JagroopSingh3“ਉੱਥੇ ਕਿਵੇਂ ਦਿਨ ਕੱਢੇ? ਤੁਸੀਂ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸੀ” “ਯਾਰ ਇੱਕ ਵਾਰ ਘੁਸ ਜਾਓ, ਫਿਰ ਉੱਥੇ ...”
(26 ਫਰਵਰੀ 2024)
ਇਸ ਸਮੇਂ ਪਾਠਕ: 400.


ਇਹ ਸ਼ਬਦ ‘ਡੌਂਕੀ’ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ ਪਰ ਮੇਰੇ ਧਿਆਨ ਵਿੱਚ ਇਹ ਬਹੁਤਾ ਨਹੀਂ ਸੀ ਆਇਆ
ਇੱਕ ਦਿਨ ਜਦੋਂ ਇੱਕ ਹਵਾਈ ਜਹਾਜ਼ ਨੂੰ ਯੌਰਪ ਦੇ ਇੱਕ ਨਿੱਕੇ ਜਿਹੇ ਦੇਸ਼ ਵਿੱਚ ਉਤਾਰਿਆ ਗਿਆ ਅਤੇ ਉਹ ਕਈ ਦਿਨ ਉੱਥੇ ਅਟਕਾਈ ਰੱਖਿਆ ਤਾਂ ਪਤਾ ਚੱਲਿਆ ਕਿ ਇਹ ‘ਡੌਂਕੀ ਫਲਾਈਟ’ ਸੀ ਇੱਕ ਦਮ ਦਿਮਾਗ ਵਿੱਚ ਪ੍ਰਸ਼ਨ ਉੱਠਿਆ ਕਿ ਕੀ ਇਸ ਵਿੱਚ ਗਧੇ ਢੋਏ ਜਾ ਰਹੇ ਸਨ? ਥੋੜ੍ਹੀ ਬਹੁਤੀ ਜਾਣਕਾਰੀ ਮਿਲਦੀ ਰਹੀ ਤਾਂ ਪਤਾ ਚੱਲਿਆ ਕਿ ਨਹੀਂ, ਇਹ ਉਨ੍ਹਾਂ ਗਧਿਆਂ ਨਾਲ ਭਰੀ ਹੋਈ ਸੀ, ਜਿਹੜੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਅੰਦਰ ਘਾਹ ਚਰਨਾ ਚਾਹੁੰਦੇ ਸਨਇਹ ਜਾਣਕਾਰੀ ਮੈਨੂੰ ਮੇਰੇ ਬਚਪਨ ਦੇ ਦਿਨੀਂ ਲੈ ਗਈ ਅਤੇ ਮੈਂ ਇਨ੍ਹਾਂ ਮਨੁੱਖਾਂ/ਗਧਿਆਂ ਦੀ ਤੁਲਨਾ ਵਿਹੜੇ ਦੀਆਂ ਤੀਮੀਆਂ ਨਾਲ ਕਰਨ ਲੱਗ ਪਿਆ, ਜਿਨ੍ਹਾਂ ਨਾਲ ਕਦੇ ਕਦਾਈਂ ਮੈਂ ਵੀ ਵੱਡੇ ਜਿਮੀਂਦਾਰ ਦੇ ਖੇਤ ਵਿੱਚੋਂ ਮਾਤਾ ਜੀ ਨਾਲ ਕੱਖ-ਕੰਡਾ ਲੈਣ ਤੁਰ ਜਾਂਦਾ ਸੀਅੱਠ ਦਸ ਤੀਮੀਆਂ ਦਾ ਇਹ ਵੱਗ ਜ਼ਿਮੀਂਦਾਰ ਦੇ ਖੇਤ ਵਿੱਚ ਚੋਰੀ ਛਿਪੇ ਘੁਸ ਜਾਂਦਾ ਅਤੇ ਜਿੰਨੀ ਜਲਦੀ ਹੋ ਸਕਦੀ, ਉਸ ਫੁਰਤੀ ਨਾਲ ਘਾਹ ਖੋਤਕੇ ਖੇਤੋਂ ਬਾਹਰ ਹੋ ਜਾਂਦਾਰਸਤੇ ਵਿੱਚ ਕੀਹਨੇ ਪੁੱਛਣਾ ਹੁੰਦਾ ਸੀ ਕਿੱਥੋਂ ਲਿਆਏ ਹੋ? ਇਨ੍ਹਾਂ ਦੀ ਇਹ ਚੋਰੀ ਅਤੇ ਮਿਹਨਤ ਦੀ ਕਮਾਈ ਇਨ੍ਹਾਂ ਦੇ ਪਸ਼ੂ ਧਨ ਰਾਹੀਂ ਇਨ੍ਹਾਂ ਦੇ ਜੀਵਨ ਨੂੰ ਸੁਖੀ ਬਣਾਉਂਦੀ ਸੀਕਦੇ ਕਦੇ ਜ਼ਿਮੀਂਦਾਰ ਦਾ ਸੀਰੀ ਖੇਤ ਦੀ ਵੱਟ ’ਤੇ ਖੜ੍ਹਾ ਹੁੰਦਾ ਤੇ ਉਹ ਇਸ ਵੱਗ ਨੂੰ ਖੇਤ ਵਿੱਚ ਵੜਨ ਨਾ ਦਿੰਦਾਇਹ ਗਰੀਬੜੀਆਂ ਬਹੁਤ ਤਰਲੇ ਮਿੰਨਤਾਂ ਕਰਦੀਆਂ, ਉਸ ਨੂੰ ਭਾਈਚਾਰੇ ਦਾ ਵਾਸਤਾ ਦਿੰਦੀਆਂ ਅਤੇ ਕਦੇ ਕਦੇ ਤਾਂ ਇੱਥੋਂ ਤਕ ਕਹਿ ਦਿੰਦੀਆਂ - ਹੋਰ ਦੱਸੋ ਅਸੀਂ ਕਿਹੜੇ ਖੂਹ ਵਿੱਚ ਡਿਗੀਏ? ,,, ਜਿੱਥੇ ਜਾਨੀਆਂ ਕਹਿ ਦਿੰਦੇ ਨੇ, ਅਗਾਂਹ ਹੋ ਜੋ, ਨਹੀਂ ਤਾਂ ਫਿਰ ਡੰਡਾ। ਅਤੇ ਇੱਕ ਦਿਨ ਅਜਿਹਾ ਵਾਕਿਆ ਸੱਚਮੁੱਚ ਹੀ ਵਾਪਰ ਗਿਆ

1957-58 ਦੀ ਘਟਨਾ ਹੈ ਮਾਰਚ ਦੇ ਪਿਛਲੇ ਪੰਦਰਵਾੜੇ ਦੇ ਦਿਨੀਂ ਮੱਠੀ ਮੱਠੀ ਧੁੱਪ ਸੀਅਸੀਂ ਸਲਾਨਾ ਪਰਚੇ ਦੇ ਕੇ ਵਿਹਲੇ ਸਾਂਇਨ੍ਹੀਂ ਦਿਨੀਂ ਮਾਲਵੇ ਦੇ ਇਲਾਕੇ ਵਿੱਚ ਛੋਲਿਆਂ ਦੀ ਚੰਗੀ ਫਸਲ ਹੁੰਦੀ ਸੀ ਇੱਕ ਦਿਨ ਮੈਂ ਵੀ ਮਾਤਾ ਜੀ ਨਾਲ ਵਿਹੜੇ ਦੀਆਂ ਤੀਮੀਆਂ ਨਾਲ ਕੱਖ ਕੰਡਾ ਲੈਣ ਚਲਾ ਗਿਆਅਸੀਂ ਚਿੱਟੇ ਛੋਲਿਆਂ (ਅਸੀਂ ਇਨ੍ਹਾਂ ਨੂੰ ਕਾਬਲੀ ਛੋਲੇ ਕਿਹਾ ਕਰਦੇ ਸੀ) ਦੇ ਖੇਤ ਅੰਦਰ ਜਾ ਵੜੇਆਲੂਆਂ ਨਾਲ ਇਨ੍ਹਾਂ ਦੀ ਤਰੀ ਵਾਲੀ ਸਬਜ਼ੀ, ਦਾਲ ਬਹੁਤ ਕਰਾਰੀ ਬਣਦੀ ਸੀਖੇਤ ਬੜਾ ਹੀ ਹਰਾ ਭਰਾ ਸੀ ਅਤੇ ਇਸ ਵਿੱਚ ਗਾਂ, ਮੱਝ ਲਈ ਹਰਾ ਚਾਰਾ ਵੀ ਬਹੁਤ ਉੱਗ ਪਿਆ ਸੀਉਸ ਵੇਲੇ ਤਾਂ ਮੈਨੂੰ ਇਉਂ ਹੀ ਲਗਦਾ ਸੀ ਕਿ ਇਹ ਔਰਤਾਂ ਸਿਰਫ ਕੱਖ ਹੀ ਖੋਤਣਗੀਆਂ, ਪਰ ਹੋ ਸਕਦਾ ਹੈ ਕਿ ਉਹ ਦੋ ਦੋ ਛੋਲਿਆਂ ਦੇ ਬੂਟੇ ਵੀ ਪੁੱਟਦੀਆਂ ਜੇਕਰ ਕਿਤੇ ਖੇਤ ਦਾ ਮਾਲਕ ਨਾ ਆ ਬਹੁੜਦਾਇਹ ਪਰਿਵਾਰ ਪਿੰਡ ਵਿੱਚੋਂ ਨੀਵੀਂਆਂ ਜਾਤਾਂ ਪ੍ਰਤੀ ਕਰੜੇ ਰੁੱਖ ਲਈ ਮੰਨਿਆ ਹੋਇਆ ਸੀਵਿਹੜੇ ਦੇ ਲੋਕਾਂ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਇਨ੍ਹਾਂ ਦੀ ਗਾਲੀ/ਗਲੋਚ ਸੁਣਦੇ ਵੀ ਇਨ੍ਹਾਂ ਨਾਲ ਸੀਰੀ ਵਗੈਰਾ ਰਲਦੇ ਸਨ। ਇਹ ਉਨ੍ਹਾਂ ਦੀ ਮਜਬੂਰੀ ਸੀ ਅਤੇ ਮਜਬੂਰੀ ਮਨੁੱਖ ਤੋਂ ਬਹੁਤ ਕੁਝ ਕਰਵਾ ਦਿੰਦੀ ਹੈ। ਇਨ੍ਹਾਂ ਕੱਖਾਂ ਵਾਲਿਆਂ ਨੂੰ ਦੂਰੋਂ ਦੇਖ ਕੇ ਉਨ੍ਹਾਂ ਨੇ ਗੱਡੇ ਨੂੰ ਰੇਲ ਬਣਾ ਦਿੱਤਾ ਸੀ, ਜਿਸਦੀ ਆਵਾਜ਼ ਨਾਲ ਇਹ ਔਰਤਾਂ ਚੌਕੰਨੀਆਂ ਹੋ ਗਈਆਂ ਸਨ ਪਰ ਇਸ ਤੋਂ ਅਨਜਾਣ ਸਨ ਕਿ ਉਹ ਐਨੀਆਂ ਗੰਦੀਆਂ ਗਾਲ੍ਹਾਂ ਦੇਵੇਗਾਖੇਤ ਤੋਂ ਕੁਝ ਦੂਰੀ ਤੋਂ ਹੀ ਉਸ ਨੇ ਗੱਡੇ ਤੋਂ ਛਾਲ ਮਾਰੀ ਅਤੇ ‘ਫੜ੍ਹਾਈਂ ਓਏ ਗੀਆਲਿਆ ਡੰਡਾ ਇਨ੍ਹਾਂ ਦੀ ... ਕਹਿੰਦਾ ਸਾਡੇ ਵੱਲ ਵਾਹੋਦਾਹੀ ਭੱਜਿਆਉਹ ਡੰਡਾ ਮੇਰੇ ਹੀ ਪੈਣਾ ਸੀ ਪਰ ਰੱਬ ਦੀ ਕੁਦਰਤ ਕਿ ਮੈਂ ਉਸ ਨੂੰ ਦੇਖਦਿਆਂ ਹੀ ਚਿੱਤੜਾਂ ਨੂੰ ਅੱਡੀਆਂ ਲਾ ਕੇ ਖਾਲ ਦੇ ਦੂਜੇ ਪਾਸੇ ਛਾਲ ਮਾਰ ਗਿਆ

‘ਭੱਜ ਗਿਆ ਓਏ ਮੇਰਾ ਸਾਲ਼ਾ ...’ ਦੀ ਆਵਾਜ਼ ਅੱਜ ਵੀ ਕਦੇ ਕਦੇ ਅਥਾਹ ਪੀੜਾ ਦੇ ਜਾਂਦੀ ਹੈਉਸ ਨੇ ਸਭ ਦੇ ਕੱਖ ਸੁਟਾ ਲਏ ਤੇ ਗਾਲੀ-ਗਲੋਚ ਕਰਕੇ ਖੇਤ ਵਿੱਚੋਂ ਕੱਢ ਦਿੱਤਾਹੁਣ ਇੱਦਾਂ ਲਗਦਾ ਹੈ ਕਿ ਉਹ ਮੈਨੂੰ ਨਾਲ ਇਸ ਲਈ ਲੈ ਲੈਂਦੀਆਂ ਸਨ ਕਿ ਮੈਂ ਮਰਦ-ਜਾਤ ਸੀ ਅਤੇ ਅਜਿਹੇ ਹਾਲਾਤ ਵਿੱਚ ਕੁਝ ਬਚਾ ਹੋ ਜਾਵੇਗਾਹੁਣ ਇਹ ਲਗਦਾ ਵੀ ਠੀਕ ਹੈ ਕਿਉਂਕਿ ਮੈਂ ਕੁਝ ਕਰਦਾ ਤਾਂ ਨਹੀਂ ਸੀ, ਬੱਸ ਉਨ੍ਹਾਂ ਨਾਲ ਤੁਰਦਾ ਫਿਰਦਾ ਰਹਿੰਦਾ ਸੀ ਅਤੇ ਉਸ ਦਿਨ ਵੀ ਇਹੋ ਹੋਇਆ ਸੀ

‘ਡੋਂਕੀ ਫਲਾਈਟ’ ਦੇ ਮੁਸਾਫ਼ਰਾਂ ਦੀ ਹਾਲਤ ਮੈਨੂੰ ਸਾਡੀ ਇਸ ਪੈਂਹਟ ਸਾਲ ਪਹਿਲਾਂ ਵਾਲੀ ਹਾਲਤ ਵਰਗੀ ਲੱਗੀਸਾਡੇ ਤਾਂ ਪੈਰ ਹੀ ਜਹਾਜ਼ ਹੁੰਦੇ ਸਨ ਅਤੇ ਖੇਤਾਂ ਵਿੱਚ ਜਾਣ ਲਈ ਕੋਈ ਟਿਕਟ ਖਰੀਦਣ ਦੀ ਲੋੜ ਨਹੀਂ ਪੈਂਦੀ ਸੀ, ਧੇਲਾ ਖਰਚ ਨਹੀਂ ਹੁੰਦਾ ਸੀ ਅਤੇ ਅਸੀਂ ਖੇਤ ਦੀ ਵੱਟ ’ਤੇ ਪਹੁੰਚ ਜਾਂਦੇ ਸੀਇਨ੍ਹਾਂ ਮੁਸਾਫ਼ਰਾਂ ਨੇ ਪਹਿਲਾਂ ਕਿਸੇ ਏਜੰਟ ਨੂੰ ਗੱਠ ਕੇ ਅਤੇ ਕਿਸੇ ਏਜੰਟ ਨੇ ਇਨ੍ਹਾਂ ਨੂੰ ਠੱਗ ਕੇ ਹਵਾਈ ਜਹਾਜ਼ ਬੁੱਕ ਕਰਵਾਇਆ ਹੋਣਾ ਹੈ ਤਾਂ ਕਿ ਇਨ੍ਹਾਂ ਨੂੰ ਧਨਾਢ ਅਮਰੀਕਾ ਦੀ ਸਰਹੱਦ ਤਕ ਪਹੁੰਚਾਇਆ ਜਾਵੇ ਉੱਥੇ ਕਿਵੇਂ ਸਰਹੱਦ ਪਾਰ ਕਰਨੀ ਹੈ, ਉਸ ਦਾ ਵੀ ਇੰਤਜ਼ਾਮ ਏਜੰਟ ਹੀ ਕਰਦੇ ਹੋਣਗੇਬਹੁਤੀ ਵਾਰੀ ਤਾਂ ਸਰਹੱਦ ’ਤੇ ਖੜ੍ਹੇ ਰਾਖੇ ਹੀ ਜ਼ਿਮੀਂਦਾਰ ਵਾਂਗ ਲਲਕਾਰਾ ਮਾਰ ਕੇ ਇਨ੍ਹਾਂ ਨੂੰ ਨੇੜੇ ਦੇ ਜੰਗਲਾਂ ਵਿੱਚ ਛਛਕੇਰ ਦਿੰਦੇ ਹਨ ਅਤੇ ਇਹ ਸਾਡੇ ਵਾਂਗ ਖਾਲੀ ਹੱਥ ਘਰ ਵੀ ਨਹੀਂ ਮੁੜ ਸਕਦੇਇਨ੍ਹਾਂ ਵਿੱਚੋਂ ਕਈ ਤਾਂ ਭੁੱਖੇ ਪੇਟ ਸਵਰਗਵਾਸੀ ਦੀ ਉਪਾਧੀ ਹਾਸਲ ਕਰ ਗਏ ਦੱਸੇ ਜਾ ਰਹੇ ਹਨਕਈ ਫੜੇ ਜਾਂਦੇ ਹਨ ਤੇ ਕਾਫੀ ਦੇਰ ਜ਼ਿਮੀਂਦਾਰ (ਅਮਰੀਕਾ) ਦੀਆਂ ਜੇਲ੍ਹਾਂ ਵਿੱਚ ਗੁਜ਼ਾਰ ਕੇ ਬੈਰੰਗ ਵਾਪਸ ਆ ਜਾਂਦੇ ਹਨਇਨ੍ਹਾਂ ਵਿੱਚੋਂ ਬਹੁਤੇ ਉਸ ਜਿਮੀਂਦਾਰ ਦੇ ਹਾੜ੍ਹੇ ਕਢਦੇ ਹਨ, ਅਰਜ਼ੀ ਦਿੰਦੇ ਹਨ ਕਿ ਉਨ੍ਹਾਂ ਨੂੰ ਸਿਆਸੀ ਸ਼ਰਨ ਦਿੱਤੀ ਜਾਵੇਇਹ ਗੁਰ ਵੀ ਏਜੰਟ ਹੀ ਸਿਖਾਉਂਦੇ ਹਨਸ਼ਰਨ-ਬੇਨਤੀ ਵਿੱਚ ਬਹੁਤੇ ਲਿਖਦੇ ਹੋਣਗੇ ਕਿ ਸਾਡੇ ਉੱਤੇ ਤਸ਼ੱਦਦ ਹੁੰਦਾ ਹੈ, ਜਿਸਦੇ ਸਬੂਤ ਵਜੋਂ ਦੇਸ਼ ਦੇ ਸਿਆਸਤਦਾਨ ਉਸ ਨੂੰ ‘ਮਾਇਆ ਵੱਟੇ ਚਿੱਠੀ’ ਦੇ ਦਿੰਦੇ ਹਨ ਕਿ ਉਹ ਵਾਕਈ ਸਿਆਸੀ ਬਦਲਾਖੋਰੀ ਦਾ ਸਤਾਇਆ ਹੋਇਆ ਇੱਥੋਂ ਭੱਜਣ ਲਈ ਮਜਬੂਰ ਹੋਇਆ ਹੈ। ਉਂਝ ਭਾਵੇਂ ਇਸ ‘ਮਾਇਆ ਵੱਟੇ ਚਿੱਠੀ’ ਵਾਲੇ ਸ਼ਖਸ ਨੂੰ ਸਿਆਸਤ ਦੇ ਕਿਸੇ ਪੱਖ ਨਾਲ ਕੋਈ ਸਰੋਕਾਰ ਨਾ ਹੋਵੇ, ਕਦੇ ਕਿਸੇ ਸਭਾ, ਜਲੂਸ, ਮੀਟਿੰਗ ਵਿੱਚ ਵੀ ਨਾ ਗਿਆ ਹੋਵੇ, ਸਿਆਸਤ ਕਿਸ ਬਲਾ ਦਾ ਨਾਂ ਹੈ, ਉਹ ਵੀ ਪਤਾ ਨਾ ਹੋਵੇ

ਕੁਝ ਕੁ ਸਾਰੇ ਧੰਦ ਪਿੱਟ ਕੇ ਜਿਮੀਂਦਾਰ ਦੇ ਖੇਤ ਵਿੱਚ ਦਾਖਲ ਹੋ ਹੀ ਜਾਂਦੇ ਹਨ ਉੱਥੇ ਫਿਰ ਹਰ ਦਿਨ ਦੋਗਲੀ ਜ਼ਿੰਦਗੀ ਜਿਉਂਦੇ ਹਨ ਜ਼ਿਆਦਾਤਰ ਨਕਲੀ ਪਛਾਣ ’ਤੇ ਕੰਮ ਕਰਦੇ ਹਨ, ਪੁਲਿਸ ਤੋਂ ਬਚਦੇ ਬਚਾਉਂਦੇ ਦਿਨ-ਕਟੀ ਕਰਦੇ ਚੰਗੀ ਕਮਾਈ ਕਰ ਲੈਂਦੇ ਹਨ ਅਤੇ ਇਹ ‘ਦੋ ਨੰਬਰ ਦੀ ਅਸਲੀ ਕਮਾਈਹਵਾਲੇ ਰਾਹੀਂ ਜਾਂ ਏਜੰਟਾਂ ਰਾਹੀਂ ਆਪਣੇ ਦੇਸ਼ ਕਰਜ਼ਾ ਲਾਹੁਣ ਲਈ ਭੇਜਦੇ ਹਨਚੰਗੇ ਡਾਲਰ ਜਦੋਂ ਬੋਝੇ ਵਿੱਚ ਪੈ ਜਾਂਦੇ ਹਨ, ਫਿਰ ਕਿਸੇ ‘ਡੋਕੀ ਫਲਾਈਟ’ਤੇ ਜਿਸ ਰੂਟ ਗਏ ਸਨ, ਉਸੇ ਰਸਤੇ ਦੇਸ਼ ਆ ਜਾਂਦੇ ਹਨਅਜਿਹੇ ਇੱਕ ਸੱਜਣ ਨੇ ਆਪਣੀ ਉੱਥੇ ਦੀ ਕਾਰਗੁਜ਼ਾਰੀ ਇਵੇਂ ਸੁਣਾਈਕਹਾਣੀ ਸੁਣਦੇ ਸੁਣਦੇ ਮੈਂ ਉਸ ਨੂੰ ਟੋਕ ਕੇ ਪੁੱਛਿਆ, “ਅਜਿਹਾ ਕੀ ਸੀ ਕਿ ਚੰਗੀ ਭਲੀ ਫੌਜੀ ਅਫਸਰੀ ਛੱਡ ਕੇ ਇਸ ਰਸਤੇ ਤੁਸੀਂ ਅਮਰੀਕਾ ਗਏ?

ਉਸ ਸੱਜਣ ਨੂੰ ਗੱਲ ਗੱਲ ’ਤੇ ‘ਭੈ ਚੋ ...’ ਕਹਿਣ ਦੀ ਆਦਤ ਸੀਉਸ ਨੂੰ ਅਹਿਸਾਸ ਹੀ ਨਹੀਂ ਸੀ ਕਿ ਉਹ ਹਰ ਗੱਲ ਵਿੱਚ ਗਾਲ੍ਹ ਕੱਢ ਰਿਹਾ ਹੈਉਹ ਆਪਣੀ ਕਹਾਣੀ ਸੁਣਾਉਣ ਲੱਗਾ, “ਮੈਂ ਭੈ ... ਫਲਾਂ ਫਲਾਂ ਥਾਂ ’ਤੇ ਕਮਾਂਡਿੰਗ ਅਫਸਰ ਸੀਮੇਰੇ ਅੰਡਰ ... ਮਦਰਾਸੀ ਮੇਰੀ ਹਰੇਕ ਥਾਵੇਂ ਪਿੱਠ ਲਗਾ ਦਿਆ ਕਰਨਉਨ੍ਹਾਂ ... ਕਰਕੇ ਮੇਰੀ ਪ੍ਰਮੋਸ਼ਨ ਨਾ ਹੋਈ ਤੇ ਮੈਂ ... ਅਸਤੀਫਾ ਦੇ ਕੇ ਘਰੇ ਆ ਗਿਆਘਰ ਦੀ ਮਾਇਕ ਹਾਲਤ ... ਮਾੜੀ ਸੀਮੈਂ ਜੁਗਾੜ ਕਰਕੇ ਪਹੁੰਚ ਗਿਆ ਅਮਰੀਕਾ ...”

ਮੈਂ ਕਿਹਾ, “ਫਿਰ ਉੱਥੇ ਕਿਵੇਂ ਦਿਨ ਕੱਢੇ? ਤੁਸੀਂ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸੀ

“ਯਾਰ ਇੱਕ ਵਾਰ ਘੁਸ ਜਾਓ ਫਿਰ ਉੱਥੇ ਭੈ ... ਕੌਣ ਪੁੱਛਦਾ ਹੈ! ਉੱਥੇ ਮੇਰਾ ਜੁੜਵਾਂ ਭਾਈ ਸੀ, ਜਿਸਦੇ ਕੋਲ ਡਰਾਈਵਿੰਗ ਲਸੰਸ ਤੀਦਿਨੇ ... ਉਹ ਟੈਕਸੀ ਚਲਾਉਂਦਾ ਤੇ ਰਾਤ ਨੂੰ ਮੈਂ ...। ਪੁਲਿਸ ਵਾਲਿਆਂ ਨੂੰ ਪਤਾ ਈ ਨੀ ਲਗਦਾ ਸੀ ਕਿਹੜਾ ... ਕੌਣ ਐਅਸੀਂ ਇੱਕੋ ਜਿਹੇ ਤਾਂ ਦਿਸਦੇ ਹੀ ਸੀਬੜੇ ਡਾਲਰ ਕਮਾਏ। ਮੈਂ ਦਸ ਸਾਲ ਮਿਹਨਤ ਕੀਤੀ ਤੇ ਵਾਪਸ ਆ ਗਿਆ

ਇੱਥੇ ਆ ਕੇ ਉਸ ਨੇ ਕਾਫੀ ਜਾਇਦਾਦ ਖਰੀਦੀ, ਤੇ ਹੋਰ ਬੜਾ ਕੁਝ ...ਉਸਦੀਆਂ ਕਹਾਣੀਆਂ ਸੁਣ ਸੁਣ ਪਤਾ ਨਹੀਂ ਹੋਰ ਕਿੰਨੇ ਕੁ ‘ਡੌਂਕੀ ਫਲਾਈਟਦੇ ਸੁਪਨੇ ਲੈਂਦੇ ਲੈਂਦੇ ਅਮਰੀਕਾ ਜਾ ਉੱਤਰਦੇ ਹਨ ਜਾਂ ਕਿਸੇ ਪੰਗੇ ਵਿੱਚ ਫਸ ਜਾਂਦੇ ਹਨ

ਯੌਰਪ ਤੋਂ ਵਾਪਸ ਆਈ ਫਲਾਈਟ ਤੋਂ ਉੱਤਰਦੇ ਮਨੁੱਖ ਆਪਣੇ ਆਪਣੇ ਚਿਹਰੇ ਇਉਂ ਛੁਪਾ ਰਹੇ ਦਿਖਾਈ ਦਿੰਦੇ ਹਨ ਜਿਵੇਂ ਉਹ ਸੱਚਮੁੱਚ ਹੀ “ਡੌਂਕੀ ਹੋਣ ਜਾਂ ਉਨ੍ਹਾਂ ਨੂੰ ਕਿਸੇ ਨੇ “ਡੌਂਕੀਬਣਾ ਦਿੱਤਾ ਸੀਇਨ੍ਹਾਂ ਨੂੰ ਦੇਖ ਕੇ ਮੈਂ ਫਿਰ ਉਸ ਛੋਲਿਆਂ ਦੇ ਖੇਤ ਪਹੁੰਚ ਜਾਂਦਾ ਹਾਂ ਕਿਉਂਕਿ ਇਨ੍ਹਾਂ ਦੀ ਹਾਲਤ ਦੇਖ ਕੇ ਆਪਣੇ ਆਪ ਨੂੰ ਦਿਲਾਸਾ ਦਿੰਦਾ ਹਾਂ ਕਿ ਅਸੀਂ ਤਾਂ ਹਜ਼ਾਰ ਗੁਣਾ ਚੰਗੇ ਸੀ, ਵਾਪਸ ਆਉਣ ’ਤੇ ਨਾ ਸਾਨੂੰ ਮੂੰਹ ਛੁਪਾਉਣਾ ਪੈਂਦਾ ਸੀ ਅਤੇ ਨਾ ਹੀ ਸਾਨੂੰ ਕੋਈ ਗਧਾ ਕਹਿੰਦਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4755)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author