JagroopSingh3ਸਾਡੇ ਵਕੀਲ ਸਾਹਿਬ ਤਾਂ ਕਹਿੰਦੇ ਸਨ ਫ਼ੈਸਲਾ ਤੁਹਾਡੇ ਹੱਕ ਵਿੱਚ ਆਵੇਗਾ, ਸਰਦਾਰ ਨੂੰ ਕਾਨੂੰਨ ਦਾ ਕੁਝ ਅਤਾ ਪਤਾ ਨੀਂ ...
(17 ਨਵੰਬਰ 2023)
ਇਸ ਸਮੇਂ ਪਾਠਕ: 128.


ਮੇਰਾ ਬਚਪਨ ਪਿੰਡ ਵਿੱਚ ਚੋਰ ਸਿਪਾਹੀ ਦੀ ਖੇਡ ਖੇਡਦਿਆਂ ਬੀਤਿਆ। ਅੱਜ ਕੱਲ੍ਹ ਸਾਡੇ ਜ਼ਮਾਨੇ ਦੀਆਂ ਖੇਡਾਂ ਅਲੋਪ ਹੋ ਗਈਆਂ ਹਨ
ਚੋਰ ਨੂੰ ਛੁਡਾਉਣ ਵਾਲੇ ਵਕੀਲ ਜਾਂ ਉਸ ਨੂੰ ਸਜ਼ਾ ਦੇਣ ਵਾਲੇ ਜੱਜ ਬਾਰੇ ਕਦੇ ਸੁਣਿਆ ਹੀ ਨਹੀਂ ਸੀਖੇਡ ਵਿੱਚ ਕਚਹਿਰੀ ਨਹੀਂ ਲਗਦੀ ਸੀਫੜਿਆ ਗਿਆ ਤਾਂ ਸਿਪਾਹੀ ਜਿੱਤ ਜਾਂਦਾ, ਜੇ ਨਾ ਫੜਿਆ ਜਾਂਦਾ ਤਾਂ ਚੋਰ ਜਿੱਤ ਜਾਂਦਾ। ਹਨੇਰੇ ਦੇ ਘੁਸਮੁਸੇ ਨਾਲ ਖੇਡ ਖ਼ਤਮ ਹੋ ਜਾਂਦੀ ਤੇ ਅਸੀਂ ਘਰੋ ਘਰੀ ਚਲੇ ਜਾਂਦੇ

ਗਭਰੇਟਾ ਸ਼ੁਰੂ ਹੋਇਆ ਤਾਂ ਘਰ ਅਤੇ ਆਲੇ ਦੁਆਲੇ ਵਿੱਚ ਹੁੰਦੀ ਘੁਸਰ ਮੁਸਰ ਵੀ ਧਿਆਨ ਖਿੱਚਣ ਲੱਗੀਬਾਪੂ ਜੀ ਇਹ ਕਹਿੰਦੇ, “ਮੈਂ ਕੱਲ੍ਹ ਨੂੰ ਤਰੀਕ ’ਤੇ ਜਾਣੈ।” ਕਈ ਵਾਰ ਸੁਣੇ। ਉਸ ਰਾਤ ਨੂੰ ਉਹ ਘਰ ਆ ਕੇ ਦੱਸਦੇ ਕਿ ’ਗਾਂਹ ਤਰੀਕ ਪੈ ਗਈਪਤਾ ਚੱਲਿਆ ਕਿ ਉਹ ਨੰਬਰਦਾਰੀ ਦਾ ਮੁਕੱਦਮਾ ਲੜ ਰਹੇ ਸਨ

ਬੇਬੇ ਜੀ ਨੇ ਕਹਿਣਾ, “ਕੀ ਕੱਢੇਂਗਾ ਲੰਬੜਦਾਰੀ ਵਿੱਚੋਂ? ਕੰਮ ਕਰਿਆ ਕਰ, ਨਿਆਣੇ ਪਲ ਜਾਣਗੇ। ਨਹੀਂ ਤਾਂ ਸਾਰੀ ਕਮਾਈ ਉੱਥੇ ਕਚਹਿਰੀ ਵਿੱਚ ਹੀ ਖਪ ਜੂ” ਪਰ ਬਾਪੂ ਜੀ ਤਾਂ ਪਿੰਡ ਦੇ ਨੰਬਰਦਾਰ ਬਣਨਾ ਚਾਹੁੰਦੇ ਸਨਇਹ ਵੀ ਪਤਾ ਲੱਗਿਆ ਕਿ ਤਰੀਕ ਉੱਤੇ ਨਾਲ ਜਾਣ ਵਾਲਾ ਸ਼ਹਿਰ ਦੀ ਰੋਟੀ ਦਾ ਸੁਆਦ ਲੈਣ ਲਈ ਕਹਿ ਦਿੰਦਾ, “ਪੇਸ਼ੀ ’ਤੇ ਜਾਣ ਵੇਲੇ ਘਰੋਂ ਰੋਟੀ ਬੰਨ੍ਹ ਕੇ ਨੀ ਲਿਜਾਂਦੇ, ਮੁੱਕਦਮੇ ਲਈ ਚੰਗਾ ਨੀ ਹੁੰਦਾ।”

ਹੁਣ ਮੈਂ ਸਿਨਮਾ ਵੀ ਦੇਖਣ ਲੱਗ ਗਿਆ ਸੀਫਿਲਮੀ ਹੀਰੋ ਨੂੰ ਵਕੀਲ ਬਣਦਿਆਂ ਹੀ ਕੋਠੀ ਅਤੇ ਕਾਰ ਦਾ ਮਾਲਕ ਬਣਦੇ ਦੇਖਦਾ ਤਾਂ ਵਕਾਲਤ ਪਾਸ ਕਰਨ ਦੀ ਇੱਛਾ ਪ੍ਰਬਲ ਹੋ ਉੱਠਦੀਵਕੀਲ ਬਣਨ ਲਈ ਬਾਪੂ ਜੀ ਨਾਲ ਸਲਾਹ ਮਸ਼ਵਰਾ ਹੋਣਾ ਤਾਂ ਬਾਪੂ ਜੀ ਨੇ ਕਹਿਣਾ, “ਭਾਈ ਆਪਣੇ ਕੋਲ ਪੰਜ ਸਾਲ ਪਟਿਆਲੇ ਲਵਾਉਣ ਲਈ ਪੈਸੇ ਕਿੱਥੇ ਨੇਊਂ ਜੇ ਵਕੀਲ ਬਣ ਜਾਵੇਂ ਤਾਂ ਪੁਸ਼ਤਾਂ ਦੀ ਗਰੀਬੀ ਕੱਟੀ ਜਾਊ

ਫਿਰ ਬਾਪੂ ਜੀ ਆਪਣੇ ਵਕੀਲ ਸਾਬ੍ਹ ਤੋਂ ਸੁਣੀ ਇੱਕ ਨਾਮੀ ਵਕੀਲ ਦੀ ਕਹਾਣੀ ਸੁਣਾਉਂਦੇ ਕਿ ਕਿਵੇਂ ਇੱਕੋ ਮੁੱਕਦਮੇ ਦੀ ਫੀਸ ਨਾਲ ਉਸ ਨੇ ਤਿੰਨ ਪੁਸ਼ਤਾਂ ਪਾਲ ਦਿੱਤੀਆਂ ਸਨ। ਪਰ ਨਾਮੀ ਵਕੀਲ ਸਾਬ੍ਹ ਉਸ ਦਿਨ ਬੜਾ ਦੁਖੀ ਹੋਇਆ ਸੀ ਜਿਸ ਦਿਨ ਤੀਸਰੀ ਪੁਸ਼ਤ ਦਾ ਵਕੀਲ ਬੜੀ ਖੁਸ਼ੀ ਦੇ ਰੌਂਅ ਵਿੱਚ ਦਾਦੇ ਨੂੰ ਦੱਸਣ ਲੱਗਾ, “ਦਾਦਾ ਜੀ! ਦਾਦਾ ਜੀ! ਅੱਜ ਮੈਂ ਕੇਸ ਜਿੱਤ ਕੇ ਆਇਆ ਹਾਂ। ਇਹ ਮੇਰਾ ਪਹਿਲਾ ਕੇਸ ਹੈ, ਮੈਂ ਬਹੁਤ ਵੱਡਾ ਵਕੀਲ ਬਣੂੰਗਾ

ਸੁਣਦੇ ਹੀ ਦਾਦੇ ਨੇ ਮੱਥੇ ’ਤੇ ਹੱਥ ਮਾਰਿਆ ਕਿਉਂਕਿ ਇਹ ਉਹੀ ਮੁਕੱਦਮਾ ਸੀ ਜਿਸ ਉੱਤੇ ਉਨ੍ਹਾਂ ਨੇ ਕੁਨਬਾ ਹੀ ਨਹੀਂ ਪਾਲਿਆ ਬਲਕਿ ਪੁੱਤ ਤੇ ਪੋਤਰੇ ਵਕਾਲਤ ਵਿੱਚ ਸਥਾਪਤ ਵੀ ਕਰ ਦਿੱਤੇ ਸਨਉਸ ਨੂੰ ਅਫਸੋਸ ਇਸ ਗੱਲ ਦਾ ਸੀ ਕਿ ਉਸ ਦਾ ਪੋਤਰਾ ‘ਤਰੀਕ ’ਤੇ ਤਰੀਕ’ ਪੈਣ ਦਾ ਸਿਲਸਲਾ ਹੀ ਖਤਮ ਕਰ ਆਇਆ ਸੀ

ਰੋਟੀ ਨਾਲ ਨਾ ਲੈ ਕੇ ਜਾਣ ਦਾ ਅਰਥ ਤਾਂ ਇਹੋ ਹੋ ਸਕਦਾ ਸੀ ਕਿ ਪੇਸ਼ੀ ’ਤੇ ਆਏ ਚਾਰ ਜਣੇ ਹੋਟਲ ’ਤੇ ਚਾਹ-ਸਮੋਸੇ ਅਤੇ ਰੋਟੀ ਖਾ ਕੇ ਖਰਚਾ ਕਰਨਗੇ ਅਤੇ ਸ਼ਹਿਰ ਦੇ ਅਰਥਚਾਰੇ ਨੂੰ ਹੁਲਾਰਾ ਦੇਣਗੇ ਮੁਕੱਦਮਾ ਲੜ ਰਿਹਾ ਸ਼ਹਿਰੀ ਤਾਂ ਘਰ ਜਾ ਕੇ ਖਾ ਲਵੇਗਾਪਿਛਲ ਝਾਤ ਮਾਰਿਆਂ ਸੋਚਦਾ ਹਾਂ ਕਿ ਸਾਡਾ ਇਨਸਾਫ਼-ਪ੍ਰਬੰਧ ਭੇਦ-ਭਾਵੀ ਨਾ-ਪਾਕ ਇਰਾਦਿਆਂ ਨਾਲ ਲਬਰੇਜ਼ ਸੀਉਸ ਪ੍ਰਬੰਧ ਦੇ ਗੱਠ-ਜੋੜ ਦੀਆਂ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਦੇਖੀਆਂ ਹਨਅਜਿਹਾ ਵੀ ਨਹੀਂ ਕਿ ਵਕਾਲਤ ਦੇ ਕਿੱਤੇ ਵਿਚਲੇ ਸਾਰੇ ਪ੍ਰਬੰਧਕ ‘ਤਿੰਨ ਪੁਸ਼ਤੀਏ’ ਸਨ, ਅਨੋਖੇ ਤੇ ਵਿਸ਼ੇਸ਼ ਵਿਅਕਤੀ ਹਰ ਕਿੱਤੇ ਵਿੱਚ ਸਨ/ਹਨ

ਸਮੇਂ ਨਾਲ ਮੈਂ ਸਾਡੇ ਨਿਆਂ-ਪ੍ਰਬੰਧ ਦਾ ਇੱਕ ਕਾਰਕੁਨ ਬਣ ਗਿਆ ਜਿਸ ਕਰਕੇ ਇਸ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆਇੱਕ ਟੈਕਸ-ਅਫਸਰ ਤਫਤੀਸ਼ਕਾਰ, ਸਰਕਾਰ ਦਾ ਵਕੀਲ ਅਤੇ ਜੱਜ ਵੀ ਖੁਦ ਹੀ ਹੁੰਦਾ ਹੈਕਿਸੇ ਵੀ ਮਨੁੱਖ, ਖਾਸ ਕਰਕੇ ਪੇਂਡੂ ਪਛੋਕੜ ਦੇ ਗਰੀਬ ਲਈ, ਇਨ੍ਹ ਤਿੰਨਾਂ ਅਹੁਦਿਆਂ ਵਿੱਚ ਸੰਤੁਲਨ ਬਣਾਉਣਾ ਸੌਖਾ ਨਹੀਂ ਹੈਜਾਣਕਾਰੀ ਲਈ ਇੱਕ ਕੇਸ ’ਤੇ ਨਜ਼ਰ ਮਾਰ ਲੈਂਦੇ ਹਾਂ ਜਿਹੜਾ ਮੇਰੀ ਤਾਇਨਾਤੀ ਦੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹੀ ਸਾਹਮਣੇ ਆ ਗਿਆ ਸੀ। ਗਲ਼ ਪਿਆ ਢੋਲ ਵਜਾਉਣ ਵਾਲੀ ਗੱਲ ਵੀ ਸੀਇਸ ਨੂੰ ਮਹੀਨੇ ਵਿੱਚ ਕਿਸੇ ਤਣ-ਪੱਤਣ ਲਾਉਣਾ ਕਾਨੂੰਨੀ ਬੰਦਿਸ਼ ਸੀ

ਸਕੂਲ ਅਧਿਆਪਕਾਂ ਨੇ ਟੈਕਸ ਬਚਾਉਣ ਲਈ ਇੱਕ ਟ੍ਰਸਟ ਬਣਾਇਆ ਹੋਇਆ ਸੀਮਾਰਚ 1980 ਵਿੱਚ ਮੇਰੇ ਪੀ ਏ ਨੇ ਇਹ ਫਾਇਲ ਸਾਹਮਣੇ ਲਿਆ ਰੱਖੀ, ਜਿਹੜੀ ‘ਤਰੀਕ ’ਤੇ ਤਰੀਕ’ ਪੈਣ ਦਾ ਨਤੀਜਾ ਸੀਫਾਈਲ ਇੰਨੀ ਵੱਡੀ ਸੀ ਕਿ ਮੈਂ ਕੁਰਸੀ ’ਤੇ ਬੈਠਾ ਸਾਹਮਣੇ ਵਾਲੇ ਨੂੰ ਦੇਖ ਨਹੀਂ ਸਕਦਾ ਸੀ ਇਸਦੇ ਵਡ-ਅਕਾਰੀ ਹੋਣ ਵਿੱਚ ਵਕੀਲ ਸਾਹਿਬ, ਤਫਤੀਸ਼ਕਾਰ, ਜੱਜ ਅਤੇ ਅਪੀਲ ਸੁਣਨ ਵਾਲੇ ਸੱਜਣਾਂ ਦਾ ਹੀ ਰੋਲ ਸੀ ਜਿਸਦਾ ਮੈਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਅਧਿਆਪਕਾਂ ਦਾ ਇੱਕ ਵਫਦ ਮੈਨੂੰ ਸਾਰੀ ਕਾਰਵਾਈ ਤੋਂ ਬਾਅਦ ਮਿਲਿਆ

ਵਫ਼ਦ ਦਾ ਮੋਹਰੀ ਬੋਲਿਆ, “ਅਸੀਂ ਸਾਰੇ ਬਹੁਤ ਗੁੱਸੇ ਵਿੱਚ ਹਾਂ, ਤੁਸੀਂ ਸਾਡੇ ਨਾਲ ਬਹੁਤ ਬੇਇਨਸਾਫ਼ੀ ਕੀਤੀ ਹੈ …।” ਉਹ ਊਲ-ਜਲੂਲ ਬੋਲਦਾ ਹੀ ਗਿਆਮੈਂ ਸਭ ਲਈ ਪਾਣੀ ਮੰਗਵਾਇਆ ਪਰ ਉਹ ਇੰਝ ਕਹਿ ਰਹੇ ਜਾਪਦੇ ਸਨ, “ਤੇਰੇ ਵਰਗੇ ਨਿਰਦਈ ਦੇ ਪਾਣੀ ਉੱਤੇ ਤਾਂ ਅਸੀਂ ਥੁੱਕਦੇ ਵੀ ਨਹੀਂ, ਗਰੀਬ ਅਧਿਆਪਕਾਂ ਦੇ ਢਿੱਢ ਵਿੱਚ ਲੱਤ ਮਾਰ ਕੇ ਕੀ ਮਿਲਿਆ ਤੈਨੂੰ?”

