“ਉਸ ਨੂੰ ਦੇਖਦਿਆਂ ਹੀ ਮੇਰਾ ਪਾਰਾ ਸੱਤ ਅਸਮਾਨੀਂ ਚੜ੍ਹ ਗਿਆ, “ਭਾਈ ਸਾਹਿਬ, ...”
(5 ਫਰਵਰੀ 2025)
ਜੀਵਨ ਵਿੱਚ ਡਰ ਦਾ ਅਹਿਮ ਰੋਲ ਹੈ। ਬਚਪਨ ਵਿੱਚ ਸਾਨੂੰ ਸਭ ਨੂੰ ਕਿਸੇ ਨਾ ਕਿਸੇ ਦਾ ਡਰ ਦਿੱਤਾ ਜਾਂਦਾ ਸੀ। ਬਾਪ ਦਾ ਡਰ, ਮਾਂ ਦਾ ਡਰ, ਵੱਡਿਆਂ ਦਾ ਡਰ, ਟੱਲਾਂ ਵਾਲੇ ਸਾਧ ਦਾ ਡਰ, ਭੂਤ-ਪ੍ਰੇਤ ਦਾ ਡਰ। ਵੱਡੇ ਹੋਏ ਪਤਾ ਲੱਗਿਆ ਕਿ ਡਰ ਕੋਈ ਅਜਿਹੀ ਸ਼ੈਅ ਹੈ, ਜਿਸ ਮੋਹਰੇ ਭੂਤ ਵੀ ਨੱਚਦੇ ਨੇ। ਆਮ ਸਧਾਰਨ ਜੀਵਨ ਜਿਊਣ ਲਈ ਮਨ ਵਿੱਚ ਉੱਠਦੇ ਡਰ ਨੂੰ ਕਿਵੇਂ ਸਮਝਿਆ ਜਾਵੇ, ਕਿਵੇਂ ਬਾਹਰ ਕੱਢਿਆ ਜਾਵੇ?
ਹਰ ਕੋਈ ਦਿੱਖ ਜਾਂ ਅਦਿੱਖ ਰੂਪ ਵਿੱਚ ਦੂਸਰੇ ਨੂੰ ਡਰਾ ਰਿਹਾ ਹੈ। ਸਾਹਮਣੇ ਪ੍ਰਤੱਖ ਰੂਪ ਵਿੱਚ ਸਭ ਤੋਂ ਵੱਧ ਸਟੇਟ ਡਰਾਉਂਦੀ ਹੈ ਅਤੇ ਅਦਿੱਖ ਰੂਪ ਵਿੱਚ ਧਰਮ ਡਰਾ ਰਿਹਾ ਹੈ। ਦੋਹਾਂ ਕਿਸਮਾਂ ਦੇ ਡਰ ਤੋਂ ਛੁਟਕਾਰਾ ਪਾਉਣ ਲਈ ਨੌਂਵੇਂ ਪਾਤਸ਼ਾਹ ਉਪਦੇਸ਼ ਕਰਦੇ ਹਨ, ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥’ (ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1427) ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਹੇ ਮਨੁੱਖ ਨਾ ਤਾਂ ਕਿਸੇ ਨੂੰ ਡਰਾਓ ਅਤੇ ਨਾ ਹੀ ਕਿਸੇ ਕੋਲੋਂ ਡਰੋ ਅਤੇ ਅਜਿਹਾ ਮਨੁੱਖ ਹੀ ਗਿਆਨਵਾਨ ਹੁੰਦਾ ਹੈ।)
