“ਪਿਛਲੇ ਦਿਨੀਂ ਇੱਕ ਆਗੂ ਮਾਣ ਨਾਲ ਦੱਸਦਾ ਸੁਣਿਆ ਕਿ ਉਸ ਦੀ ਅਗਲੀ ਪਾਰਲੀਮੈਂਟ ਚੋਣ ਲੜਨ ਵਾਸਤੇ ...”
(29 ਜਨਵਰੀ 2024)
ਇਸ ਸਮੇ ਪਾਠਕ: 390.
ਇਸ ਸਾਲ ਜਨਵਰੀ ਦਾ ਚੌਥਾ ਹਫਤਾ ਦੋਂਹ ਵੱਡੇ ਪ੍ਰੋਗਰਾਮਾਂ ਦੇ ਲੇਖੇ ਲੱਗਾ ਹੈ। ਪਹਿਲਾਂ ਅਯੋਧਿਆ ਵਿੱਚ ਬਾਬਰੀ ਮਸਜਿਦ ਢਾਹ ਕੇ ਅਦਾਲਤੀ ਪ੍ਰਵਾਨਗੀ ਨਾਲ ਉਸੇ ਥਾਂ ਬਣਾਏ ਗਏ ‘ਰਾਮ ਜਨਮ ਭੂਮੀ ਮੰਦਰ’ ਦਾ ਉਦਘਾਟਨ ਕਰਨ ਦੇ ਲਈ ਲਈ ਕੀਤੇ ਗਏ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਦੀ ਧੁੰਮ ਪੈਂਦੀ ਰਹੀ ਅਤੇ ਚਾਰ ਦਿਨ ਬਾਅਦ ਦੇਸ਼ ਦਾ ‘ਗਣਤੰਤਰ ਦਿਵਸ’ ਹੋਣ ਕਰ ਕੇ ਉਸ ਨਾਲ ਜੁੜਦੇ ਸਮਾਗਮਾਂ ਨੇ ਸਭ ਦਾ ਧਿਆਨ ਮੱਲ ਲਿਆ। ਵਿਦੇਸ਼ੀ ਹਾਕਮਾਂ ਤੋਂ ਆਜ਼ਾਦੀ ਲੈਣ ਵੇਲੇ ਭਾਰਤ ਦਾ ਆਪਣਾ ਸੰਵਿਧਾਨ ਨਹੀਂ ਸੀ, ਬੇਅੰਤ ਕੁਰਬਾਨੀਆਂ ਦੇਣ ਦੇ ਬਾਵਜੂਦ ਇਸਦੀ ਆਜ਼ਾਦੀ ਵੀ ਅੰਤ ਵਿੱਚ ਬ੍ਰਿਟੇਨ ਦੀ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ‘ਇੰਡੀਪੈਂਡੈਂਸ ਆਫ ਇੰਡੀਆ ਐਕਟ’ ਦੇ ਆਧਾਰ ਉੱਤੇ ਮਿਲੀ ਸੀ। ਇਹ ਮੌਕਾ ਨਸੀਬ ਹੋਣ ਤੋਂ ਪਹਿਲਾਂ 1946 ਵਿੱਚ ਹੋਈਆਂ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਵਿੱਚ ਜਿੱਤੇ ਹੋਏ ਮੈਂਬਰਾਂ ਦੀਆਂ ਵੋਟਾਂ ਨਾਲ ਇੱਕ ਸੰਵਿਧਾਨ ਘੜਨੀ ਅਸੈਂਬਲੀ ਬਣਾਈ ਗਈ ਸੀ। ਉਸ ਵੇਲੇ ਭਾਰਤ ਦੀ ਅਸਥਾਈ ਸਰਕਾਰ ਦੋ ਸਤੰਬਰ 1946 ਨੂੰ ਬਣਾਈ ਗਈ ਸੀ, ਜਿਸ ਵਿੱਚ ਸਭ ਮੁੱਖ ਧਿਰਾਂ ਸ਼ਾਮਲ ਸਨ। ਸੰਵਿਧਾਨ ਘੜਨੀ ਅਸੈਂਬਲੀ ਦੀ ਪਹਿਲੀ ਬੈਠਕ ਉਸੇ ਸਾਲ ਨੌਂ ਦਸੰਬਰ ਨੂੰ ਉਦੋਂ ਹੋਈ ਸੀ, ਜਦੋਂ ਆਜ਼ਾਦੀ ਵਾਸਤੇ ਬਰਤਾਨਵੀ ਪਾਰਲੀਮੈਂਟ ਵਿੱਚ ਬਿੱਲ ਪਾਸ ਕੀਤਾ ਜਾ ਚੁੱਕਾ ਸੀ, ਪਰ ਆਜ਼ਾਦੀ ਅਜੇ ਨਹੀਂ ਸੀ ਮਿਲੀ। ਆਜ਼ਾਦੀ ਮਿਲਣ ਮੌਕੇ ਪਾਕਿਸਤਾਨ ਬਣ ਗਿਆ ਤੇ ਉਸ ਵਿੱਚ ਚਲੇ ਗਏ ਇਲਾਕੇ ਦੇ ਮੈਂਬਰ ਇਸ ਸੰਵਿਧਾਨ ਘੜਨੀ ਸਭਾ ਤੋਂ ਨਿਕਲ ਜਾਣ ਪਿੱਛੋਂ ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਣ ਲਈ ਬਾਕੀ ਮੈਂਬਰਾਂ ਨਾਲ ਇਹ ਸਭਾ ਉਸੇ ਤਰ੍ਹਾਂ ਚਲਦੀ ਰਹੀ ਸੀ ਅਤੇ ਇਸੇ ਦੇ ਯਤਨਾਂ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਗਵਾਈ ਹੇਠ ਬਣਾਇਆ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਜਾ ਸਕਿਆ ਸੀ।
ਆਪਣਾ ਸੰਵਿਧਾਨ ਲਾਗੂ ਹੋ ਜਾਣ ਪਿੱਛੋਂ ਭਾਰਤ ਗਣਤੰਤਰ ਜਾਂ ਅੰਗਰੇਜ਼ੀ ਭਾਸ਼ਾ ਦਾ ਰਿਪਬਲਿਕ ਕਿਹਾ ਜਾਣ ਲੱਗ ਪਿਆ, ਪਰ ‘ਗਣ’ ਜਾਂ ‘ਰਿਪਬਲਿਕ’ ਦੇ ਅਰਥ ਇਸ ਦੇਸ਼ ਦੇ ਲੋਕਾਂ ਦੀ ਸਮਝ ਦਾ ਹਿੱਸਾ ਬਣਾਉਣ ਦਾ ਕੰਮ ਅਜੇ ਤਕ ਨਹੀਂ ਹੋ ਸਕਿਆ। ਇਹ ਦਿਨ ਮਨਾਉਣ ਦਾ ਅਰਥ ਦੇਸ਼ ਪੱਧਰ ਦੀ ਇੱਕ ਪਰੇਡ ਦਿੱਲੀ ਵਿੱਚ ਤੇ ਇੱਦਾਂ ਹੀ ਰਾਜ ਸਰਕਾਰਾਂ ਵੱਲੋਂ ਪਰੇਡਾਂ ਕੱਢਣ ਤਕ ਸੀਮਤ ਰਹਿ ਗਿਆ ਜਾਪਦਾ ਹੈ। ਆਮ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਦੇਸ਼ ਨੂੰ ਚਲਾਉਣ ਦੀ ਜਿਹੜੀ ਪ੍ਰੰਪਰਾ ਈਸਾ ਤੋਂ ਵੀ ਛੇ ਕੁ ਸਦੀਆਂ ਪਹਿਲਾਂ ਉਸ ਸਮੇਂ ਦੇ ਕੁਝ ਪੁਰਾਤਨ ਸਾਮਰਾਜਾਂ ਨੇ ਲਾਗੂ ਕੀਤੀ ਸੀ ਜਾਂ ਉਸ ਤੋਂ ਦੋ-ਚਾਰ ਸੌ ਸਾਲ ਦੇ ਫਰਕ ਨਾਲ ਭਾਰਤ ਵਿੱਚ ‘ਗਣ’ ਕਹੇ ਜਾਂਦੇ ਚੋਣਵੇਂ ਰਾਜਾਂ ਦੇ ਪ੍ਰਤੀਨਿਧਾਂ ਦੇ ਰਾਹੀਂ ਸਾਂਝੀ ਸਰਕਾਰ ਬਣਾਈ ਜਾਂਦੀ ਰਹੀ ਸੀ, ਉਸ ਬਾਰੇ ਬਹੁਤੇ ਲੋਕ ਅੱਜ ਤਕ ਨਹੀਂ ਜਾਣਦੇ। ਬਹੁਤੇ ਲੋਕਾਂ ਲਈ ਇਹ ਇੱਕ ਹੋਰ ਛੁੱਟੀ ਜਾਂ ਦੇਸ਼ ਦੀ ਫੌਜੀ ਤਾਕਤ ਵਿਖਾਉਣ ਦਾ ਦਿਨ ਹੈ, ਜਿਸ ਵਿੱਚ ਵਿਕਾਸ ਦੀਆਂ ਕੁਝ ਝਾਕੀਆਂ ਵੀ ਸ਼ਾਮਲ ਕੀਤੀਆਂ ਜਾਣ ਲੱਗ ਪਈਆਂ ਹਨ। ਮੁਢਲੇ ਸਾਲਾਂ ਵਿੱਚ ਭਾਰਤ ਦੇ ਇਸ ਦਿਵਸ ਮੌਕੇ ਗਵਾਂਢੀ ਦੇਸ਼ਾਂ, ਹੋਰ ਤਾਂ ਹੋਰ ਪਾਕਿਸਤਾਨ ਦੇ ਆਗੂ ਵੀ ਮੁੱਖ ਮਹਿਮਾਨ ਵਜੋਂ ਸੱਦੇ ਜਾਂਦੇ ਰਹੇ ਸਨ, ਹਾਲਾਂਕਿ ਦੇਸ਼ ਦੀ ਆਜ਼ਾਦੀ ਮਿਲਣ ਵੇਲੇ ਦੀ ਵੰਡ ਅਤੇ ਸਾਲ ਪੂਰਾ ਹੋਣ ਤੋਂ ਪਹਿਲਾਂ ਕਸ਼ਮੀਰ ਮੁੱਦੇ ਉੱਤੇ ਜੰਗ ਲੱਗ ਜਾਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਕੁੜੱਤਣਾਂ ਬਣ ਚੁੱਕੀਆਂ ਸਨ। ਇਸਦੇ ਬਾਵਜੂਦ ਸਾਲ 1955 ਵਿੱਚ ਪਾਕਿਸਤਾਨ ਦੇ ਗਵਰਨਰ ਜਨਰਲ ਮਲਿਕ ਗੁਲਾਮ ਮੁਹੰਮਦ ਅਤੇ ਸਾਲ 1965 ਵਿੱਚ ਉੱਥੋਂ ਦੇ ਖੁਰਾਕ ਤੇ ਖੇਤੀ ਮੰਤਰੀ ਰਾਣਾ ਅਬਦੁਲ ਹਮੀਦ ਨੂੰ ਮੁੱਖ ਮਹਿਮਾਨ ਬਣਾਇਆ ਗਿਆ ਸੀ। ਰਾਣਾ ਅਬਦੁਲ ਹਮੀਦ ਨੂੰ ਸੱਦਿਆ ਵੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਵਕਤ ਉਦੋਂ ਸੀ, ਜਦੋਂ ਪਾਕਿਸਤਾਨ ਵਿੱਚ ਫੌਜੀ ਹਾਕਮ ਅਯੂਬ ਖਾਨ ਦਾ ਰਾਜ ਸੀ ਤੇ ਦੋਵਾਂ ਦੇਸ਼ ਵਿਚਾਲੇ ਸੰਬੰਧ ਕੌੜ ਨਾਲ ਭਰੇ ਹੋਏ ਹੋਣ ਕਾਰਨ ਉਸੇ ਸਾਲ ਇੱਕ ਹੋਰ ਜੰਗ ਲੜਨੀ ਪੈ ਗਈ ਸੀ। ਉਸ ਹਾਲਤ ਵਿੱਚ ਵੀ ਇਸ ਕਿਸਮ ਦੇ ਆਪਸੀ ਸੰਬੰਧ ਸਨ ਕਿ ਉਦੋਂ ਦੇ ਪਾਕਿਸਤਾਨੀ ਆਗੂ ਇੱਥੇ ਆਉਣ ਤੋਂ ਝਿਜਕਦੇ ਨਹੀਂ ਸਨ, ਪਰ ਅੱਜ ਜਦੋਂ ਇਸ ਦੇਸ਼ ਦੇ ਸਮਾਗਮ ਦੌਰਾਨ ਜੰਗੀ ਹਥਿਆਰ ਪੇਸ਼ ਕੀਤੇ ਜਾਂਦੇ ਹਨ ਤੇ ਹਰ ਇੱਕ ਹਥਿਆਰ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਇਹ ਮਿਜ਼ਾਈਲ ਸਾਡੇ ਗੁਆਂਢੀ ਦੇਸ਼ ਦੇ ਕਿਸ-ਕਿਸ ਇਲਾਕੇ ਵਿੱਚ ਕਿੱਦਾਂ ਦੀ ਤਬਾਹੀ ਮਚਾ ਸਕਦੀ ਹੈ ਤਾਂ ਉੱਥੋਂ ਦੇ ਆਗੂ ਇੱਥੇ ਆਉਣਗੇ ਕਿਉਂ? ਕਈ ਵਾਰ ਇਸ ਤਰ੍ਹਾਂ ਜਾਪਣ ਲੱਗ ਪੈਂਦਾ ਹੈ ਕਿ ਅਸੀਂ ਗਣਤੰਤਰ ਦਿਵਸ ਵਿੱਚੋਂ ‘ਗਣ’ ਕੱਢ ਦਿੱਤਾ ਅਤੇ ਫੌਜੀ ਤਾਕਤ ਦਾ ਪ੍ਰਗਟਾਵਾ ਹੀ ਮੁੱਖ ਹੋ ਗਿਆ ਹੈ।
ਜਦੋਂ ਭਾਰਤ ਨੂੰ ਗਣਤੰਤਰ ਮੰਨਿਆ ਤੇ ਇਸਦਾ ਸੰਵਿਧਾਨ ਪ੍ਰਵਾਨ ਕੀਤਾ ਗਿਆ ਸੀ, ਉਸ ਵਕਤ ਭਾਵਨਾਵਾਂ ਕੁਝ ਹੋਰ ਦੀਆਂ ਤਰ੍ਹਾਂ ਸਨ, ਅੱਜ ਹੋਰ ਤਰ੍ਹਾਂ ਦੀਆਂ ਹਨ। ਸਾਰਾ ਨਕਸ਼ਾ ਪਲਟ ਗਿਆ ਜਾਪਦਾ ਹੈ। ਜਿਸ ਭਾਰਤ ਅੰਦਰ ਕਦੀ ਧਰਮ-ਨਿਰਪੱਖ ਹੋਣਾ ਮਾਣ-ਮੱਤੀ ਗੱਲ ਮੰਨਿਆ ਜਾਂਦਾ ਸੀ, ਉਸੇ ਦੇਸ਼ ਵਿੱਚ ਅੱਜ ਉਲਟਾ ਗੇੜ ਚੱਲਣ ਦੇ ਬਾਅਦ ਨਵੇਂ ਹਾਲਾਤ ਵਿੱਚ ‘ਧਰਮ-ਨਿਰਪੱਖਤਾ’ ਸ਼ਬਦ ਦਾ ਮਜ਼ਾਕ ਉਡਾਇਆ ਜਾਂਦਾ ਤੇ ਦੇਸ਼ ਦੇ ਬਹੁ-ਗਿਣਤੀ ਲੋਕਾਂ ਨੂੰ ਉਨ੍ਹਾਂ ਦੇ ਧਰਮ ਦਾ ਵਾਸਤਾ ਦੇ ਕੇ ਵੋਟਾਂ ਦੇਣ ਨੂੰ ਉਕਸਾਇਆ ਜਾਂਦਾ ਹੈ। ਬਿਨਾਂ ਝਿਜਕ ਇਹ ਗੱਲ ਆਮ ਕਹੀ ਜਾਂਦੀ ਹੈ ਕਿ ‘ਅੱਠ ਸੌ ਸਾਲਾਂ ਪਿੱਛੋਂ’ ਇਸ ਦੇਸ਼ ਵਿੱਚ ਉਹ ਰਾਜ ਆਇਆ ਹੈ, ਜਿਸ ਨਾਲ ਭਾਰਤ ਦੇ ਬਹੁ-ਗਿਣਤੀ ਲੋਕ ਮਾਣ ਨਾਲ ਸਿਰ ਉੱਚਾ ਕਰ ਸਕਦੇ ਹਨ। ਉਂਜ ਉਸ ਧਰਮ ਦੇ ਸਾਰੇ ਲੋਕ ਸਿਰ ਉੱਚਾ ਨਹੀਂ ਕਰ ਸਕਦੇ, ਉਨ੍ਹਾਂ ਦੇ ਬਹਾਨੇ ਰਾਜਨੀਤੀ ਦੇ ਧਨੰਤਰ ਤੇ ਉਨ੍ਹਾਂ ਨਾਲ ਜੁੜੇ ਹੋਏ ਪੂੰਜੀਪਤੀ ਜ਼ਰੂਰ ਇਹ ਮਾਣ ਕਰਦੇ ਹਨ। ਉਸੇ ਧਰਮ ਨਾਲ ਸੰਬੰਧ ਰੱਖਣ ਵਾਲਾ ਅਤੇ ਅਜੇ ਤਕ ਝੁੱਗੀਆਂ-ਢਾਰਿਆਂ ਵਿੱਚ ਰਹਿਣ ਵਾਲਾ ਆਮ ਹਿੰਦੂ ਇਹ ਮਾਣ ਕਿੱਦਾਂ ਕਰ ਸਕੇਗਾ? ਉਸ ਵਿਚਾਰੇ ਦੀ ਰਾਏ ਕੌਣ ਪੁੱਛਦਾ ਹੈ, ਉਸ ਦੀਆਂ ਲੋੜਾਂ ਕੌਣ ਪੁੱਛਦਾ ਹੈ, ਉਸ ਨੂੰ ਤਾਂ ਭਗਵਾਨ ਰਾਮ ਦੇ ਨਾਂਅ ਉੱਤੇ ਦੇਸ਼ ਵਿੱਚ ਇੱਕ ਨਵਾਂ ਯੁਗ ਸ਼ੁਰੂ ਹੋਣ ਦੇ ਦਿਲਾਸੇ ਨਾਲ ਪਤਿਆਇਆ ਜਾਂ ਇਸ ਤੋਂ ਅੱਗੇ ਵਧ ਕੇ ਉਕਸਾਇਆ ਜਾਂਦਾ ਹੈ ਕਿ ਅਗਲੀ ਵਾਰੀ ਫਿਰ ਆਪਣੀ ਵੋਟ ਉਸੇ ਪਾਰਟੀ ਜਾਂ ਪਾਰਟੀਆਂ ਦੇ ਗਠਜੋੜ ਨੂੰ ਦੇਣੀ ਹੈ, ਜਿਹੜੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਈ ਜਾਣ।
ਪੰਜਾਹ ਸਾਲ ਪਹਿਲਾਂ ਬਾਰੇ ਸੋਚੀਏ ਤਾਂ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਚੇਤੇ ਆਉਂਦਾ ਹੈ ਕਿ ਉਦੋਂ ਦੇਸ਼ ਦੇ ਆਮ ਲੋਕਾਂ ਦੀਆਂ ਮੁੱਖ ਲੋੜਾਂ ‘ਰੋਟੀ, ਕੱਪੜਾ, ਮਕਾਨ’ ਤਕ ਸੀਮਤ ਹੁੰਦੀਆਂ ਸਨ। ਦੇਸ਼ ਦੇ ਹਰ ਪਾਰਟੀ ਦੇ ਆਗੂਆਂ ਨੂੰ ਆਮ ਲੋਕਾਂ ਦੀਆਂ ਇਨ੍ਹਾਂ ਲੋੜਾਂ ਦੀ ਪੂਰਤੀ ਲਈ ਕੁਝ ਕਰਨ ਦਾ ਨਾਅਰਾ ਦੇਣਾ ਪੈਂਦਾ ਸੀ। ਅੱਜ ਦੇ ਭਾਰਤ ਵਿੱਚ ਲੋਕਾਂ ਨੂੰ ਇੰਨਾ ਕਹਿ ਕੇ ਨਸ਼ਿਆਇਆ ਜਾ ਸਕਦਾ ਹੈ ਕਿ ਸਾਡਾ ਦੇਸ਼ ‘ਵਿਸ਼ਵ ਗੁਰੂ’ ਬਣਨ ਦੇ ਰਾਹ ਉੱਤੇ ਚੱਲਦਾ ਪਿਆ ਹੈ। ਪਹਿਲਾਂ ਅਸੀਂ ‘ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ’ ਦੀ ਕਹਾਵਤ ਹਰ ਬੋਲੀ ਵਿੱਚ ਕਹੀ ਜਾਂਦੀ ਸੁਣਦੇ ਅਤੇ ਸਮਝਦੇ ਸਾਂ, ਅੱਜ ਉਸ ਦੇਸ਼ ਵਿੱਚ ਇਹ ਲੋੜਾਂ ਕਿਸੇ ਗਿਣਤੀ ਵਿੱਚ ਹੀ ਨਹੀਂ ਜਾਪਦੀਆਂ, ਧਰਮ ਦੇ ਨਾਂਅ ਉੱਤੇ ਜਨੂੰਨ ਦੀ ਇਹੋ ਜਿਹੀ ਪੁੱਠ ਚਾੜ੍ਹੀ ਜਾਂਦੀ ਹੈ ਕਿ ਕਿਸੇ ਨੂੰ ਹੋਰ ਕੁਝ ਸੁੱਝੇਗਾ ਹੀ ਨਹੀਂ। ਜਿਹੜਾ ਭਾਰਤ ਕਦੇ ਮਾਣ ਨਾਲ ਸਿਰ ਉਠਾ ਕੇ ਕਹਿੰਦਾ ਹੁੰਦਾ ਸੀ ਕਿ ਸਾਡੇ ਨਾਲ ਆਜ਼ਾਦ ਹੋਏ ਦੇਸ਼ ਆਪਣਾ ਲੋਕਤੰਤਰੀ ਹੁਲੀਆ ਕਾਇਮ ਨਹੀਂ ਰੱਖ ਸਕੇ ਅਤੇ ਇਸ ਸੁਲੱਖਣੀ ਦਿੱਖ ਨੂੰ ਅਸੀਂ ਬਚਾ ਰੱਖਿਆ ਹੈ, ਉਸ ਦੇਸ਼ ਵਿੱਚ ਅੱਜ ਇੱਕ ਆਗੂ ਆਪਣੀ ਸਰਕਾਰ ਜਾਂ ਆਪਣੀ ਪਾਰਟੀ ਤੇ ਗਠਜੋੜ ਦੀ ਬਜਾਏ ਹਰ ਗੱਲ ਨੂੰ ਆਪਣੇ ਨਾਂਅ ਦੀ ਗਾਰੰਟੀ ਦੀ ਮੋਹਰ ਲਾ ਕੇ ਪਰੋਸਦਾ ਪਿਆ ਹੈ। ਹਾਲਾਤ ਇੱਦਾਂ ਦੇ ਬਣਦੇ ਜਾਂਦੇ ਹਨ ਕਿ ਇੱਕ ਘੱਟ-ਗਿਣਤੀ ਧਰਮ ਵਿਰੁੱਧ ਚਲਦੀ ਅਣ-ਐਲਾਨੇ ਪ੍ਰਚਾਰ ਦੀ ਮੁਹਿੰਮ ਇਸਦੇ ਨਾਲ ਦੂਸਰੇ ਧਰਮਾਂ ਦੇ ਲੋਕਾਂ ਲਈ ਵੀ ਇੱਕ ਸੁਨੇਹਾ ਬਣਦੀ ਜਾਂਦੀ ਹੈ। ਉਨ੍ਹਾਂ ਧਰਮਾਂ ਵਾਲੇ ਲੋਕ ਤੇ ਉਨ੍ਹਾਂ ਦੇ ਆਗੂ ਕਹਿਣ ਨੂੰ ਅੱਜ ਵੀ ਆਪੋ-ਆਪਣੇ ਧਰਮ ਦੀ ਵਿਲੱਖਣਤਾ ਦੀਆਂ ਗੱਲਾਂ ਕਰੀ ਜਾਂਦੇ ਹਨ, ਪਰ ਸਵੱਲੀ ਨਜ਼ਰ ਦੀ ਆਸ ਵਿੱਚ ਰਾਤ-ਦਿਨ ਦਿੱਲੀ ਵੱਲ ਤੱਕੀ ਜਾਂਦੇ ਹਨ, ਤਾਂ ਕਿ ਰਾਜ-ਸੁੱਖ ਮਾਨਣ ਦਾ ਕੋਈ ਹੰਢਣਸਾਰ ਜੁਗਾੜ ਕੀਤਾ ਜਾ ਸਕੇ।