ਮੇਜ਼ ’ਤੇ ਪਈ ਇਨਕਮ-ਟੈਕਸ ਕਾਨੂੰਨ ਦੀ ਕਿਤਾਬ ’ਤੇ ਹੱਥ ਰੱਖ ਕੇ ਮੈਂ ਕਿਹਾ, “ਇਹ ਮੇਰੀ ਗੀਤਾ ਹੈਮੈਂ ਕਾਨੂੰਨ ਮੁਤਾਬਿਕ ਆਪਣੀ ਡਿਊਟੀ ਕੀਤੀ ਹੈਮੇਰੇ ਅਧਿਆਪਕਾਂ ਨੇ ਮੈਨੂੰ ਇਹੋ ਸਿੱਖਿਆ ਦਿੱਤੀ ਸੀ ਕਿ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੈਫਲਾਣੀ ਫਲਾਣੀ ਧਾਰਾ ਕੱਢ ਕੇ ਪੜ੍ਹ ਲਓ ਅਤੇ ਜੇ ਮੈਂ ਗਲਤ ਹੋਵਾਂ, ਤੁਸੀਂ ਮੈਨੂੰ ਸਜ਼ਾ ਦੇ ਸਕਦੇ ਹੋਕਾਨੂੰਨ ਨੂੰ ਸਹੀ ਲਾਗੂ ਕਰਨਾ ਤਾਂ ਮੈਨੂੰ ਕਸੂਰਵਾਰ ਨਹੀਂ ਬਣਾ ਸਕਦਾ ਐਨਾ ਸੁਣਨ ’ਤੇ ਉਹ ਕੁਝ ਨਰਮ ਪੈ ਗਏਮੋਹਰੀ ਫਿਰ ਬੋਲਿਆ, “ਸਾਡੇ ਵਕੀਲ ਸਾਹਿਬ ਤਾਂ ਕਹਿੰਦੇ ਸਨ ਫ਼ੈਸਲਾ ਤੁਹਾਡੇ ਹੱਕ ਵਿੱਚ ਆਵੇਗਾ, ਸਰਦਾਰ ਨੂੰ ਕਾਨੂੰਨ ਦਾ ਕੁਝ ਅਤਾ ਪਤਾ ਨੀਂ, ਤੁਹਾਨੂੰ ਟੈਕਸ ਘੱਟ ਤੋਂ ਘੱਟ ਰੇਟ ’ਤੇ ਹੀ ਲਾਉਣਾ ਪਵੇਗਾ ਉਸ ਨੂੰ। ਮੈਂ ਜਿਰਾਹ ਹੀ ਅਜਿਹੀ ਕਰਕੇ ਆਇਆ ਹਾਂ, ਉਹਦੀ ਤਾਂ ਬੋਲਤੀ ਬੰਦ ਸੀ ਮੇਰੇ ਸਾਹਮਣੇ …” ਅਸੀਂ ਫ਼ੈਸਲਾ ਸੁਣਨ ਉਪਰੰਤ ਤੁਹਾਨੂੰ ਬਹੁਤ ਗਾਹਲਾਂ ਕੱਢੀਆਂ ਸਨ, ਬਦ ਅਸੀਸਾਂ ਦਿੱਤੀਆਂ ਸਨ

ਮੈਂ ਕਿਹਾ, “ਸੁਣਵਾਈ ਦੌਰਾਨ ਤੁਸੀਂ ਮੈਨੂੰ ਮਿਲ ਲੈਣਾ ਸੀ, ਜੇਕਰ ਕਾਨੂੰਨ ਇਜਾਜ਼ਤ ਦਿੰਦਾ ਤਾਂ ਮੈਂ ਜ਼ਰੂਰ ਤੁਹਾਡੀ ਮਦਦ ਕਰਦਾ

ਫਿਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਦਰਅਸਲ ਤੁਹਾਡੇ ਵਕੀਲ ਸਾਬ੍ਹ ਇੱਕ ਹਾਈ ਕੋਰਟ ਦੇ ਫੈਸਲੇ ’ਤੇ ਟੇਕ ਰੱਖ ਰਹੇ ਸਨ ਪਰ ਇਸ ਫੈਸਲੇ ਨੂੰ ਸੁਪਰੀਮ ਕੋਰਟ ਨੇ ਉਲਟਾ ਦਿੱਤਾ ਸੀ, ਜਿਸਦੇ ਹਵਾਲੇ ਨਾਲ ਮੈਂ ਤੁਹਾਡੇ ਕੇਸ ਵਿੱਚ ਵੱਧ ਤੋਂ ਵੱਧ ਦਰ ’ਤੇ ਟੈਕਸ ਹੀ ਲਾ ਸਕਦਾ ਸੀ ਅਤੇ ਸਾਲਾਂ ਤੋਂ ਪੈ ਰਹੀ ‘ਤਰੀਕ ’ਤੇ ਤਰੀਕ’ ਦਾ ਸਿਲਸਿਲਾ ਖਤਮ ਕਰ ਦਿੱਤਾ ਸੀ।”

ਹੁਣ ਉਹ ਸਾਰੇ ਬੋਲ ਪਏ, “ਪਰ ਸਾਡੇ ਵਕੀਲ ਨੇ ਤੁਹਾਨੂੰ ਮਿਲਣ ਹੀ ਨਹੀਂ ਦਿੱਤਾ, ਕਹਿੰਦਾ, ਸਰਦਾਰ ਬਹੁਤ ਖੂੰਖਾਰ ਐ ... ਤੁਸੀਂ ਨਾ ਜਾਇਓ।”

ਮੇਰੇ ਅੰਦਰਲਾ ਅਧਿਆਪਕ ਆਪਣੇ ਵੀਰ ਅਧਿਆਪਕਾਂ ਦਾ ਦਰਦ ਮਹਿਸੂਸ ਕਰਦਾ ਰਿਹਾ ਪਰ ਇਹ ਕਹਿਣੋਂ ਮੈਂ ਰਹਿ ਨਾ ਸਕਿਆ, “ਤੁਸੀਂ ਖੁਦ ਇੰਨੇ ਡਰਪੋਕ ਹੋ ਕਿ ਆਪਣੇ ਹੀ ਦੇਸ਼ ਦੇ ਅਫਸਰ ਨੂੰ ਮਿਲਣ ਤੋਂ ਘਬਰਾ ਗਏ। ਵਿਦਿਆਰਥੀਆਂ ਨੂੰ ਤੁਸੀਂ ਕੀ ਸਿਖਾਉਂਦੇ ਹੋਵੋਗੇ, ਮੈਂ ਕੋਈ ਅੰਗਰੇਜ਼ ਥੋੜ੍ਹਾ ਸੀ ਜੋ ਤੁਹਾਨੂੰ ਖਾ ਜਾਂਦਾ? ਤੁਹਾਡੇ ਹੀ ਦੇਸ਼ ਦੇ ਦੂਜੇ ਪ੍ਰਾਂਤ ਦਾ ਵਸਨੀਕ ਹਾਂ

