“ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਰਫ ਬਹੁ-ਗਿਣਤੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਹੀ ਭਾਵਨਾਵਾਂ ਹਨ ਅਤੇ ...”
(1 ਅਕਤੂਬਰ 2024)
ਹਿੰਦੂ ਮਿਥਿਹਾਸ ਮੁਤਾਬਿਕ ਨਰਕ-ਦੁਆਰ ਦੀ ਰਾਖੀ ਕਰਦੇ (ਸ਼ਿਆਮਾ ਅਤੇ ਸ਼ਰਵਰਾ) ਨਰਕ ਦੇ ਰਾਜੇ ਜਮ ਦੇ ਦੋ ਕੁੱਤੇ ਹਨ। ਨੇਪਾਲੀ ਹਿੰਦੂਆਂ ਦੀ ਮਾਨਤਾ ਹੈ ਕਿ ਕੁੱਤਿਆਂ ਦੀ ਪੂਜਾ ਕਰਨ ਨਾਲ ਉਹ ਮੌਤ ਦੀ ਸਕਾਰਆਤਮਿਕਤਾ ਦੇਖਣ ਲਗਦੇ ਹਨ ਕਿਉਂਕਿ ਅੰਤਿਮ ਯਾਤਰਾ ਵੇਲੇ ਕੁੱਤਾ ਉਨ੍ਹਾਂ ਦਾ ਪਿੱਛਾ ਕਰਦਾ ਹੈ। ਉਹ ਉਮੀਦ ਕਰਦੇ ਹਨ ਕਿ ਨਰਕ ਵਿੱਚ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਤੋਂ ਕੁੱਤੇ ਬਚਾਉਣਗੇ। ਜਮ ਦੇਵਤਾ ਨੂੰ ਖੁਸ਼ ਕਰਨ ਲਈ ਕੁੱਤਿਆਂ ਦੀ ਪੂਜਾ ਵੀ ਕਰਦੇ ਹਨ। ਨੇਪਾਲ ਵਿੱਚ ਪੰਜ ਦਿਨਾਂ ਤਿਉਹਾਰ ਨਰਕ ਚਤੁਰਦਸ਼ੀ (ਕੁੱਤਿਆਂ ਦਾ ਤਿਉਹਾਰ) ਮਨਾਇਆ ਜਾਂਦਾ ਹੈ। ਇਸ ਦਿਨ ਕੁੱਤੇ ਦੀ ਪੂਜਾ ਕਰਕੇ ਉਸ ਨੂੰ ਦਹੀਂ, ਦੁੱਧ, ਫਲ ਆਦਿ ਤਰ੍ਹਾਂ ਤਰ੍ਹਾਂ ਦੇ ਭੋਜਨ ਖਵਾਏ ਜਾਂਦੇ ਹਨ। ਇਸ ਦਿਨ ਕੁੱਤੇ ਨੂੰ ਡੰਡਾ ਮਾਰਨਾ ਵੀ ਬੁਰਾ ਮੰਨਿਆ ਜਾਂਦਾ ਹੈ।
ਮਹਾਭਾਰਤ ਕਥਾ ਅਨੁਸਾਰ ਯੁਧਿਸ਼ਟਰ ਸਵਰਗ ਜਾਣ ਵੇਲੇ ਆਪਣੇ ਕੁੱਤੇ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਪਰ ਇੰਦਰ ਦੇਵ ਨੇ ਉਸ ਨੂੰ ਸਵਰਗ ਦੁਆਰ ’ਤੇ ਰੋਕ ਕੇ ਆਪਣੇ ਕੁੱਤੇ ਨੂੰ ਪਿਛਾਂਹ ਛੱਡ ਦੇਣ ਲਈ ਕਿਹਾ। ਯੁਧਿਸ਼ਟਰ ਨੇ ਆਪਣੇ ਕੁੱਤੇ ਬਗੈਰ ਸਵਰਗ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਧਰਤੀ ’ਤੇ ਵਾਪਸ ਪਰਤਣਾ ਚਾਹਿਆ। ਕੁੱਤਾ ਅਲੋਪ ਹੋ ਗਿਆ ਅਤੇ ਜਮ ਰੂਪਮਾਨ ਹੋ ਗਿਆ। ਇੰਦਰ ਉਸ ਦੇ ਇਸ ਕਾਰਨਾਮੇ ’ਤੇ ਖੁਸ਼ ਹੋਕੇ ਸਵਰਗ ਦੇ ਦੁਆਰ ਖੋਲ੍ਹ ਦਿੰਦਾ ਹੈ। ਰਾਜ ਘਰਾਣੇ ਆਪਣੇ ਪਾਲਤੂ ਵਫਾਦਾਰ ਕੁੱਤਿਆਂ ਨੂੰ ਵੀ ਸਵਰਗ ਵਿੱਚ ਲਿਜਾਣ ਦੀ ਜ਼ਿਦ ਕਰਦੇ ਸਨ। ਪਰਜਾ ਵੱਲੋਂ ਰਾਜਿਆਂ ਦੀ ਨਕਲ ਕਰਨਾ ਕੁਦਰਤੀ ਸੀ, ਹੈ।
ਸਰਦਾਰਾਂ ਨੇ ਕੁੱਤੇ ਪਾਲਣੇ ਸ਼ੁਰੂ ਕਰ ਦਿੱਤੇ। ਇਹ ਕੁੱਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਜ਼ਿਆਦਾ ਵਰਤੇ ਜਾਂਦੇ ਸਨ। ਇਨ੍ਹਾਂ ਦੇ ਪਾਲਕ ਸਮਾਜ ਵਿੱਚ ਹੋਰ ਤਰ੍ਹਾਂ ਦਾ ਸ਼ਿਕਾਰ ਕਰਦੇ ਹਨ। ਅਜਿਹੇ ਸਮਾਜ ਦੀ ਹਾਲਤ ਬੂਟਾ ਸਿੰਘ ਸ਼ਾਦ ਨੇ ਆਪਣੇ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਵਿੱਚ ਬਾਖੂਬੀ ਬਿਆਨੀ ਹੈ। ਨਾਵਲ ਦੇ ਨਾਇਕ ਗਰੀਬ ਪ੍ਰੋਫੈਸਰ ਰਣਜੀਤ ਨਾਲ ਸਰਦਾਰਾਂ ਦੀ ਧੀ ਪਿਆਰ ਕਰ ਬੈਠਦੀ ਹੈ ਪਰ ਕੁੱਤਿਆਂ ਵਾਲੇ ਸਰਦਾਰ ਰਣਜੀਤ ਦੇ ਮਗਰ ਆਪਣੇ ਗੁਰਗੇ ਲਾ ਕੇ ਉਸ ਨੂੰ ਗੱਡੀ ਥੱਲੇ ਸੁਟਵਾ ਦਿੰਦੇ ਹਨ ਅਤੇ ਉਨ੍ਹਾਂ ਦੀ ਧੀ ਸਾਰੀ ਉਮਰ ਕੁਆਰੀ ਰਹਿ ਕੇ ਜ਼ਿੰਦਗੀ ਗੁਜ਼ਾਰਦੀ ਹੈ। ਇਹ ਨਾਵਲਕਾਰ ਦਾ ਹੁਨਰ ਸੀ ਕਿ ਬੁਢੇਪੇ ਵਿੱਚ ਉਨ੍ਹਾਂ ਨੂੰ ਮਿਲਾ ਦਿੰਦਾ ਹੈ।
ਹਰ ਰੋਜ਼ ਅਖਬਾਰ ਵਿੱਚ ਸੁਰਖੀਆਂ ਛਪਦੀਆਂ ਹਨ ਕਿ ਅਵਾਰਾ ਕੁੱਤਿਆਂ ਦੀ ਢਾਣੀ ਨੇ ਸਕੂਲ ਜਾਂਦੇ ਬੱਚਿਆਂ ਨੂੰ ਨੋਚ ਨੋਚ ਕੇ ਖਾਧਾ। ਜਿਨ੍ਹਾਂ ਪਰਿਵਾਰਾਂ ਨਾਲ ਅਜਿਹਾ ਹਾਦਸਾ ਬੀਤਦਾ ਹੋਏਗਾ, ਉਨ੍ਹਾਂ ਤੇ ਕੀ ਬੀਤਦੀ ਹੋਵੇਗੀ? ਅਵਾਰਾ ਕੁੱਤਾ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ। ਅਵਾਰਾ ਕੁੱਤਿਆਂ ਦਾ ਅਲੰਕਾਰ ਵਰਤ ਕੇ ਪਿਛਲੀ ਸਦੀ ਦੇ ਕੌਮੀ ਅਕਾਦਮੀ ਪੁਰਸਕਾਰ ਜੇਤੂ ਕਵੀ ਸ਼ਿਵ ਕੁਮਾਰ ਨੇ ਆਪਣੀ ਸ਼ਾਹਕਾਰ ਕ੍ਰਿਤ ‘ਲੂਣਾ’ ਵਿੱਚ ਮਨੁੱਖ ਔਰਤ ਨੂੰ ਕਿਵੇਂ ਨੋਚਦਾ ਹੈ, ਬਾਖ਼ੂਬੀ ਚਿਤਰਿਆ ਹੈ। ਰਾਣੀ ਇੱਛਰਾਂ ਦੀ ਦਾਸੀ ਮਨੁੱਖਾਂ ਦੀ ਬਿਰਤੀ ਬਾਰੇ ਇੰਝ ਕਹਿੰਦੀ ਹੈ,
‘ਗੋਲੀ ਆਖਦੀ
ਰਾਣੀਏ ਮਰਦ ਉਹ ਕੁੱਤੇ
ਦਿਨੇਂ ਕਿਸੇ ਦੇ ਦਰਾਂ ’ਤੇ ਖਾਣ ਟੁੱਕਰ
ਰਾਤੀਂ ਹੋਰ ਦੇ ਦਰਾਂ ਤੇ ਜਾ ਸੁੱਤੇ।
ਸਮਾਜ ਦੇ ਸੱਭਿਆਚਾਰ ਦਾ ਵਾਸਤਵਿਕ ਰੂਪ ਉਸ ਦੇ ਸਮਾਜਕ ਸਰੋਕਾਰ ਹੀ ਹੁੰਦੇ ਹਨ। ਇੱਕ ਸਮੇਂ ਪਿੰਡਾਂ ਦੇ ਸਰਦਾਰਾਂ ਦਾ ਜੰਗਲ ਵਿੱਚ ਸ਼ਿਕਾਰ ਕਰਨਾ ਸ਼ੌਕ ਰਿਹਾ ਹੈ। ਜੰਗਲੀ ਜਾਨਵਰਾਂ ਦਾ ਮਾਸ ਖਾ ਕੇ ਗੁਜ਼ਾਰਾ ਕਰਨਾ ਗਰੀਬ ਜਨਤਾ ਦੀ ਮਜਬੂਰੀ ਰਹੀ ਹੈ। ਦੋਹਾਂ ਦੇ ਸਰੋਕਾਰਾਂ ਨੇ ਜੰਗਲ-ਬੇਲੇ ਜੰਗਲੀ ਜਾਨਵਰਾਂ ਤੋਂ ਖਾਲੀ ਕਰ ਦਿੱਤੇ। ਫਿਰ ਇਹ ਬਿਰਤੀ ਬੁਰੀ ਸਮਝੀ ਜਾਣ ਲੱਗੀ। ਜੰਗਲੀ ਜਾਨਵਰਾਂ ਦਾ ਸਫਾਇਆ ਕਰਦੀ ਸ਼ਿਕਾਰੀ ਬਿਰਤੀ ਨੂੰ ਰੋਕਣ ਲਈ ਸੰਵਿਧਾਨ ਵਿੱਚ ਮਦ ਰੱਖੀ ਗਈ ਕਿ ਜੀਵਾਂ-ਜਾਨਵਰਾਂ ਨੂੰ ਸੁਰੱਖਿਅਤ ਰੱਖਣਾ ਦੇਸ਼ ਵਾਸੀਆਂ ਦਾ ਫ਼ਰਜ਼ ਹੋਵੇਗਾ ਅਤੇ ਅਜਿਹੇ ਵਾਤਾਵਰਣ ਦੀ ਸਿਰਜਣਾ ਕਰਨੀ ਹੋਵੇਗੀ ਕਿ ਜਾਨਵਰ ਕੁਦਰਤੀ ਤੌਰ ’ਤੇ ਜੀਅ ਸਕਣ।
1960 ਵਿੱਚ ਪਸ਼ੂਆਂ, ਜਾਨਵਰਾਂ, ਜੀਵਾਂ (ਐਨੀਮਲਜ਼) ’ਤੇ ਜ਼ੁਲਮ (ਬੇਰਹਿਮੀ) ਕਾਨੂੰਨ 1960 ਵਿੱਚ ਪਾਸ ਕੀਤਾ ਗਿਆ। ਇਸਦੀ ਮਦ 11 ਵਿੱਚ ਬੇਰਹਿਮੀ, ਜ਼ੁਲਮ ਦੇ ਵੱਖ ਵੱਖ ਰੂਪਾਂ ਦਾ ਜ਼ਿਕਰ ਕੀਤਾ ਗਿਆ ਹੈ। ਅਵਾਰਾ ਕੁੱਤਿਆਂ ਨੂੰ ਨਿਰਧਾਰਤ ਤਰੀਕੇ ਨਾਲ ਖੱਸੀ ਕਰਨਾ ਅਤੇ ਕਤਲਗਾਹ ਵਿੱਚ ਮਾਰਨਾ ਜ਼ੁਲਮ, ਬੇਰਹਿਮੀ ਨਹੀਂ ਮੰਨਿਆ ਗਿਆ।
ਮੈਨੂੰ ਨਹੀਂ ਜਾਪਦਾ ਲੋਕ ਆਪਣਾ ਸੰਵਿਧਾਨਿਕ ਫ਼ਰਜ਼ ਸਮਝ ਕੇ ਅਵਾਰਾ ਕੁੱਤਿਆਂ ਨੂੰ ਦੁੱਧ ਪਿਲਾਉਂਦੇ ਹਨ, ਉਹ ਅਜਿਹਾ ਜ਼ਿਆਦਾਤਰ ਧਾਰਮਿਕ ਆਸਥਾ ਕਰਕੇ ਕਰਦੇ ਹਨ। ਸ਼ਾਇਦ ਉਪਰੋਕਤ ਮਿਥਿਹਾਸਕ ਕਥਾਵਾਂ ਦੇ ਅਧਾਰ ’ਤੇ ਹੀ ਹਿੰਦੂ ਧਰਮ ਦੇ ਪੈਰੋਕਾਰ ਆਪਣੇ ਘਰਾਂ ਦੇ ਬਾਹਰ ਮਿੱਟੀ ਦੇ ਬਰਤਨਾਂ ਵਿੱਚ ਕੁੱਤਿਆਂ ਨੂੰ ਦੁੱਧ ਪਿਲਾਉਂਦੇ ਆਏ ਹਨ ਅਤੇ ਪ੍ਰਥਾ ਅੱਜ ਹੋਰ ਵੀ ਤੇਜ਼ ਹੋ ਗਈ ਲਗਦੀ ਹੈ।
ਕੁਝ ਦਿਨ ਪਹਿਲਾਂ ਸਾਡੇ ਨਿਵਾਸ ਅੱਗੇ ਇੱਕ ਦਿਹਾੜੀਦਾਰ ਕਾਮਾ ਅਵਾਰਾ ਕੁੱਤੇ ਨੂੰ ‘ਵੇਰਕਾ’ ਦੁੱਧ ਦਾ ਪੈਕਟ ਪਿਲਾ ਰਿਹਾ ਸੀ। ਮੈਂ ਕਿਹਾ, “ਬਈ ਇਹ ਦੁੱਧ ਤੂੰ ਆਪਣੇ ਬੱਚਿਆਂ ਨੂੰ ਕਿਉਂ ਨੀ ਪਿਆਉਂਦਾ, ਉਹ ਦਿਮਾਗੋਂ ਅਤੇ ਸਰੀਰਕ ਪੱਖੋਂ ਤਕੜੇ ਹੋਣਗੇ। ਇਹੋ ਪੈਸੇ ਆਪਣੇ ਬੱਚਿਆਂ ਦੀ ਖੁਰਾਕ, ਕੱਪੜੇ ਅਤੇ ਪੜ੍ਹਾਈ ਤੇ ਖਰਚ ਕਰ।”
ਉਸ ਦਾ ਜਵਾਬ ਸੀ, “ਇਹ ਵੀ ਰੱਬ ਦਾ ਜੀਵ ਹੈ।”
ਮੇਰੇ ਕਾਫੀ ਸਮਝਾਉਣ ’ਤੇ ਵੀ ਉਹ ਟੱਸ ਤੋਂ ਮੱਸ ਨਾ ਹੋਇਆ। ਮੇਰਾ ਦੂਸਰਾ ਮਕਸਦ ਇਹ ਵੀ ਸੀ ਕਿ ਜੇਕਰ ਇਸ ਨੇ ਇੱਕ ਕੁੱਤੇ ਨੂੰ ਦੁੱਧ ਪਿਆਉਣਾ ਸ਼ੁਰੂ ਕਰ ਦਿੱਤਾ ਤਾਂ ਹੋਰ ਕੁੱਤੇ ਵੀ ਆਉਣ ਲੱਗ ਜਾਣਗੇ ਅਤੇ ਹੋਰ ਬੀਬੀਆਂ ਵੀ ਇੱਥੇ ਆ ਕੇ ਅਵਾਰਾ ਕੁੱਤਿਆਂ ਨੂੰ ਦੁੱਧ ਪਿਆਉਣਾ ਸ਼ੁਰੂ ਕਰ ਦੇਣਗੀਆਂ।
ਓਹੀ ਹੋਇਆ। ਦੂਸਰੇ ਦਿਨ ਦੋ ਬੀਬੀਆਂ ਕਾਰ ’ਤੇ ਦੁੱਧ ਦਾ ਡੋਲੂ ਭਰ ਕੇ ਲੈ ਆਈਆਂ ਅਤੇ ਅੱਠ ਦਸ ਕੁੱਤੇ ਆ ਗਏ। ਮੈਂ ਉਨ੍ਹਾਂ ਨੂੰ ਟੋਕਿਆ,
“ਲੈ ਅੰਕਲ ਦੁੱਧ ਈ ਪਿਆ ਰਹੀਆਂ … ਕੱਲ੍ਹ ਨੂੰ ਨਾ ਆਵਾਂਗੀਆਂ …।” ਉਨ੍ਹਾਂ ਨੂੰ ਕੀ ਪਤਾ ਸੀ ਕਿ ਪੰਦਰਾਂ ਸਾਲ ਪਹਿਲਾਂ ਮੈਂ ਅਜਿਹੇ ਦੁੱਧ-ਯੱਗ ਦਾ ਸੁਆਦ ਚੱਖ ਚੁੱਕਾ ਸਾਂ। ਇਹ ਸ਼ਿਵਰ ਉੱਭਰ ਰਹੇ ਸਮਾਰਟ ਸਿਟੀ ਗੁੜਗਾਓਂ ਵਿਖੇ ਲਗਦਾ ਸੀ। ਸਾਲ 2005-07 ਵਿੱਚ ਮੈਂ ਗੁੜਗਾਓਂ ਰਹਿੰਦਾ ਸੀ। ਦਫਤਰ ਜਾਣ ਲਈ ਸਰਕਾਰੀ ਗੱਡੀ ਆਉਂਦੀ ਸੀ। ਸਾਡੇ ਦੇਸ਼ ਵਿੱਚ ਲਾਲ ਬੱਤੀ ਦਾ ਆਪਣਾ ਹੀ ਰੋਹਬ ਸੀ। ਅਸੀਂ ਤੀਸਰੀ ਮੰਜ਼ਿਲ ’ਤੇ ਰਹਿੰਦੇ ਸਾਂ ਅਤੇ ਗਰਾਊਂਡ ਫਲੋਰ ’ਤੇ ਕੁੱਤਿਆਂ ਨੂੰ ਪਿਆਰ ਕਰਦਾ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀ। ਪਰਿਵਾਰ ਦੇ ਤਿੰਨ ਜੀਅ ਤੇ ਤਿੰਨ ਹੀ ਕੁੱਤੇ ਸਨ। ਪਰਿਵਾਰ ਘਰ ਦੇ ਕੋਲੋਂ ਲੰਘਦੀ ਸੜਕ ਦੇ ਦੂਸਰੇ ਪਾਸੇ ਕੋਈ ਤੀਹ ਚਾਲੀ ਕੁੱਤਿਆਂ ਨੂੰ ਦੁੱਧ ਪਿਆਉਂਦੀ ਇੱਕ ਔਰਤ ਦੀ ਮਦਦ ਵੀ ਕਰਦਾ ਸੀ। ਉਦੋਂ ਤਕ ਮੈਂ ਅਤੇ ਹੋਰ ਸਰਕਾਰੀ ਅਫਸਰ ਕੁੱਤਿਆਂ ਨੂੰ ਸੜਕ ਦੇ ਪਾਰ ਤਕ ਹੀ ਸੀਮਤ ਰੱਖਦੇ ਸਨ।
ਰਿਟਾਇਰਮੈਂਟ ਹੁੰਦਿਆਂ ਹੀ ਅਸੀਂ ਕੋਈ ਦੋ ਕੁ ਮਹੀਨੇ ਲਈ ਕਨੇਡਾ ਚਲੇ ਗਏ। ਵਾਪਸ ਆਏ ਤਾਂ ਪੌੜੀਆਂ ਕੁੱਤਿਆਂ ਦੇ ਮਲ-ਮੂਤਰ ਨਾਲ ਭਰੀਆਂ ਪਈਆਂ ਸਨ। ਪੌੜੀਆਂ ਮੋਹਰੇ ਗੇਟ ਲਗਵਾਉਣ ਦੇ ਅੱਧੇ ਪੈਸੇ ਦਿੱਤੇ ਜਦੋਂ ਕਿ ਸਾਡਾ ਕੋਈ ਕਸੂਰ ਨਹੀਂ ਸੀ। ਕੁੱਤਿਆਂ ਦਾ ਆਉਣਾ ਜਾਣਾ ਫਿਰ ਵੀ ਬੰਦ ਨਾ ਹੋਇਆ। ਸ਼ਰਮਾ ਜੀ ਨੂੰ ਕਈ ਵਾਰ ਕਿਹਾ ਕਿ ਇਹ ਠੀਕ ਨਹੀਂ ਹੈ। ਉਨ੍ਹਾਂ ਹਰ ਵਾਰ ਅਣ ਸੁਣਿਆ ਕਰ ਦੇਣਾ। ਬਲਕਿ ਇੱਕ ਵਾਰ ਡਰਾਵਾ ਵੀ ਦਿੱਤਾ ਕਿ ਉਹ ਕੁੱਤਿਆਂ ਦੀ ਰਖਵਾਲੀ ਕਰਦੇ ਮੰਤਰੀ ਕੋਲ ਸਾਡੀ ਸ਼ਿਕਾਇਤ ਕਰ ਦੇਣਗੇ। ਉਨ੍ਹਾਂ ਇਹ ਵੀ ਖੁਸਰ ਮੁਸਰ ਸ਼ੁਰੂ ਕਰ ਦਿੱਤੀ ਕਿ ਇਹ ਇਨਸਾਨ ਸਾਡੀਆਂ ਧਾਰਮਿਕ ਮਾਨਤਾਵਾਂ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੈ, ਜਿਵੇਂ ਇਹ ਦਖਲ ਅੰਦਾਜ਼ੀ ਰਿਟਾਇਰਮੈਂਟ ਤੋਂ ਪਹਿਲਾਂ ਨਹੀਂ ਹੁੰਦੀ ਸੀ। ਅਸੀਂ ਟਾਊਨਸ਼ਿੱਪ ਦੀ ਪ੍ਰਬੰਧਕੀ ਕਮੇਟੀ ਨੂੰ ਸ਼ਿਕਾਇਤ ਕਰ ਦਿੱਤੀ। ਉਨ੍ਹਾਂ ਵੀ ਇਨ੍ਹਾਂ ਨੂੰ ਸਮਝਾਇਆ ਪਰ ਧਾਰਮਿਕ ਜਨੂੰਨ ਕਿਸੇ ਦੇ ਸਮਝਾਇਆਂ ਉਤਾਰਿਆ ਨਹੀਂ ਜਾ ਸਕਦਾ।। ਅੰਤ ਇੱਕ ਦਿਨ ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’ ਵਾਲਾ ਫਾਰਮੂਲਾ ਵਰਤਣਾ ਪਿਆ। ਗਾਲੀ ਗਲੋਚ ਕਰਨਾ ਪਿਆ ਅਤੇ ਸੁਣਨਾ ਪਿਆ। ਆਪਣੇ ਆਪ ’ਤੇ ਤਰਸ ਆਇਆ ਕਿ ਜਿਸ ਸਮਾਜ ਵਾਸਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਟੈਕਸ ਚੋਰਾਂ ਨਾਲ ਹੱਥ-ਪੰਜਾ ਲੈਂਦਾ ਰਿਹਾ, ਉਸੇ ਸਮਾਜ ਤੋਂ ਮੈਨੂੰ ਗਾਲ੍ਹਾਂ ਸੁਣਨੀਆਂ ਪੈ ਰਹੀਆਂ ਹਨ। ਇਸ ਅਹਿਸਾਸ ਨੇ ਮੈਨੂੰ ਅੰਦਰੋਂ ਝੰਜੋੜ ਦਿੱਤਾ। ਦਫਤਰ ਬੈਠਿਆਂ ਕਦੇ ਇਹ ਸੁਪਨਾ ਵੀ ਨਹੀਂ ਆਉਂਦਾ ਸੀ ਕਿ ਬਾਹਰ ਦਾ ਸਮਾਜ ਗਲਣ-ਸੜਨ ਦੇ ਰਾਹ ਪਿਆ ਹੋਇਆ ਹੈ।
ਮੈਂ ਸੋਚਿਆ ਕਿ ਮੇਰਾ ਬਹੁ-ਗਿਣਤੀ ਆਲਾ ਦੁਆਲਾ ਕੁੱਤੇ-ਭਗਤ ਦੀ ਹਿਮਾਇਤ ਹੀ ਕਰੇਗਾ ਅਤੇ ਇੱਕ ਦਿਨ ਇਹ ਇਲਜ਼ਾਮ ਲਾਇਆ ਜਾਵੇਗਾ ਕਿ ਮੈਂ ਉਨ੍ਹਾਂ ਦੀਆਂ ਧਰਮਿਕ ਭਾਵਨਾਵਾਂ ਦੀ ਕਦਰ ਨਾ ਕਰਕੇ ਭਾਈਚਾਰਕ ਸਾਂਝ ਵਿਗਾੜਨਾ ਚਾਹੁੰਦਾ ਹਾਂ ਅਤੇ ਸ਼ਾਇਦ ਇਹ ਭਾਈਚਾਰਾ ਚਾਹੁੰਦਾ ਹੀ ਨਹੀਂ ਕਿ ਮੈਂ ਇੱਥੇ ਰਿਹਾਇਸ਼ ਰੱਖਾਂ। ਕਹਿੰਦੇ ਨੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ, ਸੋ ਅਸੀਂ ਲੁਧਿਆਣੇ ਆ ਗਏ। ਪੰਦਰਾਂ ਵਰ੍ਹੇ ਬੀਤ ਗਏ। ਹੁਣ ਤਕ ਦਰਿਆਵਾਂ ਦਾ ਅਥਾਹ ਪਾਣੀ ਸਮੁੰਦਰਾਂ ਵਿੱਚ ਸਮਾ ਚੁੱਕਿਆ ਹੈ। ਅੱਜ ਕੱਲ੍ਹ ਦੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿੱਚ ਅਜਬ ਜਿਹੀਆਂ ਮਜਬੂਰੀਆਂ ਮਨੁੱਖਾਂ ਨੂੰ ਘੇਰੀ ਜਾ ਰਹੀਆਂ ਹਨ। ਇੱਕ ਮਜਬੂਰੀ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਆਮ ਹੋ ਗਈ ਹੈ। ਅਸੀਂ ਆਪਣਾ ਆਲ੍ਹਣਾ ਹੁਣ ਦਰਵਾਜੇ ਬੰਦ ਸੁਸਾਇਟੀ ਵਿਖੇ ਬਣਾ ਲਿਆ ਹੈ।
ਸਵੇਰ ਦੀ ਸੈਰ ਜਿਸਮਾਨੀ ਕਸਰਤ ਹੀ ਨਹੀਂ ਬਲਕਿ ਦਿਮਾਗੀ ਕਸਰਤ ਵੀ ਕਰਦੀ ਹੈ। ਸੁਸਾਇਟੀ ਅੰਦਰ ਪਰਿਕਰਮਾ ਨੇ ਪਿੰਡ ਦੀ ਫਿਰਨੀ ਯਾਦ ਕਰਵਾਈ। ਹਾਲੇ ਅਵਾਰਾ ਕੁੱਤਿਆਂ ਦੀਆਂ ਡਾਰਾਂ ਜ਼ਿਹਨ ਵਿੱਚ ਉੱਤਰਨ ਹੀ ਲੱਗੀਆਂ ਸਨ ਕਿ ਮੇਰੇ ਸਾਹਮਣੇ ਦੋ ਜਣਿਆਂ ਅਤੇ ਇੱਕ ਕੁੱਤੇ ਨੇ ਮੇਰਾ ਧਿਆਨ ਖਿੱਚ ਲਿਆ। ਅਧਖੜ ਉਮਰ ਦੀ ਦੇਸੀ ਔਰਤ ਨੇ ਵਲੈਤੀ ਕੁੱਤੇ ਦੇ ਪਏ ਪਟੇ ਵਾਲੀ ਰੱਸੀ ਫੜੀ ਹੋਈ ਸੀ। ਇੱਕ ਮਛੋਹਰ ਮੁੰਡਾ, ਸ਼ਾਇਦ ਉਨ੍ਹਾਂ ਦਾ ਨੌਕਰ ਸੀ, ਉਸ ਦੇ ਪਿੱਛੇ ਪਿੱਛੇ ਤੁਰ ਰਿਹਾ ਸੀ। ਹੋ ਸਕਦਾ ਹੈ ਉਸ ਦਾ ਪੁੱਤਰ ਹੀ ਹੋਵੇ ਕਿਉਂਕਿ ਕੁੱਤੇ ਨੂੰ ਨੌਕਰ ਇਕੱਲਾ ਘੁਮਾਉਂਦਾ ਹੈ ਜਾਂ ਫਿਰ ਕੁੱਤਾ ਪਰਿਵਾਰ ਨਾਲ ਘੁੰਮਦਾ ਹੈ। ਮੁੰਡੇ ਦੇ ਹੱਥ ਵਿੱਚ ਕੋਈ ਵਿਦੇਸ਼ੀ ਜੰਤਰ ਜਿਹਾ ਫੜਿਆ ਹੋਇਆ ਸੀ। ਇੱਕ ਦਰਮਿਆਨੀ ਸੋਟੀ ਦੇ ਸਿਰੇ ’ਤੇ ਇੱਕ ਨਿੱਕੀ ਜਿਹੀ ਜੇਬ ਦਾ ਝੌਲ਼ਾ ਜਿਹਾ ਪੈ ਰਿਹਾ ਸੀ। ਲਗਦਾ ਸੀ ਕਿ ਮੁੰਡੇ ਕੋਲ ਕੁੱਤੇ ਦੇ ਮਲ-ਮੂਤਰ ਨੂੰ ਇਕੱਠਾ ਕਰਨ ਦਾ ਸਾਧਨ ਫੜਿਆ ਹੋਇਆ ਸੀ। ਕੋਈ ਕੋਈ ਕਣੀ ਪੈਣੀ ਸ਼ੁਰੂ ਹੋ ਗਈ ਸੀ। ਮਾਲਕਣ ਕੁੱਤੇ ਨੂੰ ਸੰਬੋਧਨ ਹੋ ਕੇ ਬੋਲੀ, “ਲੈਟ ਅੱਸ ਗੋ ਬੈਕ, ਚਲੋ ਵਾਪਸ ਚੱਲੀਏ, ਇੱਟ ਹੈਜ਼ ਸਟਾਰਟਡ ਰੇਨਿੰਗ, ਮੀਂਹ ਪੈਣਾ ਸ਼ੁਰੂ ਹੋ ਗਿਆ ਹੈ।”
ਉਹ ਔਰਤ ਹਰ ਫ਼ਿਕਰਾ ਪਹਿਲਾਂ ਅੰਗਰੇਜ਼ੀ ਵਿੱਚ ਬੋਲਦੀ ਅਤੇ ਫਿਰ ਪੰਜਾਬੀ ਵਿੱਚ। ਉਸ ਦੀ ਆਵਾਜ਼ ਉੱਚੀ ਹੋਣ ਕਰਕੇ ਥੋੜ੍ਹੀ ਦੂਰ ਤਕ ਮੇਰੇ ਕੰਨਾਂ ਵਿੱਚ ਪੈਂਦੀ ਰਹੀ। ਜਿਉਂ ਜਿਉਂ ਮੇਰਾ ਫਾਸਲਾ ਵਧਦਾ ਗਿਆ ਮੇਰੀ ਇਹ ਸੋਚ ਪਨਪਣੀ ਸ਼ੁਰੂ ਹੋ ਗਈ ਕਿ ਕੀ ਇਹ ਔਰਤ ਆਪਣੇ ਕੁੱਤੇ ਨੂੰ ਭਾਸ਼ਾ ਦਾ ਗਿਆਨ ਦੇ ਰਹੀ ਹੈ। ਮੈਨੂੰ ਇਹ ਖਿਆਲ ਇਸ ਲਈ ਆਇਆ ਕਿਉਂਕਿ ਕੁੱਤਾ ਛੋਟਾ ਜਿਹਾ ਬੱਚਾ ਹੀ ਸੀ। ਮੇਰੀ ਸੋਚ ਇੱਥੇ ਆ ਗਈ ਕਿ ਸਾਡੇ ਆਪਣੇ ਕੁੱਤਿਆਂ ਨੂੰ ਕੁਝ ਸਿਖਾਉਣਾ ਹੀ ਨਹੀਂ ਪੈਂਦਾ ਸੀ। ਉਹ ਸਾਡੀ ਭਾਸ਼ਾ ਸਮਝਦੇ ਸਨ ਅਤੇ ਅਸੀਂ ਉਨ੍ਹਾਂ ਦੀ। ਉਨ੍ਹਾਂ ਦੇ ਨਾਂ ਵੀ ਅਸੀਂ ਦੇਸੀ ਰੱਖਦੇ ਸੀ ਜਿਵੇਂ ਕਾਲਾ, ਬੱਗਾ, ਡੱਬੂ, ਪਰ ਡੌਗਾਂ ਦੇ ਨਾਂ ਅਸੀਂ-ਅਲੈਕਸ, ਬੱਡੀ, ਲੂਸੀ ਆਦਿ ਵਿਦੇਸ਼ੀ ਨਾਂ ਰੱਖਦੇ ਹਾਂ। ਉਚਾਰਨ ਸਮੇਂ ਅਸੀਂ ਆਪਣੀ ਭਾਸ਼ਾ ਤੇ ਜਬਾੜ੍ਹਿਆਂ ਦਾ ਸੱਤਿਆਨਾਸ ਕਰ ਬੈਠਦੇ ਹਾਂ। ਮੀਂਹ ਦੀ ਆਹਟ ਕਾਰਨ ਉਹ ਔਰਤ ਜਲਦੀ ਜਲਦੀ ਆਪਣੇ ਡੌਗ ਨੂੰ ਘਰ ਲਿਜਾਣਾ ਚਾਹੁੰਦੀ ਸੀ ਪਰ ਡੌਗ ਨੂੰ ਹਾਜਤ ਹੋ ਰਹੀ ਸੀ। ਉਹ ਪੌਟੀ ਕਰਨ ਲੱਗ ਪਿਆ ਸੀ। ਹਾਲਾਂਕਿ ਬੋਰਡ ਲੱਗੇ ਹੋਏ ਸਨ ਕਿ ਡੌਗ ਦੇ ਮਲ-ਮੂਤਰ ਨੂੰ ਨਾ ਚੁੱਕਣ ਵਾਲੇ ਨੂੰ ਪੰਜ ਸੌ ਰੁਪਏ ਜੁਰਮਾਨਾ ਕੀਤਾ ਜਾਵੇਗਾ ਪਰ ਉਸ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ। ਸ਼ਾਇਦ ਸੋਚਦੀ ਹੋਵੇ ਕਿਹੜਾ ਕੋਈ ਦੇਖ ਰਿਹਾ ਹੈ, ਲੈ ਮੈਂ ਡੌਗ ਦੀ ਟੱਟੀ ਚੁੱਕਾਂ? ਆਪੇ ਜਮਾਂਦਾਰ ਕਰੂ ਸਾਫ਼। ਉਹ ਤਨਖਾਹ ਕਾਹਦੀ ਲੈਂਦਾ ਹੈ। ... ਅੱਜ ਤਾਂ ਸ਼ਾਇਦ ਉਸ ਲਈ ਇਹ ਬਹਾਨਾ ਵੀ ਸੀ ਕਿ ਮੀਂਹ ਨਾਲ ਆਪੇ ਧੋਤਾ ਜਾਊ … … …।
ਅੰਦਰੋਂ ਕੁੜ੍ਹ ਰਹੇ ਨੂੰ ਮੈਨੂੰ ਕਨੇਡਾ ਦਾ ਇੱਕ ਦ੍ਰਿਸ਼ ਯਾਦ ਆ ਗਿਆ। ਮੈਂ ਇੱਕ ਪਾਰਕ ਵਿੱਚ ਸੈਰ ਕਰ ਰਿਹਾ ਸੀ ਕਿ ਸਾਹਮਣੇ ਤੋਂ ਇੱਕ ਔਰਤ ਤਿੰਨ ਪਾਲਤੂ ਕੁੱਤਿਆਂ ਨੂੰ ਨਾਲ ਲਈ ਆ ਰਹੀ ਸੀ ਅਤੇ ਉਸ ਦੇ ਹੱਥ ਵਿੱਚ ਕੁੱਤਿਆਂ ਦੀ ਪੌਟੀ ਨਾਲ ਅੱਧੀ ਕੁ ਭਰੀ ਥੈਲੀ ਸੀ। ਮੈਂ ਉਸ ਨੂੰ ਸਿੱਧਾ ਤਾਂ ਨਹੀਂ ਕਹਿ ਸਕਦਾ ਸੀ ਕਿ ਤੁਹਾਡੀ ਫੋਟੋ ਲੈਣੀ ਹੈ। ਇਹ ਸੋਚ ਕੇ ਕਿ ਮੈਂ ਇਹ ਸਾਡੇ ਡੌਗ-ਸ਼ੌਕੀਨਾਂ ਨੂੰ ਦਿਖਾਵਾਂਗਾ ਕਿ ਦੇਖੋ ਵਿਦੇਸ਼ੀ ਲੋਕ ਪਾਰਕ ਗੰਦੇ ਨਹੀਂ ਕਰਦੇ, ਫੋਟੋ ਲੈਣ ਲਈ ਮੈਂ ਉਸ ਦੇ ਕੁੱਤਿਆਂ ਦੀ ਤਾਰੀਫ਼ ਕਰ ਦਿੱਤੀ ਅਤੇ ਬੇਨਤੀ ਕਰਕੇ ਇੱਕ ਫੋਟੋ ਲੈ ਲਈ। ਇੱਥੇ ਕਿਸੇ ਨੂੰ ਭੇਜਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਇਹ ਡੌਗ ਦੇ ਸ਼ੌਕੀਨਾਂ ਦਾ ਮੇਰੇ ਕੋਲ ਵਟਸਐਪ ਨੰਬਰ ਹੀ ਨਹੀਂ ਹੈ। ਉਂਝ ਵੀ ਇਨ੍ਹਾਂ ਨੂੰ ਆਪਣਾ ਫਰਜ਼ ਨਿਭਾਉਣ ਲਈ ਕਹਿਣਾ ਜੋਖ਼ਮ ਭਰਿਆ ਕਾਰਜ ਹੈ। ਇਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮੁੱਲ ਤਾਰਨਾ ਪੈਣਾ ਹੈ। ਨਵੇਂ ਜ਼ਮਾਨੇ ਵਿੱਚ ਪਾਲਤੂ ਕੁੱਤਾ ਰੱਖਣ ਦਾ ਰੁਝਾਨ ਬਹੁਤ ਵਧ ਗਿਆ ਹੈ, ਜਿਵੇਂ ਹਰ ਕੋਈ ਹੀ ਕੁੱਤਾ ਰੱਖ ਕੇ ਕੁੱਤਿਆਂ ਵਾਲਾ ਸਰਦਾਰ ਬਣਨਾ ਚਾਹੁੰਦਾ ਹੋਵੇ।
ਇੱਕ ਕੌਮੀ ਅਖਬਾਰ ਵਿੱਚ ਖ਼ਬਰ ਛਪੀ ਹੈ ਕਿ ਪੰਜਾਬ ਦੇ ਇੱਕ ਪਿੰਡ ਵਿੱਚ ਕਿਸੇ ਨੇ ਪੋਮੇਰੀਅਨ ਡੌਗ ਪਾਲ ਲਿਆ। ਵਿਦੇਸ਼ੀ ਡਾਲਰਾਂ ਨਾਲ ਨਵੇਂ ਨਵੇਂ ਅਮੀਰ ਬਣੇ ਹੋਣੇ ਨੂੰ ਖੁਸ਼ੀ ਦੀ ਤਲਾਸ਼ ਹੋਵੇਗੀ। ਇੱਕ ਵਿਦੇਸ਼ੀ ਚਿੰਤਕ (Groucho Marx) ਦਾ ਕਥਨ ਹੈ ਕਿ ‘ਪੈਸਾ ਖੁਸ਼ੀ ਨਹੀਂ ਖਰੀਦ ਸਕਦਾ ਪਰ ਯਕੀਨਨ ਹੀ ਇਹ ਤੁਹਾਨੂੰ ਆਪਣੀ ਆਫ਼ਤ (ਮੁਸੀਬਤ, ਕਲੇਸ਼) ਦੀ ਵਿਧੀ (ਸ਼ੈਲੀ,ਤਰੀਕਾ) ਚੁਣਨ ਦੀ ਖੁੱਲ੍ਹ ਦਿੰਦਾ ਹੈ। ‘ਖੁੱਲ੍ਹਾ ਪੈਸਾ ਖੁਸ਼ੀ ਤਾਂ ਖਰੀਦ ਨਾ ਸਕਿਆ, ਮੁਸੀਬਤ ਦੀ ਜੜ੍ਹ ਕੁੱਤਾ ਖਰੀਦ ਕਰਵਾ ਗਿਆ। ਕੁੱਤੇ ਦੀ ਦੇਖ ਭਾਲ ਵਿੱਚ ਕੋਈ ਕਮੀ ਪੇਸ਼ੀ ਰਹਿੰਦੀ ਹੋਣੀ ਐ, ਕੁੱਤਾ ਘਰੋਂ ਭੱਜ ਗਿਆ। ਪਿੰਡ ਦੇ ਕਿਸੇ ਹੋਰ ਬੰਦੇ ਨੇ ਫੜ ਲਿਆ। ਜਦੋਂ ਮਾਲਕ ਨੂੰ ਕੁੱਤੇ ਦੇ ਨਵੇਂ ਮਾਲਕ ਦਾ ਪਤਾ ਲੱਗਾ ਤਾਂ ਉਹ ਕੁੱਤੇ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਦੇ ਘਰ ਗਿਆ। ਅਗਲਿਆਂ ਨੇ ਦੇਣ ਤੋਂ ਨਾਂਹ ਕਰ ਦਿੱਤੀ, ਅਖੇ ਇਹ ਤਾਂ ਅਸੀਂ ਖਰੀਦਿਆ ਹੈ। ਤਲਵਾਰਾਂ ਨਿਕਲ ਆਈਆਂ ਤੇ ਨਵੇਂ ਮਾਲਕ ਨੂੰ ਥਾਂ ’ਤੇ ਹੀ ਢੇਰ ਕਰ ਦਿੱਤਾ। ਬਾਪੂ ਛੁਡਾਉਣ ਆਇਆ, ਉਸ ਦਾ ਵੀ ਕਤਲ ਕਰ ਦਿੱਤਾ। ਮਾਂ ਦੇ ਵੀ ਸੱਟਾਂ ਫੇਟਾਂ ਲੱਗੀਆਂ। ਹੁਣ ਇਹ ਪਰਿਵਾਰਕ ਦੁਸ਼ਮਣੀ ਕਦੋਂ ਤਕ ਚੱਲੇਗੀ, ਕਿਹਾ ਨਹੀਂ ਜਾ ਸਕਦਾ। ਮੁਸੀਬਤਾਂ ਦਾ ਢੇਰ ਲੱਗ ਗਿਆ। ਸੁਲ੍ਹਾ ਕਰਵਾਉਣ ਵਾਲੇ ਵੀ ਪੱਖ ਜ਼ਰੂਰ ਲੈਣਗੇ-- ਪਿੰਡ ਵਿੱਚ ਵੰਡ ਦਾ ਬੀਜ ਬੀਜਿਆ ਗਿਆ। ਇੱਕ ਪਾਲਤੂ ਕੁੱਤਾ ਸਮਾਜਿਕ ਸਦਭਾਵਨਾ ਨੂੰ ਵਿਗੜਨ ਦਾ ਕਾਰਨ ਤਾਂ ਬਣ ਹੀ ਗਿਆ।
ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਸਫਾਈ ਦੀ ਭਾਵਨਾ ਨਾਲੋਂ ਹੋਰ ਕਿਹੜੀ ਧਾਰਮਿਕ ਭਾਵਨਾ ਉੱਤਮ ਹੈ। ਅਸੀਂ ਆਪਣੇ ਘਰ ਨੂੰ ਤਾਂ ਸਾਫ਼ ਰੱਖਣਾ ਪਸੰਦ ਕਰਦੇ ਹਾਂ ਪਰ ਘਰ ਦਾ ਕੂੜਾ ਦੂਸਰੇ ਦੇ ਕੌਲੇ ਨਾਲ ਲਾ ਦਿੰਦੇ ਹਾਂ। ਅਜਿਹਾ ਕਦੀ ਨਹੀਂ ਸੋਚਦੇ ਕਿ ਗੁਆਂਢੀ ਦੇ ਗੰਦ ਪਵੇਗਾ ਜਾਂ ਉਸ ਦੀ ਪਵਿੱਤਰ/ਸਾਫ਼ ਰਹਿਣ ਦੀ ਭਾਵਨਾ ’ਤੇ ਕੋਈ ਚੋਟ ਵੀ ਆਏਗੀ ਜਾਂ ਨਹੀਂ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਰਫ ਬਹੁ-ਗਿਣਤੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਹੀ ਭਾਵਨਾਵਾਂ ਹਨ ਅਤੇ ਬਾਕੀ ਦੇ ਭਾਈਚਾਰਿਆਂ ਦੀਆਂ ਭਾਵਨਾਵਾਂ ਭਾਵਨਾਵਾਂ ਹੀ ਨਹੀਂ ਹਨ। ਉਹ ਭਾਈਚਾਰੇ ਵੱਖਰੇ ਹੀ ਇਸ ਲਈ ਹਨ ਕਿ ਉਨ੍ਹਾਂ ਦੀਆਂ ਧਾਰਮਿਕ ਮਾਣਤਾਵਾਂ ਵੱਖਰੀਆਂ ਹਨ। ਭਾਵਨਾਵਾਂ ਦਾ ਮਾਣਤਾਵਾਂ ਨਾਲ ਡੂੰਘਾ ਸੰਬੰਧ ਹੈ। ਸਾਨੂੰ ਬਹੁ-ਧਰਮੀ ਦੇਸ਼ ਦੇ ਬਾਸ਼ਿੰਦੇ ਹੋ ਕੇ ਹਰ ਸਮੁਦਾਇ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਸਿੱਖਣਾ ਪਵੇਗਾ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਕਿਸੇ ਸਮਾਜ ਦੇ ਨਾਗਰਿਕ ਆਪਣੀਆਂ ਨਿੱਜੀ ਇੱਛਾਵਾਂ ਦੀਆਂ ਪੂਰਤੀ ਨੂੰ ਮੁੱਖ ਰੱਖ ਕੇ ਅਜਿਹਾ ਸਮਾਜ ਸਿਰਜ ਸਕਦੇ ਹਨ, ਜਿਸ ਨੂੰ ਅਸੀਂ ਸੱਭਿਅਕ ਸਮਾਜ ਕਹਿ ਸਕਦੇ ਹੋਈਏ?
ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ‘Devil is in the detail’ ਅਰਥਾਤ ਸ਼ੈਤਾਨ ਬਰੀਕੀ ਵਿੱਚ ਛੁਪਿਆ ਹੋਇਆ ਹੈ।’ ਇਸ ਡੌਗੀ ਦੀ ਹਵਾ ਖੋਰੀ ਕਰਾਉਣ ਵਾਲੇ ਮਾਲਕ ਨੂੰ ਜਦੋਂ ਕੋਈ ਉਸ ਦੇ ਘਰ ਨੇੜੇ ਪੌਟੀ ਕਰਵਾਉਣ ਤੋਂ ਟੋਕਦਾ ਹੈ ਤਾਂ ਮੋਹਰਿਓਂ ਜਵਾਬ ਮਿਲਦਾ ਹੈ, “ਕੀ ਹੋਇਆ, ਇਸ ਨੇ ਪਿਸ਼ਾਬ ਹੀ ਤਾਂ ਕੀਤਾ ਹੈ, ਇਸ ਨੂੰ ਹੋਰ ਕਿੱਧਰ ਘੁਮਾਂਕੇ ਲਿਆਈਏ? … ਉਹ ਕਹਿੰਦਾ ਵੀ ਇਸ ਲਹਿਜ਼ੇ ਨਾਲ ਹੈ ਕਿ ਇਹ ਉਸ ਦਾ ਅਧਿਕਾਰ ਹੈ, ਜਿੱਥੇ ਮਰਜ਼ੀ ਕੁੱਤਾ …। ਅਜਿਹਾ ਜਵਾਬ ਇਸ ਘਟਨਾ ਨੂੰ ਇੰਨੀ ਛੋਟੀ ਕਰ ਦਿੰਦਾ ਹੈ ਕਿ ਉਸ ਨੂੰ ਇਸ ਅੰਦਰ ਛੁਪਿਆ ਸ਼ੈਤਾਨ ਨਜ਼ਰ ਹੀ ਨਹੀਂ ਆਉਂਦਾ। ਇਸ ਨਾਲ ਦੋ ਮਨੁੱਖਾਂ, ਪਰਿਵਾਰਾਂ, ਗੁਆਂਢੀਆਂ ਅਤੇ ਅੰਤ ਨੂੰ ਸਮੁਦਾਇਆਂ ਵਿੱਚ ਨਫਰਤ ਦਾ ਬੀਜ ਪਨਪਦਾ ਹੈ। ਸਮਾਂ ਪਾ ਕੇ ਉਹ ਅਲੱਗ ਹੋਣ ਲਗਦੇ ਹਨ ਅਤੇ ਵੰਡੀਆਂ ਪੈ ਜਾਂਦੀਆਂ ਹਨ।
ਮੈਂ ਆਪਣਾ ਤਜਰਬਾ ਆਪਣੇ ਪਰਮ ਮਿੱਤਰ ਨਾਲ ਸਾਂਝਾ ਕੀਤਾ। ਉਹ ਕਹਿਣ ਲੱਗੇ ਯਾਰ ਪਹਿਲਾਂ ਵੀ ਤੁਸੀਂ ਸਮਾਰਟ ਸਿਟੀ ਗੁੜਗਾਉਂ ਤੋਂ ਇਸ ਸਮੱਸਿਆ ਕਰਕੇ ਹੀ ਲੁਧਿਆਣੇ ਆਏ ਸੀ। ਫਿਰ ਉਸ ਨੇ ਮਖੌਲ ਕੀਤਾ, “ਹੁਣ ਦੱਸ ਬੱਚੂ ਇੱਥੋਂ ਕਿੱਥੇ ਭੱਜੇਗਾਂ?”
ਮੈਂ ਕਿਹਾ, “ਵੀਰ, ਹੁਣ ਤਾਂ ਉਹ ਟੱਟੀ ਚੁੱਕੀ ਫਿਰਦੀ ਬੀਬੀ ਦੇ ਦੇਸ਼ ਕਨੇਡਾ ਹੀ ਜਾਊਂਗਾ, ਹੋਰ ਕਿੱਥੇ? ... ਇੱਥੇ ਤਾਂ ਆਹ ਅਵਾਰਾ ਤੇ ਪਾਲਤੂ ਕੁੱਤੇ ਹੀ ਚੈਨ ਨਾਲ ਟਿਕਣ ਨਹੀਂ ਦੇ ਰਹੇ।”
ਉਹ ਹੋਰ ਹੀ ਕੁਝ ਕਹਿ ਗਿਆ, ਜਿਸ ਨੂੰ ਅਗਰ ਮੈਂ ਲਿਖ ਦਿੱਤਾ ਤਾਂ ਬਹੁਤਿਆਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਪੈਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5324)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.