“ਜਿੰਨੇ ਲਾਰੇ ਤੇ ਵਾਅਦੇ ਆਮ ਲੋਕਾਂ ਦੀ ਝੋਲੀ ਵਿੱਚ ਅੱਜ ਤੱਕ ਪਾਏ ਗਏ ਹਨ, ਉਨ੍ਹਾਂ ਨਾਲ ਗਰੀਬ ਬੰਦੇ ਦੀ ਝੋਲੀ ...”
(10 ਜੂਨ 2024)
ਇਸ ਸਮੇਂ ਪਾਠਕ: 220.
ਸਭ ਤੋਂ ਵੱਧ ਆਬਾਦੀ ਵਾਲੇ ਲੋਕਤੰਤਰੀ ਦੇਸ਼ ਭਾਰਤ ਦੀ ਨਵੀਂ ਪਾਰਲੀਮੈਂਟ ਇੱਕ ਵਾਰੀ ਫਿਰ ਚੁਣੇ ਜਾਣ ਮਗਰੋਂ ਦੇਸ਼ ਦੇ ਸੱਤਾ ਸੰਘਰਸ਼ ਵਿੱਚ ਸ਼ਾਮਲ ਹਰ ਛੋਟੀ-ਵੱਡੀ ਧਿਰ ਦੇ ਕੋਲ ਆਪਣੇ ਆਪ ਨੂੰ ਖੁਸ਼ ਕਰਨ ਲਈ ਬਹੁਤ ਕੁਝ ਹੋ ਸਕਦਾ ਹੈ। ਇਸ ਦਾ ਪ੍ਰਗਟਾਵਾ ਵੀ ਉਹ ਪੂਰੇ ਜੋਸ਼ ਨਾਲ ਕਰਦੇ ਹਨ ਤੇ ਉਨ੍ਹਾਂ ਦੇ ਢੰਡੋਰਚੀ ਇਹ ਦਾਅਵਾ ਪ੍ਰਚਾਰਨ ਵਿੱਚ ਕੋਈ ਕਸਰ ਵੀ ਨਹੀਂ ਛੱਡਣਗੇ। ਆਮ ਲੋਕਾਂ ਲਈ ਇਹ ਬੱਸ ਇੱਕ ਚੋਣ ਸੀ, ਓਸੇ ਤਰ੍ਹਾਂ ਦੀ ਇੱਕ ਹੋਰ ਚੋਣ ਕਹਿ ਲਉ, ਜਿੱਦਾਂ ਦੀਆਂ ਕਈ ਚੋਣਾਂ ਉਨ੍ਹਾਂ ਦੇ ਸਿਰਾਂ ਉੱਤੇ ਗੂੰਜਾਂ ਪਾਉਂਦੀਆਂ ਲੰਘ ਜਾਣ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਪਹਿਲਾਂ ਕਦੇ ਆਇਆ ਨਹੀਂ ਤੇ ਅੱਗੋਂ ਆਉਣ ਦੀ ਬਹੁਤੀ ਆਸ ਨਹੀਂ। ਪਿਛਲੀ ਹਰ ਚੋਣ ਵਾਂਗ ਇਸ ਵਾਰ ਵੀ ਲਾਰਿਆਂ ਦਾ ਬੁੱਕ ਸਧਾਰਨ ਬੰਦੇ ਦੀ ਝੋਲੀ ਵਿੱਚ ਪਾਉਣ ਦੀ ਹਰ ਪਾਰਟੀ ਨੇ ਕੋਸ਼ਿਸ਼ ਕੀਤੀ, ਪਰ ਜਵਾਬੀ ਹੁੰਗਾਰਾ ਕਿਸੇ ਨੂੰ ਮਿਲਿਆ ਤੇ ਕੋਈ ਇਸ ਹੁੰਗਾਰੇ ਤੋਂ ਇਸ ਲਈ ਰਹਿ ਗਿਆ ਕਿ ਆਮ ਬੰਦਾ ਵਿਚਾਰਾ ਓਸੇ ਵਰਗੀ ਕਿਸੇ ਹੋਰ ਪਾਰਟੀ ਨੂੰ ਆਪਣਾ ਹਿਤੈਸ਼ੀ ਮੰਨ ਕੇ ਹੁੰਗਾਰਾ ਭਰ ਚੁੱਕਾ ਸੀ। ਜਿੰਨੇ ਲਾਰੇ ਤੇ ਵਾਅਦੇ ਆਮ ਲੋਕਾਂ ਦੀ ਝੋਲੀ ਵਿੱਚ ਅੱਜ ਤੱਕ ਪਾਏ ਗਏ ਹਨ, ਉਨ੍ਹਾਂ ਨਾਲ ਗਰੀਬ ਬੰਦੇ ਦੀ ਝੋਲੀ ਪਾਟਣ ਤੱਕ ਆਈ ਹੋ ਸਕਦੀ ਹੈ, ਪਰ ਜੀਵਨ ਵਿੱਚ ਸੁਧਾਰ ਦੀ ਜਿੱਦਾਂ ਦੀ ਉਡੀਕ ਇੰਦਰਾ ਗਾਂਧੀ ਦੇ ‘ਗਰੀਬੀ ਹਟਾਉ’ ਦਾ ਨਾਅਰਾ ਦੇਣ ਵੇਲੇ ਸੀ, ਉੱਨੀ-ਇੱਕੀ ਦੇ ਫਰਕ ਨਾਲ ਅੱਧੀ ਸਦੀ ਲੰਘ ਜਾਣ ਪਿੱਛੋਂ ਵੀ ਅੱਜ ਤੱਕ ਐਨ ਓਨੀ ਹੀ ਉਡੀਕ ਹੈ, ਸਮੇਂ ਦੇ ਸਾਲ ਲੰਘਣ ਦਾ ਕੋਈ ਫਰਕ ਨਹੀਂ ਜਾਪਦਾ।
ਜਦੋਂ ਅਸੀਂ ਕਹਿੰਦੇ ਹਾਂ ਕਿ ਸਾਰੀਆਂ ਧਿਰਾਂ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਬੜਾ ਕੁਝ ਕਹਿ ਸਕਦੀਆਂ ਹਨ ਤਾਂ ਇਸ ਵਿੱਚ ਸਾਰਿਆਂ ਤੋਂ ਪਹਿਲਾ ਨੰਬਰ ਭਾਰਤੀ ਜਨਤਾ ਪਾਰਟੀ ਅਤੇ ਲਗਾਤਾਰ ਤੀਸਰੀ ਵਾਰੀ ਭਾਰਤ ਦੇਸ਼ ਦੀ ਵਾਗ ਸੰਭਾਲਣ ਵਾਲੇ ਉਸ ਦੇ ਆਗੂਆਂ ਦਾ ਗਿਣਨਾ ਬਣਦਾ ਹੈ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਿਛਲੇ ਸਮੇਂ ਵਿੱਚ ਆਮ ਲੋਕਾਂ ਵਿੱਚ ਉਨ੍ਹਾਂ ਦੀ ਸਾਖ ਕਿੰਨੀ ਕੁ ਡਿਗੀ ਹੈ, ਸਗੋਂ ਇਸ ਧਾਰਨਾ ਨੂੰ ਮੰਨਦੇ ਜਾਪਦੇ ਹਨ ਕਿ ਦੇਸ਼ ਦੀ ਸੱਤਾ ਉੱਤੇ ਕਬਜ਼ਾ ਰੱਖਣ ਦੀ ਗੱਲ ਸੀ, ਉਹ ਕੰਮ ਹੋ ਗਿਆ ਹੈ, ਬਾਕੀ ਗੱਲਾਂ ਸੁਣਨ ਦੀ ਲੋੜ ਨਹੀਂ। ਭਾਰਤ ਦੇ ਲੋਕ ਵੀ ‘ਜਿਹੜਾ ਜਿੱਤਿਆ, ਉਹੀ ਸਿਕੰਦਰ’ ਦੇ ਮੁਹਾਵਰੇ ਵਾਂਗ ਭਾਜਪਾ ਲੀਡਰਾਂ ਦੀ ਇਸ ਧਾਰਨਾ ਨੂੰ ਮੰਨ ਸਕਦੇ ਹਨ ਤੇ ਨਾ ਵੀ ਮੰਨਣ ਤਾਂ ਇਸ ਧਾਰਨਾ ਨੂੰ ਕੱਟਣ ਦੀ ਹਸਤੀ ਅਗਲੇ ਪੰਜ ਸਾਲ ਆਮ ਲੋਕਾਂ ਦੀ ਨਹੀਂ। ਚੋਣ ਅੰਕੜੇ ਫੋਲਣ ਵਾਲੇ ਲੇਖਕ ਇਹ ਕਬਾੜ ਫੋਲਦੇ ਰਹਿਣਗੇ ਕਿ ਭਾਜਪਾ ਪੰਜ ਸਾਲ ਪਹਿਲਾਂ ਆਪਣੇ ਸਿਰ ਪੰਜ ਸੌ ਤਿਰਤਾਲੀ ਮੈਂਬਰੀ ਲੋਕ ਸਭਾ ਵਿੱਚ ਤਿੰਨ ਸੌ ਤਿੰਨ ਸੀਟਾਂ ਜਿੱਤ ਗਈ ਅਤੇ ਇਸ ਵਾਰੀ ਮਸਾਂ ਦੋ ਸੌ ਚਾਲੀ ਸੀਟਾਂ ਜਿੱਤ ਸਕੀ ਹੈ, ਆਮ ਆਦਮੀ ਨੂੰ ਇਸ ਨਾਲ ਕਿਸੇ ਤਰ੍ਹਾਂ ਦਾ ਫਰਕ ਇਸ ਲਈ ਨਹੀਂ ਪੈਂਦਾ ਕਿ ਸਰਕਾਰ ਫਿਰ ਓਸੇ ਪਾਰਟੀ ਦੀ ਹੈ, ਜਿਸ ਦੀ ਪਹਿਲਾਂ ਚੱਲਦੀ ਸੀ।
ਵਿਰੋਧੀ ਧਿਰ ਦੀ ਅਗਵਾਈ ਕਰਦੀ ਕਾਂਗਰਸ ਪਾਰਟੀ ਦੇ ਲੀਡਰ ਖੁਸ਼ ਹਨ ਕਿ ਉਹ ਪਿਛਲੀ ਵਾਰ ਪੰਜਾਹ ਸੀਟਾਂ ਤੋਂ ਜ਼ਰਾ ਵੱਧ ਗਿਣਤੀ ਨਾਲ ਲੋਕ ਸਭਾ ਵਿੱਚ ਊਣੇ-ਪੌਣੇ ਦਿਸਦੇ ਸਨ, ਪਰ ਇਸ ਵਾਰੀ ਉਹ ਸੈਂਕੜੇ ਤੋਂ ਜ਼ਰਾ ਕੁ ਨੀਵੇਂ, ਮਸਾਂ ਇੱਕ ਸੀਟ ਘੱਟ ਨਾਲ ਮੁੱਖ ਵਿਰੋਧੀ ਧਿਰ ਵਾਲਾ ਦਰਜਾ ਮਾਣ ਸਕਦੇ ਹਨ। ਇਸ ਵਾਧੇ ਵਿੱਚ ਉਨ੍ਹਾਂ ਦੀ ਲੀਡਰਸ਼ਿੱਪ ਵਿੱਚੋਂ ਜੇ ਕਿਸੇ ਦਾ ਬਹੁਤਾ ਵੱਡਾ ਯੋਗਦਾਨ ਆਮ ਲੋਕਾਂ ਦੀ ਨਜ਼ਰ ਵਿੱਚ ਹੋ ਸਕਦਾ ਹੈ ਤਾਂ ਉਹ ਕਾਂਗਰਸ ਦੀ ਅਗਵਾਈ ਕਰਦੇ ਪਰਵਾਰ ਦੀ ਆਸ ਸਮਝੇ ਜਾਂਦੇ ਰਾਹੁਲ ਗਾਂਧੀ ਦਾ ਓਨਾ ਨਹੀਂ, ਜਿੰਨਾ ਉਸ ਦੀ ਵੱਡੀ ਭੈਣ ਤੇ ਪਾਰਟੀ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦਾ ਹੈ। ਉਸ ਦੀ ਪ੍ਰਚਾਰ ਮੁਹਿੰਮ ਵੀ ਹਰ ਹੋਰ ਆਗੂ ਨਾਲੋਂ ਵੱਧ ਅਕਲ ਅਤੇ ਯੋਜਨਾਬੰਦੀ ਵਾਲੀ ਸੀ ਤੇ ਸਭ ਤੋਂ ਵੱਡੀ ਗੱਲ ਕਿ ਉਸ ਦੇ ਭਾਸ਼ਣਾਂ ਵਿੱਚ ਅਪੀਲ ਦੇ ਨਾਲ ਦਲੀਲ ਹੁੰਦੀ ਸੀ, ਵਿਰੋਧ ਦੀ ਧਿਰ ਨੂੰ ਅੱਗੋਂ ਉਸੇ ਵਾਂਗ ਠਿੱਠ ਕਰਦੇ ਟੋਟਕਿਆਂ ਦੀ ਥਾਂ ਆਮ ਲੋਕਾਂ ਨੂੰ ਇਹ ਸਮਝਾਉਣ ਵਾਲੀ ਹੁੰਦੀ ਸੀ ਕਿ ਭਾਜਪਾ ਵੱਲੋਂ ਦੇਸ਼ ਦਾ ਆਗੂ ਬਣਾਇਆ ਗਿਆ ਵਿਅਕਤੀ ਕਿੰਨੇ ਹਲਕੇ ਪੱਧਰ ਦੀਆਂ ਗੱਲਾਂ ਕਰਦਾ ਹੈ। ਰਾਹੁਲ ਗਾਂਧੀ ਕਿਤੇ ਵੀ ਭਾਸ਼ਣ ਕਰਦਾ ਸੀ ਤਾਂ ਉਸ ਦੀ ਪਾਰਟੀ ਅਤੇ ਆਮ ਸਮਰਥਕਾਂ ਨੂੰ ਇਹ ਚਿੰਤਾ ਰਹਿੰਦੀ ਸੀ ਕਿ ਉਹ ਕੋਈ ਇਹੋ ਜਿਹੀ ਗੱਲ ਨਾ ਕਹਿ ਦੇਵੇ ਕਿ ਇੱਕ ਅਦਾਲਤੀ ਮੁਕੱਦਮਾ ਹੋਰ ਬਣਾ ਬਹਿੰਦਾ ਹੋਵੇ, ਪਰ ਪ੍ਰਿਅੰਕਾ ਗਾਂਧੀ ਦੇ ਭਾਸ਼ਣਾਂ ਦੇ ਦੌਰਾਨ ਏਦਾਂ ਕੋਈ ਚਿੰਤਾ ਕਿਸੇ ਆਗੂ ਦੇ ਚਿਹਰੇ ਉੱਤੇ ਨਹੀਂ ਸੀ ਵੇਖੀ ਜਾਂਦੀ। ਪ੍ਰਿਅੰਕਾ ਕੋਲ ਸ਼ਬਦਾਵਲੀ ਦਾ ਭੰਡਾਰ ਹੁੰਦਾ ਸੀ, ਗੱਲ ਕਹਿਣ ਦਾ ਅੰਦਾਜ਼ ਵੀ ਅਤੇ ਰਾਜਨੀਤਕ ਖੇਤਰ ਦੇ ਬਹੁਤ ਸਾਰੇ ਮਾਹਿਰਾਂ ਦੀ ਇਹ ਰਾਏ ਸੀ ਕਿ ਉਸ ਦੇ ਭਾਸ਼ਣਾਂ ਵਿੱਚ ਪੁਰਾਣੇ ਸਮੇਂ ਦੇ ਸੁਲਝੇ ਹੋਏ ਆਗੂਆਂ ਵਾਲਾ ਠਹਿਰਾਉ ਅਤੇ ਵਿਆਕਰਨ ਦੀ ਰਵਾਨੀ ਵੀ ਸਪਸ਼ਟ ਲੱਭ ਜਾਇਆ ਕਰਦੀ ਸੀ।
ਅਗਲੀ ਗੱਲ ਇਹ ਕਿ ਨਹਿਰੂ-ਗਾਂਧੀ ਖਾਨਦਾਨ ਦੇ ਵਕਾਰ ਦਾ ਪ੍ਰਤੀਕ ਬਣਿਆ ਅਮੇਠੀ ਹਲਕਾ ਐਤਕੀਂ ਭਾਜਪਾ ਤੋਂ ਕਾਂਗਰਸ ਨੇ ਛੁਡਾ ਲਿਆ ਅਤੇ ਓਥੋਂ ਪਿਛਲੀ ਵਾਰੀ ਜਿੱਤਣ ਵਾਲੀ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੂੰ ਤਕੜਾ ਝਟਕਾ ਲੱਗਾ ਹੈ, ਪਰ ਇਹ ਝਟਕਾ ਇਕੱਲੀ ਨੂੰ ਨਹੀਂ ਲੱਗਾ, ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਸਾਰੀ ਭਾਜਪਾ ਨੂੰ ਲੱਗਾ ਹੈ। ਭਾਰਤ ਦੇ ਸਭ ਤੋਂ ਵੱਡੇ ਇਸ ਰਾਜ ਵਿੱਚ ਪੰਜ ਸਾਲ ਪਹਿਲਾਂ ਕੁੱਲ ਅੱਸੀ ਸੀਟਾਂ ਵਿੱਚੋਂ ਬਾਹਠ ਜਿੱਤਣ ਵਾਲੀ ਭਾਜਪਾ ਇਸ ਵਾਰੀ ਮਸਾਂ ਤੇਤੀ ਸੀਟਾਂ ਜਿੱਤ ਸਕੀ ਹੈ, ਜਦ ਕਿ ਉਸ ਦੇ ਵਿਰੋਧੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੇ ਤਿਰਤਾਲੀ ਜਿੱਤ ਲਈਆਂ ਹਨ। ਏਦੂੰ ਵੀ ਵੱਡੀ ਸੱਟ ਭਾਜਪਾ ਨੂੰ ਤਿੰਨ ਹੋਰ ਗੱਲਾਂ ਨਾਲ ਪਈ ਮੰਨੀ ਜਾ ਸਕਦੀ ਹੈ। ਇੱਕ ਤਾਂ ਇਹ ਕਿ ਕਿਸਾਨ ਅੰਦੋਲਨ ਵੇਲੇ ਜਿਸ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਨੇ ਜੀਪ ਚਾੜ੍ਹ ਕੇ ਚਾਰ ਕਿਸਾਨ ਅਤੇ ਇੱਕ ਮੀਡੀਆ ਵਾਲੇ ਨੂੰ ਮਾਰ ਦਿੱਤਾ ਸੀ, ਉਹ ਆਪਣੇ ਹਲਕੇ ਖੇੜੀ ਤੋਂ ਇਸ ਵਾਰ ਪਾਰ ਨਹੀਂ ਲੱਗ ਸਕਿਆ। ਦੂਸਰੀ ਇਹ ਕਿ ਜਿਸ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹ ਕੇ ਰਾਮ ਜਨਮ ਭੂਮੀ ਮੰਦਰ ਬਣਾਉਣ ਤੋਂ ਭਾਜਪਾ ਚਾਲੀ ਕੁ ਸਾਲ ਪਹਿਲਾਂ ਤੁਰੀ ਸੀ ਅਤੇ ਓਦੋਂ ਦੀਆਂ ਕੁੱਲ ਦੋ ਸੀਟਾਂ ਤੋਂ ਚੱਲ ਕੇ ਦੇਸ਼ ਦੀ ਵਾਗ ਸਾਂਭਣ ਜੋਗੀ ਹੋਈ ਸੀ, ਉਸ ਅਯੁੱਧਿਆ ਦੀ ਸੀਟ ਭਾਜਪਾ ਨਹੀਂ ਬਚਾ ਸਕੀ। ਅਯੁੱਧਿਆ ਪਹਿਲਾਂ ਛੋਟਾ ਸ਼ਹਿਰ ਤੇ ਫੈਜ਼ਾਬਾਦ ਜ਼ਿਲ੍ਹੇ ਦਾ ਹਿੱਸਾ ਸੀ, ਨਰਿੰਦਰ ਮੋਦੀ ਸਰਕਾਰ ਬਣਨ ਪਿੱਛੋਂ ਫੈਜ਼ਾਬਾਦ ਨੂੰ ਅਯੁੱਧਿਆ ਜ਼ਿਲ੍ਹੇ ਦਾ ਹਿੱਸਾ ਬਣਾਇਆ ਗਿਆ, ਪਰ ਲੋਕ ਸਭਾ ਸੀਟ ਅਜੇ ਵੀ ਫੈਜ਼ਾਬਾਦ ਦੇ ਨਾਂਅ ਉੱਪਰ ਹੈ ਤੇ ਅਗਲੀ ਹੱਦਬੰਦੀ ਤੱਕ ਸ਼ਾਇਦ ਏਦਾਂ ਹੀ ਰਹੇਗੀ। ਓਥੋਂ ਭਾਜਪਾ ਦਾ ਦੋ ਵਾਰੀ ਦਾ ਪਾਰਲੀਮੈਂਟ ਮੈਂਬਰ ਇਸ ਵਾਰੀ ਓਦੋਂ ਹਾਰ ਗਿਆ, ਜਦੋਂ ਰਾਮ ਮੰਦਰ ਦੀ ਉਸਾਰੀ ਮੁਕੰਮਲ ਕਹਿ ਕੇ ਉਸ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਦਾ ਸਮਾਗਮ ਵੀ ਕੀਤਾ ਜਾ ਚੁੱਕਾ ਸੀ ਤੇ ਲੋਕਾਂ ਨੂੰ ਕਿਹਾ ਗਿਆ ਸੀ ਕਿ ‘ਚਿਰਾਂ ਦੀ ਸਾਧਨਾ ਪੂਰੀ ਕਰ ਦਿੱਤੀ ਗਈ ਹੈ’, ਪਰ ਇਸ ਦੇ ਬਾਵਜੂਦ ਅਯੁੱਧਿਆ ਦੇ ਲੋਕ ਭਾਜਪਾ ਮਗਰ ਨਹੀਂ ਭੁਗਤੇ। ਜਿਸ ਸ਼ਹਿਰ ਨੂੰ ਉਹ ਪਾਰਟੀ ਸਾਰੀ ਦੁਨੀਆ ਦੀਆਂ ਨਜ਼ਰਾਂ ਵਿੱਚ ਉਭਾਰਦੀ ਰਹੀ, ਉਸ ਦੇ ਲੋਕ ਉਸ ਨਾਲ ਕਿਉਂ ਨਹੀਂ ਰਹੇ, ਇਸ ਦੀ ਚੀਰ-ਪਾੜ ਭਾਜਪਾ ਨੇ ਓਨੀ ਨਹੀਂ ਕਰਨੀ, ਜਿੰਨੀ ਉਸ ਦੇ ਵਿਰੋਧੀ ਕਰਦੇ ਪਏ ਹਨ। ਦੱਸਿਆ ਜਾਂਦਾ ਹੈ ਕਿ ਮੰਦਰ ਉਸਾਰੀ ਵਾਲੇ ਕੰਮਾਂ ਬਹਾਨੇ ਕਾਫੀ ਵੱਡੀ ਪੱਧਰ ਉੱਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਰਿਹਾ, ਉਹ ਵੀ ਭਾਜਪਾ ਨੂੰ ਏਡੀ ਵੱਡੀ ਮਾਰ ਪੈਣ ਦਾ ਇੱਕ ਵੱਡਾ ਕਾਰਨ ਬਣ ਗਿਆ ਸੀ ਅਤੇ ਭਾਜਪਾ ਲੀਡਰਾਂ ਵੱਲੋਂ ਛੱਡੇ ਹਵਾਈ ਤੀਰ ਵੀ ਉਸ ਨਗਰੀ ਦੇ ਲੋਕਾਂ ਨੇ ਪਸੰਦ ਨਹੀਂ ਕੀਤੇ।
ਇਨ੍ਹਾਂ ਸਭ ਗੱਲਾਂ ਨਾਲੋਂ ਵੱਡੀ ਟੀਸ ਦੇਣ ਵਾਲੀ ਸੱਟ ਇਸ ਵਾਰੀ ਭਾਜਪਾ ਨੂੰ ਜਿਹੜੀ ਪਈ ਹੈ, ਉਹ ਵੱਡੀ ਚਰਚਾ ਦਾ ਵਿਸ਼ਾ ਨਹੀਂ ਬਣ ਸਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵਾਰਾਣਸੀ ਸੀਟ ਤੋਂ ਪਹਿਲੀ ਵਾਰ ਜਦੋਂ ਚੋਣ ਜਿੱਤੇ ਤਾਂ ਜਿੱਤ ਦਾ ਫਰਕ ਤਿੰਨ ਲੱਖ ਇਕ੍ਹੱਤਰ ਹਜ਼ਾਰ ਤੋਂ ਵੱਧ ਸੀ, ਦੂਸਰੀ ਵਾਰੀ ਜਿੱਤ ਦਾ ਫਰਕ ਵਧ ਕੇ ਚਾਰ ਲੱਖ ਉਨਾਸੀ ਹਜ਼ਾਰ ਤੋਂ ਵੱਧ ਹੋ ਗਿਆ, ਪਰ ਐਤਕੀਂ ਤੀਸਰੀ ਵਾਰੀ ਉਹ ਇੱਕ ਲੱਖ ਬਵੰਜਾ ਹਜ਼ਾਰ ਪੰਜ ਸੌ ਤੇਰਾਂ ਤੱਕ ਆਣ ਡਿੱਗਾ ਹੈ। ਪਹਿਲੀ ਚੋਣ ਵੇਲੇ ਨਰਿੰਦਰ ਮੋਦੀ ਦੀਆਂ ਵੋਟਾਂ ਪੰਜ ਲੱਖ ਇਕਾਸੀ ਹਜ਼ਾਰ ਨੂੰ ਟੱਪ ਗਈਆਂ, ਦੂਸਰੀ ਚੋਣ ਵੇਲੇ ਹੋਰ ਵਧ ਕੇ ਛੇ ਲੱਖ ਚੁਹੱਤਰ ਹਜ਼ਾਰ ਤੋਂ ਟੱਪ ਗਈਆਂ ਅਤੇ ਇਸ ਤੀਸਰੀ ਵਾਰੀ ਵਧਣ ਦੀ ਥਾਂ ਘਟ ਕੇ ਛੇ ਲੱਖ ਤੇਰਾਂ ਹਜ਼ਾਰ ਤੋਂ ਹੇਠਾਂ ਰਹਿ ਗਈਆਂ ਹਨ। ਜਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਾਰ ਦੀ ਸਿਖਰਲੀ ਪ੍ਰਸਿੱਧ ਸ਼ਖਸੀਅਤ ਕਹਿ ਕੇ ਪ੍ਰਚਾਰਿਆ ਜਾਂਦਾ ਸੀ, ਆਪਣੇ ਹਲਕੇ ਵਾਰਾਣਸੀ ਵਿੱਚ ਉਸ ਦੀ ਜਨਤਕ ਹਮਾਇਤ ਘਟਦੀ ਜਾਣ ਵਾਲਾ ਕਾਰਨ ਭਾਜਪਾ ਵਾਲਿਆਂ ਨੂੰ ਲੱਭਣਾ ਤੇ ਭਵਿੱਖ ਵਿੱਚ ਹੋਰ ਘਟਣ ਤੋਂ ਰੋਕਣ ਬਾਰੇ ਸੋਚਣਾ ਪਵੇਗਾ ਤੇ ਉਨ੍ਹਾਂ ਦੇ ਨਾਲ ਬਾਕੀ ਪਾਰਟੀਆਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਇਸ ਦੇਸ਼ ਦੇ ਲੋਕ ਕਿਸੇ ਵੀ ਲੀਡਰ ਦੇ ਪਾਵੇ ਨਾਲ ਨਹੀਂ ਬੱਝੇ ਰਹਿੰਦੇ।
ਸਾਡੇ ਪੰਜਾਬ ਦਾ ਰਾਜ ਮਾਣਦੀ ਆਮ ਆਦਮੀ ਪਾਰਟੀ ਨੂੰ ਵੀ ਸੱਟ ਪਈ ਹੈ। ਉਸ ਦਾ ਸਭ ਤੇਰਾਂ ਸੀਟਾਂ ਜਿੱਤ ਲੈਣ ਦਾ ਦਾਅਵਾ ਲੋਕਾਂ ਨੇ ਪੂਰਾ ਨਹੀਂ ਹੋਣ ਦਿੱਤਾ ਅਤੇ ਤਿੰਨ ਸੀਟਾਂ ਮਿਲ ਸਕੀਆਂ ਹਨ। ਇਸ ਪਾਰਟੀ ਦਾ ਦੇਸ਼ ਦੀ ਰਾਜਧਾਨੀ ਵਿੱਚ ਕਾਂਗਰਸ ਨਾਲ ਮਿਲ ਕੇ ਸੱਤ ਦੀਆਂ ਸੱਤ ਸੀਟਾਂ ਜਿੱਤ ਲੈਣ ਦਾ ਦਾਅਵਾ ਵੀ ਓਥੇ ਲੋਕਾਂ ਨੇ ਪੂਰਾ ਨਹੀਂ ਹੋਣ ਦਿੱਤਾ, ਸਗੋਂ ਇਹ ਦੋਵੇਂ ਧਿਰਾਂ ਮਿਲ ਕੇ ਵੀ ਓਥੇ ਕੋਈ ਸੀਟ ਨਹੀਂ ਜਿੱਤ ਸਕੀਆਂ। ਅਜੇ ਤੱਕ ਦਿੱਲੀ ਵਿੱਚ ਦੋਵੇਂ ਧਿਰਾਂ ਵੱਖੋ-ਵੱਖ ਚੱਲਦੀਆਂ ਤੇ ਮਾਰ ਖਾਂਦੀਆਂ ਸਨ, ਐਤਕੀਂ ਇਕੱਠੇ ਹੋਣਾ ਵੀ ਰਾਸ ਨਹੀਂ ਆਇਆ ਅਤੇ ਬਾਕੀ ਰਾਜਾਂ ਵਿੱਚ ਵੀ ਆਸ ਨੂੰ ਬੂਰ ਨਹੀਂ ਪੈ ਸਕਿਆ। ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਆਪਣੇ ਵਿਧਾਇਕਾਂ ਅਤੇ ਵਜ਼ੀਰਾਂ ਉੱਤੇ ਲਗਾਤਾਰ ਲੱਗਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਨਵੇਂ ਸਿਰੇ ਤੋਂ ਸੋਚਣਾ ਪਵੇਗਾ, ਵਰਨਾ ਭਵਿੱਖ ਵਿੱਚ ਇਸ ਪਾਰਟੀ ਨੂੰ ਅਜੇ ਹੋਰ ਝਟਕੇ ਲੱਗ ਸਕਦੇ ਹਨ। ਉਸ ਦੀ ਅਗਲੀ ਪਹਿਲੀ ਪਰਖ ਪੰਜਾਬ ਦੇ ਚਾਰ ਵਿਧਾਇਕ ਪਾਰਲੀਮੈਂਟ ਵਿੱਚ ਪਹੁੰਚ ਜਾਣ ਅਤੇ ਇੱਕ ਹੋਰ ਦਾ ਅਸਤੀਫਾ ਪ੍ਰਵਾਨ ਹੋਣ ਕਾਰਨ ਖਾਲੀ ਹੋਈਆਂ ਛੇ ਸੀਟਾਂ ਦੀ ਸਾਹਮਣੇ ਆਈ ਉੱਪ ਚੋਣ ਵਿੱਚ ਹੋ ਜਾਣੀ ਹੈ ਅਤੇ ਉਨ੍ਹਾਂ ਦੇ ਬਾਅਦ ਸ਼ਹਿਰਾਂ ਦੀਆਂ ਕੌਂਸਲਾਂ ਤੇ ਪਿੰਡਾਂ ਵਿੱਚ ਪੰਚਾਇਤਾਂ ਦੀਆਂ ਚੋਣਾਂ ਵੀ ਹੋਣ ਵਾਲੀਆਂ ਹਨ।
