“ਕਈ ਵਾਰੀ ਮੈਨੂੰ ਡਰ ਵੀ ਲਗਦਾ ਕਿ ਕਿਤੇ ਫੇਲ ਹੀ ਨਾ ਹੋ ਜਾਵਾਂ। ਬੇਇੱਜ਼ਤੀ ...”
(18 ਅਪਰੈਲ 2026)
ਚੜ੍ਹਦੇ ਸਾਲ ਹੀ ਜਿਉਂ ਸੁਣਨ-ਵਿੱਚ ਆਇਆ ਕਿ ਅਧਿਆਪਕਾਂ ਲਈ ਪੀ. ਟੈੱਟ (ਪੰਜਾਬ ਅਧਿਆਪਕ ਯੋਗਤਾ ਟੈੱਸਟ) ਜ਼ਰੂਰੀ ਕਰ ਦਿੱਤਾ ਹੈ ਤਾਂ ਸਾਡੇ ਸਕੂਲ ਦੇ ਅਧਿਆਪਕਾਂ ਵਿੱਚੋਂ ਕਈਆਂ ਨੇ ਥੋੜ੍ਹੀ ਥੋੜ੍ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਨ੍ਹਾਂ ਨੂੰ ਪੜ੍ਹਦਿਆਂ ਦੇਖਦੀ ਤਾਂ ਮੇਰੇ ਮਨ ਵਿੱਚ ਵੀ ਇਹ ਖਿਆਲ ਆਉਂਦਾ, ਮਨਾਂ, ਮੈਂ ਵੀ ਕਿਉਂ ਨਾ ਟੈੱਸਟ ਦੇ ਕੇ ਦੇਖਾਂ। ਭਲੇ ਹੀ ਮੈਂ ਲਗਭਗ 30 ਸਾਲਾਂ ਤੋਂ ਅਧਿਆਪਨ ਕਿੱਤੇ ਵਿੱਚ ਹਾਂ ਪਰ ਜਦੋਂ ਟੈੱਟ ਵਾਰੇ ਸੁਣਦੇ ਸੀ ਤਾਂ ਡਰ ਜਿਹਾ ਲਗਦਾ ਸੀ। ਨਾਲੇ ਕਾਫ਼ੀ ਸਾਲ ਹੋ ਗਏ ਪੜ੍ਹਾਈ ਛੱਡੀ ਨੂੰ। ਭਾਵੇਂ ਕਿ ਮੈਨੂੰ ਹੁਣ ਵੀ ਪੜ੍ਹਨ ਦਾ ਬਹੁਤ ਸ਼ੌਕ ਹੈ। ਇਸੇ ਸ਼ੌਕ ਕਰਕੇ ਤਾਂ ਮੈਨੂੰ ਪਿੰਡ ਦੀ ਉਹ ਪਹਿਲੀ ਕੁੜੀ ਹੋਣ ਦਾ ਮਾਣ ਪ੍ਰਾਪਤ ਹੈ, ਜਿਸਨੇ ਸਭ ਤੋਂ ਪਹਿਲਾਂ ਕਾਲਜ ਦਾ ਮੂੰਹ ਦੇਖਿਆ ਸੀ, ਜਿਸਨੇ ਨੌਕਰੀ ਲੱਗਣ ਤੋਂ 15-16 ਸਾਲਾਂ ਬਾਅਦ ਤਕ ਵੀ ਪੜ੍ਹਾਈ ਕੀਤੀ ਸੀ। ਭਾਵੇਂ ਕਿ ਮੈਨੂੰ ਟੈਟ ਦੀ ਜ਼ਰੂਰਤ ਵੀ ਨਹੀਂ ਸੀ, ਪਰ ਕਹਿੰਦੇ ਨੇ, “ਭਲਾ! ਸ਼ੌਕ ਦਾ ਵੀ ਕੋਈ ਮੁੱਲ ਹੁੰਦਾ ਹੈ।”