ਸਵਾਲ ਇਹ ਹੈ ਕਿ ਕੀ ਅਜਿਹਾ ਗਿਆਨ ਬੱਚੇ ਨੂੰ ਸਕੂਲੀ ਸਿੱਖਿਆ ਦੌਰਾਨ ਦਿੱਤਾ ਜਾਂਦਾ ਹੈ? ਜਵਾਬ ਨਹੀਂ ਹੈ। ਸਕੂਲ ਵਿੱਚ ਪੱਕੀਆਂ ਧਾਰਨਾਵਾਂ ਨੂੰ ਬਾਅਦ ਵਿੱਚ ਬਦਲਣ ਦੇ ਲੱਖਾਂ ਹੀ ਜਤਨ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਅਸਫਲ ਹੋਣਾ ਤੈਅ ਹੀ ਹੁੰਦਾ ਹੈ। ਸਕੂਲ ਜਾਣ ਲੱਗਦੇ ਹਾਂ ਤਾਂ ਬੱਚਿਆਂ ਨੂੰ ਸਭ ਤੋਂ ਵੱਧ ਡਰ ਅਧਿਆਪਕ ਤੋਂ ਲਗਦਾ ਹੈ, ਜਿਸ ਨੂੰ ਦੂਰ ਕਰਨ ਦੀ ਆਮ ਅਧਿਆਪਕ ਕੋਈ ਕੋਸ਼ਿਸ਼ ਨਹੀਂ ਕਰਦੇ। ਫਿਰ ਬੱਚਿਆਂ ਨੂੰ ਡਰ ਲੱਗਿਆ ਰਹਿੰਦਾ ਹੈ ਕਿਤੇ ਫੇਲ ਨਾ ਹੋ ਜਾਣ, ਆਪਣੇ ਜਮਾਤੀਆਂ ਵਿੱਚੋਂ ਫਾਡੀ ਨਾ ਰਹਿ ਜਾਣ ਆਦਿ। ਦੇਖਦਾ ਹਾਂ ਕਿ ਤਰੱਕੀ ਦੇ ਯੁਗ ਵਿੱਚ ਇਹ ਡਰ ਇੰਨਾ ਵਧ ਗਿਆ ਹੈ ਕਿ ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਕਾਮਯਾਬ ਹੋਣ ਲਈ ਕੋਚਿੰਗ ਕਲਾਸਾਂ ਲਾਉਂਦੇ ਹਨ, ਕੋਟਾ (ਰਾਜਸਥਾਨ) ਦੀ ਕੋਚਿੰਗ ਫੈਕਟਰੀ ਵਿੱਚ ਦਾਖਲਾ ਲੈਂਦੇ ਹਨ। ਗਭਰੇਟ ਤੋਂ ਜਵਾਨੀ ਵਿੱਚ ਪੈਰ ਧਰਨ ਤਕ ਡਰ ਬੱਚਿਆਂ ਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦਾ ਹੈ। ਸਾਡੇ ਜ਼ਮਾਨਿਆਂ ਵਿੱਚ ਇਸ ਕਿਸਮ ਦਾ ਡਰ ਘੱਟ ਹੁੰਦਾ ਸੀ ਪਰ ਹੁਣ ਇਸਦਾ ਰੂਪ ਅਤੇ ਆਕਾਰ ਦੋਵੇਂ ਬਦਲ ਗਏ ਹਨ। ਡਰ ਦੇ ਪਰਛਾਵੇਂ ਹੇਠ ਪਲਿਆ ਬਚਪਨ ਅਤੇ ਚੜ੍ਹੀ ਜਵਾਨੀ ਕਿਹੋ ਜਿਹੇ ਇਨਸਾਨ ਪੈਦਾ ਕਰੇਗੀ, ਉਹ ਕਿਹੋ ਜਿਹਾ ਸੰਸਾਰ ਸਿਰਜਣਗੇ ਅਤੇ ਕਿਹੋ ਜਿਹਾ ਜੀਵਨ ਜਿਊਣਗੇ, ਕੋਈ ਮਾਨਵ-ਵਿਗਿਆਨੀ ਜਾਂ ਸਮਾਜਿਕ-ਸਿਆਸੀ ਵਿਗਿਆਨੀ ਹੀ ਦੱਸ ਸਕਦਾ ਹੈ।
