JatinderPannu7ਗਾਲ੍ਹ-ਦੁੱਪੜ, ਹੇਰਾਫੇਰੀ, ਠੱਗੀ-ਚੋਰੀ, ਹਰ ਪੁੱਠਾ ਕੰਮ ਜਦੋਂ ਇਸ ਦੇਸ਼ ਦੀ ਰਾਜਨੀਤੀ ਦਾ ਗਹਿਣਾ ਬਣ ਚੁੱਕਾ ਹੈ ਤਾਂ ...
(26 ਸਤੰਬਰ 2023)ਬੜਾ ਚਿਰ ਪਹਿਲਾਂ ਇੱਕ ਫਿਲਮੀ ਗਾਣਾ ਚਰਚਾ ਵਿੱਚ ਆਇਆ ਸੀ: ‘ਮੈਂ ਉਸ ਦੇਸ਼ ਕਾ ਵਾਸੀ ਹੂੰ
, ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ।’ ਉਸ ਪਿੱਛੋਂ ਕਿਸੇ ਨੇ ਪੈਰੋਡੀ ਕੀਤੀ ਸੀ: ‘ਮੈਂ ਉਸ ਦੇਸ਼ ਕਾ ਵਾਸੀ ਹੂੰ, ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ।’ ਭਾਰਤ ਦੇਸ਼ ਵਿੱਚ ਰਹਿਣ ਵਾਲਾ ਇਹ ‘ਗੰਗਾ’ ਕੋਈ ‘ਗੰਗਾ ਰਾਮ’ ਹੋ ਸਕਦਾ ਹੈ, ‘ਗੰਗਾ ਸਿੰਘ’ ਵੀ ਹੋ ਸਕਦਾ ਹੈ ਤੇ ਜੈਨੀ ਜਾਂ ਬੋਧੀ ਵੀ ਹੋ ਸਕਦਾ ਹੈ। ਸਵਾਲ ਇਹ ਨਹੀਂ ਕਿ ਉਹ ਕਿਸ ਧਰਮ ਨਾਲ ਸੰਬੰਧਤ ਹੈ, ਸਗੋਂ ਇਹ ਹੈ ਕਿ ਦੇਸ਼ ਦੀ ਪ੍ਰਸਿੱਧ ਅਤੇ ਪਾਵਨ ਗਿਣੀ ਜਾਂਦੀ ਗੰਗਾ ਨਦੀ ਦੀ ਹਾਲਤ ਸੁਧਾਰੀ ਨਹੀਂ ਗਈ। ਕਿਸੇ ਛੋਟੇ ਜਿਹੇ ਸੂਬੇ ਦੀ ਸਰਕਾਰ ਦੇ ਬੱਜਟ ਜਿੰਨੇ ਪੈਸੇ ਇਸ ਗੰਗਾ ਉੱਤੇ ਖਰਚ ਹੋਏ, ਪਰ ਗੰਦਗੀ ਉਸ ਵਿੱਚ ਅਜੇ ਤੱਕ ਵਗਦੀ ਹੈ। ਕਾਰਨ ਸਿੱਧਾ ਜਿਹਾ ਹੈ ਕਿ ਗੰਗਾ ਦੀ ਸਫਾਈ ਕੁਝ ਵਿਖਾਵੇ ਲਈ ਅਤੇ ਕੁਝ ਵੱਡੇ ਲੀਡਰਾਂ ਦੇ ਆਉਣ ਉੱਤੇ ਦੁਨੀਆ ਭਰ ਦੇ ਲੋਕਾਂ ਨੂੰ ਵਿਖਾਉਣ ਜੋਗੇ ਚਾਰ ਕੁ ਘਾਟ ਸਾਫ ਕਰਨ ਲਈ ਖੇਚਲ ਕੀਤੀ-ਕਰਵਾਈ ਜਾਂਦੀ ਹੈ, ਸੱਚੀ ਸਫਾਈ ਹੁੰਦੀ ਹੀ ਨਹੀਂ। ਇਹੋ ਹਾਲਤ ਇਸ ਦੇਸ਼ ਵਿੱਚ ਪੈਦਾ ਹੋਏ ਅਤੇ ਜ਼ਿੰਦਗੀ ਨੂੰ ਮਾਨਣ ਦੀ ਬਜਾਏ ਭੁਗਤਣ ਆਏ ‘ਗੰਗਾ’ ਨਾਂਅ ਵਾਲੇ ਕਿਸੇ ਆਮ ਆਦਮੀ ਦੀ ਹੁੰਦੀ ਰਹੀ ਹੈ, ਹਾਲੇ ਤੱਕ ਹੋਈ ਜਾਂਦੀ ਹੈ ਤੇ ਭਵਿੱਖ ਵਿੱਚ ਏਦਾਂ ਹੀ ਹੁੰਦੀ ਰਹਿਣੀ ਜਾਪਦੀ ਹੈ। ਭਾਰਤ ਵਿੱਚ ਰਹਿੰਦਾ ‘ਗੰਗਾ’ ਕਿਸੇ ਵੀ ਪਾਰਟੀ ਦੀ ਸਰਕਾਰ ਵਿੱਚ ਸੌਖਾ ਹੁੰਦਾ ਨਹੀਂ ਵੇਖਿਆ, ਬਲਕਿ ਸਰਕਾਰੀ ਦਫਤਰਾਂ ਤੇ ਗਲਿਆਰਿਆਂ ਵਿੱਚ ਘੁੰਮਣ ਵਾਲੇ ਦਲਾਲਾਂ ਦੀ ਮਰਜ਼ੀ ਹਰ ਸਰਕਾਰ ਦੌਰਾਨ ਪੁੱਗਦੀ ਰਹੀ ਅਤੇ ਦਲਾਲਾਂ ਦੇ ਲੁਕਮਾਨੀ ਨੁਸਖੇ ਵਰਤਣ ਵਾਲੇ ਚਾਲਬਾਜ਼ਾਂ ਦਾ ਬੁੱਤਾ ਸਰਦਾ ਆਇਆ ਅਤੇ ਅੱਗੋਂ ਵੀ ਸਰਦਾ ਰਹਿਣ ਦੇ ਸੰਕੇਤ ਮਿਲਦੇ ਹਨ। ਬੀਤੇ ਹਫਤੇ ਦੀਆਂ ਕੁਝ ਖਬਰਾਂ ਇਸ ਮਨਹੂਸ ਹਾਲਤ ਦੀ ਪੁਸ਼ਟੀ ਕਰਨ ਵਾਲੀਆਂ ਕਹੀਆਂ ਜਾ ਸਕਦੀਆਂ ਹਨ।

ਅੱਜ ਦੀ ਲਿਖਤ ਲਿਖਣ ਵੇਲੇ ਸਾਡੇ ਸਾਹਮਣੇ ਪੰਜਾਬ ਦੇ ਅਖਬਾਰਾਂ ਦੇ ਜਲੰਧਰ ਐਡੀਸ਼ਨਾਂ ਦੇ ਪਰਚੇ ਪਏ ਹਨ ਤੇ ਇਨ੍ਹਾਂ ਵਿੱਚੋਂ ਕਿਸੇ ਵਿੱਚ ਉਹ ਖਬਰ ਨਹੀਂ ਲੱਭੀ, ਜਿਹੜੀ ਇੱਕ ਹਿੰਦੀ ਅਖਬਾਰ ਨੇ ਆਪਣੇ ਚੰਡੀਗੜ੍ਹ ਅਤੇ ਹਰਿਆਣੇ ਦੇ ਪਰਚੇ ਵਿੱਚ ਛਾਪੀ ਹੈ। ਪੰਜਾਬ ਦੀਆਂ ਅਖਬਾਰਾਂ ਨੇ ਇਹ ਖਬਰ ਛਾਪੀ ਨਹੀਂ ਜਾਂ ਮੇਰੀ ਨਜ਼ਰ ਏਨੀ ਕਮਜ਼ੋਰ ਹੋ ਗਈ ਕਿ ਉਹ ਲੱਭਦੀ ਨਹੀਂ। ਜੋ ਕੁਝ ਵੀ ਹੋਵੇ, ਖਬਰ ਇਸ ਗੱਲੋਂ ਵਿਸ਼ੇਸ਼ ਹੈ ਕਿ ਇਸ ਨੇ ‘ਦੇਰ ਆਇਦ, ਦਰੁਸਤ ਆਇਦ’ ਦੀ ਤਸੱਲੀ ਦੇਣ ਜੋਗੀ ਕਹਾਵਤ ਝੂਠੀ ਕਰ ਦਿੱਤੀ ਹੈ। ਕਹਾਣੀ ਉਸ ਵੇਲੇ ਦੀ ਹੈ, ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਗਰੋਂ ਹਰਚਰਨ ਸਿੰਘ ਬਰਾੜ ਤੇ ਬੀਬੀ ਰਾਜਿੰਦਰ ਕੌਰ ਭੱਠਲ ਦੀ ਖਿੱਚੋਤਾਣ ਚੱਲਦੀ ਸੀ। ਓਦੋਂ ਨਾਇਬ ਤਹਿਸੀਲਦਾਰ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਉਹ ਸਰਕਾਰ ਬਹੁਤਾ ਕੰਮ ਨਹੀਂ ਸੀ ਕਰ ਸਕੀ ਅਤੇ ਵੇਲੇ ਤੋਂ ਪਹਿਲਾਂ ਹੋਏ ਚੋਣਾਂ ਦੇ ਐਲਾਨ ਨਾਲ ਸਾਰਾ ਕੰਮ ਅੱਧ ਵਿੱਚ ਰੁਕ ਗਿਆ ਸੀ। ਫਿਰ ਉਹ ਸਾਰਾ ਕੰਮ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਇਆ ਸੀ। ਨਾਇਬ ਤਹਿਸੀਲਦਾਰਾਂ ਦੀ ਭਰਤੀ ਦਾ ਨਤੀਜਾ ਅਕਾਲੀ-ਭਾਜਪਾ ਸਰਕਾਰ ਵੇਲੇ ਨਿਕਲਿਆ ਸੀ ਤੇ ਐਲਾਨ ਹੁੰਦੇ ਸਾਰ ਇੱਕ ਜਣੇ ਨੇ ਹਾਈ ਕੋਰਟ ਵਿੱਚ ਜਾ ਕੇ ਅਰਜ਼ੀ ਦੇ ਦਿੱਤੀ ਕਿ ਭਰਤੀ ਦੀ ਇਸ ਪ੍ਰਕਿਰਿਆ ਵਿੱਚ ਬੇਇਨਸਾਫੀ ਹੋਈ ਹੈ। ਉਸ ਨੇ ਐੱਲ ਐੱਲ ਬੀ ਕੀਤੀ ਹੋਣ ਕਾਰਨ ਉਸ ਨੂੰ ਦੋ ਨੰਬਰ ਮਿਲਣੇ ਸਨ, ਪਰ ਦਿੱਤੇ ਨਹੀਂ ਸਨ ਗਏ। ਚੌਵੀ ਸਾਲ ਉਹ ਕੇਸ ਲੜਦਾ ਰਿਹਾ ਅਤੇ ਫਿਰ ਜਿੱਤ ਗਿਆ ਜਾਂ ਜਿੱਤ ਕੇ ਵੀ ਹਾਰ ਗਿਆ ਜਾਪਦਾ ਹੈ। ਅਦਾਲਤ ਨੇ ਮੰਨ ਲਿਆ ਕਿ ਉਸ ਦਾ ਹੱਕ ਬਣਦਾ ਸੀ ਤੇ ਮਿਲਿਆ ਨਹੀਂ, ਪਰ ਕੇਸ ਏਨਾ ਲੰਮਾ ਚੱਲ ਗਿਆ ਕਿ ਨਾਜਾਇਜ਼ ਚੁਣੇ ਗਏ ਲੋਕ ਚੌਵੀ ਸਾਲ ਨੌਕਰੀ ਕਰ ਚੁੱਕਣ ਪਿੱਛੋਂ ਕੱਢ ਦੇਣੇ ਠੀਕ ਨਹੀਂ ਲੱਗਦੇ, ਇਸ ਲਈ ਉਹ ਚੋਣ ਰੱਦ ਨਹੀਂ ਹੋ ਸਕਦੀ ਅਤੇ ਪੀੜਤ ਵਿਅਕਤੀ ਨੂੰ ਪੰਜ ਲੱਖ ਰੁਪਏ ਮੁਆਵਜ਼ੇ ਦੇ ਦੇਣੇ ਚਾਹੀਦੇ ਹਨ। ਚੌਵੀ ਸਾਲ ਕੇਸ ਲੜ ਕੇ ਵਕੀਲਾਂ ਦੀਆਂ ਫੀਸਾਂ ਭਰੀਆਂ ਤੇ ਇਸ ਲਈ ਪਤਾ ਨਹੀਂ ਕਿੰਨੇ ਲੋਕਾਂ ਤੋਂ ਪੈਸੇ ਮੰਗਣੇ ਪਏ ਹੋਣਗੇ, ਕਿੰਨੇ ਲੱਖ ਇਸ ਵਿੱਚ ਲੱਗੇ ਹੋਣਗੇ ਅਤੇ ਨਤੀਜਾ ਬੱਸ ਇਹ ਕਿ ਉਸ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਅੱਥਰੂ ਪੂੰਝਣ ਜੋਗਾ ਕੰਮ ਕਰ ਦਿੱਤਾ ਜਾਵੇਗਾ। ਉਹ ਵਿਅਕਤੀ ਸਮਝ ਹੀ ਨਹੀਂ ਸਕਿਆ ਹੋਣਾ ਕਿ ਇਹ ਉਸ ਨੂੰ ਇਨਸਾਫ ਮਿਲਿਆ ਜਾਂ ਇੱਕ ਹੋਰ ਮਜ਼ਾਕ ਹੋ ਗਿਆ ਹੈ। ਭਾਰਤ ਦੇਸ਼ ਵਿੱਚ ‘ਗੰਗਾ ਰਾਮ’ ਜਾਂ ‘ਗੰਗਾ ਸਿੰਘ’ ਵਰਗੇ ਨਾਗਰਿਕਾਂ ਨੂੰ ਇਸ ਤੋਂ ਵੱਧ ਨਿਆਂ ਦੀ ਆਸ ਨਹੀਂ ਰੱਖਣੀ ਚਾਹੀਦੀ।

ਦੂਸਰਾ ਮਾਮਲਾ ਨਾਲ ਲੱਗਦੇ ਹਰਿਆਣੇ ਦਾ ਹੈ, ਜਿੱਥੇ ਚਾਰ ਕੁ ਸਾਲ ਪਹਿਲਾਂ ਕਲਰਕਾਂ ਦੀ ਭਰਤੀ ਹੋਈ ਤੇ ਚੁਣੇ ਜਾਣ ਵਾਲਿਆਂ ਨੂੰ ਅਗਲੇ ਸਾਲ ਨੌਕਰੀ ਵੀ ਦੇ ਦਿੱਤੀ ਗਈ ਸੀ। ਉਸ ਭਰਤੀ ਵਿੱਚ ਹੇਰਾਫੇਰੀ ਦੇ ਦੋਸ਼ ਲਾ ਕੇ ਕੁਝ ਲੋਕਾਂ ਨੇ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਤਾਂ ਪਿਛਲੇ ਸਾਲ 2022 ਵਿੱਚ ਹਾਈ ਕੋਰਟ ਦੇ ਹੁਕਮ ਉੱਤੇ ਉਸ ਭਰਤੀ ਦੀ ਸਾਰੀ ਪ੍ਰਕਿਰਿਆ ਦੀ ਪੜਤਾਲ ਹੋਈ। ਜੂਨ 2023 ਵਿੱਚ ਨਵੇਂ ਸਿਰਿਉਂ ਨਤੀਜਾ ਕੱਢਿਆ ਤਾਂ ਚੁਣੇ ਗਏ 4798 ਜਣਿਆਂ ਵਿੱਚੋਂ ਨੌਂ ਸੌ ਗਲਤ ਭਰਤੀ ਕੀਤੇ ਨਿਕਲੇ। ਇਹ ਗਲਤ ਚੁਣੇ ਗਏ ਬੰਦੇ ਕੁੱਲ ਨਤੀਜੇ ਦਾ ਕਰੀਬ ਉੱਨੀ ਫੀਸਦੀ ਸਨ। ਹੁਕਮ ਹੋ ਗਿਆ ਕਿ ਇਹ ਸਾਰੇ ਕੱਢ ਦਿੱਤੇ ਜਾਣ, ਪਰ ਇੱਕ ਸਾਲ ਲੰਘ ਜਾਣ ਪਿੱਛੋਂ ਵੀ ਉਨ੍ਹਾਂ ਵਿੱਚੋਂ ਮਸਾਂ ਚਾਰ ਸੌ ਕੱਢੇ ਗਏ ਤੇ ਪੰਜ ਸੌ ਜਣੇ ਆਪਣੀ ‘ਪਹੁੰਚ’ ਕਾਰਨ ਅਜੇ ਤੱਕ ਨੌਕਰੀ ਕਰਦੇ ਰਹੇ ਹਨ। ਜਦੋਂ ਇਸ ਬਾਰੇ ਫਿਰ ਸ਼ਿਕਾਇਤ ਹੋਈ ਤਾਂ ਸਰਕਾਰ ਨੇ ਹੁਕਮ ਕੀਤਾ ਕਿ ਇਨ੍ਹਾਂ ਨੂੰ ਕੱਢ ਦਿਉ। ਇਨ੍ਹਾਂ ਲੋਕਾਂ ਦੀ ਨਾਜਾਇਜ਼ ਭਰਤੀ ਦੇ ਵਕਤ ਵੀ ਜਦੋਂ ਭਾਜਪਾ ਦੀ ਸਰਕਾਰ ਸੀ, ਹਾਈ ਕੋਰਟ ਦਾ ਹੁਕਮ ਆਉਣ ਵੇਲੇ ਵੀ ਉਹੋ ਤੇ ਪੰਜ ਸੌ ਜਣਿਆਂ ਵੱਲੋਂ ਅਦਾਲਤੀ ਹੁਕਮ ਦੀ ਉਲੰਘਣਾ ਕਰਦੇ ਰਹਿਣ ਵੇਲੇ ਵੀ ਏਹੋ ਸਰਕਾਰ ਸੀ ਤਾਂ ਅੱਗੋਂ ਬਾਰੇ ਕੋਈ ਦੱਸ ਨਹੀਂ ਸਕਦਾ। ਨੌਕਰੀਆਂ ਦੇ ਅਸਲ ਹੱਕਦਾਰ ਗੰਗਾ ਰਾਮ ਜਾਂ ਗੰਗਾ ਸਿੰਘ ਨਾਲ ਭਾਰਤ ਦੇ ਲਗਭਗ ਹਰ ਰਾਜ ਅਤੇ ਹਰ ਸਰਕਾਰ ਦੇ ਰਾਜ ਵਿੱਚ ਇਹੋ ਕੁਝ ਹੋਈ ਜਾਂਦਾ ਹੈ। ਉਨ੍ਹਾਂ ਵਿਚਾਰਿਆਂ ਨੂੰ ਇਨਸਾਫ ਜਾਂ ਤਾਂ ਮਿਲਦਾ ਨਹੀਂ, ਜਾਂ ਮਿਲਦਾ ਹੈ ਤਾਂ ਨਾ ਮਿਲਣ ਵਰਗਾ ਹੁੰਦਾ ਹੈ।

ਤੀਸਰਾ ਕੇਸ ਓਸੇ ਹਰਿਆਣਾ ਦਾ ਅਤੇ ਓਸੇ ਸਰਕਾਰ ਚਲਾ ਰਹੀ ਪਾਰਟੀ ਦੇ ਇੱਕ ਲੀਡਰ ਵੱਲੋਂ ਭ੍ਰਿਸ਼ਟਾਚਾਰ ਦਾ ਜਾਂ ਕਹਿ ਲਉ ਕਿ ਸਿੱਧੀ ਠੱਗੀ ਮਾਰਨ ਦਾ ਹੈ। ਓਥੇ ਪੁਲਸ ਮਹਿਕਮੇ ਵਿੱਚ ਭਰਤੀ ਕਰਨੀ ਸੀ, ਰੌਲਾ ਪੈ ਗਿਆ ਕਿ ਲੱਖਾਂ ਰੁਪਏ ਦਾ ਲੈਣ-ਦੇਣ ਭਰਤੀ ਕਰਵਾਉਣ ਦੇ ਨਾਂਅ ਉੱਤੇ ਹੋਈ ਜਾਂਦਾ ਹੈ। ਬਹੁਤੀ ਵਾਰੀ ਇਹੋ ਜਿਹਾ ਰੌਲਾ ਐਵੇਂ ਫਾਲਤੂ ਅਤੇ ਆਧਾਰਹੀਣ ਕਹਿ ਕੇ ਟਾਲ ਦੇਣ ਤੋਂ ਵੱਧ ਕੁਝ ਹੁੰਦਾ ਨਹੀਂ ਦਿਸਦਾ, ਪਰ ਇਸ ਵਾਰੀ ਇੱਕ ਠੱਗ ਕਾਬੂ ਆ ਗਿਆ, ਜਿਹੜਾ ਆਪਣੇ ਆਪ ਨੂੰ ਉਸ ਰਾਜ ਵਿਚਲੇ ਗ੍ਰਹਿ ਮੰਤਰੀ, ਯਾਨੀ ਪੁਲਿਸ ਵਿਭਾਗ ਦੇ ਮੰਤਰੀ ਦਾ ਓ ਐੱਸ ਡੀ (ਆਫੀਸਰ ਆਨ ਸਪੈਸ਼ਲ ਡਿਊਟੀ) ਦੱਸਦਾ ਸੀ। ਪੜਤਾਲ ਕੀਤੀ ਗਈ ਤਾਂ ਗ੍ਰਹਿ ਮੰਤਰੀ ਨਾਲ ਉਸ ਦੀ ਇਹੋ ਜਿਹੀ ਨਿਯੁਕਤੀ ਕਦੀ ਹੋਈ ਹੀ ਨਹੀਂ ਸੀ। ਸਰਕਾਰ ਅਤੇ ਮੰਤਰੀ ਇਸ ਰੌਲੇ ਵਿੱਚੋਂ ਪਾਸੇ ਰਹਿ ਗਏ, ਪਰ ਉਨ੍ਹਾਂ ਦੀ ਪਾਰਟੀ ਇਸ ਦੋਸ਼ ਤੋਂ ਬਚ ਨਹੀਂ ਸਕਦੀ, ਕਿਉਂਕ ਉਹ ਠੱਗ ਓਥੇ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦਾ ਬਲਾਕ ਪ੍ਰਧਾਨ ਹੈ ਅਤੇ ਉਸ ਕੋਲ ਇਸ ਅਹੁਦੇ ਦਾ ਇੱਕ ਬਾਕਾਇਦਾ ਨਿਯੁਕਤੀ ਪੱਤਰ ਸੁਣੀਂਦਾ ਹੈ। ਸਤਾਈ ਲੱਖ ਰੁਪਏ ਠੱਗੀ ਮਾਰ ਚੁੱਕੇ ਇਸ ਭਾਜਪਾ ਆਗੂ ਨੇ ਜਿਨ੍ਹਾਂ ਗੰਗਾ ਰਾਮਾਂ ਅਤੇ ਗੰਗਾ ਸਿੰਘਾਂ ਨੂੰ ਲੁੱਟਿਆ ਹੈ, ਉਨ੍ਹਾਂ ਦੇ ਪੈਸੇ ਮੁੜ ਆਉਣਗੇ, ਇਸ ਦੀ ਆਸ ਨਹੀਂ।

ਚੌਥਾ ਕੇਸ ਫਿਰ ਸਾਡੇ ਪੰਜਾਬ ਦਾ ਹੈ। ਆਮ ਆਦਮੀ ਪਾਰਟੀ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਕਾਰਵਾਈ ਹੋਈ ਜਾਂ ਨਹੀਂ ਜਾਂ ਫਿਰ ਅੱਧੀ-ਅਧੂਰੀ ਹੋਈ ਹੈ, ਇਹ ਵੱਖਰਾ ਮਾਮਲਾ ਹੈ, ਇਸ ਕਾਰਵਾਈ ਦੀ ਚਰਚਾ ਛਿੜ ਜਾਣ ਪਿੱਛੋਂ ਕਈ ਸਾਬਕਾ ਮੰਤਰੀ ਅਤੇ ਚੋਰ ਜਿਹੇ ਹੋਰ ਲੀਡਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ ਜਾਂਦੇ ਸਨ। ਹੁਸ਼ਿਆਰਪੁਰ ਦਾ ਸਾਬਕਾ ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਭਾਜਪਾ ਵਿੱਚ ਚਲਾ ਗਿਆ, ਜਿਹੜਾ ਬਾਅਦ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਤੋਂ ਖਹਿੜਾ ਛੁਡਾਉਣ ਲਈ ਇੱਕ ਵਿਜੀਲੈਂਸ ਅਧਿਕਾਰੀ ਨਾਲ ਇੱਕ ਕਰੋੜ ਰੁਪਏ ਦਾ ਸੌਦਾ ਮਾਰਦਾ ਤੇ ਪੰਜਾਹ ਲੱਖ ਰੁਪਏ ਨਕਦ ਦੇਂਦਾ ਫੜਿਆ ਗਿਆ ਸੀ। ਏਦਾਂ ਦੇ ਕਈ ਭ੍ਰਿਸ਼ਟਾਚਾਰੀ ਅਤੇ ਅਪਰਾਧਕ ਕੇਸਾਂ ਵਿੱਚ ਫਸੇ ਹੋਏ ਲੋਕ ਭਾਜਪਾ ਵਿੱਚ ਸ਼ਾਮਲ ਹੋਈ ਜਾ ਰਹੇ ਸਨ। ਇਸੇ ਤਰ੍ਹਾਂ ਪੰਜਾਬ ਯੂਥ ਕਾਂਗਰਸ ਦਾ ਮੀਤ ਪ੍ਰਧਾਨ ਵੀ ਭਾਜਪਾ ਵਿੱਚ ਸ਼ਾਮਲ ਹੋ ਗਿਆ ਅਤੇ ਸ਼ਾਮ ਤੱਕ ਇਹ ਖਬਰ ਆ ਗਈ ਕਿ ਇਸ ਵਿਅਕਤੀ ਵਿਰੁੱਧ ਕਿਸੇ ਨੂੰ ਅਗਵਾ ਕਰਨ ਤੇ ਆਪਣੇ ਵਰਗੀ ਦਲ-ਬਦਲੂ ਲੀਡਰ ਦੇ ਘਰ ਬੰਦੀ ਬਣਾਈ ਰੱਖਣ ਪਿੱਛੋਂ ਫਿਰੌਤੀ ਲੈਣ ਦਾ ਪਰਚਾ ਦਰਜ ਹੈ। ਉਸ ਨੂੰ ਆਪਣੀ ਗਰਦਨ ਫਸਦੀ ਨਜ਼ਰ ਆਈ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਉਸੇ ਭਾਜਪਾ ਵਿੱਚ ਜਿਹੜੀ ਉਹਦੇ ਵਰਗੇ ਕਿਰਦਾਰਾਂ ਲਈ ਅੱਜਕੱਲ੍ਹ ਪੱਕੀ ਠਾਹਰ ਮੰਨੀ ਜਾ ਰਹੀ ਹੈ। ਜਦੋਂ ਦੇਸ਼ ਦੀ ਕਮਾਨ ਸੰਭਾਲਣ ਵਾਲੀ ਪਾਰਟੀ ਅੰਦਰ ਏਦਾਂ ਦੇ ਲੋਕ ਸ਼ਾਮਲ ਹੋਣ ਲਈ ਕਤਾਰ ਵਿੱਚ ਖੜੇ ਦਿੱਸਦੇ ਹਨ ਤਾਂ ਗੰਗਾ ਰਾਮ ਅਤੇ ਗੰਗਾ ਸਿੰਘ ਕਿਸ ਸਰਕਾਰ ਤੋਂ ਆਸ ਰੱਖ ਸਕਦੇ ਹਨ!

ਅਸੀਂ ਉਨ੍ਹਾਂ ਲੋਕਾਂ ਵਿੱਚੋਂ ਹਾਂ, ਜਿਨ੍ਹਾਂ ਨੇ ਚੜ੍ਹਦੀ ਉਮਰ ਵਿੱਚ ਉਹ ਦਿਨ ਵੇਖੇ ਸਨ, ਜਦੋਂ ਜਨਤਾ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਬਣਾਈ ਗਈ ਸੀ ਅਤੇ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਆਗੂਆਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਇਸ ਨਵੀਂ ਪਾਰਟੀ ਦਾ ‘ਚਾਲ, ਚਰਿੱਤਰ ਤੇ ਚਿਹਰਾ’ ਵੱਖਰਾ ਨਿਆਰਾ ਹੋਵੇਗਾ। ਭਾਰਤ ਦੇ ਲੋਕਾਂ ਦਾ ਵੱਡਾ ਹਿੱਸਾ ਏਦਾਂ ਦੀਆਂ ਗੱਲਾਂ ਦਾ ਅਸਰ ਉਦੋਂ ਨਾ ਸਹੀ, ਹੌਲੀ-ਹੌਲੀ ਮਨ ਵਿੱਚ ਵਸਾਉਣ ਕਾਰਨ ਭਾਜਪਾ ਦੇ ਪਿੱਛੇ ਕਤਾਰਬੱਧ ਹੁੰਦਾ ਗਿਆ ਤੇ ਜਦੋਂ ਇਸ ਪਾਰਟੀ ਦੀ ਸਰਕਾਰ ਬਣੀ ਤਾਂ ਜਿਸ ਵੀ ਪਾਰਟੀ ਵਿੱਚ ਜਿਹੜਾ ਵੀ ਪੈਸੇ ਵਾਲਾ, ਹੈਸੀਅਤ ਵਾਲਾ ਜਾਂ ਨਾਮਣੇ ਵਾਲਾ ਵਿਅਕਤੀ ਹੋਵੇ, ਉਸ ਲਈ ਦਰ ਖੋਲ੍ਹ ਦਿੱਤੇ। ਨਾਮਣੇ ਵਾਲਾ ਬੇਸ਼ੱਕ ਅਪਰਾਧੀ ਕਿਰਦਾਰ ਕਾਰਨ ਹੋਵੇ, ਕੋਈ ਫਰਕ ਨਹੀਂ ਮੰਨਿਆ ਗਿਆ। ਇੱਕ ਮੁਹਾਵਰਾ ਵੀ ਹੈ ਕਿ ‘ਹੋਂਗੇ ਗਰ ਬਦਨਾਮ ਤੋਂ ਕਿਆ ਨਾਮ ਨਾ ਹੋਗਾ’, ਇਸ ਲਈ ਹਰ ਰੰਗ ਦੇ ਮਾੜੇ-ਚੰਗੇ ਬੰਦੇ ਇਸ ਵਿੱਚ ਭਰਦੇ ਗਏ ਅਤੇ ਭਰਦੇ ਜਾਂਦੇ ਹਨ। ਨਤੀਜੇ ਵਜੋਂ ਇਹ ਪਾਰਟੀ ਕਿੱਦਾਂ ਦਾ ‘ਵੱਖਰਾ-ਨਿਆਰਾ’ ਕਿਰਦਾਰ ਪੇਸ਼ ਕਰਦੀ ਹੈ, ਇਸ ਦੀ ਝਲਕ ਪਾਰਲੀਮੈਂਟ ਦੇ ਵਿਸ਼ੇਸ਼ ਸੈਸ਼ਨ ਵਿੱਚ ਲੋਕ ਸਭਾ ਮੈਂਬਰ ਅਤੇ ਭਾਜਪਾ ਲੀਡਰ ਰਮੇਸ਼ ਵਿਧੂੜੀ ਨੇ ਵਿਖਾ ਦਿੱਤੀ ਹੈ। ਉਸ ਨੇ ਵਿਰੋਧੀ ਧਿਰ ਦੇ ਇੱਕ ਮੈਂਬਰ ਵਾਸਤੇ ਜਿਹੜੇ ਘਟੀਆ ਪੱਧਰ ਦੇ ਗਾਲ੍ਹਾਂ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਜਿਹੜੇ ਸ਼ਬਦ ਸੁਣਨ ਮਗਰੋਂ ਉਸ ਨੂੰ ਖੜ੍ਹੇ ਪੈਰ ਝਾੜਨ-ਝਿੜਕਣ ਦੀ ਥਾਂ ਭਾਜਪਾ ਦੇ ਵੱਡੇ ਲੀਡਰ ਹੱਸਦੇ ਨਜ਼ਰ ਆਉਂਦੇ ਸਨ, ਉਸ ਨਾਲ ਇਸ ਦੇਸ਼ ਦੀ ਆਮ ਜਨਤਾ ਸ਼ਰਮ ਮਹਿਸੂਸ ਕਰਦੀ ਹੈ। ਚੁਫੇਰੇ ਦੁਹਾਈ ਪੈਣ ਮਗਰੋਂ ਭਾਜਪਾ ਲੀਡਰਸ਼ਿਪ ਨੇ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਪਰ ਇਸ ਤੋਂ ਵੱਧ ਸਖਤ ਕਾਰਵਾਈ ਹੋਣ ਦੀ ਬਹੁਤੀ ਆਸ ਨਹੀਂ। ਪਹਿਲਾਂ ਵੀ ਕਈ ਵਾਰੀ ਇਹੋ ਜਿਹੇ ਸ਼ਬਦ ਭਾਜਪਾ ਦੇ ਕਈ ਆਗੂ ਬੋਲਦੇ ਰਹੇ ਸਨ, ਪਰ ਗੱਲ ਆਈ-ਗਈ ਹੋ ਜਾਂਦੀ ਰਹੀ ਹੈ। ਇੱਕ ਕੇਂਦਰੀ ਮੰਤਰੀ ਬੀਬੀ, ਜਿਹੜੀ ਇੱਕ ਡੇਰੇ ਦੀ ਸੰਤਣੀ ਵੀ ਹੈ, ਨੇ ਇੱਕ ਵਾਰੀ ਦਿੱਲੀ ਵਿੱਚ ਇੱਕ ਰਾਜਸੀ ਜਲਸੇ ਦੌਰਾਨ ਬਹੁਤ ਭੱਦੀ ਗਾਲ੍ਹ ਕੱਢ ਦਿੱਤੀ ਸੀ। ਪਾਰਲੀਮੈਂਟ ਵਿੱਚ ਹੰਗਾਮਾ ਮੱਚਣ ਤੱਕ ਭਾਜਪਾ ਲੀਡਰਸ਼ਿੱਪ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਸੀ ਸਮਝੀ ਅਤੇ ਫਿਰ ਉਸ ਕੋਲੋਂ ਮੁਆਫੀ ਮੰਗਵਾ ਕੇ ਗੱਲ ਠੱਪ ਕਰ ਦਿੱਤੀ ਸੀ। ਰਮੇਸ਼ ਵਿਧੂੜੀ ਦੇ ਮਾਮਲੇ ਵਿੱਚ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗਾ ਕੁਝ ਕਰ ਕੇ ਗੱਲ ਠੱਪੀ ਜਾ ਸਕਦੀ ਹੈ, ਕਿਉਂਕਿ ਜੇ ਵਿਧੂੜੀ ਦੇ ਖਿਲਾਫ ਕਾਰਵਾਈ ਕੀਤੀ ਤਾਂ ਓਸੇ ਵਰਗੇ ਬਾਕੀ ਮੂੰਹ-ਪਾਟਿਆਂ ਤੋਂ ਅਗਲੀਆਂ ਚੋਣਾਂ ਵਿੱਚ ਕੰਮ ਲੈਣਾ ਔਖਾ ਹੋਵੇਗਾ।

ਗਾਲ੍ਹ-ਦੁੱਪੜ, ਹੇਰਾਫੇਰੀ, ਠੱਗੀ-ਚੋਰੀ, ਹਰ ਪੁੱਠਾ ਕੰਮ ਜਦੋਂ ਇਸ ਦੇਸ਼ ਦੀ ਰਾਜਨੀਤੀ ਦਾ ਗਹਿਣਾ ਬਣ ਚੁੱਕਾ ਹੈ ਤਾਂ ਇਸ ਦੇਸ਼ ਵਿੱਚ ਕੋਈ ਗੰਗਾ ਰਾਮ ਹੋਵੇ ਜਾਂ ਗੰਗਾ ਸਿੰਘ, ਇਨਸਾਫ ਦੀ ਆਸ ਕਿੱਥੋਂ ਰੱਖੇਗਾ! ਸਾਨੂੰ ਭਾਰਤ ਦੇਸ਼ ਉੱਤੇ ਬੜਾ ਮਾਣ ਹੈ, ਪਰ ਜਦੋਂ ਏਦਾਂ ਦੀਆਂ ਖਬਰਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ ਤਾਂ ਫਿਰ ਮੂੰਹੋਂ ਇਹ ਨਹੀਂ ਨਿਕਲਦਾ ਕਿ ‘ਹਮ ਉਸ ਦੇਸ਼ ਕੇ ਵਾਸੀ ਹੈਂ, ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’, ਸਗੋਂ ਇਸ ਦੀ ਥਾਂ ਇਹ ਨਿਕਲਦਾ ਹੈ ਕਿ ‘ਹਮ ਉਸ ਦੇਸ਼ ਕੇ ਵਾਸੀ ਹੈਂ, ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ’। ਇਹ ਵਿਚਾਰਾ ‘ਗੰਗਾ’ ਕੋਈ ਇਨਸਾਨ ਤਾਂ ਰਿਹਾ ਨਹੀਂ, ਸਿਰਫ ਇੱਕ ਵੋਟਰ ਹੈ, ਜਿਸ ਦੀ ਪੰਜੀਂ ਸਾਲੀਂ ਲੋੜ ਪੈਂਦੀ ਹੈ ਅਤੇ ਅਗਲੇ ਸਾਲ ਫਿਰ ਇਹ ਲੋੜ ਪੈਣ ਵਾਲੀ ਹੋਣ ਕਾਰਨ ਇਸ ਵਕਤ ਉਸ ਨੂੰ ਲਾਲੀਪਾਪ ਵਿਖਾਏ ਜਾ ਰਹੇ ਹਨ। ਗੰਗਾ ਰਾਮ ਜਾਂ ਗੰਗਾ ਸਿੰਘ ਲਈ ਲਾਲੀਪਾਪ ਵੀ ਕਾਫੀ ਸਮਝੇ ਜਾਂਦੇ ਹਨ, ਏਦੂੰ ਵੱਧ ਕੁਝ ਹੋਰ ਉਸ ਨੂੰ ਕੀ ਦੇਣਾ ਹੈ, ਜਦੋਂ ਉਸ ਵਿਚਾਰੇ ਨੂੰ ਬਣਦਾ ਹੱਕ ਵੀ ਨਹੀਂ ਮਿਲ ਸਕਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4247)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author