JatinderPannu7ਲੋਕਾਂ ਨੂੰ ਆਪਣੀ ਜੀਵਨ ਜਾਚ ਬਦਲਣੀ ਪਵੇਗੀ, ਹਰ ਵਕਤ ਦੀ ਭਾਜੜ ...
(1 ਜੂਨ 2020)

 

ਕੋਰੋਨਾ ਦੀ ਜਿਸ ਮਹਾਮਾਰੀ ਦੀ ਲਪੇਟ ਵਿੱਚ ਇਸ ਵਕਤ ਮਨੁੱਖਤਾ ਆਈ ਪਈ ਹੈ, ਉਸ ਦਾ ਪਹਿਲਾਂ ਹੱਲਾ ਚੀਨ ਦੇ ਸਿਰ ਪਿਆ ਸੀ ਤੇ ਓਦੋਂ ਤੱਕ ਦੂਸਰੇ ਦੇਸ਼ਾਂ ਨੂੰ ਇਹ ਬੇਗਾਨੇ ਘਰ ਦੀ ਬਸੰਤਰ ਜਾਪਦੀ ਸੀ। ਜਦੋਂ ਖਤਰਾ ਗੰਭੀਰ ਵੇਖ ਕੇ ਦੁਨੀਆ ਸੋਚਣ ਵੱਲ ਮੁੜੀ, ਓਦੋਂ ਤੱਕ ਫਰਵਰੀ ਦੇ ਤਿੰਨ ਹਫਤੇ ਗੁਜ਼ਰ ਚੁੱਕੇ ਸਨ ਤੇ ਚੀਨ ਵਿੱਚੋਂ ਸਤਾਰਾਂ ਮੌਤਾਂ ਹੋਣ ਦੀ ਖਬਰ ਆ ਚੁੱਕੀ ਸੀ। ਓਦੋਂ ਤੱਕ ਅੱਠ ਮੌਤਾਂ ਹੋਰ ਦੇਸ਼ਾਂ ਵਿੱਚ ਵੀ ਹੋ ਚੁੱਕੀਆਂ ਸਨ। ਇਸ ਤੋਂ ਇੱਕ ਮਹੀਨਾ ਲੰਘਣ ਦੇ ਬਾਅਦ ਜਦੋਂ ਬਾਈ ਮਾਰਚ ਨੂੰ ਭਾਰਤ ਵਿੱਚ ਲਾਕਡਾਊਨ ਦਾ ਐਲਾਨ ਹੋਇਆ, ਓਦੋਂ ਤੱਕ ਸੰਸਾਰ ਵਿੱਚ ਮੌਤਾਂ ਦੀ ਗਿਣਤੀ ਪੌਣੇ ਪੰਦਰਾਂ ਹਜ਼ਾਰ ਤੋਂ ਟੱਪ ਚੁੱਕੀ ਸੀ ਤੇ ਦਸ ਮੌਤਾਂ ਇਸ ਦੇਸ਼ ਵਿੱਚ ਹੋ ਚੁੱਕੀਆਂ ਸਨ। ਸਰਕਾਰ ਨੇ ਯਤਨ ਕੀਤੇ, ਭਾਰਤ ਵਿੱਚ ਬਚਾਅ ਰਿਹਾ ਪਰ ਬਚਾਅ ਦੀ ਗੱਲ ਜਿੰਨੀ ਪ੍ਰਚਾਰੀ ਜਾਂਦੀ ਹੈ, ਓਨੀ ਵੱਡੀ ਸਫਲਤਾ ਨਹੀਂ ਸੀ। ਬਹੁਤ ਸਾਰੇ ਹੋਰਨਾਂ ਦੇਸ਼ਾਂ ਤੋਂ ਏਥੇ ਕੁਝ ਹਾਲਤ ਕੰਟਰੋਲ ਵਿੱਚ ਜ਼ਰੂਰ ਰਹੀ ਸੀ। ਸੰਸਾਰ ਵਿੱਚ ਉਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਕੇਸਾਂ ਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਅੱਜ ਤੱਕ ਤੀਹ ਲੱਖ ਤੋਂ ਵੱਧ ਕੇਸ ਹੋ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਪੌਣੇ ਚਾਰ ਲੱਖ ਨੇੜੇ ਪੁੱਜੀ ਪਈ ਹੈ। ਇਕੱਲੇ ਅਮਰੀਕਾ ਵਿੱਚ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਅਸੀਂ ਇਸ ਔਖੇ ਵੇਲੇ ਬੀਤੇ ਸਾਲਾਂ ਵੱਲ ਜਦੋਂ ਝਾਤੀ ਮਾਰੀਏ ਤਾਂ ਜਟਕਾ ਬੋਲੀ ਵਿੱਚ ਆਖਿਆ ਜਾ ਸਕਦਾ ਹੈ ਕਿ ਬੰਦੇ ਨੇ ‘ਰੱਬ ਭੁਲਾਇਆ ਪਿਆ ਸੀ।’ ਰੱਬ ਸਿਰਫ ਉਹੀ ਨਹੀਂ, ਜਿਹੜਾ ਧਾਰਮਿਕ ਅਸਥਾਨਾਂ ਵਿੱਚ ਪੜ੍ਹਾਇਆ ਅਤੇ ਪ੍ਰਚਾਰਿਆ ਜਾਂਦਾ ਹੈ, ਅਸਲੀ ਰੱਬ ਉਹ ਕੁਦਰਤ ਹੈ, ਜਿਹੜੀ ਸਾਨੂੰ ਹਰ ਇੱਕ ਚੀਜ਼ ਦੇ ਰੂਪ ਵਿੱਚ ਦਿੱਸਦੀ ਹੈ ਤੇ ਆਪਣੇ ਅੰਦਰ ਘਾਹ-ਬੂਟ ਤੇ ਛੋਟੇ-ਮੋਟੇ ਕੀੜਿਆਂ ਤੋਂ ਲੈ ਕੇ ਕਣ-ਕਣ ਦੇ ਅੰਦਰ ਐਟਮੀ ਸ਼ਕਤੀ ਲੁਕਾਈ ਬੈਠੀ ਹੈ, ਜਿਸ ਨਾਲ ਬਿਜਲੀ ਵਾਲੇ ਪਲਾਂਟ ਵੀ ਚਲਾਏ ਜਾ ਸਕਦੇ ਹਨ ਤੇ ਸਭ ਕੁਝ ਤਬਾਹ ਵੀ ਕੀਤਾ ਜਾ ਸਕਦਾ ਹੈ। ਜੀਵ-ਜੰਤੂਆਂ ਤੇ ਮਨੁੱਖਾਂ ਤੋਂ ਲੈ ਕੇ ਜ਼ਮੀਨ ਦੇ ਉੱਤੇ-ਥੱਲੇ ਅਤੇ ਪਾਣੀ ਹੇਠਾਂ ਪੈਦਾ ਹੋਣ ਵਾਲੀ ਬਨਾਸਪਤੀ ਤੱਕ ਦਾ ਸਾਰਾ ਪਸਾਰਾ ਕੁਦਰਤ ਦਾ ਹੋਣ ਕਾਰਨ ਸਾਡੀ ਸਾਰਿਆਂ ਦੀ ਅਸਲੀ ਮਾਂ ਕੁਦਰਤ ਸੀ, ਪਰ ਬੰਦੇ ਨੇ ਇਸ ਨੂੰ ਰੋਲਣ ਦੀ ਕਸਰ ਨਹੀਂ ਛੱਡੀ। ਪੁਰਾਤਨ ਸਮੇਂ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ‘ਅੱਤ-ਤੱਤ ਦਾ ਵੈਰ ਹੁੰਦਾ ਹੈ’। ਜਿਸ ਢੰਗ ਨਾਲ ਬੰਦਾ ਚੱਲ ਪਿਆ ਸੀ ਤੇ ਉਸ ਨੇ ਸਮੁੰਦਰਾਂ ਨੂੰ ਫੋਲਣ ਅਤੇ ਅਸਮਾਨਾਂ ਨੂੰ ਗਾਹੁਣ ਤੋਂ ਬਾਅਦ ਧਰਤੀ ਦੀ ਹਿੱਕ ਵਿੱਚ ਸੁਰਾਖ ਕਰ ਕੇ ਇਹ ਲੱਭਣ ਦਾ ਮੋਰਚਾ ਲਾ ਲਿਆ ਸੀ ਕਿ ਉਹ ਥਾਂ ਵੇਖਣੀ ਹੈ, ਜਿਹੜੀ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਸੁਣਿਆ ਸੀ ਕਿ ਕੁਦਰਤ ਨਾਲ ਜ਼ਿਆਦਤੀ ਦੀ ਇਹ ਅੱਤ ਕਿਧਰੇ ਮਹਿੰਗੀ ਨਾ ਪੈ ਜਾਵੇ। ਕੁਦਰਤ ਨੇ ਕੋਈ ਝਲਕ ਨਹੀਂ ਦਿੱਤੀ, ਆਪਣੇ ਵਰਤਾਰੇ ਮੁਤਾਬਕ ਚੱਲਦੀ ਰਹੀ ਅਤੇ ਆਖਰ ਨੂੰ ਜਿਹੜਾ ਮਨੁੱਖ ਕਦੀ ਐਟਮ ਬੰਬਾਂ ਦੇ ਧਮਾਕੇ ਕਰਨ ਤੋਂ ਤੁਰਿਆ ਸੀ, ਪੁਲਾੜ ਵਿੱਚ ਸਟਾਰ-ਵਾਰ ਦੀਆਂ ਘਾੜਤਾਂ ਘੜਨ ਲੱਗ ਪਿਆ ਸੀ ਅਤੇ ਫਿਰ ਆਪਣੇ ਮਨੁੱਖੀ ਭਾਈਚਾਰੇ ਦੇ ਖਿਲਾਫ ਵਰਤਣ ਲਈ ਜੈਵਿਕ ਬੰਬ ਵੀ ਬਣਾਉਣ ਦੀ ਸੋਚ ਰਿਹਾ ਸੀ, ਉਹ ਕਸੂਤਾ ਫਸ ਗਿਆ ਹੈ।

ਭਲਾ ਕਿਸੇ ਨੇ ਪਿਛਲੇ ਸਾਲ ਤੱਕ ਇਹ ਗੱਲ ਸੋਚੀ ਸੀ ਕਿ ਜਿਹੜੇ ਆਕਾਸ਼ ਵਿੱਚ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਜਹਾਜ਼ ਇੱਕੋ ਵੇਲੇ ਉੱਡੀ ਜਾਂਦੇ ਹਨ, ਉਹ ਆਕਾਸ਼ ਇੱਕ ਦਮ ਵਿਹਲਾ ਕਰਨਾ ਪੈ ਜਾਵੇਗਾ? ਅਸੀਂ ਸੰਸਾਰ ਦੇ ਕਈ ਦੇਸ਼ਾਂ ਵਿੱਚ ਵੱਡੇ ਏਅਰਪੋਰਟਾਂ ਉੱਤੇ ਜਹਾਜ਼ਾਂ ਨੂੰ ਕਿੰਨੀ-ਕਿੰਨੀ ਦੇਰ ਹਵਾ ਵਿੱਚ ਐਵੇਂ ਉਡਾਰੀਆਂ ਲਾਉਂਦੇ ਵੇਖਿਆ ਸੀ, ਜਿਨ੍ਹਾਂ ਨੂੰ ਹੇਠਾਂ ਕੋਈ ਰੰਨਵੇਅ ਵਿਹਲਾ ਨਹੀਂ ਸੀ ਮਿਲਦਾ। ਅੱਜ ਕੱਲ੍ਹ ਓਥੇ ਸਾਰੇ ਰੰਨਵੇਅ ਖਾਲੀ ਹੋਣਗੇ। ਰੇਲਵੇ ਮੁਸਾਫਰ ਇਹ ਕਹਿੰਦੇ ਹੁੰਦੇ ਸਨ ਕਿ ਲਾਈਨਾਂ ਖਾਲੀ ਨਹੀਂ ਸਨ ਤੇ ਗੱਡੀ ਐਨੇ ਘੰਟੇ ਲੇਟ ਹੋ ਗਈ, ਸਾਨੂੰ ਖਿਝ ਚੜ੍ਹੀ ਪਈ ਸੀ। ਪਿਛਲੇ ਦੋ ਮਹੀਨੇ ਰੇਲ ਗੱਡੀਆਂ ਚੱਲੀਆਂ ਨਹੀਂ ਤੇ ਉਹੀ ਲੋਕ ਘਰਾਂ ਵਿੱਚ ਤੜੇ ਰਹੇ, ਜਿਹੜੇ ਕਹਿੰਦੇ ਸਨ ਕਿ ਅਸੀਂ ਇੱਕ ਦਿਨ ਕੋਈ ਕੰਮ ਲੇਟ ਨਹੀਂ ਕਰ ਸਕਦੇ। ਦੋ ਕੁ ਦਿਨ ਖਿਝਣ ਪਿੱਛੋਂ ਉਹ ਭਾਣਾ ਮੰਨਣ ਲੱਗ ਪਏ। ਕਾਰੋਬਾਰ ਦੇ ਕਿਸੇ ਵੀ ਖੇਤਰ ਵਿੱਚ ਹਰਕਤ ਨਹੀਂ ਸੀ ਜਾਪਦੀ ਤੇ ਇਸ ਤਰ੍ਹਾਂ ਜਾਪਣ ਲੱਗ ਪਿਆ ਸੀ, ਜਿਵੇਂ ਇਨਸਾਨ ਦੇ ਅੱਗੇ ਸਪੀਡ ਬਰੇਕਰ ਲਾ ਕੇ ਕੁਦਰਤ ਉਸ ਨੂੰ ਠਰ੍ਹੰਮੇ ਦਾ ਵੱਲ ਸਿਖਾਉਣ ਲੱਗੀ ਹੋਵੇ। ਧਾਰਮਿਕ ਅਸਥਾਨ ਵੀ ਬੰਦ ਕਰਨੇ ਪੈ ਗਏ ਸਨ। ਸੰਸਾਰ ਖੜੋਤ ਦਾ ਸ਼ਿਕਾਰ ਹੋ ਗਿਆ ਜਾਪਦਾ ਸੀ ਤੇ ਕੋਈ ਇਹ ਦੱਸਣ ਵਾਲਾ ਨਹੀਂ ਸੀ ਕਿ ਖੜੋਤ ਐਨੇ ਕੁ ਦਿਨ ਰਹੇਗੀ।

ਕੁਦਰਤ ਦਾ ਸਪੀਡ ਬਰੇਕਰ ਸਿਰਫ ਅਜੋਕੇ ਦੌਰ ਤੱਕ ਹੀ ਸੀਮਤ ਨਹੀਂ, ਇਹਦੀ ਮਾਰ ਅਗਲੇ ਕਈ ਸਾਲਾਂ ਤੱਕ ਪੈਂਦੀ ਰਹਿਣੀ ਹੈ ਤੇ ਜਿੰਨੀ ਪੈ ਚੁੱਕੀ ਹੈ, ਉਹ ਇਸ ਦੇ ਲੰਮੇਰੇ ਅਸਰ ਦੀ ਝਲਕ ਦੇ ਰਹੀ ਹੈ। ਸਾਡੇ ਸਾਹਮਣੇ ਪਏ ਅੰਕੜੇ ਦੱਸਦੇ ਹਨ ਕਿ ਸੰਸਾਰ ਵਿੱਚ ਹਵਾਈ ਆਵਾਜਾਈ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਬਾਈ ਫੀਸਦੀ ਡਿੱਗ ਪਈ ਸੀ, ਅਤੇ ਇਹ ਇਸ ਕਰ ਕੇ ਹੋਇਆ ਕਿ ਮਾਰਚ ਦੇ ਅੰਤਲੇ ਬਾਰਾਂ ਦਿਨ ਜਹਾਜ਼ ਨਹੀਂ ਸੀ ਉੱਡ ਸਕੇ। ਸਿਰਫ ਬਾਰਾਂ ਦਿਨਾਂ ਦਾ ਏਨਾ ਅਸਰ ਸੀ ਤੇ ਅਗਲੇ ਦੋ ਮਹੀਨੇ ਲੰਘਾਉਣ ਦੇ ਬਾਅਦ ਕਿਹਾ ਜਾ ਰਿਹਾ ਹੈ ਕਿ ਹਾਲੇ ਛੇ ਮਹੀਨੇ ਇਸ ਆਵਾਜਾਈ ਨੂੰ ਰਵਾਨਗੀ ਫੜਦਿਆਂ ਲੱਗ ਜਾਣਗੇ ਤੇ ਓਦੋਂ ਪਿੱਛੋਂ ਵੀ ਜੇ ਕੋਰੋਨਾ ਦੇ ਸਹਿਮ ਕਾਰਨ ਇੱਕ-ਇੱਕ ਸੀਟ ਛੱਡ ਕੇ ਬਿਠਾਉਣ ਦੀ ਮਜਬੂਰੀ ਬਣੀ ਰਹੀ ਤਾਂ ਇਸ ਕਾਰੋਬਾਰ ਦੇ ਵੱਡੇ ਅਦਾਰੇ ਨੰਗ ਹੋ ਜਾਣਗੇ। ਹਵਾਈ ਮੁਸਾਫਰਾਂ ਦੀ ਗਿਣਤੀ ਫਰਵਰੀ ਵਿੱਚ ਸਿਰਫ ਚੀਨ ਦੇ ਕਾਰਨ ਤੇਰਾਂ ਫੀਸਦੀ ਡਿੱਗੀ ਸੀ, ਮਾਰਚ ਦੇ ਅੰਤਲੇ ਦਸਾਂ ਦਿਨਾਂ ਕਾਰਨ 49 ਫੀਸਦੀ ਘਟ ਗਈ ਤੇ ਅਪਰੈਲ ਵਿੱਚ ਇਕਾਨਵੇਂ ਫੀਸਦੀ ਡਿੱਗ ਕੇ ਮਸਾਂ ਨੌਂ ਫੀਸਦੀ ਮਜਬੂਰੀ ਦੀਆਂ ਉਡਾਣਾਂ ਉੱਡ ਸਕੀਆਂ। ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਆਪਣੇ ਬਾਰਾਂ ਹਜ਼ਾਰ ਕਾਰਿੰਦੇ ਇਸ ਲਈ ਕੱਢਣ ਦਾ ਫੈਸਲਾ ਕਰ ਲਿਆ ਹੈ ਕਿ ਜਦੋਂ ਜਹਾਜ਼ ਨਹੀਂ ਉੱਡਣੇ ਤੇ ਜਿੰਨੇ ਜਹਾਜ਼ ਵਿਹਲੇ ਪਏ ਹਨ, ਉਨ੍ਹਾਂ ਲਈ ਵਾਰੀ ਨਹੀਂ ਆਉਣੀ ਤਾਂ ਕਿਸੇ ਕੰਪਨੀ ਨੇ ਹੋਰ ਜਹਾਜ਼ ਵੀ ਨਹੀਂ ਖਰੀਦਣੇਤੇ ਜਦੋਂ ਕਿਸੇ ਨੇ ਖਰੀਦਣੇ ਨਹੀਂ ਤਾਂ ਬਣਾਉਣ ਦੀ ਵੀ ਲੋੜ ਨਹੀਂ ਰਹਿਣੀ।

ਭਾਰਤ ਵਿੱਚ ਕਾਰਾਂ-ਮੋਟਰਾਂ ਦੀ ਵਿਕਰੀ ਮਾਰਚ ਦੇ ਅਖੀਰਲੇ ਦਸਾਂ ਦਿਨਾਂ ਵਿੱਚ ਵੀਹ ਫੀਸਦੀ ਡਿੱਗੀ ਸੀ, ਜਦੋਂ ਲੋਕਾਂ ਕੋਲ ਕੰਮ ਪਹਿਲਾਂ ਵਾਂਗ ਨਹੀਂ ਰਹਿਣਾ ਤਾਂ ਕਾਰਾਂ ਦੀ ਵਿਕਰੀ ਵੀ ਹੋਰ ਡਿੱਗਣ ਲੱਗੇਗੀ। ਅਪਰੈਲ ਤੇ ਮਈ ਵਿੱਚ ਦੇਸ਼ ਵਿਚ ਟਰੱਕਾਂ ਦੀ ਆਵਾਜਾਈ ਨੱਬੇ ਫੀਸਦੀ ਘਟ ਗਈ ਦੱਸੀ ਜਾਂਦੀ ਹੈ। ਇਸ ਸਾਰੇ ਕੁਝ ਨਾਲ ਲੋਕਾਂ ਦੇ ਰੁਜ਼ਗਾਰ ਦੇ ਪੱਖੋਂ ਵੀ ਵੱਡਾ ਅਸਰ ਪੈਣ ਵਾਲਾ ਹੈ ਤੇ ਸੰਸਾਰ ਪੱਧਰ ਦੀਆਂ ਏਜੰਸੀਆਂ ਜਿੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਬੇਰੁਜ਼ਗਾਰੀ ਦੇ ਅੰਦਾਜ਼ੇ ਪੇਸ਼ ਕਰਦੀਆਂ ਹਨ, ਉਨ੍ਹਾਂ ਨੂੰ ਪੜ੍ਹ ਕੇ ਸੋਚਣ ਵਾਲੇ ਬੰਦੇ ਦਾ ਤ੍ਰਾਹ ਨਿਕਲ ਜਾਂਦਾ ਹੈ। ਇਹ ਕਿਸੇ ਇੱਕਾ-ਦੁੱਕਾ ਦੇਸ਼ ਨੂੰ ਪੈਣ ਵਾਲੀ ਸੱਟ ਨਹੀਂ, ਸਾਰੇ ਸੰਸਾਰ ਦੇ ਲੋਕਾਂ ਲਈ ਮੁਸੀਬਤਾਂ ਦਾ ਪਹਾੜ ਲਈ ਆਉਂਦੀ ਜਾਪਦੀ ਹੈ, ਜਿਸ ਦੀ ਚਿੰਤਾ ਕਰਨੀ ਪੈਣੀ ਹੈ।

ਸਥਿਤੀ ਸਚਮੁੱਚ ਬਹੁਤ ਮਾੜੀ ਹੈ ਤੇ ਹੋਰ ਮਾੜੀ ਹੋਣ ਵਾਲੀ ਜਾਪਦੀ ਹੈ, ਪਰ ਸਾਡਾ ਵਿਸ਼ਵਾਸ ਅਜੇ ਕਾਇਮ ਹੈ ਕਿ ਮਨੁੱਖਤਾ ਇਸ ਮਾਰ ਦੇ ਅੱਗੇ ਮੂਧੇ ਮੂੰਹ ਨਹੀਂ ਡਿੱਗੇਗੀ, ਫਿਰ ਉੱਠੇਗੀ, ਪਰ ਉੱਠਣ ਲਈ ਉਸ ਨੂੰ ਕੁਝ ਸਬਕ ਸਿੱਖ ਕੇ ਚੱਲਣਾ ਪਵੇਗਾ। ਇਨਸਾਨ ਜਦੋਂ ਮੁਸ਼ਕਲ ਵਿੱਚ ਪੈਂਦਾ ਹੈ, ਓਦੋਂ ਆਪਣੀ ਹੋਂਦ ਬਚਾਉਣ ਵਾਲੀ ਲੜਾਈ ਉਸ ਨੂੰ ਕੁਝ ਰਾਹ ਵੀ ਦੇਂਦੀ ਹੈ, ਪਰ ਇਸ ਦੇ ਲਈ ਬੰਦੇ ਨੂੰ ਮਾਨਸਿਕ ਤੌਰ ਉੱਤੇ ਤਿਆਰ ਖੁਦ ਹੋਣਾ ਪੈਂਦਾ ਹੈ। ਬਹੁਤ ਸਾਲ ਪਹਿਲਾਂ ਗੁਜਰਾਤ ਦੇ ਕੱਛ ਇਲਾਕੇ ਵਿੱਚ ਭਾਰਤੀ ਹਵਾਈ ਫੌਜ ਦਾ ਇੱਕ ਹੈਲੀਕਾਪਟਰ ਡਿੱਗਾ ਸੀ। ਬਾਰਡਰ ਸਕਿਓਰਟੀ ਫੋਰਸ ਤੇ ਹਵਾਈ ਫੌਜ ਦੇ ਕੁੱਲ ਮਿਲਾ ਕੇ ਬਾਰਾਂ ਅਧਿਕਾਰੀ ਇਸ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਜਣੇ ਤਾਂ ਮੌਕੇ ਉੱਤੇ ਹੀ ਮਾਰੇ ਗਏ। ਬਾਕੀ ਬਚੇ ਨੌਂ ਜਣਿਆਂ ਵਿੱਚੋਂ ਮਦਦ ਪਹੁੰਚਣ ਤੱਕ ਦੇ ਪੰਝੀ ਘੰਟਿਆਂ ਵਿੱਚ ਚਾਰ ਹੋਰ ਮਰ ਗਏ। ਸਮੁੰਦਰ ਦੇ ਖਾਰੇ ਪਾਣੀ ਅਤੇ ਗਾੜ੍ਹੇ ਚਿੱਕੜ ਵਰਗੀ ਦਲਦਲ ਵਿੱਚ ਉਲਝੇ ਬਾਕੀ ਲੋਕਾਂ ਨੂੰ ਪਿਆਸ ਏਨੀ ਜ਼ਿਆਦਾ ਤੰਗ ਕਰਨ ਲੱਗ ਪਈ ਕਿ ਉਨ੍ਹਾਂ ਨੂੰ ਇਸ ਦੀ ਮਾਰ ਤੋਂ ਬਚਣ ਲਈ ਇੱਕ ਦੂਸਰੇ ਦਾ ਪੇਸ਼ਾਬ ਵੀ ਪੀਣਾ ਪਿਆ ਸੀ, ਪਰ ਜਿੰਦਾ ਰਹਿਣ ਦੀ ਜੰਗ ਉਨ੍ਹਾਂ ਨੇ ਆਖਰ ਨੂੰ ਜਿੱਤ ਲਈ ਸੀ। ਏਦਾਂ ਦੀਆਂ ਕਈ ਮਿਸਾਲਾਂ ਦੁਨੀਆ ਵਿੱਚ ਮਿਲ ਜਾਂਦੀਆਂ ਹਨ।

ਅਜੇ ਕੋਰੋਨਾ ਵਾਇਰਸ ਦਾ ਪਹਿਲਾ ਹਮਲਾ ਸਾਡੀ ਦੁਨੀਆ ਨੇ ਵੇਖਿਆ ਹੈ। ਬਹੁਤ ਸਾਰੇ ਮਾਹਰ ਸਾਫ ਕਹਿੰਦੇ ਹਨ ਕਿ ਅਜੇ ਅਗਲਾ ਹਮਲਾ ਹੋਣ ਵਾਲਾ ਹੈ। ਉਸ ਦੂਸਰੇ ਹਮਲੇ ਤੱਕ ਗੱਲ ਰੁਕੇਗੀ ਜਾਂ ਕੋਈ ਤੀਸਰਾ ਜਾਂ ਚੌਥਾ ਹੱਲਾ ਵੀ ਇਸ ਬਿਮਾਰੀ ਦਾ ਹੋ ਸਕਦਾ ਹੈ, ਇਸ ਬਾਰੇ ਕੋਈ ਨਹੀਂ ਜਾਣਦਾ। ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆ ਜਾਂ ਵਾਇਰਸ ਜਦੋਂ ਅਗਲੇ ਪੜਾਅ ਵੱਲ ਵਧਦਾ ਹੈ ਤਾਂ ਜਿੰਨੇ ਵੀ ਮਨੁੱਖੀ ਸਰੀਰਾਂ ਵਿੱਚੋਂ ਲੰਘਦਾ ਹੈ, ਹਰ ਥਾਂ ਦੇ ਪ੍ਰਤੀਕਰਮ ਨਾਲ ਉਸ ਦੀ ਮਾਰਨ ਦੀ ਤਾਕਤ ਪਹਿਲਾਂ ਤੋਂ ਵਧੀ ਜਾਂਦੀ ਹੈ। ਕੋਰੋਨਾ ਦੀ ਤਾਕਤ ਵੀ ਆਏ ਦਿਨ ਵਧੀ ਜਾਂਦੀ ਸੁਣੀਂਦੀ ਹੈ। ਇਸ ਦੇ ਮੁਕਾਬਲੇ ਲਈ ਲੋਕਾਂ ਨੂੰ ਆਪਣੀ ਜੀਵਨ ਜਾਚ ਬਦਲਣੀ ਪਵੇਗੀ, ਹਰ ਵਕਤ ਦੀ ਭਾਜੜ ਦਾ ਰੁਝਾਨ ਤਿਆਗਣਾ ਪਵੇਗਾ ਤੇ ਇਸ ਤੋਂ ਵੀ ਵੱਡੀ ਗੱਲ ਕਿ ਕੁਦਰਤ ਦੀਆਂ ਸ਼ਕਤੀਆਂ ਨਾਲ ਖਿਲਵਾੜ ਕਰਨਾ ਛੱਡਣ ਦੀ ਲੋੜ ਪਵੇਗੀ। ਸਾਡਾ ਵਿਸ਼ਵਾਸ ਕਿ ਮਨੁੱਖਤਾ ਖਤਮ ਨਹੀਂ ਹੋਵੇਗੀ, ਪਰ ਇਸ ਦੀ ਹੋਂਦ ਕਾਇਮ ਰੱਖਣ ਲਈ ਯਤਨ ਵੀ ਤਾਂ ਏਸੇ ਨੂੰ ਕਰਨੇ ਪੈਣੇ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2170) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author