ਡਰ ਇੰਨਾ ਬਲਵਾਨ ਹੈ ਕਿ ਇਹ ਅਮੀਰ-ਗਰੀਬ, ਰਾਜਾ-ਰੰਕ, ਸਿਆਸਤਦਾਨ, ਵਪਾਰੀ, ਕਿਸਾਨ, ਅਫਸਰ, ਦਿਹਾੜੀਦਾਰ ਕਿਸੇ ਨੂੰ ਨਹੀਂ ਬਖਸ਼ਦਾ। ਅੱਜ ਦੇ ਸਿਆਸੀ-ਆਗੂ ਨੂੰ ਡਰ ਸਤਾਉਂਦਾ ਰਹਿੰਦਾ ਹੈ ਕਿ ਉਹ ਅਗਲੀ ਚੋਣ ਨਾ ਹਾਰ ਜਾਵੇ। ਅਫਸਰ ਨੂੰ ਡਰ ਹੀ ਲੱਗਿਆ ਰਹਿੰਦਾ ਹੈ ਕਿ ਉਸ ਦੀ ‘ਮਲਾਈਦਾਰ ਪੋਸਟ’ ਤੋਂ ਬਦਲੀ ਨਾ ਹੋ ਜਾਵੇ, ਦੂਰ ਨਾ ਭੇਜ ਦਿੱਤਾ ਜਾਵੇ। ਡਰ ਇਹ ਵੀ ਲੱਗਿਆ ਰਹਿੰਦਾ ਹੋਊ, ਕਿਤੇ ਮਲਾਈ ਖਾਂਦਾ ਫੜਿਆ ਹੀ ਨਾ ਜਾਵਾਂ ਅਤੇ ਇਸ ਨਾਲ ਜੁੜੇ ਹੋਰ ਕਿੰਨੇ ਡਰ ਦਿਨ ਰਾਤ ਨਾਲ ਰਹਿੰਦੇ ਹਨ। ਡਰ ਦਾ ਵਿਰਾਟ ਰੂਪ ਹੈ ਮੌਤ, ਅਤੇ ਇਹ ਕਿਸ ਨੂੰ ਨਹੀਂ ਸਤਾਉਂਦਾ?
ਸਮਾਜ ਦੇ ਹੇਠਲੇ ਤਬਕਿਆਂ ਦਾ ਡਰ ਬਹੁਤ ਹੀ ਅਜੀਬ ਕਿਸਮ ਦਾ ਹੈ। ਉਨ੍ਹਾਂ ਨੂੰ ਡਰ ਘੱਟ ਲਗਦਾ ਹੈ ਕਿਉਂਕਿ ਉਨ੍ਹਾਂ ਕੋਲ ਖੋ ਦੇਣ ਲਈ ਪਦਾਰਥ ਜਾਂ ਤਕਤ ਨਾ-ਮਾਤਰ ਹੀ ਹੰਦੇ ਹਨ। ਜੇਕਰ ਉਹ ਕੁਝ ਪ੍ਰਾਪਤੀ ਕਰ ਵੀ ਲੈਣ, ਫਿਰ ਉਨ੍ਹਾਂ ਨੂੰ ਡਰਾਇਆ ਬਹੁਤ ਜਾਂਦਾ ਹੈ ਅਤੇ ਇਸ ਪ੍ਰਾਪਤੀ ਦੇ ਖੁੱਸਣ ਦੇ ਡਰ ਤੋਂ ਉਹ ਹਮੇਸ਼ਾ ਤ੍ਰਭਕੇ ਹੀ ਰਹਿੰਦੇ ਹਨ। ਇਸਦਾ ਦੂਸਰਾ ਪੱਖ ਵੀ ਹੀ ਕਿ ਇਸ ਖੁੱਸਣ ਦੇ ਡਰ ਤੋਂ ਉਹ ਬਹੁਤੇ ਆਪਹੁਦਰੀ ਵੀ ਨਹੀਂ ਕਰ ਸਕਦੇ।
ਡਰ ਬਾਰੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਨ ਲੱਗਿਆ ਹਾਂ। ਸ਼ਾਇਦ ਪੜ੍ਹਨ ਵਾਲਾ ਸੱਜਣ ਕਹੇਗਾ, ਇਹ ਆਪਣੀ ਹੀ ਰਟ ਲਾਈ ਰੱਖਦਾ ਹੈ। ਮੇਰਾ ਵਿਚਾਰ ਹੈ ਕਿ ਅਨੁਭਵ ਜ਼ਰੂਰ ਸਾਂਝੇ ਕਰਨੇ ਚਾਹੀਦੇ ਹਨ। ਅਨੁਭਵ ਜੀਵਿਆ ਹੁੰਦਾ ਹੈ। ਇਹ ਜ਼ਿੰਦਗੀ ਨਾਲ ਸਿੱਧਾ ਜੁੜਿਆ ਹੁੰਦਾ ਹੈ ਨਾ ਕਿ ਕਿਸੇ ਕਲਪਨਾ ਦੀ ਉਪਜ ਹੁੰਦਾ ਹੈ। ਅਜਿਹੇ ਅਨੁਭਵ ਦਾ ਬਿਰਤਾਂਤ ਕਿਸੇ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ ਅਤੇ ਕਿਸੇ ਨੂੰ ਐਨਾ ਕੁ ਸਕੂਨ ਵੀ ਦੇ ਸਕਦਾ ਹੈ ਕਿ ਹਾਲੇ ਇਨਸਾਨੀਅਤ ਜ਼ਿੰਦਾ ਹੈ, ਅਫਸਰ ਵੀ ਜਾਂਬਾਜ਼ੀ ਕਰ ਸਕਦੇ ਹਨ।
ਸਰਕਾਰ ਦਾ ਤਕਰੀਬਨ ਹਰ ਮਹਿਕਮਾ ਹੀ ਮੁਖਬਰ (ਸੂਹੀਏ) ਰੱਖਦਾ ਹੈ। ਵੱਡੇ ਕਾਰਪੋਰੇਟ ਘਰਾਣੇ ਅਤੇ ਧਨਾਢ ਨਿੱਜੀ ਸੂਹੀਏ ਰੱਖਦੇ ਹਨ। ਮੁਖਬਰ ਰੱਖਣਾ ਸੌਖਾ ਨਹੀਂ, ਖੰਡੇ ਦੀ ਧਾਰ ’ਤੇ ਤੁਰਨ ਵਰਗਾ ਕੰਮ ਹੁੰਦਾ ਹੈ, ਪਤਾ ਨਹੀਂ ਕਿਸ ਵੇਲੇ ਕਿੱਧਰ ਪਲਟ ਜਾਵੇ। ਮਹਾਨਗਰ ਵਿੱਚ ਨੌਕਰੀ ਦੌਰਾਨ ਸਾਡੇ ਵੀ ਮੁਖਬਰ ਹੁੰਦੇ ਸਨ। ਮੁਖਬਰ ਨਾਲ ਨਜਿੱਠਣ ਲਈ ਕਾਫੀ ਹੁਸ਼ਿਆਰੀ ਦੀ ਲੋੜ ਹੁੰਦੀ ਹੈ। ਛੋਟੇ ਕਸਬਿਆਂ ਦੇ ਮੁਖ਼ਬਰਾਂ ਉੱਤੇ ਤੁਸੀਂ ਇਤਬਾਰ ਕਰ ਸਕਦੇ ਹੋ ਪਰ ਮਹਾਨਗਰ ਵਾਲਿਆਂ ਦੀ ਮਨੋਵਿਰਤੀ ਹੋਰ ਹੁੰਦੀ ਹੈ। ਉੱਥੋਂ ਦੀ ਭੀੜ ਵਿੱਚ ਸਭ ਇੱਕੋ ਹੀ ਹੁੰਦੇ ਹਨ, ਕੋਈ ਪਤਾ ਨਹੀਂ ਚਲਦਾ ਕੌਣ ਕੀ ਹੈ? ਉਨ੍ਹਾਂ ਦੀ ਰੋਜ਼ੀ ਰੋਟੀ ਦੇ ਸਵਾਲ ਹੱਲ ਕਰਦਾ ਇਹ ਪੇਸ਼ਾ ਉਨ੍ਹਾਂ ਲਈ ਕਾਫੀ ਜੋਖ਼ਮ ਭਰਿਆ ਹੁੰਦਾ ਹੈ ਪਰ ਡਰ ਦੋਹਾਂ ਦੀ ਮਨੋਬਿਰਤੀਆਂ ਵਿੱਚ ਪ੍ਰਵੇਸ਼ ਕਰ ਚੁੱਕਿਆ ਹੁੰਦਾ ਹੈ। ਇੱਕ ਮਧ-ਅਕਾਰੀ ਸ਼ਹਿਰ ਦਾ ਤਜਰਬਾ ਹੈ। ਇਸਦੇ ਗਿਰਦ ਛੋਟੇ ਕਸਬੇ ਦਾ ਮੁਖ਼ਬਰ ਆ ਕੇ ਕਹਿਣ ਲੱਗਾ, “ਸਰ! ਇੱਕ ਖਬਰ ਦੇਣੀ ਐ ਪਰ ਦੱਸਦਿਆਂ ਡਰ ਬਹੁਤ ਲੱਗ ਰਿਹਾ ਹੈ। ਜੇਕਰ ਉਸ ਨੂੰ ਪਤਾ ਲੱਗ ਗਿਆ ਤਾਂ ਉਹ ਸਾਡਾ ਜਿਊਣਾ ਦੁੱਭਰ ਕਰ ਦੇਵੇਗਾ।”
