“ਸਮੂਹਿਕ ਤੌਰ ’ਤੇ ਹੋ ਰਿਹਾ ਇਹ ਵਿਕਤਰਾ ਮੈਂ ਨਿੱਜੀ ਤੌਰ ’ਤੇ ਹੰਢਾਇਆ ਵੀ ਹੈ ਅਤੇ ਅਨੁਭਵ ਵੀ ਕੀਤਾ ਹੈ”
(27 ਜਨਵਰੀ 2023)
ਮਹਿਮਾਨ: 165.
ਦੁਨੀਆਂ ਦਾ ਕੋਈ ਵੀ ਸਮਾਜ ਸ਼੍ਰੇਣੀ ਵੰਡ ਤੋਂ ਬਗੈਰ ਵਿਕਸਿਤ ਨਹੀਂ ਹੋਇਆ। ਹਰ ਸਭਿਅਤਾ ਆਪਣੇ ਆਪਣੇ ਪੈਮਾਨਿਆਂ ਵਿੱਚ ਸਮੇਂ ਸਮੇਂ ਬਦਲਾਅ ਕਰਕੇ ਸਮਾਜਿਕ ਬਿਹਤਰੀ ਦੀ ਕੋਸ਼ਿਸ਼ ਕਰਦੀ ਰਹੀ ਹੈ। ਸਾਡੇ ਦੇਸ਼ ਵਿੱਚ ਇਹ ਕੋਸ਼ਿਸ਼ ਕਿਵੇਂ ਅਤੇ ਕਿਉਂ ਨਹੀਂ ਹੋਈ, ਇਹ ਵਿਸ਼ਾ ਬਹੁਤ ਡੂੰਘੇ ਚਿੰਤਨ ਦੀ ਮੰਗ ਕਰਦਾ ਹੈ। ਸਾਡਾ ਸਮਾਜ ਪ੍ਰਾਚੀਨ ਕਾਲ ਤੋਂ ਹੀ ਜਾਤਾਂ ਵਿੱਚ ਵੰਡਿਆ ਹੋਇਆ ਹੈ। ਜਾਤਾਂ ਵਿੱਚੋਂ ਕੁਝ ਨੂੰ ਉੱਤਮ ਅਤੇ ਕੁਝ ਨੂੰ ਘਟੀਆ ਮੰਨਿਆ ਜਾਂਦਾ ਸੀ/ਹੈ। ਘਟੀਆ ਮੰਨੀਆਂ ਜਾਂਦੀਆਂ ਜਾਤਾਂ ਨਾਲ ਉੱਤਮ ਜਾਤਾਂ ਜੀਵਨ ਦੇ ਹਰ ਖੇਤਰ, ਖਾਸ ਕਰਕੇ ਵਿੱਦਿਅਕ ਖੇਤਰ ਵਿੱਚ, ਵਿਕਤਰਾ ਕਰਦੀਆਂ ਸਨ ਅਤੇ ਇਹ ਅੱਜ ਵੀ ਜਾਰੀ ਹੈ। ਚਿੰਤਕਾਂ ਦਾ ਮੰਨਣਾ ਹੈ ਕਿ ਕਿਸੇ ਵੀ ਮਨੁੱਖ ਨੂੰ ਵਿੱਦਿਆ ਤੋਂ ਵਾਂਝੇ ਕਰਨਾ, ਉਸ ਨੂੰ ਮਨੁੱਖਤਾ ਦੇ ਅਸਲ ਮਾਅਨੇ ਅਤੇ ਮਨੋਰਥ ਸਮਝਣ ਤੋਂ ਹੀ ਵਾਂਝੇ ਕਰਨਾ ਹੈ।
ਸਮੂਹਿਕ ਤੌਰ ’ਤੇ ਹੋ ਰਿਹਾ ਇਹ ਵਿਕਤਰਾ ਮੈਂ ਨਿੱਜੀ ਤੌਰ ’ਤੇ ਹੰਢਾਇਆ ਵੀ ਹੈ ਅਤੇ ਅਨੁਭਵ ਵੀ ਕੀਤਾ ਹੈ। ਮੈਂ 1952 ਵਿੱਚ ਸਰਕਾਰੀ ਸਕੂਲ ਜਾਣਾ ਸ਼ੁਰੂ ਕੀਤਾ। ਇਹ ਵੀ ਧਿਆਨ ਵਿੱਚ ਰੱਖ ਲੈਂਦੇ ਹਾਂ ਕਿ ਮੇਰੀ ਪੈਦਾਇਸ਼ ਆਜ਼ਾਦੀ ਸਮੇਂ ਰਿਆਸਤਾਂ ਨੂੰ ਮਿਲਾ ਕੇ ਬਣਾਏ ਪੈਪਸੂ (PEPSU-Punjab and East Punjab States Union) ਇਲਾਕੇ ਦੀ ਹੈ। ਸਕੂਲ ਵਿੱਚ ਅਖੌਤੀ ਨੀਵੀਂਆਂ ਜਾਤਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਲੱਗੇ ਨਲਕੇ ਨੂੰ ਛੂਹਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਨੇ ਅਗਰ ਪਾਣੀ ਪੀਣਾ ਹੁੰਦਾ ਤਾਂ ਮਾਸਟਰ ਜੀ ਕਿਸੇ ਉੱਚ ਜਾਤੀ ਦੇ ਮੁੰਡੇ ਨੂੰ ਨਲਕਾ ਗੇੜਨ ਲਈ ਭੇਜਦੇ ਤੇ ਅਸੀਂ ਪਾਣੀ ਪੀਂਦੇ। 70 ਸਾਲ ਬੀਤ ਜਾਣ ’ਤੇ ਵੀ ਖ਼ਬਰ ਪੜ੍ਹਦੇ ਹਾਂ ਕਿ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਸੁਰਾਨਾ ਪਿੰਡ ਦੇ ਇੰਦਰਾ ਮੇਘਵਾਲ ਨੂੰ ਸਕੂਲ ਦੇ ਮਾਸਟਰ ਨੇ ਇਸ ਲਈ ਕੁੱਟ ਕੁੱਟ ਕੇ ਮਾਰ ਦਿੱਤਾ ਕਿ ਉਸ ਨੇ ਪੀਣ ਵਾਲੇ ਪਾਣੀ ਦੇ ਘੜੇ ਨੂੰ ਛੂਹ ਲਿਆ ਸੀ, ਸਿਰਫ ਛੂਹਿਆ ਸੀ। ਅਸੀਂ ਤਾਂ ਬਹੁਤ ਹੀ ਖੁਸ਼ਕਿਸਮਤ ਰਹੇ ਕਿ ਇੱਕ ਦਿਨ ਮਾਸਟਰ ਜੀ ਨੇ ਨਲਕਾ ਗੇੜਨ ਦੀ ਖੁੱਲ੍ਹ ਦੇ ਦਿੱਤੀ ਸੀ। ਸਕੂਲ ਵਿੱਚ ਅਸੀਂ ਘਰੋਂ ਲਿਆਂਦੀਆਂ ਬੋਰੀਆਂ ’ਤੇ ਅਲੱਗ ਬੈਠਿਆ ਕਰਦੇ ਸੀ, ਜਦੋਂ ਕਿ ਅਖੌਤੀ ਉੱਚ ਜਾਤਾਂ ਦੇ ਬੱਚੇ ਸਰਕਾਰੀ ਤੱਪੜਾਂ ’ਤੇ ਬੈਠਦੇ ਸਨ।
ਸਾਲ 1957-58 ਹੋਵੇਗਾ ਜਦੋਂ ਪੈਪਸੂ ਪ੍ਰਮੁੱਖ ਸਾਡੇ ਪਿੰਡ ਪ੍ਰਾਇਮਰੀ ਸਕੂਲ ਦਾ ਉਦਘਾਟਨ ਕਰਨ ਆਏ। ਇਹ ਪ੍ਰਮੁੱਖ ਅਜੋਕੇ ਮੰਨੇ ਪ੍ਰਮੰਨੇ ਸਿਆਸੀ ਘਰਾਣੇ ਵਿੱਚੋਂ ਸਨ। ਉਸ ਸਮੇਂ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਕਿ ਸਕੂਲ ਨੂੰ ਘੱਟ ਤੋਂ ਘੱਟ ਦਸਵੀਂ ਤਕ ਅੱਪਗਰੇਡ ਕਰ ਦਿੱਤਾ ਜਾਵੇ। ਰਾਜ-ਪ੍ਰਮੁੱਖ ਨੇ ਇਸ ਬੇਨਤੀ ਦਾ ਕੀ ਜਵਾਬ ਦਿੱਤਾ, ਇਸ ਬਾਰੇ ਮੇਰੇ ਪਿਤਾ ਜੀ ਨੇ ਮੈਨੂੰ ਕੋਈ ਤੀਹ ਕੁ ਸਾਲ ਬਾਅਦ ਦੱਸਿਆ। ਰਾਜ-ਪ੍ਰਮੁੱਖ ਦਾ ਕਹਿਣਾ ਸੀ, “ਜੇਕਰ ਪਿੰਡ ਵਿੱਚ ਦਸਵੀਂ ਦਾ ਸਕੂਲ ਕਰ ਦਿੱਤਾ, ਚੂਹੜੇ ਚਮਾਰਾਂ ਦੇ ਜੁਆਕ ਪੜ੍ਹ ਜਾਣਗੇ ਤੇ ਫੇਰ ਥੋਡੇ ਡੰਗਰ ਕੌਣ ਚਾਰੂਗਾ?” ਤੁਸੀਂ ਜਿਮੀਂਦਾਰ ਆਪਣੇ ਬੱਚੇ ਸੰਗਰੂਰ, ਪਟਿਆਲੇ ਪੜ੍ਹਾ ਸਕਦੇ ਹੋ।”
ਭੋਲੇ ਜਿਮੀਂਦਾਰਾਂ ਦੇ ਜਾਤ-ਅਭਿਮਾਨ ਨੇ ਉਨ੍ਹਾਂ ਨੂੰ ਇਹ ਸਮਝਣ ਤੋਂ ਅਸਮਰਥ ਕਰ ਦਿੱਤਾ ਕਿ ਉਹ ਵੀ ਸਾਰੇ ਆਪਣੇ ਬੱਚਿਆਂ ਨੂੰ ਕਿਸੇ ਸ਼ਹਿਰ ਨਹੀਂ ਪੜ੍ਹਾ ਸਕਦੇ ਸਨ। ਪਿੰਡ ਵਿੱਚ ਸਕੂਲ ਦਾ ਹੋਣਾ ਹੀ ਉਨ੍ਹਾਂ ਦੀ ਮਦਦ ਕਰ ਸਕਦਾ ਸੀ। ਸਭ ਦੀ ਮਾਲੀ ਹਾਲਤ ਪਤਲੀ ਸੀ।
