JatinderPannu7ਰਾਜ-ਸ਼ਕਤੀ ਦੇ ਹਥਿਆਰ ਬਣ ਚੁੱਕੀਆਂ ਜਾਂਚ ਏਜੰਸੀਆਂ ਨੂੰ ਕਿਸੇ ਵੀ ਖੱਬੀ-ਖਾਨ ਦੇ ਪਿੱਛੇ ਲਾ ਕੇ ...
(6 ਮਾਰਚ 2023)
ਇਸ ਸਮੇਂ ਪਾਠਕ: 142.

 

ਆਪਣੀ ਆਜ਼ਾਦੀ ਦੀ ਪੌਣੀ ਸਦੀ ਮਨਾ ਚੁੱਕਾ ਭਾਰਤ ਇਸ ਵਕਤ ‘ਆਜ਼ਾਦੀ ਦਾ ਮਹਾ ਅੰਮ੍ਰਿਤ ਮਹਾ-ਉਤਸਵ’ ਮਨਾ ਰਿਹਾ ਹੈਮੌਕੇ ਦੀ ਸਰਕਾਰ ਜੋ ਵੀ ਨਾਂਅ ਇਸ ਕਿਸਮ ਦੀ ਕਿਸੇ ਮੁਹਿੰਮ ਨੂੰ ਦੇ ਦੇਵੇ, ਉਹ ਪਹਿਲਾਂ ਮੀਡੀਆ ਲਈ ਜਾਰੀ ਕੀਤਾ ਜਾਂਦਾ ਹੈ ਤੇ ਫਿਰ ਹੌਲੀ-ਹੌਲੀ ਆਮ ਲੋਕਾਂ ਦੇ ਸਿਰ ਵਿੱਚ ਵੜ ਜਾਂਦਾ ਹੈਭਾਰਤ ਦੀ ਇੱਕ ਸੌ ਚਾਲੀ ਕਰੋੜ ਤੋਂ ਵੱਧ ਆਬਾਦੀ ਦੇ ਵੱਡੇ ਹਿੱਸੇ ਨੂੰ ਇਸ ਨਾਅਰੇ ‘ਆਜ਼ਾਦੀ ਕਾ ਅੰਮ੍ਰਿਤ ਮਹਾ-ਉਤਸਵ’ ਦਾ ਅਰਥ ਵੀ ਪਤਾ ਨਹੀਂ ਤੇ ਉਸ ਨੂੰ ਦੱਸਣ ਵਾਲਾ ਵੀ ਕੋਈ ਨਹੀਂ ਕਿ ਇਹ ਨਾਂਅ ਰੱਖਣ ਦਾ ਕਾਰਨ ਕੀ ਹੈ? ਨਾਲੇ ਦੱਸਣ ਦੀ ਲੋੜ ਵੀ ਕੀ ਹੈ, ਉਹ ਭਾਰਤ ਦੇ ਨਾਗਰਿਕ ਸਿਰਫ ਵੋਟਾਂ ਦੇਣ ਜੋਗੇ ਹਨ, ਉਨ੍ਹਾਂ ਨੂੰ ਅਰਥਾਂ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ ਅਤੇ ਜਿਨ੍ਹਾਂ ਨੂੰ ਅਰਥ ਅਤੇ ਅਨਰਥ ਦਾ ਪਤਾ ਹੁੰਦਾ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸਦੀ ਚਰਚਾ ਕਰਨ ਵਿੱਚ ਵੀ ਕੋਈ ਖਤਰਾ ਦਿਸਣ ਲੱਗ ਜਾਵੇ ਤਾਂ ਚੁੱਪ ਰਹਿਣਾ ਤੇ ਵਗਦੇ ਵਹਿਣ ਨਾਲ ਵਗਦੇ ਰਹਿਣਾ ਠੀਕ ਮੰਨਦੇ ਹਨਭਾਰਤ ਦੇ ਮੌਜੂਦਾ ਹਾਕਮ ਇਸ ਸਾਲ ਆਪਣੇ ਲੋਕਾਂ ਨੂੰ ਇਹ ਦੱਸਣ ਲਈ ਜ਼ੋਰ ਲਾ ਰਹੇ ਹਨ ਕਿ ਦੇਸ਼ ਦੀ ਅਸਲ ਤਰੱਕੀ ਮੌਜੂਦਾ ਰਾਜ ਵਿੱਚ ਹੋਣੀ ਸ਼ੁਰੂ ਹੋਈ ਹੈ ਤੇ ਅਸਲੀ ਆਜ਼ਾਦੀ ਵੀ ਅਜੋਕੇ ਹਾਕਮਾਂ ਦੇ ਹੱਥ ਦੇਸ਼ ਦੀ ਕਮਾਨ ਆਏ ਤੋਂ ਆਈ ਹੈਉਨ੍ਹਾਂ ਨੂੰ ਆਜ਼ਾਦੀ ਮਿਲਣ ਦੇ ਬਾਅਦ ਵਾਲੇ ਪੰਝੱਤਰ ਸਾਲਾਂ ਵਿੱਚ ਪੁੱਟੀ ਗਈ ਹਰ ਪੁਲਾਂਘ ਆਪਣੇ ਪੁੱਟੇ ਹਰ ਕਦਮ ਤੋਂ ਛੋਟੀ ਲਗਦੀ ਹੈ ਅਤੇ ਆਪਣੇ ਹਰ ਸ਼ਬਦ ਨੂੰ ਉਹ ਕਿਸੇ ‘ਈਸ਼ਵਰੀ ਸੰਦੇਸ਼’ ਵਾਂਗ ਪੇਸ਼ ਕਰਨ ਵਿੱਚ ਅੰਤਾਂ ਦੀ ਖੁਸ਼ੀ ਮਹਿਸੂਸ ਕਰਦੇ ਹਨ

ਪਿਛਲੇ ਸਾਲ ਭਾਰਤੀ ਲੋਕਤੰਤਰ ਦੇ ਇੱਕ ਚੁਣੇ ਹੋਏ ਆਗੂ ਨੇ ਕਿਸੇ ਸਮਾਗਮ ਵਿੱਚ ਬੋਲਦਿਆਂ ਆਪਣੇ ਦੇਸ਼ ਨੂੰ ‘ਲੋਕਤੰਤਰ ਦੀ ਮਾਂ’ (ਮਦਰ ਆਫ ਡੈਮੋਕਰੇਸੀ) ਕਹਿ ਦਿੱਤਾ ਅਤੇ ਉਸ ਦੇ ਬਾਅਦ ਉਸ ਦੀ ਪਾਰਟੀ ਦੇ ਢੰਡੋਰਚੀਆਂ ਨੇ ਇਸ ਨੂੰ ਸੱਚ ਸਾਬਤ ਕਰਦੇ ਲੇਖ ਲਿਖਣ ਦੀ ਮੁਹਿੰਮ ਛੇੜ ਲਈਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਵੱਡੀ ਹੋਣ ਕਾਰਨ ਕੋਈ ਦੇਸ਼ ‘ਲੋਕਤੰਤਰ ਦੀ ਮਾਂ’ ਨਹੀਂ ਬਣ ਸਕਦਾ, ਇਸਦਾ ਅਰਥ ਲੋਕਤੰਤਰੀ ਰਿਵਾਇਤ ਦਾ ਮੁੱਢ ਬੰਨ੍ਹਣ ਵਾਲਾ ਦੇਸ਼ ਕਹਿਣਾ ਚਾਹੀਦਾ ਹੈਕੁਝ ਲੋਕ ਕਹਿੰਦੇ ਹਨ ਕਿ ਸਦੀਆਂ ਪਹਿਲਾਂ ਪ੍ਰਾਚੀਨ ਭਾਰਤ ਵਿੱਚ ਵਿਕਸਤ ਹੋਈ ਸੱਭਿਅਤਾ ਵੇਲੇ ਵੀ ਲੋਕ ਆਪਣਾ ਸਮਾਜ ਲੋਕਤੰਤਰੀ ਢੰਗ ਨਾਲ ਚਲਾਉਂਦੇ ਰਹੇ ਸਨ, ਇਸ ਕਰ ਕੇ ਇਹ ‘ਲੋਕਤੰਤਰ ਦੀ ਮਾਂ’ ਕਹਾਉਣ ਦਾ ਹੱਕਦਾਰ ਹੈਦੂਸਰੇ ਇਹ ਕਹਿੰਦੇ ਹਨ ਕਿ ਸੰਸਾਰ ਵਿੱਚ ਸਭ ਤੋਂ ਪੁਰਾਣੀ ਸੱਭਿਅਤਾ ਹੋਣ ਵਾਲਾ ਰੁਤਬਾ ਕਿਸ ਦੇਸ਼ ਦਾ ਬਣਦਾ ਹੈ, ਇਸਦਾ ਪੱਕਾ ਨਿਬੇੜਾ ਅਜੇ ਵੀ ਨਹੀਂ ਹੋ ਸਕਿਆ ਅਤੇ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਸਮਾਜੀ ਸੂਝ ਦੇ ਪਹਿਲੇ ਪੜਾਵਾਂ ਵਿੱਚ ਲਗਭਗ ਹਰ ਪਾਸੇ ਵਿਕਸਤ ਹੋਈ ਸੱਭਿਅਤਾ ਲੋਕਤੰਤਰੀ ਲੀਹਾਂ ਉੱਤੇ ਚੱਲਣ ਵਾਲੀ ਹੁੰਦੀ ਸੀਪੁਰਾਣੇ ਲੋਕਤੰਤਰੀ ਸਮਾਜਾਂ ਨੂੰ ਢਾਹ ਉਸ ਵਕਤ ਲੱਗੀ ਸੀ, ਜਦੋਂ ਮਨੁੱਖ ਕੁਝ ਲੋੜਾਂ ਤੋਂ ਵਾਧੂ ਕਮਾਉਣ ਲੱਗ ਪਿਆ ਸੀ ਤੇ ਉਸ ਦੀ ਵਾਧੂ ਕਮਾਈ ਉੱਤੇ ਐਸ਼ ਕਰਨ ਵਾਲੇ ਨੀਤ ਦੇ ਮਾੜੇ ਮਨੁੱਖਾਂ ਨੇ ਰਾਜ ਤੇ ਚੌਧਰ ਦੀ ਨੀਂਹ ਉੱਤੇ ਆਪਣੇ ਮਹਿਲ ਉਸਾਰਨੇ ਸ਼ੁਰੂ ਕਰ ਦਿੱਤੇ ਸਨਕੁਝ ਖੋਟੀ ਨੀਤ ਵਾਲੇ ਬੰਦਿਆਂ ਦੀ ਓਦੋਂ ਸ਼ੁਰੂ ਕੀਤੀ ਇਹ ਖੇਡ ਅੱਜ ਤਕ ਹਰ ਸਮਾਜ ਵਿੱਚ ਚੱਲਦੀ ਪਈ ਹੈ ਅਤੇ ਨਤੀਜੇ ਵਜੋਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਆਮ ਮਨੁੱਖ ਦੇ ਮੋਢਿਆਂ ਉੱਪਰ ਕਿਸੇ ਦੂਸਰੇ ਮਨੁੱਖ ਦਾ ਜੂਲ਼ਾ ਟਿਕਿਆ ਰੱਖਣ ਦੇ ਚੁਸਤ ਪ੍ਰਸ਼ਾਸਕੀ ਪ੍ਰਬੰਧ ਨੂੰ ‘ਲੋਕਤੰਤਰ’ ਕਿਹਾ ਜਾ ਰਿਹਾ ਹੈ

ਜਿੱਥੋਂ ਤਕ ‘ਲੋਕਤੰਤਰ ਦੀ ਮਾਂ’ ਕਹੇ ਜਾ ਰਹੇ ਭਾਰਤ ਦਾ ਸੰਬੰਧ ਹੈ, ਇਸ ਨੇ ਤਰੱਕੀ ਵੀ ਬੜੀ ਕੀਤੀ ਤੇ ਇਸ ਨੇ ਕੁਚੱਜ ਵੀ ਬਹੁਤ ਕੀਤੇ ਹਨਤਰੱਕੀ ਉਨ੍ਹਾਂ ਸੁਹਿਰਦ ਦਿਮਾਗਾਂ ਕਾਰਨ ਹੋਈ ਹੈ, ਜਿਹੜੇ ਸਮਾਜ ਦਾ ਭਲਾ ਕਰਨ ਦੇ ਲਈ ਰਾਤ-ਦਿਨ ਲੱਗੇ ਰਹਿੰਦੇ ਹਨ ਤੇ ਕਦੇ ਇਹ ਵੀ ਨਹੀਂ ਵੇਖਦੇ ਕਿ ਉਨ੍ਹਾਂ ਦੇ ਕੀਤੇ ਦੀ ਕੋਈ ਕਦਰ ਸਮਾਜ ਨੇ ਪਾਈ ਹੈ ਜਾਂ ਨਹੀਂਉਨ੍ਹਾਂ ਦੇ ਕੀਤੇ ਕੰਮਾਂ ਦਾ ਸਿਹਰਾ ਦੇਸ਼ ਦੇ ਉਹ ਰਾਜਸੀ ਨੇਤਾ ਲੈ ਜਾਂਦੇ ਹਨ, ਜਿਹੜੇ ਖੁਦ ਇੱਲ ਦਾ ਨਾਂਅ ਕੋਕੋ ਵੀ ਨਹੀਂ ਜਾਣਦੇ ਹੁੰਦੇ ਅਤੇ ਜ਼ੋਰ ਨਾਲ ਇਹ ਕਿਹਾ ਜਾਣ ਲੱਗਦਾ ਹੈ ਕਿ ਫਲਾਣੇ ਨੇਤਾ ਦੀ ਅਗਵਾਈ ਹੇਠ ਭਾਰਤ ਨੇ ਤਰੱਕੀ ਦੀ ਸਿਖਰ ਕਰ ਦਿੱਤੀ ਹੈਸੰਸਾਰ ਦੇ ਚੋਣਵੇਂ ਦੇਸ਼ਾਂ ਵਾਂਗ ਭਾਰਤ ਜਦੋਂ ਐਟਮੀ ਸ਼ਕਤੀ ਬਣ ਗਿਆ ਤਾਂ ਇਸਦਾ ਸਿਹਰਾ ਓਦੋਂ ਦੀ ਆਗੂ ਇੰਦਰਾ ਗਾਂਧੀ ਨੂੰ ਅਗਲੇ ਚੌਵੀ ਸਾਲ ਮਿਲਦਾ ਰਿਹਾ ਸੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਰਾਜ ਵੇਲੇ ਭਾਰਤ ਨੇ ਜਦੋਂ ਪੰਜ ਐਟਮੀ ਧਮਾਕੇ ਇੱਕੋ ਵਾਰ ਕਰ ਦਿੱਤੇ ਤਾਂ ਇੰਦਰਾ ਗਾਂਧੀ ਦਾ ਨਾਂਅ ਭੁਲਾ ਕੇ ਭਾਰਤ ਦੀ ਤਰੱਕੀ ਦਾ ਸਾਰਾ ਸਿਹਰਾ ਵਾਜਪਾਈ ਨੂੰ ਦਿੱਤਾ ਜਾਣ ਲੱਗ ਪਿਆ ਸੀਜਿਨ੍ਹਾਂ ਵਿਗਿਆਨੀਆਂ ਨੇ ਇਸਦੇ ਲਈ ਦਿਨ-ਰਾਤ ਵੇਖੇ ਬਿਨਾਂ ਕੰਮ ਕੀਤਾ ਸੀ, ਉਨ੍ਹਾਂ ਅਕਲਮੰਦ ਇਨਸਾਨਾਂ ਦਾ ਨਾਂਅ ਭਾਰਤ ਦੇ ਅੱਧਾ ਫੀਸਦ ਲੋਕਾਂ ਨੂੰ ਵੀ ਪਤਾ ਨਹੀਂ

ਜਿਸ ਤਰ੍ਹਾਂ ਐਟਮੀ ਸ਼ਕਤੀ ਦੇ ਮਾਮਲੇ ਵਿੱਚ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਵਿਚਾਲੇ ਚੌਧਰ ਦੇ ਝੰਡੇ ਦਾ ਵਟਾਂਦਰਾ ਹੁੰਦਾ ਵੇਖਿਆ ਸੀ, ਉਸ ਤਰ੍ਹਾਂ ਸਮਾਜ ਦੇ ਸਤਿਕਾਰ ਦੇ ਪ੍ਰਤੀਕ ਆਗੂਆਂ ਦਾ ਵੀ ਤਬਾਦਲਾ ਹੋਣ ਦੀ ਮਿਸਾਲ ਭਾਰਤੀ ਲੋਕਾਂ ਨੇ ਕਈ ਵਾਰੀ ਵੇਖ ਲਈ ਅਤੇ ਅੱਜ ਵੀ ਵੇਖੀ ਜਾ ਰਹੇ ਹਨਇੱਕ ਸਮੇਂ ਭਾਰਤ ਦੀ ਆਜ਼ਾਦੀ ਦੇ ਅਸਲ ਘੁਲਾਟੀਏ ਵਜੋਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਨੇਤਾਜੀ ਸੁਭਾਸ਼ ਚੰਦਰ ਬੋਸ ਆਦਿ ਮੰਨੇ ਜਾਂਦੇ ਸਨ ਅਤੇ ਦੇਸ਼ ਨੂੰ ਆਜ਼ਾਦੀ ਮਿਲਣ ਦੇ ਬਾਅਦ ਉਹ ਸਾਰੇ ਪਿੱਛੇ ਛੱਡ ਕੇ ‘ਸਾਬਰਮਤੀ ਕੇ ਬਾਪੂ ਤੂ ਨੇ ਕਰ ਦੀਆਂ ਕਮਾਲ, ਲੇ ਕਰ ਦੀ ਆਜ਼ਾਦੀ ਹਮ ਕੋ, ਬਿਨਾਂ ਖੜਗ ਔਰ ਢਾਲ’ ਦਾ ਸੰਗੀਤ ਵੱਜਣ ਲੱਗ ਪਿਆ ਸੀਜਿਨ੍ਹਾਂ ਲੋਕਾਂ ਨੇ ਮਹਾਤਮਾ ਗਾਂਧੀ ਨੂੰ ‘ਬਾਪੂ’ ਕਹਿ ਕੇ ਵਡਿਆਇਆ ਸੀ, ਉਹ ਵੀ ‘ਬਾਪੂ’ ਦੇ ਨਾਂਅ ਦੀ ਦੁਰਵਰਤੋਂ ਕਰੀ ਗਏ ਸਨ ਅਤੇ ਜਿਨ੍ਹਾਂ ਦੇ ਇੱਕ ਸਾਥੀ ਨੇ ‘ਬਾਪੂ’ ਕਹੇ ਜਾਂਦੇ ਉਸ ਆਗੂ ਦਾ ਆਜ਼ਾਦ ਭਾਰਤ ਵਿੱਚ ਕਤਲ ਕੀਤਾ ਸੀ, ਉਹ ਵੀ ਲੰਮਾ ਗੇੜਾ ਕੱਟਣ ਪਿੱਛੋਂ ‘ਬਾਪੂ’ ਦੇ ਬਰਖੁਰਦਾਰ ਬਣਨ ਤੁਰ ਪਏਜਦੋਂ ਉਸ ਸੋਚਣੀ ਵਾਲਿਆਂ ਨੇ ਦੇਸ਼ ਵਿੱਚ ਧਾਂਕ ਜੰਮੀ ਮਹਿਸੂਸ ਕਰ ਲਈ ਤਾਂ ਉਨ੍ਹਾਂ ਨੇ ਉਸੇ ‘ਬਾਪੂ’ ਦੇ ਖਿਲਾਫ ਬੋਲਣ ਅਤੇ ਲਿਖਣ ਵਾਲਿਆਂ ਨੂੰ ਪਰਦੇ ਪਿੱਛੋਂ ਸਰਗਰਮ ਕਰ ਦਿੱਤਾਨਤੀਜੇ ਵਜੋਂ ਆਜ਼ਾਦੀ ਦੇ ਪੰਝੱਤਰ ਸਾਲ ਪੂਰੇ ਹੋਣ ਵੇਲੇ ਭਾਰਤ ਵਿੱਚ ਉਹ ਵੀ ਕੁਝ ਹੁੰਦਾ ਦਿਸ ਰਿਹਾ ਹੈ, ਜਿਸਦਾ ਉਸ ‘ਬਾਪੂ’ ਨੇ ਆਪਣੀ ਜ਼ਿੰਦਗੀ ਵਿੱਚ ਸ਼ਬਦਾਂ ਅਤੇ ਵਿਹਾਰ ਰਾਹੀਂ ਲਗਾਤਾਰ ਵਿਰੋਧ ਕੀਤਾ ਸੀ ਅਤੇ ਕਰਨ ਲਈ ਵੀ ਕਿਹਾ ਸੀ

ਰਾਜ ਚਲਾਉਣ ਲਈ ‘ਸਾਮ ਦਾਮ ਦੰਡ ਭੇਦ’ ਦਾ ਹਰ ਹਰਬਾ ਵਰਤੇ ਜਾਣ ਦੀਆਂ ਕਹਾਣੀਆਂ ਅਸੀਂ ਲੋਕਾਂ ਨੇ ਜਦੋਂ ਪੜ੍ਹੀਆਂ ਤਾਂ ਸੋਚਦੇ ਹੁੰਦੇ ਸਾਂ ਕਿ ਇੱਦਾਂ ਹੁੰਦਾ ਹੋਵੇਗਾ ਤਾਂ ਸਮਾਜ ਦਾ ਕੀ ਹਾਲ ਹੋਵੇਗਾ, ਅੱਜਕੱਲ੍ਹ ਅਸੀਂ ਉਹ ਸਾਰਾ ਕੁਝ ਹੁੰਦਾ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂਰਾਜਿਆਂ ਦੇ ਯੁਗ ਵਿੱਚ ਫੌਜਾਂ ਚਾੜ੍ਹ ਕੇ ਵਿਰੋਧੀ ਨੂੰ ਦਬਾਇਆ ਜਾਂਦਾ ਸੀ ਜਾਂ ਫੌਜਾਂ ਚਾੜ੍ਹਨ ਦੇ ਦਾਬੇ ਨਾਲ ਅਗਲੇ ਨੂੰ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਜਾਂਦਾ ਸੀਅੱਜ ਦੇ ਯੁਗ ਵਿੱਚ ਭਾਰਤ ਦੀ ਰਾਜਨੀਤੀ ਇਸ ਹਾਲਤ ਵਿੱਚ ਪਹੁੰਚ ਗਈ ਹੈ ਕਿ ਰਾਜ-ਸ਼ਕਤੀ ਦੇ ਹਥਿਆਰ ਬਣ ਚੁੱਕੀਆਂ ਜਾਂਚ ਏਜੰਸੀਆਂ ਨੂੰ ਕਿਸੇ ਵੀ ਖੱਬੀ-ਖਾਨ ਦੇ ਪਿੱਛੇ ਲਾ ਕੇ ਉਸ ਬੰਦੇ ਨੂੰ ਮੌਜੂਦਾ ਲੋਕਤੰਤਰੀ ਰਾਜਿਆਂ ਅੱਗੇ ਝੁਕਣ ਲਈ ਮਜਬੂਰ ਕਰਨ ਦਾ ਕੰਮ ਕੀਤਾ ਜਾਣ ਲੱਗ ਪਿਆ ਹੈਇਹ ਦੋਸ਼ ਕਾਂਗਰਸ ਪਾਰਟੀ ਦੇ ਰਾਜ ਸਮੇਂ ਉਨ੍ਹਾਂ ਉੱਤੇ ਵੀ ਲੱਗਦਾ ਸੀ ਅਤੇ ਹਕੀਕਤ ਵਿੱਚ ਉਹ ਇਸ ਤਰ੍ਹਾਂ ਕਰਦੇ ਵੀ ਸਨ, ਪਰ ਜਿਹੜੇ ਲੋਕ ਇਸ ਗੱਲ ਲਈ ਕਾਂਗਰਸ ਨੂੰ ਨਿੰਦਿਆ ਕਰਦੇ ਸਨ, ਜਦੋਂ ਉਨ੍ਹਾਂ ਕੋਲ ਇਸ ਦੇਸ਼ ਦੀ ਕਮਾਨ ਆਈ ਤਾਂ ਉਹ ਵੀ ਨਾ ਸਿਰਫ ਉਹੋ ਕੁਝ ਕਰਨ ਲੱਗ ਪਏ, ਸਗੋਂ ਉਹ ਅਸੂਲਾਂ ਨੂੰ ਤੋੜਨ ਦਾ ਕੰਮ ਨਿਯਮ-ਕਾਨੂੰਨ ਤੇ ਸੰਵਿਧਾਨ ਦੀ ਪ੍ਰਵਾਹ ਕੀਤੇ ਬਿਨਾਂ ਕਾਂਗਰਸ ਤੋਂ ਵੀ ਵੱਧ ਕਰਨ ਲੱਗ ਪਏ

ਨਤੀਜਾ ਇਸਦਾ ਇਹ ਹੈ ਕਿ ਅੱਜ ਦਾ ਭਾਰਤ ਜਦੋਂ ਆਪਣੀ ‘ਆਜ਼ਾਦੀ ਦਾ ਅੰਮ੍ਰਿਤ ਮਹਾ-ਉਤਸਵ’ ਮਨਾਉਣ ਦਾ ਦਾਅਵਾ ਕਰਦਾ ਹੈ, ਅਸਲ ਵਿੱਚ ਇਸ ਵਕਤ ‘ਲੋਕਤੰਤਰ ਦੀ ਮਾਂ’ ਕਹੇ ਜਾਂਦੇ ਇਸ ਦੇਸ਼ ਵਿੱਚ ਲੋਕਤੰਤਰ ਦਾ ਹਾਲ ‘ਜਿਸ ਕੀ ਲਾਠੀ, ਉਸ ਕੀ ਭੈਂਸ’ ਵਾਲਾ ਹੋ ਚੁੱਕਾ ਹੈਜਿਹੜੇ ਲੋਕ ਕਿਸੇ ਸਮੇਂ ਦੇਸ਼ ਦੀ ਸਰਕਾਰ ਚਲਾ ਰਹੀ ਪਾਰਟੀ ਦੇ ਸਿਆਸੀ ਪੱਖੋਂ ਵੀ ਤੇ ਵਿਚਾਰਧਾਰਕ ਪੱਖੋਂ ਵੀ ਕੱਟੜ ਵਿਰੋਧੀ ਹੋਇਆ ਕਰਦੇ ਸਨ, ਉਹ ਅਚਾਨਕ ਪਲਟੀ ਮਾਰ ਕੇ ਉਸੇ ਪਾਰਟੀ ਅਤੇ ਉਸ ਦੀ ਲੀਡਰਸ਼ਿੱਪ ਦੇ ਪਿੱਛਲੱਗ ਬਣੇ ਦਿਖਾਈ ਦਿੰਦੇ ਹਨਇਹੋ ਜਿਹਾ ਇੱਕ ਜਣਾ ਪੱਛਮੀ ਬੰਗਾਲ ਵਿੱਚ ਕਿਸੇ ਵਕਤ ਮਮਤਾ ਬੈਨਰਜੀ ਦਾ ਝੋਲਾ-ਚੁੱਕ ਹੁੰਦਾ ਸੀ ਅਤੇ ਅੱਜ ਉਹ ਉਸੇ ਮਮਤਾ ਬੈਨਰਜੀ ਦੇ ਵਿਰੁੱਧ ਉਸ ਰਾਜਸੀ ਧਿਰ ਦਾ ਸਭ ਤੋਂ ਵੱਡਾ ਮੋਹਰਾ ਬਣਿਆ ਪਿਆ ਹੈ, ਜਿਸਦੇ ਖਿਲਾਫ ਬੋਲਦਾ ਹੁੰਦਾ ਸੀਆਸਾਮ ਵਿੱਚ ਇੱਕ ਇਹੋ ਜਿਹਾ ਨੇਤਾ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਜਦੋਂ ਆਏ ਦਿਨ ਜਾਂਚ ਏਜੰਸੀਆਂ ਦੀਆਂ ਪੇਸ਼ੀਆਂ ਦੇ ਚੱਕਰ ਮਾਰ ਕੇ ਫਸਿਆ ਮਹਿਸੂਸ ਕਰਨ ਲੱਗਾ ਤਾਂ ਆਪਣੇ ਵਿਰੋਧੀਆਂ ਦੀ ਸ਼ਰਣ ਜਾ ਪਿਆ ਅਤੇ ਅੱਜ ਉਹ ਉੱਤਰ-ਪੂਰਬ ਦੇ ਸੱਤਾਂ ਰਾਜਾਂ ਵਿੱਚ ਉਨ੍ਹਾਂ ਹੀ ਅਜੋਕੇ ਲੋਕਤੰਤਰੀ ਰਾਜਿਆਂ ਦਾ ਲੱਠ-ਮਾਰ ਬਣ ਕੇ ਦਿਨੋ-ਦਿਨ ਨਵੇਂ ਕਿਲੇ ਫਤਹਿ ਕਰਨ ਜਾਂਦਾ ਹੈ

‘ਆਜ਼ਾਦੀ ਦਾ ਅੰਮ੍ਰਿਤ ਮਹਾਂ-ਉਤਸਵ’ ਵਾਲੀ ਇਸ ਨਵੀਂ ਸੋਚ ਵਾਲੀ ਲਹਿਰ ਇਸ ਵਕਤ ਛੱਲ੍ਹਾਂ ਮਾਰਦੀ ਪੰਜਾਬ ਵੱਲ ਵਧੀ ਆਉਂਦੀ ਹੈ ਇਸਦੇ ਅਗਵਾਨੂੰ ਵੀ ਬਾਹਰੋਂ ਜਾਂ ਉਸ ਸੋਚ ਦੇ ਪੱਕੇ-ਪੁਰਾਣੇ ਝੰਡਾ-ਬਰਦਾਰ ਤੇ ਕਾਰਿੰਦੇ ਹੋਣ ਦੀ ਥਾਂ ਪੰਜਾਬ ਵਿੱਚ ਉਹ ਸਿਆਸੀ ਤੇ ਧਾਰਮਿਕ ਆਗੂ ਬਣਦੇ ਜਾਂਦੇ ਹਨ, ਜਿਹੜੇ ਪਹਿਲਾਂ ਇਸ ਸੋਚ ਦੇ ਵਿਰੁੱਧ ਪੰਜਾਬ ਦੇ ਲੋਕਾਂ ਦੀ ਜ਼ਮੀਰ ਟੁੰਬਣ ਦੇ ਵਿਖਾਵੇ ਕਰਦੇ ਹੁੰਦੇ ਸਨਉਹ ਓਦੋਂ ਵੀ ਦਿਲੋਂ ਕੰਮ ਨਹੀਂ ਸਨ ਕਰਦੇ, ਸਿਰਫ ਲੋਕਾਂ ਨੂੰ ਜਜ਼ਬਾਤੀ ਕਰ ਕੇ ਖੁਦ ਰਾਜ ਦਾ ਸੁਖ ਮਾਨਣ ਦੀ ਨੀਤ ਅਤੇ ਨੀਤੀ ਹੇਠ ਫੋਕਾ ਦਿਖਾਵਾ ਕਰਦੇ ਸਨ, ਅੱਜ ਵੀ ਉਹ ਦਿਲੋਂ ਉਸ ਸੋਚ ਨਾਲ ਨਹੀਂ, ਜਿਸਦੇ ਝੰਡਾ-ਬਰਦਾਰ ਬਣ ਕੇ ਉਸ ਲਈ ਪੰਜਾਬ ਫਤਹਿ ਕਰਨ ਵਾਸਤੇ ਕਾਫਲੇ ਜੋੜਦੇ ਪਏ ਹਨਸਾਲ ਇੱਕ ਵੀ ਬਾਕੀ ਨਹੀਂ ਰਹਿ ਗਿਆ, ਅਗਲੇ ਸਾਲ ਮਾਰਚ ਤਕ ਸਿਆਸਤ ਦੇ ਘੋੜ-ਸਵਾਰ ਆਮ ਲੋਕਾਂ ਮੂਹਰੇ ਨੇਜ਼ਾਬਾਜ਼ੀ ਕਰ ਕੇ ਸੱਤਾ ਦੇ ਕਿੱਲੇ ਪੁੱਟਣ ਰੁੱਝੇ ਦਿੱਸਣਗੇ ਅਤੇ ਉਨ੍ਹਾਂ ਖੇਡਾਂ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕ ਵੀ ਉਨ੍ਹਾਂ ਨੇਜ਼ੇਬਾਜ਼ਾਂ ਦੀ ਨੋਕ ਮੂਹਰੇ ਧਰਤੀ ਵਿੱਚ ਗੱਡੇ ਕਿੱਲਿਆਂ ਵਾਂਗ ਚੋਣ ਦਾਅ ਉੱਤੇ ਲੱਗੇ ਹੋਏ ਹੋਣਗੇ ਇਸਦੀ ਸ਼ੁਰੂਆਤ ਹੋ ਚੁੱਕੀ ਤੇ ਪਹਿਲਾ ਗੇਅਰ ਲੱਗ ਚੁੱਕਾ ਹੈਸਿਆਸਤ ਦੀ ਗੱਡੀ ਦੇ ਗੇਅਰ ਚਾਰ-ਪੰਜ ਨਹੀਂ ਹੁੰਦੇ, ਇਹ ਇੰਨੇ ਜ਼ਿਆਦਾ ਹੁੰਦੇ ਹਨ ਕਿ ਹਰ ਮਹੀਨੇ ਅਤੇ ਹਰ ਹਫਤੇ ਨਵਾਂ ਗੇਅਰ ਲੱਗਦਾ ਗਿਆ ਤਾਂ ਅਗਲੇ ਸਾਲ ਤਕ ਪਤਾ ਨਹੀਂ ਕਿੰਨੇ ਲੱਗ ਜਾਣਗੇ ਅਤੇ ਉਨ੍ਹਾਂ ਗੇਅਰਾਂ ਨਾਲ ਵਧਦੀ ਗਈ ਰਫਤਾਰ ਵਿੱਚ ਲੋਕਾਂ ਨੂੰ ਭਾਰਤ ਦੀ ਸੁੱਧ ਤਾਂ ਕੀ ਰਹਿਣੀ ਹੈ, ਉਨ੍ਹਾਂ ਨੂੰ ਆਪਣਾ ਅਤੇ ਆਪਣੀ ਅਗਲੀ ਪੀੜ੍ਹੀ ਦਾ ਭਲਾ-ਬੁਰਾ ਵੀ ਯਾਦ ਨਹੀਂ ਰਹਿਣਾਆਮ ਲੋਕਾਂ ਨੂੰ ਇਸ ਵਿੱਚੋਂ ਕੀ ਮਿਲੇਗਾ, ਦੋ-ਚਾਰ ਨਵੇਂ ਨਾਅਰੇ ਜਾਂ ਚਾਰ ਦਿਨਾਂ ਦਾ ਰੌਣਕ-ਮੇਲਾ, ਇਸ ਤੋਂ ਬਿਨਾਂ ਕੱਖ ਵੀ ਨਹੀਂ ਮਿਲਣ ਲੱਗਾਆਜ਼ਾਦੀ ਦੇ ਪੰਝੱਤਰ ਸਾਲ ਪੂਰੇ ਹੋਣ ਮੌਕੇ ਮਨਾਇਆ ਜਾਣ ਵਾਲਾ ‘ਆਜ਼ਾਦੀ ਦਾ ਅੰਮ੍ਰਿਤ ਮਹਾ-ਉਤਸਵ’ ਓਦਾਂ ਹੀ ਲੋਕਾਂ ਦੇ ਸਿਰਾਂ ਦੇ ਉੱਤੋਂ ਲੰਘ ਜਾਵੇਗਾ, ਜਿਸ ਤਰ੍ਹਾਂ ਆਜ਼ਾਦੀ ਮਿਲਣ ਪਿੱਛੋਂ ਦੇ ਕੈਲੰਡਰਾਂ ਦੀ ਪੌਣੀ ਸਦੀ ਪੈਰ ਜਿਹੇ ਧਰੀਕਦੀ ਲੰਘ ਗਈ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3833)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author