“ਜਦੋਂ ਰਾਮ-ਮੰਦਰ ਅਤੇ ਰਾਮ-ਰਾਜ ਬਾਰੇ ਹਰ ਪਾਸੇ ਚਰਚਾ ਹੁੰਦੀ ਸੁਣਦੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਇਸ ਪਿੱਛੇ ਛੁਪੀ ਸੋਚ ...”
(22 ਜਨਵਰੀ 2024)
ਇਸ ਸਮੇਂ ਪਾਠਕ: 390.
* * *
ਬਿਨਾਂ ਸੰਪੂਰਨ ਉਸਾਰੀ ਕੀਤੇ ਅਯੁੱਧਿਆ ਵਿੱਚ ਨਵੇਂ ਬਣਾਏ ਗਏ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਲਈ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਮੌਕੇ ਹਰ ਪਾਸੇ ਰਾਮ-ਧੁਨ ਵਾਲੇ ਮਾਹੌਲ ਵਿੱਚ ਹੋਰ ਸਾਰੇ ਮੁੱਦੇ ਪਿੱਛੇ ਪਾ ਦਿੱਤੇ ਲੱਗਦੇ ਹਨ ਤੇ ਸਾਰੇ ਦੇਸ਼ ਲਈ ਇੱਕੋ ਮੁੱਦਾ ਬਚਿਆ ਲਗਦਾ ਹੈ। ਜਿਸ ਦੇਸ਼ ਵਿੱਚ ਅੱਸੀ ਫੀਸਦੀ ਦੇ ਨੇੜੇ ਹਿੰਦੂ ਧਰਮ ਦੇ ਪੈਰੋਕਾਰ ਹੋਣ, ਉਸ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਸਕਣਾ ਕਿਸੇ ਵੀ ਰਾਜਸੀ ਧਿਰ ਲਈ ਔਖਾ ਨਹੀਂ ਹੋ ਸਕਦਾ ਤੇ ਸਾਹਮਣੇ ਜੇ ਪਾਰਲੀਮੈਂਟ ਚੋਣਾਂ ਆ ਰਹੀਆਂ ਹੋਣ ਤਾਂ ਇਸ ਲਈ ਕੋਸ਼ਿਸ਼ਾਂ ਵੀ ਤੇਜ਼ ਹੋਣੀਆਂ ਸੁਭਾਵਕ ਹਨ। ਇਹ ਸਭ ਗੱਲਾਂ ਕੋਈ ਨਹੀਂ ਗੌਲਦਾ ਕਿ ਭਗਵਾਨ ਰਾਮ ਦੇ ਹਿੰਦੂ ਪੈਰੋਕਾਰਾਂ ਲਈ ਜਿਹੜੇ ਸ਼ੰਕਰਾਚਾਰੀਆ ‘ਜਗਤ ਗੁਰੂ’ ਸਨ ਅਤੇ ਸਭ ਤੋਂ ਵੱਧ ਮਾਨਤਾ ਦੇ ਹੱਕਦਾਰ ਸਨ, ਉਹ ਸ਼ੰਕਰਾਚਾਰੀਆ ਇਸ ਸਮਾਗਮ ਬਾਰੇ ਕੀ ਕਹਿੰਦੇ ਹਨ, ਸਗੋਂ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੇ ਸਮਰਥਕ ਸ਼ੰਕਰਾਚਾਰੀਆ ਖਿਲਾਫ ਵੀ ਊਲ-ਜਲੂਲ ਕਹਿੰਦੇ ਸੁਣੇ ਜਾਂਦੇ ਹਨ। ਸ਼ੰਕਰਾਚਾਰੀਆ ਬਾਰੇ ਇਹੋ ਜਿਹੀ ਗੱਲ ਕੋਈ ਹੋਰ ਗਲਤੀ ਨਾਲ ਵੀ ਕਹਿ ਦਿੰਦਾ ਤਾਂ ਸਖਤ ਧਾਰਾਵਾਂ ਦੇ ਕੇਸ ਦਰਜ ਹੋ ਜਾਣੇ ਸਨ ਤੇ ਸ਼ਾਇਦ ਉਸ ਦੇ ਘਰ ਉੱਤੇ ਬੁਲਡੋਜ਼ਰ ਵੀ ਫੇਰਿਆ ਜਾਂਦਾ, ਪਰ ਜਦੋਂ ਇਹ ਕੰਮ ਕਰਨ ਵਾਲੇ ਮੌਕੇ ਦੇ ਹਾਕਮਾਂ ਦੀ ਇੱਛਾ ਪੂਰਤੀ ਦੇ ਲਈ ਸਰਗਰਮ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਸ਼ਰਧਾ ਦੇ ਇਸ ਮਾਹੌਲ ਵਿੱਚ ਜਿੰਨਾ ਕੁਝ ਰਾਮ ਜੀ ਦੀ ਮਹਿਮਾ ਵਿੱਚ ਕਿਹਾ ਜਾ ਰਿਹਾ ਹੈ, ਜੇ ਬਹੁਤਾ ਨਹੀਂ ਤਾਂ ਉਸ ਦਾ ਸੱਠ ਕੁ ਫੀਸਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਮਾ ਲਈ ਪ੍ਰਚਾਰਿਆ ਜਾਂਦਾ ਹੈ ਅਤੇ ਕਈ ਗੱਲਾਂ ਨਾਲੋ ਨਾਲ ਝੂਠ ਨਿਕਲਣ ਦੀ ਪ੍ਰਵਾਹ ਵੀ ਨਹੀਂ ਕੀਤੀ ਜਾ ਰਹੀ। ਮਿਸਾਲ ਵਜੋਂ ਇਹ ਕਿਹਾ ਗਿਆ ਕਿ ਮੋਦੀ ਜੀ ਸਿਰਫ ਨਾਰੀਅਲ ਪਾਣੀ ਪੀ ਰਹੇ ਹਨ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤਕ ਉਹ ਹੋਰ ਕੁਝ ਵੀ ਨਹੀਂ ਖਾਣਗੇ। ਜਿਸ ਟੀ ਵੀ ਚੈਨਲ ਨੇ ਇਹ ‘ਖਬਰ’ ਪੇਸ਼ ਕੀਤੀ ਹੈ, ਉਸੇ ਨਾਲ ਜੁੜੇ ਹੋਏ ਇੱਕ ਪੱਤਰਕਾਰ ਨੇ ਇਹ ਰਿਪੋਰਟ ਸੁਣਾ ਦਿੱਤੀ ਕਿ ਪ੍ਰਧਾਨ ਮੰਤਰੀ ਇਨ੍ਹੀਂ ਦਿਨੀਂ ਕੇਰਲਾ ਗਏ ਤਾਂ ਉੱਥੇ ਫਲ ਖਾਧੇ ਸਨ। ਉਨ੍ਹਾਂ ਨੇ ਸਿਰਫ ਫਲ ਵੀ ਖਾਧੇ ਹੋਣ ਤਾਂ ‘ਹੋਰ ਕੁਝ ਨਹੀਂ ਖਾਣਾ’ ਵਾਲੀ ‘ਖਬਰ’ ਦਾ ਕੀ ਸੱਚ ਨਿਕਲਦਾ ਸੀ, ਇੱਦਾਂ ਦਾ ਸਵਾਲ ਕਰਨ ਦੀ ਨਾ ਕਿਸੇ ਨੂੰ ਲੋੜ ਪੈਂਦੀ ਹੈ ਅਤੇ ਨਾ ਇਹ ਪੁੱਛਣ ਦੀ ਕਿਸੇ ਕੋਲ ਵਿਹਲ ਜਾਂ ਹਿੰਮਤ ਹੈ।
ਦੇਸ਼ ਦਾ ਇੱਕ ਦ੍ਰਿਸ਼ ਜਦੋਂ ਇਹ ਹੈ ਕਿ ਕੰਮ ਕੋਈ ਕੀਤਾ ਗਿਆ ਜਾਂ ਨਹੀਂ, ਇਸਦੀ ਚਰਚਾ ਕਰਨੀ ਹੀ ਫਜ਼ੂਲ ਹੋ ਜਾਵੇ ਤੇ ਦੇਸ਼ ਦੀ ਅੱਸੀ ਫੀਸਦੀ ਆਬਾਦੀ ਦੀਆਂ ਧਾਰਮਿਕ ਭਾਵਨਾਵਾਂ ਆਸਰੇ ਚੋਣਾਂ ਵਿੱਚ ਬੇੜੀ ਪਾਰ ਲੱਗਣ ਦੀ ਨੀਤੀ ਕੰਮ ਕਰਦੀ ਹੋਵੇ, ਉਦੋਂ ਬਾਕੀ ਸਵਾਲ ਗੁੱਝੇ ਰਹਿ ਜਾਂਦੇ ਹਨ। ਕੋਈ ਇਹ ਨਹੀਂ ਪੁੱਛ ਸਕਦਾ ਕਿ ਜੇ ਪ੍ਰਧਾਨ ਮੰਤਰੀ ਮੋਦੀ ਇਹ ਕਹਿੰਦੇ ਹਨ ਕਿ ਪਿਛਲੇ ਪੰਝੱਤਰ ਸਾਲਾਂ ਵਿੱਚ ਇਸ ਦੇਸ਼ ਵਿੱਚ ਕੰਮ ਨਹੀਂ ਹੋਏ ਤਾਂ ਸਤਾਹਠ ਸਾਲ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨੋਂ ਪਹਿਲੇ ਸਨ, ਉਦੋਂ ਬਾਅਦ ਦੇ ਸੱਤ ਆਪਣੇ ਸਾਲ ਮੋਦੀ ਜੀ ਕਿਵੇਂ ਗਿਣਦੇ ਹਨ? ਕੀ ਇਸਦਾ ਮਤਲਬ ਹੈ ਕਿ ਉਨ੍ਹਾਂ ਦੇ ਆਪਣੇ ਪਹਿਲੇ ਸੱਤ ਸਾਲ ਵੀ ਕੰਮ ਨਹੀਂ ਹੋਇਆ ਤੇ ਅੱਠਵੇਂ ਸਾਲ ਸ਼ੁਰੂ ਕੀਤਾ ਗਿਆ ਸੀ? ਜਿਸ ਦੇਸ਼ ਨੂੰ ਉਹ ਵਿਸ਼ਵ ਦੀ ਮੋਹਰੀ ਆਰਥਿਕਤਾ ਬਣਾਉਣ ਦੀਆਂ ਗੱਲਾਂ ਕਰਦੇ ਹਨ, ਉਸ ਦੇਸ਼ ਵਿੱਚ ਸੱਠ ਫੀਸਦੀ ਆਬਾਦੀ ਵਾਲੇ ਪਚਾਸੀ ਕਰੋੜ ਲੋਕਾਂ ਨੂੰ ਅਜੇ ਤਕ ‘ਅਗਲੇ ਪੰਜ ਸਾਲ ਮੁਫਤ ਰਾਸ਼ਨ’ ਦੇਣ ਦੇ ਲਾਰੇ ਲਾਉਣੇ ਪੈਂਦੇ ਹਨ। ਭਾਰਤ ਦੇ ਲੋਕ ਤਰੱਕੀ ਦੇ ਮਾਰਗ ਉੱਤੇ ਅੱਗੇ ਵਧਣ ਦੀ ਥਾਂ ਜੈਕ ਉੱਤੇ ਖੜ੍ਹੀ ਗੱਡੀ ਦੇ ਗੇਅਰ ਲਾਉਣ ਵਾਂਗ ਇੱਕੋ ਥਾਂ ਖੜੋਤੇ ਤਰੱਕੀ ਦੇ ਨਾਂਅ ਉੱਤੇ ਤਾੜੀਆਂ ਮਾਰਦੇ ਹਨ ਤੇ ਲੋਕਾਂ ਦੀ ਤਰੱਕੀ ਦੇ ਬਹਾਨੇ ਰਾਜਨੀਤੀ ਕਰਨ ਵਾਲੇ ਅੱਗੇ ਵਧੀ ਜਾਂਦੇ ਹਨ।
ਦੂਸਰਾ ਦ੍ਰਿਸ਼ ਇਹ ਹੈ ਕਿ ਧਰਮ ਦੇ ਨਾਂਅ ਉੱਤੇ ਧੱਕਾ ਹੋਰ ਵਧ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਦੂਸਰੇ ਧਰਮ ਵਾਲੇ ਦੋ ਜਣਿਆਂ ਉੱਤੇ ਦੋਸ਼ ਲਾਇਆ ਗਿਆ ਕਿ ਕਿਸੇ ਮੰਦਰ ਵੱਲੋਂ ਜਦੋਂ ਇੱਕ ਧਾਰਮਿਕ ਯਾਤਰਾ ਲਿਜਾਈ ਜਾਣੀ ਸੀ, ਉਨ੍ਹਾਂ ਦੋਵਾਂ ਨੇ ਉਸ ਮੌਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਲਾਈ ਸੀ। ਦੋਵੇਂ ਜਣੇ ਗ੍ਰਿਫਤਾਰ ਕੀਤੇ ਗਏ ਤੇ ਸ਼ਾਮ ਤੋਂ ਪਹਿਲਾਂ ਉਨ੍ਹਾਂ ਵਿੱਚੋਂ ਇੱਕ ਜਣੇ ਦੇ ਤਿੰਨ ਮੰਜ਼ਲਾ ਘਰ ਨੂੰ ‘ਡਿੱਗਣ ਵਾਲਾ’ ਕਹਿ ਕੇ ‘ਆਖਰੀ ਨੋਟਿਸ’ ਮਿਲ ਗਿਆ ਤੇ ਉਸ ਪਰਿਵਾਰ ਨੂੰ ਪਤਾ ਹੀ ਨਹੀਂ ਕਿ ਪਹਿਲੇ ਦੋ ਨੋਟਿਸ ਕਦੋਂ ਭੇਜੇ ਗਏ ਸਨ। ਰਾਤ ਪੈਣੋਂ ਪਹਿਲਾਂ ਘਰ ਢਾਹ ਦਿੱਤਾ ਗਿਆ। ਕੇਸ ਅਦਾਲਤ ਵਿੱਚ ਗਿਆ ਤਾਂ ਜਿਹੜੇ ਬੰਦੇ ਨੂੰ ਇਸ ਕੇਸ ਦਾ ਸ਼ਿਕਾਇਤ ਕਰਤਾ ਬਣਾਇਆ ਸੀ, ਉਸੇ ਨੇ ਕਹਿ ਦਿੱਤਾ ਕਿ ਭਗਵਾਨ ਨੂੰ ਜਾਨ ਦੇਣੀ ਹੈ, ਉਹ ਝੂਠ ਨਹੀਂ ਬੋਲ ਸਕਦਾ, ਉਸ ਕੋਲੋਂ ਤਾਂ ਸਾਫ ਕਾਗਜ਼ ਉੱਤੇ ਦਸਤਖਤ ਕਰਵਾਏ ਗਏ ਸਨ ਤੇ ਕਿਸ ਗੱਲ ਦਾ ਕੇਸ ਹੈ, ਉਸ ਨੂੰ ਕਿਸੇ ਨੇ ਦੱਸਿਆ ਨਹੀਂ। ਅਦਾਲਤ ਨੇ ਉਹ ਕੇਸ ਰੱਦ ਕਰ ਦਿੱਤਾ। ਜਦੋਂ ਉਸ ਗਰੀਬ ਦਾ ਘਰ ਢਾਹਿਆ ਸੀ, ਉਦੋਂ ਜਿਹੜੇ ਲੋਕ ਢੋਲ-ਵਾਜੇ ਨਾਲ ਬੁਲਡੋਜ਼ਰ ਦੇ ਅੱਗੇ-ਅੱਗੇ ਨੱਚਦੇ ਸਨ, ਅਦਾਲਤੀ ਫੈਸਲੇ ਪਿੱਛੋਂ ਉਹ ਸਾਰੇ ਕੁਝ ਬੋਲੇ ਹੀ ਨਹੀਂ। ਸ਼ਰਧਾ ਦੇ ਨਾਂਅ ਉੱਤੇ ਇਹ ਇੱਕ ਭੱਦੀ ਮਿਸਾਲ ਹੈ, ਪਰ ਇੱਕੋ-ਇੱਕ ਨਹੀਂ ਹੈ।
ਤੀਸਰਾ ਦ੍ਰਿਸ਼ ਇਹ ਹੈ ਕਿ ਅਗਲੀਆਂ ਚੋਣਾਂ ਲਈ ਹਰ ਰਾਜ ਵਿੱਚ ਵੱਡੇ ਪ੍ਰਭਾਵ ਵਾਲੀ ਧਿਰ ਦੇ ਆਗੂਆਂ ਦੇ ਪਿੱਛੇ ਕੇਂਦਰ ਦੀਆਂ ਏਜੰਸੀਆਂ ਓਦਾਂ ਹੀ ਲੱਗ ਗਈਆਂ ਹਨ, ਜਿਵੇਂ ਸਾਰੇ ਦੇਸ਼ ਵਿੱਚ ਕਾਂਗਰਸ ਨਾਲ ਜੁੜੇ ਹੋਏ ਹਰ ਵੱਡੇ ਆਗੂ ਪਿੱਛੇ ਲੱਗੀਆਂ ਦਿਸਦੀਆਂ ਹਨ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਲੀਡਰਾਂ ਨੂੰ ਘੇਰਨ ਲਈ ਛਾਪੇ ਮਾਰਨ ਦੇ ਅਗਲੇ-ਪਿਛਲੇ ਸਾਰੇ ਰਿਕਾਰਡ ਮਾਤ ਕੀਤੇ ਪਏ ਹਨ। ਤਾਮਿਲ ਨਾਡੂ ਵਿੱਚ ਡੀ ਐੱਮ ਕੇ ਪਾਰਟੀ ਦੇ ਲੀਡਰ ਫੜਨ ਲਈ ਕੇਂਦਰੀ ਏਜੰਸੀਆਂ ਲਗਾਤਾਰ ਛਾਪੇ ਮਾਰ ਰਹੀਆਂ ਹਨ। ਝਾਰਖੰਡ ਦਾ ਮੁੱਖ ਮੰਤਰੀ ਹੇਮੰਤ ਸੋਰੇਨ ਨਿਸ਼ਾਨੇ ਉੱਤੇ ਹੈ ਅਤੇ ਉਸ ਨੂੰ ਅੱਠ ਵਾਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨੋਟਿਸ ਭੇਜੇ ਜਾ ਚੁੱਕੇ ਹਨ। ਕਿਸੇ ਵੇਲੇ ਵੀ ਉਸ ਦੀ ਗ੍ਰਿਫਤਾਰੀ ਹੋਣ ਦੇ ਚਰਚੇ ਭਾਰਤ ਦੇ ਮੀਡੀਏ ਦਾ ਇੱਕ ਖਾਸ ਹਿੱਸਾ ਰੋਜ਼ ਕਰਦਾ ਹੈ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਪੰਜ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਤੇ ਭਾਰਤੀ ਮੀਡੀਏ ਦਾ ਇਹੋ ਖਾਸ ਹਿੱਸਾ ਉਸ ਦੇ ਖਿਲਾਫ ਵੀ ਹੇਮੰਤ ਸੋਰੇਨ ਦੇ ਕੇਸਾਂ ਵਾਲੀ ਮੁਹਾਰਨੀ ਰਾਤ-ਦਿਨ ਰਟ ਰਿਹਾ ਹੈ।
