“ਜੇ ਉਹ ਆਗੂ ਲੋਕਾਂ ਦੀਆਂ ਚੀਕਾਂ ਸੁਣ ਸਕਦਾ ਤਾਂ ਉਸ ਨੂੰ ਸੁਣ ਜਾਣਾ ਸੀ ਕਿ ...”
(10 ਮਈ 2021)
ਅਸੀਂ ਪਿਛਲੇ ਹਫਤੇ ਇਹ ਜ਼ਿਕਰ ਕੀਤਾ ਸੀ ਕਿ ਸਮੁੱਚੇ ਭਾਰਤ ਉੱਤੇ ਕਬਜ਼ੇ ਲਈ ਇੱਕ ਲੀਡਰ ਦੀ ਲਾਲਸਾ ਦੀ ਦਾੜ੍ਹ ਹੇਠ ਆਏ ਹੋਏ ਭਾਰਤ ਵਿੱਚ ਕਰੋਨਾ ਵਾਇਰਸ ਦੀ ਮਾਰ ਪਿਛਲੇ ਸਮੇਂ ਵਿੱਚ ਕਿਸ ਤਰ੍ਹਾਂ ਵਧੀ ਹੈ। ਅਸੀਂ ਲਿਖਿਆ ਸੀ ਕਿ ‘ਫਰਵਰੀ ਦੇ ਅੰਤਲੇ ਦਿਨ ਕਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਭਾਰਤ ਵਿੱਚ ਇੱਕ ਲੱਖ ਸੱਤਰ ਹਜ਼ਾਰ ਤੋਂ ਥੋੜ੍ਹੀ ਉੱਤੇ ਸੀ, ਮਾਰਚ ਦੇ ਅੰਤਲੇ ਦਿਨ ਤਕ ਚੋਣਾਂ ਲਈ ਰਾਜਸੀ ਲੀਡਰਾਂ ਦੇ ਜਲਸੇ ਸ਼ੁਰੂ ਹੋਣ ਕਾਰਨ ਪੰਜ ਲੱਖ ਪਚਾਸੀ ਹਜ਼ਾਰ ਤੋਂ ਟੱਪ ਗਈ ਤੇ ਪ੍ਰਧਾਨ ਮੰਤਰੀ ਨੇ ਦੌਰੇ ਉਦੋਂ ਸਮੇਟੇ, ਜਦੋਂ ਐਕਟਿਵ ਕੇਸਾਂ ਦੀ ਗਿਣਤੀ ਵੀਹ ਲੱਖ ਤੋਂ ਟੱਪ ਗਈ। ਫਿਰ ਇਹ ਰੁਕੀ ਨਹੀਂ। ਹਾਲਾਤ ਕਾਬੂ ਤੋਂ ਬਾਹਰ ਹੋਣ ਨਾਲ ਅਪਰੈਲ ਮੁੱਕਣ ਤਕ ਇਹ ਗਿਣਤੀ ਬੱਤੀ ਲੱਖ ਟੱਪ ਗਈ। ਫਰਵਰੀ ਮੁੱਕਣ ਤਕ ਮੌਤਾਂ ਦੀ ਗਿਣਤੀ ਭਾਰਤ ਵਿੱਚ ਅਜੇ ਇੱਕ ਲੱਖ ਸਤਵੰਜਾ ਹਜ਼ਾਰ ਤੋਂ ਡੇਢ ਸੌ ਉੱਤੇ ਸੀ, ਮਾਰਚ ਮੁੱਕਣ ਤਕ ਇਹ ਇੱਕ ਲੱਖ ਤਰੇਹਠ ਹਜ਼ਾਰ ਦੇ ਨੇੜੇ ਪਹੁੰਚੀ, ਪਰ ਅਪਰੈਲ ਮੁੱਕਣ ਤਕ ਭਾਰਤ ਵਿੱਚ ਮੌਤਾਂ ਦੀ ਗਿਣਤੀ ਦੋ ਲੱਖ ਦਸ ਹਜ਼ਾਰ ਟੱਪ ਗਈ। ਅਪਰੈਲ ਦਾ ਮਹੀਨਾ ਭਾਰਤ ਵਿੱਚ ਸੰਤਾਲੀ ਹਜ਼ਾਰ ਮੌਤਾਂ ਦਾ ਕਾਰਨ ਬਣ ਗਿਆ। ਇਤਿਹਾਸ ਵਿੱਚ ਭਾਰਤ ਵਿੱਚ ਕਦੇ ਏਨੀਆਂ ਮੌਤਾਂ ਨਹੀਂ ਹੋਈਆਂ।’
ਸਪਸ਼ਟ ਹੈ ਕਿ ਇੱਕ ਆਗੂ ਦੀ ਰਾਜਸੀ ਹਾਬੜ ਦੇ ਕਾਰਨ ਅਪਰੈਲ ਆਦਮ-ਖਾਣਾ ਸਾਬਤ ਹੋਇਆ ਸੀ। ਮਈ ਦੇ ਪਹਿਲੇ ਹਫਤੇ ਨੇ ਗੱਲ ਹੋਰ ਅੱਗੇ ਵਧਾ ਦਿੱਤੀ ਹੈ। ਇਸਦੇ ਨਾਲ ਹੀ ਸਰਕਾਰ ਚਲਾਉਣ ਵਾਲਿਆਂ ਦੀ ਲੋਕਾਂ ਵੱਲ ਅਸਲੋਂ ਬੇਫਿਕਰੀ ਵੀ ਹੋਰ ਨੰਗੀ ਕਰ ਦਿੱਤੀ ਹੈ। ਭਾਰਤ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਮਾਰਚ ਅੰਤ ਤੀਕਰ ਪੰਜ ਲੱਖ ਪਚਾਸੀ ਹਜ਼ਾਰ ਹੋਈ ਸੀ, ਅਪਰੈਲ ਮੁੱਕਣ ਤਕ ਬੱਤੀ ਲੱਖ ਟੱਪੀ ਸੀ, ਉਹ ਮਈ ਦੇ ਪਹਿਲੇ ਸੱਤ ਦਿਨਾਂ ਵਿੱਚ ਸੈਂਤੀ ਲੱਖ ਨੂੰ ਟੱਪ ਗਈ ਹੈ। ਮੌਤਾਂ ਦੀ ਗਿਣਤੀ ਫਰਵਰੀ ਮੁੱਕਣ ਤਕ ਅਜੇ ਇੱਕ ਲੱਖ ਸਤਵੰਜਾ ਹਜ਼ਾਰ ਤੋਂ ਡੇਢ ਸੌ ਉੱਤੇ ਸੀ, ਮਾਰਚ ਮੁੱਕਣ ਤਕ ਵਧ ਕੇ ਇੱਕ ਲੱਖ ਤਰੇਹਠ ਹਜ਼ਾਰ ਦੇ ਨੇੜੇ ਪਹੁੰਚੀ ਸੀ, ਪਰ ਅਪਰੈਲ ਮੁੱਕਣ ਤਕ ਇਹੋ ਗਿਣਤੀ ਦੋ ਲੱਖ ਦਸ ਹਜ਼ਾਰ ਟੱਪ ਗਈ ਸੀ। ਮਈ ਦੇ ਪਹਿਲੇ ਸੱਤ ਦਿਨਾਂ ਪਿੱਛੋਂ ਇਹ ਦੋ ਲੱਖ ਅਠੱਤੀ ਹਜ਼ਾਰ ਹੋ ਗਈ ਹੈ ਅਤੇ ਇਸਦਾ ਮਤਲਬ ਹੈ ਕਿ ਇੱਕੋ ਹਫਤੇ ਵਿੱਚ ਅਠਾਈ ਹਜ਼ਾਰ ਮੌਤਾਂ ਹੋ ਗਈਆਂ ਹਨ। ਜੇ ਇਹੋ ਰਫਤਾਰ ਜਾਰੀ ਰਹੇਗੀ ਤਾਂ ਆਦਮ-ਖਾਣੇ ਅਪਰੈਲ ਦੇ ਬਾਅਦ ਮੌਤ-ਮੂੰਹੀਂ ਮਈ ਕਿੱਥੋਂ ਤਕ ਪੁਚਾਵੇਗੀ, ਕਹਿ ਸਕਣਾ ਔਖਾ ਹੈ। ਹਾਲਾਤ ਇੱਦਾਂ ਦੇ ਹਨ ਕਿ ਇਸ ਬਾਰੇ ਕੋਈ ਵੱਡੇ ਤੋਂ ਵੱਡਾ ਡਾਕਟਰ ਜਾਂ ਵਾਇਰਾਲੋਜੀ ਦਾ ਹੋਰ ਮਾਹਰ ਕੁਝ ਕਹਿਣ ਦੇ ਸਮਰੱਥ ਨਹੀਂ।