ਆਲੇ-ਦੁਆਲੇ ਰੋਜ਼ਾਨਾ ਹੀ ਅਧਿਆਪਕ ਸਾਥੀਆਂ ਨੂੰ ਟੈੱਟ ਦੇ ਵਿਰੋਧ ਵਿੱਚ ਦੇਖਦੀ ਸਾਂ, ਉਨ੍ਹਾਂ ਦਾ ਵਿਰੋਧ ਜਾਇਜ਼ ਵੀ ਸੀ ਕਿਉਂਕਿ ਜਿਹੜੇ ਵੀ ਇਸ ਕਿੱਤੇ ਵਿੱਚ ਆਏ ਹਨ, ਸਭ ਸੂਈ ਦੇ ਨੱਕੇ ਵਿੱਚੋਂ ਲੰਘ ਕੇ ਹੀ ਆਏ ਹਨ। ਭਾਵ ਮਿਹਨਤਾਂ ਨਾਲ, ਮੈਰਿਟਾਂ ਵਿੱਚ ਆ ਕੇ ਹੀ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਆਪਣੇ ਵੇਲੇ ਦੀਆਂ ਸਭ ਸ਼ਰਤਾਂ ਪੂਰੀਆਂ ਕਰਕੇ ਆਏ ਹਨ। ਨਾਲੇ ਹਾਂ! ਕਿਸੇ ਸਾਥੀ ਦੇ ਰੁਜ਼ਗਾਰ ਨੂੰ ਕੋਈ ਖਤਰਾ ਹੋਵੇ, ਇਹ ਬਿਲਕੁਲ ਗਲਤ ਹੈ। ਪਰ ਇੱਥੇ ਤਾਂ ਮੈਂ ਪੜ੍ਹਾਈ ਪ੍ਰਤੀ ਆਪਣੇ ਜਨੂੰਨ ਦੀ ਗੱਲ ਦੱਸ ਰਹੀ ਹਾਂ।
ਮੈਂ ਵੀ ਟੈੱਟ-2 ਦੀ ਰਜਿਸਟਰੇਸ਼ਨ ਕਰਵਾ ਦਿੱਤੀ। ਸਾਰਿਆਂ ਵਿੱਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ। ਮੈਨੂੰ ਤਾਂ ਸਾਰੇ ਹੀ ਹੱਸਕੇ ਪੁੱਛਦੇ, “ ਹੈ! ਰਾਜ ਮੈਡਮ ਵੀ ਟੈੱਟ ਦਾ ਟੈੱਸਟ ਦੇਣਗੇ? ਭਲਾ! ਤੁਹਾਨੂੰ ਕੀ ਲੋੜ ਪੈ ਗਈ ਟੈੱਸਟ ਦੇਣ ਦੀ?” ਕਈ ਹੱਸਕੇ ਮੈਨੂੰ ਛੇੜਦੀਆਂ, “ਅਸਲ ਵਿੱਚ ਹੁਣ ਇਨ੍ਹਾਂ ਦੇ ਨੂੰਹ ਆਉਣ ਵਾਲੀ ਹੈ। ਇਨ੍ਹਾਂ ਦੇ ਬੇਟੇ ਦਾ ਵਿਆਹ ਕਰਨ ਵੇਲੇ ਅਸੀਂ ਦੱਸਿਆ ਕਰਾਂਗੇ, ਭਾਈ! ਮੁੰਡੇ ਦੀ ਮਾਂ ਟੈੱਟ ਪਾਸ ਹੈ।” ਸੁਣਕੇ ਮੈਂ ਵੀ ਹੱਸਕੇ ਟਾਲ ਦਿੰਦੀ।
ਇੱਕ ਸਹੇਲੀ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ, “ਮੈਨੂੰ ਲੱਗਦੈ ਤੂੰ ਬਾਉਲੀ (ਪਾਗਲ) ਹੋ ਗਈ ਹੈ।”