ਹਰਿਆਣੇ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਅਸੀਂ ਕਦੇ ਸੱਚਾ-ਸੁੱਚਾ ਨਹੀਂ ਮੰਨਿਆ, ਪਰ ਉਸ ਦੇ ਖਿਲਾਫ ਈ ਡੀ ਦੀਆਂ ਪੇਸ਼ੀਆਂ ਦੀ ਤਾਜ਼ਾ ਮੁਹਿੰਮ ਤੋਂ ਸਭ ਹੈਰਾਨ ਹਨ। ਭਾਜਪਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉੱਥੋਂ ਦੀ ਕਮਾਨ ਭਾਰਤ ਦੀ ਕਮਾਨ ਨਰਿੰਦਰ ਮੋਦੀ ਹੱਥ ਆਉਣ ਤੋਂ ਛੇ ਕੁ ਮਹੀਨੇ ਪਿੱਛੋਂ ਸੰਭਾਲੀ ਅਤੇ ਕੁਝ ਦਿਨ ਪਿੱਛੋਂ ਭੁਪਿੰਦਰ ਸਿੰਘ ਹੁੱਡਾ ਦੇ ਖਿਲਾਫ ਇੱਕ ਕੇਸ ਦਰਜ ਹੋ ਗਿਆ ਸੀ, ਪਰ ਪੰਜ ਸਾਲ ਕੋਈ ਪੇਸ਼ੀ ਨਹੀਂ ਸੀ ਹੋਈ। ਜਦੋਂ ਅਗਲੀ ਲੋਕ ਸਭਾ ਅਤੇ ਫਿਰ ਉਸ ਪਿੱਛੋਂ ਵਿਧਾਨ ਸਭਾ ਚੋਣਾਂ ਵੀ ਹੋਣ ਵਾਲੀਆਂ ਸਨ ਤਾਂ ਉਸ ਦੀਆਂ ਪੇਸ਼ੀਆਂ ਸ਼ੁਰੂ ਹੋ ਗਈਆਂ ਸਨ। ਦੋਵੇਂ ਚੋਣਾਂ ਜਦੋਂ ਲੰਘ ਗਈਆਂ ਤਾਂ ਉਹ ਫਾਈਲਾਂ ਠੱਪ ਦਿੱਤੀਆਂ ਤੇ ਫਿਰ ਪੰਜ ਸਾਲ ਕਿਸੇ ਨੇ ਛੇੜੀਆਂ ਤਕ ਨਹੀਂ, ਪਰ ਲੋਕ ਸਭਾ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਸਮਾਂ ਨੇੜੇ ਆਇਆ ਤਾਂ ਫਿਰ ਉਨ੍ਹਾਂ ਫਾਈਲਾਂ ਦਾ ਘੱਟਾ ਝਾੜ ਕੇ ਉਸ ਨੂੰ ਸੰਮਨ ਭੇਜੇ ਜਾਣ ਲੱਗੇ ਹਨ। ਕਰਨਾਟਕ ਹਮੇਸ਼ਾ ਤੋਂ ਭਾਜਪਾ ਦੇ ਨਿਸ਼ਾਨੇ ਉੱਤੇ ਰਿਹਾ ਹੈ ਅਤੇ ਅੱਜਕੱਲ੍ਹ ਫਿਰ ਉੱਥੇ ਕਾਂਗਰਸ ਦੇ ਆਗੂਆਂ ਵਿਰੁੱਧ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੱਲੋਂ ਨਿੱਤ ਦਿਨ ਛਾਪੇ ਮਾਰਨ ਦੀਆਂ ਖਬਰਾਂ ਮੀਡੀਏ ਵਿੱਚ ਆਉਣ ਲੱਗ ਪਈਆਂ ਹਨ।
