦੇਸ਼ ਦੇ ਨਾਗਰਿਕ ਪੀਣਗੇ, ਉਹੀ ਦੇਸ਼ ਦਹਾੜੇਗਾ।”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (