
“ਉਹ ਕਹਿਣ ਲੱਗਾ, “ਤੁਸੀਂ ਵੀ ਵੀ ਆਈ ਪੀ ਨਹੀਂ ਹੋ ਸਕਦੇ? ਮਾਰੂਤੀ ਵਾਲਾ ...”
(6 ਮਈ 2026)
ਅੱਜ ਤੋਂ ਕੋਈ ਪੰਝੀ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਬਾਹਰਲੇ ਸੂਬਿਆਂ ਵਿੱਚ ਤਾਇਨਾਤੀ ਪੂਰੀ ਕਰਕੇ ਨਵਾਂ ਨਵਾਂ ਪੰਜਾਬ ਆਇਆ ਸੀ। ਹਾਲਾਂ ਕਿ ਮੈਂ ਸਰਕਾਰੀ ਕਾਰ ਲਈ ਹੱਕਦਾਰ ਨਹੀਂ ਸੀ ਪਰ ਅਪਰੇਸ਼ਨਲ ਵਹੀਕਲ ਦੇ ਪੱਜ ਮੈਨੂੰ ਆਉਂਦਿਆਂ ਹੀ ਜਿਪਸੀ ਮਿਲ ਗਈ, ਉਹ ਵੀ ਲਾਲ ਬੱਤੀ ਅਤੇ ਹੂਟਰ ਨਾਲ। ਅੰਦਰੋਂ ਅੰਦਰੀਂ ਤਾਂ ਮੈਂ ਬੜਾ ਖੁਸ਼ ਹੋਇਆ ਕਿਉਂਕਿ ਵੀਹ ਸਾਲ ਵੱਡੇ ਸ਼ਹਿਰਾਂ ਵਿੱਚ ਨੌਕਰੀ ਕਰਦੇ ਬੱਸਾਂ ਅਤੇ ਲੋਕਲ ਗੱਡੀਆਂ ਦੇ ਧੱਕਿਆਂ ਨੇ ਭੁਲਾ ਹੀ ਦਿੱਤਾ ਸੀ ਕਿ ਮੈਂ ਵੀ ਭਾਰਤੀ ਰੈਵੇਨਿਊ ਸਰਵਿਸ ਦਾ ਮੈਂਬਰ ਸੀ ਪਰ ਮਨ ਬੇਚੈਨ ਸੀ ਕਿ ਜਿਸ ਚੀਜ਼ ਦਾ ਮੈਂ ਅਧਿਕਾਰਿਤ ਤੌਰ ’ਤੇ ਹੱਕਦਾਰ ਹੀ ਨਹੀਂ ਹਾਂ, ਮੈਂ ਉਹ ਵਰਤ ਰਿਹਾ ਹਾਂ। ਆਪਣੇ ਸਹਿਯੋਗੀਆਂ ਨਾਲ ਗੱਲ ਕੀਤੀ। ਉਹ ਕਹਿਣ, ਯਾਰ ਤੈਨੂੰ ਅੰਬ ਖਾਣ ਨਾਲ ਮਤਲਬ ਹੈ ਜਾਂ ਗੁਟਲੀਆਂ ਗਿਣਨ ਨਾਲ? ਉਹ ਇਸ ਖਿੱਤੇ ਵਿੱਚ ਹੀ ਨੌਕਰੀ ਕਰਦੇ ਰਹੇ ਸਨ। ਕਿਸੇ ਨਾ ਕਿਸੇ ਦੇ ਚਹੇਤੇ ਹੋਣਗੇ ...। ਖੈਰ, ਪਤਾ ਲੱਗਿਆ ਕਿ ਸਾਡੇ ਤੋਂ ਵੀ ਜੂਨੀਅਰ ਅਧਿਕਾਰੀ ‘ਲਾਲ ਬੱਤੀ’ ਦਾ ਅਨੰਦ ਮਾਣ ਰਹੇ ਸਨ।
ਉਹ ਆਪਣੀ ਜਗ੍ਹਾ ਠੀਕ ਵੀ ਸਨ। ਉਨ੍ਹਾਂ ਦਿਨੀਂ ਪੰਜਾਬ ਵਿੱਚ ਵੀ ਆਈ ਪੀ ਕਲਚਰ ਜ਼ੋਰ ਫੜ ਗਿਆ ਸੀ। ਕਿਸੇ ਵੀ ਸਿਆਸੀ ਪਾਰਟੀ ਦਾ ਮਾਮੂਲੀ ਕਾਰਕੁਨ ਗੱਡੀ ਅਤੇ ਲਾਲ ਬੱਤੀ ਅਤੇ ਅੱਗੇ-ਪਿੱਛੇ ਵੀ ਆਈ ਪੀ ਸਟਿੱਕਰ ਲਾ ਕੇ ਟੌਹਰ ਬਣਾਈ ਫਿਰਦਾ ਸੀ। ਟਰੈਫਿਕ ਪੁਲਿਸ ਦੇ ਸਿਪਾਹੀ ਉੱਤੇ ਰੋਹਬ ਤਾਂ ਆਪਣੇ ਆਪ ਪੈ ਜਾਂਦਾ ਪਰ ਉਹ ਹੂਟਰ ਮਾਰ ਕੇ ਆਪਣੇ ਲਈ ਸੜਕ ਵੀ ਖਾਲੀ ਚਾਹੁੰਦਾ ਸੀ। ਦੋ ਤਿੰਨ ਸਾਲ ਬੀਤ ਗਏ, ਪਦ ਉੱਨਤੀ ਹੋ ਗਈ ਅਤੇ ਅਧਿਕਾਰਿਤ ਲਾਲ ਬੱਤੀ ਵਾਲੀ ਗੱਡੀ ਵੀ ਮਿਲ ਗਈ। ਜ਼ਮਾਨਾ ਹੋਰ ਅੱਗੇ ਛਲਾਂਗ ਲਾ ਗਿਆ। ਵੀ ਵੀ ਆਈ ਪੀ ਉੱਗਣ ਲੱਗੇ ਸਨ।
ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਸੀ। ਬੇਟੇ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ। ਨੂੰਹ ਰਾਣੀ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਪਰਿਵਾਰ ਨਾਲ ਸਮਾਰੋਹ ਦੇਖਣਾ ਚਾਹੁੰਦੀ ਹੈ। ਸਹੁਰਾ ਵੱਡਾ ਅਫਸਰ ਹੋਵੇ ਤਾਂ...। ਫਿਰ ਉਸਦੀ ਮੰਗ ਕੋਈ ਵੱਡੀ ਵੀ ਨਹੀਂ ਸੀ। ਮੈਂ ਕਿਹਾ, ਸਾਰੇ ਚੱਲਾਂਗੇ। ਇਤਿਫਾਕਨ ਉਸ ਦਿਨ ਮੇਰੀ ਸਰਕਾਰੀ ਗੱਡੀ ਖਰਾਬ ਹੋਣ ਕਰਕੇ ਮੈਨੂੰ ਆਪਣੀ ਨਿੱਜੀ ਮਾਰੂਤੀ ਹੀ ਲੈ ਕੇ ਜਾਣ ਦੀ ਮਜਬੂਰੀ ਹੋ ਗਈ ਸੀ। ਜ਼ਿਲ੍ਹੇ ਦੇ ਐੱਸ ਪੀ ਸਾਹਿਬ ਦੀ ਧਰਮ ਪਤਨੀ ਮੇਰੀ ਮਤਹਿਤ ਸੀ। ਉਸ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਸਾਹਿਬ ਸਮਾਗਮ ’ਤੇ ਜਾ ਰਹੇ ਨੇ। ਇਸ ਲਈ ਉਸਨੇ ਗੱਡੀ ਦੀ ਪਾਰਕਿੰਗ ਲਈ ਵੀ ਵੀ ਆਈ ਪੀ ਸਟਿੱਕਰ ਭਿਜਵਾ ਦਿੱਤਾ। ਅਸੀਂ ਉਹ ਸਟਿੱਕਰ ਮਾਰੂਤੀ ’ਤੇ ਲਾ ਕੇ ਸਟੇਡੀਅਮ ਪਹੁੰਚ ਗਏ। ਕੇਂਦਰ ਦੇ ਖੇਡ ਮੰਤਰੀ ਮੁੱਖ ਮਹਿਮਾਨ ਸਨ। ਅਕਾਲੀ ਪਾਰਟੀ ਦੀ ਸਰਕਾਰ ਸੀ। ਪਾਰਟੀ ਵਰਕਰ ਅਤੇ ਛੋਟੇ ਮੋਟੇ ਲੀਡਰਾਂ ਦਾ ਜਮਘਟਾ ਸੀ। ਜਦੋਂ ਮੈਂ ਆਪਣੀ ਮਾਰੂਤੀ ਵੀ ਵੀ ਆਈ ਪੀ ਪਾਰਕਿੰਗ ਵੱਲ ਮੋੜੀ ਤਾਂ ਟਰੈਫਿਕ ਪੁਲਿਸ ਦੇ ਸਿਪਾਹੀ ਨੇ ਹੱਥ ਨਾਲ ਇਸ਼ਾਰਾ ਕੀਤਾ ਕਿ ਮੈਂ ਉੱਧਰ ਪਾਰਕਿੰਗ ਲਈ ਨਾ ਆਵਾਂ। ਮੈਂ ਉਸ ਨੂੰ ਕੋਲ ਬੁਲਾਇਆ ਤੇ ਕਿਹਾ, “ਭਾਈ, ਆਹ ਸਟਿੱਕਰ ਦੇਖ।”
ਉਹ ਕਹਿਣ ਲੱਗਾ, “ਤੁਸੀਂ ਵੀ ਵੀ ਆਈ ਪੀ ਨਹੀਂ ਹੋ ਸਕਦੇ? ਮਾਰੂਤੀ ਵਾਲਾ ਵੀ ਵੀ ਆਈ ਪੀ ਕਿਵੇਂ ਹੋ ਸਕਦੈ? ਸਟਿੱਕਰ ਕਿਸੇ ਤੋਂ ਮੰਗਵਾ ਲਿਆ ਹੋਊ।”
ਮੈਂ ਕਿਹਾ, “ਤੈਂ ਤਾਂ ਸਟਿੱਕਰ ਦੇਖ ਕੇ ਪਾਰਕਿੰਗ ਦੇਣੀ ਹੈ, ਕਾਰ ਭਾਵੇਂ ਵੱਡੀ ਹੋਵੇ ਜਾਂ ਛੋਟੀ? ਪੁਲਿਸ ਵਿਭਾਗ ਨੇ ਸਟਿੱਕਰ ਦਿੱਤਾ ਹੈ, ਤੁਹਾਡੇ ਐੱਸ ਪੀ ਦੇ ਦਸਤਖ਼ਤ ਨੇ ਇਹਦੇ ’ਤੇ।”
ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ। ਉੱਥੇ ਖੜ੍ਹੇ ਖੜ੍ਹੇ ਨੇ ਮੈਂ ਆਪਣੀ ਮਾਤਹਿਤ ਐੱਸ ਪੀ ਸਾਹਿਬ ਦੀ ਪਤਨੀ ਨੂੰ ਫੋਨ ਕੀਤਾ। ਉਸਨੇ ਆਪਣਾ ਗੁੱਸਾ ਸਿਪਾਹੀ ’ਤੇ ਉਤਾਰਿਆ। ਸਿਪਾਹੀ ਸਾਹਿਬ ਕਹਿਣ ਲੱਗੇ, “ਸਰ, ਤੁਸੀਂ ਪਹਿਲਾਂ ਹੀ ਆਪਣਾ ਅਹੁਦਾ ਦੱਸ ਦਿੰਦੇ ...।”
ਮੈਂ ਕਿਹਾ, “ਭਾਈ, ਤੁਸੀਂ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸੀ। ਤੁਹਾਨੂੰ ਤਾਂ ਵੱਡੀਆਂ ਗੱਡੀਆਂ ਵਾਲੇ, ਜਿਨ੍ਹਾਂ ਵੱਡੇ ਬਾਦਲ ਸਾਹਿਬ ਦੀ ਤਰਜ਼ ’ਤੇ ਚਿੱਟੇ ਕੁੜਤਿਆਂ ਨਾਲ ਲਟਕਦੇ ਨਾਲਿਆਂ ਵਾਲੇ ਪਜਾਮੇਂ ਪਾਏ ਹੋਏ ਸਨ, ਸਾਰੇ ਹੀ ਵੀ ਵੀ ਆਈ ਪੀ ਲੱਗ ਰਹੇ ਸਨ ਪਰ ਮੇਰੀ ਮਾਰੂਤੀ ਰੜਕ ਰਹੀ ਸੀ। ... ਤੇ ਹੋਰ ਫਜ਼ੂਲ ਦਾ ਕਿੰਨਾ ਕੁਝ ਬੋਲਣਾ ਪਿਆ ਕਿਉਂਕਿ ਮੈਂ ਪਰਿਵਾਰ ਸਾਹਮਣੇ ਛੋਟਾ ਪੈ ਰਿਹਾ ਸੀ, ਉਹ ਵੀ ਉਦੋਂ, ਜਦੋਂ ਮੇਰੇ ਕੋਲ ਸੱਚੀ-ਮੁੱਚੀ ਦਾ ਅਹੁਦਾ ਅਤੇ ਸਟਿੱਕਰ ਸੀ। ਛੋਟੇ ਅਤੇ ਹੋਛੇ ਕਿਰਦਾਰਾਂ ਦੇ ਹਾਵੀ ਹੋਣ ਦਾ ਵੀ ਮੈਨੂੰ ਗੁੱਸਾ ਚੜ੍ਹ ਰਿਹਾ ਸੀ। ਇਹ ਸਾਰੇ ਘਟਨਾਕ੍ਰਮ ਦੇ ਚਲਦੇ ਮੈਨੂੰ ਸੱਠਵਿਆਂ ਵਿੱਚ ਆਲ ਇੰਡੀਆ ਰੇਡੀਓ ਜਲੰਧਰ ਤੋਂ ਚਲਦਾ ਗੀਤ, “ਨੱਚਾਂ ਮੈਂ ਪਟਿਆਲੇ ਮੇਰੀ ਧਮਕ ਜਲੰਧਰ ਪੈਂਦੀ।’ ਮੇਰੇ ਜ਼ਿਹਨ ਵਿੱਚ ਵੱਜਣ ਲੱਗ ਪਿਆ ਸੀ ਕਿਉਂਕਿ ਜਦੋਂ ਮਾਰੂਤੀ ਚੱਲੀ ਸੀ ਤਦ ਭਾਵੇਂ ਇਹ ਮੇਰੇ ਕੋਲ ਪਿੰਡ ਤੋਂ 1500 ਕਿਲੋਮੀਟਰ ’ਤੇ ਸੀ ਪਰ ਪਿੰਡ ਵਿੱਚ ਸਾਡੇ ਘਰ ਨੂੰ ‘ਉਹ ਮਾਰੂਤੀ ਆਲੇ’ ਬਣਾ ਦਿੱਤਾ ਸੀ। ਅੱਜ ਉਹੀ ਮਾਰੂਤੀ ਅਤੇ ਮਾਰੂਤੀ ਆਲਾ ...।
ਲਾਲ-ਬੱਤੀ ਕਲਚਰ ਦੇ ਵਿਵਹਾਰ ਤੋਂ ਖਤਰਾ ਐਨਾ ਵਧ ਗਿਆ ਸੀ ਕਿ ਸਰਕਾਰ ਨੂੰ ਰੋਕ ਥਾਮ ਕਰਨ ਲਈ ਸਖ਼ਤ ਕਦਮ ਉਠਾਉਣੇ ਪਏ। ਲਾਲ-ਬੱਤੀ ਦੀ ਵਰਤੋਂ ਹੀ ਬੰਦ ਕਰ ਦਿੱਤੀ ਗਈ ਸੀ। ਉਸ ਦਿਨ ਮੇਰੀ ਮਾਰੂਤੀ ’ਤੇ ਲੱਗੇ ਵੀ ਵੀ ਆਈ ਪੀ ਸਟਿੱਕਰ ਨੇ ਪੰਜਾਬੀ ਸਮਾਜ ਦੀ ਉਹ ਤਸਵੀਰ ਦਿਖਾਈ, ਜਿਹੜੀ ਦਫਤਰ ਬੈਠਿਆਂ ਜਾਂ ਇਨਕਮ-ਟੈਕਸ ਦੀਆਂ ਫਾਈਲਾਂ ਫਰੋਲਦਿਆਂ ਨਜ਼ਰ ਨਹੀਂ ਆਉਂਦੀ ਸੀ। ਹੋਛਾਪਨ ਦਿਨ ਬਦਿਨ ਵਧਦਾ ਹੀ ਜਾ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