ਮਹਾਰਾਸ਼ਟਰ ਦੇ ਸਭ ਤੋਂ ਸੀਨੀਅਰ ਨੇਤਾ ਸ਼ਰਦ ਪਵਾਰ ਬਾਰੇ ਵੀ ਆਮ ਰਾਏ ਹਰਿਆਣੇ ਦੇ ਭੁਪਿੰਦਰ ਸਿੰਘ ਹੁੱਡਾ ਵਰਗੀ ਹੈ ਕਿ ਉਸ ਨੂੰ ਇਮਾਨਦਾਰ ਕਹਿਣਾ ਔਖਾ ਹੈ, ਪਰ ਉਸ ਦਾ ਜਿਹੜਾ ਭਤੀਜਾ ਅਜੀਤ ਪਵਾਰ ਭਾਜਪਾ ਨੇ ਆਪਣੇ ਨਾਲ ਮਿਲਾ ਕੇ ਡਿਪਟੀ ਮੁੱਖ ਮੰਤਰੀ ਬਣਾ ਲਿਆ ਹੈ, ਸਭ ਤੋਂ ਵੱਧ ਬਦਨਾਮੀ ਉਸੇ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦਾ ਨਾਂਅ ਲੈ ਕੇ ਮਹਾਰਾਸ਼ਟਰ ਦੀਆਂ ਰੈਲੀਆਂ ਵਿੱਚ ਸ਼ਰਦ ਪਵਾਰ, ਉਸ ਦੇ ਪਰਿਵਾਰ ਅਤੇ ਉਸ ਦੀ ਪਾਰਟੀ ਦਾ ਗੁੱਡਾ ਬੰਨ੍ਹਿਆ, ਪਰ ਜਦੋਂ ਭਤੀਜਾ ਆਪਣੇ ਚਾਚੇ ਤੋਂ ਚੋਰੀ ਇਨ੍ਹਾਂ ਨਾਲ ਆਣ ਮਿਲਿਆ ਤਾਂ ਸਾਰੇ ਐਬ ਭੁਲਾ ਦਿੱਤੇ ਗਏ। ਨਵੀਂ ਖਬਰ ਹੈ ਕਿ ਸ਼ਰਦ ਪਵਾਰ ਦੇ ਪੋਤੇ ਤੇ ਵਿਧਾਇਕ ਰੋਹਿਤ ਪਵਾਰ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸੰਮਨ ਜਾਰੀ ਕਰ ਦਿੱਤੇ ਹਨ ਕਿ ਮਹਾਰਾਸ਼ਟਰ ਸਟੇਟ ਕੋਆਪਰੇਟਿਵ ਬੈਂਕ ਵਿੱਚ ਹੋਏ ਇੱਕ ਘੋਟਾਲੇ ਵਾਲੇ ਕੇਸ ਦੀ ਪੁੱਛਗਿੱਛ ਕਰਨਗੇ। ਇਹ ਕੇਸ ਵੀ ਕਈ ਸਾਲ ਪੁਰਾਣਾ ਹੈ, ਪਰ ਪੁੱਛਗਿੱਛ ਦਾ ਸਮਾਂ ਲੋਕ ਸਭਾ ਚੋਣਾਂ ਨਾਲ ਜੋੜਨ ਦਾ ਪ੍ਰਭਾਵ ਸਾਫ ਹੈ, ਤਾਂ ਕਿ ਉਸ ਦੇ ਦਾਦੇ ਸ਼ਰਦ ਪਵਾਰ ਦੀਆਂ ਸਰਗਰਮੀਆਂ ਨੂੰ ਇੱਕ ਹੱਦ ਤੋਂ ਅੱਗੇ ਵਧਣੋਂ ਰੋਕਿਆ ਜਾ ਸਕੇ। ਭਾਜਪਾ ਅਤੇ ਪ੍ਰਧਾਨ ਮੰਤਰੀ ਦਾ ਸਭ ਤੋਂ ਨੇੜਲਾ ਕਾਰੋਬਾਰੀ ਗੌਤਮ ਅਡਾਨੀ ਪਿਛਲੇ ਦਿਨੀਂ ਆਪਣੇ ਇੱਕ ਪ੍ਰਾਜੈਕਟ ਦਾ ਉਦਘਾਟਨ ਕਰਨ ਬਹਾਨੇ ਮਹਾਰਾਸ਼ਟਰ ਗਿਆ ਤੇ ਸ਼ਰਦ ਪਵਾਰ ਤੇ ਉਸ ਦੀ ਪਾਰਲੀਮੈਂਟ ਮੈਂਬਰ ਧੀ ਸੁਪ੍ਰਿਆ ਸੁਲੇ ਨੂੰ ਮਿਲ ਕੇ ਆਇਆ ਸੀ। ਚਰਚਾ ਹੈ ਕਿ ਸ਼ਰਦ ਪਵਾਰ ਦੇ ਪੋਤੇ ਦਾ ਸੰਮਨ ਜਾਰੀ ਹੋਣ ਦੇ ਬਾਅਦ ਉਸ ਕਾਰੋਬਾਰੀ ਦੇ ਰਾਹੀਂ ਪਹੁੰਚ ਕਰ ਕੇ ਦਿੱਲੀ ਤਕ ਤਾਲਮੇਲ ਦੇ ਯਤਨ ਸ਼ੁਰੂ ਹੋ ਗਏ ਹਨ। ਫਸਿਆ ਹੋਇਆ ਸ਼ਰਦ ਪਵਾਰ ਆਪਣੇ ਪੋਤੇ ਲਈ ਸਭ ਕੁਝ ਕਰੇਗਾ, ਪਰ ਸਵਾਲ ਇਹ ਹੈ ਕਿ ਇਹ ਸਭ ਕੁਝ ਚੋਣਾਂ ਨੇੜੇ ਹੀ ਕਿਉਂ ਕੀਤਾ ਜਾ ਰਿਹਾ ਹੈ?
ਅਸੀਂ ਲੋਕ ਬਚਪਨ ਤੋਂ ‘ਰਾਮ-ਰਾਜ’ ਦੀ ਚਰਚਾ ਸੁਣਦੇ ਆਏ ਸਾਂ ਅਤੇ ਹਰ ਵਾਰੀ ਜਦੋਂ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਮੌਕਾ ਭਾਜਪਾ ਨੂੰ ਮਿਲਿਆ ਤਾਂ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਲਾਰਾ ਲਾਇਆ ਸੀ ਕਿ ਉਹ ‘ਰਾਮ-ਰਾਜ’ ਪੇਸ਼ ਕਰ ਕੇ ਸਤਯੁਗੀ ਨਜ਼ਾਰਿਆਂ ਵਾਲਾ ਦੇਸ਼ ਸਿਰਜਣਗੇ। ਕਈ ਕਾਂਗਰਸੀ ਆਗੂ ਵੀ ਲੋਕਾਂ ਨੂੰ ‘ਰਾਮ-ਰਾਜ’ ਵਾਂਗ ਹਰ ਕਿਸੇ ਲਈ ਇਨਸਾਫ ਵਾਲਾ ਰਾਜ ਦੇਣ ਲਈ ਵਾਅਦੇ ਕਰਦੇ ਰਹੇ ਹਨ, ਪਰ ਉਹ ਵੀ ਅਸਲ ਵਿੱਚ ਹਰ ਕਿਸਮ ਦੇ ਗਲਤ ਤੇ ਅਣ-ਉਚਿਤ ਕੰਮ ਕਰਦੇ ਤੇ ਤੁਰ ਜਾਂਦੇ ਰਹੇ ਸਨ। ਭਾਜਪਾ ਆਪਣੇ ਆਪ ਨੂੰ ਭਗਵਾਨ ਰਾਮ ਦੀ ਸਭ ਤੋਂ ਵੱਡੀ ਪੈਰੋਕਾਰ ਕਹਿੰਦੀ ਹੈ ਤੇ ਇਹ ਗੱਲ ਅੱਜ ਨਹੀਂ ਕਹਿਣ ਲੱਗੀ, ਪਹਿਲਾਂ ਹਿੰਦੂ ਮਹਾਂ ਸਭਾ ਹੋਣ ਵੇਲੇ ਵੀ ਕਹਿੰਦੀ ਸੀ, ਫਿਰ ਭਾਰਤੀ ਜਨ ਸੰਘ ਦੇ ਰੂਪ ਵਿੱਚ ਵੀ ਕਹਿੰਦੀ ਰਹੀ ਤੇ ਜਦੋਂ ਨਵੀਂ ਭਾਰਤੀ ਜਨਤਾ ਪਾਰਟੀ ਬਣਾਈ ਸੀ ਤਾਂ ਉਸ ਵੇਲੇ ਵੀ ਇਸ ਪਾਰਟੀ ਨੇ ਇਹੋ ਵਾਅਦਾ ਕੀਤਾ ਸੀ। ਮੋਰਾਰਜੀ ਡਿਸਾਈ ਤੇ ਚੌਧਰੀ ਚਰਨ ਸਿੰਘ ਦੀ ਚੌਧਰ ਦੀ ਲੜਾਈ ਦੇ ਬਾਅਦ ਜਦੋਂ ਜਨਤਾ ਪਾਰਟੀ ਟੁੱਟੀ ਤਾਂ ਜਿਹੜੇ ਪੁਰਾਣੇ ਜਨ ਸੰਘੀ ਲੀਡਰਾਂ ਨੇ ਭਾਜਪਾ ਖੜ੍ਹੀ ਕੀਤੀ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਨਾਨਾਜੀ ਦੇਸ਼ਮੁਖ ਆਦਿ ਸਾਰਿਆਂ ਨੇ ਭਾਰਤ ਦੇ ਲੋਕਾਂ ਨੂੰ ਰਾਮ ਮੰਦਰ ਬਣਾਉਣ ਤੇ ਇਸ ਦੇਸ਼ ਵਿੱਚ ‘ਰਾਮ-ਰਾਜ’ ਪੇਸ਼ ਕਰਨ ਦੇ ਨਾਲ ਸਵੱਛ ਅਤੇ ਨਿਆਂ-ਪੂਰਨ ਰਾਜਨੀਤੀ ਦੇਣ ਦਾ ਵਾਅਦਾ ਕੀਤਾ ਸੀ।
ਮੰਦਰ ਬਣਾਉਣ ਦਾ ਇੱਕ ਵਾਅਦਾ ਪੂਰਾ ਕਰ ਕੇ ਭਾਜਪਾ ਇਸ ਵਾਰ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਵਿੱਚ ਹੈ ਤਾਂ ਦੇਸ਼ ਦੇ ਲੋਕ ਉਸ ਤੋਂ ਰਾਮ-ਰਾਜ ਵਰਗਾ ਨਿਆਂ-ਪੂਰਨ ਰਾਜ ਚਲਾਉਣ ਦੀ ਆਸ ਕਰਦੇ ਹਨ, ਪਰ ਅਮਲ ਵਿੱਚ ਇੱਦਾਂ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ।