ਜੀ ਹਾਂ, ਕੋਈ ਕੁਝ ਕਹਿਣ ਦੇ ਇਸ ਕਰਕੇ ਵੀ ਸਮਰੱਥ ਨਹੀਂ ਕਿ ਇਸ ਵਕਤ ਭਾਰਤ ਦੇਸ਼ ਦੀ ਡੋਰ ਉਹ ਆਗੂ ਫੜੀ ਬੈਠਾ ਹੈ, ਜਿਹੜਾ ਖੁਦ ਨੂੰ ਦੇਸ਼ ਦਾ ਆਗੂ ਘੱਟ ਮੰਨਦਾ ਤੇ ਰਾਜਾ ਮੰਨਣ ਦੀ ਮਾਨਸਿਕਤਾ ਦਾ ਵੱਧ ਸ਼ਿਕਾਰ ਹੈ। ਉਸ ਦੀ ਹਊਮੈ ਇੱਥੋਂ ਤਕ ਚਲੀ ਗਈ ਹੈ ਕਿ ਸਿਸਟਮ ਦਾ ਕੋਈ ਨੁਕਸ ਵੀ ਕੱਢਿਆ ਜਾਵੇ ਤਾਂ ਉਹ ਆਪਣੇ ਵੱਲ ਉਂਗਲ ਉੱਠ ਰਹੀ ਮੰਨਦਾ ਤੇ ਉਸ ਉਂਗਲ ਅਤੇ ਉਂਗਲ ਉਠਾਉਣ ਵਾਲੇ ਨੂੰ ਨਿਸ਼ਾਨੇ ਉੱਤੇ ਰੱਖ ਸਕਦਾ ਹੈ। ਪਰ ਦੇਸ਼ ਵਿੱਚ ਜਿਹੋ ਜਿਹੇ ਹਾਲਾਤ ਹਨ, ਜਿੱਦਾਂ ਦਾ ਚੀਕ-ਚਿਹਾੜਾ ਪੈਂਦਾ ਅਸੀਂ ਲੋਕ ਸੁਣ ਰਹੇ ਹਾਂ, ਉਹ ਉਸ ਨੂੰ ਨਹੀਂ ਸੁਣਦਾ। ਜੇ ਉਹ ਆਗੂ ਲੋਕਾਂ ਦੀਆਂ ਚੀਕਾਂ ਸੁਣ ਸਕਦਾ ਤਾਂ ਉਸ ਨੂੰ ਸੁਣ ਜਾਣਾ ਸੀ ਕਿ ਇੱਕ ਦਿਨ ਤਾਮਿਲ ਨਾਡੂ ਦੇ ਸ਼ਹਿਰ ਚੇਂਗਲਪੱਟੂ ਦੇ ਸਰਕਾਰੀ ਹਸਪਤਾਲ ਵਿੱਚ ਆਕਸੀਜਨ ਮੁੱਕ ਗਈ ਤਾਂ ਤੇਰਾਂ ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਦੋਂ ਤਕ ਅਜੇ ਨਵੇਂ ਮੁੱਖ ਮੰਤਰੀ ਨੇ ਸਹੁੰ ਨਹੀਂ ਸੀ ਚੁੱਕੀ। ਪ੍ਰਧਾਨ ਮੰਤਰੀ ਮੋਦੀ ਕਹਿ ਸਕਦਾ ਹੈ ਕਿ ਉੱਥੇ ਮੇਰਾ ਰਾਜ ਨਹੀਂ ਤੇ ਨਾਲੇ ਉਹ ਬੜੀ ਦੂਰ ਦੱਖਣ ਦੇ ਰਾਜ ਦੀ ਗੱਲ ਹੈ, ਇਸ ਲਈ ਪਤਾ ਨਹੀਂ ਲੱਗਾ। ਪਰ ਉੱਤਰਾ ਖੰਡ ਹੈ ਵੀ ਨੇੜੇ ਤੇ ਉਸ ਰਾਜ ਦੀ ਸਰਕਾਰ ਵੀ ਨਰਿੰਦਰ ਮੋਦੀ ਦੇ ਆਸ਼ੀਰਵਾਦ ਨਾਲ ਭਾਜਪਾ ਦੀ ਹੈ। ਜਿਸ ਦਿਨ ਚੇਂਗਲਪੱਟੂ ਵਿੱਚ ਮੌਤਾਂ ਹੋਈਆਂ, ਉੱਤਰਾ ਖੰਡ ਰਾਜ ਦੇ ਰੁੜਕੀ ਵਿੱਚ ਵੀ ਉਸੇ ਦਿਨ ਆਕਸੀਜਨ ਮੁੱਕ ਜਾਣ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਸੀ ਤੇ ਭਾਜਪਾ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਸੀ ਲਈ। ਸ਼ਾਇਦ ਉੱਤਰਾ ਖੰਡ ਵੀ ਦੂਰ ਹੋਵੇਗਾ, ਪਰ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਮਸਾਂ ਚਾਰ ਕਿਲੋਮੀਟਰ ਭਾਜਪਾ ਦੀ ਹਰਿਆਣਾ ਸਰਕਾਰ ਵਾਲੇ ਗੁਰੂ ਗ੍ਰਾਮ ਵਿੱਚ ਵੀ ਉਸੇ ਦਿਨ ਆਕਸੀਜਨ ਮੁੱਕ ਜਾਣ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਸੀ। ਜਿੱਦਾਂ ਦਾ ਪ੍ਰਧਾਨ ਮੰਤਰੀ, ਉੱਦਾਂ ਦੇ ਇਸ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਮੁੱਖ ਮੰਤਰੀ ਅਤੇ ਉਹੋ ਜਿਹਾ ਰਾਜ ਚੱਲੀ-ਚਲਾਈ ਜਾਂਦਾ ਹੈ, ਜਿਸ ਵਿੱਚ ਮਰੀਜ਼ਾਂ ਦਾ ਮਰ ਜਾਣਾ ਕੋਈ ਖਾਸ ਅਰਥ ਨਹੀਂ ਰੱਖਦਾ ਜਾਪਦਾ। ਜੇ ਲੋਕਾਂ ਦਾ ਮਰਨਾ ਕੁਝ ਅਰਥ ਰੱਖਦਾ ਹੁੰਦਾ ਤਾਂ ਉਹ ਕੁਝ ਨਾ ਹੁੰਦਾ, ਜੋ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਅਤੇ ਉਸਦੀ ਪਾਰਟੀ ਦੀ ਸਰਕਾਰ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ ਵੀ ਹੈ ਤੇ ਉਸ ਰਾਜ ਵਿੱਚ ਇਸ ਪਾਰਟੀ ਦੇ ਚਾਰ ਵਿਧਾਇਕ ਕਰੋਨਾ ਦੀ ਬਿਮਾਰੀ ਨਾਲ ਮਰ ਚੁੱਕੇ ਹਨ। ਤੀਸਰੇ ਵਿਧਾਇਕ ਦੀ ਮੌਤ ਹੋਈ ਤਾਂ ਉਸ ਦੇ ਪੁੱਤਰ ਨੇ ਰੋਂਦਿਆਂ ਕਿਹਾ ਕਿ ਮੇਰਾ ਬਾਪ ਆਪਣੀ ਪਾਰਟੀ ਦੇ ਮੁੱਖ ਮੰਤਰੀ ਆਦਿਤਿਆਨਾਥ ਦੇ ਦਫਤਰ ਨੂੰ ਫੋਨ ਕਰਦਾ ਰਿਹਾ, ਕਿਸੇ ਨੇ ਫੋਨ ਨਹੀਂ ਚੁੱਕਿਆ, ਉਸ ਨੇ ਚਿੱਠੀ ਭੇਜੀ ਤਾਂ ਕਿਸੇ ਨੇ ਨਹੀਂ ਪੜ੍ਹੀ ਤੇ ਜਦੋਂ ਉਸ ਦੀ ਮੌਤ ਬਾਰੇ ਭਾਜਪਾ ਦਫਤਰ ਨੂੰ ਦੱਸਿਆ ਤਾਂ ਉੱਥੋਂ ਵੀ ਕਿਸੇ ਪ੍ਰਵਾਹ ਨਹੀਂ ਸੀ ਕੀਤੀ। ਸਾਰੀ ਉਮਰ ਦਾ ਭਾਜਪਾ ਦਾ ਵਫਾਦਾਰ ਵਰਕਰ ਆਕਸੀਜਨ ਦੇ ਇੱਕ ਸਿਲੰਡਰ ਨੂੰ ਰੋਂਦਾ ਜਾਨ ਦੇ ਗਿਆ। ਜਦੋਂ ਪਾਰਟੀ ਤੇ ਸਰਕਾਰ ਆਪਣੇ ਉਸ ਵਿਧਾਇਕ ਦੀ ਸਾਰ ਲੈਣ ਨਹੀਂ ਗਈ ਤਾਂ ਉਹ ਆਮ ਲੋਕਾਂ ਬਾਰੇ ਵੀ ਚਿੰਤਾ ਨਹੀਂ ਕਰਨ ਲੱਗੀ। ਇਹੋ ਕਾਰਨ ਹੈ ਕਿ ਇਸ ਦੇਸ਼ ਵਿੱਚ ਹਰ ਕਿਸੇ ਰਾਜ ਦੀ ਸਰਕਾਰ ਆਕਸੀਜਨ ਦੇ ਚਾਰ ਸਿਲੰਡਰ ਲੈਣ ਲਈ ਪਹਿਲਾਂ ਹਾਈ ਕੋਰਟ ਵੱਲ ਅਤੇ ਫਿਰ ਸੁਪਰੀਮ ਕੋਰਟ ਵੱਲ ਦੌੜਾਂ ਲਾਉਂਦੀ ਦਿਖਾਈ ਦਿੰਦੀ ਹੈ।
ਅਰਵਿੰਦ ਕੇਜਰੀਵਾਲ ਤਾਂ ਨਰਿੰਦਰ ਮੋਦੀ ਨੂੰ ਬਰਦਾਸ਼ਤ ਨਹੀਂ ਹੁੰਦਾ, ਪਰ ਜਿਸ ਕਰਨਾਟਕ ਵਿੱਚ ਵਿਰੋਧੀ ਧਿਰਾਂ ਦਾ ਤਖਤ ਪਲਟ ਕੇ ਭਾਜਪਾ ਦੇ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਸੀ, ਉਸ ਦੀ ਸਰਕਾਰ ਵੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਹਾਈ ਕੋਰਟ ਜਾ ਪੁੱਜੀ ਹੈ। ਭਾਜਪਾ ਦੀ ਕਰਨਾਟਕਾ ਸਰਕਾਰ ਦੀ ਅਰਜ਼ੀ ਉੱਤੇ ਹਾਈ ਕੋਰਟ ਨੇ ਭਾਜਪਾ ਦੀ ਕੇਂਦਰ ਸਰਕਾਰ ਦੇ ਖਿਲਾਫ ਹੁਕਮ ਕਰ ਦਿੱਤਾ ਕਿ ਇਸ ਰਾਜ ਨੂੰ ਲੋੜ ਜੋਗੀ ਆਕਸੀਜਨ ਸਪਲਾਈ ਦਿੱਤੀ ਜਾਵੇ ਤਾਂ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੀ ਕੇਂਦਰ ਸਰਕਾਰ ਆਪਣੀ ਹੀ ਪਾਰਟੀ ਦੀ ਕਰਨਾਟਕ ਸਰਕਾਰ ਵਿਰੁੱਧ ਸੁਪਰੀਮ ਕੋਰਟ ਜਾ ਪੁੱਜੀ। ਸੁਪਰੀਮ ਕੋਰਟ ਨੇ ਕਿਹਾ ਕਿ ਕਰਨਾਟਕ ਦੀ ਸਰਕਾਰ ਵੀ ਠੀਕ ਕਹਿੰਦੀ ਹੈ, ਹਾਈ ਕੋਰਟ ਨੇ ਵੀ ਗਲਤ ਨਹੀਂ ਕੀਤਾ ਅਤੇ ਉਸ ਕੋਰਟ ਦੇ ਹੁਕਮ ਨੂੰ ਰੱਦ ਕਰਾਉਣ ਦੀ ਥਾਂ ਕੇਂਦਰ ਦੀ ਮੋਦੀ ਸਰਕਾਰ ਕੁਝ ਕਰ ਕੇ ਦੱਸੇ। ਨਰਿੰਦਰ ਮੋਦੀ ਸਰਕਾਰ ਨੇ ਅਦਾਲਤ ਨੂੰ ਫਿਰ ਟਾਲਣ ਦਾ ਯਤਨ ਕੀਤਾ ਤਾਂ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਹੋ ਜਿਹੇ ਹਾਲਾਤ ਪੈਦਾ ਨਾ ਕਰੇ ਕਿ ਸਾਨੂੰ ਉਸ ਦੇ ਖਿਲਾਫ ਹੋਰ ਸਖਤੀ ਕਰਨੀ ਪੈ ਜਾਵੇ। ਮੋਦੀ ਸਰਕਾਰ ਆਪਣੀ ਪਾਰਟੀ ਦੀ ਰਾਜ ਸਰਕਾਰ ਨੂੰ ਵੀ ਤੰਗ ਕਰਦੀ ਹੈ।
ਇਸ ਹਾਲਤ ਵਿੱਚ ਕਿਸੇ ਨੇ ਇੱਕ ਸੰਦੇਸ਼ ਭੇਜਿਆ ਹੈ ਕਿ ਦੇਸ਼ ਦਾ ਇਤਿਹਾਸ ਇਹ ਗੱਲ ਕਦੀ ਭੁੱਲ ਨਹੀਂ ਸਕੇਗਾ ਕਿ ਇਸ ਦੇਸ਼ ਦੇ ਇੱਕ ਹਾਕਮ ਨੇ ਆਪਣੀ ਸੱਤਾ ਦੇ ਲਾਲਚ ਵਿੱਚ ਦੇਸ਼ ਨੂੰ ਸ਼ਮਸ਼ਾਨ ਬਣਾ ਦਿੱਤਾ ਸੀ। ਅਸੀਂ ਉਸ ਸੰਦੇਸ਼ ਨਾਲ ਪੂਰੇ ਸਹਿਮਤ ਨਹੀਂ, ਪਰ ਇਹ ਗੱਲ ਕਹਿ ਸਕਦੇ ਹਾਂ ਕਿ ਦੇਸ਼ ਨੂੰ ਸ਼ਮਸ਼ਾਨ ਬਣਾ ਭਾਵੇਂ ਨਾ ਦਿੱਤਾ ਹੋਵੇ, ਸ਼ਮਸ਼ਾਨ ਬਣਦਾ ਨਹੀਂ ਰੋਕਿਆ। ਜਦੋਂ ਉਸ ਨੂੰ ਕੁਝ ਕਰਨ ਦੀ ਲੋੜ ਸੀ, ਉਹ ਚੋਣ-ਚੱਕਰ ਵਿੱਚ ਰੁੱਝਾ ਹੋਇਆ ਸੀ। ਜਦੋਂ ਹਾਲਤ ਹੱਦੋਂ ਵੱਧ ਵਿਗੜ ਗਈ, ਫਿਰ ਖਤਾਨਾਂ ਵਿੱਚ ਰਿੜ੍ਹ ਚੁੱਕੀ ਗੱਡੀ ਦੇ ਮਗਰ ਦੌੜਨ ਵਾਂਗ ਉਹ ਅੱਧੇ ਮਨ ਨਾਲ ਹਾਲਾਤ ਵੱਲ ਧਿਆਨ ਦੇਣ ਲੱਗਾ ਵੀ ਹੋਵੇ ਤਾਂ ਲੋਕਾਂ ਨੂੰ ਇਸਦਾ ਯਕੀਨ ਨਹੀਂ। ਲੋਕ ਸਿਸਟਮ ਤੋਂ ਉਕਤਾਉਂਦੇ ਜਾ ਰਹੇ ਹਨ।
ਇਹੋ ਜਿਹੇ ਹਾਲਾਤ ਵਿੱਚ ਭਾਰਤ ਨੂੰ ਆਦਮ-ਖਾਣੀ ਅਪਰੈਲ ਝਈਆਂ ਲੈ-ਲੈ ਪੈਂਦੀ ਸੀ, ਉਸ ਦੇ ਮੁੱਕਣ ਮਗਰੋਂ ਮੌਤ-ਮੂੰਹੀਂ ਮਈ ਉਸ ਤੋਂ ਵੱਧ ਔਖਾ ਹੋ ਕ ਭਾਰਤ ਭੁਗਤਦਾ ਪਿਆ ਹੈ। ਕੋਈ ਨਹੀਂ ਜਾਣਦਾ ਕਿ ਬਣੇਗਾ ਕੀ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2770)
(ਸਰੋਕਾਰ ਨਾਲ ਸੰਪਰਕ ਲਈ: