“ਪਹਿਲੇ ਦਿਨ ਸਕੂਲ ਸ਼ੁਰੂ ਹੁੰਦੇ ਹੀ ਹੈੱਡਮਾਸਟਰ ਸਾਹਿਬ ਨੇ ਮੈਨੂੰ ਗੁੱਟ ਤੋਂ ਫੜਿਆ ਅਤੇ ਉਸ ਕਲਾਸ ਵਿੱਚ ਲੈ ਗਏ, ਜਿਸ ਵਿੱਚ ...”
(27 ਮਈ 2024)
ਇਸ ਸਮੇਂ ਪਾਠਕ: 360.
ਪੰਜਵੀਂ ਜਮਾਤ ਤਕ ਤਾਂ ਕੁਝ ਪਤਾ ਨਹੀਂ ਲੱਗਿਆ ਕਿ ਕੋਈ ਟਾਈਮਟੇਬਲ ਵੀ ਹੁੰਦਾ ਹੈ। ਪੇਂਡੂ ਸਕੂਲ ਵਿੱਚ ਇੱਕ ਜਾਂ ਦੋ ਅਧਿਆਪਕ ਹੁੰਦੇ ਸਨ। ਸ਼ਾਇਦ ਉਹ ਜਮਾਤਾਂ ਹੀ ਵੰਡ ਲੈਂਦੇ ਸਨ, ਕੌਣ ਕਿਹੜੀ ਜਮਾਤ ਨੂੰ ਕੌਣ ਪੜ੍ਹਾਏਗਾ। ਇਕੱਲੇ ਮਾਸਟਰ ਜੀ ਪਤਾ ਨਹੀਂ ਕਦੋਂ ਕਿਹੜੀ ਜਮਾਤ ਵਿੱਚ ਚਲੇ ਜਾਂਦੇ ਸਨ ਅਤੇ ਕਦੋਂ ਸਾਡੀ ਜਮਾਤ ਵਿੱਚ ਆ ਕੇ ਹਿਸਾਬ ਦੀ ਥਾਂ ਪੰਜਾਬੀ ਪੜ੍ਹਾਉਣ ਲੱਗ ਜਾਂਦੇ। ਸਕੂਲ ਦਾ ਚਪੜਾਸੀ ਬੱਸ ਦੋ ਵੇਲੇ ਹੀ ਘੰਟੀ ਵਜਾਉਂਦਾ - ਪਹਿਲੀ ਸਕੂਲ ਲੱਗਣ ਵੇਲੇ ਤੇ ਦੂਸਰੀ ਸਕੂਲੋਂ ਛੁੱਟੀ ਹੋਣ ਵੇਲੇ। ਲੋਹੇ ਦੇ ਗਾਰਡਰ ਦਾ ਟੁਕੜਾ ਇੱਕ ਦਰਖ਼ਤ ਦੇ ਟਾਹਣੇ ਨਾਲ ਲਟਕਾਇਆ ਹੁੰਦਾ ਸੀ ਅਤੇ ਨਾਲ ਸਰੀਏ ਦਾ ਮੁੜਿਆ ਟੋਟਾ ਉਸ ਅੰਦਰ ਕੀਤੀ ਗਲੀ ਵਿੱਚ ਪਿਆ ਹੁੰਦਾ ਸੀ। ਇਸਦੀ ਆਵਾਜ਼ ਕੰਨਾਂ ’ਤੇ ਕੋਈ ਬਹੁਤਾ ਵਧੀਆ ਅਸਰ ਨਹੀਂ ਪਾਉਂਦੀ ਸੀ ਪਰ ‘ਛੁੱਟੀ ਦੀ ਘੰਟੀ’ ਵੇਲੇ ਇਹ ‘ਯਮਲੇ ਦੀ ਤੂੰਬੀ’ ਵਾਂਗ ਲਗਦੀ ਹੁੰਦੀ ਸੀ।
ਛੇਵੀਂ ਜਮਾਤ ਵਿੱਚ ਦਾਖਲ ਹੋਇਆ ਤਾਂ ਸਭ ਤੋਂ ਪਹਿਲਾਂ ਕਿਹਾ ਗਿਆ, “ਬੱਚਿਓ! ਨੋਟਿਸ ਬੋਰਡ ’ਤੇ ਟਾਈਮਟੇਬਲ ਲਾ ਦਿੱਤਾ ਹੈ, ਕੱਲ੍ਹ ਤੋਂ ਇਸ ਮੁਤਾਬਿਕ ਪੜ੍ਹਾਈ ਹੋਵੇਗੀ। ਕਿਤਾਬ-ਕਾਪੀ ਓਹੀ ਲਿਆਉਣੀ, ਜਿਸਦਾ ਪੀਰੜ ਹੋਵੇ …।” ਇਸਦੇ ਬਾਵਜੂਦ ਵੀ ਸਾਡਾ ਇੱਕ ਹਮ-ਜਮਾਤੀ ਸਾਰੀਆਂ ਕਿਤਾਬਾਂ ਕਾਪੀਆਂ ਸਕੂਲ ਲਿਆਉਂਦਾ। ਉਸ ਨੇ ਇਹ ਕਹਾਵਤ ਸਿੱਧ ਕਰ ਦਿੱਤੀ ਸੀ ਕਿ ‘ਕਮਜ਼ੋਰ ਵਿਦਿਆਰਥੀ ਦਾ ਬਸਤਾ ਭਾਰੀ ਹੁੰਦਾ ਹੈ।’ ਉਸ ਦਾ ਥੈਲਾ ਉਸ ਵਕਤ ਦੇ ਰਮਤੇ-ਜੋਗੀਆਂ ਦੇ ਥੈਲੇ ਵਰਗਾ ਹੋਣ ਕਰਕੇ ਉਸ ਦਾ ਨਾਂ ਸਭ ਨੇ ‘ਜੋਗੀ ਲਾਲ’ ਰੱਖ ਦਿੱਤਾ ਸੀ। ਜਦੋਂ ਵੀ ਕੋਈ ਕਿਤਾਬ ਮਾਸਟਰ ਜੀ ਨੂੰ ਚਾਹੀਦੀ ਹੁੰਦੀ ਸਾਰਿਆਂ ਦੇ ਮੂੰਹੋਂ ਨਿਕਲ ਜਾਂਦਾ, “ਜੋਗੀ ਲਾ … … … .ਲ ਕਿਤਾਬ।”
ਇਹ ਵੀ ਦੱਸਿਆ ਗਿਆ ਕਿ ਹਰੇਕ ਪੀਰੜ ਚਾਲੀ ਮਿੰਟ ਦਾ ਹੋਵੇਗਾ, ਹਰੇਕ ਪੀਰੜ ਖਤਮ ਹੋਣ ਤੋਂ ਬਾਅਦ ਘੰਟੀ ਵੱਜੇਗੀ। ਮਾਸਟਰ ਜੀ ਆਪ ਹੀ ਕਲਾਸ ਵਿੱਚ ਆ ਜਾਇਆ ਕਰਨਗੇ, ਕਿਹੜਾ ਪੀਰੜ ਕਿਹੜੇ ਕਮਰੇ ਵਿੱਚ ਜਾਂ ਕਿਹੜੇ ਦਰਖ਼ਤ ਹੇਠ ਲੱਗੇਗਾ। ਇਹ ਵੀ ਦੱਸਿਆ ਗਿਆ ਕਿ ਪਹਿਲਾ ਪੀਰੜ ਖਤਮ ਹੋਣ ’ਤੇ ਇੱਕ, ਦੂਜਾ ਖਤਮ ਹੋਣ ’ਤੇ ਦੋ ਘੰਟੀਆਂ ਵੱਜਿਆ ਕਰਨਗੀਆਂ। ਜਿਉਂ ਜਿਉਂ ਕਲਾਸਾਂ ਸ਼ੁਰੂ ਹੋਈਆਂ, ਅਸੀਂ ਟਾਈਮ ਟੇਬਲ ਮੁਤਾਬਿਕ ਚਲਦੇ ਰਹੇ। ਪਸੰਦੀਦਾ ਅਧਿਆਪਕ ਦੇ ਪੀਰੜ ਦੀ ਉਡੀਕ ਹੋਣ ਲਗਦੀ ਅਤੇ ਜਿਸ ਵਿਸ਼ੇ ਵਿੱਚ ਮਨ ਨਾ ਲਗਦਾ ਉਸ ਲਈ ਅੰਦਰੋਂ ਆਵਾਜ਼ ਆਉਂਦੀ - ਅੱਜ ਮਾਸਟਰ ਜੀ ਆਉਣ ਹੀ ਨਾ ਤਾਂ ਚੰਗਾ। ਸਾਲ ਦੇ ਚਾਰ ਕੁ ਮਹੀਨੇ ਨਿੱਕਲਦੇ ਤਾਂ ਲੰਬੀ ਟਨ ਟਨ ਆਵਾਜ਼ ਵਾਲੀ ਘੰਟੀ ਦੀ ਉਡੀਕ ਜ਼ਿਆਦਾ ਰਹਿੰਦੀ। ਹੁਣ ਅਸੀਂ ਅੱਠਵੀਂ ਕੁ ਦੇ ਨੇੜੇ ਤੇੜੇ ਘਰ ਪੜ੍ਹਨ ਦਾ ਟਾਈਮ ਟੇਬਲ ਵੀ ਬਣਾਉਣ ਲੱਗ ਪਏ ਪਰ ਉਹ ਬਹੁਤੀ ਵਾਰੀ ਰਾਤ ਨੂੰ ਮਿੱਟੀ ਦੇ ਤੇਲ ਵਾਲੇ ਦੀਵੇ ਵਿੱਚੋਂ ਤੇਲ ਖਤਮ ਹੋਣ ਨਾਲ, ਕਦੇ ਲਾਲਟੈਨ ਦੇ ਭੱਕ ਭੱਕ ਕਰਕੇ ਬੁਝਣ ਨਾਲ ਅਤੇ ਕਦੇ ਕਦਾਈਂ ਕਿਸੇ ਰਿਸ਼ਤੇਦਾਰ ਦੇ ਆਉਣ ਨਾਲ, ਜਾਂ ਆਂਢ-ਗੁਆਂਢ ਵਿੱਚ ਸੁਖਾਵੀਂ-ਅਣਸੁਖਾਵੀਂ ਘਟਨਾ ਘਟਣ ਨਾਲ ਦੋ ਚਾਰ ਦਿਨ ਵਿੱਚ ਹੀ ਨਵਾਂ ਬਣਾਉਣਾ ਪੈਂਦਾ।
ਹਾਈ ਸਕੂਲ ਗਏ ਤਾਂ ਵਿਸ਼ੇ ਵਧ ਗਏ। ਅੰਗਰੇਜ਼ੀ-ਹਿਸਾਬ ਦੇ ਦੋ ਦੋ ਪੀਰੜ ਲੱਗਣ ਲੱਗੇ। ਟਾਈਮ ਟੇਬਲ ਬੜੀ ਸਖ਼ਤੀ ਨਾਲ ਲਾਗੂ ਹੋਣ ਲੱਗਿਆ। ਹੈੱਡਮਾਸਟਰ ਮੇਜਰ ਗੁਰਪਾਲ ਸਿੰਘ ਅਨੁਸ਼ਾਸਨ ’ਤੇ ਬਹਤ ਜ਼ੋਰ ਦਿੰਦੇ ਸਨ। ਇੱਥੇ ਘੰਟੀ ਲੋਹੇ ਦਾ ਗਾਡਰ ਨਹੀਂ ਸੀ ਬਲਕਿ ਪਿੱਤਲ ਦਾ ਮੋਟਾ ਘੜਿਆਲ ਸੀ, ਜਿਸ ਨੂੰ ਚਪੜਾਸੀ (ਸ਼ਾਇਦ ਉਹ ਵੀ ਫੌਜ ਤੋਂ ਹੀ ਰਿਟਾਇਰ ਹੋਇਆ ਹੋਇਆ ਸੀ) ਲੱਕੜ ਦੇ ਹਥੌੜੇ ਨਾਲ ਵਜਾਉਂਦਾ। ਪੰਜਾਬੀ ਮਾਸਟਰ ਤੀਰਥ ਸਿੰਘ ਜੀ ਜਦੋਂ ਫਰੀਦ ਸਾਹਿਬ ਦੇ ਸ਼ਲੋਕ ‘ਇਹ ਨਿਦੋਸਾ ਮਾਰੀਏ ... ਹਮ ਦੋਸਾਂ ਕਾ ਕਿਆ ਹਾਲ’ ਪੜ੍ਹਾਉਂਦੇ ਤਾਂ ਇਸ ਵੱਲ ਇਸ਼ਾਰਾ ਕਰਦੇ। ਇਸਦੀ ਆਵਾਜ਼ ਬੜੀ ਸੁਰੀਲੀ ਸੀ - ਕੰਨ ਚੀਰਵੀਂ ਨਹੀਂ ਸੀ। ਘੰਟੀ ਦੀ ਆਵਾਜ਼ ਚਲਦੇ ਚਲਦੇ ਸਕੂਲ ਅੰਦਰ ਦਾਖਲ ਹੋ ਜਾਂਦੇ ਤਾਂ ਠੀਕ, ਨਹੀਂ ਤਾਂ ਮੇਜਰ ਸਾਹਿਬ ਨੇ ਕੰਨ ਫੜਵਾਕੇ ਗਰਾਊਂਡ ਤਕ ਡੱਡੂ ਪਰੇਡ ਕਰਵਾਉਣੀ ਅਤੇ ਸਭ ਦੇ ਸਾਹਮਣੇ ਖੜ੍ਹੇ ਕਰ ਦੇਣਾ। ਘੰਟੀ ਵੱਜਦੇ ਹੀ ਸਾਰੇ ਅਧਿਆਪਕ ਅਤੇ ਵਿਦਿਆਰਥੀ ਆਪੋ ਆਪਣੀਆਂ ਕਲਾਸਾਂ ਵਿੱਚ ਹੁੰਦੇ।
ਕਾਲਜ ਵਿੱਚ ਤਾਂ ਟਾਈਮ ਟੇਬਲ ਅਤੇ ਘੜਿਆਲ ਦਾ ਰਿਸ਼ਤਾ ਕਈ ਹੋਰ ਰਿਸ਼ਤਿਆਂ ਨਾਲ ਜੁੜ ਜਾਂਦਾ ਸੀ। ਖਾਲੀ ਪੀਰੜ ਦੀ ਉਡੀਕ ਰਹਿੰਦੀ। ਕਾਲਜ ਕੰਟੀਨ ਦੀ ਰੌਣਕ ਵਿੱਚ ਚਾਹ ਪੀਣ ਅਤੇ ਫੁੱਲਾਂ ਭਰੇ ਲਾਅਨ ਵਿੱਚ ਕਿਸੇ ਸਾਥੀ ਦੀ ਉਡੀਕ ਕਰਨ ਨੂੰ ਹਰ ਕਾਲਜੀਏਟ ਕਾਹਲਾ ਹੁੰਦਾ ਸੀ। ਸਾਨੂੰ ਸਾਇੰਸ ਵਾਲਿਆਂ ਨੂੰ ਇਹ ਦੁਰਲੱਭ ਖੁਸ਼ੀ ਹਮੇਸ਼ਾ ਹੀ ਮਿਰਗ ਤ੍ਰਿਸ਼ਨਾ ਵਾਂਗ ਸੀ। ਬੀ ਐੱਸ ਸੀ ਕਰਦਿਆਂ ਕਰਦਿਆਂ ਮਨ ਵਿੱਚ ਪ੍ਰੋਫੈਸਰ ਬਣ ਕੇ ਟਾਈਮਟੇਬਲ ਅਨੁਸਾਰ ਪੀਰੜ ਲਾਉਣ ਦੀ ਤੀਬਰ ਇੱਛਾ ਪੈਦਾ ਹੋ ਚੁੱਕੀ ਸੀ। ‘ਮੈਂ ਵਧੀਆ ਪ੍ਰੋਫੈਸਰ ਬਣਾਂਗਾ - ਵਿਦਿਆਰਥੀ ਮੇਰਾ ਇੰਤਜ਼ਾਰ ਕਰਿਆ ਕਰਨਗੇ’ ਦੇ ਖਿਆਲੀ ਪੁਲਾਓ ਪੱਕਣੇ ਸ਼ੁਰੂ ਹੋ ਗਏ ਸਨ।