ਜਿਹੜੇ ਵੀ ਰਾਜ ਵਿੱਚ ਭਾਜਪਾ ਦੀ ਸਰਕਾਰ ਆਈ, ਘੱਟ-ਗਿਣਤੀ ਧਰਮ ਦੇ ਲੋਕਾਂ ਤੇ ਹਿੰਦੂ ਧਰਮ ਵਿੱਚ ਛੋਟੀ ਜਾਤ ਵਾਲੇ ਕਹਿ ਕੇ ਦੁਰਕਾਰੇ ਜਾਂਦੇ ਲੋਕਾਂ ਨਾਲ ਵਧੀਕੀਆਂ ਕਰਨ ਦਾ ਅਮਲ ਤੇਜ਼ ਹੋ ਜਾਂਦਾ ਰਿਹਾ ਹੈ। ਹਿੰਦੂ ਧਰਮ ਵਿੱਚ ਭਗਵਾਨ ਦੇ ਦਸਾਂ ਵਿੱਚੋਂ ਇੱਕ ਰੂਪ ‘ਅਰਧ-ਨਾਰੀਸ਼ਵਰ’ ਹੈ ਤੇ ਉਸ ਵਿੱਚ ਈਸ਼ਵਰ ਦੇ ਸਰੀਰ ਦਾ ਸੱਜਾ ਪਾਸਾ ਪੁਰਸ਼ ਤੇ ਖੱਬਾ ਪਾਸਾ ਨਾਰੀ ਹੁੰਦਾ ਹੈ, ਪਰ ਭਾਰਤ ਦੀ ਹਿੰਦੂ ਨਾਰੀ ਦੀ ਹਾਲਤ ਵੀ ਅਜੇ ਤਕ ਸੁਧਰ ਨਹੀਂ ਸਕੀ ਤਾਂ ਦੂਸਰੇ ਧਰਮ ਦੀਆਂ ਔਰਤਾਂ ਬਾਰੇ ਸੋਚਿਆ ਨਹੀਂ ਜਾ ਸਕਦਾ। ਜਿਸ ਦੇਸ਼ ਵਿੱਚ ਅੱਜ ਔਰਤਾਂ ਨਾਲ ਹਰ ਰਾਜ ਵਿੱਚ ਜ਼ਿਆਦਤੀਆਂ ਹੋ ਰਹੀਆਂ ਹਨ, ਉੱਥੇ ਰਾਮ-ਰਾਜ ਵਾਲੀ ਇੱਛਾ ਸਿਰਫ ਭਗਵਾਨ ਰਾਮ ਦਾ ਮੰਦਰ ਬਣਾ ਕੇ ਪੂਰੀ ਨਹੀਂ ਹੋ ਜਾਣੀ, ਅਮਲ ਵਿੱਚ ਵੀ ਉਸ ਦੇ ਰਾਜ ਵਰਗਾ ਕੁਝ ਕਰ ਕੇ ਵਿਖਾਉਣ ਦੀ ਲੋੜ ਹੁੰਦੀ ਹੈ। ਅਜੋਕੀ ਭਾਜਪਾ ਲੀਡਰਸ਼ਿੱਪ ਇਸ ਮਾਮਲੇ ਵਿੱਚ ਸਿਰਫ ਗੱਲਾਂ ਕਰਨ ਤਕ ਸੀਮਤ ਰਹੀ ਹੈ। ਜੇ ਉਹ ਆਪਣੀ ਪਾਰਟੀ ਦੇ ਵੱਖ-ਵੱਖ ਰਾਜਾਂ ਵਿੱਚ ਬੈਠੇ ਆਗੂਆਂ, ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਲੋਕਾਂ ਬਾਰੇ ਖਬਰਾਂ ਦਾ ਹੀ ਵਿਸ਼ਲੇਸ਼ਣ ਕਰ ਲੈਣ ਤਾਂ ਪਤਾ ਲੱਗ ਜਾਵੇਗਾ ਕਿ ਰਾਮ-ਰਾਜ ਦੇ ਸਤਯੁਗੀ ਸੰਕਲਪ ਨੂੰ ਢਾਹ ਕੌਣ ਲਾ ਰਿਹਾ ਹੈ!
ਇਹ ਸਾਰੇ ਮਾਮਲੇ ਆਮ ਲੋਕਾਂ ਦੇ ਨਿੱਤ ਦੇ ਜੀਵਨ ਅਤੇ ਰਾਜਨੀਤੀ ਦੇ ਵਰਤਾਰਿਆਂ ਬਾਰੇ ਹਨ, ਭਾਜਪਾ ਵਿਚਲੇ ਜਿਨ੍ਹਾਂ ਲੀਡਰਾਂ ਨੂੰ ਖੂੰਜੇ ਲਾਇਆ ਗਿਆ ਅਤੇ ਉਹ ਇਸ ਵੇਲੇ ਨਵੀਂ ਸਫਬੰਦੀ ਦੀ ਤਿਆਰੀ ਕਰਦੇ ਸੁਣੇ ਜਾਣ ਲੱਗੇ ਹਨ। ਉਨ੍ਹਾਂ ਦੀ ਚਰਚਾ ਕਦੀ ਫੇਰ ਵੀ ਕੀਤੀ ਜਾ ਸਕਦੀ ਹੈ। ਜਦੋਂ ਰਾਮ-ਮੰਦਰ ਅਤੇ ਰਾਮ-ਰਾਜ ਬਾਰੇ ਹਰ ਪਾਸੇ ਚਰਚਾ ਹੁੰਦੀ ਸੁਣਦੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਇਸ ਪਿੱਛੇ ਛੁਪੀ ਸੋਚ ਤੇ ਵਰਤਾਰੇ ਦੀ ਹਕੀਕਤ ਸਮਝ ਪੈਣੀ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4658)
(ਸਰੋਕਾਰ ਨਾਲ ਸੰਪਰਕ ਲਈ: (