ਪੌਣੀ ਕੁ ਸਦੀ ਪਹਿਲਾਂ ਖੁਦ ਨੂੰ ਗਣਤੰਤਰ ਐਲਾਨ ਚੁੱਕੇ ਤੇ ਅੱਜ ਤਕ ਇਸ ਐਲਾਨ ਦਾ ਮਾਣ ਕਰਦੇ ਆਏ ਇਸ ਦੇਸ਼ ਵਿੱਚ ਰਾਜ ਕਰਦੀ ਧਿਰ ਦੇ ਅੱਗੇ ਸਪੀਡ-ਬਰੇਕਰ ਬਣਨ ਜੋਗੀ ਵਿਰੋਧੀ ਧਿਰ ਲੋੜੀਂਦੀ ਹੈ। ਦੁਨੀਆ ਦੇ ਲੋਕਤੰਤਰੀ ਦੇਸ਼ਾਂ ਵਿੱਚ ਇਹੋ ਜਿਹੀ ਵਿਰੋਧੀ ਧਿਰ ਦਾ ਹੋਣਾ ਸ਼ੁਭ ਤੇ ਇਸਦੀ ਅਣਹੋਂਦ ਜਾਂ ਕਮਜ਼ੋਰ ਹੋਈ ਵਿਰੋਧਤਾ ਨੂੰ ਲੋਕਤੰਤਰੀ ਰਿਵਾਇਤਾਂ ਲਈ ਮਾੜਾ ਸਮਝਿਆ ਜਾਂਦਾ ਹੈ। ਭਾਰਤ ਵਿੱਚ ਇੰਦਰਾ ਗਾਂਧੀ ਦੇ ਰਾਜ ਵਿੱਚ ਵਿਰੋਧੀ ਧਿਰਾਂ ਨੂੰ ਖੋਰਾ ਲਾਉਣ ਦੀ ਜਿਹੜੀ ਖੇਡ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ, ਅੱਧੀ ਸਦੀ ਬਾਅਦ ਅੱਜ ਉਹ ਸਿਖਰਾਂ ਉੱਤੇ ਹੈ ਤੇ ਇਸਦੀ ਸਭ ਤੋਂ ਵੱਧ ਮਾਰ ਵੀ ਉਸੇ ਕਾਂਗਰਸ ਨੂੰ ਝੱਲਣੀ ਪੈ ਰਹੀ ਹੈ। ਨਿਤਾਣੀ ਜਿਹੀ ਜਾਪਦੀ ਇਹ ਪਾਰਟੀ ਅੱਜ ਵੀ ਆਮ ਲੋਕਾਂ ਦੀ ਨੇੜਤਾ ਕਰਨ ਤੋਂ ਵੱਧ ਇੱਕੋ ਟੱਬਰ ਦੇ ਕਿੱਲੇ ਨਾਲ ਬੱਝੀ ਹੋਣ ਦਾ ਮਾਣ ਮਹਿਸੂਸ ਕਰਦੀ ਹੈ ਤੇ ਇਸਦੀ ਇਸੇ ਬੇਵਕੂਫੀ ਨੂੰ ਉਹ ਵਿਰੋਧੀ ਆਗੂ ਵਰਤਦੇ ਹਨ, ਜਿਹੜੇ ਇੱਕ ਧਰਮ ਦੇ ਨਾਂਅ ਉੱਤੇ ਭਾਰਤ ਨੂੰ ਚਲਾਉਣ ਦੀ ਨਵੀਂ ਧਾਰਾ ਪ੍ਰਚਾਰਨ ਦੇ ਬਾਅਦ ਹੌਲੀ-ਹੌਲੀ ਸਿਰਫ ਇੱਕ ਆਗੂ ਦੀ ਗਾਰੰਟੀ ਨਾਲ ਦੇਸ਼ ਨੂੰ ਬੰਨ੍ਹਣ ਦੇ ਰਾਹ ਪੈ ਚੁੱਕੇ ਹਨ।
ਜਿਹੜੀ ਵਿਰੋਧੀ ਧਿਰ ਦੇ ਕਮਜ਼ੋਰ ਹੋਣ ਨਾਲ ਦੇਸ਼ ਵਿੱਚ ਲੋਕਤੰਤਰ ਲਈ ਖਤਰੇ ਵਧਣ ਦਾ ਸੰਕੇਤ ਦਿਖਾਈ ਦੇਣ ਲਗਦਾ ਹੈ, ਭਾਰਤ ਵਿੱਚ ਉਸ ਵਿਰੋਧੀ ਧਿਰ ਦੇ ਆਗੂ ਥਾਲੀ ਦੇ ਬਤਾਊਂ ਬਣ ਕੇ ਇਸ ਨੂੰ ਖੁਦ ਖੋਰਾ ਲਾ ਰਹੇ ਹਨ। ਸੱਤਾ ਦੀ ਭੁੱਖ ਇਸ ਵੇਲੇ ਇੰਨੀ ਵਧ ਚੁੱਕੀ ਹੈ ਕਿ ਲੋਕਤੰਤਰ ਨੂੰ ਲੀਹੋਂ ਲਹਿਣ ਤੋਂ ਬਚਾਉਣ ਦੀ ਥਾਂ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਲੋਕਾਂ ਵਾਲੀ ਕਤਾਰ ਵਿੱਚ ਬੈਠਣ ਲਈ ਕਾਹਲੇ ਹਨ, ਜਿਨ੍ਹਾਂ ਨੂੰ ਤਾਕਤਵਰ ਧਿਰ ਦੇ ਦਰਬਾਰ ਅੰਦਰ ਜਾ ਕੇ ਸ਼ਰਣ ਮੰਗਣ ਦਾ ਸਮਾਂ ਚਾਹੀਦਾ ਹੈ। ਇੰਦਰਾ ਗਾਂਧੀ ਜਦੋਂ ਇੱਕ ਵਾਰ ਹਾਰਨ ਪਿੱਛੋਂ ਦੋਬਾਰਾ ਪ੍ਰਧਾਨ ਮੰਤਰੀ ਬਣੀ ਸੀ ਤਾਂ ਪਹਿਲਾਂ ਉਸ ਨੂੰ ਭੰਡਦੇ ਰਹੇ ਬਾਬੂ ਜਗਜੀਵਨ ਰਾਮ ਵਰਗੇ ਆਗੂ ਉਸੇ ਕੋਲ ਜਾਣ ਦੇ ਲਈ ਏਲਚੀਆਂ ਦੀ ਭਾਲ ਵਿੱਚ ਲੱਗ ਗਏ ਸਨ। ਅਜੋਕੇ ਭਾਰਤ ਵਿੱਚ ਵੀ ਵਿਰੋਧੀ ਧਿਰ ਦੇ ਆਗੂ ਉਹੋ ਕੁਝ ਕਰ ਰਹੇ ਹਨ। ਨਿਤੀਸ਼ ਕੁਮਾਰ ਇਸ ਵਰਤਾਰੇ ਦੀ ਸਭ ਤੋਂ ਉੱਘੜਵੀਂ ਮਿਸਾਲ ਬਣਿਆ ਪਿਆ ਹੈ, ਪਰ ਉਸ ਵਰਗੇ ਹੋਰ ਵੀ ਬਹੁਤ ਸਾਰੇ ਮਿਲ ਸਕਦੇ ਹਨ।
ਸਾਡੇ ਪੰਜਾਬ ਵਿੱਚ ਵੀ ਇਹੋ ਕੁਝ ਹੋ ਰਿਹਾ ਹੈ। ਪਿਛਲੇ ਦਿਨੀਂ ਇੱਕ ਆਗੂ ਮਾਣ ਨਾਲ ਦੱਸਦਾ ਸੁਣਿਆ ਕਿ ਉਸ ਦੀ ਅਗਲੀ ਪਾਰਲੀਮੈਂਟ ਚੋਣ ਲੜਨ ਵਾਸਤੇ ਪੂਰੀ ਤਿਆਰੀ ਹੈ ਤੇ ਇਸਦੇ ਲਈ ਉਸ ਨੂੰ ਫਲਾਣੇ ਵੱਡੇ ਨੇਤਾ ਨੇ ਟਿਕਟ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਹੋਇਆ ਹੈ। ਫਿਰ ਉਸ ਨੇ ਦੋ-ਤਿੰਨ ਵਾਰੀ ਮਿਲਣ ਮੌਕੇ ਇਹ ਵੀ ਦੱਸਿਆ ਕਿ ਵਾਹਵਾ ਤਕੜਾ ਖਰਚ ਕਰਨਾ ਪੈ ਰਿਹਾ ਹੈ, ਪਰ ਟਿਕਟ ਉਸ ਦੀ ਪੱਕੀ ਹੋ ਚੁੱਕੀ ਹੈ। ਬੀਤੇ ਹਫਤੇ ਦੇ ਇੱਕ ਦਿਨ ਉਹ ਮਿਲਣ ਆਇਆ ਤਾਂ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਜਾਪਦਾ ਸੀ। ਪੁੱਛਣ ਉੱਤੇ ਉਸ ਨੇ ਦੱਸਿਆ ਕਿ ਉਸ ਨੂੰ ਭਰੋਸਾ ਦੇਣ ਵਾਲੇ ਲੀਡਰ ਨੇ ਕਿਹਾ ਹੈ ਕਿ ਟਿਕਟ ਆਪਾਂ ਦੋਵਾਂ ਨੂੰ ਮਿਲ ਸਕਦੀ ਹੈ, ਪਰ ਇਸ ਪਾਰਟੀ ਦੇ ਜਿੱਤਣ ਦਾ ਭਰੋਸਾ ਨਹੀਂ ਤੇ ਉਹ ਖੁਦ ਇਸ ਵੇਲੇ ਦੂਸਰੀਆਂ ਤਿੰਨਾਂ ਪਾਰਟੀਆਂ ਨਾਲ ਸੰਪਰਕ ਬਣਾਈ ਖੜ੍ਹਾ ਹੈ। ਜਿਹੜੀ ਵੀ ਪਾਰਟੀ ਉਸ ਨੂੰ ਟਿਕਟ ਦੇਣ ਨੂੰ ਤਿਆਰ ਹੋਈ, ਉਸੇ ਪਾਰਟੀ ਵਿੱਚ ਜਾਣ ਨੂੰ ਤਿਆਰ ਹੈ। ਉਸ ਨੇ ਇਹ ਵੀ ਦੱਸ ਦਿੱਤਾ ਕਿ ਉਸ ਨੂੰ ਆਪਣੇ ਇਲਾਕੇ ਵਿੱਚ ਆਪਣੇ ਜਨਤਕ ਆਧਾਰ ਦਾ ਪੂਰਾ ਮਾਣ ਹੈ, ਪਰ ਉਸ ਤੋਂ ਵੱਧ ਮਾਣ ਉਸ ਨੂੰ ਆਪਣੇ ਕੋਲ ਸੰਭਾਲੇ ਪਏ ਮਾਇਆ ਦੇ ਉਸ ਖਜ਼ਾਨੇ ਦਾ ਹੈ, ਜਿਹੜਾ ਰਾਜ-ਗੱਦੀਆਂ ਦਾ ਨਿੱਘ ਮਾਨਣ ਵੇਲੇ ਉਸ ਨੇ ਸੱਤ ਪੀੜ੍ਹੀਆਂ ਦੀ ਲੋੜ ਜੋਗਾ ਭਰ ਲਿਆ ਸੀ।
ਜਿਸ ਦੇਸ਼ ਵਿੱਚ ਕੋਈ ਆਗੂ ਕਿਸੇ ਵਿਚਾਰਧਾਰਾ ਨਾਲ ਜੁੜਨ ਦੀ ਥਾਂ ਜਿਸ ਵੀ ਪਾਰਟੀ ਵੱਲੋਂ ਟਿਕਟ ਮਿਲ ਸਕਣ ਦਾ ਭਰੋਸਾ ਹੋਵੇ, ਉਸੇ ਦਾ ਉਮੀਦਵਾਰ ਬਣਨ ਲਈ ਤਿਆਰ ਹੋ ਸਕਦਾ ਹੈ, ਉਸ ਵਿੱਚ ਗਣਤੰਤਰ ਦਿਵਸ ਸਮਾਗਮ ਜਿੰਨੇ ਮਰਜ਼ੀ ਮਨਾਏ ਜਾਣ, ਗਣਤੰਤਰੀ ਸੋਚ ਲੋਕਾਂ ਤਕ ਨਹੀਂ ਪਹੁੰਚਣੀ। ਪਿਛਲੀ ਪੌਣੀ ਸਦੀ ਦੌਰਾਨ ਭਾਰਤ ਦੇ ਲੋਕਾਂ ਨੂੰ ਕੁਝ ਵੀ ਸੋਚਣ ਦੀ ਥਾਂ ਜਿਵੇਂ ਸਿਰਫ ਸਮਾਗਮਾਂ ਦਾ ਹਿੱਸਾ ਬਣਦੇ ਜਾਣ ਦਾ ਚਸਕਾ ਲਾ ਦਿੱਤਾ ਗਿਆ ਹੈ। ਉਸ ਨਾਲ ਦੇਸ਼ ਜਿਸ ਪਾਸੇ ਵਧ ਸਕਦਾ ਹੈ, ਓਧਰ ਔਖਾ-ਸੌਖਾ ਵਧਦਾ ਜਾਂਦਾ ਹੈ। ਇਸ ਨੂੰ ਮੋੜਾ ਪੈਣ ਦੀ ਗੁੰਜਾਇਸ਼ ਬਾਰੇ ਗੱਲਾਂ ਤੇ ਗੋਸ਼ਟੀਆਂ ਹੋ ਸਕਦੀਆਂ ਹਨ, ਪਰ ਗੋਸ਼ਟੀਆਂ ਕਰਨ ਵਾਲੇ ਲੋਕ ਵੀ ਜਦੋਂ ਨਿੱਜੀ ਤੌਰ ਉੱਤੇ ਮਿਲਣ ਤਾਂ ਇਹ ਮੰਨਣ ਤੋਂ ਝਿਜਕਦੇ ਨਹੀਂ ਕਿ ਹਾਲਤ ਹਰ ਘੋੜ-ਸਵਾਰ ਦੇ ਹੱਥੋਂ ਵਾਗ ਛੁੱਟ ਜਾਣ ਵਾਲੀ ਬਣੀ ਪਈ ਹੈ। ਇਸ ਮਾਹੌਲ ਵਿੱਚ ਭਾਰਤ ਨੇ ਇੱਕ ਹੋਰ ਗਣਤੰਤਰ ਦਿਵਸ ਮਨਾ ਲਿਆ ਹੈ, ਚੱਲੋ ਇਸ ਬਹਾਨੇ ਵੀ ਥੋੜ੍ਹਾ ਖੁਸ਼ ਹੋ ਲੈਣਾ ਮਾੜਾ ਨਹੀਂ ਹੁੰਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4679)
(ਸਰੋਕਾਰ ਨਾਲ ਸੰਪਰਕ ਲਈ: (