ਫਿਰ ਵੀ ਸਾਡੇ ਪੰਜਾਬ ਦੇ ਲੋਕਾਂ ਲਈ ਇਸ ਲੋਕ ਸਭਾ ਚੋਣ ਦਾ ਸਭ ਤੋਂ ਵੱਧ ਧਿਆਨ ਮੰਗਦਾ ਪੱਖ ਅਕਾਲੀ ਦਲ ਅਤੇ ਭਾਜਪਾ ਦੀ ਕਾਰਗੁਜ਼ਾਰੀ ਦਾ ਹੈ। ਅਕਾਲੀ ਦਲ ਨੇ ਬਠਿੰਡਾ ਦੀ ਇਕਲੌਤੀ ਸੀਟ ਜਿੱਤਣ ਨਾਲ ਲੋਕਾਂ ਮੂਹਰੇ ਜਾਣ ਦਾ ਰਾਹ ਤਾਂ ਕੱਢ ਲਿਆ ਹੈ, ਪਰ ਉਸ ਦੀ ਵੋਟ ਫੀਸਦੀ ਬੁਰੀ ਤਰ੍ਹਾਂ ਡਿੱਗ ਪਈ ਹੈ, ਜਦ ਕਿ ਭਾਜਪਾ ਨੇ ਲੋਕ ਸਭਾ ਦੀ ਸੀਟ ਭਾਵੇਂ ਕੋਈ ਨਹੀਂ ਜਿੱਤੀ, ਉਸ ਨੇ ਵੋਟ ਫੀਸਦੀ ਨਾਲ ਆਪਣਾ ਜਨਤਕ ਆਧਾਰ ਅਕਾਲੀ ਦਲ ਨਾਲੋਂ ਵਧੇਰੇ ਹੋਣ ਦੀ ਝਲਕ ਦੇ ਦਿੱਤੀ ਹੈ, ਜਿਹੜੀ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਨੂੰ ਪ੍ਰਭਾਵਤ ਕਰ ਸਕਦੀ ਹੈ। ਅਕਾਲੀ ਦਲ ਪੰਜਾਬ ਦੀਆਂ ਸਿਰਫ ਨੌਂ ਵਿਧਾਨ ਸਭਾ ਸੀਟਾਂ ਉੱਤੇ ਬਾਕੀ ਪਾਰਟੀਆਂ ਨੂੰ ਪਛਾੜ ਕੇ ਪਹਿਲੇ ਨੰਬਰ ਉੱਤੇ ਰਿਹਾ ਹੈ, ਪਰ ਭਾਜਪਾ ਤੇਈ ਸੀਟਾਂ ਤੋਂ ਪਹਿਲੇ ਨੰਬਰ ਉੱਤੇ ਆਈ ਹੈ। ਇਹ ਗੱਲ ਵੀ ਕਈ ਲੋਕ ਨੋਟ ਕਰ ਰਹੇ ਹਨ ਕਿ ਪਹਿਲੇ ਥਾਂ ਆਉਣ ਵਿੱਚ ਕਾਂਗਰਸ ਪਾਰਟੀ ਐਤਕੀਂ ਆਮ ਆਦਮੀ ਪਾਰਟੀ ਨੂੰ ਪਛਾੜ ਕੇ ਅੱਗੇ ਹੋ ਗਈ ਹੈ, ਪਰ ਉਨ੍ਹਾਂ ਦੋਵਾਂ ਧਿਰਾਂ ਦੀ ਖਹਿਬਾਜ਼ੀ ਪਾਸੇ ਰੱਖ ਕੇ ਲੋਕ ਇਹ ਵੇਖ ਰਹੇ ਹਨ ਕਿ ਭਾਜਪਾ ਪੰਜਾਬ ਵਿੱਚ ਏਨੀ ਤੇਜ਼ੀ ਨਾਲ ਉੱਭਰੀ ਹੈ ਕਿ ਅਗਲੀ ਵਿਧਾਨ ਸਭਾ ਚੋਣ ਜਦੋਂ ਤਿੰਨ ਸਾਲ ਬਾਅਦ ਹੋਣੀ ਹੈ, ਓਦੋਂ ਉਹ ਬਾਕੀ ਸਭ ਧਿਰਾਂ ਅੱਗੇ ਵੱਡੀ ਚੁਣੌਤੀ ਬਣ ਸਕਦੀ ਹੈ। ਪੰਜਾਬ ਵਿੱਚ ਜਿਹੜੀਆਂ ਪੰਜ ਸੀਟਾਂ ਲੋਕ ਸਭਾ ਚੋਣ ਜਿੱਤ ਗਏ ਵਿਧਾਇਕਾਂ ਕਾਰਨ ਖਾਲੀ ਹੋਈਆਂ ਹਨ ਅਤੇ ਓਥੇ ਉਪ ਚੋਣ ਕਰਾਉਣੀ ਪੈਣੀ ਹੈ, ਉਨ੍ਹਾਂ ਦੀ ਹਾਲਤ ਸਾਡੀ ਇਸ ਧਾਰਨਾ ਦੀ ਪੁਸ਼ਟੀ ਅਗਲੇ ਦਿਨੀਂ ਕਰ ਸਕਦੀ ਹੈ। ਗੁਰਦਾਸਪੁਰੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਹੋਈ ਤਾਂ ਦੂਜੇ ਥਾਂ ਭਾਜਪਾ ਰਹੀ ਹੈ, ਉਸ ਲੋਕ ਸਭਾ ਸੀਟ ਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਛੇ ਥਾਂਈਂ ਕਾਂਗਰਸ ਅੱਗੇ ਤੇ ਤਿੰਨ ਥਾਂ ਭਾਜਪਾ ਅੱਗੇ ਹੈ, ਆਮ ਆਦਮੀ ਪਾਰਟੀ ਜਾਂ ਅਕਾਲੀ ਨਹੀਂ ਆਏ। ਹੁਸ਼ਿਆਰਪੁਰ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਤਾਂ ਇਸ ਦੇ ਨੌਂ ਵਿਧਾਨ ਸਭਾ ਹਲਕਿਆਂ ਤੋਂ ਚਾਰ ਸੀਟਾਂ ਉੱਤੇ ਇਸ ਪਾਰਟੀ ਦਾ ਪਹਿਲਾ ਨੰਬਰ ਸੀ, ਤਿੰਨ ਉੱਤੇ ਭਾਜਪਾ ਤੇ ਦੋ ਸੀਟਾਂ ਉੱਤੇ ਕਾਂਗਰਸ ਦਾ, ਅਕਾਲੀ ਦਲ ਕਿਤੇ ਨਹੀਂ ਸੀ। ਹੈਰਾਨੀ ਦੀ ਗੱਲ ਹੈ ਕਿ ਲੁਧਿਆਣਾ ਸੀਟ ਕਾਂਗਰਸ ਨੇ ਜਿੱਤੀ ਹੈ, ਪਰ ਪੰਜ ਸੀਟਾਂ ਉੱਤੇ ਭਾਜਪਾ ਅੱਗੇ ਹੈ, ਸਿਰਫ ਚਾਰ ਸੀਟਾਂ ਉੱਤੇ ਚੋਖੀ ਵੱਧ ਮਿਲੀ ਵੋਟ ਕਾਰਨ ਕਾਂਗਰਸ ਜਿੱਤ ਗਈ ਹੈ। ਚੋਣ ਨਤੀਜਾ ਨਿਕਲਦੇ ਸਾਰ ਭਾਜਪਾ ਲੀਡਰਾਂ ਨੇ ਕਹਿ ਦਿੱਤਾ ਹੈ ਕਿ ਪਾਰਲੀਮੈਂਟ ਸੀਟ ਤਾਂ ਗਈ, ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾ ਦੇਣਗੇ। ਅਕਾਲੀ ਦਲ ਕਿਸੇ ਵੀ ਥਾਂ ਏਡਾ ਦਾਅਵਾ ਕਰਨ ਜੋਗਾ ਨਹੀਂ ਜਾਪਦਾ ਅਤੇ ਬਾਕੀ ਪਾਰਟੀਆਂ ਦੇ ਆਗੂ ਵੀ ਬਾਹਰ ਕੁਝ ਕਹਿੰਦੇ ਰਹਿਣ ਜਾਂ ਨਾ, ਅੰਦਰੋ-ਅੰਦਰੀ ਇਹ ਮਹਿਸੂਸ ਕਰਦੇ ਅਤੇ ਆਪਣੇ ਨੇੜਲੇ ਘੇਰੇ ਅੰਦਰ ਕਹਿੰਦੇ ਹਨ ਕਿ ਸੀਟਾਂ ਨਹੀਂ ਮਿਲੀਆਂ ਤਾਂ ਕੀ, ਭਾਜਪਾ ਪੰਜਾਬ ਵਿੱਚ ਆਪਣੇ ਸਿਰ ਰਾਜਨੀਤੀ ਦੀ ਇੱਕ ਵੱਡੀ ਧਿਰ ਬਣ ਗਈ ਹੈ।
ਜਿਹੜੀ ਭਾਰਤੀ ਜਨਤਾ ਪਾਰਟੀ ਸਾਰੇ ਭਾਰਤ ਵਿੱਚ ਅੱਗੇ ਵਧਣ ਦੀ ਬਜਾਏ, ਅਯੁੱਧਿਆ ਵਰਗੀਆਂ ਥਾਂਵਾਂ ਤੋਂ ਵੀ ਪਛੜੀ ਦਿਸਦੀ ਹੈ, ਪੰਜਾਬ ਵਿੱਚ ਉਸ ਵੱਲੋਂ ਕੋਈ ਵੀ ਸੀਟ ਨਾ ਜਿੱਤਣ ਦੇ ਬਾਵਜੂਦ ਉਹ ਜਿੱਦਾਂ ਦੀ ਅਗੇਤ ਲੈਣ ਵਿੱਚ ਕਾਮਯਾਬ ਰਹੀ ਹੈ, ਉਸ ਬਾਰੇ ਕਦੇ ਕਿਸੇ ਨੇ ਨਹੀਂ ਸੀ ਸੋਚਿਆ। ਪੰਜਾਬ ਦੀਆਂ ਸਭ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਇਸ ਰਾਜ ਦੀ ਰਾਜਨੀਤੀ ਵਿੱਚ ਇਹੋ ਜਿਹੇ ਨਵੇਂ ਉੱਸਲਵੱਟੇ ਬਾਰੇ ਵੀ ਨਵੇਂ ਸਿਰਿਉਂ ਸੋਚਣ ਦੀ ਲੋੜ ਪੈ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5041)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)