ਮੈਂ ਕਿਹਾ, “ਡਰ ਤਾਂ ਮੈਨੂੰ ਵੀ ਬਹੁਤ ਲੱਗ ਰਿਹਾ ਹੈ ਪਰ ਤੂੰ ਯਕੀਨ ਰੱਖ, ਉਸ ਨੂੰ ਪਤਾ ਨਹੀਂ ਲੱਗੇਗਾ। ਸਾਰੀ ਗੱਲ ਦੱਸ।”
ਉਸ ਦੱਸਣ ਲੱਗਿਆ, “ਸਰ, ਸੁਣਿਆ ਹੈ ਕਿ ਮਹਿਕਮੇ ਦੇ ਕਾਫੀ ਬਕਾਏ ਉਸ ਵੱਲ ਖੜ੍ਹੇ ਹਨ। ਸ਼੍ਰੀ ਮਾਨ ਜੀ! ਉਸ ਬੰਦੇ ਕੋਲ ਬਹੁਤ ਪੈਸਾ ਹੈ। ਹਰ ਸਾਲ ਘਰ ਵਾਲੀ ਨੂੰ ਵਿਦੇਸ਼ ਦੀ ਸੈਰ ਕਰਾਉਂਦੈ, ਪੂਰੀ ਐਸ਼ ਕਰ ਰਿਹਾ ਹੈ ਪੱਠਾ। ...”
ਉਹ ਥੋੜ੍ਹਾ ਖੁੱਲ੍ਹ ਕੇ ਦੱਸਣਾ ਚਾਹੁੰਦਾ ਸੀ। ਜਿਉਂ ਜਿਉਂ ਉਹ ਬੋਲਦਾ ਗਿਆ, ਮੈਨੂੰ ਕਿਸੇ ਵੇਲੇ ਮਿਲੀ ਧਮਕੀ ਯਾਦ ਆਉਂਦੀ ਗਈ ਕਿਉਂਕਿ ਮੈਂ ਉੱਪਰ ਵਾਲਿਆਂ ਦੀ ਗੱਲ ਮੰਨ ਕੇ ਕਿਸੇ ਵੱਡੇ ਆਦਮੀ ਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਸੁਣਨਾ ਪਿਆ ਸੀ ... ਬਹੁਤਾ ਔਖਾ ਹੁੰਨੈਂ, ਨੌਕਰੀ ਤੋਂ ਕਢਵਾ ਦਿਆਂਗੇ। ... ਨੌਕਰੀ ਤੋਂ ਕਢਵਾਉਣ ਦੀ ਫਿਰ ਧਮਕੀ ਮਿਲਣ ਦਾ ਡਰ ਅੱਖਾਂ ਮੋਹਰੇ ਘੁੰਮਣ ਲੱਗ ਪਿਆ। ਜੱਕੋਤਕੀ ਵਿੱਚ ਮੈਂ ਉਸ ਨੂੰ ਅਗਲੇ ਹਫਤੇ ਆਉਣ ਲਈ ਕਿਹਾ।
ਇਹ ਗੱਲ 1990 ਦੇ ਆਸ-ਪਾਸ ਦੀ ਹੈ। ਮਹਿਕਮੇ ਦੇ ਰਿਕਾਰਡ ਤੋਂ ਪਤਾ ਲੱਗਿਆ ਕਿ ਉਸ ਵੱਲ ਕੋਈ ਪੈਂਤੀ ਲੱਖ ਬਕਾਇਆ ਸੀ। ਸਾਡੇ ਕਰ ਵਸੂਲੀ ਅਫਸਰ ਨੂੰ ਬੁਲਾਇਆ, ਥੋੜ੍ਹੀ ਝਾੜ ਝੰਬ ਕੀਤੀ ਤਾਂ ਉਹ ਬੋਲ ਪਿਆ, “ਸਰ! ਜਦੋਂ ਵੀ ਇਨ੍ਹਾਂ ਵੱਡੇ ਬੰਦਿਆਂ ’ਤੇ ਕੋਈ ਕਾਰਵਾਈ ਕਰੀਦੀ ਹੈ, ਮੈਨੂੰ ਤਾਂ ਡਰ ਲੱਗਣ ਲੱਗ ਜਾਂਦਾ ਹੈ। ਸੱਚ ਪੁੱਛੋਂ ਤਾਂ ਉੱਪਰ ਵਾਲੇ ਮੋਕ ਮਾਰ ਜਾਂਦੇ ਹਨ।”
ਉਸਦੇ ਮਿਹਣੇ ਦੀ ਬਦਬੂ ਮੇਰੇ ਅੰਦਰ ਨੂੰ ਸਾੜ ਗਈ ਕਿਉਂਕਿ ਉਹ ਕਾਫ਼ੀ ਹੱਦ ਤਕ ਠੀਕ ਸੀ। ਮੈਂ ਸ਼ਾਂਤ ਰਿਹਾ। ਮੈਂ ਕਿਹਾ, “ਤੁਸੀਂ ਐਕਸ਼ਨ ਲਵੋ, ਮੈਂ ਤੁਹਾਡੇ ਨਾਲ ਖੜ੍ਹਾਂਗਾ।”
ਅਸੀਂ ਇੱਕ ਦੂਜੇ ਵੱਲ ਇਉਂ ਤੱਕਣ ਲੱਗੇ ਜਿਵੇਂ ਆਪਸੀ ਵਿਸ਼ਵਾਸ ਦੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੋਈਏ। ਦੋਹਾਂ ਦੀ ਤੱਕਣੀ ਦੱਸ ਰਹੀ ਸੀ ਕਿ ਉਹ ਘਾਟ ਪੂਰੀ ਹੋ ਚੁੱਕੀ ਸੀ। ਇਤਫਾਕਨ ਅਸੀਂ ਦੋਵੇਂ ਮਨੁੱਖ ਸਮਾਜ ਦੇ ਕਮਜ਼ੋਰ ਤਬਕੇ ਵਿੱਚੋਂ ਸੀ।
ਫਿਰ ਇੱਕ ਦਿਨ ਮੈਂ ਉਸ ਮੁਖਬਰ ਨੂੰ ਬੁਲਾ ਕੇ ਉਸ ਦਾ ਮਨਸ਼ਾ ਜਾਣਨ ਦੀ ਕੋਸ਼ਿਸ਼ ਕੀਤੀ। ਉਹ ਬੰਦਾ ਮੈਨੂੰ ਠੀਕ ਲੱਗਿਆ। ਮੈਂ ਟੈਕਸ-ਚੋਰ ਨੂੰ ਕਾਬੂ ਕਰਨ ਦੇ ਢੰਗ ਬਾਰੇ ਉਸਦੀ ਰਾਏ ਜਾਣਨੀ ਚਾਹੀ। ਉਸਨੇ ਝੱਟ ਕਿਹਾ, “ਸਰ ਜੀ! ਉਸ ਨੂੰ ਸਮਾਜ ਦੀਆਂ ਨਜ਼ਰਾਂ ਵਿੱਚ ਗੇਰਿਆ ਜਾਵੇ।”
ਮੈਨੂੰ ਲੱਗਿਆ ਜਿਵੇਂ ਉਹ ਨਿੱਜੀ ਕਿੜ ਕੱਢਣੀ ਚਾਹੁੰਦਾ ਹੋਵੇ। ਉਨ੍ਹਾਂ ਦਿਨਾਂ ਵਿੱਚ ਸਮਾਜਿਕ ਦਬਾ ਕਾਫ਼ੀ ਕੰਮ ਕਰਦਾ ਸੀ ਪਰ ਮਹਿਕਮਾ ਰਿਵਾਇਤੀ ਤੌਰ ’ਤੇ ਅਜਿਹਾ ਕਦਮ ਪੁੱਟਣ ਤੋਂ ਗੁਰੇਜ਼ ਹੀ ਕਰਦਾ ਸੀ। ਅੱਜ ਦੇ ਵਕਤ ਵਿੱਚ ਤਾਂ ਅਜਿਹੇ ਕਦਮ ਸਿਆਸੀ ਰੰਗ ਇਖਤਿਆਰ ਕਰਨ ਵਿੱਚ ਭੋਰਾ ਦੇਰ ਨਾ ਲਾਉਣ। ਮੁਖਬਰ ਨੇ ਦੱਸਿਆ ਕਿ ਇਸ ਬੰਦੇ ਦੇ ਏਸ਼ੀਆ ਦੀ ਸਭ ਤੋਂ ਵੱਡੀ ਖੰਡ-ਮਿੱਲ ਵਿੱਚ ਸਿਰਫ ਦੋ ਹੀ ਸ਼ੇਅਰ ਹਨ, ਉਨ੍ਹਾਂ ਦੀ ਜ਼ਬਤੀ ਕਰਕੇ ਸ਼ਹਿਰ ਵਿੱਚ ਬੋਲੀ ਦੀ ਮੁਨਿਆਦੀ ਕਰਵਾ ਦਿੱਤੀ ਜਾਵੇ। ਉਹ ਭੱਜਿਆ ਆਵੇਗਾ। ਸ਼ਹਿਰ ਵਿੱਚ ਉਸਨੇ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ।”
ਮੈਂ ਆਪਣੇ ਮਾਤਹਿਤ ਦੀ ਰਾਏ ਅਤੇ ਇਰਾਦਾ ਦੋਵਾਂ ਜਾਣ ਲਏ ਅਤੇ ਜ਼ਬਤੀ ਦੇ ਹੁਕਮ ਕਰ ਦਿੱਤੇ। ਇੰਨੇ ਨਾਲ ਹੀ ਮਿੱਲ-ਖੇਤਰ ਵਿੱਚ ਰੌਲਾ ਪੈ ਗਿਆ ਤੇ ਉਹ ‘ਸੱਜਣ’ ਸਾਡੇ ਕੋਲ ਆ ਹਾਜ਼ਰ ਹੋਇਆ। ਕੁਝ ਕਰਨ ਦਾ ਜਨੂੰਨ ਹੋਵੇ ਤਾਂ ਥੋੜ੍ਹਾ ਜਿਹਾ ਝੱਲਪੁਣਾ ਚੜ੍ਹ ਹੀ ਜਾਂਦਾ ਹੈ। ਉਸ ਨੂੰ ਦੇਖਦਿਆਂ ਹੀ ਮੇਰਾ ਪਾਰਾ ਸੱਤ ਅਸਮਾਨੀਂ ਚੜ੍ਹ ਗਿਆ, “ਭਾਈ ਸਾਹਿਬ, ਭਾਰਤ ਸਰਕਾਰ ਦੇ ਅਫਸਰਾਂ ਵਿੱਚ ਹਾਲੇ ਦਮ ਹੈ, ਵਸੂਲੀ ਕਰ ਸਕਦੇ ਨੇ। ਕੁਝ ਬਕਾਇਆ ਜਮ੍ਹਾਂ ਕਰਵਾ ਕੇ ਮੈਨੂੰ ਮਿਲ ਸਕਦੇ ਹੋ ...।”
ਅਗਲੇ ਦਿਨ ਉਹ ਕੁਝ ਮਾਇਆ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਆ ਹਾਜ਼ਰ ਹੋਇਆ। ਉਸ ਦੀ ਹਾਲਤ ਤਰਸਯੋਗ ਹੋ ਗਈ ਸੀ। ਉਸ ਨੇ ਮਿੰਨਤ ਕੀਤੀ ਕਿ ਮੁਨਿਆਦੀ ਨਾ ਕਰਵਾਈ ਜਾਵੇ, ਉਹ ਸਮਾਜ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹੇਗਾ। ਕਿੰਨਾ ਡਰ ਰਿਹਾ ਸੀ ਉਹ ਬਦਨਾਮੀ ਤੋਂ। ਉਸ ਨੂੰ ਜ਼ਲੀਲ ਕਰਨ ਦਾ ਸਾਡਾ ਵੀ ਕੋਈ ਇਰਾਦਾ ਨਹੀਂ ਸੀ।