“ਸਰਦਾਰ ਸਾਹਿਬ, ਸਾਨੂੰ ਮੁਆਫ ਕਰ ਦਿਓਅਸੀਂ ਪਾਪ ਦੇ ਭਾਗੀ ਹਾਂਤੁਸੀਂ ਬਹੁਤ ਚੰਗੇ ਹੋ” ਕਹਿੰਦੇ ਹੋਏ ਵਾਪਸ ਚਲੇ ਗਏ ਅਤੇ ਮੇਰੇ ਅੰਦਰ ਆਦਰਸ਼ਵਾਦ ਦੇ ਜਨੂੰਨ ਨੂੰ ਹੁਲਾਰਾ ਵੀ ਦੇ ਗਏਇਸ ਕੇਸ ਵਿੱਚ ਸਿਰਫ ਮੇਰਾ ਤੇ ਮੇਰਾ ਹੀ ਰੋਲ ਸੀ

ਇੱਕ ਹੋਰ ਕਹਾਣੀ ਹੈ, ਜਿਸਦਾ ਰੁੱਖ ਮੋੜਨ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਇੱਕ ਸੱਜਣ ਦੇ ਘਰ ਅਸੀਂ ਆਮਦਨ ਕਰ ਵਾਲਿਆਂ ਨੇ ਛਾਪਾ ਮਾਰਿਆਛਾਪੇ ਦੇ ਹਾਲਾਤ ਕੁਝ ਇਸ ਤਰ੍ਹਾਂ ਮੋੜ ਲੈ ਗਏ ਕਿ ਉਸ ਵਿਅਕਤੀ ਉੱਤੇ ਮੁਕੱਦਮਾ ਚਲਾਉਣਾ ਵਿਭਾਗ ਦੀ ਕਾਰਵਾਈ ਵਿੱਚ ਸ਼ਾਮਲ ਹੋ ਗਿਆਉਹ ਸਮਝਦਾ ਸੀ ਕਿ ਮੁਕੱਦਮਾ ਦਾਇਰ ਕਰਨ ਲਈ ਮੈਂ ਜਿੰਮੇਂਵਾਰ ਹਾਂਉਸ ਨੇ ਅਜਿਹਾ ਨਾ ਕਰਨ ਲਈ ਬਹੁਤ ਤਰਲੇ ਕੱਢੇ, ਹਰ ਹੀਲਾ ਵਰਤਿਆ ਪਰ ਜਦੋਂ ਕੋਈ ਵਾਹ ਨਾ ਚੱਲੀ ਤਾਂ ਕਹਿਣ ਲੱਗਾ, “ਸਰ ਜੀ, ਮੁਕੱਦਮਾ ਨਾ ਕਰੋ। ਇਹ ਤੁਹਾਡੇ ਰਿਟਾਇਰ ਹੋਣ ਤਕ ਖਤਮ ਨਹੀਂ ਹੋਣ ਲੱਗਾ। ਥੋਨੂੰ ਵੀ ਬੰਬਈ ਆਉਣਾ-ਜਾਣਾ ਪਊ। ਮੈਂ ਸਾਰੀ ਉਮਰ ਕਚਹਿਰੀਆਂ ਵਿੱਚ ਧੱਕੇ ਖਾਂਦਾ ਮਰ ਜਾਊਂਗਾ, ਪਲੀਜ਼ …।” ਅੰਤ ਮੁਕੱਦਮਾ ਨੰਬਰ 141/s/1983 ਬੰਬਈ ਦੀ ਐਸਪਲੰਡੇ ਕੋਰਟ ਨੰਬਰ 28 ਵਿੱਚ ਮਾਰਚ 1983 ਨੂੰ ਦਾਇਰ ਹੋ ਹੀ ਗਿਆ

ਪਹਿਲੀ ਤਰੀਕ 1986 ਵਿੱਚ ਪਈਫੇਰ ਤਿੰਨ ਚਾਰ ਸਾਲ ‘ਤਰੀਕ ’ਤੇ ਤਰੀਕ’ ਪੈਂਦੀ ਰਹੀਕਦੇ ਸਰਕਾਰੀ ਵਕੀਲ ਸਾਹਿਬ ਕਿਸੇ ਹੋਰ ‘ਮਹੱਤਵਪੂਰਨ ਮੁਕਦਮੇ’ ਵਿੱਚ ਮਸਰੂਫ਼ ਹੁੰਦੇ, ਕਦੇ ਬਚਾਓ ਪੱਖ ਦਾ ਵਕੀਲ ਹਾਜ਼ਰ ਨਾ ਹੁੰਦਾ। ਮੈਂ ਕੋਰਟ ਕਲਰਕ ਤੋਂ ਹਾਜ਼ਰੀ ਲਵਾਈ ਦਾ ਸਰਟੀਫਿਕੇਟ ਲੈ ਕੇ ਟੀਏ ਬਿੱਲ ਰੱਖ ਦਿੰਦਾ ਅਤੇ ਇਹ ਸਿਲਸਿਲਾ ਚਲਦਾ ਰਿਹਾਕਿਉਂਕਿ ਹੁਣ ਤਕ ਮੈਂ ਬੰਬਈ ਛੱਡ ਚੁੱਕਾ ਸੀ, ਇਸ ਲਈ ਟੇਢੀ ਅੱਖ ਨਾਲ ‘ਸੱਜਣ’ ਮੇਰਾ ਹਾਲ ਚਾਲ ਜ਼ਰੂਰ ਪੁੱਛਦੇ ਮੈਨੂੰ ਵੀ ਖਿਝ ਆਉਣ ਲੱਗੀ ਕਿਉਂਕਿ ਇੱਕ ਪੇਸ਼ੀ ਭੁਗਤਣ ਲਈ ਮੇਰੇ ਤਿੰਨ ਤੋਂ ਚਾਰ ਦਿਨ ਖਰਾਬ ਹੋ ਜਾਂਦੇ। ਦਿਮਾਗੀ ਤੇ ਜਿਸਮਾਨੀ ਪ੍ਰੇਸ਼ਾਨੀ ਅਲੱਗਇਸ ਮੁਕੱਦਮੇ ਦੀ ਆਖਰੀ ਤਾਰੀਖ਼ ਭੁਗਤਣ ਮੈਂ 1999 ਵਿੱਚ 1700 ਕਿਲੋਮੀਟਰ ਤੋਂ ਬੰਬਈ ਗਿਆ ਸੀ। ਮੈਂ ਸਮਝਦਾ ਸੀ ਕਿ ਹੁਣ ਇਸ ਮੁਕੱਦਮੇ ਦਾ ਫ਼ੈਸਲਾ ਸੁਣਾ ਦਿੱਤਾ ਜਾਵੇਗਾ