ਅਸੀਂ ਅਖੌਤੀ ਨੀਵੀਆ ਜਾਤਾਂ ਦੇ ਬੱਚੇ 1958 ਵਿੱਚ ਛੇਵੀਂ ਕਲਾਸ ਵਿੱਚ ਸ਼ਹਿਰ ਦੇ ਸਕੂਲ ਵਿੱਚ ਦਾਖਲ ਹੋਏ। ਸਭ ਨੂੰ ਹੀ ਸੰਸਕ੍ਰਿਤ ਦਾ ਵਿਸ਼ਾ ਪੜ੍ਹਨ ਲਈ ਦੇ ਦਿੱਤਾ ਗਿਆ। ਪਿਛਲਝਾਤ ਮਾਰਿਆਂ ਇੰਝ ਲਗਦਾ ਹੈ ਕਿ ਇਹ ਇੱਕ ਚਾਲ ਸੀ ਕਿ ਅਸੀਂ ਅੱਗੇ ਨਾ ਵਧ ਸਕੀਏ। ਭੁੱਖੇ ਗਰੀਬ ਢਿੱਡਾਂ ਨੂੰ ਸੰਸਕ੍ਰਿਤ ਦੀਆਂ ਗਰਦਾਨਾਂ ਕਿਵੇਂ ਹਜ਼ਮ ਹੋਣੀਆਂ ਸਨ? ਅਸੀਂ ਛੇ ਕੁ ਮਹੀਨਿਆਂ ਬਾਅਦ ਹੀ ਪਿੰਡ ਮਿਡਲ ਸਕੂਲ ਬਣਨ ਕਰਕੇ ਪਿੰਡ ਆ ਗਏ ਤੇ ਖਹਿੜਾ ਛੁੱਟ ਗਿਆ!
ਪਿੰਡ ਦਾ ਸਕੂਲ ਗਰਮੀ ਦੀਆਂ ਛੁੱਟੀਆਂ ਬਾਅਦ ਬੰਦ ਹੋਣ ਕਰਕੇ 1960 ਵਿੱਚ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਫਿਰ ਦਾਖਲ ਹੋ ਗਏ। ਮਾਸਟਰ ਇੰਚਾਰਜ ਨੇ ਥੱਪੜ ਪਰੇਡ ਦੇ ਨਾਲ ਨਾਲ ਜ਼ਲੀਲ ਕਰਨਾ ਵੀ ਸ਼ੁਰੂ ਕਰ ਦਿੱਤਾ। ਇੱਕ ਦਿਨ ਇੱਥੋਂ ਤਕ ਕਿਹਾ, “ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਪੜ੍ਹਨ ਰੂੜੀਆਂ ਤੋਂ ਉੱਠ ਕੇ ...।” ਉਨ੍ਹਾਂ ਦੀਆਂ ਅੱਖਾਂ ਵਿੱਚਲੀ ਨਫਰਤ ਦਾ ਬਿਆਨ ਕਰਨਾ ਮੁਸ਼ਕਿਲ ਹੈ ਪਰ ਮਨਸ਼ਾ ਇਹ ਜਾਪਦਾ ਸੀ ਕਿ ਮੈਂ ਸਕੂਲ ਛੱਡ ਜਾਵਾਂ।
ਦਸਵੀਂ ਵਿੱਚ ਦਾਖਲੇ ਵੇਲੇ ਸਾਡੇ ਕੱਪੜੇ ਦੇਖ ਕੇ ਹੀ ਸਾਨੂੰ ਹਾਈਜੀਨ-ਫਿਜਿਆਲੋਜੀ ਦਾ ਵਿਸ਼ਾ ਪੜ੍ਹਨ ’ਤੇ ਇਤਰਾਜ਼ ਜਿਤਾਇਆ ਗਿਆ। ਕਾਲਜ ਵਿੱਚ ਨੀਵੀਂਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ ਸੀਟਾਂ ਰਾਖਵੀਆਂ ਹੋਣ ਦੇ ਬਾਵਜੂਦ ਵੀ ਕੋਸ਼ਿਸ਼ ਹੁੰਦੀ ਸੀ ਕਿ ਸਾਨੂੰ ਸਾਇੰਸ ਦੇ ਵਿਸ਼ਿਆਂ ਤੋਂ ਦੂਰ ਰੱਖਿਆ ਜਾਵੇ।
ਜਦੋਂ ਪਿੰਡ ਦਾ ਇੱਕ ਜਮਾਤੀ ਐਨੀ ਖਾਰ ਖਾਂਦਾ ਹੋਵੇ ਕਿ ਉਹ ਹਰ ਸੰਭਵ ਕੋਸ਼ਿਸ਼ ਕਰੇ ਕਿ ਅਖੌਤੀ ਨੀਵੀਂ ਜਾਤ ਦਾ ਹਮਜਮਾਤੀ ਕਿਸੇ ਤੋਂ ਸੈਕੰਡ-ਹੈਂਡ ਕਿਤਾਬਾਂ ਨਾ ਖਰੀਦ ਲਵੇ, ਲਾਇਬ੍ਰੇਰੀ ਵਿੱਚੋਂ ਕਿਤਾਬ ਨਾ ਹਾਸਲ ਕਰ ਲਵੇ, ਕਿਸੇ ਉੱਚ ਜਾਤੀ ਦੇ ਵਿਦਿਆਰਥੀ ਨਾਲ ਦੋਸਤੀ ਨਾ ਕਰ ਲਵੇ, ਤਦ ਇਹ ਸਮਝਣ ਵਿੱਚ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਉਹ ਬੱਚਾ ਕਿਸੇ ਦੇ ਇਸ਼ਾਰਿਆਂ ’ਤੇ ਅਜਿਹਾ ਕਰ ਰਿਹਾ ਹੋਵੇਗਾ। ਉਸ ਨੇ ਮੇਰੇ ਅਤੇ ਮੇਰੇ ਇੱਕ ਜੱਟ ਭਾਈਚਾਰੇ ਦੇ ਅੱਤ ਦੇ ਪਿਆਰੇ ਦੋਸਤ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਦੋਸਤ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ, “ਜੇ ਕਦੇ ਫੇਰ ਜਗਰੂਪ ਬਾਰੇ ਕੋਈ ਘਟੀਆ ਗੱਲ ਕੀਤੀ, ਮੈਂ ਤੇਰਾ ਖੂਨ ਕਰ ਦਿਆਂਗਾ।” ਫੇਰ ਉਹ ਟਿਕ ਗਿਆ। ਅਜਿਹੇ ਵਰਤਾਰੇ ਪਿੱਛੇ ਸਮੂਹਿਕ ਮਾਨਸਿਕਤਾ ਕੰਮ ਕਰਦੀ ਹੈ, ਵਿਅਕਤੀ ਸਿਰਫ ਮੋਹਰੇ ਬਣਦੇ ਹਨ। ਇਹ ਜਮਾਤੀ ਜਿਮੀਂਦਾਰ ਤਰਖਾਣ ਸੀ, ਜੋ ਪਛੜੀਆਂ ਸ਼੍ਰੇਣੀ ਦੀ ਸੂਚੀ ਵਿੱਚ ਆਉਂਦਾ ਸੀ ਪਰ ਪਿੰਡ ਵਿੱਚ ਉੱਚ ਸ਼੍ਰੇਣੀਆਂ ਨਾਲ ਮੇਲ ਜੋਲ ਕਰਕੇ ਆਪਣੇ ਆਪ ਨੂੰ ਸਮਾਜ ਦੇ ਕੁਲੀਨ ਵਰਗ ਨਾਲ ਜੋੜਦਾ ਸੀ।
ਅਖੌਤੀ ਨੀਵੀਂ ਜਾਤ ਦਾ ਵਿਦਿਆਰਥੀ ਬਾਹਰਲੇ ਅਗਜ਼ਾਮੀਨਰ ਕੋਲੋਂ ਇਹ ਸ਼ਾਬਾਸ਼ੀ ਤਾਂ ਲਵੇ ਕਿ ‘ਉਸ ਨੂੰ ਫਿਜ਼ਿਕਸ ਆਉਂਦੀ ਹੈ, ਬੱਚੇ ਦਾ ਖਿਆਲ ਰੱਖਿਆ ਜਾਵੇ’ ਯੂਨੀਵਰਸਟੀ ਦੀ ਵਾਹ ਵਾਹ ਕਰਾਵੇ ਪਰ ਜਦੋਂ ਉਹ ਦੂਸਰਿਆਂ ਨਾਲ ਹੜਤਾਲ ’ਤੇ ਚਲਾ ਜਾਵੇ ਤਦ ਉਸ ਨੂੰ ਇਹ ਕਹਿਕੇ ਦੁਰਕਾਰਿਆ ਜਾਵੇ ਕਿ ਉਸ ਨੂੰ ਹੜਤਾਲ ’ਤੇ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਸਰਕਾਰ ਉਸ ਨੂੰ ਵਜੀਫਾ ਦਿੰਦੀ ਹੈ। ਉਸ ਨੂੰ ਦੂਸਰਿਆਂ ਵਾਂਗ ਆਪਣਾ ਸੰਵਿਧਾਨਿਕ ਅਧਿਕਾਰ ਵਰਤਣ ਤੋਂ ਵਰਜਣਾ ਤਾਂ ਹੋਰ ਭੀ ਵੱਡਾ ਜਾਤੀ ਵਿਕਤਰਾ ਸੀ। ਸਿੱਖਿਆ ਦਾ ਮਤਲਬ ਆਪਣੇ ਹੱਕਾਂ ਦੀ ਰਾਖੀ ਕਰਨਾ ਵੀ ਸਿਖਾਉਣਾ ਹੁੰਦਾ ਹੈ। ਹਰਿਆਣੇ ਦਾ ਇੱਕ ਜਾਟ ਪਹਿਲੇ ਸਾਲ ਮੇਰਾ ਚੰਗਾ ਆੜੀ ਬਣ ਗਿਆ ਸੀ, ਪਰ ਉਸ ਨੂੰ ਜਦੋਂ ਪਤਾ ਲੱਗਿਆ ਕਿ ਮੈਨੂੰ ਵਜੀਫਾ ਮਿਲਦਾ ਹੈ, ਉਸਨੇ ਮੇਰੇ ਤੋਂ ਇਉਂ ਮੂੰਹ ਫੇਰਿਆ ਜਿਵੇਂ ਉਹ ਮੇਰਾ ਜਾਨੀ ਦੁਸ਼ਮਣ ਹੋਵੇ। ਜਦੋਂ ਮੈਂ ਆਪਣੀ ਯੂਨੀਵਰਸਟੀ ਦੀ ਪੜ੍ਹਾਈ ਖਤਮ ਕਰਨ ਵਾਲਾ ਸੀ ਤਦ ਪਿੰਡ ਵਾਲਿਆਂ ਨੇ ਬਾਪੂ ਜੀ ਤੇ ਝੂਠਾ ਮੁਕੱਦਮਾ ਦਰਜ ਕਰਵਾ ਕੇ ਗ੍ਰਿਫਤਾਰੀ ਵਾਰੰਟ ਜਾਰੀ ਕਰਵਾ ਦਿੱਤਾ ਤਾਂ ਕਿ ਮੇਰੀ ਪੜ੍ਹਾਈ ਵਿੱਚੇ ਰਹਿ ਜਾਵੇ।
ਪ੍ਰਾਚੀਨ ਕਾਲ ਵਿੱਚ ਗੁਰੂ ਕੁਲ ਹੁੰਦੇ ਸਨ ਜਿਨ੍ਹਾਂ ਵਿੱਚ ਰਾਜ ਕੁਮਾਰ, ਅਹਿਲਕਾਰਾਂ ਦੇ ਬੱਚੇ ਅਤੇ ਹੋਰ ਅਖੌਤੀ ਉੱਚ ਜਾਤਾਂ ਦੇ ਬੱਚੇ ਹੀ ਦਾਖਲ ਹੋ ਸਕਦੇ ਸਨ। ਜੇਕਰ ਕੋਈ ਅਖੌਤੀ ਨੀਵੀਂ ਜਾਤ ਦਾ ਏਕਲਵਿਆ ਵਿੱਦਿਆ ਹਾਸਲ ਕਰ ਵੀ ਲੈਂਦਾ, ਉਸ ਤੋਂ ਗੁਰੂ ਦਕਸ਼ਿਨਾ ਦੇ ਨਾਉਂ ਤੇ ਉਸ ਦਾ ਅੰਗੂਠਾ ਵੱਢ ਦਿੱਤਾ ਜਾਂਦਾ। ਵੇਦ ਪੜਨ੍ਹ ਦੀ ਗੱਲ ਤਾਂ ਦੂਰ, ਕੋਈ ਸ਼ੂਦਰ ਵੇਦ ਸੁਣ ਲੈਂਦਾ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਂਦਾ। ਮੱਧ ਕਾਲ ਵਿੱਚ ਸੰਤ ਰਵੀਦਾਸ, ਸੰਤ ਕਬੀਰ, ਸ਼ੇਖ ਫਰੀਦ ਅਤੇ ਹੋਰ ਬਹੁਤ ਸਾਰੇ ਭਗਤਾਂ-ਫਕੀਰਾਂ ਨੇ ਅਧਿਆਤਮ ਅਤੇ ਆਪਣੇ ਕਿੱਤਿਆਂ ਵਿੱਚ ਵੀ ਮੁਹਾਰਿਤ ਹਾਸਲ ਕੀਤੀ; ਉਨ੍ਹਾਂ ਨਾਲ ਜਾਤ ਅਧਾਰਿਤ ਵਿਕਤਰਾ ਇਤਿਹਾਸ ਵਿੱਚ ਦਰਜ ਹੈ।
ਆਧੁਨਿਕ ਸਮਿਆਂ ਵਿੱਚ ਪੱਛਮੀ ਕੌਮਾਂ ਦੇ ਭਾਰਤ ਵਿੱਚ ਆਗਮਨ ’ਤੇ ਹਾਲਾਤ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ। ਅੰਗਰੇਜ਼ਾਂ, ਫਰਾਂਸੀਸੀਆਂ, ਡੱਚਾਂ ਆਦਿ ਨੇ ਹਿੰਦੋਸਤਾਨ ਦੀਆਂ ਅਖੌਤੀ ਨੀਵੀਂਆ ਜਾਤਾਂ ਨੂੰ, ਭਾਵੇਂ ਆਪਣੇ ਸਵਾਰਥ ਹੇਤ ਹੀ, ਵਿੱਦਿਆ ਲਈ ਸਕੂਲ ਖੋਲ੍ਹੇ ਪਰ ਅਖੌਤੀ ਉੱਚ ਜਾਤੀਆਂ ਨੇ ਇਸਦਾ ਵੀ ਵਿਰੋਧ ਕੀਤਾ।
ਹੁਣ ਪਹਿਲੀ ਅਪਰੈਲ 2023 ਤੋਂ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸਦਾ ਪ੍ਰਬੰਧਨ ਅਜਿਹਾ ਹੈ ਕਿ ਕਿਸੇ ਵੀ ਜਾਤ ਦਾ ਗਰੀਬ, ਅਖੌਤੀ ਨੀਵੀਂਆਂ ਜਾਤਾਂ ਤਾਂ ਜੰਮਦੀਆਂ ਅਤੇ ਮਰਦੀਆਂ ਹੀ ਗਰੀਬੀ ਵਿੱਚ ਹਨ, ਉੱਚ ਯੂਨੀਵਰਸਟੀ ਸਿੱਖਿਆ ਤੋਂ ਵਾਂਝਾ ਹੋ ਜਾਵੇਗਾ। ਨਵੀਂ ਸਿੱਖਿਆ ਨੀਤੀ-2020 ਤਹਿਤ ਵਿਦੇਸ਼ੀ ਯੂਨੀਵਰਸਟੀਆਂ ਨੂੰ ਭਾਰਤ ਵਿੱਚ ਆਪਣੇ ਕੈਂਪਸ ਸਥਾਪਤ ਕਰਨ ਦੇਣ ਦੀ ਵਿਵਸਥਾ ਹੈ। ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਨੇ ਹਾਲ ਹੀ ਵਿੱਚ ਇਨ੍ਹਾਂ ਕੈਂਪਸਾਂ ਨੂੰ ਰੈਗੂਲੇਟ ਕਰਨ ਦੇ ਨਿਯਮਾਂ ਦਾ ਖਰੜਾ ਜਨਤਕ ਕੀਤਾ ਹੈ। ਇੰਡੀਅਨ ਐਕਸਪ੍ਰੈੱਸ ਵਿੱਚ ਇਸ ’ਤੇ 7 ਜਨਵਰੀ 2023 ਨੂੰ ਸੰਪਾਦਕੀ ਛਾਪੀ ਗਈ। ਸੰਪਾਦਕੀ ’ਤੇ ਟਿੱਪਣੀ ਕਰਦੇ ਹੋਏ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਦੇ ਪੂਰਵ ਚੇਅਰਮੈਨ ਸ਼੍ਰੀ ਸੁਖਦੇਉ ਥੋਰਾਤ 19 ਜਨਵਰੀ 2023 ਦੇ ਇੰਡੀਅਨ ਐਕਸਪ੍ਰੈੱਸ ਵਿੱਚ ਲਿਖਦੇ ਹਨ ਕਿ ਨਵੀਂ ਸਿੱਖਿਆ ਨੀਤੀ ਤਹਿਤ ਮਾਨਤਾ ਪ੍ਰਦਾਨ ਯੂਨੀਵਰਸਿਟੀ ਸਿਸਟਮ Affiliating University System) ਨੂੰ ਇਕਸਾਰ ਯੂਨੀਵਰਸਟੀ ਸਿਸਟਮ (Unitary University System) ਵਿੱਚ ਤਬਦੀਲ ਕੀਤਾ ਜਾਵੇਗਾ। ਕੈਂਪਸਾਂ ਦੀ ਭੂਗੋਲਿਕ ਸਥਿਤੀ, ਭਾਵ ਮਹਾਂਨਗਰਾਂ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਹੋਣ ਕਰਕੇ, ਹੀ ਉਚੇਰੀ ਸਿੱਖਿਆ ਸਮਾਜ ਦੇ ਕਮਜ਼ੋਰ ਵਰਗਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਥੋਰਾਤ ਸਾਹਿਬ ਨੇ ਸਥਿਤੀ ਦਾ ਸਹੀ ਮੁਲਾਂਕਣ ਕੀਤਾ ਹੈ।