ਕਈ ਵਾਰੀ ਮੈਨੂੰ ਡਰ ਵੀ ਲਗਦਾ ਕਿ ਕਿਤੇ ਫੇਲ ਹੀ ਨਾ ਹੋ ਜਾਵਾਂ। ਬੇਇੱਜ਼ਤੀ ਹੋ ਜਾਵੇਗੀ। ਪਰ ਹਾਂ! ਮੈਂ ਛੋਟੀ ਉਮਰ ਦੀਆਂ ਅਧਿਆਪਕਾਵਾਂ ਨੂੰ ਕਹਿ ਵੀ ਦਿੰਦੀ ਕਿ ਜੇ ਮੇਰੇ 50 ਨੰਬਰ ਆਏ ਤਾਂ ਤੁਹਾਡੇ ਸੌ ਦੇ ਬਰਾਬਰ ਮੰਨਣੇ ਨੇ।
ਸਮਾਜਿਕ ਸਿੱਖਿਆ ਦੀ ਅਧਿਆਪਕਾ ਹੋਣ ਕਰਕੇ ਮੈਂ ਦੂਜੀਆਂ ਅਧਿਆਪਕਾਵਾਂ ਨੂੰ ਵੀ ਪੜ੍ਹਾਉਂਦੀ ਰਹੀ। ਜਦੋਂ ਇਕੱਠੇ ਡਿਸ਼ਕਸ਼ਨ ਕਰਦੇ ਤਾਂ ਬਹੁਤ ਵਧੀਆ ਵੀ ਲਗਦਾ ਤੇ ਉਹ ਪ੍ਰਸ਼ਨ ਪੱਕੇ ਵੀ ਹੋ ਜਾਂਦੇ। ਮੈਂ ਹੱਥ ਵਿੱਚ ਕਿਤਾਬ ਜ਼ਰੂਰ ਰੱਖਦੀ। ਪੜ੍ਹਨ ਵੇਲੇ ਮੈਨੂੰ ਇਵੇਂ ਲਗਦਾ ਜਿਵੇਂ ਮੈਂ ਪਹਿਲਾਂ ਵਾਲੀ ਵਿਦਿਆਰਥਣ ਦੇ ਰੂਪ ਵਿੱਚ ਆ ਗਈ ਹੋਵਾਂ। ਇੱਕ ਦਿਨ ਜਦੋਂ ਅਸੀਂ ਹਿਸਟਰੀ ਵਿੱਚੋਂ ਅਕਬਰ ਦਾ, ਹੁਮਾਯੂੰ ਦਾ ਮਕਬਰਾ... ਆਦਿ ਵਾਰੇ ਪੜ੍ਹ ਰਹੇ ਸਾਂ ਤਾਂ ਮੇਰੀ ਸਹੇਲੀ ਨੇ ਹੱਸਦਿਆਂ ਕਿਹਾ, “ ਭੈਣੋ! ਜੇ ਰਾਜ ਮੈਡਮ ਪਾਸ ਹੋ ਗਏ, ਅਸੀਂ ਫੇਲ ਹੋ ਗਈਆਂ ਤਾਂ ਸਾਨੂੰ ਤਾਂ ਸਾਡੇ ਮਕਬਰੇ ਇੱਥੇ ਮਲਟੀਪਰਪਜ਼ ਸਕੂਲ ਵਿੱਚ ਹੀ ਬਣਾਉਣੇ ਪੈ ਜਾਣਗੇ।” ਸੁਣਕੇ ਸਾਰੇ ਹੱਸ-ਹੱਸ ਦੋਹਰੇ ਹੋ ਗਏ।
ਭਾਵੇਂ ਬਾਕੀ ਕੁਛ ਵੀ ਕਹਿੰਦੇ ਰਹੇ, ਪਰ ਵਿਦੇਸ਼ ਰਹਿੰਦਾ ਮੇਰਾ ਪੁੱਤਰ ਸੁਣਕੇ ਬਹੁਤ ਖੁਸ਼ ਹੋਇਆ। ਉਸਨੇ ਇਹੀ ਕਿਹਾ, “ਮੰਮਾ! ਪੜ੍ਹਾਈ ਪ੍ਰਤੀ ਤੁਹਾਡਾ ਲਗਾਅ ਦੇਖਕੇ ਮੈਨੂੰ ਤੁਹਾਡੇ ’ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ।”
ਗੱਲ ਪਾਸ ਜਾਂ ਫੇਲ ਦੀ ਨਹੀਂ ਹੁੰਦੀ, ਤੁਹਾਡਾ ਇਸ ਪਾਸੇ ਤੁਰਨਾ ਹੀ ਕਾਬਿਲੇ-ਤਾਰੀਫ ਹੁੰਦਾ ਹੈ। ਮੇਰਾ ਅਧਿਆਪਕ ਭਰਾ, ਜਿਹੜਾ ਖੁਦ ਵੀ ਟੈੱਟ ਦੀ ਤਿਆਰੀ ਵਿੱਚ ਲੱਗਾ ਹੋਇਆ ਸੀ, ਉਸਨੇ ਮੇਰੀ ਤਿਆਰੀ ਵਿੱਚ ਮਦਦ ਵੀ ਕੀਤੀ, ਬਹੁਤ ਹੌਸਲਾ ਅਫਜ਼ਾਈ ਕੀਤੀ। ਮੇਰੇ ਪਤੀ ਨੇ ਵੀ ਮੇਰਾ ਪੂਰਾ ਸਾਥ ਦਿੱਤਾ।
ਸਾਡਾ ਸੈਂਟਰ ਮਸਤੂਆਣਾ ਸਾਹਿਬ ਵਿਖੇ ਬਣਿਆ। ਮੇਰੇ ਪਤੀ ਸਾਨੂੰ ਲੈ ਕੇ ਗਏ। ਮੇਰੇ ਨਾਲ ਮੇਰੀਆਂ ਦੋ ਅਧਿਆਪਕ ਸਾਥਣਾਂ ਵੀ ਗਈਆਂ। ਮੇਰੇ ਪਤੀ ਦਾ ਇਹੀ ਕਹਿਣਾ ਸੀ, “ਸੰਤ ਬਾਬਾ ਅਤਰ ਸਿੰਘ ਜੀ ਨੂੰ ਵਰੋਸਾਈ ਇਸ ਭਾਗਾਂ ਭਰੀ ਧਰਤੀ ’ਤੇ ਜਾ ਰਹੇ ਹੋ। ਇੱਥੋਂ ਕੋਈ ਖਾਲੀ ਨਹੀਂ ਮੁੜਦਾ।”
ਮਨ ਵਿੱਚ ਇਹ ਵੀ ਹੌਸਲਾ ਸੀ। ਸਾਡਾ ਸਾਰਿਆਂ ਦਾ ਪੇਪਰ ਵਧੀਆ ਹੋਇਆ।
ਨਤੀਜੇ ਵਾਲੇ ਦਿਨ ਜ਼ਮੀਨ ’ਤੇ ਪੈਰ ਨਹੀਂ ਸੀ ਲੱਗ ਰਹੇ। ਕੋਈ 103 ਨੰਬਰ ਲੈ ਕੇ ਮੈਂ ਟੈੱਟ ਪਾਸ ਕਰ ਗਈ। ਸਭ ਦੇ ਪਿਆਰ, ਦੁਆਵਾਂ ਸਦਕਾ ਸਾਡੀ ਮਿਹਨਤ ਨੇ ਰੰਗ ਲਿਆਂਦਾ ਅਤੇ ਅਸੀਂ ਟੈੱਟ ਪਾਸ ਵਾਲੇ ਹੋ ਗਏ। ਪ੍ਰਿੰਸੀਪਲ ਮੈਡਮ ਤੇ ਬਾਕੀ ਸਾਰੇ ਸਟਾਫ ਨੇ ਵਧਾਈਆਂ ਦਿੱਤੀਆਂ।
ਨਤੀਜਾ ਸੁਣਕੇ ਮਾਂ ਨੇ ਵੀ ਪੁਰਾਣੀ ਬੋਲੀ ਯਾਦ ਕਰਦਿਆਂ ਇਹੀ ਕਿਹਾ,
“ਕੁੜੀ ਕੁੜੀਆਂ ਬਰਾਬਰ ਹੋਈ, ਅੱਜ ਮੈਂ ਸ਼ੁਕਰ ਕਰਿਆ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