ਜਦੋਂ ਮੈਨੂੰ 2005 ਵਿੱਚ ਵਿਭਾਗ ਦੀ ਚਿੱਠੀ ਮਿਲੀ ਕਿ ਇਸ ਮੁਕੱਦਮੇ ਵਿੱਚ ਮੈਂ ਫਿਰ ਹਾਜ਼ਰ ਹੋਵਾਂ, ਮੈਂ ਘਬਰਾ ਗਿਆ ਕਿ ਸ਼ਾਇਦ ਮੈਂ ਕੋਈ ਕਾਨੂੰਨੀ-ਕੁਤਾਹੀ ਕਰ ਬੈਠਾ ਹਾਂ, ਜਿਸਦੀ ਮੈਨੂੰ ਸ਼ਜਾ ਸੁਣਾਈ ਜਾਣੀ ਹੈਇਸ ਵਕਤ ਮੈਂ ਗੁਵਾਹਾਟੀ (ਅਸਾਮ) ਵਿਖੇ ਤਾਇਨਾਤ ਸੀ, ਬੰਬਈ ਤੋਂ 2634 ਕਿਲੋਮੀਟਰ ਦੂਰਇਹ ਹੁਕਮ ਨਵੇਂ ਸਰਕਾਰੀ ਵਕੀਲ ਸਾਹਿਬ ਨੇ ਬਿਨਾਂ ਫਾਈਲ ਪੜ੍ਹੇ ਚਾੜ੍ਹਿਆ ਸੀਮੈਂ ਸਮੇਂ ਸਿਰ ਹਾਜ਼ਰ ਹੋ ਗਿਆ ਤਾਂ ਮੈਨੂੰ ਪਹਿਲਾਂ ਵਾਲੇ ਸਰਕਾਰੀ ਵਕੀਲ ਸਾਹਿਬ ਦੀ ਸਹਾਇਕ ਮਿਲ ਗਈਦੇਖਦਿਆਂ ਹੀ ਕਹਿਣ ਲੱਗੀ, “ਸਰ, ਵੋ ਮੁਕੱਦਮਾ ਤੋਂ ਕਭੀ ਕਾ ਖਤਮ ਹੋ ਗਿਆ ਹੈ, ਗੁਪਤੇ ਸਾਹਿਬ ਰਿਟਾਇਰ ਵੀ ਹੋ ਗਏ ਹੈ।” ਗੁਪਤੇ ਸਾਹਿਬ ਇਸ ਮੁਕੱਦਮੇ ਦੇ ਸਰਕਾਰੀ ਵਕੀਲ ਸਨਮੈਂ ਕਿਹਾ, “ਆਹ ਚਿੱਠੀ ਆਈ ਹੈ, ਨਵੇਂ ਸਰਕਾਰੀ ਵਕੀਲ ਦੱਸੋ ਕੌਣ ਹਨਉਸਨੇ ਇੱਕ ਨੌਜਵਾਨ ਵੱਲ ਇਸ਼ਾਰਾ ਕੀਤਾ ਜਿਸ ਨੇ ਮੇਰੀ ਨਮਸਤੇ ਦਾ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਸੀ। ਮੇਰੇ ਸਾਹਮਣੇ ਫਾਈਲ ਫਰੋਲ ਕੇ ਵਕੀਲ ਸਾਹਿਬ ਕਹਿਣ ਲੱਗੇ, “ਤੁਸੀਂ ਜਾ ਸਕਦੇ ਹੋ, ਤੁਹਾਡੇ ਵੱਲੋਂ ਤਾਂ ਸਭ ਨਿਪਟਿਆ ਹੋਇਆ ਹੈ।” ਇਸ ਤੋਂ ਅੱਗੇ ਦੀ ਕਹਾਣੀ ਬਿਆਨ ਕਰਨ ਲਈ ਹੋਰ ਲੇਖ ਲਿਖਿਆ ਜਾ ਸਕਦਾ ਹੈਚਾਰ ਦਿਨ ਅਤੇ ਸਰਕਾਰ ਦਾ ਕੋਈ ਪੰਜਾਹ ਹਜ਼ਾਰ ਰੁਪਇਆ ਖਰਾਬ ਕਰਕੇ ਮੈਂ ਵਾਪਸ ਚਲਾ ਆਇਆ। 1982 ਵਿੱਚ ਉਹ ਸੱਜਣ ਠੀਕ ਹੀ ਕਹਿ ਰਹੇ ਸਨ ਕਿ ਮੇਰੇ ਰਿਟਾਇਰ ਹੋਣ ਤਕ (ਮੈਂ 2007 ਜੂਨ ਵਿੱਚ ਰਿਟਾਇਰ ਹੋਇਆ) ਇਹ ਮੁਕੱਦਮਾ ਚਲਦਾ ਰਹੇਗਾ

ਉਦੋਂ ਮੈਂ ਉਮਰ ਦੇ ਬਾਰ੍ਹਵੇਂ-ਤੇਰ੍ਹਵੇਂ ਸਾਲ ਹੋਵਾਂਗਾ ਜਦੋਂ ਮੈਨੂੰ ਇੱਕ ਬਜ਼ੁਰਗ ਕਹਿੰਦਾ ਹੁੰਦਾ ਸੀ, “ਓ ਬਈ ਪਾੜ੍ਹਿਆ, ਮੇਰੀ ਦਰਖਾਸਤ ਲਿਖ ਨਹਿਰੂ ਨੂੰ, ... ਅੱਸੀ ਨੂੰ ਢੁੱਕੇ ਕਰਮਗੜ੍ਹੀਏ ਪਾਲੀ ਬੁੜ੍ਹੇ ਦੀ ਸਾਡੇ ਪਿੰਡ ਰਿਸ਼ਤੇਦਾਰੀ ਸੀਉਸ ਵੇਲੇ ਮੈਨੂੰ ਕਿਸੇ ਨੂੰ ਅਰਜ਼ੀ ਲਿਖਣੀ ਵੀ ਨਹੀਂ ਆਉਂਦੀ ਸੀਉਹ ਕਾਗਜ਼ਾਂ ਦੀ ਪੋਟਲੀ ਖੋਲ੍ਹ ਕੇ ਬਹਿ ਜਾਂਦਾ ਤੇ ਅਨਪੜ੍ਹ ਹੋਣ ਕਰਕੇ ਦਸਤਾਵੇਜ਼ਾਂ ਦੀ ਪਛਾਣ ਉਨ੍ਹਾਂ ਦੇ ਸਾਈਜ਼, ਲਿਖਤ ਅਤੇ ਯਾਦਦਾਸ਼ਤ ਤੋਂ ਕਰਦਾਦਰਖਾਸਤ ਲਿਖਾਉਣ ਵੇਲੇ ਉਹ ਉਨ੍ਹਾਂ ਲੋਕਾਂ ਨੂੰ, ਉਹ ਗਾਲ੍ਹਾਂ ਕੱਢਦਾ ਜਿਹੜੀਆਂ ਲਿਖੀਆਂ ਨਹੀਂ ਸੀ ਜਾ ਸਕਦੀਆਂ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫ਼ਰਿਆਦ ਕਰ ਰਿਹਾ ਸੀਪਿੰਡ ਦਾ ਉਹ ਕਿਹੜਾ ਸਰਪੰਚ, ਨੰਬਰਦਾਰ, ਜੈਲਦਾਰ ਨਹੀਂ ਸੀ ਜਿਸ ਬਾਰੇ ਉਹ ਨਹਿਰੂ ਨੂੰ ਦੱਸਣਾ ਨਹੀਂ ਚਾਹੁੰਦਾ ਸੀਅੰਤ ਵਿੱਚ ਕਹਿੰਦਾ, “ਨਹਿਰੂ ਦੇਊ ਇਨ੍ਹਾਂ ਨੂੰ ਦਾਖੂ ਦਅਣਾ...” ਇਹ ਮਾਮਲਾ ਸ਼ਾਇਦ ਨਿੱਜੀ ਰੰਜਿਸ਼ ਦਾ ਘੱਟ, ਸਮਾਜਿਕ ਨਿਆਂ ਦਾ ਜ਼ਿਆਦਾ ਸੀ ਮੈਨੂੰ ਲਗਦਾ ਜੇਕਰ ਉਸ ਬੁੱਢੇ ਦਾ ਵੱਸ ਚੱਲਦਾ ਤਾਂ ਉਹ ਉਨ੍ਹਾਂ ਸਾਰਿਆਂ ਦੇ ਸਿਰ ਪਾੜ ਦਿੰਦ। ਉਹ ਸਮਾਜ ਦਾ ਬਾਗੀ ਚਿਹਰਾ ਸੀ, ਉਸ ਅੰਦਰ ਬਗਾਵਤ ਦੇ ਬੀਜ ਉੱਗ ਰਹੇ ਸਨ

ਅਠਾਰ੍ਹਵੀਂ ਸਦੀ ਦੇ ਫ਼ਰਾਂਸੀਸੀ ਚਿੰਤਕ ਵੋਲਟੇਅਰ (28-09-1694 ਤੋਂ 30-05-1778) ਦਾ ਕਥਨ, “ਅਨਿਆਂ ਅੰਤ ਵਿੱਚ ਬਗਾਵਤ ਨੂੰ ਜਨਮ ਦਿੰਦਾ ਹੈ।” ਉਸ ਬਜ਼ੁਰਗ ’ਤੇ ਪੂਰਾ ਢੁਕਦਾ ਸੀਉਸ ਨਾਲ ਹੋਇਆ ਅਨਿਆਂ ਅਤੇ ਉਸ ਅੰਦਰ ਪੁੰਗਰ ਰਿਹਾ ਬਾਗੀਪੁਣਾ ‘ਤਰੀਕ ਤੇ ਤਰੀਕ’ ਪੈਣ ਦਾ ਹੀ ਨਤੀਜਾ ਸੀ

