“ਇਸ ਕਸ਼ਮਕਸ਼ ਸਮੇਂ ਬਾਬਾ ਨਾਨਕ ਦੀ ਮਹਾਨ ਤੁਕ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ..."
(17 ਨਵੰਬਰ 2025)
ਪਿੰਡ ਦਾ ਬਚਪਨ ਸੀ। ਉਹ ਵੀ ਉਨ੍ਹਾਂ ਦਿਨਾਂ ਦਾ ਜਦੋਂ ਪਿੰਡਾਂ ਵਿੱਚ ਮੱਝਾਂ-ਗਾਵਾਂ ਦੇ ਵੱਗ ਧੂੜ ਉਡਾਉਂਦੇ ਹੁੰਦੇ ਸਨ। ਸਭ ਧੂੜ ਫੱਕਦੇ ਸਨ। ਸਮਾਜ ਵਿੱਚ ਸ਼ਰੀਫ ਅਤੇ ਬਦਮਾਸ਼ ਮਨੁੱਖਾਂ ਵਾਂਗ ਡੰਗਰਾਂ ਦੇ ਵੱਗਾਂ ਵਿੱਚ ਵੀ ਸਾਊ ਅਤੇ ਖੂੰਖਾਰ ਕਿਸਮ ਦੇ ਪਸ਼ੂ ਹੁੰਦੇ ਸਨ। ਜਦੋਂ ਇਹ ਵੱਗ ਇੱਕ ਦੂਜੇ ਦੇ ਕੋਲ ਦੀ ਲੰਘਦੇ ਤਾਂ ਕਦੀ-ਕਦਾਈਂ ਖਰੂਦ ਕਰਦਿਆਂ ਕੁੰਢੇ ਸਿੰਗਾਂ ਵਾਲੀਆਂ ਮੱਝਾਂ ਦੇ ਆਪਸ ਵਿੱਚ ਸਿੰਗ ਫਸ ਜਾਂਦੇ ਤੇ ਅਸੀਂ ਨਿਆਣੇ ਤਾਂ ਗਾਉਣ ਹੀ ਲੱਗ ਪੈਂਦੇ, “ਕੁੰਢੀਆਂ ਦੇ ਸਿੰਗ ਫਸਗੇ, ... ਬਈ ਕੁੰਢੀਆਂ ਦੇ ਸਿੰਗ ਫਸਗੇ।” ਉਸ ਵੇਲੇ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਸ ਅਖਾਣ ਦੀ ਕੋਈ ਅਗਲੀ ਸਤਰ ਵੀ ਹੁੰਦੀ ਸੀ। ਕੋਠਿਆਂ ’ਤੇ ਚੜ੍ਹ ਕੇ ਦੂਰੋਂ ਤਮਾਸ਼ਾ ਦੇਖਦੇ ਰਹਿੰਦੇ। ਜਦੋਂ ਤਕ ਸਿੰਗ ਨਿਕਲ ਨਾ ਜਾਂਦੇ ਤਮਾਸ਼ਬੀਨ ਲੋਕਾਂ ਅਤੇ ਵਾਗੀਆਂ ਦੇ ਭਾ ਦੀ ਬਣੀ ਰਹਿੰਦੀ। ਪਿੰਡ ਵਿੱਚ ਢੱਟੇ-ਝੋਟੇ ਵੀ ਆਪਣੀ ਵੱਖਰੀ ਪਛਾਣ ਰੱਖਦੇ ਸਨ। ਗੋਰੇ-ਢੱਟੇ ਨੂੰ ਅਕਸਰ ਲੋਕ ਦਰਵੇਸ਼ ਸਮਝ ਕੇ ਚਾਰਾ ਪਾਉਂਦੇ ਜਦੋਂ ਕਿ ਕਾਲਾ-ਢੱਠਾ ਆਪਣੇ ਭੂਸਰੇਪਨ ਲਈ ਮੰਨਿਆ ਹੋਇਆ ਸੀ। ਦੋਹਾਂ ਦੀ ਮੁੱਠ-ਭੇੜ ਹੁੰਦੀ ਰਹਿੰਦੀ। ਕਾਲਾ ਅਕਸਰ ਹੀ ਗੋਰੇ ’ਤੇ ਭਾਰੂ ਪੈਂਦਾ ਮੈਂ ਆਪਣੀ ਅੱਖੀਂ ਦੇਖਿਆ। ਬਚਪਨ ਸਮੇਂ ਅਖਾਣਾਂ ਪਿੱਛੇ ਛੁਪੇ ਅਰਥ ਸਮਝ ਨਹੀਂ ਆਉਂਦੇ।
ਗਭਰੇਟ ਹੋਇਆ ਮੈਂ ਵੀ ਵਿਸਾਖੀ, ਦੁਸਹਿਰੇ ਦੇ ਮੇਲੇ ਅਤੇ ਹੋਰ ਧਾਰਮਿਕ ਦਿਵਾਨਾਂ ’ਤੇ ਜਾਂਦੀਆਂ ਭੀੜਾਂ ਵਿੱਚ ਸ਼ਾਮਲ ਹੋਣ ਲੱਗ ਪਿਆ। ਪਿੰਡ ਦੇ ਗੁਰਦੁਆਰੇ ਦਿਵਾਨ ਲੱਗਣਾ ਤਾਂ ਬੁੜ੍ਹਿਆਂ ਨੇ ਕਹਿਣਾ, “ਕੁੜੀਓ, ਆਹ ਨਿਆਣਿਆਂ ਨੂੰ ਫਲਾਂ ਫਲਾਂ ਰਾਗੀ ਵੇਲੇ ਲੈਕੇ ਜਾਇਓ, ਦੂਜੇ ਤਾਂ ਐਵੇਂ ਘਰਾਟ-ਰਾਗ ਹੀ ਛੇੜੀ ਰੱਖਦੇ ਨੇ ...। ਵਿਚਕਾਰਲੇ ਦਿਨ ਫਲਾਂ-ਫਲਾਂ ਕਵੀਸ਼ਰ ਦੇ ਗਾਉਣ ਵੇਲੇ ਈ ਜਾਇਓ ...।” ਢੱਡ-ਸਾਰੰਗੀ ਤੇ ਵਾਰਾਂ ਗਾਉਂਦੇ ਗਵਈਏ ਵੀ ਕਵੀਸ਼ਰੀ ਜਥਿਆਂ ਨਾਲੋਂ ਆਪਣੀ ਵੱਖਰੀ ਪਛਾਣ ਬਣਾਉਣ ਲਈ ਇੱਕ ਦੂਜੇ ਨਾਲ ਸਿੰਗ ਫਸਾਈ ਰੱਖਦੇ ਸਨ।
ਪਿੰਡ ਵਿੱਚ ਸਰਪੈਂਚੀ ਦੀਆਂ ਚੋਣਾਂ ਵਿੱਚ ਜਦੋਂ ਦੋ ਤਕੜੇ ਉਮੀਦਵਾਰਾਂ ਨੇ ਮੁਕਾਬਲੇ ’ਤੇ ਆ ਜਾਣਾ ਜਾਂ ਆਮ ਚੋਣਾਂ ਵੇਲੇ ਵੱਡੀ ਪਾਰਟੀਆਂ ਦੇ ਕਹਿੰਦੇ-ਕਹਾਉਂਦੇ ਲੀਡਰਾਂ ਨੇ ਆਹਮੋ-ਸਾਹਮਣੇ ਹੋ ਜਾਣਾ ਤਾਂ ਲੋਕ ਇਹ ਕਹਿੰਦੇ ਸੁਣਾਈ ਦਿੰਦੇ, “ਕੁੰਢੀਆਂ ਦੇ ਸਿੰਗ ਫਸਗੇ ਨਿੱਤਰੂ ਬੜੇਮੇਂ ਖਾਣੀ।” ਇਸ ਅਖਾਣ ਦਾ ਮਾਅਨਾ ਅਕਲ ਵਿੱਚ ਨਾ ਆਉਂਦਾ। ਘੁਲ਼ਦੇ ਮੱਲਾਂ ਵਿੱਚੋਂ ਇੱਕ ਨੇ ਤਾਂ ਢਹਿਣਾ ਈ ਐ ... ਲੋਕ ਐਨਾ ਹੀ ਕਹਿੰਦੇ। ਵੋਟਾਂ ਵਾਲੇ ਦਿਨ ਲੱਗੂ ਪਤਾ ਕਿਹੜਾ ਮਾਰਦੈ ਬਾਜ਼ੀ। ਇਸਦਾ ਅਸਲੀ ਅਰਥ ਉਦੋਂ ਸਮਝ ਆਇਆ ਜਦੋਂ ਮੇਰੇ ਬਾਸ ਦੇ ਬਾਸ ਨਾਲ ਸਿੰਗ ਫਸ ਗਏ। ਉਹ ਕਿਵੇਂ?
ਵੱਡੇ ਸਾਹਿਬ ਦੌਰੇ ’ਤੇ ਸਨ। ਉਹ ਹਿੰਦੀ ਸਾਹਿਤ ਦੇ ਚੰਗੇ ਵਿਦਵਾਨਾਂ ਵਿੱਚੋਂ ਗਿਣੇ ਜਾਂਦੇ ਸਨ। ਰਾਤਰੀ ਭੋਜ ਬਾਹਰ ਖੁੱਲ੍ਹੇ ਅਸਮਾਨ ਹੇਠ ਸੀ। ਗੱਲੀਂ ਲਾਈ ਰੱਖਣ ਵਾਲੀ ਦਵਾ-ਦਾਰੂ ਦਾ ਖੁੱਲ੍ਹੇ ਵਿੱਚ ਸੇਵਨ ਨਹੀਂ ਹੋ ਸਕਦਾ ਸੀ ਕਿਉਂਕਿ ਅਸੀਂ ਖੁਸ਼ਕ ਪ੍ਰਾਂਤ ਵਿੱਚ ਸਾਂ। ਵੈਸੇ ਪ੍ਰਾਂਤ ਕਹਿਣ ਨੂੰ ਹੀ ਖੁਸ਼ਕ ਸੀ, ਇਤਰ ਦੀ ਖੁਸ਼ਬੂ ਨਾਲ ਮਾਹੌਲ ਚੌਹਾਂ ਕੂਟਾਂ ਅੰਦਰ ਖੁਸ਼ਗਵਾਰ ਹੀ ਰਹਿੰਦਾ ਸੀ। ਘੁਸਮੁਸੇ ਜਿਹੇ ਵਿੱਚ ਸਾਰੇ ਅਫਸਰ ਸਾਹਿਬਾਨ ਪਰਿਵਾਰਾਂ ਸਮੇਤ ਬੈਠੇ ਸਨ। ਵਕਤ ਪਾਸ ਕਰਨ ਲਈ ਸਭ ਨੂੰ ਗੱਲੀਂ ਲਾਈ ਰੱਖਣਾ ਸਾਹਿਬ ਦਾ ਹੀ ਫਰਜ਼ ਬਣਦਾ ਸੀ। ਬਹੁਤਿਆਂ ਨੂੰ ਉਹ ਨਿੱਜੀ ਤੌਰ ’ਤੇ ਵੀ ਜਾਣਦੇ ਸਨ। ਬੰਬਈ ਵਿਖੇ ਮੈਂ ਵੀ ਉਨ੍ਹਾਂ ਦਾ ਮਾਤਹਿਤ ਰਹਿ ਚੁੱਕਿਆ ਸੀ। ਉਨ੍ਹਾਂ ਆਪਣੇ ਕੋਲ ਬੈਠੇ ਦਿੱਲੀ ਰਹਿੰਦੇ ਸਾਹਿਬ ਤੋਂ ਸ਼ੁਰੂ ਕੀਤਾ, “ਹਾਂ ਬਈ ... ਸਿੰਘ! ਫਿਰ ਦਿੱਲੀ ਵਿੱਚ ਅੱਜ ਕੱਲ੍ਹ ਕੀ ਸਿਆਸਤ ਹੋ ਰਹੀ ਐ?”
ਫਿਰ ਦੂਸਰੇ ਸਾਹਿਬ, “ਬੀ ਕੁਮਾਰ ਜੀ ਤੁਸੀਂ ਦੱਸੋ ...।”
ਮੇਰੀ ਵਾਰੀ ਵੀ ਆ ਗਈ, “ਜਗਰੂਪ! ਕਿਵੇਂ ਟਾਈਮ ਪਾਸ ਕਰਦੇ ਹੋ?”
“ਸਰ, ਮੈਨੂੰ ਪੜ੍ਹਨ ਦਾ ਸ਼ੌਕ ਹੈ, ਵਿਹਲੇ ਵੇਲੇ ਕਿਤਾਬ ਪੜ੍ਹ ਲਈਦੀ ਹੈ।” ਮੈਂ ਕਿਹਾ।
“ਕੀ ਪੜ੍ਹਦੇ ਹੋ?” ਉਨ੍ਹਾਂ ਪੁੱਛਿਆ।
“ਸਰ, ਟਾਮਸ ਹਾਰਡੀ, ਦਸਤੋਵਸਕੀ, ਟਾਲਸਟਾਇ ਤੇ ...।” ਮੈਂ ਕੁਝ ਹੋਰ ਨਾਂ ਲੈਣ ਹੀ ਲੱਗਾ ਸੀ ਕਿ ਉਨ੍ਹਾਂ ਵਿੱਚੋਂ ਹੀ ਟੋਕ ਦਿੱਤਾ, “ਇਹ ਸਭ ਪੁਰਾਣੇ ਹਨ, ਕੋਈ ਨਵਾਂ?”
“ਸਰ, ਨਵਿਆਂ ਵਿੱਚੋਂ ਮੈਂ ਆਯਨ ਰੈਂਡ ਦਾ ਉਪਾਸ਼ਕ ਹਾਂ ...।” ਉਨ੍ਹਾਂ ਫਿਰ ਟੋਕਿਆ, “ਬਈ ਉਹ ਤਾਂ ਖੁਦਗਰਜ਼ੀ ਨੂੰ ਨੇਕ-ਨੀਅਤੀ ਵਰਗਾ ਉੱਤਮ ਗੁਣ ਦੱਸਦੀ ਹੈ।”
ਝੱਟ ਮੇਰੇ ਦਿਮਾਗ ਵਿੱਚ ਬਾਪੂ ਜੀ ਵੱਲੋਂ ਲਾਊਡ ਸਪੀਕਰ ’ਤੇ ਵਜਾਇਆ ਜਾਂਦਾ ਤਵਾ ਯਾਦ ਆਇਆ, ਦੁਨੀਆ ਮਤਲਬ ਦੀ ਕੋਈ ਨਾ ਕਿਸੇ ਦਾ ਬੇਲੀ। ਇਨ੍ਹਾਂ ਬੋਲਾਂ ਦੀ ਰੌਸ਼ਨੀ ਵਿੱਚ ਦੇਖਿਆਂ ਆਯਾਨ ਰੈਂਡ (Ayn Rand ... ਇੱਕ ਮਸ਼ਹੂਰ ਅਮਰੀਕਨ ਚਿੰਤਕ) ਸਾਡੀ ਸਮੂਹਿਕ ਸਮਝ ਦੇ ਨੇੜੇ ਹੀ ਸੀ। ਮੈਂ ਆਪਣਾ ਨਜ਼ਰੀਆ ਰੱਖਣਾ ਸ਼ੁਰੂ ਕੀਤਾ, “ਸਰ! ਉਹ ਤਰਕ ਅਧਾਰਿਤ ਨੈਤਿਕਤਾ ਦੀ ਸਿਰ ਕੱਢਵੀਂ ਝੰਡਾ ਬਰਦਾਰ ਸੀ। ਫਰਕ ਸਿਰਫ ਇੰਨਾ ਹੈ ਕਿ ਅਸੀਂ ਨੈਤਿਕਤਾ ਮਾਪਣ ਦਾ ਯੰਤਰ ਚੇਤਨਾ-ਮੰਡਲ ਦੀ ਵੱਖਰੀ-ਵੱਖਰੀ ਸਤਹ ’ਤੇ ਫਿੱਟ ਕਰਦੇ ਹਾਂ।” ਮੇਰੀ ਗੱਲ ਅਣਗੌਲਿਆਂ ਕਰਦੇ ਉਨ੍ਹਾਂ ਫਿਰ ਵਿੱਚੋਂ ਹੀ ਟੋਕ ਦਿੱਤਾ, “ਕਦੀ ਹਰਮਨ ਹੈੱਸ ਦਾ ਨਾਂ ਸੁਣਿਆ ਹੈ?”
ਬਾਸ ਸ਼ਾਇਦ ਸੋਚਦੇ ਹੋਣਗੇ ਕਿ ਰਿਜ਼ਰਵ ਸ਼੍ਰੇਣੀ ਦੇ ਪੇਂਡੂ ਨੇ ਇਹ ਅਜੀਬ ਜਿਹਾ ਨਾ ਹੀ ਨਹੀਂ ਸੁਣਿਆ ਹੋਵੇਗਾ, ਉਸਦੀ ਕ੍ਰਿਤ ਤਾਂ ਕੀ ਪੜ੍ਹੀ ਹੋਵੇਗੀ। ਜਦੋਂ ਮੈਂ ਹਾਂ ਵਿੱਚ ਉੱਤਰ ਦਿੱਤਾ, ਸਭ ਨੇ ਕੰਨ ਚੁੱਕ ਲਏ। ਉਨ੍ਹਾਂ ਦੇ ਚਿਹਰਿਆਂ ’ਤੇ ਲਿਖਿਆ ਦਿਖਾਈ ਦੇ ਰਿਹਾ ਸੀ, “ਫਸ ਗਿਆ ਅੱਜ ... ਐਵੇਂ ਸਾਡੇ ’ਤੇ ਰੋਹਬ ਮਾਰਦਾ ਰਹਿੰਦਾ ਸੀ। ਬਹੁਤ ਘੱਟ ਜਾਣਦੇ ਸਨ ਕਿ ਮੈਂ ਪੜ੍ਹਨ ਦਾ ਸ਼ੌਕ ਛੱਡਿਆ ਨਹੀਂ ਸੀ। ਮੇਰੇ ਜ਼ਿਹਨ ਵਿੱਚ ਤੰਗ ਜਿਹੀ ਗਲੀ ਵਿੱਚ ਕਾਲੇ ਅਤੇ ਗੋਰੇ ਦੀ ਝੜਪ ਗੇੜੇ ਕੱਢਣ ਲੱਗ ਪਈ ਸੀ। ਇਤਫਾਕਨ ਮੈਂ ਕਾਲਾ ਅਤੇ ਪੰਡਿਤ ਜੀ ਗੋਰੇ ਸਨ। ਮੈਨੂੰ ਅੰਗਰੇਜ਼ੀ ਸਾਹਿਤ ਨਾਲ ਚੰਗਾ ਲਗਾਅ ਹਾਲੇ ਵੀ ਹੈ।
ਸਾਹਿਬ ਕਹਿਣ ਲੱਗੇ, “‘ਸਿਧਾਰਥ’ ਵਿੱਚ ਉਹ ਕੀ ਕਹਿੰਦਾ ਹੈ?”
ਹਰਮਨ ਹੈੱਸ ਦੀ ਇਹ ਕ੍ਰਿਤ ਅੰਗਰੇਜ਼ੀ ਸਾਹਿਤ ਵਿੱਚ ਉੱਤਮ ਲਿਖਤ ਮੰਨੀ ਗਈ ਹੈ।
“ਸਰ! ਉਹ ਕਹਿੰਦਾ ਹੈ; ਮੈਂ ਸੋਚ ਸਕਦਾ ਹਾਂ, ਮੈਂ ਉਡੀਕ ਕਰ ਸਕਦਾ ਹਾਂ, ਮੈਂ ਵਰਤ ਰੱਖ ਸਕਦਾ ਹਾਂ।” ਮੈਂ ਉੱਤਰ ਦਿੱਤਾ।
ਮੇਰੀ ਸਮਝ ਵਿੱਚ ਉਹ ਕਹਿੰਦਾ ਹੈ, “ਮੈਂ ਸੋਚ ਸਕਦਾ ਹਾਂ, ਮੈਂ ਉਡੀਕ ਕਰ ਸਕਦਾ ਹਾਂ, ਮੈਂ ਸਮਝੌਤਾ (reconci।e) ਕਰ ਸਕਦਾ ਹਾਂ।” ਸਾਹਿਬ ਨੇ ਮੈਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ। ਅੰਦਰੋ-ਅੰਦਰੀ ਮੈਂ ਕਹਿ ਰਿਹਾ ਸੀ, ਸਾਡੇ ਸਿੰਗ ਤਾਂ ਫਸਦੇ ਹੀ ਰਹਿੰਦੇ ਨੇ, ਦੇਖੀ ਜਾਊ। ਹਰ ਜਣਾ-ਖਣਾ ਹੀ ਢਾਹੁਣ ਨੂੰ ਫਿਰਦੈ। ਇੱਕ ਜੀਅ ਕਰਦਾ ਸੀ ਕਿ ਹਾਰ ਮੰਨ ਕੇ ਬਾਸ ਨੂੰ ਖੁਸ਼ ਕਰਾਂ ਜਿਵੇਂ ਅਸੀਂ ਦਫਤਰੀ ਫਾਈਲਾਂ ’ਤੇ ਕਰਦੇ ਰਹਿੰਦੇ ਹਾਂ। ਜੇਕਰ ਮੈਂ ਅਜਿਹਾ ਕਰਦਾ ਤਾਂ ਮੇਰੇ ਸਹਿਕਰਮੀਆਂ ਨੇ ਕਹਿਣਾ ਸੀ, “ਦੇਖੋ ਕਿੱਡਾ ਚਾਪਲੂਸ ਨਿਕਲਿਆ?” ਮੈਨੂੰ ਇਹ ਵੀ ਪਤਾ ਸੀ ਕਿ ਉਹ ਸੱਜਣ ਵੀ ਉੱਥੇ ਹਾਜ਼ਰ ਸੀ ਜਿਸਨੇ ਸਾਨੂੰ ‘ਸਿਧਾਰਥ’ ਦਾ ਪੰਜਾਬੀ ਅਨੁਵਾਦ ਪੜ੍ਹਨ ਲਈ ਦਿੱਤਾ ਸੀ। ਉਸਨੇ ਭਾਵੇਂ ਕਿਤਾਬ ਨੂੰ ਰੁਟੀਨ ਵਿੱਚ ਹੀ ਪੜ੍ਹਿਆ ਹੋਵੇ ਪਰ ਮੈਨੂੰ ਡਰ ਮਾਰ ਰਿਹਾ ਸੀ ਕਿ ਉਹ ਬਾਅਦ ਵਿੱਚ ਮੈਨੂੰ ਬਖਸ਼ੇਗਾ ਨਹੀਂ ਕਿਉਂਕਿ ਉਹ ਲਿਖਤ ਦੇ ਅਸਲੀ ਤੱਤ ਤੋਂ ਵਾਕਿਫ ਵੀ ਹੋ ਸਕਦਾ ਸੀ। ਉਸਦੇ ਅਵੱਲੇ ਸੁਭਾਅ ਤੋਂ ਵੀ ਸਭ ਵਾਕਿਫ ਸਨ। ਇਸ ਕਸ਼ਮਕਸ਼ ਸਮੇਂ ਬਾਬਾ ਨਾਨਕ ਦੀ ਮਹਾਨ ਤੁਕ ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥’ ਕੰਨੀ ਪਈ। ਉਪਦੇਸ਼ ਕੀਤਾ ਗਿਆ ਹੈ ਕਿ ਸੱਚ ਸਭ ਤੋਂ ਉੱਪਰ ਹੈ ਤੇ ਇਸ ਤੋਂ ਵੀ ਉੱਚਾ ਮਨੁੱਖ ਦਾ ਆਚਰਣ। ਮੈਂ ਆਚਰਣ ਦਾ ਪੱਲਾ ਫੜਨਾ ਸਹੀ ਸਮਝਿਆ, ਆਪਣੇ ਕਹੇ ’ਤੇ ਕਾਇਮ ਰਿਹਾ। ਅੱਜ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸੱਚ ਬੋਲਣ ਤੋਂ ਕਿੰਨਾ ਡਰ ਰਹੇ ਹੁੰਦੇ ਹਾਂ, ਭਾਵੇਂ ਉਹ ਸੱਚ ਕਿੰਨਾ ਵੀ ਨੁਕਸਾਨ-ਰਹਿਤ ਕਿਉਂ ਨਾ ਹੋਵੇ। ਇਹ ਮਾਨਸਿਕਤਾ ਸਰਬ-ਸਾਂਝੀ ਹੈ। ਕਾਲੇ-ਗੋਰੇ ਸਭ ਇਸਦੇ ਮਰੀਜ਼ ਹਨ। ਮੈਨੂੰ ਤਾਂ ਤੱਪੜ ਵਾਲੇ ਸਕੂਲ ਵਿੱਚ ਲੱਗੇ ਪੋਸਟਰ ‘ਸਦਾ ਸੱਚ ਬੋਲੋ’ ਨੇ ਸੱਚ ਬੋਲਣ ਦੀ ਭੈੜੀ ਬਿਮਾਰੀ ਪ੍ਰਾਇਮਰੀ ਵਿੱਚ ਹੀ ਲਾ ਦਿੱਤੀ ਸੀ, ਜਿਹੜੀ ਹੁਣ ਤਕ ਲਾ-ਇਲਾਜ ਹੋ ਚੁੱਕੀ ਸੀ। ਗੱਲ ਤੀਸਰੇ ਮੁੱਦੇ ’ਤੇ ਅੜ ਗਈ ਸੀ। ਪਾੜ੍ਹਿਆਂ ਦੇ ਸਿੰਗ ਫਸ ਗਏ ਸਨ। ਬੌਧਿਕ ਜ਼ੋਰ ਅਜ਼ਮਾਇਸ਼ੀ ਦਾ ਦੰਗਲ ਮਘ ਚੁੱਕਿਆ ਸੀ। ਕੋਈ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ।
ਮੇਰੀ ਧਰਮ ਪਤਨੀ ਨੇ ਵੀ ‘ਸਿਧਾਰਥ’ ਦਾ ਪੰਜਾਬੀ ਅਨੁਵਾਦ ਪੜ੍ਹ ਰੱਖਿਆ ਸੀ। ਉਹ ਮੇਰੇ ਪਿੱਛੇ ਬੈਠੇ ਮਹਾਂਭਾਰਤ ਦੇਖ-ਸੁਣ ਰਹੇ ਸਨ। ਅਚਾਨਕ ਬੋਲ ਕੇ ਸਭ ਦਾ ਧਿਆਨ ਖਿੱਚ ਲਿਆ। ਕਹਿਣ ਲੱਗੇ, “ਸਰ! ਸਿੰਘ ਸਾਬ੍ਹ ਠੀਕ ਕਹਿੰਦੇ ਨੇ।”
ਸੁਣਦੇ ਹੀ ਪੰਡਿਤ ਜੀ ਕਹਿਣ ਲੱਗੇ, “ਜਗਰੂਪ! ਅੱਜ ਮੰਨਦਾ ਹਾਂ ਕਿ ਤੁਸੀਂ ਚੰਗੇ ਪੜ੍ਹੇ ਲਿਖੇ ਹੋ।” ਉਨ੍ਹਾਂ ਦੇ ਕਹਿਣ ਦਾ ਅੰਦਾਜ਼ ਕਹਿ ਰਿਹਾ ਸੀ ਕਿ ਆਮ ਤੌਰ ’ਤੇ ਉਹ ਅਖੌਤੀ ਨੀਵੀਂਆਂ ਜਾਤਾਂ ਦੇ ਭਾਈਚਾਰੇ ਨੂੰ ਪੜ੍ਹੇ ਲਿਖੇ ਨਹੀਂ ਮੰਨਦੇ, ਪਰ ਅੱਜ ਉਨ੍ਹਾਂ ਨੂੰ ਭਰੀ ਮਹਫਿਲ ਵਿੱਚ ਮੰਨਣਾ ਪੈ ਰਿਹਾ ਸੀ। ਮੈਂ ਇਹ ਕਹਿਣ ਤੋਂ ਸੰਕੋਚ ਕੀਤਾ ਕਿ ‘ਸਰ! ਬੌਧਿਕ ਰੁਚੀਆਂ ਕਿਸੇ ਵਿਸ਼ੇਸ਼ ਜਾਤ, ਧਰਮ, ਕੌਮ, ਦੇਸ਼, ਖਿੱਤੇ ਜਾਂ ਖਾਸ ਹਵਾ-ਪਾਣੀ ਦੀਆਂ ਰਖੇਲ ਨਹੀਂ ਹੁੰਦੀਆਂ। ਅਕਸਰ ਕਿਤਾਬੀ ਗਿਆਨ ਅਤੇ ਬੌਧਿਕਤਾ ਦਾ ਮੁਲੰਮਾ ਚਾੜ੍ਹ ਲਿਆ ਜਾਂਦਾ ਹੈ ਜਾਂ ਲੋਕ ਚਾੜ੍ਹ ਦਿੰਦੇ ਹਨ। ਹਰ ਲਿਖਾਰੀ ਚਿੰਤਕ ਨਹੀਂ ਹੁੰਦਾ ਅਤੇ ਹਰ ਚਿੰਤਕ ਵੇਦ ਵਿਆਸ, ਬੁੱਧ, ਨਾਨਕ, ਐਮਰਸਨ, ਜੇ ਕ੍ਰਿਸ਼ਨਾਮੂਰਤੀ, ਦਸਤੋਵਸਕੀ, ਟਾਮਸ ਹਾਰਡੀ, ਆਇਨ ਰੈਂਡ ਜਾਂ ਅੰਬੇਡਕਰ ਨਹੀਂ ਹੋ ਸਕਦਾ। ਚਿੰਤਨ ਵਿਹੂਣੀ ਲੇਖਣੀ ਬੌਧਿਕ ਨਹੀਂ ਹੁੰਦੀ। ਹੋਰ ਬੜਾ ਕੁਝ ਕਹਿਣਾ ਚਾਹੁੰਦਾ ਸੀ ਪਰ ਐਨਾ ਹੀ ਕਿਹਾ ਸਕਿਆ “ਸਰ! ਮੇਰੇ ਵਰਗਿਆਂ ਨੂੰ ਆਪਣੀ ਯੋਗਤਾ ਹਰ ਵੇਲੇ ਅਤੇ ਹਰ ਥਾਂ ਸਿੱਧ ਕਰਨੀ ਪੈਂਦੀ ਹੈ।”
ਫਿਜ਼ਾ ਵੱਖਰੀ ਭਾ ਮਾਰਨ ਲੱਗ ਪਈ ਸੀ। ਸਭ ਨੇ ਲੰਗਰ ਵੱਲ ਵਧਣਾ ਹੀ ਉਚਿਤ ਸਮਝਿਆ।
ਬਾਅਦ ਵਿੱਚ ਮੈਂ ਸ਼੍ਰੀਮਤੀ ਜੀ ਨੂੰ ਕਿਹਾ, “ਤੁਸੀਂ ਕਾਹਨੂੰ ਬੋਲਣਾ ਸੀ।”
ਉਹ ਕਹਿਣ ਲੱਗੇ, “ਮੈਂ ਸੋਚਿਆ ਕਿਤੇ ਸਭ ਦੇ ਸਾਹਮਣੇ ਥੋਡੀ ਪਿੱਠ ਨਾ ਲੱਗ ਜਾਵੇ, ਨਾਲੇ ਫਸੇ ਸਿੰਗ ਕਿਸੇ ਨੂੰ ਤਾਂ ਕੱਢਣੇ ਹੀ ਪੈਣੇ ਸਨ। ਤਣਾਓ ਵਧ ਰਿਹਾ ਸੀ, ਇਸ ਲਈ ਬੋਲਣਾ ਪਿਆ।”
ਜਿਵੇਂ ਕੁੰਢੀਆਂ ਦੇ ਫਸੇ ਸਿੰਗ ਵਾਗੀ ਜਾਂ ਹੋਰ ਲੋਕ ਕਢਾਉਂਦੇ, ਉਵੇਂ ਹੀ ਉਸ ਦਿਨ ਮੇਰੀ ਧਰਮ ਪਤਨੀ ਨੇ ਫਸੇ ਸਿੰਗ ਕਢਾਏ। ਅਖਾਣ ਦੇ ਅਰਥ ਵੀ ਸਮਝ ਆ ਗਏ ਕਿ ਜਦੋਂ ਸਿੰਗ ਫਸ ਜਾਂਦੇ ਨੇ ਤਦ ਕੁੰਢੀ ਦੀ ਨਸਲ ਭਾਵੇਂ ਕੋਈ ਵੀ ਹੋਵੇ, ਨਿੱਤਰਦੀ ਵੜੇਵੇਂ ਖਾਣੀ ਹੀ ਹੈ। ਅਜੋਕੇ ਸੰਸਾਰ ’ਤੇ ਅੱਜ ਸੱਜੇ ਪੱਖੀ ਪੂੰਜੀਪਤੀਆਂ ਦੀ ਅੰਧ-ਵਿਸ਼ਵਾਸ ਅਧਾਰਿਤ ਵਿਚਾਰਧਾਰਾ ਅਤੇ ਦੂਸਰੀਆਂ ਵਿਗਿਆਨਕ ਸੋਚ ਅਧਾਰਿਤ ਵਿਚਾਰਧਾਰਾਵਾਂ ਦੇ ਸਿੰਗ ਫਸੇ ਹੋਏ ਹਨ, ਵੜੇਵੇਂ ਖਾਣੀ ਦਾ ਖਿਤਾਬ ਸਮਾਂ ਕਿਸ ਨੂੰ ਦੇਵੇਗਾ, ਵਕਤ ਹੀ ਦੱਸੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (