JatinderPannu7ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਆਖਰੀ ਛਿਮਾਹੀ ਦੌਰਾਨ ਕੇਂਦਰ ਸਰਕਾਰ ਤੋਂ ਇਕੱਤੀ ਹਜ਼ਾਰ ਕਰੋੜ ਰੁਪਏ ...
(27 ਮਾਰਚ 2022)
ਮਹਿਮਾਨ: 562.


ਜਦੋਂ ਵੀ ਕਿਸੇ ਰਾਜ ਵਿੱਚ ਕੋਈ ਨਵੀਂ ਸਰਕਾਰ ਬਣਦੀ ਹੈ
, ਉਸ ਦੇ ਪਹਿਲੇ ਦਿਨੀਂ ਨਵੀਂ ਵਿਆਹੀ ਨੂੰਹ ਦੇ ਚਾਅ ਵਰਗਾ ਚਾਅ ਜਿਹਾ ਚੜ੍ਹਿਆ ਹੁੰਦਾ ਹੈਕੁਝ ਦਿਨ ਲੰਘਣ ਪਿੱਛੋਂ ਹਕੀਕਤਾਂ ਦੇ ਦਰਸ਼ਨ ਹੁੰਦੇ ਹਨਪੰਜਾਬ ਦੀ ਨਵੀਂ ਬਣੀ ਸਰਕਾਰ ਅਜੇ ਮੁਢਲੇ ਦਿਨਾਂ ਵਿੱਚ ਹੈਇਹ ਲਿਖਤ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਟਕੜ ਕਲਾਂ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੇ ਗਿਆਰਵੇਂ ਦਿਨ ਲਿਖਣ ਵੇਲੇ ਦੋ ਕਿਸਮ ਦੇ ਪ੍ਰਭਾਵ ਹਨਇੱਕ ਪ੍ਰਭਾਵ ਇਹ ਕਿ ਇਸਦੇ ਵਿਰੋਧੀਆਂ ਨੇ ਇਸ ਨੂੰ ਸਰਕਾਰੀ ਕੰਮ ਵੀ ਸੰਭਾਲਣ ਤੋਂ ਪਹਿਲਾਂ ਹੀ ਘੇਰਨਾ ਆਰੰਭ ਕਰ ਦਿੱਤਾ ਹੈ ਅਤੇ ਉਦੋਂ ਘੇਰਿਆ ਜਾਣ ਲੱਗਾ ਹੈ, ਜਦੋਂ ਅਜੇ ਮਸਾਂ ਅੱਧੀ ਦਰਜਨ ਅਫਸਰ ਇਸ ਨੇ ਬਦਲੇ ਹਨ, ਬਾਕੀ ਸਾਰੇ ਪਹਿਲੇ ਹਾਕਮਾਂ ਦੇ ਲਾਏ ਤੇ ਉਨ੍ਹਾਂ ਵਾਲੀ ਚਾਲ ਉੱਤੇ ਚੱਲਦੇ ਅਫਸਰਾਂ ਨਾਲ ਡੰਗ ਸਾਰਿਆ ਜਾ ਰਿਹਾ ਹੈਦੂਸਰਾ ਪੱਖ ਇਹ ਕਿ ਹਰ ਪਾਸਿਉਂ ਚੁਣੌਤੀ ਮਿਲ ਰਹੀ ਹੈ ਕਿ ਇਸ ਪਾਰਟੀ ਨੇ ਕਿਹਾ ਸੀ ਕਿ ਫਲਾਣਾ ਕੰਮ ਸਹੁੰ ਚੁੱਕਦੇ ਸਾਰ ਕਰ ਦੇਵਾਂਗੇ ਤਾਂ ਫਿਰ ਇਹ ਕਰਦੇ ਕਿਉਂ ਨਹੀਂ, ਕਰਨ ਜੋਗੇ ਹੀ ਨਹੀਂ ਹਨਇਹ ਗੱਲ ਇੱਕ ਸੀਨੀਅਰ ਭਾਜਪਾ ਆਗੂ ਨੇ ਵੀ ਕਹੀ ਹੈ ਤੇ ਕਾਂਗਰਸ ਦੇ ਇੱਕ ਆਗੂ ਨੇ ਵੀ ਇੰਜ ਕਹੀ ਹੈ, ਜਿਵੇਂ ਦੋਵਾਂ ਨੇ ਸਲਾਹ ਕਰ ਕੇ ਬਿਆਨ ਲਿਖਿਆ ਹੋਵੇਉਨ੍ਹਾਂ ਨੂੰ ਇਹ ਲਿਖਣ ਦਾ ਵੀ ਹੱਕ ਹੈ ਤੇ ਕਹਿਣ ਦਾ ਵੀ, ਪਰ ਨਾ ਭਾਜਪਾ ਆਗੂ ਇਹ ਦੱਸੇਗਾ ਕਿ ਅੱਠ ਸਾਲ ਪਹਿਲਾਂ ਨਰਿੰਦਰ ਮੋਦੀ ਦੇ ਮੂੰਹੋਂ ਨਿਕਲੇ ਵਾਅਦੇ ਤੇ ਦਾਅਵੇ ਸਿਰਫ ਚੋਣ ਜੁਮਲੇ ਕਿਉਂ ਬਣ ਗਏ ਸਨ ਅਤੇ ਨਾ ਕਾਂਗਰਸ ਦਾ ਆਗੂ ਦੱਸੇਗਾ ਕਿ ਪੰਜ ਸਾਲ ਪਹਿਲਾਂ ਉਸ ਦੇ ਆਗੂ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਜਿਹੜਾ ਦਾਅਵਾ ਕੀਤਾ ਸੀ, ਉਸ ਦਾ ਕੀ ਬਣਿਆ? ਉਹ ਕਹਿੰਦੇ ਹਨ ਕਿ ਸਾਡੇ ਵਾਲੇ ਮਾੜੇ ਸਨ, ਇਸੇ ਲਈ ਹਾਰ ਗਏ, ਅੱਗੋਂ ਨਵੀਂ ਸਰਕਾਰ ਕੁਝ ਕਰ ਕੇ ਵਿਖਾਵੇਇਹ ਗੱਲ ਉਹ ਠੀਕ ਕਹਿੰਦੇ ਹਨ, ਨਵੀਂ ਸਰਕਾਰ ਨੂੰ ਇਹ ਸਾਬਤ ਕਰਨਾ ਪੈਣਾ ਹੈ ਕਿ ਉਹ ਪਹਿਲੀਆਂ ਸਰਕਾਰਾਂ ਵਰਗੀ ਨਹੀਂ, ਪਰ ਸਾਬਤ ਕਰ ਸਕਣ ਲਈ ਕੁਝ ਵਕਤ ਵੀ ਤਾਂ ਦੇਣਾ ਪਵੇਗਾ, ਲੋਕ ਦੇਣ ਨੂੰ ਤਿਆਰ ਹਨ, ਵਿਰੋਧੀ ਧਿਰ ਦੇ ਆਗੂ ਤਿਆਰ ਨਹੀਂ

ਵਿਰੋਧੀ ਧਿਰ ਦੇ ਆਗੂਆਂ ਵਿੱਚੋਂ ਕੌਣ ਕੀ ਕਹਿੰਦਾ ਹੈ, ਉਸ ਨੂੰ ਪਾਸੇ ਰੱਖਦੇ ਹੋਏ ਇਹ ਗੱਲ ਕਹੀ ਜਾ ਸਕਦੀ ਹੈ ਕਿ ਨਵੀਂ ਸਰਕਾਰ ਦੇ ਮੁਢਲੇ ਕਦਮਾਂ ਵਿੱਚੋਂ ਸਿਰਫ ਰਾਜ ਸਭਾ ਲਈ ਪੰਜ ਬੰਦੇ ਚੁਣਨ ਦੀ ਗੱਲ ਲੋਕਾਂ ਨੂੰ ਹਜ਼ਮ ਨਹੀਂ ਹੋ ਸਕੀ, ਬਾਕੀ ਲਗਭਗ ਸਭ ਗੱਲਾਂ ਵਿੱਚ ਇਸ ਸਰਕਾਰ ਦੇ ਕਦਮ ਲੋਕਾਂ ਨੇ ਸਲਾਹੇ ਹਨਖਾਸ ਤੌਰ ’ਤੇ ਇਹ ਗੱਲ ਆਮ ਲੋਕਾਂ ਨੇ ਬਹੁਤ ਸਲਾਹੀ ਹੈ ਕਿ ਨਵੇਂ ਮੁੱਖ ਮੰਤਰੀ ਨੇ ਸਾਬਕਾ ਵਿਧਾਇਕਾਂ ਦੀਆਂ ਹੱਦੋਂ ਬਾਹਰੀਆਂ ਪੈਨਸ਼ਨਾਂ ਨੂੰ ਕੁਹਾੜੇ ਵਾਲਾ ਟੱਕ ਲਾਇਆ ਹੈਨਵੀਂ ਸਰਕਾਰ ਨੇ ਕਿਹਾ ਹੈ ਕਿ ਸਾਬਕਾ ਵਿਧਾਇਕਾਂ ਦੇ ਪੈਨਸ਼ਨਾਂ ਦੇ ਗਲਤ ਢੰਗ ਨਾਲ ਪੰਜਾਬ ਦਾ ਖਜ਼ਾਨਾ ਇੰਜ ਲੁਟਾਇਆ ਜਾਂਦਾ ਸੀ ਕਿ ਸਭ ਤੋਂ ਪੁਰਾਣੇ ਵਿਧਾਇਕ ਅਤੇ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਪੈਨਸ਼ਨ ਹਰ ਵਾਰੀ ਦੇ ਹਿਸਾਬ ਵਧੀ ਜਾਣ ਨਾਲ ਇਸ ਵੇਲੇ ਛੇ ਲੱਖ ਬਾਹਠ ਹਜ਼ਾਰ ਰੁਪਏ ਬਣਨੀ ਸੀਇਸ ਨਵੇਂ ਕਦਮ ਦੇ ਵਿਰੋਧ ਵਿੱਚ ਇੱਕ ਸਾਬਕਾ ਮੰਤਰੀ ਨੇ ਸਾਨੂੰ ਇਹ ਵੇਰਵਾ ਭੇਜਿਆ ਹੈ ਕਿ ਦਿੱਲੀ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉੱਥੇ ਵੀ ਹਰ ਵਾਰ ਦੇ ਹਿਸਾਬ ਵਿਧਾਇਕਾਂ ਦੀ ਪੈਨਸ਼ਨ ਵਧਦੀ ਹੈਉਸ ਦਾ ਧੰਨਵਾਦੀ ਹੁੰਦੇ ਹੋਏ ਅਸੀਂ ਉਹ ਵੇਰਵਾ ਫੋਲਿਆ ਤਾਂ ਗੱਲ ਉਸ ਦੀ ਸੱਚੀ ਨਿਕਲੀ, ਪਰ ਇਹ ਅੱਧਾ ਸੱਚ ਸੀ ਤੇ ਸਾਰੇ ਜਾਣਦੇ ਹਨ ਕਿ ਅੱਧੇ ਸਿਰ ਦੀ ਪੀੜ ਵਾਂਗ ਅੱਧਾ ਸੱਚ ਵੀ ਕੋਰੇ ਝੂਠ ਤੋਂ ਮਾੜਾ ਹੁੰਦਾ ਹੈਦਿੱਲੀ ਦੇ ਸਾਬਕਾ ਵਿਧਾਇਕਾਂ ਨੂੰ ਮਾਸਿਕ ਪੈਨਸ਼ਨ ਸਾਢੇ ਸੱਤ ਹਜ਼ਾਰ ਰੁਪਏ ਅਤੇ ਮੈਂਬਰੀ ਦੇ ਹਰ ਸਾਲ ਨਾਲ ਇੱਕ ਹਜ਼ਾਰ ਦੇ ਵਾਧੇ ਨਾਲ ਜੇ ਕੋਈ ਵੱਡੇ ਬਾਦਲ ਸਾਹਿਬ ਵਾਂਗ ਬਾਈ ਵਾਰੀਆਂ ਮਿਲਾ ਕੇ ਬਤਾਲੀ ਸਾਲ ਮੈਂਬਰ ਰਹੇ ਤਾਂ ਸਮੁੱਚੀ ਪੈਨਸ਼ਨ ਪੰਜਾਹ ਹਜ਼ਾਰ ਤੋਂ ਘੱਟ ਬਣੇਗੀ, ਵੱਡੇ ਬਾਦਲ ਦੀ ਅਜੋਕੇ ਹਿਸਾਬ ਦੀ ਪੈਨਸ਼ਨ ਦਾ ਬਾਰ੍ਹਵਾਂ ਹਿੱਸਾ ਵੀ ਨਹੀਂ ਬਣਨੀਪੰਜਾਬ ਦੇ ਵਿਧਾਇਕਾਂ ਦੀ ਭੱਤਿਆਂ ਸਮੇਤ ਪੈਨਸ਼ਨ ਸ਼ੁਰੂ ਹੀ ਪੌਣਾ ਕੁ ਲੱਖ ਟੱਪ ਕੇ ਹੁੰਦੀ ਹੈਇਹ ਨਿਯਮ ਵੀ ਦਿੱਲੀ ਵਿੱਚ ਅਜੋਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਬਣਾਏ, ਪਿਛਲੀ ਕਾਂਗਰਸ ਸਰਕਾਰ ਨੇ ਗਿਆਰਾਂ ਸਾਲ ਪਹਿਲਾਂ ਬਣਾਏ ਸਨ ਤੇ ਪਿਛਲੇ ਸਾਲ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਵਧੀ ਮਹਿੰਗਾਈ ਵੇਖ ਕੇ ਸੋਧਣੇ ਚਾਹੇ ਸਨ ਤਾਂ ਕੇਂਦਰ ਸਰਕਾਰ ਨੇ ਅੜਿੱਕਾ ਪਾ ਦਿੱਤਾ ਸੀਫਿਰ ਵੀ ਕੇਜਰੀਵਾਲ ਸਰਕਾਰ ਨੇ ਸਾਬਕਾ ਵਿਧਾਇਕਾਂ ਨੂੰ ਛੱਡੋ, ਮੌਜੂਦਾ ਵਿਧਾਇਕਾਂ ਲਈ ਤਨਖਾਹਾਂ ਸਮੇਤ ਜਿੰਨੀ ਕੁੱਲ ਰਕਮ ਪਾਸ ਕਰਨ ਦਾ ਪਿਛਲੇ ਸਾਲ ਇਰਾਦਾ ਬਣਾਇਆ ਸੀ, ਉਸ ਦੀ ਬਹੁਤ ਚਰਚਾ ਚੱਲੀ ਸੀ

ਸਾਡੇ ਕੋਲ ਪਿਛਲੇ ਸਾਲ 2021 ਦੇ ਤਿੰਨ ਅਗਸਤ ਨੂੰ ਛਪੀ ’ਟਾਈਮਜ਼ ਨਾਉ ਡਿਜੀਟਲ’ ਦੀ ਰਿਪੋਰਟ ਹੈ ਤੇ ਸਭ ਨੂੰ ਪਤਾ ਹੈ ਕਿ ’ਟਾਈਮਜ਼ ਨਾਉ’ ਕਿਸੇ ਦਾ ਵੀ ਹੋਵੇ, ਆਮ ਆਦਮੀ ਪਾਰਟੀ ਦਾ ਸਮਰਥਕ ਚੈਨਲ ਉਹ ਬਿਲਕੁਲ ਨਹੀਂ ਕਿਹਾ ਜਾ ਸਕਦਾਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਕਿਹੜੇ ਰਾਜ ਵਿੱਚ ਵਿਧਾਨ ਸਭਾ ਮੈਂਬਰਾਂ ਨੂੰ ਕੀ ਮਿਲਦਾ ਹੈ ਤੇ ਇਸ ਰਿਪੋਰਟ ਨੂੰ ਪੜ੍ਹਨ ਲੱਗਾ ਬੰਦਾ ਹੈਰਾਨ ਹੋ ਜਾਂਦਾ ਹੈਰਿਪੋਰਟ ਮੁਤਾਬਕ ਸਭ ਤੋਂ ਵੱਧ ਤਨਖਾਹ ਤੇਲੰਗਾਨਾ ਵਿਚਲੇ ਵਿਧਾਇਕਾਂ ਨੂੰ ਢਾਈ ਲੱਖ ਰੁਪਏ ਮਿਲਦੀ ਹੈ ਅਤੇ ਦੂਸਰੇ ਨੰਬਰ ਉੱਤੇ ਭਾਜਪਾ ਦੀ ਸਰਕਾਰ ਵਾਲੇ ਉੱਤਰਾ ਖੰਡ ਵਿਚਲੇ ਵਿਧਾਇਕਾਂ ਦੀ ਕੁੱਲ ਤਨਖਾਹ ਇੱਕ ਲੱਖ ਅਠਾਨਵੇਂ ਹਜ਼ਾਰ ਰੁਪਏ ਮਿਲ ਰਹੀ ਹੈਤੀਸਰੇ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਕੁੱਲ ਇੱਕ ਲੱਖ ਨੱਬੇ ਹਜ਼ਾਰ ਅਤੇ ਚੌਥੀ ਹਰਿਆਣਾ ਦੀ ਭਾਜਪਾ ਸਰਕਾਰ ਇੱਕ ਲੱਖ ਪਚਵੰਜਾ ਹਜ਼ਾਰ ਦਿੰਦੀ ਹੈਪੰਜਵਾਂ ਨੰਬਰ ਰਾਜਸਥਾਨ ਦੀ ਕਾਂਗਰਸ ਸਰਕਾਰ ਦਾ ਹੈ, ਜਿੱਥੇ ਇੱਕ ਲੱਖ ਸਾਢੇ ਬਤਾਲੀ ਹਜ਼ਾਰ ਤੇ ਛੇਵਾਂ ਕਮਜ਼ੋਰੀ ਦੇ ਮਾਰੇ ਬਿਹਾਰ ਦਾ ਹੈ, ਜਿੱਥੇ ਭਾਜਪਾ ਤੇ ਨਿਤੀਸ਼ ਕੁਮਾਰ ਦੀ ਸਰਕਾਰ ਕੁੱਲ ਇੱਕ ਲੱਖ ਤੀਹ ਹਜ਼ਾਰ ਦਿੰਦੀ ਹੈ, ਜਦ ਕਿ ਦਿੱਲੀ ਦੀ ਸਰਕਾਰ ਨੇ ਪਿਛਲੇ ਸਾਲ ਜਿਹੜੀ ਤਨਖਾਹ ਵਧਾਉਣੀ ਸੀ, ਉਹ ਲਾਗੂ ਹੋ ਜਾਂਦੀ ਤਾਂ ਉਹ ਦਸਵੇਂ ਥਾਂ ਆਪਣੇ ਵਿਧਾਇਕਾਂ ਨੂੰ ਕੁੱਲ ਨੱਬੇ ਹਜ਼ਾਰ ਰੁਪਏ ਹਰ ਮਹੀਨੇ ਦੇਣਾ ਚਾਹੁੰਦੀ ਸੀਹੈਰਾਨੀ ਵਾਲੀ ਗੱਲ ਹੈ ਕਿ ਵਿਧਾਇਕਾਂ ਨੂੰ ਵੱਧ ਤਨਖਾਹ ਦੇਣ ਵਾਲੇ ਉਤਲੇ ਦਸ ਵੱਧ ਰਾਜਾਂ ਵਿੱਚੋਂ ਛੇ ਭਾਜਪਾ ਦੇ ਹਨ, ਪਰ ਮਾੜਾ ਕੇਜਰੀਵਾਲ ਹੈ!

ਗੱਲਾਂ ਵਿੱਚੋਂ ਗੱਲ ਚੱਲ ਪੈਣ ਵਾਂਗ ਦਿੱਲੀ ਤੇ ਭਾਜਪਾ ਦੇ ਮੁਕਾਬਲੇ ਵੱਲ ਮੁੜੀ ਇਹ ਗੱਲ ਮੋੜ ਕੇ ਪੰਜਾਬ ਵੱਲ ਝਾਕੀਏ ਤਾਂ ਇੱਥੇ ਇਸ ਵਕਤ ਖਜ਼ਾਨੇ ਦਾ ਬੁਰਾ ਹਾਲ ਹੈਪੰਜ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਾਗ ਸੰਭਾਲਣ ਵੇਲੇ ਸੁਣਿਆ ਸੀ ਕਿ ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਆਖਰੀ ਛਿਮਾਹੀ ਦੌਰਾਨ ਕੇਂਦਰ ਸਰਕਾਰ ਤੋਂ ਇਕੱਤੀ ਹਜ਼ਾਰ ਕਰੋੜ ਰੁਪਏ ਮਨਜ਼ੂਰ ਕਰਵਾ ਕੇ ਲਿਆਈ ਸੀ, ਪਰ ਇਹ ਪਤਾ ਨਹੀਂ ਲੱਗਦਾ ਕਿ ਉਹ ਪੈਸੇ ਗਏ ਕਿੱਥੇ ਹਨ ਤੇ ਇਸਦੀ ਜਾਂਚ ਕਰਵਾਉਣੀ ਹੈਇਕੱਤੀ ਹਜ਼ਾਰ ਕਰੋੜ ਰੁਪਏ ਛੋਟੀ ਰਕਮ ਨਹੀਂ ਸੀ ਕਿ ਭੁੱਲ ਜਾਵੇ, ਪਰ ਕੈਪਟਨ ਦੀ ਸਰਕਾਰ ਨੇ ਬਾਅਦ ਵਿੱਚ ਇਸ ਬਾਰੇ ਚੁੱਪ ਵੱਟ ਲਈ ਅਤੇ ਸਾਢੇ ਚਾਰ ਸਾਲਾਂ ਬਾਅਦ ਚਰਚਾ ਇਹ ਚੱਲੀ ਕਿ ਇਸ ਇਕੱਤੀ ਹਜ਼ਾਰ ਦੇ ਨੌਂਗੇ ਪਾਉਣ ਦਾ ਏਟੀ-ਟਵੰਟੀ ਵਰਗਾ ਸੌਦਾ ਹੋ ਗਿਆ ਸੀਅਜੋਕੀ ਸਰਕਾਰ ਕੋਲ ਨਾ ਖਜ਼ਾਨੇ ਵਿੱਚ ਕੁਝ ਲੱਭਦਾ ਹੈ ਤੇ ਨਾ ਉਸ ਦਾ ਰਿਵਾਇਤੀ ਪਾਰਟੀਆਂ ਵਿੱਚੋਂ ਕਿਸੇ ਨਾਲ ਕੋਈ ਸੌਦਾ ਹੀ ਵੱਜਣ ਦੀ ਕਨਸੋ ਜਾਂ ਸੰਭਾਵਨਾ ਦਿਸਦੀ ਹੈ ਇੱਦਾਂ ਦੇ ਹਾਲਾਤ ਵਿੱਚ ਮੁੱਖ ਮੰਤਰੀ ਨੂੰ ਅੱਕੀਂ-ਪਲਾਹੀਂ ਹੱਥ ਮਾਰ ਕੇ ਸਰਕਾਰ ਚਲਾਉਣ ਲਈ ਕਈ ਜੁਗਾੜ ਕਰਨੇ ਪੈਣੇ ਹਨ ਅਤੇ ਦੇਸ਼ ਦੇ ਉਸ ਪ੍ਰਧਾਨ ਮੰਤਰੀ ਤੋਂ ਵੀ ਪੈਕੇਜ ਮੰਗਣ ਦਾ ਅੱਕ ਚੱਬਣਾ ਪੈਣਾ ਹੈ, ਜਿਸ ਨਾਲ ਸੰਬੰਧ ਚੰਗੇ ਨਹੀਂ ਸੁਣੀਂਦੇਇਸ ਕਰ ਕੇ ਅਸੀਂ ਆਮ ਲੋਕਾਂ ਵਾਂਗ ਇਸ ਸਰਕਾਰ ਦੇ ਮੁਢਲੇ ਕਦਮਾਂ ਵੱਲ ਵੇਖਾਂਗੇ ਵੀ ਅਤੇ ਇਸ ਨੂੰ ਕੁਝ ਕਰਨ ਦਾ ਮੌਕਾ ਵੀ ਦੇਵਾਂਗੇ, ਜੇ ਨਾ ਕਰੇਗੀ ਤਾਂ ਇਸ ਨੂੰ ਮਿਲਿਆ ਪੰਜ ਸਾਲਾਂ ਦਾ ਸਮਾਂ ਸਿਰਫ ਪੰਜ ਸਾਲ ਨਹੀਂ ਹੁੰਦਾ, ਉਸ ਦੇ ਦੋ ਸੌ ਸੱਠ ਹਫਤੇ ਬਣਨਗੇ, ਜਿਨ੍ਹਾਂ ਵਿੱਚ ਅਸੀਂ ਲੋਕਾਂ ਅੱਗੇ ਇਸ ਸਰਕਾਰ ਦਾ ਚੰਗਾ-ਮਾੜਾ ਪੱਖ ਵੀ ਰੱਖਦੇ ਰਹਾਂਗੇਸਰਕਾਰ ਕਿਸੇ ਦੀ ਵੀ ਹੋਵੇ, ਕੋਈ ਲਿਹਾਜ਼ ਨਹੀਂ ਕਰਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3461)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author