ਟ੍ਰਸਟ ਵਾਲੇ ਅਧਿਆਪਕ ਉਸ ਪ੍ਰਾਂਤ ਨਾਲ ਸਬੰਧਤ ਸਨ, ਜਿਸ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਮਹੱਤਵਪੂਰਨ ਰੋਲ ਕਰਨ ਵਾਲਾ ਮਹਾਤਮਾ ਗਾਂਧੀ … ਲੋਹ-ਪੁਰਸ਼ …, ਵਿਕਾਸ-ਪੁਰਸ਼ … ਅਤੇ ਹੋਰ ਕਿੰਨੇ ਹੀ ਮਹਾਂ-ਪੁਰਸ਼ ਦਿੱਤੇਇਨ੍ਹਾਂ ਮਹਾਂ-ਪੁਰਸ਼ ਸਿਆਸਤਦਾਨਾਂ ਨੇ ਇੱਕ ਮਜ਼ਬੂਤ ਨਿਆਂ-ਪ੍ਰਣਾਲੀ ਸਥਾਪਿਤ ਕੀਤੀ ਜਿਹੜੀ ਸਮੇਂ ਨਾਲ ਜ਼ਰਜ਼ਰੀ ਹੁੰਦੀ ਚਲੀ ਗਈ, ‘ਪਾਲੀ ਬੁੜ੍ਹੇ’ ਵਰਗਿਆਂ ਦੀ ਗਿਣਤੀ ਵਿੱਚ ਵਾਧਾ ਕਰਦੀ ਗਈਉਹ ਸੰਸਕ੍ਰਿਤੀ ਜਿਹੜੀ ਨਿੱਜੀ-ਨਿਆਂ ਦੀ ਤਰੀਕ ਪਹਿਲਾਂ ਯੁੱਗਾਂ ਵਿੱਚ, ਫੇਰ ਜਨਮਾਂ ਵਿੱਚ ਪਾਉਂਦੀ ਸੀ, ਹਾਵੀ ਹੁੰਦੀ ਗਈ। ਪੰਡਿਤ ਜੀ ਜਾਂ ਭਾਈ ਜੀ ਜਦੋਂ ਕਥਾ ਸੁਣਾਉਂਦੇ ਹੁੰਦੇ, ਅਸੀਂ ਸੁਣਦੇ ਆਏ ਸਾਂ ਕਿ ਭਾਈ ਮਹਾਤਮਾ ਨੇ ਕਿਹਾ ਕਿ ਫਲਾਣੇ ਫਲਾਣੇ ਯੁੱਗ ਵਿੱਚ ਫਲਾਣਾ ਫਲਾਣਾ ਰਾਜਾ ਤੇਰੇ ਨਾਲ ਇਨਸਾਫ਼ ਕਰੂਗਾ ... ਇਹ ਤਾਂ ਹਾਲੇ ਵੀ ਸੁਣੀ ਜਾਈਦਾ ਹੈ ਕਿ ਭਾਈ ਜਨਮਾਂ ਦਾ ਹਿਸਾਬ ਕਿਤਾਬ ਹੈ ... ਫਲਾਣੇ ਭਗਤ ਨੂੰ ਫਲਾਣੇ ਜਾਮੇ ਵਿੱਚ ਰੱਬ ਮਿਲਿਆ ਤੇ ਉਸ ਨੂੰ ਇਨਸਾਫ਼ ਦਿਵਾਇਆਸਮਾਜਿਕ ਨਿਆਂ ਦੀ ਤਾਂ ਗੱਲ ਹੀ ਨਹੀਂ ਹੁੰਦੀ ਸੀਅਜੋਕੇ ਸਿਆਸੀ, ਸਮਾਜਿਕ ਆਗੂਆਂ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਨਿਆਂ ਦੀ ਇਸ ਵੰਨਗੀ ਲਈ ਸਿਰਫ ਪੰਜ ਸਾਲ ਦੀ ਤਰੀਕ ਹੀ ਪਾਉਂਦੇ ਨੇ

ਦੇਸ਼ ਦੇ ਕਾਨੂੰਨ ਮੰਤਰੀ ਨੇ ਰਾਜ ਸਭਾ ਵਿੱਚ ਬਿਆਨ ਦਿੱਤਾ ਹੈ ਕਿ ਦੇਸ਼ ਵਿੱਚ 5.12 ਕਰੋੜ ਮੁੱਕਦਮੇ ਅਦਾਲਤਾਂ ਵਿੱਚ ਲਟਕ ਰਹੇ ਹਨਇਹ ਕ੍ਰਿਸ਼ਮਾ ‘ਤਰੀਕ ’ਤੇ ਤਰੀਕ’ ਪੈਣ ਨਾਲ ਹੀ ਹੋ ਸਕਦਾ ਹੈਦੇਸ਼ ਦੇ ਚੀਫ ਜਸਟਿਸ ਨੇ ਇਸ ‘ਤਰੀਕ ’ਤੇ ਤਰੀਕ’ ਪਾਉਣ ਦੀ ਬਿਰਤੀ ਨੂੰ ਠੱਲ੍ਹ ਪਾਉਣ ਲਈ ਜ਼ੋਰਦਾਰ ਅਪੀਲ ਤਾਂ ਕੀਤੀ ਹੈ, ਦੇਖੋ ਸਾਡੇ ਅਜੋਕੇ ਵਕੀਲ, ਜੱਜ,, ਗਵਾਹ, ਪੁਲਿਸ, ਨੰਬਰਦਾਰ ਆਦਿ ਕਿੱਥੋਂ ਤਕ ਇਸ ਵੱਲ ਧਿਆਨ ਦਿੰਦੇ ਹਨਨਿਆਂ ਪ੍ਰਣਾਲੀ ਨਾਲ ਜੁੜੇ ਅਮਲੇ ਨੂੰ ਵਿਲੀਅਮ ਈ ਗਲੈਡਸਟੋਨ, ਉੱਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਬ੍ਰਿਟਿਸ਼ ਸਟੇਟਸਮੈਨ ਅਤੇ ਪ੍ਰਧਾਨ ਮੰਤਰੀ ਦਾ ਕਥਨ ਯਾਦ ਰੱਖਣਾ ਚਾਹੀਦਾ ਹੈ, “ਨਿਆਂ ਵਿੱਚ ਦੇਰ ਅਨਿਆਂ ਹੈ।” ਇਹ ਦੇਰ ‘ਤਰੀਕ ’ਤੇ ਤਰੀਕ’ ਨਾ ਪਾ ਕੇ ਹੀ ਖਤਮ ਕੀਤੀ ਜਾ ਸਕਦੀ ਹੈ, ਖਤਮ ਨਹੀਂ ਘੱਟ ਤਾਂ ਕੀਤੀ ਹੀ ਜਾ ਸਕਦੀ ਹੈ

ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ:

ਐਨ ਮੁਮਕਿਨ ਨਹੀਂ ਹਾਲਾਤ ਕਿ ਗੁੱਥੀ ਸੁਲਝੇ,
ਅਹਿਲ-ਏ-ਦਾਨਿਸ਼ ਨੇ ਖ਼ੂਬ ਸੋਚ ਕੇ ਉਲਝਾਇਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4485)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author