ਬੀ ਐੱਸ ਸੀ ਹੋ ਗਈ ਪਰ ਪ੍ਰੋਫੈਸਰ ਬਣਨ ਲਈ ਤਾਂ ਐੱਮ ਐੱਸ ਸੀ ਦੀ ਯੋਗਤਾ ਜ਼ਰੂਰੀ ਸੀ। ਗਰੀਬੀ ਦਾ ਐਵਰੈਸਟ ਯੂਨੀਵਰਸਟੀ ਦਾ ਰਾਹ ਰੋਕ ਕੇ ਖੜ੍ਹ ਗਿਆ। ਸੋਚਿਆ ਇੱਕ ਸਾਲ ਕੱਚੇ ਸਕੂਲ ਅਧਿਆਪਕ ਦੀ ਨੌਕਰੀ ਕਰ ਲੈਂਦਾ ਹਾਂ। ਉਨ੍ਹੀਂ ਦਿਨੀਂ (1966) ਸਾਇੰਸ ਮਾਸਟਰ ਬੜੇ ਘੱਟ ਲੱਭਦੇ ਸਨ। ਨਤੀਜਾ ਨਿਕਲਦਿਆਂ ਹੀ ਆਪਣੇ ਹੀ ਸਕੂਲ ਵਿੱਚ ਸਰਕਾਰੀ ਨੌਕਰੀ ਮਿਲ ਗਈ। ਮਨ ਵਿੱਚ ਸਾਇੰਸ ਅਤੇ ਹਿਸਾਬ ਪੜ੍ਹਾਉਣ ਦਾ ਚਾਅ ਠਾਠਾਂ ਮਾਰ ਰਿਹਾ ਸੀ।
ਜੁਆਨਿੰਗ ਰਿਪੋਰਟ ਦਿੰਦਿਆਂ ਹੀ ਮੈਂ ਟਾਈਮ ਟੇਬਲ ਮਿਲਣ ਦੀ ਉਡੀਕ ਕਰਨ ਲੱਗਾ। ਪਹਿਲੇ ਦਿਨ ਸਕੂਲ ਸ਼ੁਰੂ ਹੁੰਦੇ ਹੀ ਹੈੱਡਮਾਸਟਰ ਸਾਹਿਬ ਨੇ ਮੈਨੂੰ ਗੁੱਟ ਤੋਂ ਫੜਿਆ ਅਤੇ ਉਸ ਕਲਾਸ ਵਿੱਚ ਲੈ ਗਏ, ਜਿਸ ਵਿੱਚ ਕੋਈ ਅਧਿਆਪਕ ਨਹੀਂ ਸੀ। ਉਨ੍ਹਾਂ ਹੁਕਮ ਕੀਤਾ ਕਿ ਇਹ ਕਲਾਸ ਪੜ੍ਹਾਓ ਅਤੇ ਘੰਟੀ ਵੱਜਦੇ ਹੀ ਮੇਰੇ ਦਫਤਰ ਆ ਜਾਣਾ। ਮੈਂ ਸੋਚਿਆ ਕਿ ਤਦ ਤਕ ਸ਼ਾਇਦ ਇਹ ਮੇਰਾ ਟਾਈਮਟੇਬਲ ਬਣਵਾ ਦੇਣਗੇ। ਦਫਤਰ ਪਹੁੰਚਿਆ ਤਾਂ ਫਿਰ ਖਾਲੀ ਕਲਾਸ ਲੱਭਣ ਤੁਰ ਪਏ। ਹਰ ਲੰਘਦੇ ਦਿਨ ਨਾਲ ਮੇਰੀ ਉਡੀਕ ਲੰਬੀ ਹੁੰਦੀ ਗਈ ਅਤੇ ਇਹ ਸਿਲਸਿਲਾ ਰੁਟੀਨ ਹੋ ਗਿਆ ਸੀ। ਉਹ ਮੈਨੂੰ ਇੰਝ ਫੜਦੇ ਜਿਵੇਂ ਮੈਂ ਕਿਤੇ ਭੱਜ ਜਾਣ ਨੂੰ ਤਿਆਰ ਹੋਵਾਂ ਜਦੋਂ ਕਿ ਮੈਂ ਤਾਂ ਸਾਇੰਸ ਦੀਆਂ ਕਲਾਸਾਂ ਲਾਉਣ ਲਈ ਬਿਹਬਲ ਸੀ। ਜਮਾਤ ਭਾਵੇਂ ਅੱਠਵੀਂ ਦੀ ਹੁੰਦੀ ਭਾਵੇਂ ਨੌਂਵੀਂ ਦਸਵੀਂ ਦੀ, ਵਿਸ਼ਾ ਕੋਈ ਵੀ ਹੁੰਦਾ, ਇਸ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਸੀ। ਹੁਕਮ ਸੀ ਕਿ ਇਹ ਪੀਰੜ ਇਸ ਕਲਾਸ ਨੂੰ ਓਹੀ ਵਿਸ਼ਾ ਪੜ੍ਹਾਉਣਾ ਹੈ, ਜਿਸਦਾ ਟਾਈਮ ਟੇਬਲ ਵਿੱਚ ਜ਼ਿਕਰ ਹੈ। ਮੇਰੀ ਹਾਲਤ ਉਸ ਵੇਲੇ ਤਰਸਯੋਗ ਹੁੰਦੀ ਜਦੋਂ ਮੈਨੂੰ ਦਸਵੀਂ ਦੀ ਹਿੰਦੀ ਕਲਾਸ ਲੈਣ ਨੂੰ ਕਿਹਾ ਜਾਂਦਾ, ਜਦੋਂ ਕਿ ਮੈਂ ਹਿੰਦੀ ਅੱਠਵੀਂ ਤਕ ਹੀ ਪੜ੍ਹੀ ਸੀ। ਕਦੇ ਕਦੇ ਤਾਂ ਦਸਵੀਂ ਦੀ ਅੰਗਰੇਜ਼ੀ ਦਾ ਪਾਠ ਪੜ੍ਹਾਉਣ ਨੂੰ ਵੀ ਕਿਹਾ ਗਿਆ।
ਹਲਕੀ ਹਲਕੀ ਠੰਢ ਉਤਰਨੀ ਸ਼ੁਰੂ ਹੋ ਚੁੱਕੀ ਸੀ। ਮੈਂ ਸਵੈਟਰ ਪਾ ਕੇ ਸਕੂਲ ਜਾਂਦਾ। ਇੱਕ ਦਿਨ ਸਾਹਿਬ ਕਹਿਣ ਲੱਗੇ, “ਏ ਟੀਚਰ ਮਸਟ ਵੀਅਰ ਏ ਕੋਟ।” ਕੋਟ ਦਾ ਪੜ੍ਹਾਉਣ ਨਾਲ ਕੀ ਸੰਬੰਧ? ਇਸਦਾ ਉੱਤਰ ਮੇਰੀ ਜਾਨ ਖਾਣ ਲੱਗ ਪਿਆ। ਦਰਅਸਲ ਮਾਮਲਾ ਤਾਂ ਹੈ ਹੀ ਕੁਝ ਹੋਰ ਸੀ ਜਿਹੜਾ ਉੱਨੀ ਕੁ ਸਾਲ ਦੀ ਮਛੋਹਰ ਮੱਤ ਨੂੰ ਸਮਝ ਨਹੀਂ ਆ ਰਿਹਾ ਸੀ। ਮੈਂ ਡਰਦਾ ਕਿਸੇ ਨਾਲ ਗੱਲ ਵੀ ਨਾ ਕਰਦਾ ਕਿਉਂਕਿ ਪੱਕੇ ਮਾਸਟਰ ਸਾਨੂੰ ਕੋਲ ਬਿਠਾਉਣ ਨੂੰ ਰਾਜ਼ੀ ਨਹੀਂ ਸਨ, ਗੱਲ ਸੁਣਨਾ ਤਾਂ ਦੂਰ ਦੀ ਗੱਲ ਸੀ। ਕੱਚੇ ਅਧਿਆਪਕ ਇੱਕ-ਦੂਜੇ ਕੋਲ ਹੈੱਡਮਾਸਟਰ ਦੀ ਗੱਲ ਕਰਨ ਤੋਂ ਝਿਜਕਦੇ ਸਨ। ਹੈੱਡਮਾਸਟਰ ਤੋਂ ਮੈਨੂੰ ਭੈ ਆਉਣ ਲੱਗ ਪਿਆ। ਮੋਟੇ ਸ਼ੀਸ਼ਿਆਂ ਵਾਲੀ ਐਨਕ ਵਿੱਚੋਂ ਉਸ ਦੀਆਂ ਅੱਖਾਂ ਡਰਾਉਣਾ ਰੂਪ ਧਾਰ ਲੈਂਦੀਆਂ। ਮੈਨੂੰ ਉਹ ਕੌਡਾ ਰਾਖਸ਼ ਲੱਗਣ ਲੱਗ ਪਿਆ।
