“ਇਸ ਵਰਤਾਰੇ ਦੀ ਚਿੰਤਾ ਅੱਜ ਨਾ ਕੀਤੀ ਤਾਂ ਕਦੇ ਕੀਤੀ ਹੀ ਨਹੀਂ ਜਾ ਸਕਣੀ ...”
(24 ਅਕਤੂਬਰ 2021)
ਇਹ ਸਵਾਲ ਸਾਡੇ ਸਾਰਿਆਂ ਦਰਮਿਆਨ ਅਕਸਰ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ ਕਿ ‘ਪੰਜਾਬ ਦਾ ਬਣੂੰਗਾ ਕੀ?’ ਆਮ ਕਰ ਕੇ ਇਸ ਸਵਾਲ ਦੀ ਹੱਦ ਅਗਲੀਆਂ ਵਿਧਾਨ ਸਭਾ ਚੋਣਾਂ ਜਾਂ ਇਸ ਰਾਜ ਵਿੱਚ ਕੋਈ ਅਗਲੀ ਸਰਕਾਰ ਬਣਨ ਬਾਰੇ ਸੋਚਣ ਤੱਕ ਸੀਮਤ ਹੁੰਦੀ ਹੈ। ਕੋਈ ਵਿਰਲਾ ਬੰਦਾ ਇਹ ਸਵਾਲ ਥੋੜ੍ਹਾ ਅੱਗੇ ਤੱਕ ਵਧਾ ਕੇ ਇਹ ਕਹਿਣ ਤੱਕ ਪਹੁੰਚ ਜਾਂਦਾ ਹੈ ਕਿ ਸਰਕਾਰਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਭਵਿੱਖ ਦਾ ਪੰਜਾਬ ਕਿਹੋ ਜਿਹਾ ਹੋਵੇਗਾ ਤੇ ਇਸ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਕਿਨ੍ਹਾਂ ਉਲਝਣਾਂ ਨਾਲ ਸਿੱਝਣਾ ਪੈ ਸਕਦਾ ਹੈ? ਉਹ ਉਲਝਣਾਂ ਉਨ੍ਹਾਂ ਲਈ ਰੁਜ਼ਗਾਰ ਬਾਰੇ ਵੀ ਹੋ ਸਕਦੀਆਂ ਹਨ ਅਤੇ ਭਾਸ਼ਾ ਤੇ ਸੱਭਿਆਚਾਰ ਬਾਰੇ ਵੀ ਜ਼ਰੂਰ ਹੋਣਗੀਆਂ, ਪਰ ਇਨ੍ਹਾਂ ਬਾਰੇ ਡੂੰਘਾ ਸੋਚਣ ਦਾ ਵਕਤ ਅੱਜ ਸਾਡੇ ਲੋਕਾਂ ਕੋਲ ਬਹੁਤਾ ਜਾਂ ਤਾਂ ਹੈ ਨਹੀਂ, ਜਾਂ ਏਨਾ ਲੰਮਾ ਸੋਚਣਾ ਨਹੀਂ ਚਾਹੁੰਦੇ ਤੇ ਥੋੜ੍ਹ-ਚਿਰੀ ਚਿੰਤਾ ਏਥੋਂ ਤੱਕ ਹੀ ਰਹਿੰਦੀ ਹੈ ਕਿ ਅਗਲੀਆਂ ਅਸੈਂਬਲੀ ਚੋਣਾਂ ਮਗਰੋਂ ‘ਪੰਜਾਬ ਦਾ ਬਣੂੰਗਾ ਕੀ?’ ਪੰਜਾਬ ਬਾਰੇ ਏਦਾਂ ਦੀ ਚਿੰਤਾ ਕਰਨਾ ਵੀ ਗਲਤ ਨਹੀਂ, ਪਰ ਸਿਰਫ ਚੋਣਾਂ ਤੱਕ ਦੀ ਚਿੰਤਾ ਕਰਨਾ ਗਲਤ ਹੈ। ਬਣੇਗਾ ਪੰਜਾਬ ਦਾ ਇਹੋ ਕਿ ਕੋਈ ਨਾ ਕੋਈ ਪਾਰਟੀ ਲੋਕਾਂ ਨੂੰ ਝੂਠੇ ਵਾਅਦੇ ਕਰ ਕੇ ਅਤੇ ਲਾਰੇ ਲਾ ਕੇ ਚੋਣਾਂ ਜਿੱਤਣ ਜੋਗਾ ਜੁਗਾੜ ਕਰ ਲਵੇਗੀ ਅਤੇ ਫਿਰ ਅਗਲੇ ਪੰਜ ਸਾਲ ਅਸੀਂ ਇਹ ਕਹਿੰਦੇ ਰਹਾਂਗੇ ਕਿ ਇਹ ਪਿਛਲੀ ਸਰਕਾਰ ਤੋਂ ਵੀ ਮਾੜੀ ਨਿਕਲੀ ਹੈ। ਅੱਜ ਤੀਕ ਪੰਜਾਬ ਨੂੰ ਜਦੋਂ ਵੀ ਕੋਈ ਸਰਕਾਰ ਮਿਲੀ, ਉਸ ਨੇ ਸਾਨੂੰ ਇਹੋ ਕਹਿਣ ਜੋਗੇ ਕੀਤਾ ਹੈ ਕਿ ਇਸ ਨਾਲੋਂ ਪਿਛਲੀ ਸਰਕਾਰ ਚੰਗੀ ਸੀ। ਜਦੋਂ ਪਿਛਲੀ ਸਰਕਾਰ ਹੁੰਦੀ ਸੀ, ਜਿਹੜੇ ਲੋਕ ਉਸ ਦੇ ਵਕਤ ਰੋਂਦੇ-ਚੀਕਦੇ ਰਹੇ ਸਨ, ਉਹ ਨਵੀਂ ਸਰਕਾਰ ਦੇ ਆਇਆਂ ਤੋਂ ਵੀ ਚੀਕਾਂ ਮਾਰਨਗੇ ਅਤੇ ਇਸ ਚੀਕ-ਪਰੇਡ ਨੂੰ ਸੁਣਨ ਲਈ ਬਹੁਤਾ ਲੰਮਾ ਉਡੀਕਣਾ ਵੀ ਨਹੀਂ ਪਵੇਗਾ।
ਹਰ ਸਰਕਾਰ ਦੇ ਵਕਤ ਚੀਕਾਂ ਮਾਰਨ ਅਤੇ ਕੋਈ ਸੁਖਾਵਾਂ ਬਦਲ ਨਾ ਹੋਣ ਕਰ ਕੇ ਫਿਰ ਪਹਿਲੇ ਨੂੰ ਭਜਾਉਣ ਅਤੇ ਉਸ ਤੋਂ ਵੀ ਮਾੜਾ ਸਾਬਤ ਹੋਣ ਵਾਲਾ ਕੋਈ ਨਵਾਂ ਨੇਤਾ ਚੁਣ ਕੇ ਚੀਕਾਂ ਮਾਰਨ ਦੀ ਰਿਵਾਇਤ ਭੁੱਲ ਕੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਪੰਜਾਬ ਅਤੇ ਭਾਰਤ ਦੇ ਲੋਕ ਇਹ ਕਿਉਂ ਨਹੀਂ ਸੋਚਦੇ ਕਿ ਪੰਜਾਬ ਜਾਂ ਦੇਸ਼ ਜਾ ਕਿੱਧਰ ਨੂੰ ਰਿਹਾ ਹੈ? ਸਾਡੇ ਭਾਰਤ ਦੇ ਆਂਢ-ਗਵਾਂਢ ਦੇ ਦੇਸ਼ਾਂ ਵਿੱਚੋਂ ਇੱਕ ਚੀਨ ਦਾ ਤਜਰਬਾ ਵੱਖਰੀ ਕਿਸਮ ਦਾ ਹੈ, ਜਿਹੜਾ ਕਈ ਲੋਕਾਂ ਨੂੰ ਪਸੰਦ ਨਹੀਂ ਤੇ ਜਿਨ੍ਹਾਂ ਲੋਕਾਂ ਨੂੰ ਪਸੰਦ ਨਹੀਂ, ਉਹ ਨਾਪਸੰਦ ਕਰਦੇ ਰਹਿਣ, ਬਾਕੀ ਦੇ ਗਵਾਂਢੀ ਦੇਸ਼ਾਂ ਦਾ ਤਜਰਬਾ ਏਦਾਂ ਦਾ ਹੈ ਕਿ ਹਰ ਥਾਂ ਹੌਲੀ-ਹੌਲੀ ਫਿਰਕੂ ਤੱਤ ਭਾਰੂ ਹੁੰਦੇ ਗਏ ਹਨ ਅਤੇ ਮਨੁੱਖਵਾਦ ਦੀ ਸੋਚ ਗਰਕਦੀ ਗਈ ਹੈ। ਪਾਕਿਸਤਾਨ ਤਾਂ ਬਣਿਆ ਹੀ ਇੱਕ ਧਰਮ ਦੇ ਨਾਂਅ ਉੱਤੇ ਸੀ ਤੇ ਓਥੇ ਉਸ ਧਰਮ ਦੇ ਨਾਂਅ ਉੱਤੇ ਫਿਰਕੂ ਕੱਟੜਪੰਥ ਦਾ ਭਾਰੂ ਹੋਣਾ ਸਮਝ ਆ ਜਾਂਦਾ ਸੀ, ਪਰ ਜਿਹੜਾ ਬੰਗਲਾ ਦੇਸ਼ ਬੰਗਾਲੀਅਤ ਦੇ ਨਾਂਅ ਉੱਤੇ ਸਾਂਝੀ ਜੰਗ ਲੜ ਕੇ ਤੇ ਸਾਂਝੀਆਂ ਕੁਰਬਾਨੀਆਂ ਦੇ ਕੇ ਬਣਿਆ ਸੀ, ਉਹ ਵੀ ਆਖਰ ਨੂੰ ਆਪਣੇ ਸੰਵਿਧਾਨ ਵਿੱਚ ਇਸਲਾਮੀ ਰਾਜ ਦਾ ਸ਼ਬਦ ਜੋੜਨ ਤੱਕ ਪਹੁੰਚ ਗਿਆ ਅਤੇ ਅੱਗੋਂ ਓਥੇ ਸਾਰੀਆਂ ਘੱਟ-ਗਿਣਤੀਆਂ ਨੂੰ ਇੱਕ ਵੱਡੇ ਧਰਮ ਦੀ ਕੱਟੜਪੰਥੀ ਸੋਚ ਸਾਹਮਣੇ ਝੁਕਣ ਲਈ ਮਜਬੂਰ ਕਰ ਦੇਣ ਵਾਲੀਆਂ ਸਰਗਰਮੀਆਂ ਸਿਖਰਾਂ ਉੱਤੇ ਹਨ। ਪਿਛਲੇ ਦਿਨੀਂ ਜੋ ਕੁਝ ਓਥੇ ਹੋਇਆ ਹੈ, ਉਹ ਇਸੇ ਦਾ ਸਬੂਤ ਹੈ।
ਗਵਾਂਢ ਦਾ ਰੂਪ ਨਹੀਂ ਆਉਂਦਾ, ਉਸ ਦੀ ਮੱਤ ਆ ਜਾਂਦੀ ਹੈ। ਭਾਰਤ ਦੇ ਗਵਾਂਢ ਵਿੱਚ ਇਹ ਸਭ ਕੁਝ ਹੁੰਦਾ ਵੇਖ ਕੇ ਦੁਖੀ ਹੋਣ ਦੀ ਥਾਂ ਭਾਰਤ ਦੀ ਕਮਾਨ ਸਾਂਭਣ ਵਾਲੀ ਮੁੱਖ ਧਿਰ ਇਸ ਮੌਕੇ ਨੂੰ ਵਰਤ ਕੇ ਆਪਣੇ ਰੰਗ ਦੀ ਸੋਚ ਦਾ ਦੇਸ਼ ਸਿਰਜਣ ਲਈ ਹਰ ਹੱਦ ਤੱਕ ਜਾਣ ਨੂੰ ਤਿਆਰ ਹੈ। ਸਕੂਲਾਂ ਵਿੱਚ ਪੜ੍ਹਦੇ ਜਵਾਕਾਂ ਨੂੰ ਦੇਸ਼ਭਗਤੀ ਦਾ ਪੜ੍ਹਾਉਣ ਦੇ ਬਹਾਨੇ ਇੱਕ ‘ਭਾਰਤ-ਮਾਤਾ’ ਦੀ ਭਗਤੀ ਅਤੇ ਉਸ ਭਾਰਤ-ਮਾਤਾ ਦੀ ਤਸਵੀਰ ਹਿੰਦੂ ਦੇਵੀਆਂ ਨਾਲ ਮਿਲਦੀ ਵਿਖਾ ਕੇ ਉਸ ਦਾ ਇੱਕ ਅਕਸ ਉਨ੍ਹਾਂ ਦੇ ਮਨਾਂ ਵਿੱਚ ਗਹਿਰਾ ਬਿਠਾਇਆ ਜਾ ਰਿਹਾ ਹੈ। ਪਹਿਲਾਂ ਰਾਸ਼ਟਰੀ ਗਾਨ ‘ਜਨ ਗਣ ਮਨ’ ਹੁੰਦਾ ਸੀ, ਫਿਰ ‘ਵੰਦੇ ਮਾਤਰਮ’ ਤੋਂ ਚੱਲਦੇ ਹੋਏ ਹੌਲੀ-ਹੌਲੀ ਦੇਸ਼ ਦੇ ਕੁਝ ਰਾਜਾਂ ਵਿੱਚ ਛੋਟੇ ਬੱਚਿਆਂ ਨੂੰ ਸਵੇਰੇ ਸਕੂਲ ਜਾਂਦੇ ਸਾਰ ‘ਸੂਰੀਆ ਨਮਸਕਾਰ’ ਦੀ ਪ੍ਰਕਿਰਿਆ ਹੇਠੋਂ ਲੰਘਣ ਲਈ ਮਜਬੂਰ ਕੀਤਾ ਜਾਣ ਲੱਗ ਪਿਆ ਹੈ। ਜਿਸ ਰਾਜ ਵਿੱਚ ਕਿਸੇ ਥਾਂ ਮਾਂ-ਬਾਪ ਏਦਾਂ ਦੀ ਨਵੀਂ ਰੀਤ ਉੱਤੇ ਕੋਈ ਇਤਰਾਜ਼ ਕਰਨ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ‘ਰਾਸ਼ਟਰ ਵਿਰੋਧੀ’ ਕਹਿ ਕੇ ਭੰਡਿਆ ਜਾਂਦਾ ਹੈ ਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਕੀ ਬੱਚਿਆਂ ਸਾਹਮਣੇ ਜ਼ਲੀਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਭਾਰਤ ਨੂੰ ਓਸੇ ਪਾਸੇ ਧੱਕਿਆ ਜਾ ਰਿਹਾ ਹੈ, ਜਿੱਥੇ ਅਗਲੀ ਪੀੜ੍ਹੀ ਆਪਣੇ ਆਪ ਸਿਰਫ ਇੱਕ ਧਰਮ ਤੇ ਇੱਕ ਭਾਸ਼ਾ ਦੀ ਸਰਦਾਰੀ ਮੰਨਣ ਲੱਗ ਪਵੇਗੀ ਤੇ ਜਿਹੜਾ ਭਾਰਤ ਅੱਜ ਤੱਕ ‘ਅਨੇਕਤਾ ਵਿੱਚ ਏਕਤਾ’ ਦਾ ਗੁਲਦਸਤਾ ਹੋਣ ਦਾ ਮਾਣ ਕਰਿਆ ਕਰਦਾ ਸੀ, ਉਹ ਆਪਣਾ ਇਹ ਗੁਣ ਗੁਆਉਣ ਪਿੱਛੋਂ ਓਦਾਂ ਦੇ ਇੱਕ ਹੋਰ ਯੁੱਗ ਵੱਲ ਰਿੜ੍ਹਨ ਲੱਗੇਗਾ, ਜਿੱਥੇ ਵਿਰੋਧੀਆਂ ਦੇ ਕੰਨਾਂ ਵਿੱਚ ਪਿਘਲਾ ਕੇ ਸਿੱਕਾ ਪਾ ਦਿੱਤਾ ਜਾਂਦਾ ਸੀ ਤੇ ਫਿਰ ਉਹ ਨਾ ਤਾਂ ਇੱਕ-ਦੂਸਰੇ ਦੀ ਗੱਲ ਸੁਣ ਸਕਦੇ ਸਨ ਤੇ ਨਾ ਆਪਣੀ ਗੱਲ ਆਪਣਿਆਂ ਨੂੰ ਸੁਣਾ ਸਕਦੇ ਸਨ ਤੇ ਨਾ ਉਸ ਸਮਾਜੀ ਪ੍ਰਬੰਧ ਦੇ ਵਿਰੁੱਧ ਕੁਝ ਕਰਨ ਜੋਗੇ ਰਹਿ ਗਏ ਸਨ।
ਇਨ੍ਹਾਂ ਹਾਲਾਤ ਵਿੱਚ ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਤੌਰ ਉੱਤੇ ਉਨ੍ਹਾਂ ਲੋਕਾਂ ਨੂੰ ਸੋਚਣ ਦੀ ਲੋੜ ਹੈ, ਜਿਹੜੇ ਆਪਣੇ ਇਸ ਖਿੱਤੇ ਦੀ, ਇਸ ਦੇ ਵਿਲੱਖਣ ਸੱਭਿਆਚਾਰ ਦੀ ਅਤੇ ਮਾਖਿਉਂ ਮਿੱਠੀ ਬੋਲੀ ਦੀ ਮਹਿਕ ਬਣੀ ਰੱਖਣ ਦੇ ਲਈ ਚਿੰਤਾ ਕਰਨਾ ਫਰਜ਼ ਵੀ ਸਮਝਦੇ ਹਨ ਤੇ ਹੱਕ ਵੀ। ਇਸ ਵਕਤ ਭਾਰਤ ਵਿੱਚ ਹਿੰਦੀ ਤੋਂ ਬਿਨਾਂ ਸਾਰੀਆਂ ਭਾਸ਼ਾਵਾਂ ਨੂੰ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਉੱਤੇ ਉਹ ਹਿੰਦੀ ਭਾਸ਼ਾ ਲੱਦੀ ਜਾ ਰਹੀ ਹੈ, ਜਿਹੜੀ ਅਸਲ ਵਿੱਚ ਅਸਲੀ ਭਾਸ਼ਾ ਹੈ ਹੀ ਨਹੀਂ, ਉਹ ਮੈਥਿਲੀ, ਅਵਧੀ, ਭੋਜਪੁਰੀ ਨੂੰ ਹੜੱਪ ਕੇ ਹਿੰਦੀ ਦਾ ਉਹ ਰੂਪ ਧਾਰਨਾ ਚਾਹੁੰਦੀ ਹੈ, ਜਿਹੜਾ ਭਾਰਤ ਦੇ ਕਿਸੇ ਵੀ ਦੋ ਰਾਜਾਂ ਵਿੱਚ ਅੱਜ ਤੱਕ ਇੱਕੋ ਜਿਹਾ ਨਹੀਂ ਲੱਭਦਾ। ਭਾਰਤ ਦੇ ਜਿਹੜੇ ਉੱਤਰੀ ਤੇ ਕੇਂਦਰੀ ਹਿੱਸਿਆਂ ਨੂੰ ਹਿੰਦੀ ਭਾਸ਼ੀ ਕਿਹਾ ਜਾਂਦਾ ਹੈ, ਉਨ੍ਹਾਂ ਵਿੱਚੋਂ ਵੀ ਕਿਸੇ ਦੋ ਰਾਜਾਂ ਵਿਚਲੀ ਹਿੰਦੀ ਇੱਕੋ ਜਿਹੀ ਨਹੀਂ, ਹਰ ਥਾਂ ਸਥਾਨਕ ਵਸੋਂ ਆਪਣੇ ਸਥਾਨਕ ਰੰਗ ਵਿੱਚ ਬੋਲਦੀ ਹੈ। ਪਰ ਭਾਰਤ ਦੀ ਕਮਾਨ ਸੰਭਾਲੀ ਬੈਠੀ ਰਾਜਸੀ ਧਿਰ ਅਤੇ ਉਸ ਧਿਰ ਦੀ ਕਮਾਨ ਸੰਭਾਲੀ ਬੈਠੇ ਸੰਗਠਨ ਦੇ ਲੋਕ ਉਹੋ ‘ਹਿੰਦੀ’ ਸਾਰੇ ਭਾਰਤ ਦੇ ਲੋਕਾਂ ਦੇ ਸੰਘ ਵਿੱਚੋਂ ਦੀ ਲੰਘਾਉਣਾ ਲੋਚਦੇ ਹਨ। ਇਹ ਰਾਜਸੀ ਰੰਗ ਦਾ ਹਮਲਾ ਵੀ ਹੈ, ਸੱਭਿਆਚਾਰਕ ਰੰਗ ਦਾ ਵੀ ਅਤੇ ਪੁਰਾਤਨਤਾ ਦੇ ਚੋਲੇ ਪੁਆ ਕੇ ਇੱਕ ਵਾਰ ਫਿਰ ਦੇਸ਼ ਦੇ ਕਰੋੜਾਂ ਲੋਕਾਂ ਨੂੰ ਉਸ ਰਾਜਨੀਤਕ ਢਾਂਚੇ ਵੱਲ ਮੋੜਨ ਦਾ ਲੁਕਵਾਂ ਦਾਅ ਵੀ, ਜਿਸ ਵਿੱਚ ਵਰਣ-ਵੰਡ ਨਾਲ ਇਨਸਾਨੀਅਤ ਨੂੰ ਏਨੀ ਥਾਂ ਵੰਡਿਆ ਜਾਵੇਗਾ ਕਿ ਮਨੁੱਖਵਾਦ ਰੁਲ ਜਾਵੇਗਾ। ਜਦੋਂ ਸੱਭਿਆਚਾਰ, ਜਿਸ ਨੂੰ ਉਹ ‘ਸੰਸਕ੍ਰਿਤੀ’ ਕਹਿੰਦੇ ਹਨ, ਦੇ ਓਹਲੇ ਹੇਠ ਉਹ ਇੱਕ ਸੋਚ ਦਾ ਰੰਗ ਚਾੜ੍ਹਨਾ ਚਾਹੁੰਦੇ ਹਨ ਤਾਂ ਇਸ ਦਾ ਤਜਰਬਾ ਜਿਸ ਭਾਰਤ ਦੇਸ਼ ਵਿੱਚ ਹੋਣਾ ਹੈ, ਪੰਜਾਬ ਤੇ ਪੰਜਾਬੀਅਤ ਵੀ ਉਸੇ ਵਿੱਚ ਹੈ। ਇਸ ਵਰਤਾਰੇ ਦੀ ਚਿੰਤਾ ਅੱਜ ਨਾ ਕੀਤੀ ਤਾਂ ਕਦੇ ਕੀਤੀ ਹੀ ਨਹੀਂ ਜਾ ਸਕਣੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3100)
(ਸਰੋਕਾਰ ਨਾਲ ਸੰਪਰਕ ਲਈ: