“ਜੇ ਵਿਰੋਧੀ ਧਿਰ ਇਸ ਵਾਰ ਹੋਰ ਵੀ ਸੱਟ ਖਾ ਗਈ ਤਾਂ ਦੇਸ਼ ਦੇ ਲੋਕਾਂ ਨੂੰ ਜੋ ਭੁਗਤਣਾ ਪਿਆ, ਉਸ ਦੀ ਜ਼ਿੰਮੇਵਾਰੀ ...”
(7 ਫਰਵਰੀ 2024)
ਇਸ ਸਮੇਂ ਪਾਠਕ: 400.
ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੇਸ਼ ਦੀ ਪਾਰਲੀਮੈਂਟ ਲਈ ਇੱਕ ਹੋਰ ਚੋਣ ਵਾਸਤੇ ਸਿਆਸੀ ਮਾਹੌਲ ਬਣਿਆ ਪਿਆ ਹੈ। ਇਹ ਚੋਣ ਅਸਲੋਂ ਨਵੇਂ ਮਾਹੌਲ ਵਿੱਚ ਹੋਣ ਵਾਲੀ ਅਤੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਪੈਦਾ ਕਰਨ ਵਾਲੀ ਸਮਝੀ ਜਾਂਦੀ ਹੈ। ਕਈ ਵਿਚਾਰਵਾਨਾਂ ਅਤੇ ਕਈ ਰਾਜਸੀ ਆਗੂਆਂ ਦਾ ਇਹ ਕਹਿਣਾ ਹੈ ਕਿ ਭਾਰਤ ਨੇ ਇਸ ਵਾਰੀ ਸਿਰਫ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਨਹੀਂ ਕਰਨੀ, ਇਸ ਪਾਰਲੀਮੈਂਟ ਚੋਣ ਵਿੱਚ ਇਹ ਗੱਲ ਵੀ ਤੈਅ ਹੋਣੀ ਜਾਪਦੀ ਹੈ ਕਿ ਇਸਦੇ ਬਾਅਦ ਅਗਲੀ ਕੋਈ ਚੋਣ ਕਰਵਾਈ ਜਾਵੇਗੀ ਕਿ ਨਹੀਂ! ਉਨ੍ਹਾਂ ਦੀ ਰਾਏ ਠੀਕ ਵੀ ਹੋ ਸਕਦੀ ਹੈ ਤੇ ਨਹੀਂ ਵੀ, ਦੋਵਾਂ ਵਿੱਚੋਂ ਕੋਈ ਗੱਲ ਵੀ ਪੱਕੀ ਨਹੀਂ, ਕਿਉਂਕਿ ਕੌਮਾਂ ਅਤੇ ਦੇਸ਼ਾਂ ਦੇ ਭਵਿੱਖ ਦੇ ਪੈਂਡੇ ਲਈ ਕੋਈ ਰਾਹ ਵੀ ਕਾਗਜ਼ ਉੱਤੇ ਝਰੀਟਾਂ ਮਾਰ ਕੇ ਅਗੇਤਾ ਨਹੀਂ ਉਲੀਕਿਆ ਜਾ ਸਕਦਾ। ਹਾਲਾਤ ਦਾ ਵਹਿਣ ਕਿਸ ਪਾਸੇ ਲੈ ਜਾਵੇਗਾ, ਕੋਈ ਵੀ ਗਾਰੰਟੀ ਨਾਲ ਦੱਸਣ ਵਾਲਾ ਨਹੀਂ ਲੱਭਦਾ, ਸਿਰਫ ਅੱਜ ਦੀ ਘੜੀ ਉੱਠਦੇ ਸਿਆਸੀ ਉਬਾਲਿਆਂ ਤੋਂ ਅੰਦਾਜ਼ੇ ਲਾਏ ਜਾ ਸਕਦੇ ਹਨ ਅਤੇ ਕਈ ਲੋਕ ਇਹ ਅੰਦਾਜ਼ੇ ਲਾਈ ਜਾ ਰਹੇ ਹਨ। ਅਮਲ ਵਿੱਚ ਕੀ ਹੋ ਸਕਦਾ ਹੈ, ਇਹ ਭਾਰਤੀ ਲੋਕਾਂ ਦੀ ਸੋਚ ਦਾ ਕੋਈ ਵਕਤੀ ਵਹਿਣ ਵੀ ਤੈਅ ਕਰ ਸਕਦਾ ਹੈ ਅਤੇ ਵਗਦੇ ਵਹਿਣ ਨੂੰ ਰੋਕਣ ਵਾਲਾ ਕੋਈ ਜਵਾਬੀ ਵਹਿਣ ਉੱਠ ਪਵੇ ਤਾਂ ਹਾਲਾਤ ਇਹੋ ਜਿਹੀ ਦਿਸ਼ਾ ਵੱਲ ਮੋੜਾ ਕੱਟ ਸਕਦੇ ਹਨ, ਜਿਸ ਬਾਰੇ ਹਾਲੇ ਤਕ ਕਿਸੇ ਨੇ ਸੋਚਿਆ ਤਕ ਨਾ ਹੋਵੇ। ਉਂਜ ਹਵਾਵਾਂ ਦਾ ਰੁਖ ਇਸ ਵਕਤ ਭਾਰਤ ਦੇ ਲੋਕਤੰਤਰੀ ਸੋਚ ਵਾਲਿਆਂ ਲਈ ਫਿਕਰਮੰਦੀ ਵਾਲਾ ਹੀ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਰਾਜਸੀ ਜਾਂ ਸਮਾਜੀ ਹਾਲਾਤ ਦੇ ਅੰਦਰ ਉੱਠਣ ਵਾਲੇ ਉਬਾਲੇ ਹਮੇਸ਼ਾ ਅਣਕਿਆਸੇ ਹੁੰਦੇ ਹਨ। ਕਦੇ ਕੋਈ ਉਬਾਲਾ ਕਿਸੇ ਹੋਰ ਦੇਸ਼ ਵਿੱਚ ਉੱਠ ਚੁੱਕੇ ਇਹੋ ਜਿਹੇ ਉਬਾਲੇ ਦੀ ਇੰਨ-ਬਿੰਨ ਨਕਲ ਨਹੀਂ ਹੋਇਆ ਕਰਦਾ। ਕਈਆਂ ਦੇਸ਼ਾਂ ਵਿੱਚ ਹਾਲਾਤ ਦਾ ਵਹਿਣ ਸਮਾਂ ਪਾ ਕੇ ਮੋੜਾ ਕੱਟਣ ਵਾਲਾ ਵੀ ਸਾਬਤ ਹੁੰਦਾ ਰਿਹਾ ਹੈ, ਪਰ ਕਈ ਹੋਰ ਦੇਸ਼ਾਂ ਵਿੱਚ ਜਦੋਂ ਕਿਸੇ ਪੁਰਾਤਨੀ ਸੋਚ ਦਾ ਉਬਾਲਾ ਇੱਕ ਵਾਰੀ ਉੱਠ ਪਿਆ ਤਾਂ ਉੱਥੇ ਫਿਰ ਮੋੜਾ ਨਹੀਂ ਕੱਟਿਆ ਗਿਆ ਅਤੇ ਹਾਲਾਤ ਹਰ ਨਵੇਂ ਦਿਨ ਹੋਰ ਤੋਂ ਹੋਰ ਵਿਗਾੜ ਵਾਲੀ ਪੱਟੀ ਉੱਤੇ ਅੱਗੇ ਤੋਂ ਅੱਗੇ ਵਧਦੇ ਗਏ ਸਨ। ਜਿਸ ਮੋੜ ਉੱਤੇ ਭਾਰਤ ਅਗਲੀ ਪਾਰਲੀਮੈਂਟ ਚੋਣ ਦੇ ਗੇੜ ਵਿੱਚੋਂ ਲੰਘਣ ਦੀ ਤਿਆਰੀ ਕਰ ਰਿਹਾ ਹੈ, ਉਸ ਤੋਂ ਜੇ ਕੁਝ ਲੋਕਾਂ ਨੂੰ ਚਿੰਤਾ ਹੋ ਰਹੀ ਹੈ ਤਾਂ ਉਹ ਆਪਣੀ ਥਾਂ ਗਲਤ ਨਹੀਂ ਹੋਣਗੇ, ਪਰ ਗਲਤੀ ਇਹ ਹੋਈ ਹੈ ਕਿ ਉਹ ਵਕਤ ਰਹਿੰਦਿਆਂ ਨਹੀਂ ਸਨ ਜਾਗ ਸਕੇ, ਬੜੀ ਦੇਰ ਨਾਲ ਅੱਖਾਂ ਖੁੱਲ੍ਹਣ ਲੱਗੀਆਂ ਹਨ।
ਅੱਜਕੱਲ੍ਹ ਭਾਰਤ ਦੀ ਰਾਜਨੀਤੀ ਵਿੱਚ ਬਹੁਤ ਸਾਰੀਆਂ ਧਿਰਾਂ ਇਹੋ ਜਿਹੀਆਂ ਵੀ ਹਨ, ਜਿਹੜੀਆਂ ਭਾਰਤੀ ਜਨਤਾ ਪਾਰਟੀ ਵਿਰੁੱਧ ਲੜਨ ਦਾ ਦਾਅਵਾ ਕਰਦੀਆਂ ਹਨ ਤੇ ਚੋਣ ਮੈਦਾਨ ਵਿੱਚ ਉਸ ਅੱਗੇ ਡਟ ਸਕਦੀਆਂ ਹਨ, ਪਰ ਜੇ ਉਨ੍ਹਾਂ ਦੀ ਗੱਲ ਨਾ ਬਣੀ ਤਾਂ ਉਨ੍ਹਾਂ ਦੇ ਬਹੁਤ ਸਾਰੇ ਲੀਡਰ ਉਸੇ ਭਾਜਪਾ ਵਿੱਚ ਜਾਣ ਨੂੰ ਤਿਆਰ ਹੋ ਜਾਣਗੇ। ਸਿਆਸੀ ਸੱਤਾ ਦਾ ਸੁਖ ਮਾਣਨ ਵਾਲੇ ਬਹੁਤ ਸਾਰੇ ਪੁਰਾਣੇ ਕਾਂਗਰਸੀ ਆਗੂ ਵੀ ਤੇ ਹੋਰ ਪਾਰਟੀਆਂ ਵਾਲੇ ਵੀ ਦੋ ਹਫਤੇ ਪਹਿਲਾਂ ਜਿਸ ਭਾਜਪਾ ਨੂੰ ਜਨਤਕ ਤੌਰ ਉੱਤੇ ਭੰਡਦੇ ਸੁਣਦੇ ਸਨ, ਅਚਾਨਕ ਉਸ ਵਿੱਚ ਸ਼ਾਮਲ ਜਾ ਹੋਏ ਸਨ। ਰਾਜਨੀਤੀ ਦੀਆਂ ਦੋ ਧਿਰਾਂ ਇਹੋ ਜਿਹੀਆਂ ਹਨ, ਜਿਹੜੀਆਂ ਇਸ ਵਕਤ ਵੱਡੇ ਹਮਲੇ ਦੇ ਨਿਸ਼ਾਨੇ ਉੱਤੇ ਹਨ। ਪਹਿਲੀ ਤਾਂ ਇਸ ਦੇਸ਼ ਵਿੱਚ ਅਜੇ ਤਕ ਮੁੱਖ ਵਿਰੋਧੀ ਧਿਰ ਦਾ ਦਰਜਾ ਰੱਖਦੀ ਕਾਂਗਰਸ ਪਾਰਟੀ ਹੈ, ਜਿਸ ਨੂੰ ਅੱਜਕੱਲ੍ਹ ਭਾਜਪਾ ਆਗੂ ਮੂਲੋਂ ਹੀ ਖਤਮ ਕਰ ਕੇ ਭਵਿੱਖ ਵਿੱਚ ‘ਕਾਂਗਰਸ ਮੁਕਤ ਭਾਰਤ’ ਬਣਾ ਦੇਣ ਦੇ ਖੁੱਲ੍ਹੇ ਐਲਾਨ ਕਰਦੇ ਹਨ। ਦੂਸਰੀ ਧਿਰ ਕਮਿਊਨਿਸਟਾਂ ਦੀ ਹੈ, ਜਿਹੜੇ ਕਦੀ ਭਾਰਤ ਦੀ ਰਾਜਨੀਤੀ ਨੂੰ ਆਪਣੀ ਮਰਜ਼ੀ ਦਾ ਮੋੜਾ ਦੇਣ ਦੇ ਸਮਰੱਥ ਹੁੰਦੇ ਸਨ, ਪਰ ਅੱਜ ਕੱਲ੍ਹ ਉਹ ਆਪਣੀ ਹੋਂਦ ਕਾਇਮ ਰੱਖਣ ਦਾ ਸੰਘਰਸ਼ ਕਰਦੇ ਸਮਝੇ ਜਾਣ ਲੱਗ ਪਏ ਹਨ। ਉਨ੍ਹਾਂ ਦੀ ਹੋਂਦ ਦੁਨੀਆ ਭਰ ਵਿੱਚ ਬਹੁਤ ਅਣਸੁਖਾਵੇਂ ਮਾਹੌਲ ਵਿੱਚ ਵੀ ਕਈ ਦੇਸ਼ਾਂ ਵਿੱਚ ਉਨ੍ਹਾਂ ਦੇ ਸਿਰੜ ਕਾਰਨ ਬਚੀ ਰਹਿਣ ਦਾ ਇਤਿਹਾਸ ਮੌਜੂਦ ਹੈ, ਪਰ ਜਿਸ ਕਿਸਮ ਦੇ ਹਾਲਾਤ ਦਾ ਸਾਹਮਣਾ ਭਾਰਤ ਵਿੱਚ ਕਰਨਾ ਪੈ ਰਿਹਾ ਹੈ, ਉਹ ਕੀ ਸਿੱਟਾ ਕੱਢਣਗੇ, ਕਹਿ ਸਕਣਾ ਔਖਾ ਹੈ।
ਇੱਕ ਸਿਆਸੀ ਚਿੰਤਕ ਨੇ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਜੇ ਬ੍ਰਿਟੇਨ ਦੀ ਲੇਬਰ ਪਾਰਟੀ ਨੇ ਕਈ ਸਾਲ ਰਾਜ-ਸੱਤਾ ਤੋਂ ਬਾਹਰ ਖੂੰਜੇ ਲੱਗੀ ਰਹਿਣ ਦੇ ਬਾਅਦ ਅੱਗੇ ਆਣ ਕੇ ਆਪਣੇ ਦੇਸ਼ ਦੀ ਅਗਵਾਈ ਸਾਂਭ ਲਈ ਸੀ ਤਾਂ ਕਿਸੇ ਦਿਨ ਭਾਰਤ ਵਿੱਚ ਵੀ ਇਹ ਕੁਝ ਵਾਪਰ ਸਕਦਾ ਹੈ। ਹੋ ਸਕਦਾ ਹੈ ਕਿ ਉਹ ਠੀਕ ਕਹਿੰਦਾ ਹੋਵੇ, ਪਰ ਇਸ ਦੇਸ਼ ਵਿੱਚ ਹਾਲਾਤ ਉਸ ਦੇਸ਼ ਵਰਗੇ ਨਹੀਂ ਤੇ ਹਾਲਾਤ ਦੇ ਵਹਿਣ ਦਾ ਸਾਹਮਣਾ ਕਰਨ ਲਈ ਲੀਡਰਸ਼ਿੱਪ ਜਿਹੋ ਜਿਹੀ ਚਾਹੀਦੀ ਹੈ, ਉਸ ਦੇ ਲਈ ਗੰਭੀਰ ਯਤਨ ਹੁੰਦੇ ਵੀ ਇਸ ਵਕਤ ਦਿਖਾਈ ਨਹੀਂ ਦੇ ਰਹੇ। ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇੰਨੀਆਂ ਸੱਟਾਂ ਖਾਣ ਦੇ ਬਾਅਦ ਵੀ ਰਾਹੁਲ ਗਾਂਧੀ ਤੋਂ ਵੱਡਾ ਆਗੂ ਹੋਰ ਕੋਈ ਨਜ਼ਰ ਨਹੀਂ ਆਉਂਦਾ ਤੇ ਰਾਹੁਲ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਲਗਭਗ ਹਰ ਮੋਰਚੇ ਉੱਤੇ ਫੇਲ ਹੁੰਦਾ ਰਿਹਾ ਹੈ, ਉਸ ਦਾ ਜ਼ਿਕਰ ਉਹ ਨਹੀਂ ਸੁਣਨਾ ਚਾਹੁੰਦੇ। ਦੇਸ਼ ਦੇ ਉਨ੍ਹਾਂ ਦਿਨਾਂ ਦਾ ਚੇਤਾ ਕਾਂਗਰਸ ਪਾਰਟੀ ਦੇ ਨੇਤਾ ਨਹੀਂ ਕਰਨਾ ਚਾਹੁੰਦੇ, ਜਦੋਂ ਉਨ੍ਹਾਂ ਦੀ ਚੜ੍ਹਤ ਦਾ ਦੌਰ ਹੁੰਦਾ ਸੀ ਤੇ ਉਨ੍ਹਾਂ ਦੀ ਲੀਡਰਸ਼ਿੱਪ ਨੇ ਲੋਕਾਂ ਨੂੰ ਟਿੱਚ ਜਾਣਨਾ ਸ਼ੁਰੂ ਕੀਤਾ ਹੋਇਆ ਸੀ ਤੇ ਲੋਕਤੰਤਰ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਕੰਮ ਵੀ ਕਰਨ ਤੋਂ ਨਹੀਂ ਸਨ ਝਿਜਕਦੇ ਹੁੰਦੇ। ਬੰਗਲਾ ਦੇਸ਼ ਬਣਨ ਮੌਕੇ ਭਾਰਤ ਵਿੱਚ ਇਸ ਪਾਰਟੀ ਦੀ ਜਿਹੜੀ ਚੜ੍ਹਾਈ ਹਰ ਕਿਸੇ ਨੂੰ ਦਿਖਾਈ ਦਿੰਦੀ ਸੀ, ਉਹ ਅਗਲੇ ਦੋ ਸਾਲ ਵੀ ਕਾਇਮ ਨਹੀਂ ਸੀ ਰਹੀ ਤੇ ਉਸ ਵੇਲੇ ਚੜ੍ਹਤ ਦੀ ਅਗਵਾਈ ਕਰਨ ਵਾਲੀ ਇੰਦਰਾ ਗਾਂਧੀ ਦੇ ਆਪਣੇ ਪੁੱਤਰ-ਮੋਹ ਨੇ ਪਾਰਟੀ ਅਤੇ ਲੋਕਤੰਤਰ, ਦੋਵਾਂ ਦਾ ਭੱਠਾ ਬਿਠਾ ਛੱਡਿਆ ਸੀ। ਸੰਜੇ ਗਾਂਧੀ ਤੇ ਉਸ ਦੀ ਜੁੰਡੀ ਵੱਲੋਂ ਕੀਤੀਆਂ ਖੁਨਾਮੀਆਂ ਨਾਲ ਜਿਹੜੀ ਮਾਰ ਇਸ ਪਾਰਟੀ ਅਤੇ ਦੇਸ਼ ਨੂੰ ਪਈ, ਦੁਬਾਰਾ ਮੌਕਾ ਮਿਲਣ ਪਿੱਛੋਂ ਉਨ੍ਹਾਂ ਗਲਤੀਆਂ ਤੋਂ ਸਿੱਖਿਆ ਜਾਣਾ ਚਾਹੀਦਾ ਸੀ, ਪਰ ਸਿੱਖਣ ਦੀ ਥਾਂ ਇਸ ਪਾਰਟੀ ਦੀ ਲੀਡਰਸ਼ਿੱਪ ਸੱਤਾ ਸੰਭਾਲ ਰੱਖਣ ਲਈ ਅਗਲੀਆਂ ਗਲਤੀਆਂ ਕਰਨ ਦੇ ਰਾਹ ਪੈ ਗਈ ਸੀ। ਉਦੋਂ ਤਕ ਇਸ ਦੇਸ਼ ਦੇ ਲੋਕਾਂ ਨੂੰ ਭਰਮ ਹੁੰਦਾ ਸੀ ਕਿ ਇੰਦਰਾ ਗਾਂਧੀ ਦਾ ਛੋਟਾ ਪੁੱਤਰ ਪੁਆੜਿਆਂ ਦੀ ਜੜ੍ਹ ਬਣਿਆ ਰਹਿੰਦਾ ਹੈ, ਵੱਡਾ ਪੁੱਤ ਰਾਜੀਵ ਗਾਂਧੀ ਸਮਝਦਾਰ ਹੈ, ਪਰ ਜਦੋਂ ਰਾਜੀਵ ਗਾਂਧੀ ਨੂੰ ਮੌਕਾ ਮਿਲਿਆ, ਉਸ ਨਾਲ ਜੁੜੀ ਹੋਈ ਜੁੰਡੀ ਨੇ ਉਸ ਕੋਲੋਂ ਵੀ ਇੱਦਾਂ ਦੀਆਂ ਗਲਤੀਆਂ ਕਰਵਾ ਦਿੱਤੀਆਂ ਸਨ, ਜਿਨ੍ਹਾਂ ਦੀ ਮਾਰ ਦਾ ਅਸਰ ਉਸ ਦੀ ਪਾਰਟੀ ਅਤੇ ਪਰਿਵਾਰ ਨੂੰ ਅੱਜ ਤਕ ਭੁਗਤਣਾ ਪੈ ਰਿਹਾ ਹੈ।
ਪੰਜਾਹ ਕੁ ਸਾਲ ਪਹਿਲਾਂ ਭਾਰਤ ਦੇ ਕਮਿਊਨਿਸਟ ਖੇਤਰ ਵਿੱਚ ‘ਸਾਂਝਾ ਮੋਰਚਾ’ ਬਣਾਉਣ ਤੇ ਚਲਾਉਣ ਦੇ ਮੁੱਦੇ ਉੱਤੇ ਭਖਵੀਂ ਬਹਿਸ ਛਿੜੀ ਸੀ। ਸੰਸਾਰ ਪੱਧਰ ਦੇ ਕਮਿਊਨਿਸਟ ਆਗੂ ਜਾਰਜੀ ਦਮਿਤਰੋਵ ਵੱਲੋਂ ਦੂਜੀ ਸੰਸਾਰ ਜੰਗ ਦੇ ਵਕਤ ਦਿੱਤਾ ‘ਸਾਂਝਾ ਮੋਰਚਾ’ ਬਣਾਉਣ ਦਾ ਵਿਚਾਰ ਭਾਰਤ ਵਿੱਚ ਸਿਆਸੀ ਸੱਭਿਆਚਾਰ ਦਾ ਅੰਗ ਬਣਾਉਣ ਲਈ ਲੰਮੀ ਬਹਿਸ ਚਲਦੀ ਰਹੀ ਸੀ, ਜਿਸ ਵਿੱਚ ਕੱਟੜ ਖੱਬੇ-ਪੱਖੀ ਤੇ ਉਨ੍ਹਾਂ ਦੀ ਅੱਖ ਵਿੱਚ ਰੜਕਦੇ ਨਰਮ ਸੁਰ ਵਾਲੇ ਖੱਬੇ-ਪੱਖੀ ਆਪੋ ਵਿੱਚ ਭਿੜਨ ਪਿੱਛੋਂ ਸ਼ਾਂਤ ਹੋ ਕੇ ਹਾਲਾਤ ਦੇ ਵਗਦੇ ਵਹਿਣ ਨਾਲ ਚੱਲ ਪਏ ਸਨ। ਪੱਛਮੀ ਬੰਗਾਲ ਵਿੱਚ ਖੱਬੇ ਪੱਖੀ ਧਿਰਾਂ ਦੇ ਹੱਥ ਸੱਤਾ ਆਉਣ ਅਤੇ ਫਿਰ ਲੰਮਾ ਸਮਾਂ ਕਾਇਮ ਰਹਿਣ ਨੇ ਉਨ੍ਹਾਂ ਨੂੰ ਸੱਤਾ ਕਾਇਮ ਰੱਖਣ ਲਈ ਸਿਆਸਤ ਦੇ ਖੇਤਰ ਦੀਆਂ ਸਾਰੀਆਂ ਤਿਕੜਮਾਂ ਵਰਤਣ ਦੇ ਰਾਹ ਪਾ ਦਿੱਤਾ ਅਤੇ ਨਤੀਜੇ ਵਜੋਂ ਅੱਜ ਉਹ ਦੇਸ਼ ਦੀ ਰਾਜਨੀਤੀ ਦੀ ਕਿਸੇ ਨੁੱਕਰ ਵਿੱਚ ਖੜੋਤੇ ਦਿਖਾਈ ਦੇਣ ਲੱਗ ਪਏ ਹਨ। ਜਿਸ ਲੋਕ ਸਭਾ ਵਿੱਚ ਕਦੀ ਖੱਬੇ-ਪੱਖੀਆਂ ਦੇ ਕੁੱਲ ਮਿਲਾ ਕੇ ਸੱਠ ਤੋਂ ਵੱਧ ਮੈਂਬਰ ਜਿੱਤ ਕੇ ਪਹੁੰਚ ਗਏ ਸਨ, ਅੱਜ ਅੱਧੀ ਦਰਜਨ ਵੀ ਨਹੀਂ ਦਿਸਦੇ ਤੇ ਫਿਰਕੂ ਉਬਾਲਿਆਂ ਵਾਲੀ ਅਗਲੀ ਚੋਣ ਵਿੱਚ ਕਿੰਨੇ ਜਿੱਤ ਸਕਣਗੇ, ਉਸ ਦਾ ਕਿਆਫਾ ਲਾਉਣ ਵਾਲਾ ਨਜੂਮੀ ਕੋਈ ਨਹੀਂ ਲੱਭ ਰਿਹਾ। ਇੱਕ ਵੇਲੇ ਪੱਛਮੀ ਬੰਗਾਲ ਵਿੱਚ ਸੱਤਾ ਬਚਾਉਣ ਲਈ ਕਾਂਗਰਸ ਨਾਲ ਸਾਂਝ ਪਾਉਣ ਦਾ ਵਿਚਾਰ ਪੇਸ਼ ਹੋਇਆ ਸੀ, ਪਰ ਉਸ ਨੂੰ ਕਿਸੇ ਬਿਮਾਰੀ ਦਾ ਲੱਛਣ ਮੰਨ ਕੇ ਉਨ੍ਹਾਂ ਸੱਜਣਾਂ ਨੇ ਨਕਾਰ ਦਿੱਤਾ ਸੀ, ਜਿਹੜੇ ਅੱਜ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਕਾਂਗਰਸ ਦੇ ਲੀਡਰਾਂ ਨਾਲ ਸਲਾਹ ਕਰਨ ਲਈ ਉਨ੍ਹਾਂ ਦੇ ਫੋਨ ਖੜਕਾਉਣ ਲੱਗਦੇ ਹਨ ਅਤੇ ਬਹੁਤੀ ਵਾਰੀ ਉਨ੍ਹਾਂ ਦੇ ਪਿੱਛੇ ਲੱਗ ਤੁਰਦੇ ਹਨ।
ਭਾਰਤ ਦੀ ਰਾਜਨੀਤੀ ਨੇ ਉਹ ਵੀ ਮੌਕਾ ਡਿੱਠਾ ਸੀ, ਜਦੋਂ ਸਾਰੀਆਂ ਗੈਰ-ਕਾਂਗਰਸੀ ਤੇ ਗੈਰ-ਭਾਜਪਾਈ ਧਿਰਾਂ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜੋਤੀ ਬਾਸੂ ਨੂੰ ਇਸ ਦੇਸ਼ ਦੀ ਅਗਵਾਈ ਸੌਂਪਣ ਦਾ ਫੈਸਲਾ ਕਰ ਲਿਆ ਸੀ, ਪਰ ਬਾਸੂ ਦੀ ਆਪਣੀ ਪਾਰਟੀ ਵਿੱਚ ਇੱਕਸੁਰਤਾ ਨਹੀਂ ਸੀ ਬਣੀ ਤੇ ਮੌਕਾ ਗੁਆ ਬੈਠੇ ਸਨ। ਬਾਅਦ ਵਿੱਚ ਉਦੋਂ ਵਾਲਾ ਇਹ ਪੈਂਤੜਾ ਕਈ ਵਾਰ ਚਰਚਾ ਵਿੱਚ ਆਇਆ, ਪਰ ਉਸ ਨੂੰ ਭੁੱਲ ਮੰਨਣ ਜਾਂ ਠੀਕ ਕਰਾਰ ਦੇਣ ਬਾਰੇ ਇੱਕ ਰਾਏ ਫਿਰ ਕਦੀ ਨਹੀਂ ਬਣ ਸਕੀ, ਕਿਉਂਕਿ ਇੱਕ ਵਾਰੀ ਲੈ ਲਿਆ ਪੈਂਤੜਾ ਛੱਡਣ ਵਿੱਚ ਬੇਇੱਜ਼ਤੀ ਮੰਨੀ ਜਾਂਦੀ ਹੈ। ਇਹ ਗੱਲ ਅੱਜ ਕੋਈ ਮੰਨ ਵੀ ਲਵੇ ਤਾਂ ਹਾਲਾਤ ਦੇ ਵਹਿਣ ਨੂੰ ਕੋਈ ਫਰਕ ਨਹੀਂ ਪੈਣਾ ਤੇ ਇਸ ਮੌਕੇ ਕੋਈ ਉਨ੍ਹਾਂ ਤੋਂ ਇੱਦਾਂ ਦਾ ਬਿਆਨ ਦਿਵਾਉਣਾ ਵੀ ਨਹੀਂ ਚਾਹੇਗਾ, ਉਨ੍ਹਾਂ ਨੂੰ ਅੱਜ ਦੇ ਹਾਲਾਤ ਮੁਤਾਬਕ ਸੋਚਣਾ ਬਣਦਾ ਹੈ।
ਅਗਲੀ ਲੋਕ ਸਭਾ ਚੋਣ ਲਈ ਇਸ ਵਕਤ ਦੇਸ਼ ਦੀ ਕਮਾਨ ਸੰਭਾਲ ਰਹੀ ਧਿਰ ਜਿੱਦਾਂ ਪੱਕੇ ਪੈਰੀਂ ਆਪਣੀ ਰਾਜਨੀਤੀ ਚਲਾ ਰਹੀ ਹੈ ਅਤੇ ਇਸ ਰਾਜਨੀਤੀ ਦਾ ਮੁੱਖ ਧੁਰਾ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਣਾਇਆ ਪਿਆ ਹੈ, ਉਸ ਹਾਲਤ ਵਿੱਚ ਕਾਂਗਰਸ ਹੋਵੇ ਜਾਂ ਖੱਬੇ ਪੱਖੀ ਧਿਰਾਂ ਹੋਣ, ਉਨ੍ਹਾਂ ਨੂੰ ਆਪਣੇ ਨਾਲ ਖੜ੍ਹੇ ਨਿਤੀਸ਼ ਕੁਮਾਰ ਵਰਗਿਆਂ ਨੂੰ ਪਛਾਨਣ ਦੀ ਲੋੜ ਸਮਝਣੀ ਚਾਹੀਦੀ ਹੈ। ਨਿਤੀਸ਼ ਕੁਮਾਰ ਜਦੋਂ ਭਾਜਪਾ ਨੂੰ ਛੱਡ ਕੇ ਉਸ ਦੀਆਂ ਵਿਰੋਧੀ ਧਿਰਾਂ ਨਾਲ ਜੁੜਿਆ ਸੀ ਤਾਂ ਇਨ੍ਹਾਂ ਸਾਰੀਆਂ ਧਿਰਾਂ ਨੇ ਖੁਸ਼ੀ ਨਾਲ ਸਵਾਗਤ ਕੀਤਾ ਤੇ ਕੱਛਾਂ ਵਜਾਈਆਂ ਸਨ। ਅਸੀਂ ਉਸ ਵੇਲੇ ਇਹ ਕਿਹਾ ਸੀ ਕਿ ਇੱਦਾਂ ਦੇ ਬੰਦੇ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ, ਜਿਹੜਾ ਥਾਲੀ ਦੇ ਬਤਾਊਂ ਵਾਂਗ ਕਿਸੇ ਵੀ ਪਾਸੇ ਨੂੰ ਰਿੜ੍ਹ ਸਕਦਾ ਹੈ। ਦੇਸ਼ ਦੀ ਕੌਮੀ ਰਾਜਨੀਤੀ ਬਾਰੇ ਲਿਖਦੇ ਰਹਿਣ ਵਾਲੇ ਕੁਝ ਚਿੰਤਕਾਂ ਦੀ ਇਹ ਰਾਏ ਹੈ ਕਿ ਨਿਤੀਸ਼ ਵਿਰੋਧ ਦੀਆਂ ਧਿਰਾਂ ਦੇ ‘ਇੰਡੀਆ’ ਗਠਜੋੜ ਦਾ ਆਗੂ ਬਣਨ ਦੀ ਗੱਲ ਚੱਲਣ ਤੋਂ ਪਹਿਲਾਂ ਭਾਜਪਾ ਦੇ ਸੰਪਰਕ ਵਿੱਚ ਆ ਚੁੱਕਾ ਸੀ। ਇਨ੍ਹਾਂ ਚਿੰਤਕਾਂ ਦੀ ਰਾਏ ਹੈ ਕਿ ਉਹ ਇਸ ਦਾਅ ਵਿੱਚ ਉਨ੍ਹਾਂ ਨਾਲ ਖੜ੍ਹਾ ਸੀ ਕਿ ਪਹਿਲਾਂ ਵਿਰੋਧੀ ਧਿਰਾਂ ਦੇ ਗਠਜੋੜ ਵੱਲੋਂ ਪ੍ਰਧਾਨ ਮੰਤਰੀ ਲਈ ਉਮੀਦਵਾਰ ਬਣ ਜਾਵੇ ਤੇ ਫਿਰ ਭਾਜਪਾ ਦੇ ਗਠਜੋੜ ਨਾਲ ਸਾਂਝ ਪਾ ਲਵੇ ਤਾਂ ਕਿ ਸਾਰੇ ਦੇਸ਼ ਵਿੱਚ ਇਹ ਕਹਿ ਕੇ ਚੋਣ-ਚੱਕਾ ਜਮਾ ਲਿਆ ਜਾਵੇ ਕਿ ਵਿਰੋਧੀ ਧਿਰਾਂ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਖੁਦ ਭਾਜਪਾ ਵਿੱਚ ਆ ਗਿਆ ਹੈ। ਇਸ ਵਿੱਚ ਸੱਚ ਕਿੰਨਾ ਹੈ ਅਤੇ ਫੋਕੀ ਕਿਆਫੇਬਾਜ਼ੀ ਕਿੰਨੀ ਹੈ, ਕਹਿ ਸਕਣਾ ਔਖਾ ਹੈ, ਪਰ ਇੱਦਾਂ ਹੋ ਵੀ ਸਕਦਾ ਸੀ।
ਹਾਲਾਤ ਦਾ ਅਜੋਕਾ ਵਹਿਣ ਜਿਸ ਪਾਸੇ ਵੱਲ ਜਾਂਦਾ ਦਿਸਦਾ ਹੈ, ਉਸ ਨੂੰ ਸਮਝ ਕੇ ਪੈਂਤੜੇ ਤੈਅ ਕਰਨੇ ਵਿਰੋਧੀ ਧਿਰ ਦੇ ਆਗੂਆਂ ਲਈ ਇਸ ਵਕਤ ਸਿਰੇ ਦੀ ਸਮਝਦਾਰੀ ਦਾ ਕੰਮ ਹੋਣਾ ਚਾਹੀਦਾ ਹੈ, ਪਰ ਜਿਹੜੀ ਵਿਰੋਧੀ ਧਿਰ ਆਪਣੇ ਅੰਦਰ ਵਾਲੇ ਮੱਤਭੇਦਾਂ ਵਿੱਚੋਂ ਨਹੀਂ ਨਿਕਲ ਰਹੀ, ਉਹ ਅਗਲਾ ਪੈਂਤੜਾ ਕਦੋਂ ਤੈਅ ਕਰੇਗੀ! ਕਾਂਗਰਸ ਪਾਰਟੀ ਇਕਲੌਤੇ ਆਗੂ ਰਾਹੁਲ ਗਾਂਧੀ ਤੋਂ ਸਿਵਾ ਕਿਸੇ ਨੂੰ ਕਿਸੇ ਯੋਗ ਨਾ ਸਮਝਣ ਦੀ ਮਾਨਸਿਕ ਅਵਸਥਾ ਤੋਂ ਬਾਹਰ ਨਹੀਂ ਆ ਰਹੀ ਅਤੇ ਉਸ ਨਾਲ ਜੁੜੀਆਂ ਧਿਰਾਂ ਵਿੱਚੋਂ ਕੋਈ ਇਹ ਕਹਿਣ ਜੋਗੀ ਨਹੀਂ ਲਗਦੀ ਕਿ ਬੁਰਜੀਆਂ ਪੂਜਣ ਨਾਲ ਬੇੜੀਆਂ ਪਾਰ ਨਹੀਂ ਲੱਗਦੀਆਂ ਹੁੰਦੀਆਂ। ਮਮਤਾ ਬੈਨਰਜੀ ਕਿਸੇ ਮੁਸ਼ਕਲ ਵਿੱਚ ਫਸਦੀ ਹੈ ਤਾਂ ਉਸ ਦੀ ਮਦਦ ਕਰਨ ਦੀ ਥਾਂ ਉਸ ਨਾਲ ਚੋਣ ਲਈ ਸੀਟਾਂ ਦੀ ਵੰਡ ਦਾ ਆਢਾ ਲਾਉਣ ਲਈ ਕਾਂਗਰਸ ਪਾਰਟੀ ਕਿਸੇ ਅਧੀਰ ਰੰਜਨ ਨੂੰ ਅੱਗੇ ਲਾ ਕੇ ਬਣੀ ਖੇਡ ਵਿਗਾੜ ਲੈਂਦੀ ਹੈ। ਕਰਨਾਟਕ ਵਿੱਚ ਐੱਚ ਡੀ ਦੇਵਗੌੜਾ ਅਤੇ ਉਸ ਦੇ ਪੁੱਤਰ ਕੁਮਾਰਸਵਾਮੀ ਨੂੰ ਕਾਂਗਰਸੀ ਲੀਡਰਾਂ ਦੀ ਉਸ ਰਾਜ ਵਿੱਚ ਸੱਤਾ ਦੀ ਭੁੱਖ ਨੇ ਇੰਨਾ ਦੂਰ ਕਰ ਦਿੱਤਾ ਹੈ ਕਿ ਜਿਸ ਭਾਜਪਾ ਵਿਰੁੱਧ ਉਹ ਉਸ ਰਾਜ ਵਿੱਚ ਅਗਵਾਈ ਕਰਨ ਵਾਲੇ ਮੰਨੇ ਜਾਂਦੇ ਸਨ, ਉਸ ਰਾਜ ਵਿੱਚ ਅੱਜ ਉਹ ਦੋਵੇਂ ਭਾਜਪਾ ਦੇ ਕਾਰਿੰਦੇ ਬਣੇ ਨਜ਼ਰ ਪੈਂਦੇ ਹਨ। ਪਿਛਲੇ ਸਾਲ ਦੇ ਅੰਤਲੇ ਦਿਨਾਂ ਵਿੱਚ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਆਗੂਆਂ ਦਾ ਅਜੇ ਵੀ ਵੱਡੀ ਪਾਰਟੀ ਹੋਣ ਦਾ ਵਹਿਮ ਤੇ ਬਾਕੀ ਪਾਰਟੀਆਂ ਦਾ ਕਾਂਗਰਸ ਦੇ ਪਰ ਕੁਤਰਨ ਦੀ ਸੋਚ ਦੋਵਾਂ ਧਿਰਾਂ ਲਈ ਘਾਟੇ ਦਾ ਸੌਦਾ ਬਣੀ ਸੀ ਅਤੇ ਭਾਜਪਾ ਹਾਰਦੀ ਸੁਣੀ ਜਾਂਦੀ ਫਿਰ ਜਿੱਤ ਗਈ ਸੀ। ਜਿਹੜੇ ਕੇਂਦਰੀ ਕਾਂਗਰਸੀ ਲੀਡਰਾਂ ਨੇ ਉਸ ਵਕਤ ਭੱਠਾ ਬਿਠਾਇਆ ਸੀ, ਉਹ ਅੱਜ ਵੀ ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਅਗਵਾਨੂੰ ਬਣਨ ਦੀਆਂ ਡੀਂਗਾਂ ਮਾਰਦੇ ਦਿਖਾਈ ਦਿੰਦੇ ਹਨ।
ਇਸ ਤਰ੍ਹਾਂ ਦੇ ਹਾਲਾਤ ਵਿੱਚ ਭਾਰਤੀ ਰਾਜਨੀਤੀ ਦਾ ਭਵਿੱਖ ਕਿੱਦਾਂ ਦਾ ਹੈ, ਇਸ ਬਾਰੇ ਕੁਝ ਕਹਿ ਦੇਣਾ ਵਕਤ ਤੋਂ ਪਹਿਲਾਂ ਦੀ ਗੱਲ ਹੋਵੇਗੀ, ਪਰ ਇਹ ਕਹਿਣ ਤੋਂ ਕਈ ਲੇਖਕ ਝਿਜਕ ਨਹੀਂ ਰਹੇ ਕਿ ਜੇ ਵਿਰੋਧੀ ਧਿਰ ਇਸ ਵਾਰ ਹੋਰ ਵੀ ਸੱਟ ਖਾ ਗਈ ਤਾਂ ਦੇਸ਼ ਦੇ ਲੋਕਾਂ ਨੂੰ ਜੋ ਭੁਗਤਣਾ ਪਿਆ, ਉਸ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਹੋਵੇਗੀ। ਸਿਆਸਤ ਜਿਸ ਮੋੜ ਉੱਤੇ ਆਣ ਪਹੁੰਚੀ ਹੈ, ਵਿਰੋਧੀ ਧਿਰਾਂ ਦੇ ਆਗੂਆਂ ਦੇ ਹਰ ਪੈਂਤੜੇ ਵੱਲ ਦੇਸ਼ ਦੇ ਲੋਕ ਨੀਝ ਨਾਲ ਵੇਖ ਰਹੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4704)
(ਸਰੋਕਾਰ ਨਾਲ ਸੰਪਰਕ ਲਈ: (