ਜੇਕਰ ਮੇਰੀ ਕਹਾਣੀ ਨੂੰ ਹੀ ਅਖੌਤੀ ਨੀਵੀਂਆ ਜਾਤਾਂ ਅਤੇ ਗਰੀਬ ਵਰਗ ਦੀ ਜਾਤੀ-ਅਧਾਰਤ ਭੇਦ-ਭਾਵ ਦੀ ਮਿਸਾਲੀ ਉਦਾਹਰਣ ਮੰਨ ਲਈ ਜਾਵੇ, ਜਦੋਂ ਕਿ ਮੈਂ ਆਪਣੇ ਨਾਲੋਂ ਬਦਤਰ ਹਾਲਾਤ ਵਿੱਚੋਂ ਗੁਜ਼ਰੇ ਵਿਅਕਤੀਆਂ ਨੂੰ ਵੀ ਮੈਂ ਜਾਣਦਾ ਹਾਂ, ਤਦ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਵਿੱਦਿਆ ਦੇ ਖੇਤਰ ਵਿੱਚ ਜਾਤੀ ਵਿਕਤਰਾ ਹੁੰਦਾ ਆਇਆ ਹੈ ਅਤੇ ਹੋ ਰਿਹਾ ਹੈ। ਕਦੇ ਇਹ ਨੰਗਾ ਅਤੇ ਕਦੇ ਲੁਕਵਾਂ ਰੂਪ ਧਾਰ ਲੈਂਦਾ ਹੈ। ਇਸ ਵਿਕਤਰੇ ਨੂੰ ਖਤਮ ਕਰਨ ਲਈ ਇਨ੍ਹਾਂ ਅਖੌਤੀ ਨੀਵੀਂਆਂ ਜਾਤਾਂ ਲਈ ਸੰਵਿਧਾਨ ਰਾਹੀਂ ਵਿੱਦਿਅਕ ਅਦਾਰਿਆਂ ਵਿੱਚ ਰਾਖਵੀਂਆਂ ਸੀਟਾਂ ਦਾ ਪ੍ਰਸਤਾਵ ਹੈ। ਸੰਵਿਧਾਨ ਨੂੰ ਬਿਨਾਂ ਬਦਲੇ ਹੀ ਨਵੀਂ ਸਿੱਖਿਆ ਨੀਤੀ ਇਸ ਪ੍ਰਸਤਾਵ ਨੂੰ ਨਕਾਰਾ ਕਰਨ ਦੀ ਸੰਭਾਵਨਾ ਸਮੋਈ ਬੈਠੀ ਹੈ।
ਥੋਰਾਤ ਸਾਹਿਬ ਦਾ ਵਿਚਾਰ ਰਾਜ-ਪ੍ਰਮੁੱਖ ਦੀ ਮਨਸ਼ਾ ਨੂੰ ਹੀ ਜ਼ਾਹਰ ਕਰਦਾ ਹੈ ਅਤੇ ਮੇਰੀ ਜ਼ਿੰਦਗੀ ਦੇ ਸੱਚ ਨਾਲ ਮੇਲ ਖਾਂਦਾ ਹੈ। ਮੇਰੇ ਪਿੰਡ ਤੋਂ ਅੱਠ ਮੀਲ ਦੂਰ ਜੇਕਰ ਸਰਕਾਰੀ (ਰਣਬੀਰ) ਕਾਲਜ ਸੰਗਰੂਰ ਨਾ ਹੁੰਦਾ ਤਾਂ ਮੈਂ ਕਦੇ ਵੀ ਯੂਨੀਵਰਸਟੀ ਤਾਂ ਕੀ ਕਾਲਜ ਦਾ ਮੂੰਹ ਵੀ ਨਾ ਦੇਖ ਸਕਦਾ, ਪ੍ਰੋਫੈਸਰ ਅਤੇ ਅਫਸਰ ਬਣਨ ਦਾ ਸੁਪਨਾ ਵੀ ਨਾ ਲੈ ਸਕਦਾ। ਸੰਗਰੂਰ ਤੋਂ ਪਿੰਡ ਦਾ ਆਉਣ ਜਾਣ, ਬਰਾਸਤਾ ਚੱਠੇ-ਉੱਪਲੀ, 16 ਮੀਲ ਤਾਂ ਕਿਵੇਂ ਨਾ ਕਿਵੇਂ ਤੈਅ ਕੀਤਾ ਜਾ ਸਕਦਾ ਸੀ, ਪਰ ਪਟਿਆਲੇ ਦਾ 70 ਮੀਲ ਆਉਣ ਜਾਣ ਤਾਂ ਅਸੰਭਵ ਸੀ। ਪਟਿਆਲੇ ਰਹਿ ਕੇ ਪੜ੍ਹਨ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ। ਸਮੁੱਚੇ ਵਰਤਾਰੇ ਪਿੱਛੇ ਜਾਤ-ਅਭਿਮਾਨੀ ਬ੍ਰਾਹਮਣਵਾਦੀ ਮਾਨਸਿਕਤਾ ਕੰਮ ਕਰਦੀ ਆਈ ਹੈ। ਸਰਬੱਤ ਦਾ ਭਲਾ ਇਸੇ ਵਿੱਚ ਹੈ ਕਿ ਸਭ ਨੂੰ ਬਿਨਾ ਭੇਦ-ਭਾਵ ਸਿੱਖਿਆ ਦਿੱਤੀ ਜਾਵੇ।
***
ਕਵਿਤਾ: ਵਿਰਸੇ ਦਾ ਵਾਰਿਸ
ਮੇਰੇ ਵਿਰਸੇ ਦੀ ਪੰਡ ਨਾ ਖੋਲ੍ਹ
ਆਧੁਨਿਕ ਰੋਸ਼ਨੀ ਵਿੱਚ
ਅੰਧਕਾਰੀ ਪੋਟਲੀ ਨਾ ਫਰੋਲ!