ਅਸੀਂ ਦਫਤਰ ਵਿੱਚ ਹੀ ‘ਕਾਗਜ਼ੀ ਕਾਰਵਾਈ’ ਪਾ ਕੇ ਉਸ ਦੇ ਸ਼ੇਅਰ ਉਸ ਨੂੰ ਹੀ ਵੇਚ ਦਿੱਤੇ ਅਤੇ ਵਸੂਲੀ ਕਰ ਲਈ। ਇਹ ਡਰ ਹੀ ਸੀ ਜਿਸ ਕਰਕੇ ਅਸੀਂ ਵਸੂਲੀ ਦਾ ਕਾਰਜ ਪੂਰਾ ਕਰ ਸਕੇ। ਮੈਨੂੰ ਡਰ ਸੀ ਕਿਤੇ ਮੇਰਾ ਅਫਸਰ ਅਤੇ ਮੁਖਬਰ ਨਾ ਮਿਲ ਜਾਣ ਅਤੇ ਮੇਰੀ ਬਦਨਾਮੀ ਕਰਵਾ ਦੇਣ। ਮੇਰੇ ਮਾਤਹਿਤ ਨੂੰ ਡਰ ਸੀ ਕਿ ਕਿਤੇ ਮੈਂ ਮੌਕੇ ’ਤੇ ਮੋਕ ਨਾ ਮਾਰ ਜਾਵਾਂ ਤੇ ਉਸ ਦਾ ਡਰ ਹੋਰ ਪੱਕਾ ਹੋ ਜਾਵੇ। ਮੁਖਬਰ ਨੂੰ ਡਰ ਸੀ ਕਿ ਕਿਤੇ ਇਹ ਪੈਸੇ ਵੀ ਨਾ ਭਰਵਾਉਣ ਅਤੇ ਉਸ ਨੂੰ ਦੱਸ ਵੀ ਦੇਣ। ਇਸ ਘਟਨਾ ਨੇ ਮੈਨੂੰ ਸਿਖਾਇਆ ਕਿ ਡਰ ਦੁਨਿਆਵੀ ਵਿਵਹਾਰ ਲਈ ਕੰਮ ਦੀ ਚੀਜ਼ ਹੈ।
ਦੂਸਰੀ ਗੱਲ, ਮੁਖਬਰਾਂ ਨੂੰ ਸਮਾਜਿਕ ਵਰਤਾਰੇ ਦੀ ਅਫਸਰਾਂ ਨਾਲੋਂ ਕਿਤੇ ਵੱਧ ਸਮਝ ਹੁੰਦੀ ਹੈ। ਬੰਦ ਕਮਰਿਆਂ ਦੀ ਚਾਪਲੂਸੀ ਬਾਹਰ ਦੀ ਖਬਰ ਹੀ ਨਹੀਂ ਲੱਗਣ ਦਿੰਦੀ। ਸਾਡੇ ਇੱਕ ਸੀਨੀਅਰ ਅਫਸਰ ਸਾਨੂੰ ਚੰਗੇ ਅਮੀਰਾਂ ਨਾਲ ਮਿਲ ਬੈਠਣ ਦੀ ਸਲਾਹ ਦਿਆ ਕਰਦੇ ਸਨ ਪਰ ਉਨ੍ਹਾਂ ਦੀ ਨੀਅਤ ਮੁਖਬਰੀ ਵਾਲੀ ਹੋਣ ਕਰਕੇ ਮੈਂ ਇਸਦਾ ਬਹੁਤਾ ਸਮਰਥਕ ਨਹੀਂ ਸੀ। ਇਹ ਇਵੇਂ ਹੋ ਜਾਂਦਾ ਹੈ ਜਿਵੇਂ ਜਿਸ ਥਾਲੀ ਵਿੱਚ ਤੁਸੀਂ ਖਾਧਾ ਹੋਵੇ, ਉਸੇ ਵਿੱਚ ਛੇਕ ਕਰ ਦੇਵੋਂ। ਉਂਝ ਇੱਕ ਛੋਟਾ ਜਿਹਾ ਮੁਖਬਰ ਅਰਥਾਤ ਚੁਗਲਖੋਰ ਤਾਂ ਸਾਡੇ ਸਭ ਅੰਦਰ ਹੀ ਬਿਰਾਜਮਾਨ ਹੈ, ਜਿਹੜਾ ਜ਼ੋਰ ਲਾਇਆਂ ਵੀ ਕਾਬੂ ਵਿੱਚ ਨਹੀਂ ਆਉਂਦਾ ਭਾਵੇਂ ਹਰ ਰੋਜ਼ ਧਾਰਮਿਕ ਉਪਦੇਸ਼ ਸੁਣਦੇ ਰਹੀਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)