ਦੁਖੀ ਹੋਏ ਨੇ ਇੱਕ ਦਿਨ ਸਕੂਲ ਦੇ ਸੈਕੰਡ-ਮੁਖੀ ਬਣ ਚੁੱਕੇ ਆਪਣੇ ਅਧਿਆਪਕ ਕੋਲ ਆਪਣਾ ਭਰਿਆ ਮਨ ਫਰੋਲਿਆ। ਕਹਿਣ ਲੱਗੇ, “ਇਹ ਲਾਲਚੀ ਕਿਸਮ ਦਾ ਇਨਸਾਨ ਐ। ਤਕਰੀਬਨ ਸਾਰੇ ਹੀ ਮਾਸਟਰ ਇਸਦੇ ਜੁਆਕਾਂ ਨੂੰ ਵਕਤ-ਬੇਵਕਤ ਘਰੇ ਪੜ੍ਹਾਉਣ ਜਾਂਦੇ ਨੇ, ਤੂੰ ਵੀ ਗੇੜਾ ਮਾਰ ਆਇਆ ਕਰ।”
ਉਸੇ ਸ਼ਾਮ ਮੈਂ ਉਨ੍ਹਾਂ ਦੇ ਘਰ ਚਲਾ ਗਿਆ। ਸ਼ੈਤਾਨ ਦੇ ਅਲਫਾਜ਼ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ, “ਆ ਗਿਐਂ ਪੁੱਤਰ! ਐਹ ਤੇਰਾ ਛੋਟਾ ਵੀਰ ਐ, ਇਸ ਨੂੰ ਸਾਇੰਸ ਪੜ੍ਹਾ ਦਿਆ ਕਰੋ। ਇਸ ਨੂੰ ਅਸਾਂ ਡਾਕਟਰ ਬਣਾਉਣਾ ਏ।” ਦੋ ਮਿੰਟਾਂ ਵਿੱਚ ਹੀ ਸਾਹਿਬਜ਼ਾਦਾ ਕਿਤਾਬਾਂ ਲੈ ਕੇ ਆ ਖੜ੍ਹਾ ਹੋਇਆ।
ਦੂਸਰੇ ਹੀ ਦਿਨ ਸਾਇੰਸ ਮਾਸਟਰ ਦਾ ਟਾਈਮਟੇਬਲ ਨੋਟਿਸ ਬੋਰਡ ’ਤੇ ਪਿੰਨ ਲਾ ਕੇ ਸਭ ਦੀ ਸੂਚਨਾ ਹੇਤ ਲਗਾ ਦਿੱਤਾ ਗਿਆ ਸੀ। ਕੱਚੇ ਅਧਿਆਪਕਾਂ ਨੇ ਮਖੌਲ ਕੀਤਾ, “ਪਾ ਲਈ ਸਾਇੰਸ ਮਾਸਟਰ ’ਤੇ ਵੀ ਕਾਠੀ …।”
ਮੈਂ ਕਿਹਾ, “ਟਾਈਮਟੇਬਲ ਲੈਣ ਲਈ ਪਵਾਉਣੀ ਹੀ ਪੈਣੀ ਸੀ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5000)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)