ਖ਼ੋਜ ਵਿਗਿਆਨਕ ਦੱਸੇਗੀ
ਕੀਹਦਾ ਰਿਹਾ ਕੀ ਰੋਲ!
ਬੜੇ ਚਾਅ ਮਾਣ ਨਾਲ
ਉਪਲਬਧੀਆਂ ਗਿਣਾਉਣਗੇ
ਹੈਰਾਨਕੁਨ ਤੱਥਾਂ ਦੇ ਬੋਲ!
ਹਾਲੇ ਤਕ ਜਿਉਂਦੇ ਨੇ
ਅਨੰਤ-ਮੁਖੀ ਭੁੱਖ ਦੇ ਨਾਗ
ਅਗਿਆਨਤਾ ਦੇ ਵਜਾਉਂਦੇ ਢੋਲ!
ਗਰੀਬੀ ਦੇ ਫਨਿਆਰ
ਅਮੁੱਕ ਜ਼ਹਿਰੀ ਖਜ਼ਾਨੇ ਲੈ
ਪਹੁੰਚ ਗਏ ਸਨ ਮੇਰੇ ਕੋਲ!
ਪਿੰਜਰ ਸਮੇਤ ਜਿੰਦਾ
ਅਰਮਾਨਾਂ ਦੀਆਂ ਸੜੀਆਂ ਲਾਸ਼ਾਂ
ਇੰਝ ਰਹੀਆਂ ਨੇ ਬੋਲ!
ਦਰ ਰੱਬੀ ਤੇ ਸਿਰ ਨਿਵਾਉਣੋਂ
ਰਹੀਆਂ ਤਰਸਦੀਆਂ
ਵਗਾਰ ਦੀ ਉਜਰਤ ਲਈ
ਰਹੀਆਂ ਤਰਸਦੀਆਂ
ਹਿਸਾਬ ਉਨ੍ਹਾਂ ਦਾ
ਗਿਣਵਾ ਰਹੀਆਂ ਹਾਂ
ਤੁਹਾਡੇ ਕੋਲ!
ਹੁਕਮ ਇਲਾਹੀ ਕਹਿਕੇ
ਸਾਡੀ ਝੁੱਗੀ
ਪਿੰਡ ਤੋਂ ਬਾਹਰ ਬਣਾਈ
ਘਾਹ ਫੂਸ ਦੀ ਕਾਨੀ ਲਾਈ
ਹੁਨਰ ਅਸਾਡਾ
ਪੰਹੁਚਾ ਰਹੀਆਂ ਹਾਂ
ਤੁਹਾਡੇ ਕੋਲ!
ਸਮਾਜਿਕ ਭਾਈਚਾਰੇ ਦੇ ਵਿੱਚ
ਸੀ ਇੱਕ ਤਬਕੇ ਦੀ ਸਰਦਾਰੀ
ਊਚ-ਨੀਚ ਦਾ ਉਹ ਮਦਾਰੀ
ਕਰਦਾ ਰਹਿੰਦਾ ਸੀ ਕਲੋਲ!
ਤੇਰਾ ਵਿਰਸਾ ਹੈ ਇਹ
ਕਹਿ ਕੇ ਹੋ ਗਈਆਂ ਅਲੋਪ।
ਸੁਣਦਿਆਂ ਹੀ ਜ਼ਿਹਨ ਮੇਰੇ ਵਿੱਚ
ਪੈ ਗਿਆ ਸੋਚਾਂ ਦਾ ਛੋਪ
ਬੜੇ ਗਲੋਟੇ ਕੱਤ ਕੱਤ ਸੁੱਟੇ
ਤੰਦ ਤੱਕਲ਼ੇ ਦੀ ਅਕਲ ਵਿਹੂਣੀ
ਕੱਤ ਨਾ ਸਕੀ ਵਿਰਸੇ ਦੀ ਪੂਣੀ!
ਆਖਿਰ ਰੁਕ ਗਈ
ਚਰਖੇ ਦੀ ਹੂਕ
ਬੋਲੀ ਮਾਰ ਕੇ ਗੱਲ ਮੁਕਾ ਗਈ
ਚੰਦਰਿਆ!
ਵਿਰਸੇ ਦੀ ਵਸੀਅਤ ਫੂਕ
‘ਬੋਲ਼ਿਆ’ ਆਪਣੀ ਵਸੀਅਤ ਫੂਕ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3762)
(ਸਰੋਕਾਰ ਨਾਲ ਸੰਪਰਕ ਲਈ: