“ਸੰਵਿਧਾਨਕ ਨੈਤਿਕਤਾ ਦੀ ਗੱਲ ਆਮ ਚਰਚਾ ਦਾ ਵਿਸ਼ਾ ਹੈ। ਸਿਆਸੀ ਅਨੈਤਿਕਤਾ ਵਧ ਰਹੀ ਹੈ। ਇਸਦਾ ਅਸਰ ...”
(21 ਅਗਸਤ 2024)
ਮੈਂ ਲੁਧਿਆਣੇ ਪਿਛਲੇ ਚੌਦਾਂ ਕੁ ਸਾਲ ਤੋਂ ਰਹਿ ਰਿਹਾ ਸੀ। ਗੁਆਂਢ ਅਤੇ ਆਲੇ ਦੁਆਲੇ ਦੇ ਹੋਰ ਸੱਜਣਾਂ ਨਾਲ ਮੇਲ ਮਿਲਾਪ ਵਧਣਾ ਕੁਦਰਤੀ ਸੀ। ਸਵੇਰ ਦੀ ਸੈਰ ਮੇਰਾ ਰੁਟੀਨ ਨਹੀਂ, ਸ਼ੌਕ ਹੈ। ਹੋਰ ਸੱਜਣ ਵੀ ਅਜਿਹੇ ਸ਼ੌਕ ਰੱਖਦੇ ਸਨ ਅਤੇ ਇਨ੍ਹਾਂ ਸਾਲਾਂ ਵਿੱਚ ਮੇਰੀ ਉਮਰ ਦੇ ਬੰਦਿਆਂ ਦੀ ਇੱਕ ਜੁੰਡਲੀ ਜਿਹੀ ਹੀ ਬਣ ਗਈ ਸੀ। ਆਪਣੀ ਆਪਣੀ ਸਮਰੱਥਾ ਮੁਤਾਬਕ ਸੈਰ ਕਰਕੇ ਸਾਰੇ ਹੀ ਇੱਕ ਥਾਂ ਬੈਠ ਜਾਂਦੇ ਸਨ ਅਤੇ ਗੱਪ-ਸ਼ੱਪ ਮਾਰਦੇ, ਦਿਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਤਰੋਤਾਜ਼ਾ ਕਰਦੇ। ਇਸ ਥਾਂ ਦਾ ਨਾਂ ਹੀ ‘ਬੁੱਢਾ ਚੌਕ’ ਪੈ ਗਿਆ ਸੀ। ਕੁਝ ਨੌਜਵਾਨ ਸਾਡੇ ਤਜਰਬੇ ਸੁਣਨ ਅਤੇ ਕੁਝ ਚੁਸਕੀਆਂ ਲੈਣ ਆ ਜਾਂਦੇ ਸਨ। ਸਭ ਦਾ ਆਪਸੀ ਪਿਆਰ ਤੇ ਭਾਈਚਾਰਾ ਵਧਦਾ ਹੀ ਗਿਆ ਸੀ।
ਇਤਫਾਕਨ ਮੈਂ ਜੁਲਾਈ ਦੇ ਪਹਿਲੇ ਹਫ਼ਤੇ ਇੱਕ ਇਨਫੈਕਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਕੋਈ ਮਹੀਨਾ ਘਰ ਹੀ ਆਰਾਮ ਕਰਨਾ ਪਿਆ। ਉਂਝ ਹਫ਼ਤੇ ਕੁ ਬਾਅਦ ਹੀ ਸਾਰੇ ਮਿੱਤਰ ਦੋਸਤ ਚਿੰਤਤ ਹੋਕੇ ਖ਼ਬਰ ਸਾਰ ਲੈਣ ਆਉਂਦੇ ਰਹੇ। ਪਰ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਅਨੁਸਾਰ ਸਾਨੂੰ ਆਪਣੀ ਰਿਹਾਇਸ਼ ਅਗਸਤ ਦੇ ਪਹਿਲੇ ਹਫ਼ਤੇ ਮੁਹਾਲੀ ਤਬਦੀਲ ਕਰਨੀ ਪਈ। ਕਿਸੇ ਨੂੰ ਦੱਸਣ ਦਾ ਮੌਕਾ ਹੀ ਨਾ ਮਿਲਿਆ। ਇੱਕ ਦੋ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਕਿ ਅਸੀਂ ਚੰਡੀਗੜ੍ਹ ਨੇੜੇ ਮੁਹਾਲੀ ਚਲੇ ਗਏ ਹਾਂ। ਸਭ ਦਾ ਗਿਲਾ ਜਾਇਜ਼ ਸੀ ਕਿ ਅਸੀਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਕਿਉਂ ਨਹੀਂ। ਪੁੱਛਣ ਵਾਲਿਆਂ ਨੂੰ ਫੋਨ ’ਤੇ ਮਜਬੂਰੀ ਦੱਸ ਦੱਸ ਮੈਂ ਅੱਕ ਗਿਆ।
ਉਨ੍ਹਾਂ ਸਾਰਿਆਂ ਨੇ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਮੀਟਿੰਗ ਬੁਲਾਈ। ਇਸਦਾ ਮੈਂ ਸਕੱਤਰ ਸੀ। ਪਿਆਰ ਭਰੀ ਚਾਹਤ ਦਾ ਫੋਨ ਆਇਆ, “ਤੁਹਾਨੂੰ ਅਸੀਂ ਇਉਂ ਨਹੀਂ ਛੱਡਾਂਗੇ, ਮਤਾ ਪਾ ਦਿੱਤਾ ਹੈ ਕਿ 15 ਅਗਸਤ ਨੂੰ ਤੁਸੀਂ ਆਉਗੇ ਤੇ ਝੰਡਾ ਲਹਿਰਾਉਗੇ, ਫਿਰ ਕਿਤੇ ਜਾ ਕੇ ਤੁਹਾਨੂੰ ਵਿਦਾ ਕੀਤਾ ਜਾਵੇਗਾ।” ਮੇਰੇ ਨਾਂਹ ਕਹਿਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਮੈਂ ਆਪਣੀ ਧਰਮ-ਪਤਨੀ ਨਾਲ ਗੱਲ ਸਾਂਝੀ ਕੀਤੀ। ਸ਼੍ਰੀਮਤੀ ਜੀ ਕਹਿਣ ਲੱਗੇ ਤੁਹਾਨੂੰ ਬੋਲਣਾ ਤਾਂ ਪਏਗਾ, ਕੋਈ ਚਾਰ ਲਫਜ਼ ਲਿਖ ਲਓ। ਸੋਚਣ ਨੂੰ ਟਾਈਮ ਚਾਹੀਦਾ ਹੈ ਜੀ! ਕਹਿ ਕੇ ਮੈਂ ਲਿਖਣ ਬੈਠ ਗਿਆ ਅਤੇ ਮੈਂ ਉੱਥੇ ਬੋਲਣ ਲਈ ਅਜ਼ਾਦੀ ਬਾਰੇ ਹੇਠਲਾ ਕੀਤਾ ਭਾਸ਼ਣ ਤਿਆਰ ਕੀਤਾ। ਉਂਝ ਮੈਂ ਸਿਰਫ ਆਖਰੀ ਲਾਈਨ ਹੀ ਕਹਿਣਾ ਚਾਹੁੰਦਾ ਸੀ।
ਅੱਜ ਸਾਡਾ ਦੇਸ਼ ਅਜ਼ਾਦੀ ਦਾ 78 ਵਾਂ ਦਿਹਾੜਾ ਮਨਾ ਰਿਹਾ ਹੈ। ਅੱਜ ਦੇ ਦਿਨ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਅਜ਼ਾਦੀ ਮਿਲਣ ਤੋਂ ਬਾਅਦ ਦੀਆਂ ਪ੍ਰਾਪਤੀਆਂ, ਤਰੁੱਟੀਆਂ ਦਾ ਲੇਖਾ ਜੋਖਾ ਵੀ ਕਰੀਏ। 1947 ਦੇ ਹਾਲਾਤ ਨਾਲ ਤੁਲਨਾਤਮਿਕ ਅਧਿਐਨ ਚੰਗਾ ਰਹੇਗਾ। ਉਸ ਵਕਤ ਦੇ ਹਾਲਾਤ ਦਾ ਅੰਦਾਜ਼ਾ ਲਾਉਣ ਲਈ ਬਹੁਤ ਸਾਹਿਤ ਲਿਖਿਆ ਮਿਲੇਗਾ ਪਰ ਸਾਡੇ ਕੋਲ ਪੜ੍ਹਨ-ਲਿਖਣ ਦੀ ਰੁਚੀ ਨਾ ਹੋਣ ਕਰਕੇ ਅਸੀਂ 1957 ਵਿੱਚ ਬਣੀ ਫਿਲਮ ‘ਮਦਰ ਇੰਡੀਆ’ ਦੇਖ ਲੈਂਦੇ ਹਾਂ। ਨਾਉਂ ਭਾਵੇਂ ਅੰਗਰੇਜ਼ੀ ਸੀ ਪਰ ਸਭ ਸਮਝਦੇ ਸਨ ਕਿ ਇਹ ‘ਭਾਰਤ ਮਾਤਾ’ ਦੀ ਕਹਾਣੀ ਸੀ। ਦਿਖਾਇਆ ਗਿਆ ਸੀ ਕਿ ਦੇਸ਼ ਦਾ ਕਿਸਾਨ ਅੱਤ ਦੀ ਗਰੀਬੀ ਝੇਲ ਰਿਹਾ ਸੀ ਅਤੇ ਸੂਦਖੋਰ ‘ਲਾਲਾ ਚੁੰਨੀ ਲਾਲ’ ਅੱਤ ਦੀ ਲੁੱਟ ਕਰ ਰਿਹਾ ਸੀ। ਲਾਚਾਰੀ ਦਾ ਫਾਇਦਾ ਉਠਾਉਣ ਲਈ ਉਹ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਸੀ, ਇੱਥੋਂ ਤਕ ਕਿ ਉਹ ਨਾਇਕਾ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇਹ ਫਿਲਮ ਮੈਂ ਕਾਫੀ ਵੱਡੇ ਹੋ ਕੇ ਦੇਖੀ ਸੀ ਅਤੇ ਉਸ ਵਕਤ ਤਕ ਮੈਂ 1965 ਵਿੱਚ ਸੋਕੇ ਕਰਕੇ ਦੇਸ਼-ਵਿਆਪਕ ਭੁੱਖ ਮਰੀ ਦੇਖ ਚੁੱਕਾ ਸੀ। ਇਸ ਲਈ ਕਹਿ ਸਕਦਾ ਹਾਂ ਕਿ ਫਿਲਮ ਉਸ ਵਕਤ ਦੇ ਹਾਲਾਤ ਦਾ ਬਹੁਤ ਨੇੜਿਓਂ ਪ੍ਰਦਰਸ਼ਨ ਕਰਦੀ ਸੀ। ਸਕੂਲ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਮੈਨੂੰ ਲਗਦਾ ਸੀ ਕਿ ਕੰਮੀ-ਮਜ਼ਦੂਰ ਹੀ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਸਨ। ਹੁਣ ਮੇਰੀ ਉਮਰ ਦੇ ਸਾਥੀਆਂ ਨਾਲ ਜਦੋਂ ਉਨ੍ਹਾਂ ਵਕਤਾਂ ਦੀ ਗੱਲ ਕਰੀਦੀ ਹੈ ਤਾਂ ਪਤਾ ਲਗਦਾ ਹੈ ਕਿ ਅਜ਼ਾਦੀ ਤੋਂ ਪਹਿਲਾਂ ਦੇਸ਼ ਵਿੱਚ ਗਰੀਬੀ, ਭੁੱਖਮਰੀ ਅਤੇ ਅਨਪੜ੍ਹਤਾ ਦਾ ਬੋਲ ਬਾਲਾ ਸੀ, ਕਿਸਾਨ ਦੀ ਹਾਲਤ ਬਹੁਤ ਹੀ ਪਤਲੀ ਸੀ। ਫਿਲਮ ਹਕੀਕਤ ਦੇ ਬਹੁਤ ਨੇੜੇ ਸੀ। ਗਰੀਬੀ ਝੇਲ ਕੇ ਬਣਿਆ ਪ੍ਰਧਾਨ ਮੰਤਰੀ (ਲਾਲ ਬਹਾਦੁਰ ਸ਼ਾਸਤਰੀ) ਵੱਡਾ ਪ੍ਰੇਰਨਾ ਸ੍ਰੋਤ ਵੀ ਸੀ। ਦੇਸ਼ ਦੀ ਭੁੱਖਮਰੀ ਦੀ ਸਮੱਸਿਆ ਹੱਲ ਕਰਨ ਲਈ ਉਸ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਸੋਮਵਾਰ ਨੂੰ ਇੱਕ ਵਕਤ ਦਾ ਵਰਤ ਰੱਖਿਆ ਜਾਵੇ। ਹਰ ਦੇਸ਼ ਵਾਸੀ ਸੋਮਵਾਰ ਨੂੰ ਇੱਕ ਵੇਲੇ ਹੀ ਭੋਜਨ ਕਰਦਾ ਸੀ। ਉਸ ਵਕਤ ਦੀਆਂ ਸਰਕਾਰਾਂ ਨੇ ਮੁਨਾਫ਼ਾਖੋਰੀ ਅਤੇ ਜਮ੍ਹਾਂਖੋਰੀ ਖਿਲਾਫ ਕਾਨੂੰਨ ਬਣਾਏ ਵੀ ਸਨ ਅਤੇ ਲਾਗੂ ਵੀ ਕੀਤੇ ਸਨ। ਅੱਜ ਬਚਪਨ ਵਿੱਚ ਚਾਹ ਵੇਚਦਾ ਦੱਸਿਆ ਜਾਂਦਾ ਬੱਚਾ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਪਾਸੇ ਦੇਸ਼ ਲਈ ਫਖਰ ਦੀ ਗੱਲ ਹੈ ਪਰ ਉਨ੍ਹਾਂ ਦਾ ਇਹ ਅਕਸ ਕਿ ਉਹ ਪੂੰਜੀਪਤੀਆਂ ਦਾ ਹੋ ਗਿਆ ਹੈ, ਮੰਦਭਾਗਾ ਹੈ।
809 ਸਾਲ ਪਹਿਲਾਂ 1215 ਈਸਵੀ ਨੂੰ ਅਜ਼ਾਦੀ ਦਾ ਮਹਾਨ ਲਾਤੀਨੀ ਚਾਰਟਰ (Magna Carta Libertatum) ਵਿੱਚ ਐਲਾਨ ਕੀਤਾ ਗਿਆ ਸੀ ਕਿ ਪ੍ਰਭੂਸੱਤਾ ਪੂਰਨ (ਰਾਜ) ਕਾਨੂੰਨ ਦੇ ਰਾਜ ਅਧੀਨ ਚੱਲੇਗਾ ਅਤੇ ਆਜ਼ਾਦ ਬੰਦਿਆਂ ਨੂੰ ਦਿੱਤੀਆਂ ਜਾਣ ਵਾਲਿਆਂ ਆਜ਼ਾਦੀਆਂ ਨੂੰ ਸੂਚੀ-ਬwਧ ਕੀਤਾ ਗਿਆ ਸੀ। ਇਸ ਸਦਕਾ ਐਂਗਲੋ ਅਮਰੀਕੀ ਨਿਆਂ ਸ਼ਾਸਤਰ ਦੀ ਨੀਂਹ ਰੱਖੀ ਗਈ ਸੀ। ਇਹ ਚਾਰਟਰ ਇੰਗਲੈਂਡ ਦੇ ਬਾਦਸ਼ਾਹ ਜੌਹਨ ਅਤੇ ਉਸ ਦੇ ਅਹਿਲਕਾਰਾਂ ਵਿੱਚ ਹੋਇਆ ਸੀ। ਇਸ ਤੋਂ ਬਾਅਦ ਰਾਜਿਆਂ ਦੀਆਂ ਸ਼ਕਤੀਆਂ ਹੌਲੀ ਹੌਲੀ ਖਤਮ ਹੁੰਦੀਆਂ ਗਈਆਂ ਅਤੇ ਲੋਕਤੰਤਰ ਦੀ ਸਥਾਪਨਾ ਵੱਲ ਕਦਮ ਵਧਦੇ ਗਏ। ਕਿਸੇ ਦੇਸ਼ ਵਿੱਚ ਸਮਾਜਵਾਦੀ ਲੋਕਤੰਤਰ, ਕਿਸੇ ਵਿੱਚ ਪੂੰਜੀਵਾਦੀ ਲੋਕਤੰਤਰ ਅਤੇ ਕਿਸੇ ਵਿੱਚ ਦੋਹਾਂ ਦਾ ਮਿਲਵਾਂ ਰੂਪ ਸਥਾਪਤ ਹੋ ਗਿਆ। ਵਿਦਵਾਨਾਂ ਦਾ ਮੰਨਣਾ ਹੈ ਕਿ ਲੋਕਤੰਤਰ qd ਹੀ ਵਧੀਆ ਸ਼ਾਸਨ ਪ੍ਰਣਾਲੀ ਹੋ ਸਕਦਾ ਹੈ ਜਦੋਂ ਦੇਸ਼ ਆਪਣੇ ਸੰਵਿਧਾਨ ਅਤੇ ਪਾਰਲੀਮੈਂਟ ਦੀ ਲੋਅ ਵਿੱਚ ਮਜ਼ਬੂਤ ਸੰਵਿਧਾਨਕ ਸੰਸਥਾਵਾਂ ਸਥਾਪਤ ਕਰ ਲੈਂਦਾ ਹੈ।
ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਡੇਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈ। ਉਸ ਦੇ ਹੱਕ ਵਿੱਚ ‘ਵੀ ਸੀਜ਼ ਫਾਰ ਕਮਲਾ’ ਨਾਂ ਦੇ ਇੱਕ ਗਰੁੱਪ, ਜਿਸ ਵਿੱਚ ਲਿੰਕੇਡਿਨ ਦੇ ਬਾਨੀ ਰੀਡ ਹੌਫਮੈਨ, ਐਪਲ ਦੇ ਸਹਿ-ਬਾਨੀ ਸਟੀਵ ਵੌਜ਼ਨਿਆਕ ਅਤੇ ਸਨ ਮਾਈਕਰੋ ਸਿਸਟਮਜ਼ ਦੇ ਸਹਿ-ਬਾਨੀ ਵਿਨੋਦ ਖੋਸਲਾ ਨੇ ਕਿਹਾ ਹੈ, “ਅਸੀਂ ਕਾਰੋਬਾਰ ਪੱਖੀ, ਅਮਰੀਕੀ ਸੁਪਨੇ ਪੱਖੀ, ਉੱਦਮੀ ਪੱਖੀ ਅਤੇ ਤਕਨੀਕੀ ਪ੍ਰਗਤੀ ਪੱਖੀ ਹਾਂ। ਅਸੀਂ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਹਾਂ ਕਿ ਲੋਕਤੰਤਰ ਸਾਡੇ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹੈ। ਸਾਡਾ ਇਹ ਵਿਸ਼ਵਾਸ ਹੈ ਕਿ ਮਜ਼ਬੂਤ ਅਤੇ ਭਰੋਸੇਮੰਦ ਸੰਸਥਾਵਾਂ ਕੋਈ ਛੂਤ ਦਾ ਰੋਗ ਨਹੀਂ, ਸਗੋਂ ਸਾਡੀ ਵਿਸ਼ੇਸ਼ਤਾ ਹੈ ਅਤੇ ਇਹ ਕਿ ਇਨ੍ਹਾਂ ਤੋਂ ਬਗੈਰ ਸਾਡੀ ਸਨਅਤ ਅਤੇ ਦੂਜੀ ਹਰੇਕ ਸਨਅਤ ਢਹਿ-ਢੇਰੀ ਹੋ ਜਾਵੇਗੀ।” ਅਰਥਾਤ ਵਿਕਸਿਤ ਦੇਸ਼ ਦੇ ਸਨਤਕਾਰਾਂ ਨੇ ਲੋਕਤੰਤਰ ਦੀ ਸਲਾਮਤੀ ਅਤੇ ਦੇਸ਼ ਦੀ ਤਰੱਕੀ ਲਈ ‘ਮਜ਼ਬੂਤ ਅਤੇ ਭਰੋਸੇਮੰਦ ਸੰਸਥਾਵਾਂ’ ਦੀ ਸਥਾਪਤੀ ਨੂੰ ਜ਼ਰੂਰੀ ਮੰਨਿਆ ਹੈ।
ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਨੇ ਰੂਸ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਸੀ, “... ਮੈਂ ਜਿਸ ਪੂੰਜੀਵਾਦ ਦੀ ਹਿਮਾਇਤ ਕਰਦੀ ਹਾਂ, ਉਹ ਹਰ ਕਿਸੇ ਨੂੰ ਅਜਿਹੀ ਖੁੱਲ੍ਹ ਨਹੀਂ ਦਿੰਦਾ ਕਿ ਸ਼ਕਤੀਸ਼ਾਲੀ ਲੋਕ ਵਾਜਬੀਅਤ, ਸੁਚੱਜਤਾ ਅਤੇ ਜਨਤਕ ਚੰਗਿਆਈ ਦੀ ਕੀਮਤ ’ਤੇ ਆਪਣੀ ਹੈਸੀਅਤ ਦੀ ਵਰਤੋਂ ਕਰਕੇ ਕਾਮਯਾਬ ਹੋ ਜਾਣ। ਪੂੰਜੀਵਾਦ ਤਦ ਹੀ ਕੰਮ ਕਰ ਸਕਦਾ ਹੈ ਜਦੋਂ ਮਜ਼ਬੂਤ ਅਤੇ ਨਿਆਂਪੂਰਨ ਕਾਨੂੰਨ ਦਾ ਰਾਜ ਕਾਇਮ ਹੁੰਦਾ ਹੈ, ਜਿਸ ਪ੍ਰਤੀ ਸਰਕਾਰ ਸਮੇਤ ਹਰ ਕੋਈ ਜਵਾਬਦੇਹ ਹੁੰਦਾ ਹੈ।” ਇੱਥੇ ਵੀ ਮਜ਼ਬੂਤ ਸੰਵਿਧਾਨਕ ਸੰਸਥਾਵਾਂ ਅਤੇ ਉਨ੍ਹਾਂ ਪ੍ਰਤੀ ਜਵਾਬਦੇਹੀ ਦੀ ਗੱਲ ਕੀਤੀ ਗਈ ਹੈ।
ਦੇਸ਼ ਵਿੱਚ ਪਿਛਲੇ 77 ਸਾਲਾਂ ਦਾ ਸਿਆਸੀ ਅਤੇ ਸਮਾਜਕ ਘੜਮੱਸ ਉਦਾਸ ਕਰਨ ਵਾਲਾ ਹੈ। ਸਿਆਸਤਦਾਨਾਂ ਵਿੱਚ ਸੱਤਾ ਅਤੇ ਧਨ ਦੀ ਹਵਸ ਇਸ ਹੱਦ ਤਕ ਵਧ ਗਈ ਹੈ ਕਿ ਕੱਟੜਤਾ ਅਤੇ ਸੌਦੇਬਾਜ਼ੀ ਕਰਕੇ ਸਾਡੀਆਂ ਲੋਕਤੰਤਰਿਕ ਸੰਸਥਾਵਾਂ ਦਾ ਮੌਲਿਕ ਚਰਿੱਤਰ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਨਿਘਾਰ ਵੱਲ ਵਧ ਰਿਹਾ ਹੈ। ਸਾਡੀਆਂ ਸੰਵਿਧਾਨਕ ਸੰਸਥਾਵਾਂ ਸੱਕ ਦੇ ਘੇਰੇ ਵਿੱਚ ਹੀ ਰਹਿੰਦੀਆਂ ਹਨ। ਇਸਦੀ ਤਾਜ਼ਾ ਉਦਾਹਰਣ ਮਾਰਕੀਟ ਰੈਗੂਲੇਟਰ ‘ਸੇਬੀ’ ਬਾਰੇ ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਹੈ ਕਿ ‘ਸੇਬੀ’ ਮੁਖੀ ਦੀ ਅਡਾਨੀ ਸਮੂਹ ਨਾਲ ਮਿਲੀਭੁਗਤ ਨੇ ਅਡਾਨੀ ਗਰੁੱਪ ਨੂੰ ਫਾਇਦਾ ਪਹੁੰਚਾਇਆ ਹੈ। ਅਜਿਹੇ ਦੋਸ਼ ਇਸ ਅਦਾਰੇ ਨੇ ਕੋਈ ਡੇਢ ਸਾਲ ਪਹਿਲਾਂ ਵੀ ਲਾਏ ਸਨ। ਆਮ ਚੋਣਾਂ ਵੇਲੇ ਚੋਣ-ਕਮਿਸ਼ਨ ਦੀ ਭੂਮਿਕਾ ’ਤੇ ਪੱਖ-ਪਾਤ ਦੇ ਦੋਸ਼ ਲਗਦੇ ਹੀ ਰਹਿੰਦੇ ਹਨ। ਪਾਰਲੀਮੈਂਟ ਦੀਆਂ ਬਹਿਸਾਂ ਦਾ ਪੱਧਰ ਡਿਗ ਰਿਹਾ ਹੈ। ਲੋਕ ਸਭਾ ਵੱਲੋਂ ਪਾਸ ਕੀਤਾ ਗਿਆ ਚੁਣਾਵੀ ਬਾਂਡ ਕਾਨੂੰਨ ਨਾ ਕੇਵਲ ਗੈਰ ਸੰਵਿਧਾਨਕ ਕਰਾਰ ਦਿੱਤਾ ਗਿਆ ਹੈ ਬਲਕਿ ਇਸ ਰਾਹੀਂ ਇਕੱਠਾ ਕੀਤਾ ਗਿਆ ਧਨ ਵੀ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਹੈ। 2019 ਵਿੱਚ ਬਣਾਏ ਖੇਤੀ ਕਾਨੂੰਨਾਂ ਨੂੰ ਦੇਸ਼ ਦੇ ਕਿਸਾਨਾਂ ਨੇ ਵੱਡਾ ਅੰਦੋਲਨ ਕਰਕੇ ਰੱਦ ਕਰਵਾਇਆ। ਪਿਛਲੇ ਸਾਲਾਂ ਵਿੱਚ ਦੇਸ਼ ਦੀਆਂ ਘੱਟ-ਗਿਣਤੀਆਂ ਪ੍ਰਤੀ ਵਰਤਾਰਾ ਵੀ ਸੰਵਿਧਾਨਕ ਸੰਸਥਾਵਾਂ ਦੇ ਕਮਜ਼ੋਰ ਹੋਣ ਵੱਲ ਹੀ ਇਸ਼ਾਰਾ ਕਰਦਾ ਹੈ। ਸਿਆਸੀ ਵਿਰੋਧੀਆਂ ’ਤੇ ਸਰਕਾਰੀ ਜਾਂਚ ਏਜੇਂਸੀਆਂ ਦਾ ਇਸਤੇਮਾਲ ਹਰ ਰੋਜ਼ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਧਰਮ-ਨਿਰਪੱਖਤਾ ਨੂੰ ਖੋਰਾ ਲੱਗਿਆ ਹੈ। ਫਿਰ ਵੀ ਲੋਕਤੰਤਰ ਦੀ ਥਾਂ ਨਿਰੰਕੁਸ਼ਤਾ ਅਤੇ ਇੱਕ ਪਾਰਟੀ ਜਾਂ ਜੁੰਡਲੀ ਜਾਂ ਇੱਕ ਸ਼ਖਸ ਦੀ ਤਾਨਾਸ਼ਾਹੀ ਕਾਇਮ ਹੁੰਦੀ ਹੁੰਦੀ ਫਿਲਹਾਲ ਬਚ ਗਈ ਹੈ। ਇਹ ਸੁਤੰਤਰ ਸੋਚ ਦੇ ਵਿਕਸਿਤ ਹੋਣ ਦੀ ਅਲਾਮਤ ਹੈ।
ਅਮੀਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਇਰਾਦੇ ਨਾਲ ਬਣਾਈਆਂ ਨੀਤੀਆਂ ਨੇ ਮਾਰਗ੍ਰੇਟ ਥੈਚਰ ਦੇ ਉੱਪਰਲੇ ਕਥਨ ਦੀ ਖਿੱਲੀ ਉਡਾਈ ਹੈ। ਸਰਕਾਰਾਂ ਨੇ ਅਜਿਹੀਆਂ ਨੀਤੀਆਂ ਬਣਾਈਆਂ ਕਿ ਅਤੇ ਆਮ-ਸ਼ਹਿਰੀ ਅਤੇ ਸ਼ਾਸਕ ਵਿੱਚ ਬੇਭ੍ਰੋਸਗੀ ਵਧਦੀ ਦਿਖਾਈ ਦਿੰਦੀ ਹੈ। ਅਮੀਰ ਅਤੇ ਗਰੀਬ ਦਰਮਿਆਨ ਦਿਨ-ਬ-ਦਿਨ ਵਧ ਰਿਹਾ ਪਾੜਾ ਬੇਰੁਜ਼ਗਾਰੀ ਦੇ ਵਧਣ ਦਾ ਸੂਚਕ ਹੈ। ਆਬਾਦੀ ਦੇ ਲਗਭਗ 57% (80 ਕਰੋੜ) ਲੋਕਾਂ ਨੂੰ ਮੁਫ਼ਤ ਅਨਾਜ ਵੰਡਣਾ ਕੋਈ ਸ਼ਾਬਾਸ਼ੀ ਵਾਲੀ ਗੱਲ ਨਹੀਂ ਬਲਕਿ ਸ਼ਰਮਿੰਦਗੀ ਦੀ ਗੱਲ ਹੈ, ਅਸੀਂ ਲੋਕਾਂ ਨੂੰ ਮੰਗਤੇ ਬਣਾ ਰਹੇ ਹਾਂ। ਮੰਗਤਾ ਮਾਨਸਿਕ ਤੌਰ ’ਤੇ ਗੁਲਾਮ ਹੁੰਦਾ ਹੈ। ਬੇਰੁਜ਼ਗਾਰੀ ਦੇ ਆਲਮ ਨੇ ਸਾਡੀ ਨੌਜਵਾਨੀ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਦੇਸ਼ ਤੋਂ ਬਾਹਰ ਰੁਜ਼ਗਾਰ ਦੇ ਵਸੀਲੇ ਲੱਭ ਰਹੀ ਹੈ। ਇਸ ਮਜਬੂਰੀ ਨੇ ਹੀ ਪਰਵਾਸ ਦੇ ਰੁਝਾਨ ਵਿੱਚ ਅਥਾਹ ਵਾਧਾ ਕੀਤਾ ਹੈ।
ਵਿਗਿਆਨ ਦੇ ਖੇਤਰ ਵਿੱਚ ਅਸੀਂ ਚੰਦ੍ਰਯਾਨ ਨੂੰ ਚੰਦਰ ’ਤੇ ਭੇਜਿਆ ਹੈ। ਇਹ ਸਾਡੀ ਵੱਡੀ ਪ੍ਰਾਪਤੀ ਹੈ। ਹਵਾਈ ਅੱਡੇ, ਕੌਮੀ ਰਾਜ-ਮਾਰਗ, ਬਹੁ-ਮੰਜ਼ਲੀ ਇਮਾਰਤਾਂ, ਤੇਜ਼ ਦੌੜਦੀਆਂ ਰੇਲਾਂ … … ਸਾਡੀ ਆਰਥਿਕ ਤਰੱਕੀ ਦੀ ਮੂੰਹ ਬੋਲਦੀ ਤਸਵੀਰ ਹਨ। ਜਿੱਥੇ ਅਸੀਂ ਮੰਦਰਾਂ ਦੀ ਅਥਾਹ ਗਿਣਤੀ ਵਧਾ ਕੇ ਲੋਕਾਂ ਦੀ ਆਸਥਾ-ਤ੍ਰਿਪਤੀ ਕੀਤੀ ਹੈ, ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵਿੱਦਿਅਕ ਅਦਾਰੇ ਬੰਦ ਕਰਕੇ ਕਰੋੜਾਂ ਲੋਕਾਂ ਲਈ ਸਿੱਖਿਆ ਦੇ ਦਰਵਾਜੇ ਵੀ ਬੰਦ ਕੀਤੇ ਹਨ। ਇਸ ਨਾਲ ਅਸੀਂ ਅੰਧ-ਵਿਸ਼ਵਾਸ ਨੂੰ ਬੜ੍ਹਾਵਾ ਦੇ ਰਹੇ ਹਾਂ ਅਤੇ ਵਿਗਿਆਨਕ ਸੋਚ ਦਾ ਗਲਾ ਘੁੱਟ ਰਹੇ ਹਾਂ। ਅੱਜ ਦੇ ਵਿਗਿਆਨਕ ਯੁਗ ਵਿੱਚ ਅਜਿਹਾ ਵਰਤਾਰਾ ਸਾਡੀ ਅਜ਼ਾਦੀ ਨੂੰ ਖਤਰੇ ਵਿੱਚ ਪਾ ਸਕਦਾ ਹੈ। ਜਨ-ਸਮੂਹ ਦੀ ਸੋਚ ਸਭ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਮਾਜ ਦੀ ਦਿਸ਼ਾ ਬਦਲਣ ਦੀ ਤਾਕਤ ਰੱਖਦੀ ਹੈ। ਸਾਡੀ ਅਜ਼ਾਦੀ ਸਾਡੇ ਜਨ-ਸਧਾਰਨ ਵਿੱਚ ਅਜਿਹੀ ਚੇਤਨਾ ਪੈਦਾ ਕਰੇ ਤਾਂ ਕਿ ਅਜ਼ਾਦੀ ਦਾ ਹਰ ਲਾਭ ਮਜ਼ਦੂਰ, ਕਿਸਾਨ, ਵਪਾਰੀ, ਕਾਰਖਾਨੇਦਾਰ, ਨੌਕਰਸ਼ਾਹ, ਨਿੱਜੀ ਸੰਸਥਾਵਾਂ ਅਤੇ ਹੋਰ ਅਦਾਰਿਆਂ ਤਕ ਪਹੁੰਚੇ। ਕਿਸੇ ਨੂੰ ਵੀ ਕੋਈ ਕੰਮ ਮਜਬੂਰ ਹੋ ਕੇ ਨਾ ਕਰਨਾ ਪਾਵੇ।
ਸੰਵਿਧਾਨਕ ਨੈਤਿਕਤਾ ਦੀ ਗੱਲ ਆਮ ਚਰਚਾ ਦਾ ਵਿਸ਼ਾ ਹੈ। ਸਿਆਸੀ ਅਨੈਤਿਕਤਾ ਵਧ ਰਹੀ ਹੈ। ਇਸਦਾ ਅਸਰ ਸੰਸਥਾਵਾਂ ਅਤੇ ਹੋਰ ਅਦਾਰਿਆਂ ’ਤੇ ਪੈਣਾ ਕੁਦਰਤੀ ਹੈ, ਆਖਰਕਾਰ ਉਨ੍ਹਾਂ ਵਿੱਚ ਕੰਮ ਕਰਨ ਵਾਲੇ ਵੀ ਤਾਂ ਇਨਸਾਨ ਹੀ ਹਨ। ਪਿਛਲੇ ਦਿਨੀਂ ਖ਼ਬਰ ਆਈ ਕਿ ਪੰਜਾਬ ਦੇ ਇੱਕ ਵਿੱਦਿਅਕ ਅਦਾਰੇ ਦੇ ਦੋ ਪ੍ਰੋਫੈਸਰ ਹਿਮਾਚਲ ਪ੍ਰਦੇਸ਼ ਦੀ ਇੱਕ ਸੰਸਥਾ ਨੂੰ ਮਾਨਤਾ ਪ੍ਰਾਪਤ ਕਰਵਾਉਣ ਲਈ ਮਦਦ ਕਰਨ ਦੇ ਇਵਜ਼ਾਨੇ ਵਜੋਂ ਸਾਢੇ ਤਿੰਨ ਲੱਖ ਰੁਪਏ ਦੀ ਵੱਢੀ ਲੈਂਦੇ ਫੜੇ ਗਏ। ਅਜਿਹੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਨੇ ਕਿਹੋ ਜਿਹੇ ਕਾਰੇ ਕਰਨੇ ਹਨ, ਉਹ ਅਸੀਂ ਸਾਰੇ ਸਮਝ ਸਕਦੇ ਹਾਂ। ਇਹ ਕਿਹੋ ਜਿਹੀ ਵਿਚਾਰਧਾਰਾ ਦੀ ਚੇਤਨਤਾ ਵਾਲਾ ਜਨ-ਸਮੂਹ ਪੈਦਾ ਕਰਨਗੇ?
ਤਿਆਰ ਹੋਇਆ ਭਾਸ਼ਣ ਮੈਂ ਸ਼ਾਮ ਨੂੰ ਸ਼੍ਰੀਮਤੀ ਜੀ ਨੂੰ ਸੁਣਾਇਆ ਅਤੇ ਟਾਈਮ ਨੋਟ ਕਰਨ ਲਈ ਕਿਹਾ। ਬੋਲਣ ਨੂੰ ਤਕਰੀਬਨ ਮਿੰਟ ਲਗਦੇ ਸਨ। ਸੁਣ ਕੇ ਸ਼੍ਰੀਮਤੀ ਜੀ ਕਹਿਣ ਲੱਗੇ, “ਹਰ ਵਕਤ ਸੀਰੀਅਸ ਨਾ ਲਿਖਿਆ ਕਰੋ। ਅਜਿਹੇ ਮੌਕੇ ਬੱਚੇ, ਜਵਾਨ ਅਤੇ ਅਧਖੜ ਉਮਰ ਦੇ ਇਸਤਰੀਆਂ ਅਤੇ ਮਨੁੱਖ ਹੋਣਗੇ ਜਿਹੜੇ ਹਲਕੀ ਫੁਲਕੀ ਗੱਲ ਸੁਣਨਾ ਪਸੰਦ ਕਰਨਗੇ। ਫੰਕਸ਼ਨ ਦੇ ਆਖਿਰ ’ਤੇ ਕੌਣ ਸੁਣੂਗਾ ਥੋਡਾ ਇਹ ਘਰਾਟ ਰਾਗ, ਸਭ ਚਾਹ ਸਮੋਸਿਆਂ ਕੰਨੀਂ ਦੇਖਦੇ ਹੋਣਗੇ, ਐਵੇਂ ਰੰਗ ਵਿੱਚ ਭੰਗ ਪਾਉਣ ਵਾਲੀ ਗੱਲ ਕਰੋਗੇ।”
ਮੈਨੂੰ ਉਨ੍ਹਾਂ ਦਾ ਵਿਚਾਰ ਠੀਕ ਲੱਗਿਆ। ਅਜਿਹੇ ਮੌਕੇ ’ਤੇ ਅਸੀਂ ਸਿਰਫ ਜਸ਼ਨ ਮਨਾਉਣਾ ਹੀ ਪਸੰਦ ਕਰਦੇ ਹਾਂ ਅਤੇ ਕਿਸੇ ਕਿਸਮ ਦੀ ਪੜਚੋਲ ਆਦਿ ਤੋਂ ਪਾਸਾ ਵੱਟਣਾ ਪਸੰਦ ਕਰਦੇ ਹਾਂ ਜਦੋਂ ਕਿ ਇਹੋ ਮੌਕਾ ਹੁੰਦਾ ਹੈ ਕਿ ਅਸੀਂ ਆਪਣੇ ਅੰਦਰ ਝਾਤ ਮਾਰੀਏ। ਚੜ੍ਹਦੀ ਕਲਾ ਦਾ ਵੱਲ ਤਾਂ ਸਾਨੂੰ ਗੁਰੂਆਂ ਨੇ ਸਿਖਾਇਆ ਹੀ ਹੈ, ਇਸਦੇ ਨਾਲ ਨਾਲ ਸਾਨੂੰ ਇੱਕ ਹੋਰ ਕਲਾ ਦੀ ਸਮਝ ਆਉਣੀ ਵੀ ਜ਼ਰੂਰੀ ਹੈ, ਅਰਥਾਤ ਸਾਨੂੰ ਸ਼ਾਸਨ-ਕਲਾ ਸਿੱਖਣ ਦੀ ਵੀ ਲੋੜ ਹੈ। ਇਸਦੀਆਂ ਬਰੀਕੀਆਂ ਸਮਝਣ ਦੀ ਲੋੜ ਹੈ।
ਹੁਣ ਮੇਰੇ ਕੋਲ ਵਕਤ ਨਹੀਂ ਸੀ ਕਿ ਕੁਝ ਹੋਰ ਲਿਖਦਾ। ਸੋਚਿਆ, ਜੋ ਵੇਲੇ ਤੇ ਸੁੱਝੇਗਾ ਬੋਲ ਦਿਆਂਗਾ। ਭਾਰਤ ਮਾਤਾ ਕੀ ਜੈ ਦੇ ਤਿੰਨ ਨਾਅਰੇ ਲਾਉਣ ਤੋਂ ਬਾਅਦ ਮੈਂ ਉਸ ਵੇਲੇ ਕੁਝ ਅਜਿਹਾ ਬੋਲਿਆ,
ਦੋ ਘੰਟਿਆਂ ਦੀ ਡਰਾਈਵਰੀ ਦੌਰਾਨ ਮੈਂ ਇਹੋ ਸੋਚਦਾ ਰਿਹਾ ਕਿ ਮੈਂ ਕੀ ਬੋਲਾਂਗਾ। ਮੇਰੀ ਹਾਲਤ ਕੁਝ ਇਸ ਤਰ੍ਹਾਂ ਦੀ ਸੀ ਜਿਵੇਂ ਕੋਈ ਆਪਣੇ ਮਹਿਬੂਬ ਨੂੰ ਪਹਿਲੀ ਵਾਰ ਮਿਲਣ ਜਾ ਰਿਹਾ ਹੋਵੇ। ਮੇਰੀ ਵੀ ਹਾਲਤ ਕੁਝ ਅਜਿਹੀ ਹੀ ਹੈ। ਹਾਂ, ਅੱਜ ਮੈਂ ਆਪਣੇ ਮਹਿਬੂਬ ਤਿਰੰਗੇ ਨੂੰ ਮਿਲਣ ਆਇਆ ਹਾਂ, ਇਸ ਨੂੰ ਅਜ਼ਾਦੀ ਦਿਹਾੜੇ ਲਹਿਰਾਉਣ ਆਇਆ ਹਾਂ ਅਤੇ ਆਪਣੇ ਮਹਿਬੂਬ ਦੋਸਤਾਂ ਮਿੱਤਰਾਂ ਨੂੰ ਮਿਲਣ ਆਇਆ ਹਾਂ। ਐਨਾ ਕਹਿਣ ਦੀ ਦੇਰ ਸੀ ਕਿ ਸਭ ਦੇ ਚਿਹਰੇ ਖਿੜੇ ਨਜ਼ਰ ਆਏ। ਮਹਿਬੂਬ ਲਫਜ਼ ਹੀ ਅਜਿਹਾ ਹੈ। ਅੱਜ ਦੇਸ਼ ਅਜ਼ਾਦੀ ਦੀ 78 ਵੀਂ ਵਰ੍ਹੇ ਗੰਢ ਮਨਾ ਰਿਹਾ ਹੈ ਅਤੇ ਅਸੀਂ ਵੀ ਇਸ ਜਸ਼ਨ ਵਿੱਚ ਸ਼ਾਮਲ ਹੋ ਰਹੇ ਹਾਂ। 15 ਅਗਸਤ 1947 ਨੂੰ ਦੇਸ਼ ਨੇ ਵਿਦੇਸ਼ੀ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕੀਤੀ ਅਤੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲਈ। ਅਸੀਂ ਉਸ ਦਿਨ ਆਜ਼ਾਦ ਸਾਂ ਕਿ ਭਵਿੱਖ ਵਿੱਚ ਅਸੀਂ ਆਪਣੇ ਮੁਲਕ ਦੀ ਤਕਦੀਰ ਆਪ ਲਿਖ ਸਕਦੇ ਸਾਂ। ਅਜ਼ਾਦੀ ਹਾਸਲ ਕਰਨ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਗਿਣਤੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਹੈ। ਮੈਨੂੰ ਮਾਣ ਹੈ ਕਿ ਮੈਂ ਇਸ ਧਰਤੀ ਦਾ ਜੰਮਪਲ ਹਾਂ। ਅਜ਼ਾਦੀ ਦਾ ਜਸ਼ਨ ਮਨਾਉਣਾ ਸਾਡਾ ਹੱਕ ਵੀ ਹੈ ਅਤੇ ਫ਼ਰਜ਼ ਵੀ ਹੈ। ਅਜ਼ਾਦੀ ਦੇ ਪਰਵਾਨਿਆਂ ਦੀਆਂ ਸ਼ਹੀਦੀਆਂ ਨੂੰ ਨਮਨ ਹੁੰਦਾ ਹੋਇਆ ਮੈਂ ਅਜ਼ਾਦੀ ਦੇ ਪ੍ਰਤੀਕ ਤਿਰੰਗੇ ਨੂੰ ਨਤਮਸਤਕ ਹੁੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਇਹ ਸਦੀਵੀ ਇੰਝ ਹੀ ਲਹਿਰਾਉਂਦਾ ਰਹੇ। ਅੱਜ ਦਾ ਝੰਡਾ ਲਹਿਰਾਉਣ ਦਾ ਮਾਣ ਬਖਸ਼ ਕੇ ਤੁਸੀਂ ਭਰਾਤਰੀ ਭਾਵ ਦੀਆਂ ਤੰਦਾਂ ਨੂੰ ਹੋਰ ਪੀਡਾ ਕੀਤਾ ਹੈ। ਮੈਂ ਤੁਹਾਡਾ ਸਭ ਦਾ ਰਿਣੀ ਹਾਂ।
ਅਜ਼ਾਦੀ ਦੀ ਸਾਡੇ ਵਡੇਰਿਆਂ ਨੂੰ ਬਹੁਤ ਕੀਮਤ ਤਾਰਨੀ ਪਈ ਹੈ। ਮੈਂ ਫਾਂਸੀਆਂ ਤੇ ਚੜ੍ਹੇ, ਜੇਲ੍ਹਾਂ ਵਿੱਚ ਸੜੇ ਸਭ ਪ੍ਰਵਾਨਿਆਂ ਨੂੰ ਸਲਾਮ ਕਰਦਾ ਹਾਂ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਨੂੰ ਅਸੀਂ ਹਰ ਕੀਮਤ ਤੇ ਬਰਕਰਾਰ ਰੱਖੀਏ। ਮੇਰਾ ਮਹਿਕਮਾ ਭਾਵੇਂ ਬਹੁਤ ਬਦਨਾਮ ਹੈ ਪਰ ਇਸ ਵੱਲੋਂ ਮਾਲੀਆ ਇਕੱਠਾ ਕਰਕੇ ਭਾਰਤੀ ਫੌਜ ਨੂੰ ਸਰਹੱਦਾਂ ’ਤੇ ਹਥਿਆਰ, ਰਾਸ਼ਨ, ਵਰਦੀ ਅਤੇ ਹੋਰ ਸਾਜੋ-ਸਮਾਨ ਮੁਹਈਆ ਕਰਵਾ ਕੇ ਸਾਡੀ ਅਜ਼ਾਦੀ ਦੀ ਰੱਖਿਆ ਕਰਨ ਵਿੱਚ ਵੱਡਾ ਯੋਗਦਾਨ ਹੈ। ਸਰਕਾਰ ਦਾ ਹਰ ਨੌਕਰ ਹੀ ਨਹੀਂ, ਬਲਕਿ ਹਰ ਸ਼ਹਿਰੀ ਹੀ ਇਸ ਨੂੰ ਕਾਇਮ ਰੱਖਣ ਲਈ ਯੋਗਦਾਨ ਪਾਉਂਦਾ ਹੈ। ਅਸੀਂ ਹਾਲਾਤ ਬਿਹਤਰ ਕਰ ਸਕਦੇ ਹਾਂ ਜੇਕਰ ਆਪਣੀ ਆਪਣੀ ਡਿਊਟੀ ਨਿਯਮਾਂ ਅਤੇ ਨੈਤਿਕਤਾ ਦੇ ਮਾਪ-ਦੰਡਾਂ ਨਾਲ ਕਰੀਏ। ਟੀਚਰ ਵਧੀਆ ਇਨਸਾਨ, ਡਾਕਟਰ, ਇੰਜਨੀਅਰ ਪੈਦਾ ਕਰੇ … …।”
ਨੌਜਵਾਨ ਪੀੜ੍ਹੀ ਨੂੰ ਉਸ ਵੇਲੇ ਦੀ ਕਿਸਾਨੀ ਦੀ ਆਰਥਿਕ ਅਤੇ ਸਮਾਜਿਕ ਹਾਲਤ ਤੋਂ ਸੰਖੇਪ ਵਿੱਚ ਜਾਣੁ ਕਰਵਾਉਣ ਲਈ ਮੈਂ ਸੰਖੇਪ ਵਿੱਚ ਮਦਰ-ਇੰਡੀਆ ਫਿਲਮ ਦਾ ਜ਼ਿਕਰ ਵੀ ਕੀਤਾ।
ਤੁਹਾਡੇ ਸਾਰਿਆਂ ਦੇ ਮਨਾਂ ਵਿੱਚ ਜ਼ਰੂਰ ਰੜਕ ਰਿਹਾ ਹੋਵੇਗਾ ਕਿ ਮੈਂ ਸਵੇਰ ਦੀ ਸੈਰ ਦੇ ਸਾਥੀਆਂ, ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਮੈਂਬਰ ਸਹਿਬਾਨਾਂ ਅਤੇ ਹੋਰ ਦੋਸਤਾਂ ਮਿੱਤਰਾਂ ਨੂੰ ਮਿਲੇ ਬਗੈਰ ਹੀ ਇੱਥੋਂ ਚੰਡੀਗੜ੍ਹ ਨੇੜੇ ਮੁਹਾਲੀ ਜਾ ਵਸਿਆ ਹਾਂ। ਤੁਹਾਨੂੰ ਜਰੂਰ ਮੈਂ ਬੇ-ਵਫਾ ਨਜ਼ਰ ਆ ਰਿਹਾ ਹੋਵਾਂਗਾ, ਪਰ ਅਜਿਹਾ ਨਹੀਂ ਹੈ। ਮੈਨੂੰ ਅਤਿਅੰਤ ਖੁਸ਼ੀ ਹੈ ਕਿ ਤੁਸੀਂ ਅਜ਼ਾਦੀ ਦਿਹਾੜੇ ਤੇ ਸਨਮਾਨਤ ਵਿਦਾਇਗੀ ਦਾ ਇੰਤਜ਼ਾਮ ਕੀਤਾ। ਇਹ ਸਾਲ ਅਤੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਤੇ ਗੁਰਦਵਾਰਾ ਸਾਹਿਬ ਵਿੱਚ ਹੋਏ ਸਮਾਗਮ ਤੇ ਜਾਰੀ ਸਨਮਾਨ ਚਿੰਨ੍ਹ ਹਰ ਰੋਜ਼ ਤੁਹਾਡੀ ਯਾਦ ਤਾਜ਼ਾ ਕਰਦੇ ਰਹਿਣਗੇ। ਅਸੀਂ ਹਮੇਸ਼ਾ ਤੁਹਾਡੇ ਪਰਿਵਾਰਾਂ ਦੇ ਮੈਂਬਰ ਰਹੇ ਹਾਂ ਅਤੇ ਰਹਾਂਗੇ। ਤੁਹਾਡਾ ਸਭ ਦਾ ਸਾਡੇ ਨਵੇਂ ਗਰੀਬ-ਖਾਨੇ ਸਵਾਗਤ ਹੈ। ਮੈਂ ਵੀ ਸ਼ਾਇਦ ਹਾਲਾਤ ਨੇ ਮਜਬੂਰ ਕਰ ਦਿੱਤਾ ਗਿਆ ਸੀ ਕਿ ਜਾਣ ਤੋਂ ਪਹਿਲਾਂ ਮਿਲ ਨਾ ਸਕਿਆ। ਬੱਸ ਇਹੀ ਸਮਝ ਲਓ ਕਿ-
‘ਕੁਛ ਤੋਂ ਮਜਬੂਰੀਆਂ ਰਹੀ ਹੋਂਗੀ, ਯੂੰ ਹੀ ਕੋਈ ਬੇਵਫਾ ਨਹੀਂ ਹੋਤਾ।’ ਜੈ ਹਿੰਦ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5235)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.