JatinderPannu7ਵੀਅਤਨਾਮ ਦੀ ਜੰਗ ਵੇਲੇ ਅਮਰੀਕਾ ਦੇ ਸੁੱਟੇ ਨੇਪਾਮ ਬੰਬ ਨਾਲ ਪਈ ਮਾਰ ਦੇ ਸਤਾਏ ਜਿਹੜੇ ਲੋਕ ...
(22 ਅਗਸਤ 2023)


ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਐਟਮ ਬੰਬ ਚੱਲਣ ਦੀ ਘਟਨਾ ਨੂੰ ਅਠੱਤਰ ਸਾਲ ਹੋ ਚੁੱਕੇ ਹਨ
ਦੋਵਾਂ ਵਿੱਚ ਕੁੱਲ ਮਿਲਾ ਕੇ ਕਿੰਨੇ ਲੋਕ ਮਾਰੇ ਗਏ ਸਨ, ਇਸਦੀ ਗਿਣਤੀ ਬਾਰੇ ਲੱਖਾਂ ਦਾ ਮੱਤਭੇਦ ਹੈਕੋਈ ਇਹ ਗਿਣਤੀ ਡੇਢ ਲੱਖ ਦੱਸਦਾ ਹੈ ਤੇ ਕਈ ਲੋਕ ਇਸ ਤੋਂ ਦੁੱਗਣੇ ਜਾਂ ਤਿੱਗਣੇ ਮਰ ਗਏ ਦੱਸਣ ਵਾਲੇ ਵੀ ਹਨਮੈਂ ਇੱਕ ਪ੍ਰੋਗਰਾਮ ਵਿੱਚ ਇਸਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਹ ਬੰਬ ਅਮਰੀਕਾ ਨੇ ਜੰਗੀ ਲੋੜ ਵਾਸਤੇ ਨਹੀਂ ਸੀ ਚਲਾਏ, ਜੰਗ ਮੁੱਕਦੀ ਵੇਖ ਕੇ ਇਹ ਸੋਚ ਕੇ ਚਲਾਏ ਸਨ ਕਿ ਜੰਗ ਦੇ ਖਤਮ ਹੋਣ ਪਿੱਛੋਂ ਇਨ੍ਹਾਂ ਬੰਬਾਂ ਨੂੰ ਪਰਖਣ ਦਾ ਇਹੋ ਜਿਹਾ ਮੌਕਾ ਫਿਰ ਮਿਲ ਨਹੀਂ ਸਕਣਾ ਮੈਨੂੰ ਇਸਦੇ ਪ੍ਰਤੀਕਰਮ ਵਿੱਚ ਇਹ ਕਿਹਾ ਗਿਆ ਕਿ ਤੈਨੂੰ ਜਾਪਾਨ ਦਾ ਦਰਦ ਹੈ, ਪਰ ਇਹ ਨਹੀਂ ਪਤਾ ਕਿ ਜਾਪਾਨ ਨੇ ਪਰਲ ਹਾਰਬਰ ਵਿੱਚ ਕੀ ਕੀਤਾ ਸੀ ਤੇ ਕਿੰਨੇ ਲੋਕ ਮਾਰੇ ਸਨ ਅਮਰੀਕਾ ਨੇ ਉਸ ਪਰਲ ਹਾਰਬਰ ਦਾ ਜਵਾਬ ਦਿੱਤਾ ਸੀ ਤਾਂ ਗਲਤ ਨਹੀਂ ਸੀ ਕੀਤਾ ਹਰ ਦੇਸ਼ ਨੂੰ ਆਪਣੇ ਹਿਤ ਵਿੱਚ ਇਹੋ ਜਿਹੇ ਫੈਸਲੇ ਲੈਣ ਦਾ ਹੱਕ ਹੁੰਦਾ ਹੈਮੇਰੀ ਸਮਝ ਹੈ ਕਿ ਉਸ ਦੀ ਦਲੀਲ ਸਿਰੇ ਦੀ ਨਿਕੰਮੀ ਸੀ, ਜਿਹੜੀ ਹਕੀਕਤਾਂ ਨੂੰ ਝੁਠਲਾਉਣ ਵਾਲੇ ਇੱਕ ਬਹਾਨੇ ਤੋਂ ਵੱਧ ਮੰਨੀ ਜਾਣ ਵਾਲੀ ਨਹੀਂ ਅਤੇ ਇਹ ਦਲੀਲ ਸ਼ਾਇਦ ਕਿਸੇ ਨੇ ਕਦੀ ਮੰਨੀ ਵੀ ਨਹੀਂ

ਪਹਿਲੀ ਗੱਲ ਕਿ ਪਰਲ ਹਾਰਬਰ ਦੁਖਾਂਤ ਦੂਸਰੀ ਸੰਸਾਰ ਜੰਗ ਸ਼ੁਰੂ ਹੋਣ ਵੇਲੇ ਸਾਲ 1941 ਵਿੱਚ ਵਾਪਰਿਆ ਸੀ, ਜਦੋਂ ਜਾਪਾਨੀਆਂ ਨੇ ਹਮਲਾ ਕੀਤਾ ਤੇ ਅਮਰੀਕੀ ਅੱਡੇ ਉੱਤੇ ਫੌਜੀ ਅਤੇ ਆਮ ਨਾਗਰਿਕ ਮਿਲਾ ਕੇ ਕਰੀਬ ਢਾਈ ਹਜ਼ਾਰ ਲੋਕ ਮਾਰੇ ਗਏ ਸਨਉਸ ਤੋਂ ਸਾਢੇ ਤਿੰਨ ਸਾਲ ਪਿੱਛੋਂ ਕੀਤਾ ਹਮਲਾ ਉਸ ਦਾ ਪ੍ਰਤੀਕਰਮ ਨਹੀਂ ਕਿਹਾ ਜਾ ਸਕਦਾਫਿਰ ਇਹ ਗੱਲ ਵੀ ਅੱਖੋਂ ਪਰੋਖੀ ਕਰਨੀ ਔਖੀ ਹੈ ਕਿ ਅਮਰੀਕਾ ਨੂੰ ਪਤਾ ਸੀ ਕਿ ਦੋਵਾਂ ਸ਼ਹਿਰਾਂ ਉੱਤੇ ਇਹ ਬੰਬ ਜਿੱਥੇ ਸੁੱਟਣਾ ਹੈ, ਉੱਥੇ ਲੱਖਾਂ ਦੀ ਆਬਾਦੀ ਹੈ ਅਤੇ ਇਸ ਨਾਲ ਢਾਈ ਹਜ਼ਾਰ ਦਾ ਬਦਲਾ ਲੈਣ ਲਈ ਪੰਜ-ਦਸ ਹਜ਼ਾਰ ਮੌਤਾਂ ਤਕ ਗੱਲ ਨਹੀਂ ਰੁਕਣੀ, ਬਹੁਤ ਵੱਡਾ ਦੁਖਾਂਤ ਵਾਪਰਨਾ ਹੈਤੀਸਰੀ ਇਹ ਕਿ ਅਮਰੀਕਾ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਉਹ ਦੋ ਬੰਬ ਸੁੱਟਣੇ ਸਨ, ਜਿਹੜੇ ਉਸ ਵਕਤ ਤਕ ਕਦੇ ਨਹੀਂ ਸਨ ਵਰਤੇ ਗਏ ਤੇ ਉਸ ਤੋਂ ਬਾਅਦ ਵੀ ਕਿਸੇ ਦੇਸ਼ ਦੀ ਇੱਦਾਂ ਦੇ ਬੰਬ ਵਰਤਣ ਦੀ ਕਦੇ ਜੁਰਅਤ ਨਹੀਂ ਪਈਚੌਥੀ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਹੀਰੋਸ਼ੀਮਾ ਵਿੱਚ ਸੁੱਟੇ ਬੰਬ ਨਾਲ ਲੱਖਾਂ ਲੋਕ ਮਾਰੇ ਜਾਣ ਦੀ ਖਬਰ ਆ ਚੁੱਕੀ ਸੀ, ਅਮਰੀਕਾ ਨੇ ਦੂਸਰਾ ਹਮਲਾ ਤਿੰਨ ਦਿਨ ਬਾਅਦ ਫਿਰ ਕੀਤਾ ਤੇ ਉਸ ਵਿੱਚ ਫਿਰ ਲੱਖਾਂ ਲੋਕ ਮਾਰ ਦਿੱਤੇ ਸਨਉਹ ਪਹਿਲੇ ਹਮਲੇ ਨਾਲ ਆਪਣੇ ਐਟਮ ਬੰਬ ਦੀ ਪਰਖ ਕਰ ਚੁੱਕਾ ਸੀ ਅਤੇ ਦੁਨੀਆ ਨੂੰ ਆਪਣੀ ਤਾਕਤ ਵਿਖਾ ਚੁੱਕਾ ਸੀ, ਪਰ ਉਸ ਨੇ ਫਿਰ ਇਸਦੀ ਦੋਹਰੀ ਪਰਖ ਲਈ ਹੱਥ ਆਇਆ ਮੌਕਾ ਵਰਤਣ ਖਾਤਰ ਲਗਾਤਾਰ ਦੂਸਰਾ ਹਮਲਾ ਕਰਕੇ ਲੱਖਾਂ ਲੋਕ ਹੋਰ ਮਾਰੇ ਸਨਸੰਸਾਰ ਦੀ ਸਮੁੱਚੀ ਮਨੁੱਖਤਾ ਇਸ ਹਰਕਤ ਤੋਂ ਬੁਰੀ ਤਰ੍ਹਾਂ ਕੰਬ ਗਈ ਸੀ ਅਤੇ ਅੱਜ ਤਕ ਉਸ ਹਮਲੇ ਦੀ ਕੰਬਣੀ ਸੰਸਾਰ ਦੇ ਲੋਕ ਮਹਿਸੂਸ ਕਰਦੇ ਹਨ

ਦੂਸਰੀ ਸੰਸਾਰ ਜੰਗ ਦੇ ਬਾਅਦ ਬਹੁਤ ਸਾਰੇ ਫੌਜੀ, ਜਿਹੜੇ ਦੂਸਰੇ ਦੇਸ਼ਾਂ ਵਿਰੁੱਧ ਲੜ ਚੁੱਕੇ ਅਤੇ ਖੁਦ ਇਸ ਜੰਗ ਦਾ ਨੁਕਸਾਨ ਜਰ ਚੁੱਕੇ ਸਨ, ਉਹ ਅਮਨ ਦੀ ਲਹਿਰ ਚਲਾਉਣ ਨਿਕਲ ਤੁਰੇ ਸਨਸੋਵੀਅਤ ਰੂਸ ਦਾ ਇੱਕ ਹਵਾਈ ਫੌਜ ਦਾ ਪਾਇਲਟ ਅਲੈਕਸੀ ਪਿਤਰੋਵਿਚ ਮਾਰੇਸਯੇਵ ਉਸ ਜੰਗ ਦੌਰਾਨ ਆਪਣੀਆਂ ਦੋਵੇਂ ਲੱਤਾ ਗੁਆ ਚੁੱਕਾ ਸੀ ਸੰਸਾਰ ਜੰਗ ਖਤਮ ਹੋਣ ਪਿੱਛੋਂ ਉਹ ਭਵਿੱਖ ਦੀਆਂ ਜੰਗਾਂ ਰੋਕਣ ਲਈ ਅਮਨ ਲਹਿਰ ਵਿੱਚ ਸੰਸਾਰ ਭਰ ਵਿੱਚ ਘੁੰਮ ਕੇ ਅਤੇ ਆਪਣੀ ਦੋਵੇਂ ਅੱਧੀਆਂ ਰਹਿ ਗਈਆਂ ਲੱਤਾਂ ਦੇ ਡੁੱਚ ਵਿਖਾ ਕੇ ਦੱਸਣ ਗਿਆ ਸੀ ਕਿ ਜੰਗ ਚੰਗੀ ਨਹੀਂ ਹੁੰਦੀਦੂਜੇ ਪਾਸੇ ਅਮਰੀਕਾ ਇਸਦੇ ਬਾਅਦ ਵੀ ਜੰਗਾਂ ਵਿੱਚ ਉਲਝਿਆ ਰਿਹਾ ਅਤੇ ਕਈ ਦੇਸ਼ਾਂ ਵਿੱਚ ਉਸ ਨੇ ਨੇਪਾਮ ਬੰਬ ਵਰਤਣ ਦਾ ਅਗਲਾ ਪਾਪ ਵੀ ਕੀਤਾ ਸੀ, ਜਿਸ ਤੋਂ ਬਚਿਆ ਜਾ ਸਕਦਾ ਸੀਨੇਪਾਮ ਬੰਬ ਬੇਸ਼ਕ ਐਟਮ ਬੰਬ ਨਹੀਂ, ਪਰ ਇਸਦਾ ਕਹਿਰ ਛੋਟਾ ਨਹੀਂ ਜਿਨ੍ਹਾਂ ਲੋਕਾਂ ਉੱਤੇ ਇਸਦਾ ਕਹਿਰ ਪਿਆ, ਉਹ ਹੀ ਜਾਣਦੇ ਹਨਵੀਅਤਨਾਮ ਦੀ ਜੰਗ ਵੇਲੇ ਅਮਰੀਕਾ ਦੇ ਸੁੱਟੇ ਨੇਪਾਮ ਬੰਬ ਨਾਲ ਪਈ ਮਾਰ ਦੇ ਸਤਾਏ ਜਿਹੜੇ ਲੋਕ ਜਾਨਾਂ ਬਚਾਉਣ ਲਈ ਦੌੜਦੇ ਪਏ ਸਨ, ਉਨ੍ਹਾਂ ਵਿੱਚ ਚੀਕਦੀ ਹੋਈ ਬਿਨਾਂ ਕੱਪੜਿਆਂ ਤੋਂ ਅਲਫ ਨੰਗੀ ਦੌੜਦੀ ਜਾਂਦੀ ਨੌਂ ਸਾਲਾ ਬੱਚੀ ਦੀ ਤਸਵੀਰ ਜਦੋਂ ਛਪੀ ਤਾਂ ਅਮਰੀਕੀ ਲੋਕਾਂ ਨੇ ਵੀ ਆਪਣੀ ਉਸ ਵੇਲੇ ਦੀ ਹਕੂਮਤ ਨੂੰ ਲਾਹਨਤਾਂ ਪਾਈਆਂ ਸਨਉਸ ਦੇ ਬਾਅਦ ਇੱਦਾਂ ਦੀ ਖਤਰਨਾਕ ਬੰਬਾਂ ਦੀ ਵਰਤੋਂ ਬੰਦ ਕਰਨ ਲਈ ਯੂ ਐੱਨ ਓ ਦੀ ਅਗਵਾਈ ਹੇਠ ਗੱਲ ਚੱਲੀ ਅਤੇ ਫਿਰ ਬਾਕੀ ਸਾਰੇ ਦੇਸ਼ਾਂ ਨੇ ਇਸ ਉੱਤੇ ਹਾਮੀ ਭਰ ਦਿੱਤੀ, ਪਰ ਅਮਰੀਕਾ ਨੇ ਇਸ ਚਾਰਟਰ ਉੱਤੇ ਦਸਤਖਤ ਕਰਨ ਵਿੱਚ ਵੀ ਪੰਝੀ ਸਾਲ ਦੇ ਲਗਭਗ ਲਾ ਦਿੱਤੇ ਸਨ

ਕਈ ਲੋਕ ਸਾਨੂੰ ਇਹ ਕਹਿੰਦੇ ਹਨ ਕਿ ਅਮਰੀਕਾ ਵਿੱਚ ਰਿਪਬਲੀਕਨ ਪਾਰਟੀ ਜਿੱਤ ਜਾਵੇ ਜਾਂ ਡੈਮੋਕਰੇਟਸ ਜਿੱਤ ਜਾਣ, ਇਸ ਨਾਲ ਨੀਤੀਆਂ ਵਿੱਚ ਕੋਈ ਖਾਸ ਮੋੜਾ ਨਹੀਂ ਆਉਂਦਾਇਹ ਗੱਲ ਮੰਨਣ ਵਾਲੀ ਨਹੀਂਬਰਾਕ ਓਬਾਮਾ ਦੀ ਜਿੱਤ ਨੇ ਇਹ ਗੱਲ ਸਾਬਤ ਕਰ ਦਿੱਤੀ ਸੀ ਕਿ ਮੋੜਾ ਆਉਂਦਾ ਹੈ, ਬੱਸ ਮੋੜਾ ਲਿਆਉਣ ਦੀ ਨੀਤ ਅਤੇ ਉਸ ਨੀਤ ਲਈ ਕੁਝ ਕਰਨ ਦੀ ਜੁਰਅਤ ਕਰਨ ਜੋਗਾ ਬੰਦਾ ਚਾਹੀਦਾ ਹੈ, ਸਭ ਕੁਝ ਹੋ ਸਕਦਾ ਹੈਖਤਰਨਾਕ ਹਥਿਆਰਾਂ ਦੀ ਵਰਤੋਂ ਨਾ ਕਰਨ ਦੀ ਸਹਿਮਤੀ ਦਾ ਮਤਾ ਯੂ ਐੱਨ ਓ ਵੱਲੋਂ ਪਾਸ ਕੀਤੇ ਜਾਣ ਪਿੱਛੋਂ ਪੰਝੀ ਸਾਲ ਅਮਰੀਕੀ ਸਰਕਾਰਾਂ ਨੇ ਅੱਖੋਂ ਪਰੋਖੇ ਕੀਤਾ, ਪਰ ਬਰਾਕ ਓਬਾਮਾ ਨੇ ਰਾਸ਼ਟਰਪਤੀ ਬਣ ਕੇ ਜਿਹੜਾ ਪਹਿਲਾ ਪੂਰਾ ਦਿਨ ਮਹਾਸ਼ਕਤੀ ਦੇ ਮੁਖੀ ਦੀ ਕੁਰਸੀ ਉੱਤੇ ਆਪਣੇ ਫਰਜ਼ਾਂ ਦੀ ਪੂਰਤੀ ਲਈ ਦਿੱਤਾ, ਉਸੇ ਦਿਨ ਯੂ ਐੱਨ ਓ ਦੇ ਉਸ ਮਤੇ ਦੀ ਪ੍ਰਵਾਨਗੀ ਦੀ ਫਾਈਲ ਉੱਤੇ ਦਸਤਖਤ ਕਰਨ ਦਾ ਫਰਜ਼ ਨਿਭਾ ਦਿੱਤਾ ਸੀਇਸ ਨਾਲ ਦੁਨੀਆ ਦੇ ਲੋਕਾਂ ਨੂੰ ਇੱਕ ਸੰਦੇਸ਼ ਗਿਆ ਸੀ, ਪਰ ਏਦੂੰ ਅਗਲਾ ਕਦਮ ਬਰਾਕ ਓਬਾਮਾ ਨੇ ਉਦੋਂ ਪੁੱਟਿਆ, ਜਦੋਂ ਉਹ ਜਾਪਾਨ ਦੇ ਦੌਰੇ ਦੌਰਾਨ ਹੀਰੋਸ਼ੀਮਾ ਦੀ ਯਾਦਗਾਰ ਵਿਖੇ ਗਿਆ ਅਤੇ ਉਸ ਯਾਦਗਾਰ ਅੱਗੇ ਗੋਡਿਆਂ ਪਰਨੇ ਹੋ ਕੇ ਨੀਵੀਂ ਪਾ ਕੇ ਬੈਠ ਗਿਆ ਸੀ ਉਦੋਂ ਉਸ ਨੇ ਕਿਹਾ ਸੀ ਕਿ ਜੋ ਵਾਪਰ ਗਿਆ, ਉਹ ਦੋਬਾਰਾ ਨਹੀਂ ਵਾਪਰਨਾ ਚਾਹੀਦਾ ਅਤੇ ਅਮਰੀਕਾ ਦੇ ਨਸਲਵਾਦੀਆਂ ਦੀ ਇੱਕ ਧਿਰ ਇਸ ਤਰ੍ਹਾਂ ਕਰਨ ਤੋਂ ਖੁਸ਼ ਨਹੀਂ ਸੀ ਹੋਈ, ਅੰਦਰੋਂ-ਅੰਦਰ ਬੁੜਬੁੜ ਕਰਦੀ ਰਹੀ ਸੀਬਰਾਕ ਓਬਾਮਾ ਦੇ ਹੀਰੋਸ਼ੀਮਾ ਜਾਣ ਨਾਲ ਐਟਮ ਬੰਬ ਦੇ ਕਹਿਰ ਦਾ ਸ਼ਿਕਾਰ ਹੋ ਕੇ ਮਰ ਗਏ ਲੋਕ ਨਹੀਂ ਸਨ ਮੁੜ ਆਉਣੇ, ਨਾ ਉਸ ਬੰਬ ਦੇ ਪ੍ਰਭਾਵ ਲੈ ਕੇ ਜੰਮਦੀ ਅਗਲੀ ਪੀੜ੍ਹੀ ਦੇ ਲੋਕਾਂ ਨੇ ਇਸ ਹਮਦਰਦੀ ਨਾਲ ਠੀਕ ਹੋ ਜਾਣਾ ਸੀ, ਪਰ ਇੱਕ ਸੰਦੇਸ਼ ਮਿਲ ਗਿਆ ਕਿ ਇਹ ਨਹੀਂ ਸੀ ਹੋਣਾ ਚਾਹੀਦਾ

ਅੱਜ ਅਮਰੀਕਾ ਇੱਕ ਵਾਰ ਫਿਰ ਦੇਸ਼ ਦੇ ਮੁਖੀ ਦੀ ਚੋਣ ਦੇ ਦਰਾਂ ਉੱਤੇ ਹੈ ਤੇ ਦੋਵੇਂ ਧਿਰਾਂ ਇਹ ਚੋਣ ਜਿੱਤਣ ਦੇ ਲਈ ਜ਼ੋਰ ਲਾਉਣ ਵਾਲੀਆਂ ਹਨਦੂਸਰੇ ਪਾਸੇ ਮਨੁੱਖਤਾ ਇੱਕ ਹੋਰ ਜੰਗ ਵੇਖ ਰਹੀ ਹੈ, ਜਿਸ ਨੂੰ ਸ਼ੁਰੂ ਹੋਇਆਂ ਡੇਢ ਕੁ ਸਾਲ ਹੋ ਚੁੱਕਾ ਹੈ, ਪਰ ਕਿਸੇ ਸਿਰੇ ਨਹੀਂ ਲੱਗ ਸਕੀ, ਲੋਕ ਮਰ ਰਹੇ ਹਨਰੂਸ ਅਤੇ ਯੂਕਰੇਨ ਦੀ ਇਸ ਜੰਗ ਵਿੱਚ ਬਿਨਾਂ ਸ਼ੱਕ ਜ਼ਾਹਰਾ ਤੌਰ ਉੱਤੇ ਉਹ ਦੋਵੇਂ ਧਿਰਾਂ ਲੜਦੀਆਂ ਹਨ, ਪਰ ਅਮਲ ਵਿੱਚ ਯੂਕਰੇਨੀ ਫੌਜ ਲੜਦੀ ਪਈ ਹੈ ਤੇ ਜਵਾਨ ਵੀ ਉਸੇ ਦੇ ਮਰਦੇ ਪਏ ਹਨ, ਲੜਾਈ ਦਾ ਸਾਮਾਨ ਅਤੇ ਮੈਦਾਨੀ ਲੜਾਈ ਦੇ ਨੁਸਖੇ ਬਾਹਰੋਂ ਭੇਜੇ ਜਾਣ ਵਾਲੀ ਗੱਲ ਕਿਸੇ ਤੋਂ ਲੁਕਾਈ ਨਹੀਂ ਜਾ ਸਕਦੀਯੂਕਰੇਨ ਨੂੰ ਫੌਜੀ ਗੱਠਜੋੜ ਨਾਟੋ ਦੀ ਮੈਂਬਰੀ ਦੇਣ ਦਾ ਲਾਰਾ ਲਾ ਕੇ ਰੂਸ ਨਾਲ ਲੜਨ ਦੇ ਰਾਹ ਪਾ ਚੁੱਕਣ ਦੇ ਬਾਅਦ ਨਾਟੋ ਦੀ ਮੀਟਿੰਗ ਵਿੱਚ ਉਸ ਦੀ ਮੈਂਬਰੀ ਦੀ ਗੱਲ ਵੀ ਸਿਰੇ ਨਹੀਂ ਚੜ੍ਹ ਸਕੀਗਵਾਂਢੀ ਦੇਸ਼ ਨਾਲ ਸੰਬੰਧ ਪਹਿਲਾਂ ਵੀ ਚੰਗੇ ਨਹੀਂ ਸਨ ਅਤੇ ਨਾਟੋ ਮੈਂਬਰੀ ਦੀ ਝਾਕ ਵਿੱਚ ਉਹ ਹੋਰ ਵਿਗਾੜ ਕੇ ਲੜਨ ਵਾਲੇ ਰਾਹ ਪੈ ਚੁੱਕਣ ਦੇ ਬਾਅਦ ਪਿੱਛੇ ਮੁੜਨ ਜੋਗਾ ਨਹੀਂ ਰਿਹਾ ਜਾਪਦਾਜਿਹੜਾ ਜੰਗੀ ਸਾਮਾਨ ਉਸ ਨੂੰ ਭੇਜਿਆ ਜਾ ਰਿਹਾ ਹੈ, ਉਹ ਲੜਨ ਦੇ ਕੰਮ ਆ ਸਕਦਾ ਹੈ, ਲੜਾਈ ਦਾ ਸਿੱਟਾ ਤਾਂ ਯੂਕਰੇਨ ਦੇ ਲੋਕਾਂ ਨੇ ਹੀ ਭੁਗਤਣਾ ਹੈਉਹ ਕਿਸੇ ਦੇ ਕਹੇ ਉੱਤੇ ਇੱਕ ਦਿਨ ਰੂਸ ਵੱਲ ਡਰੋਨ ਹਮਲੇ ਕਰਨ ਵਰਗਾ ਕਦਮ ਚੁੱਕਦਾ ਹੈ, ਅਗਲੇ ਦਿਨ ਰੂਸ ਦੇ ਜਵਾਬੀ ਹੱਲੇ ਦੀ ਸੱਟ ਝੱਲਣੀ ਪੈ ਜਾਂਦੀ ਹੈਸੰਸਾਰ ਭਰ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਅਮਰੀਕਾ ਇਸ ਲੜਾਈ ਦੇ ਬਹਾਨੇ ਨਵੇਂ ਬਣਵਾਏ ਜੰਗੀ ਹਥਿਆਰਾਂ ਦੀ ਪਰਖ ਵੀ ਕਰਦਾ ਪਿਆ ਹੈ ਤੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਹ ਸਾਮਾਨ ਵੇਚਣ ਵਾਸਤੇ ਇਨ੍ਹਾਂ ਦੀ ਮਾਰੂ ਸਮਰੱਥਾ ਦੀ ਨੁਮਾਇਸ਼ ਵੀ ਕਰੀ ਜਾਂਦਾ ਹੈਇਹ ਗੱਲ ਵੀ ਸੰਸਾਰ ਭਰ ਵਿੱਚ ਚਰਚਾ ਦਾ ਵਿਸ਼ਾ ਹੈ ਕਿ ਇੱਕ ਪਿੱਛੋਂ ਦੂਸਰੀ ਜੰਗ ਖੁਦ ਲੜਨੀ ਜਾਂ ਕਿਸੇ ਦੋ ਦੇਸ਼ਾਂ ਵਿੱਚ ਲੜਾਈ ਪਾ ਛੱਡਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਅਮਰੀਕਾ ਦੀ ਜੰਗੀ ਸਾਮਾਨ ਦੀ ਇੰਡਸਟਰੀ ਨੂੰ ਚੱਲਦੀ ਰੱਖਣ ਲਈ ਵੇਚਣ ਵਾਲੇ ਸਾਮਾਨ ਦੀ ਪ੍ਰਦਰਸ਼ਨੀ ਵਾਲਾ ਪਲੇਟਫਾਰਮ ਲਗਾਤਾਰ ਸਰਗਰਮ ਰੱਖਿਆ ਜਾਵੇਇਹੋ ਜਿਹੇ ਹਾਲਾਤ ਵਿੱਚ ਹੋ ਰਹੀਆਂ ਹਨ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ

ਨੇਪਾਮ ਬੰਬ ਅਤੇ ਐਟਮ ਬੰਬ ਦੀ ਪਰਖ ਦੇ ਕਾਲੇ ਤਜਰਬੇ ਕਰ ਚੁੱਕਾ ਦੁਨੀਆ ਦਾ ਇਕਲੌਤਾ ਦੇਸ਼, ਜਿਸ ਕਾਰਨ ਯੂ ਐੱਨ ਨੂੰ ਖਤਰਨਾਕ ਹਥਿਆਰਾਂ ਦੀ ਵਰਤੋਂ ਦੇ ਮਤੇ ਪਾਸ ਕਰਨੇ ਪਏ ਹੋਣ, ਅਗਲੇ ਸਾਲਾਂ ਵਿੱਚ ਕਿਹੋ ਜਿਹਾ ਹੋਵੇ ਅਤੇ ਇਸਦੀ ਚੌਧਰ ਕਿਸੇ ਦੇ ਹੱਥ ਹੋਵੇ, ਅਮਰੀਕੀ ਲੋਕਾਂ ਲਈ ਇਹ ਸੌਖਾ ਸਵਾਲ ਨਹੀਂਦੁਨੀਆ ਦੇ ਲੋਕਾਂ ਨੂੰ ਲੋਕਤੰਤਰ ਦਾ ਪਾਠ ਪੜ੍ਹਾਉਂਣ ਵਾਲਾ ਅਮਰੀਕਾ ਖੁਦ ਕਿਹੜੇ ਰਾਹ ਪਵੇਗਾ, ਸੰਸਾਰ ਦੀ ਨਜ਼ਰ ਇੱਧਰ ਲੱਗੀ ਰਹੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4168)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author