“ਅਗਲੇ ਮਹੀਨੇ ਹੋ ਰਹੀਆਂ ਚੋਣਾਂ ਦੌਰਾਨ ਮੱਧ ਪ੍ਰਦੇਸ਼ ਵਿੱਚ ਜੇ ਭਾਜਪਾ ਹਾਰਦੀ ਹੈ ਤਾਂ ਭ੍ਰਿਸ਼ਟਾਚਾਰ ਦੇ ਪੱਖੋਂ ...”
(16 ਅਕਤੂਬਰ 2023)
ਇਸ ਸਮੇਂ ਪਾਠਕ: 45.
ਭਾਰਤ ਇਸ ਵਕਤ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਵੇਖ ਰਿਹਾ ਹੈ। ਨਵੰਬਰ ਦੇ ਵਿਚਾਲੇ ਵੋਟਿੰਗ ਸ਼ੁਰੂ ਹੋਣੀ ਅਤੇ ਫਿਰ ਦਸੰਬਰ ਦੇ ਪਹਿਲੇ ਦਿਨ ਅਖੀਰਲੇ ਗੇੜ ਦੀਆਂ ਵੋਟਾਂ ਪੈਣ ਪਿੱਛੋਂ ਤਿੰਨ ਦਸੰਬਰ ਨੂੰ ਨਤੀਜੇ ਆਉਣ ਦੇ ਬਾਅਦ ਇਸ ਦੇਸ਼ ਦੀ ਅਗਲੇ ਸਮੇਂ ਦੀ ਦਸ਼ਾ ਤੇ ਦਿਸ਼ਾ ਤੈਅ ਹੋਣ ਦੀਆਂ ਗੱਲਾਂ ਸੁਣੀਆਂ ਜਾਣ ਲੱਗ ਪਈਆਂ ਹਨ। ਅਸਲ ਵਿੱਚ ਇਹ ਗੱਲ ਸੱਚ ਵੀ ਹੈ ਕਿ ਪਿਛਲੇ ਨੌਂ ਸਾਲਾਂ ਤੋਂ ਦੇਸ਼ ਦੀ ਕਮਾਨ ਸੰਭਾਲੀ ਬੈਠੀ ਪਾਰਟੀ ਅਤੇ ਉਸ ਦੇ ਮੁਖੀ ਲੀਡਰ ਦਾ ਅਕਸ ਇਨ੍ਹਾਂ ਚੋਣਾਂ ਦੇ ਨਤੀਜੇ ਨਾਲ ਅਸਰਦਾਰ ਹੋ ਸਕਦਾ ਹੈ। ਚੋਣਾਂ ਦੇ ਨਤੀਜੇ ਬਾਰੇ ਕਦੇ ਵੀ ਯਕੀਨੀ ਨਹੀਂ ਹੁੰਦਾ ਕਿ ਊਠ ਕਿਸ ਕਰਵਟ ਬੈਠ ਜਾਵੇਗਾ, ਪਰ ਕਦੀ-ਕਦੀ ਇਸ ਬਾਰੇ ਅਗੇਤੇ ਸੰਕੇਤ ਏਦਾਂ ਦੇ ਮਿਲਣ ਲੱਗਦੇ ਹਨ ਕਿ ਉਨ੍ਹਾਂ ਨੂੰ ਮੰਨਣਾ ਭਾਵੇਂ ਮੁਸ਼ਕਲ ਜਾਪਦਾ ਹੋਵੇ, ਨਕਾਰਿਆ ਨਹੀਂ ਜਾ ਸਕਦਾ। ਇਸ ਵਾਰ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਬਾਰੇ ਹੇਠੋਂ ਕੁਝ ਹੋਰ ਪ੍ਰਭਾਵ ਮਿਲਦਾ ਹੈ ਤੇ ਆਪਣੇ ਆਪ ਨੂੰ ਕੌਮੀ ਮੀਡੀਆ ਆਖ ਕੇ ਖੁਸ਼ ਹੋਣ ਵਾਲੇ ਹਿੰਦੀ ਅਤੇ ਅੰਗਰੇਜ਼ੀ ਦੇ ਬਹੁਤੇ ਚੈਨਲ ਇਸ ਤੋਂ ਐਨ ਉਲਟ ਪ੍ਰਭਾਵ ਪੇਸ਼ ਕਰੀ ਜਾਂਦੇ ਹਨ। ਉਨ੍ਹਾਂ ਰਾਜਾਂ ਦਾ ਗੇੜਾ ਲਾ ਕੇ ਆਏ ਪੱਤਰਕਾਰਾਂ ਦਾ ਕਹਿਣਾ ਹੈ ਕਿ ਉੱਥੇ ਇਨ੍ਹਾਂ ਚੈਨਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਕੁਝ ਸਮਾਂ ਪਹਿਲਾਂ ਭਾਰਤ ਦੇ ਲੋਕਾਂ ਨੇ ਦੱਖਣੀ ਰਾਜ ਕਰਨਾਟਕ ਦੀ ਵਿਧਾਨ ਸਭਾ ਚੋਣ ਵੇਲੇ ਇਨ੍ਹਾਂ ਚੈਨਲਾਂ ਦੇ ਸ਼ੋਸ਼ੇ ਸੁਣੇ ਸਨ ਅਤੇ ਜਦੋਂ ਨਤੀਜੇ ਆਏ ਤਾਂ ਇਨ੍ਹਾਂ ਦੇ ਪ੍ਰਚਾਰ ਦੇ ਐਨ ਉਲਟ ਨਿਕਲੇ ਸਨ। ਲੋਕ ਆਖਦੇ ਹਨ ਕਿ ਐਤਕੀਂ ਵੀ ਉਹੋ ਕੁਝ ਹੋ ਸਕਦਾ ਹੈ।
ਅਸੀਂ ਅੱਜ ਦੀ ਘੜੀ ਇਹੋ ਜਿਹੀ ਕੋਈ ਗੱਲ ਨਹੀਂ ਕਹਿੰਦੇ ਕਿ ਉਹੋ ਹੀ ਹੋਵੇਗਾ, ਜੋ ਅਸੀਂ ਸਮਝ ਰਹੇ ਹਾਂ, ਸਗੋਂ ਇਸ ਦੀ ਬਜਾਏ ਹਾਲਾਤ ਦਾ ਖਾਕਾ ਪਾਠਕਾਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਨ੍ਹਾਂ ਪੰਜਾਂ ਵਿੱਚੋਂ ਇੱਕ ਰਾਜ ਮੀਜ਼ੋਰਮ ਤਾਂ ਬਾਕੀ ਭਾਰਤ ਤੋਂ ਨਿੱਖੜਵੇਂ ਖਿੱਤੇ ਵਿਚਲੇ ਉਨ੍ਹਾਂ ਸੱਤ ਛੋਟੇ ਰਾਜਾਂ ਵਿੱਚੋਂ ਹੈ, ਜਿਨ੍ਹਾਂ ਨੂੰ ‘ਸੈਵਨ ਸਿਸਟਰਜ਼’ ਕਿਹਾ ਜਾਂਦਾ ਹੈ। ਇਨ੍ਹਾਂ ਸੱਤਾਂ ਰਾਜਾਂ ਨਾਲ ਬਾਕੀ ਦੇਸ਼ ਦਾ ਸੰਪਰਕ ਸਿਰਫ ਆਸਾਮ ਵਿੱਚੋਂ ਲੰਘ ਕੇ ਬਣਦਾ ਹੈ। ਆਸਾਮ ਵਿੱਚ ਹਾਲਾਤ ਕਦੇ ਅਣਸੁਖਾਵੇਂ ਹੋ ਜਾਣ ਤਾਂ ਇਨ੍ਹਾਂ ਸਾਰਿਆਂ ਵਿੱਚ ਅਨਾਜ ਤੋਂ ਪੈਟਰੋਲ-ਡੀਜ਼ਲ ਤੱਕ ਹਰ ਇੱਕ ਚੀਜ਼ ਦੇ ਭਾਅ ਇੱਕੋ ਰਾਤ ਵਿੱਚ ਦੁੱਗਣੇ-ਚੌਗੁਣੇ ਹੋ ਜਾਇਆ ਕਰਦੇ ਹਨ। ਦੂਸਰੀ ਗੱਲ ਇਹ ਕਿ ਇਨ੍ਹਾਂ ਸੱਤੇ ਰਾਜਾਂ ਨਾਲ ਇੱਕ ਜਾਂ ਦੂਸਰੇ ਦੇਸ਼ ਦਾ ਬਾਰਡਰ ਲੱਗਦਾ ਹੈ ਅਤੇ ਉਨ੍ਹਾਂ ਸੱਤਾਂ ਵਿੱਚੋਂ ਬਹੁਤਿਆਂ ਵਿੱਚ ਕਿਸੇ ਨਾ ਕਿਸੇ ਸਮੇਂ ਭਾਰਤ ਨਾਲ ਜੁੜੇ ਰਹਿਣ ਜਾਂ ਵੱਖ ਹੋਣ ਦੀਆਂ ਸੁਰਾਂ ਨਾਲ ਹਥਿਆਰਬੰਦ ਸੰਘਰਸ਼ ਛਿੜਦੇ ਰਹੇ ਜਾਂ ਫਿਰ ਗਵਾਂਢੀ ਦੇਸ਼ ਤੋਂ ਘੁਸਪੈਠ ਕਰ ਕੇ ਹਾਲਾਤ ਖਰਾਬ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਜਿਨ੍ਹਾਂ ਪੰਜ ਰਾਜਾਂ ਵਿੱਚ ਚੋਣਾਂ ਕਰਾਉਣ ਲਈ ਇਸ ਵਕਤ ਪ੍ਰੋਗਰਾਮ ਜਾਰੀ ਹੋ ਚੁੱਕਾ ਹੈ, ਉਨ੍ਹਾਂ ਵਿੱਚੋਂ ਮੀਜ਼ੋਰਮ ਵਿੱਚ ਵੀ ਲੰਮਾ ਸਮਾਂ ਇਹੋ ਜਿਹੇ ਹਾਲਾਤ ਰਹਿਣ ਪਿੱਛੋਂ ਮੋੜਾ ਪਿਆ ਸੀ ਤੇ ਉੱਥੇ ਦੇਸ਼ ਦੀਆਂ ਕੌਮੀ ਪਾਰਟੀਆਂ ਦੇ ਬਜਾਏ ਸਥਾਨਕ ਲੀਡਰਸ਼ਿਪ ਨਾਲ ਲੋਕ ਬਹੁਤਾ ਜੁੜੇ ਰਹਿੰਦੇ ਹਨ। ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਵਿੱਚ ਵੀ ਇਸ ਸਥਿਤੀ ਵਿੱਚ ਤਬਦੀਲੀ ਆਉਣ ਦੀ ਅਜੇ ਤੱਕ ਬਹੁਤੀ ਆਸ ਨਹੀਂ।
ਦੂਸਰਾ ਰਾਜ ਤੇਲੰਗਾਨਾ ਪੁਰਾਣੇ ਵੱਡੇ ਰਾਜ ਆਂਧਰਾ ਪ੍ਰਦੇਸ਼ ਤੋਂ ਕੱਟ ਕੇ ਬਣਾਇਆ ਗਿਆ ਤੇ ਪੁਰਾਣੇ ਸਾਂਝੇ ਰਾਜ ਦੀ ਰਾਜਧਾਨੀ ਹੈਦਰਾਬਾਦ ਇਸ ਨੂੰ ਮਿਲੀ ਹੈ। ਕੇਂਦਰ ਦਾ ਰਾਜ ਮਾਣਦੀ ਭਾਰਤੀ ਜਨਤਾ ਪਾਰਟੀ ਦਾ ਦੱਖਣ ਦੇ ਹੋਰ ਰਾਜਾਂ ਵਾਂਗ ਇਸ ਵਿੱਚ ਵੀ ਬਹੁਤਾ ਪ੍ਰਭਾਵ ਨਹੀਂ ਤੇ ਨਵਾਂ ਰਾਜ ਬਣਾਉਣ ਲਈ ਅਗਵਾਈ ਕਰਨ ਵਾਲਾ ਕੇ. ਚੰਦਰਸ਼ੇਖਰ ਰਾਉ ਉੜੀਸਾ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਮੁੱਖ ਮੰਤਰੀ ਨਵੀਨ ਪਟਨਾਇਕ ਵਾਂਗ ਕੇਂਦਰ ਸਰਕਾਰ ਲਈ ਲੜਨ ਵਾਲੀਆਂ ਦੋਵਾਂ ਵੱਡੀਆਂ ਸਿਆਸੀ ਧਿਰਾਂ ਭਾਜਪਾ ਅਤੇ ਕਾਂਗਰਸ ਤੋਂ ਬਰਾਬਰ ਫਾਸਲਾ ਰੱਖ ਕੇ ਚੱਲਦਾ ਹੈ। ਇਸ ਵਾਰ ਵੀ ਉਸ ਦਾ ਕਿਲ੍ਹਾ ਮਜ਼ਬੂਤ ਹੈ ਤੇ ਇਹ ਲੱਗਦਾ ਨਹੀਂ ਕਿ ਉਸ ਨੂੰ ਕੋਈ ਧਿਰ ਭੁਆਂਟਣੀ ਦੇ ਸਕੇਗੀ। ਇਸ ਦੇ ਬਾਵਜੂਦ ਕਈ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਦਾਅਵਾ ਕਰ ਛੱਡਦੇ ਹਨ ਕਿ ਇਸ ਵਾਰੀ ਭਾਜਪਾ ਉੱਥੇ ਰਾਜ ਕਰਨ ਲਈ ਤਿਆਰ ਹੈ। ਪਹਿਲਾਂ ਕਾਂਗਰਸ ਵੀ ਇਹੋ ਕਹਿੰਦੀ ਹੁੰਦੀ ਸੀ, ਅੱਜਕੱਲ੍ਹ ਉਹ ਏਦਾਂ ਕਹਿਣ ਤੋਂ ਹਟ ਗਈ ਹੈ।
ਬਹੁ-ਚਰਚਿਤ ਮਸਲਾ ਰਾਜਸਥਾਨ ਦਾ ਹੈ, ਜਿੱਥੇ ਪਿਛਲੇ ਪੰਜ ਸਾਲ ਕਾਂਗਰਸ ਦਾ ਰਾਜ ਰਿਹਾ, ਪਰ ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਸਚਿਨ ਪਾਇਲਟ ਦਾ ਆਢਾ ਵੀ ਲੱਗਾ ਰਿਹਾ ਸੀ ਤੇ ਇੱਕ-ਦੋ ਵਾਰੀ ਇਹ ਚਰਚਾ ਵੀ ਚੱਲਦੀ ਸੁਣੀ ਸੀ ਕਿ ਸਚਿਨ ਪਾਇਲਟ ਭਾਜਪਾ ਵਿੱਚ ਜਾ ਸਕਦਾ ਹੈ। ਮੱਧ ਪ੍ਰਦੇਸ਼ ਵਿੱਚ ਜਿੱਦਾਂ ਭਾਜਪਾ ਨੇ ਕਾਂਗਰਸ ਦੀ ਸਰਕਾਰ ਪਲਟਾਈ ਸੀ, ਰਾਜਸਥਾਨ ਵਿੱਚ ਓਦਾਂ ਪਲਟੀ ਨਹੀਂ ਸੀ ਮਾਰ ਸਕੀ ਅਤੇ ਜਦੋਂ ਅਗਲੀ ਚੋਣ ਸਿਰ ਉੱਤੇ ਆਈ ਪਈ ਹੈ ਅਤੇ ਭਾਜਪਾ ਵਾਲੇ ਸਮਝਦੇ ਸਨ ਕਿ ਕਾਂਗਰਸੀਆਂ ਦੀ ਕੋੜਮੇ ਦੀ ਲੜਾਈ ਵਿੱਚ ਉਹ ਮੋਰਚਾ ਜਿੱਤਣ ਵਾਲੇ ਹਨ, ਉਦੋਂ ਉਨ੍ਹਾਂ ਦੇ ਆਪਣੇ ਅੰਦਰ ਹੱਦੋਂ ਬਾਹਰਾ ਪਾਟਕ ਪੈ ਗਿਆ ਹੈ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਧੜਿਆਂ ਦੀ ਆਪੋ ਵਿੱਚ ਖਹਿਬਾਜ਼ੀ ਵਧ ਜਾਣ ਕਾਰਨ ਪਿਛਲੇ ਦਿਨੀਂ ਉਮੀਦਵਾਰਾਂ ਦੀ ਚੋਣ ਵਿੱਚ ਵੀ ਵਸੁੰਧਰਾ ਰਾਜੇ ਨੂੰ ਪੁੱਛਿਆ ਨਹੀਂ ਗਿਆ ਅਤੇ ਉਸ ਦੇ ਪੱਕੇ ਸਮਰਥਕਾਂ ਵਾਲੀਆਂ ਸੀਟਾਂ ਉੱਤੇ ਦੂਸਰੇ ਧੜੇ ਵਾਲਿਆਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਹਨ। ਵਸੁੰਧਰਾ ਰਾਜੇ ਪਿੱਛੋਂ ਗਵਾਲੀਅਰ ਵਾਲੇ ਰਾਜ ਘਰਾਣੇ ਦੀ ਰਾਜਕੁਮਾਰੀ ਤੇ ਰਾਜਸਥਾਨ ਵਿੱਚ ਧੌਲਪੁਰ ਦੇ ਰਾਜਘਰਾਣੇ ਦੇ ਮਹਾਰਾਜ ਰਾਣਾ ਹੇਮੰਤ ਸਿੰਘ ਨਾਲ ਵਿਆਹੀ ਹੋਣ ਕਾਰਨ ਰਾਣੀ ਦਾ ਦਰਜਾ ਰੱਖਦੀ ਸੀ। ਉਸ ਦੇ ਮੁਕਾਬਲੇ ਲਈ ਭਾਜਪਾ ਨੇ ਇਸ ਵਾਰੀ ਜੈਪੁਰ ਰਿਆਸਤ ਦੇ ਆਖਰੀ ਮਹਾਰਾਜੇ ਦੀ ਪੋਤੀ ਰਾਜਕੁਮਾਰੀ ਦੀਆ ਕੁਮਾਰੀ ਨੂੰ ਅੱਗੇ ਕੀਤਾ ਹੈ। ਉਹ ਪਾਰਲੀਨੈਂਟ ਦੇ ਉਤਲੇ ਸਦਨ ਲੋਕ ਸਭਾ ਵਿੱਚ ਇਸ ਵੇਲੇ ਭਾਜਪਾ ਮੈਂਬਰ ਹੈ ਅਤੇ ਉਸੇ ਵਰਗੇ ਕੁਝ ਹੋਰ ਪਾਰਲੀਮੈਂਟ ਮੈਂਬਰ ਵੀ ਰਾਜਸਥਾਨ ਦੀ ਅਸੈਂਬਲੀ ਚੋਣ ਲਈ ਭਾਜਪਾ ਨੇ ਉਮੀਦਵਾਰ ਬਣਾਏ ਹਨ, ਜਿਹੜੇ ਸਾਰੇ ਹੀ ਵਸੁੰਧਰਾ ਰਾਜੇ ਦੇ ਵਿਰੋਧੀ ਹਨ। ਇਸ ਸਥਿਤੀ ਦੇ ਨਾਲ ਨਿਪਟਣ ਲਈ ਵਸੁੰਧਰਾ ਰਾਜੇ ਦੇ ਸਮਰਥਕਾਂ ਨੇ ਵੱਖ-ਵੱਖ ਹਲਕਿਆਂ ਵਿੱਚ ਆਜ਼ਾਦ ਉਮੀਦਵਾਰਾਂ ਵਜੋਂ ਮੈਦਾਨ ਵਿੱਚ ਆਉਣ ਦਾ ਐਲਾਨ ਇਸ ਤਰ੍ਹਾਂ ਕਰ ਦਿੱਤਾ ਹੈ ਕਿ ਜੇ ਨਰਿੰਦਰ ਮੋਦੀ ਧੜੇ ਨਾਲ ਕਿਸੇ ਤਰ੍ਹਾਂ ਵਸੁੰਧਰਾ ਰਾਜੇ ਦੇ ਧੜੇ ਦਾ ਸਮਝੌਤਾ ਵੀ ਹੋ ਗਿਆ ਤਾਂ ਮੋਦੀ ਧੜੇ ਦੇ ਉਮੀਦਵਾਰਾਂ ਨੂੰ ਇਹ ਆਜ਼ਾਦ ਖੜੋਤੇ ਵਸੁੰਧਰਾ ਸਮਰਥਕ ਜਿੱਤਣ ਨਹੀਂ ਦੇਣਗੇ। ਇਸ ਤੋਂ ਉਲਟ ਕਾਂਗਰਸ ਆਗੂ ਪੰਜ ਸਾਲ ਆਪੋ ਵਿੱਚ ਲੜਦੇ ਰਹੇ ਸਨ ਅਤੇ ਚੋਣਾਂ ਨੇੜੇ ਆਣ ਕੇ ਹਾਈ ਕਮਾਨ ਦੇ ਕਹਿਣ ਉੱਤੇ ਆਪਸੀ ਲੜਾਈ ਭੁਲਾ ਕੇ ਇੱਕੋ ਸੇਧ ਵਿੱਚ ਕੰਮ ਕਰਨ ਲਈ ਮੰਨ ਜਾਣ ਨਾਲ ਨਕਸ਼ਾ ਬਦਲਿਆ ਪਿਆ ਹੈ।
ਬਾਕੀ ਦੋ ਰਾਜ ਰਹਿੰਦੇ ਹਨ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ। ਇਹ ਪਹਿਲਾਂ ਇੱਕੋ ਰਾਜ ਹੁੰਦੇ ਸਨ ਤੇ ਜਦੋਂ ਇਸ ਨੂੰ ਦੋ ਥਾਂਈਂ ਵੰਡਿਆ ਸੀ ਤਾਂ ਵੰਡ ਵਿੱਚ ਮਿਲੀਆਂ ਵਿਧਾਨ ਸਭਾ ਸੀਟਾਂ ਵਿੱਚੋਂ ਵੱਧ ਕਾਂਗਰਸ ਦੀਆਂ ਹੋਣ ਕਾਰਨ ਕਾਂਗਰਸ ਆਗੂ ਅਜੀਤ ਜੋਗੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਹ ਕੰਮ ਦਾ ਆਗੂ ਸਾਬਤ ਨਹੀਂ ਸੀ ਹੋ ਸਕਿਆ ਤੇ ਫਿਰ ਅਗਲੀ ਚੋਣ ਵਿੱਚ ਭਾਜਪਾ ਦੀ ਜਿੱਤ ਨਾਲ ਡਾਕਟਰ ਰਮਨ ਸਿੰਘ ਮੁੱਖ ਮੰਤਰੀ ਬਣ ਕੇ ਇੰਨਾ ਕੁ ਕੰਮ ਕਰਦਾ ਰਿਹਾ ਕਿ ਲਗਾਤਾਰ ਤਿੰਨ ਵਾਰੀ ਛੱਤੀਸਗੜ੍ਹ ਦੀ ਕਮਾਨ ਉਸੇ ਦੇ ਹੱਥ ਰਹੀ ਸੀ। ਚੌਥੀ ਵਾਰੀ ਉਹ ਜਦੋਂ ਹਾਰਿਆ ਸੀ ਤਾਂ ਉਸ ਨੂੰ ਕਾਂਗਰਸ ਨੇ ਨਹੀਂ ਸੀ ਹਰਾਇਆ, ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਵੀ ਸੋਚਦੀ ਸੀ ਕਿ ਜੇ ਲਗਾਤਾਰ ਚੌਥੀ ਵਾਰ ਜਿੱਤ ਜਾਵੇ ਤਾਂ ਅੱਖਾਂ ਵਿਖਾਉਣ ਲੱਗ ਜਾਵੇਗਾ। ਉਸ ਦੀ ਥਾਂ ਕਾਂਗਰਸ ਦਾ ਭੂਪੇਸ਼ ਬਘੇਲ ਮੁੱਖ ਮੰਤਰੀ ਬਣਿਆ ਤਾਂ ਜਿੰਨਾ ਕੰਮ ਡਾਕਟਰ ਰਮਨ ਸਿੰਘ ਵੱਲੋਂ ਕੀਤਾ ਹੋਣ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਸੀ, ਭੂਪੇਸ਼ ਬਘੇਲ ਨੇ ਉਸ ਤੋਂ ਵੀ ਵੱਧ ਕੰਮ ਕੀਤਾ ਅਤੇ ਇਸ ਵਕਤ ਆਮ ਰਿਪੋਰਟਾਂ ਹਨ ਕਿ ਉਸ ਦੇ ਕੰਮ ਸਦਕਾ ਕਾਂਗਰਸ ਜਿੱਤ ਸਕਦੀ ਹੈ। ਇਸ ਦੇ ਮੁਕਾਬਲੇ ਲਈ ਭਾਜਪਾ ਨੇ ਪਹਿਲਾਂ ਕੁਝ ਹੋਰ ਆਗੂ ਅੱਗੇ ਕੀਤੇ ਸਨ ਤੇ ਡਾਕਟਰ ਰਮਨ ਸਿੰਘ ਨੂੰ ਅਣਗੌਲਿਆ ਕੀਤਾ ਸੀ, ਪਰ ਜਦੋਂ ਵੇਖਿਆ ਕਿ ਉਸ ਦੇ ਬਿਨਾਂ ਗੱਲ ਨਹੀਂ ਬਣ ਸਕਣੀ ਤਾਂ ਟਿਕਟਾਂ ਵੰਡਣ ਦੇ ਆਖਰੀ ਪੜਾਅ ਵੇਲੇ ਉਸ ਨੂੰ ਬੁਲਾਉਣਾ ਪਿਆ ਸੀ। ਉਸ ਦੇ ਆਉਣ ਨਾਲ ਛੱਤੀਸਗੜ੍ਹ ਵਿੱਚ ਲੜਾਈ ਕੁਝ ਸਖਤ ਹੋਣ ਦੀ ਸੰਭਾਵਨਾ ਬਣ ਗਈ ਹੈ।
ਪੰਜਵਾਂ ਅਤੇ ਸਭ ਤੋਂ ਵੱਧ ਧਿਆਨ ਖਿੱਚਣ ਵਾਲਾ ਰਾਜ ਇਸ ਵੇਲੇ ਮੱਧ ਪ੍ਰਦੇਸ਼ ਹੈ, ਜਿੱਥੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਾਮ-ਦਾਮ-ਦੰਡ-ਭੇਦ ਵਰਤ ਕੇ ਪਿਛਲੇ ਦੋ ਦਹਾਕਿਆਂ ਤੋਂ ਰਾਜ ਕਰਦਾ ਆ ਰਿਹਾ ਹੈ। ਉਸ ਦੀ ਸਰਕਾਰ ਦੌਰਾਨ ਨੌਕਰੀਆਂ ਤੇ ਮੁੱਖ ਤਕਨੀਕੀ ਕੋਰਸਾਂ ਵਿੱਚ ਦਾਖਲਿਆਂ ਦਾ ‘ਵਿਆਪਮ’ ਵਾਲਾ ਮਹਾਂ-ਸਕੈਂਡਲ ਵਾਪਰਿਆ ਸੀ ਤਾਂ ਉਸ ਘੋਟਾਲੇ ਦੇ ਕੁਝ ਪੀੜਤਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ, ਕੁਝ ਗਵਾਹਾਂ ਦੇ ਕਤਲ ਹੋਏ ਸਨ ਅਤੇ ਸਾਰਾ ਭੇਦ ਖੁੱਲ੍ਹਣ ਦੇ ਡਰ ਕਾਰਨ ਕੁਝ ਦੋਸ਼ੀਆਂ ਦੇ ਫੜੇ ਜਾਣ ਤੋਂ ਪਹਿਲਾਂ ਕਤਲ ਕੀਤੇ ਜਾਣ ਦੀ ਚਰਚਾ ਚੱਲਦੀ ਰਹੀ ਸੀ। ਉਸ ਵਕਤ ਇਸ ਸਕੈਂਡਲ ਨੇ ਧਿਆਨ ਖਿੱਚਿਆ ਤਾਂ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਕਿ ਇਸ ਤੋਂ ਬਾਅਦ ਇਸ ਸਕੈਂਡਲ ਨਾਲ ਜੁੜੇ ਹੋਏ ਕਿਸੇ ਪੀੜਤ, ਕਿਸੇ ਗਵਾਹ ਜਾਂ ਦੋਸ਼ੀ ਦਾ ਕਤਲ ਹੋਣ ਦੀ ਨੌਬਤ ਨਹੀਂ ਆਉਣੀ ਚਾਹੀਦੀ ਤੇ ਫਿਰ ਕਤਲ ਹੋਣ ਦਾ ਸਿਲਸਿਲਾ ਰੁਕ ਗਿਆ ਸੀ। ਦੋਸ਼ਾਂ ਦੀ ਉਂਗਲ ਉਸ ਵਕਤ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪਰਵਾਰ ਤੇ ਉੱਥੋਂ ਦੇ ਗਵਰਨਰ ਵੱਲ ਵੀ ਉੱਠਦੀ ਰਹੀ ਸੀ। ਪਰ ਜਦੋਂ ਮੁਕੱਦਮਾ ਚੱਲਿਆ ਤਾਂ ਛੋਟੀਆਂ ਮੱਛੀਆਂ ਨੂੰ ਫਸਾ ਕੇ ਅਸਲ ਮੁਜਰਮ ਬਚ ਗਏ ਜਾਂ ਬਚਾਅ ਲਏ ਸਨ। ਉਸ ਪਿੱਛੋਂ ਵੀ ਉਸ ਰਾਜ ਵਿੱਚ ਏਦਾਂ ਦੇ ਸਕੈਂਡਲਾਂ ਦੀ ਲੜੀ ਕਦੀ ਟੁੱਟੀ ਨਹੀਂ ਸੀ ਅਤੇ ਭ੍ਰਿਸ਼ਟਾਚਾਰ ਸਿਖਰਾਂ ਛੂੰਹਦਾ ਰਿਹਾ ਸੀ।
ਅੱਜ ਸਥਿਤੀ ਇਹ ਹੈ ਕਿ ਵਿਰੋਧੀਆਂ ਨੇ ਤਾਂ ਕਹਿਣਾ ਹੀ ਹੈ, ਭਾਜਪਾ ਨਾਲ ਜੁੜੇ ਹੋਏ ਲੋਕ ਵੀ ਇਹ ਗੱਲ ਮੰਨਣ ਤੋਂ ਝਿਜਕਦੇ ਨਹੀਂ ਕਿ ਮੱਧ ਪ੍ਰਦੇਸ਼ ਬਚਾਇਆ ਨਹੀਂ ਜਾ ਸਕਣਾ। ਬਚਾਇਆ ਪਿਛਲੀ ਵਾਰੀ ਵੀ ਨਹੀਂ ਸੀ ਜਾ ਸਕਿਆ ਤੇ ਕਾਂਗਰਸ ਦੇ ਕਮਲ ਨਾਥ ਦੀ ਸਰਕਾਰ ਬਣੀ ਸੀ, ਪਰ ਭਾਜਪਾ ਨੇ ਉੱਥੇ ਵੀ ਕਰਨਾਟਕ ਅਤੇ ਮਹਾਰਾਸ਼ਟਰ ਵਾਂਗ ਰਾਜ ਕਰਦੀ ਧਿਰ ਦੇ ਵਿਧਾਇਕਾਂ ਵਿੱਚੋਂ ਕੁਝ ਆਪਣੇ ਵੱਲ ਖਿੱਚ ਕੇ ਸਰਕਾਰ ਡੇਗੀ ਤੇ ਆਪਣੀ ਸਰਕਾਰ ਬਣਾ ਕੇ ਫਿਰ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਬਣਾ ਲਿਆ ਸੀ। ਕਾਂਗਰਸ ਵਿੱਚੋਂ ਦਲਬਦਲੀ ਕਰ ਕੇ ਜਾਣ ਵਾਲਿਆਂ ਦੀ ਅਗਵਾਈ ਰਾਜੀਵ ਗਾਂਧੀ ਦੇ ਸਾਥੀ ਮਾਧਵ ਰਾਉ ਸਿੰਧੀਆ ਦੇ ਪੁੱਤਰ ਅਤੇ ਰਾਜਸਥਾਨ ਵਿਚਲੀ ਬੀਬੀ ਵਸੁੰਧਰਾ ਰਾਜੇ ਦੇ ਭਤੀਜੇ ਜਿਉਤਿਰਾਦਿੱਤਿਆ ਸਿੰਧੀਆ ਨੇ ਕੀਤੀ ਸੀ, ਜਿਸ ਖਾਤਰ ਉਸ ਨੂੰ ਕੇਂਦਰ ਸਰਕਾਰ ਦਾ ਮੰਤਰੀ ਬਣਾਇਆ ਗਿਆ ਸੀ। ਪਰ ਬਾਅਦ ਵਿੱਚ ਉਸ ਦੀ ਪੁੱਛਗਿੱਛ ਵੀ ਘਟ ਗਈ ਸੀ। ਉਸ ਦੇ ਸਾਥੀ ਵਿਧਾਇਕਾਂ ਦੀ ਵੀ ਜਦੋਂ ਕੋਈ ਪੁੱਛਗਿੱਛ ਨਹੀਂ ਰਹੀ ਤਾਂ ਉਹ ਸਾਰੇ ਇੱਕ-ਇੱਕ ਕਰ ਕੇ ਭਾਜਪਾ ਛੱਡਣ ਅਤੇ ਕਾਂਗਰਸ ਵਿੱਚ ਮੁੜਨ ਲੱਗੇ ਸਨ ਤੇ ਜਿਉਤਿਰਾਦਿੱਤਿਆ ਸਿੰਧੀਆ ਬੇਸ਼ਕ ਕੇਂਦਰੀ ਵਜ਼ੀਰੀ ਨੂੰ ਚਿੰਬੜਿਆ ਪਿਆ ਹੈ, ਉਸ ਦੇ ਸਾਥੀ ਵਿਧਾਇਕਾਂ ਵਿੱਚੋਂ ਇਸ ਵਕਤ ਥੋੜ੍ਹੇ ਜਿਹਿਆਂ ਨੂੰ ਛੱਡ ਕੇ ਬਾਕੀ ਸਭ ਮੋੜਾ ਪਾਈ ਜਾਂਦੇ ਹਨ। ਇਹੋ ਜਿਹੀ ਮਾਂਗਵੀਂ ਧਾੜ ਜਦੋਂ ਕਿਸੇ ਧਿਰ ਨਾਲ ਜੁੜਦੀ ਹੈ ਤਾਂ ਲੜਾਈ ਦਾ ਰੁਖ ਉਸ ਦੇ ਹੱਕ ਵਿੱਚ ਜਿਸ ਤਰ੍ਹਾਂ ਕਰਦੀ ਹੈ, ਜਦੋਂ ਅਚਾਨਕ ਛੱਡ ਕੇ ਪੁਰਾਣੇ ਸਾਥੀਆਂ ਦੀ ਢਾਣੀ ਵਿੱਚ ਜੁੜਨ ਤੁਰ ਪਵੇ ਤਾਂ ਜਿਸ ਪਾਰਟੀ ਨੇ ਉਨ੍ਹਾਂ ਨੂੰ ਹੱਸ ਕੇ ਲਿਆ ਹੋਵੇ, ਉਸ ਵਿੱਚ ਭਾਜੜ ਦੀ ਹਾਲਤ ਵੀ ਪੈਦਾ ਹੋਣ ਦਾ ਕਾਰਨ ਬਣ ਜਾਇਆ ਕਰਦੀ ਹੈ। ਮੱਧ ਪ੍ਰਦੇਸ਼ ਵਿੱਚ ਇਸ ਵਕਤ ਇਹੋ ਹਾਲਤ ਬਣਦੀ ਦਿਸ ਰਹੀ ਹੈ।
ਫਿਰ ਵੀ ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ ਇੱਕ ਗੱਲ ਦੀ ਵੱਡੀ ਆਸ ਹੈ ਕਿ ਉੱਥੇ ਵਿਰੋਧੀ ਧਿਰ ਇੱਕਮੁੱਠ ਨਹੀਂ ਤੇ ਆਮ ਆਦਮੀ ਪਾਰਟੀ ਜਿੱਦਾਂ ਦਾ ਧੂੰਆਂਧਾਰ ਚੋਣ ਪ੍ਰਚਾਰ ਕਰ ਰਹੀ ਹੈ, ਉਸ ਨਾਲ ਜਿੰਨੀਆਂ ਵੋਟਾਂ ਟੁੱਟਣੀਆਂ ਹਨ, ਉਹ ਸਾਰੀਆਂ ਭਾਜਪਾ-ਵਿਰੋਧੀ ਹੋਣੀਆਂ ਹਨ ਅਤੇ ਉਹ ਵੋਟਾਂ ਵੰਡੇ ਜਾਣ ਦਾ ਭਾਜਪਾ ਨੂੰ ਲਾਭ ਹੋ ਸਕਦਾ ਹੈ। ਇਹ ਝਾਕ ਛੋਟੀ ਨਹੀਂ ਕਹੀ ਜਾ ਸਕਦੀ, ਭਾਜਪਾ ਏਦਾਂ ਦੀ ਝਾਕ ਦਾ ਫਾਇਦਾ ਲੈਣ ਲਈ ਸਾਰਾ ਤਾਣ ਲਾ ਰਹੀ ਹੈ ਅਤੇ ਵਿਰੋਧੀ ਧਿਰਾਂ ਦੀ ਮੁਸ਼ਕਲ ਇਹ ਹੈ ਕਿ ਕਾਂਗਰਸ ਜਾਂ ਆਮ ਆਦਮੀ ਪਾਰਟੀ ਕੇਂਦਰੀ ਪੱਧਰ ਉੱਤੇ ਇੱਕੋ ਭਾਜਪਾ-ਵਿਰੋਧੀ ਮੋਰਚੇ ਇੰਡੀਆ ਗੱਠਜੋੜ ਵਿੱਚ ਹੋਣ ਦੇ ਬਾਵਜੂਦ ਆਪਸ ਵਿੱਚ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਸ ਲਈ ਅਗਲੇ ਮਹੀਨੇ ਹੋ ਰਹੀਆਂ ਚੋਣਾਂ ਦੌਰਾਨ ਮੱਧ ਪ੍ਰਦੇਸ਼ ਵਿੱਚ ਜੇ ਭਾਜਪਾ ਹਾਰਦੀ ਹੈ ਤਾਂ ਭ੍ਰਿਸ਼ਟਾਚਾਰ ਦੇ ਪੱਖੋਂ ਬਦਨਾਮੀ ਦੀ ਸਿਖਰ ਦੇ ਕਾਰਨ ਹਾਰੇਗੀ ਅਤੇ ਜੇ ਜਿੱਤਦੀ ਹੈ ਤਾਂ ਜਾਪਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਪਸੀ ਖਹਿਬਾਜ਼ੀ ਦੇ ਹਾਲਾਤ ਦਾ ਫਾਇਦਾ ਲੈ ਕੇ ਜਿੱਤੇਗੀ। ਫਿਰ ਵੀ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਚੋਣ-ਨਤੀਜਾ ਕਦੇ ਕਿਸੇ ਅੰਦਾਜ਼ੇ ਦਾ ਮੁਥਾਜ ਨਹੀਂ ਹੁੰਦਾ, ਕਿਸੇ ਵੇਲੇ ਹੋਈ ਕੋਈ ਅਚਾਨਕ ਤਬਦੀਲੀ ਸਾਰਾ ਕੁਝ ਪਲਟ ਦਿੱਤਾ ਕਰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4294)
(ਸਰੋਕਾਰ ਨਾਲ ਸੰਪਰਕ ਲਈ: (