“ਕਹਾਵਤ ਸੁਣੀਦੀ ਹੈ ਕਿ ‘ਤੌੜੀ ਉੱਬਲੇਗੀ ਤਾਂ ਆਪਣੇ ਕੰਢੇ ਸਾੜ ਲਵੇਗੀ, ਕਿਸੇ ਦਾ ਕੀ ਵਿਗਾੜ ਲਵੇਗੀ’! ਲੋਕਤੰਤਰ ਵਿੱਚ ...”
(15 ਅਗਸਤ 2024)
ਇਸ ਸਮੇਂ ਪਾਠਕ: 595.
ਰਾਜ-ਸੱਤਾ ਜਿਸ ਕਿਸੇ ਨੂੰ ਮਿਲ ਜਾਵੇ, ਉਸ ਲਈ ਬਹੁਤ ਚੰਗੀ ਹੁੰਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਸ ਰਾਜ ਵਿੱਚ ਲੋਕਾਂ ਲਈ ਵੀ ਓਨੀ ਚੰਗੀ ਨਿਕਲੇ। ਸਦੀਆਂ ਅਤੇ ਸ਼ਾਇਦ ਯੁੱਗਾਂ ਦਾ ਇਤਿਹਾਸ ਦੱਸਦਾ ਹੈ ਕਿ ਜਿਹੜਾ ਕੋਈ ਰਾਜਾ ਬਣ ਜਾਂਦਾ ਸੀ, ਉਹ ਕਿੰਨਾ ਵੀ ਧਰਮਾਤਮਾ ਕਿਉਂ ਨਾ ਬਣਿਆ ਰਿਹਾ ਹੋਵੇ, ਆਪਣੇ ਮਹਿਲ ਵਿੱਚ ਦੌਲਤ ਦੇ ਢੇਰ ਲਾਉਣ ਤੋਂ ਕਸਰ ਕਦੇ ਕਿਸੇ ਨਹੀਂ ਛੱਡੀ। ਜਿਹੜੇ ਇਲਾਕਿਆਂ ਵਿੱਚ ਆਮ ਲੋਕਾਂ ਲਈ ਦੋ ਡੰਗ ਰੋਟੀ ਦਾ ਜੁਗਾੜ ਕਰਨਾ ਔਖਾ ਹੁੰਦਾ ਸੀ, ਨਿਕੰਮੀ ਜ਼ਮੀਨ ਦਾ ਉਹ ਇਲਾਕਾ ਬੰਜਰ ਵੀ ਹੋ ਸਕਦਾ ਸੀ, ਹੜ੍ਹਾਂ ਦੀ ਮਾਰ ਹੇਠ ਰਹਿਣ ਵਾਲਾ ਜਾਂ ਰੇਤ ਵਾਲੇ ਮੀਲਾਂ-ਬੱਧੀ ਚੱਲਦੇ ਟਿੱਬਿਆਂ ਦਾ ਮਾਰੂਥਲ ਵੀ, ਉੱਥੇ ਵੀ ਪੁਰਾਣੇ ਰਾਜਿਆਂ ਦੇ ਮਹਿਲ ਅਜੋਕੇ ਰਾਸ਼ਟਰਪਤੀ ਭਵਨ ਨਾਲੋਂ ਵੱਧ ਆਲੀਸ਼ਾਨ ਬਣਾਏ ਅੱਜ ਤਕ ਮੌਜੂਦ ਹਨ। ਉਨ੍ਹਾਂ ਇਲਾਕਿਆਂ ਦੇ ਸਾਧਾਰਨ ਲੋਕਾਂ ਦੇ ਘਰ ਤਾਂ ਅੱਜ ਵੀ ਕੱਚੇ ਹਨ ਤੇ ਕਾਨਿਆਂ ਦੀ ਛੱਤਾਂ ਵਾਲੇ ਖੜੋਤੇ ਹਨ, ਪੀਣ ਵਾਲਾ ਪਾਣੀ ਲੈਣ ਘੜੇ ਚੁੱਕ ਕੇ ਘੰਟਿਆਂ ਦਾ ਸਮਾਂ ਲਾਉਣ ਜਿੰਨੀ ਦੂਰ ਜਾਣਾ ਪੈਂਦਾ ਹੈ, ਪਰ ਰਾਜਿਆਂ ਦੇ ਕਹਾਣੀਆਂ-ਕਿੱਸੇ ਦੱਸਦੇ ਹਨ ਕਿ ਉਨ੍ਹਾਂ ਕੋਲ ਆਪਣੇ ਲੋੜ ਵਾਲੀ ਕਿਸੇ ਚੀਜ਼ ਦੀ ਘਾਟ ਉਦੋਂ ਵੀ ਨਹੀਂ ਸੀ ਹੁੰਦੀ। ਉਨ੍ਹਾਂ ਹਾਲਾਤ ਵਿੱਚ ਵੀ ਜੇ ਉਨ੍ਹਾਂ ਦੇ ਖਜ਼ਾਨਿਆਂ ਵਿੱਚ ਦੌਲਤਾਂ ਦੇ ਢੇਰ ਲੱਗਦੇ ਜਾਂਦੇ ਸਨ ਤਾਂ ਸਿਰਫ ਰਾਜ-ਪ੍ਰਬੰਧਕੀ ਨਿਯਮਾਂ ਨਾਲ ਲੋਕਾਂ ਦੀਆਂ ਜੇਬਾਂ ਕੱਟਣ ਜਾਂ ਫਿਰ ਸਿੱਧਾ ਕਿਹਾ ਜਾਵੇ ਤਾਂ ਆਮ ਲੋਕਾਂ ਨੂੰ ਕੁੱਟ ਕੇ ਉਨ੍ਹਾਂ ਦੇ ਮੂੰਹੋਂ ਬੁਰਕੀ ਖੋਹਣ ਦੀਆਂ ਨੀਤੀਆਂ ਕਾਰਨ ਖਜ਼ਾਨੇ ਭਰਦੇ ਸਨ। ਅਸੀਂ ਇਤਿਹਾਸ ਦੇ ਉਨ੍ਹਾਂ ਰਾਜਿਆਂ ਦੇ ਬਿਰਤਾਂਤ ਵੀ ਕਈ ਵਾਰ ਪੜ੍ਹਦੇ ਰਹਿੰਦੇ ਹਾਂ, ਜਿਹੜੇ ਬਹੁਤ ਦਾਨੀ ਕਹਾਉਂਦੇ ਸਨ ਤੇ ਕਿਸੇ ਉੱਤੇ ਬਾਹਲੇ ਖੁਸ਼ ਹੋ ਜਾਂਦੇ ਸਨ ਤਾਂ ਉਸ ਨੂੰ ‘ਐਨੇ ਪਿੰਡਾਂ ਦੀ ਜਗੀਰ’ ਅਲਾਟ ਕਰ ਦਿੱਤਾ ਕਰਦੇ ਸਨ। ਇੱਦਾਂ ਜਗੀਰਾਂ ਅਲਾਟ ਕਰਦੇ ਸਮੇਂ ਉਹ ਰਾਜੇ ਉਨ੍ਹਾਂ ਪਿੰਡਾਂ ਵਿੱਚ ਰਹਿੰਦੇ ਆਮ ਲੋਕਾਂ ਨੂੰ ਵੀ ਉਸ ਵਿਅਕਤੀ ਦੇ ਕਾਰਿੰਦੇ ਬਣਾ ਦਿੱਤਾ ਕਰਦੇ ਸਨ ਤੇ ਇੱਦਾਂ ਪਿੰਡ ਨਾਲ ਪਿੰਡ ਦੇ ਲੋਕ ਵੀ ਗੁਲਾਮ ਬਣਾ ਦੇਣ ਵਾਲਾ ਰਾਜਾ ਆਮ ਬੋਲੀ ਅਤੇ ਇਤਿਹਾਸ ਵਿੱਚ ਬਹੁਤ ਚੰਗਾ ਆਖਿਆ ਜਾਂਦਾ ਸੀ।
ਸਾਡੇ ਸਮਿਆਂ ਵਿੱਚ ਬਹੁਤ ਥੋੜ੍ਹੇ ਦੇਸ਼ਾਂ ਨੂੰ ਛੱਡ ਕੇ ਸੰਸਾਰ ਭਰ ਵਿੱਚ ਲੋਕ-ਰਾਜੀ ਸਰਕਾਰਾਂ ਚਲਦੀਆਂ ਹਨ ਅਤੇ ਆਮ ਰਾਏ ਇਹੋ ਹੈ ਕਿ ਰਾਜ ਕਰਨ ਦੇ ਬਾਕੀ ਪ੍ਰਬੰਧਾਂ ਨਾਲੋਂ ਇਹ ਪ੍ਰਬੰਧ ਮੁਕਾਲਤਨ ਵਧੀਆ ਹੈ। ਇਹੋ ਜਿਹੇ ਪ੍ਰਬੰਧ ਦਾ ਬਾਕੀ ਪ੍ਰਬੰਧਾਂ ਨਾਲੋਂ ਵਧੀਆ ਹੋਣਾ ਇੱਕ ਧਾਰਨਾ ਹੋ ਸਕਦੀ ਹੈ, ਪਰ ਸਭ ਤੋਂ ਵਧੀਆ ਤੇ ਪਾਪਾਂ ਤੋਂ ਮੁਕਤ ਪ੍ਰਬੰਧ ਹੋਣਾ ਯਕੀਨੀ ਨਹੀਂ। ਜਿਸ ਕਿਸੇ ਨੂੰ ਕਿਸੇ ਦੇਸ਼ ਵਿੱਚ ਕਦੇ ਹਕੂਮਤ ਕਰਨ ਦਾ ਮੌਕਾ ਮਿਲਿਆ, ਬਹੁਤੇ ਦੇਸ਼ਾਂ ਵਿੱਚ ਇਤਿਹਾਸ ਦੇ ਪਿਛਲੇ ਰਾਜ-ਪ੍ਰਬੰਧਾਂ ਦਾ ਕੋਝਾਪਣ ਇੱਕ ਜਾਂ ਦੂਸਰੀ ਤਰ੍ਹਾਂ ਦੁਹਰਾਉਂਦੇ ਅਤੇ ਆਪਣੇ ਨੇੜ ਵਾਲਿਆਂ ਦੀਆਂ ਲਹਿਰਾਂ-ਬਹਿਰਾਂ ਦਾ ਜੁਗਾੜ ਕਰਨ ਵਾਲੇ ਸਾਬਤ ਹੋਣ ਲੱਗ ਜਾਂਦੇ ਰਹੇ ਹਨ। ਦੁਨੀਆ ਦੇ ਯੂਰਪੀ, ਪੱਛਮੀ ਤੇ ਪੂਰਬੀ ਪਾਸੇ ਚੜ੍ਹਦੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਮਾਨਣ ਵਾਲੇ ਜਾਪਾਨ ਤੇ ਦੱਖਣੀ ਕੋਰੀਆ ਵਰਗੇ ਮੁਲਕਾਂ ਦੇ ਹਾਕਮਾਂ ਨੇ ਵੀ ਇਹੋ ਕੁਝ ਕੀਤਾ ਅਤੇ ਫਿਰ ਇਸ ਕੀਤੇ ਦੇ ਸਿੱਟੇ ਭੁਗਤਣ ਨਾਲ ਖਬਰਾਂ ਬਣਾਈਆਂ ਹੋਈਆਂ ਹਨ। ਭਾਰਤ ਵਿੱਚ ਵੀ ਲੋਕਤੰਤਰ ਹੈ, ਲੋਕ-ਰਾਜੀ ਪ੍ਰਬੰਧ ਹੈ, ਪਰ ਜੇ ਲੋਕ-ਰਾਜੀ ਪ੍ਰਬੰਧਾਂ ਦੀ ਚੰਗੀ ਵੰਨਗੀ ਮੰਨੇ ਜਾਂਦੇ ਦੇਸ਼ਾਂ ਵਿੱਚ ਲੀਡਰ ਸ਼ਰਮ ਨਹੀਂ ਕਰਦੇ ਅਤੇ ਸਿਖਰਾਂ ਦੀ ਬੇਸ਼ਰਮੀ ਕਰਨ ਤੋਂ ਨਹੀਂ ਝਿਜਕਦੇ ਤਾਂ ਭਾਰਤ ਦੇ ਲੀਡਰ ਉਨ੍ਹਾਂ ਤੋਂ ਵੀ ਅੱਗੇ ਨਿਕਲੇ ਪਏ ਹਨ।
ਸਿਰਫ ਅੱਗੇ ਨਹੀਂ ਨਿਕਲ ਗਏ, ਇਹ ਸੰਸਾਰ ਦੇ ਹੋਰ ਦੇਸ਼ਾਂ ਦੇ ਰਾਜ-ਕਰਤਿਆਂ ਨੂੰ ਆਪਣੇ ਦੇਸ਼ ਵਿਚਲੇ ਨੇਮ-ਕਾਨੂੰਨ ਅਤੇ ਸਾਰੀ ਲੋਕ-ਲਾਜ ਭੁਲਾ ਕੇ ਆਪਣੇ ਢੰਗ ਨਾਲ ਚੱਲਣ ਲਈ ਨਵੀਂ ਸੇਧ ਦੇਣ ਵਾਲੇ ਬਣੀ ਜਾਂਦੇ ਹਨ ਤੇ ਇਸਦਾ ਸਿੱਟਾ ਇਹ ਹੈ ਕਿ ਉਨ੍ਹਾਂ ਦੇਸ਼ਾਂ ਦੇ ਪ੍ਰਮੁੱਖ ਵਿਅਕਤੀ ਭਾਰਤ ਆਣ ਕੇ ਇਸਦੇ ਸੋਹਲੇ ਗਾਉਂਦੇ ਹਨ। ਉਹ ਭਾਰਤ ਦੇ ਲੋਕਤੰਤਰ ਦੀਆਂ ਰਿਵਾਇਤਾਂ ਦੇ ਦੀਵਾਨੇ ਨਹੀਂ ਹੁੰਦੇ, ਅਸਲ ਵਿੱਚ ਉਹ ਲੀਡਰ, ਵਿਦਵਾਨ, ਰਾਜਦੂਤ ਜਾਂ ਆਪਣੇ ਦੇਸ਼ ਦੇ ਲੋਕਾਂ ਦੇ ਸੱਭਿਆਚਾਰਕ ਦੂਤ ਬਣਨ ਦੀ ਥਾਂ ਆਪੋ-ਆਪਣੇ ਦੇਸ਼ ਦੇ ਕਾਰੋਬਾਰੀਆਂ ਦਾ ਮਾਲ ਵੇਚਣ ਦੀ ਮੰਡੀ ਦੇ ਵਿਕਾਸ ਅਧਿਕਾਰੀ ਦੀ ਭੂਮਿਕਾ ਨਿਭਾਉਂਦੇ ਹਨ। ਅੱਜ ਕਿਸੇ ਦੇਸ਼ ਵਿੱਚ ਕਿਸੇ ਨਵੀਂ ਚੀਜ਼ ਦੀ ਕਾਢ ਹੁੰਦੀ ਹੈ, ਜਿਹੜੀ ਸੰਸਾਰ ਦੇ ਹਰ ਕੋਨੇ ਵਿੱਚ ਵੇਚੀ ਜਾਣੀ ਹੈ ਤਾਂ ਉਹ ਇੱਕ ਸੌ ਚਾਲੀ ਕਰੋੜ ਲੋਕਾਂ ਜਾਂ ਅਸਲ ਵਿੱਚ ਇੱਕ ਸੌ ਚਾਲੀ ਕਰੋੜ ਗ੍ਰਾਹਕਾਂ ਦੇ ਬਾਜ਼ਾਰ ਵਾਲੇ ਭਾਰਤ ਨੂੰ ਸਿਧਾਂਤਾਂ ਦੀ ਬਲੀ ਕਦੀ ਨਹੀਂ ਚਾੜ੍ਹ ਸਕਦੇ। ਉਸ ਦੇਸ਼ ਵਿੱਚ ਕੌਣ ਕਿਸੇ ਨੂੰ ਕੁੱਟਦਾ ਤੇ ਕਿਹੜਾ ਸੱਤਾ ਦੀ ਕਿੰਨੀ ਦੁਰਵਰਤੋਂ ਕਰ ਕੇ ਆਪਣੇ ਲੋਕਾਂ ਦਾ ਕਿੰਨਾ ਨੁਕਸਾਨ ਕਰਦਾ ਅਤੇ ਕਿਹੜੇ ਚਹੇਤੇ ਨੂੰ ਕਮਾਈਆਂ ਕਰਨ ਦੇ ਸਾਰੇ ਕਾਨੂੰਨੀ ਜਾਂ ਗੈਰ-ਕਾਨੂੰਨੀ ਰਾਹ ਵਰਤਣ ਵਾਸਤੇ ਮੌਕਾ ਦਿੰਦਾ ਹੈ, ਇਸ ਸਭ ਕੁਝ ਨਾਲ ਉਨ੍ਹਾਂ ਦਾ ਵਾਸਤਾ ਨਹੀਂ ਹੋ ਸਕਦਾ। ਜਿਸ ਘਰ ਵਿੱਚ ਉਨ੍ਹਾਂ ਮਾਲ ਵੇਚਣਾ ਹੈ, ਉਸ ਘਰ ਵਿਚਲੇ ਗੰਦ ਵੱਲ ਇਸ਼ਾਰਾ ਕਰਨ ਤਾਂ ਅਗਲੇ ਦਿਨ ਉਨ੍ਹਾਂ ਨੂੰ ਆਪਣੀ ਦੁਕਾਨਦਾਰੀ ਸਮੇਟ ਕੇ ਵਾਪਸ ਜਾਣਾ ਪੈ ਸਕਦਾ ਹੈ ਅਤੇ ਬੀਤੇ ਸਾਲਾਂ ਵਿੱਚ ਇਹ ਹੁੰਦਾ ਵੀ ਰਿਹਾ ਹੈ।
ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਭਾਰਤ ਵਿੱਚ ਅਮਰੀਕਾ ਦੇ ਇੱਕ ਰਾਜਦੂਤ ਦੀਆਂ ਇੰਨੀਆਂ ਸਿਫਤਾਂ ਉਸ ਦੇਸ਼ ਦੇ ਮੀਡੀਏ ਵਿੱਚ ਹੁੰਦੀਆਂ ਸਨ ਕਿ ਹਰ ਕੋਈ ਹੈਰਾਨ ਸੀ। ਸਿਰਫ ਇੱਕ ਮਹੀਨੇ ਬਾਅਦ ਅਚਾਨਕ ਮੀਡੀਏ ਨੇ ਗੇਅਰ ਬਦਲਿਆ ਅਤੇ ਰਾਤੋ-ਰਾਤ ਉਸ ਰਾਜਦੂਤ ਦੇ ਖਿਲਾਫ ਨਿਕੰਮੇਪਣ ਦੇ ਦੋਸ਼ ਲਾਏ ਜਾਣ ਲੱਗ ਪਏ ਤੇ ਕੁਝ ਦਿਨਾਂ ਅੰਦਰ ਉਸ ਨੂੰ ਅਹੁਦਾ ਛੱਡ ਕੇ ਵਾਪਸ ਅਮਰੀਕਾ ਜਾਣਾ ਪੈ ਗਿਆ ਸੀ। ਕਾਰਨ ਇਹ ਸੀ ਕਿ ਉਸ ਵੇਲੇ ਭਾਰਤ ਸਰਕਾਰ ਹਵਾਈ ਜਹਾਜ਼ਾਂ ਦੀ ਵੱਡੀ ਖੇਪ ਖਰੀਦਣ ਦੇ ਲਈ ਸਿਧਾਂਤਕ ਫੈਸਲਾ ਲੈ ਚੁੱਕੀ ਸੀ ਅਤੇ ਉਹ ਸੌਦਾ ਉਸ ਵਕਤ ਦੋ ਦੇਸ਼ਾਂ, ਅਮਰੀਕਾ ਜਾਂ ਫਰਾਂਸ ਵਿੱਚੋਂ ਇੱਕ ਦੀ ਸਰਕਾਰ ਤੇ ਉੱਥੋਂ ਦੀਆਂ ਕੰਪਨੀਆਂ ਨਾਲ ਹੋਣਾ ਸੀ, ਜਿਸਦੇ ਲਈ ਉਹ ਰਾਜਦੂਤ ਰਾਤ-ਦਿਨ ਲੱਗਾ ਪਿਆ ਸੀ ਤੇ ਲਗਦਾ ਸੀ ਕਿ ਉਸ ਦੀ ਖੇਚਲ ਸਿੱਟੇ ਕੱਢੇਗੀ। ਫਿਰ ਕਿਸੇ ਕਾਰਨ ਉਹ ਸੌਦਾ ਭਾਰਤ ਨੇ ਫਰਾਂਸ ਨਾਲ ਕਰ ਲਿਆ ਅਤੇ ਅਮਰੀਕਾ ਦੇ ਕਾਰਪੋਰੇਟ ਘਰਾਣਿਆਂ ਦੇ ਖੰਘੂਰੇ ਉੱਤੇ ਨੱਚਣ ਵਾਲਾ ਅਮਰੀਕੀ ਮੀਡੀਆ ਉਸ ਰਾਜਦੂਤ ਦੇ ਇੰਨਾ ਬੁਰੀ ਤਰ੍ਹਾਂ ਪਿੱਛੇ ਪਿਆ ਕਿ ਉਸ ਨੂੰ ਭਾਰਤ ਤੋਂ ਆਪਣੀ ਰੋਂਦਿਆਂ ਵਰਗੀ ਸ਼ਕਲ ਲੁਕਾ ਕੇ ਅਤੇ ਬਹੁਤ ਬੇਆਬਰੂ ਹੋ ਕੇ ਭੱਜਣਾ ਪੈ ਗਿਆ ਸੀ। ਲੋਕਤੰਤਰ ਦਾ ਢੰਡੋਰਾ ਪਿੱਟਦੇ ਜਿਹੜੇ ਦੇਸ਼ਾਂ ਦੇ ਹਾਕਮਾਂ ਨੂੰ ਪਾਕਿਸਤਾਨ ਵਿੱਚ ਮੁੜ-ਮੁੜ ਹੁੰਦੇ ਫੌਜੀ ਰਾਜ-ਪਲਟੇ ਵੀ ਜੱਗ-ਵਿਖਾਵੇ ਦੀ ਬਿਆਨਬਾਜ਼ੀ ਕਰਨ ਤੋਂ ਵੱਧ ਵਿਰੋਧ ਕਰਨ ਯੋਗ ਕਦੇ ਨਹੀਂ ਸਨ ਲੱਗੇ, ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੋ ਸਕਦਾ ਕਿ ਭਾਰਤ ਵਿੱਚ ਲੋਕਤੰਤਰ ਦੇ ਨਾਂਅ ਉੱਤੇ ਕੀ ਕੁਝ ਹੁੰਦਾ ਫਿਰਦਾ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਕੀ ਕੁਝ ਭੁਗਤਣਾ ਪੈਂਦਾ ਹੈ! ਉਹ ਆਪਣਾ ਮਾਲ ਵੇਚਣ ਦੇ ਲਈ ਜਿਸ ਵੀ ਵਿਹੜੇ ਜਾਂ ਜਿਸ ਵੀ ਦੇਸ਼ ਵਿੱਚ ਉਹ ਚਲੇ ਜਾਣ, ਉਸ ਦੀਆਂ ਸਿਫਤਾਂ ਕਰਿਆ ਕਰਨਗੇ। ਜਾਰਜ ਬੁੱਸ਼ ਹੋਵੇ ਜਾਂ ਬਿੱਲ ਕਲਿੰਟਨ, ਬਰਾਕ ਓਬਾਮਾ ਹੋਵੇ ਜਾਂ ਡੋਨਾਲਡ ਟਰੰਪ ਜਾਂ ਫਿਰ ਜੋਅ ਬਾਇਡਨ, ਭਾਰਤ ਵਿੱਚ ਜਿਹੜੇ ਵੀ ਲੀਡਰ ਦਾ ਰਾਜ ਆਇਆ, ਉਹ ਮਨਮੋਹਨ ਸਿੰਘ ਹੋਵੇ ਜਾਂ ਨਰਿੰਦਰ ਮੋਦੀ, ਕਿਸੇ ਝਿਜਕ ਤੋਂ ਬਿਨਾਂ ਉਸੇ ਨੂੰ ਗਲੇ ਮਿਲਣ ਲਈ ਤਿਆਰ ਹੋ ਜਾਇਆ ਕਰਦੇ ਹਨ, ਕਿਉਂਕਿ ਜਿੱਥੇ ਮਾਲ ਵੇਚਣਾ ਹੈ, ਉੱਥੋਂ ਦੇ ਨੁਕਸ ਨਹੀਂ ਗਿਣੀਦੇ। ਨੁਕਸਾਂ ਨਾਲ ਕੋਈ ਅਸਰ ਪੈਂਦਾ ਹੈ ਤਾਂ ਭਾਰਤ ਦੇ ਆਮ ਲੋਕਾਂ ਨੂੰ ਪੈਂਦਾ ਹੋਊਗਾ, ਜਿਹੜੇ ਇੱਕ ਵਾਰ ਫਿਰ ਵੋਟਾਂ ਪਾਉਣ ਲਈ ਕਾਹਲੇ ਹਨ।
ਹਾਂ, ਇਹ ਸੱਚ ਹੈ ਕਿ ਭਾਰਤ ਦੇ ਲੋਕ ਇੱਕ ਵਾਰ ਫਿਰ ਵੋਟਾਂ ਪਾਉਣ ਵਾਲੇ ’ਤੇ ਇੱਕ ਹੋਰ ਸਰਕਾਰ ਚੁਣਨ ਵਾਲੇ ਹਨ, ਜਿਹੜੀ ਅਗਲੇ ਪੰਜ ਸਾਲ ਇਹ ਦੇਸ਼ ਮਰਜ਼ੀ ਮੁਤਾਬਕ ਚਲਾਵੇਗੀ, ਪਰ ਆਮ ਲੋਕ ਵੋਟਾਂ ਪਾਉਣ ਦੀ ਸਿਰਫ ਰਸਮ ਨਿਭਾਉਂਦੇ ਹਨ, ਦੇਸ਼ ਦੀ ਕਿਸਮਤ ਦਾ ਅਸਲ ਫੈਸਲਾ ਉਨ੍ਹਾਂ ਨੇ ਨਹੀਂ ਕਰਨਾ। ਭਾਰਤ ਅਤੇ ਇਸਦੇ ਲੋਕਾਂ ਦੀ ਕਿਸਮਤ ਦਾ ਫੈਸਲਾ ਉਹ ਗਿਣਵੇਂ-ਚੁਣਵੇਂ ਕਾਰਪੋਰੇਟ ਘਰਾਣਿਆਂ ਦੇ ਮੁਹਰੈਲ ਕਰਿਆ ਕਰਦੇ ਹਨ, ਜਿਨ੍ਹਾਂ ਦਾ ਇਹ ਫੈਸਲਾ ਹੋਣ ਵੇਲੇ ਸਿੱਕਾ ਚੱਲ ਰਿਹਾ ਹੁੰਦਾ ਹੈ। ਅਸੀਂ ਮੁੱਛ ਫੁੱਟਦੀ ਦੇ ਦਿਨਾਂ ਵਿੱਚ ਭਾਰਤ ਵਿੱਚ ਸਿਰਫ ਤਿੰਨ-ਚਾਰ ਪੂੰਜੀਪਤੀਆਂ ਦੇ ਨਾਂਅ ਸੁਣਦੇ ਹੁੰਦੇ ਸਾਂ, ਉਨ੍ਹਾਂ ਵਿੱਚ ਬਿਰਲਾ, ਟਾਟਾ, ਡਾਲਮੀਆ ਤੇ ਸਿੰਘਾਨੀਆ ਦੇ ਬਾਅਦ ਇੱਕ-ਅੱਧ ਨਾਂਅ ਕੋਈ ਹੋਰ ਹੁੰਦਾ ਸੀ। ਇੱਕ ਚੋਣ ਹਾਰ ਜਾਣ ਪਿੱਛੋਂ ਇੰਦਰਾ ਗਾਂਧੀ ਜਦੋਂ ਦੁਬਾਰਾ ਸੱਤਾ ਦੇ ਤਖਤ ਤਕ ਪੁੱਜੀ ਤਾਂ ਅਚਾਨਕ ਰਿਲਾਇੰਸ ਘਰਾਣੇ ਦਾ ਨਾਂਅ ਗੂੰਜਣ ਲੱਗ ਪਿਆ ਅਤੇ ਫਿਰ ਅਗਲੇ ਪੈਂਤੀ ਸਾਲ ਇਹੋ ਨਾਂਅ ਭਾਰਤ ਦੇ ਸਾਰੇ ਪੂੰਜੀ ਬਾਜ਼ਾਰ ਵਿੱਚ ਤੇ ਹਕੂਮਤੀ ਗਲਿਆਰਿਆਂ ਵਿੱਚ ਸਿਆਸੀ ਨਾਢੂ-ਖਾਨਾਂ ਦੇ ਸਭ ਤੋਂ ਵੱਡੇ ਪ੍ਰਿਤਪਾਲਕ ਵਜੋਂ ਗੂੰਜਦਾ ਸੁਣਦਾ ਸੀ। ਮਨਮੋਹਨ ਸਿੰਘ ਦੀ ਸਰਕਾਰ ਤੁਰ ਜਾਣ ਮਗਰੋਂ ਕਾਂਗਰਸੀ ਸੱਤਾ ਦਾ ਸੂਰਜ ਡੁੱਬਿਆ ਤਾਂ ਨਾਲ ਹੀ ਪੈਂਤੀ ਸਾਲਾਂ ਤੋਂ ਸਿਖਰਲੀ ਚੜ੍ਹਤ ਵਾਲਾ ਰਿਲਾਇੰਸ ਘਰਾਣਾ ਵੀ ਪਛੜਨ ਤੇ ਉਸ ਦੀ ਥਾਂ ਅਡਾਨੀ ਘਰਾਣਾ ਉੱਭਰਨ ਲੱਗ ਪਿਆ ਅਤੇ ਅੱਧਾ ਦਰਜਨ ਸਾਲਾਂ ਵਿੱਚ ਸੰਸਾਰ ਦੇ ਸਿਖਰਲੇ ਤਿੰਨ ਕਾਰਪੋਰੇਟ ਘਰਾਣਿਆਂ ਵਿੱਚ ਉਸ ਦਾ ਨਾਂਅ ਗਿਣਿਆ ਜਾਣ ਲੱਗ ਪਿਆ ਸੀ। ਸਰਕਾਰੀ ਸਰਪ੍ਰਸਤੀ ਹੋਵੇ ਤਾਂ ਡੁਬਈ ਵਿੱਚ ਮਜ਼ਦੂਰੀ ਕਰਦਾ ਭਾਰਤੀ ਮੂਲ ਦਾ ਕੋਈ ਕਾਰਿੰਦਾ ਵਾਪਸ ਆਣ ਕੇ ਦੋ-ਦੋ ਸਦੀਆਂ ਤੋਂ ਹਰ ਰਾਜ ਦੇ ਪੂੰਜੀ ਬਾਜ਼ਾਰ ਦੇ ਸਿਖਰ ਦੀ ਚਮਕ ਸਮਝੇ ਜਾਂਦੇ ਟਾਟੇ-ਵਿਰਲੇ ਵਰਗਿਆਂ ਨੂੰ ਪਿੱਛਾਂਹ ਧੱਕ ਕੇ ਮੋਹਰੀ ਬਣ ਗਿਆ ਸੀ ਤਾਂ ਇਸੇ ਸੱਤਾ ਦੀ ਸਰਪ੍ਰਸਤੀ ਅਗਲੀ ਵਾਰੀ ਜਿਸਦੀ ਪਿੱਠ ਉੱਤੇ ਆ ਗਈ, ਉਹ ਵੀ ਭਾਰਤੀ ਆਰਥਿਕਤਾ ਦਾ ਝੰਡਾ ਬਰਦਾਰ ਬਣ ਗਿਆ। ਸੰਸਾਰ ਭਰ ਦੇ ਪੂੰਜੀ ਬਾਜ਼ਾਰ ਵਿੱਚ ਹੁੰਦੀਆਂ ਹੇਰਾਫੇਰੀਆਂ ਦਾ ਪਰਦਾ ਚਾਕ ਕਰਨ ਵਾਲੀ ਹਿੰਡਨਬਰਗ ਰਿਪੋਰਟ ਵੀ ਉਸ ਅਜੋਕੇ ਵੱਡੇ ਘਰਾਣੇ ਦਾ ਕੁਝ ਨਹੀਂ ਸੀ ਵਿਗਾੜ ਸਕੀ, ਕਿਉਂਕਿ ਉਸ ਦੇ ਪਿੱਛੇ ਇੱਕ ਸੌ ਚਾਲੀ ਕਰੋੜ ਲੋਕਾਂ, ਅਸਲ ਵਿੱਚ ਇੱਕ ਸੌ ਚਾਲੀ ਕਰੋੜ ਗ੍ਰਾਹਕਾਂ ਦੀ ਅਗਵਾਈ ਕਰਨ ਵਾਲੀ ਸੱਤਾ ਮਜ਼ਬੂਤੀ ਨਾਲ ਆਣ ਖੜੋਤੀ ਸੀ। ਅਜੋਕੀਆਂ ਪਾਰਲੀਮੈਂਟਰੀ ਚੋਣਾਂ ਓਹਲੇ ਵੀ ਇਹੋ ਖੇਡ ਚਲਦੀ ਸੁਣੀ ਜਾਂਦੀ ਹੈ।
ਰੂਪ ਬਦਲਿਆ ਹੋ ਸਕਦਾ ਹੈ, ਸੱਤਾ ਆਖਰ ਸੱਤਾ ਹੁੰਦੀ ਹੈ ਤੇ ਉਸ ਦੀ ਸਰਪ੍ਰਸਤੀ ਦਾ ਮਤਲਬ ਦੁਨੀਆ ਭਰ ਦਾ ਪੂੰਜੀ ਬਾਜ਼ਾਰ ਜਾਣਦਾ ਹੈ। ਦੁਨੀਆ ਲੋਕਾਂ ਅਤੇ ਲੋਕਤੰਤਰਾਂ ਜਾਂ ਰਾਜ-ਪ੍ਰਬੰਧ ਦੀਆਂ ਹੋਰ ਵੰਨਗੀਆਂ ਨਾਲ ਨਹੀਂ ਚਲਦੀ, ਦੌਲਤਾਂ ਨਾਲ ਖਜ਼ਾਨੇ ਭਰਨ ਦੀ ਉਸੇ ਨੀਤ ਤੇ ਨੀਤੀ ਦੇ ਨਵੇਂ ਆਸ਼ੇ ਮੁੱਖ ਰੱਖ ਕੇ ਚਲਾਈ ਜਾਂਦੀ ਹੈ, ਜਿਸ ਨੀਤ ਤੇ ਨੀਤੀ ਉੱਤੇ ਪੁਰਾਣੇ ਸਮੇਂ ਦੇ ਰਾਜੇ-ਮਹਾਰਾਜੇ ਚੱਲਿਆ ਕਰਦੇ ਸਨ। ਲੋਕ ਬੇਸ਼ਕ ਭੁੱਖੇ ਮਰਦੇ ਸਨ, ਰਾਜੇ ਅਜੋਕੇ ਰਾਸ਼ਟਰਪਤੀ ਭਵਨ ਨਾਲੋਂ ਵੱਧ ਆਲੀਸ਼ਾਨ ਮਹਿਲਾਂ ਵਿੱਚ ਰਹਿੰਦੇ ਅਤੇ ਐਸ਼ ਕਰਨ ਦੇ ਨਾਲ ਖਜ਼ਾਨਿਆਂ ਵਿਚਲੀ ਦੌਲਤ ਹੋਰ ਤੋਂ ਹੋਰ ਵਧਾਉਣ ਲੱਗੇ ਰਹਿੰਦੇ ਸਨ। ਲੋਕਤੰਤਰੀ ਪਰਦੇ ਹੇਠ ਅਜੋਕੇ ਰਾਜੇ-ਮਹਾਰਾਜੇ ਕਿਸੇ ਵੀ ਦੇਸ਼ ਦੇ ਹੋਣ, ਆਪਣੇ ਚਹੇਤਿਆਂ ਦੀਆਂ ਦੌਲਤਾਂ ਦੇ ਅੰਬਾਰ ਭਰਨ ਲਈ ਯਤਨ ਕਰਦੇ ਅਤੇ ਝੁੱਗੀ-ਝੌਂਪੜੀਆਂ ਵਿੱਚ ਭੁੱਖੇ ਢਿੱਡ ਸੌਂਦੇ ਲੋਕਾਂ ਨੂੰ ਸੁਨਹਿਰੇ ਸੁਪਨੇ ਵਿਖਾਉਣ ਲਈ ਫਿਲਮੀ ਦੁਨੀਆ ਵਾਲੇ ਐਕਟਰਾਂ ਤੋਂ ਵੱਧ ਕਮਾਲ ਕਰਦੇ ਨਜ਼ਰ ਆਉਂਦੇ ਹਨ। ਮਨੁੱਖਾ ਦੇਹੀ ਨੂੰ ਮਾਨਣ ਦੀ ਥਾਂ ਭੁਗਤਣ ਲਈ ਦੁਨੀਆਂ ਵਿੱਚ ਆਇਆ ਆਮ ਬੰਦਾ ਕਦੀ ਇਹ ਜਾਣ ਨਹੀਂ ਸਕਦਾ ਕਿ ਉਸ ਦੀ ਗਠੜੀ ਨੂੰ ਚੋਰ ਕਿੱਥੇ ਲੱਗਾ ਪਿਆ ਹੈ! ਆਮ ਬੰਦਾ ਇਹ ਜਾਣ ਵੀ ਲਵੇ ਤਾਂ ਕਰੂਗਾ ਕੀ! ਕਹਾਵਤ ਸੁਣੀਦੀ ਹੈ ਕਿ ‘ਤੌੜੀ ਉੱਬਲੇਗੀ ਤਾਂ ਆਪਣੇ ਕੰਢੇ ਸਾੜ ਲਵੇਗੀ, ਕਿਸੇ ਦਾ ਕੀ ਵਿਗਾੜ ਲਵੇਗੀ’! ਲੋਕਤੰਤਰ ਵਿੱਚ ਆਮ ਲੋਕ ਕੁਝ ਨਹੀਂ ਜਾਣ ਸਕਦੇ। ਜੇ ਉਹ ਜਾਣ ਵੀ ਲੈਣ ਤਾਂ ਚਿੱਟੇ ਦਿਨ ਲੁੱਟਣ ਵਾਲਿਆਂ ਦਾ ਵਿਗਾੜ ਕੀ ਲੈਣਗੇ! ਉਨ੍ਹਾਂ ਨੂੰ ਉਸ ਦਿਨ ਦੀ ਉਡੀਕ ਕਰਨੀ ਪੈਣੀ ਹੈ, ਜਦੋਂ ਉਨ੍ਹਾਂ ਆਮ ਲੋਕਾਂ ਦੀ ਵੋਟ ਅਸਲੀ ਅਰਥਾਂ ਵਿੱਚ ਲੋਕਤੰਤਰ ਵਿੱਚ ਕੋਈ ਪ੍ਰਭਾਵ ਪਾਉਣ ਜੋਗੀ ਹੋਵੇਗੀ, ਅਤੇ ਉਹੋ ਜਿਹਾ ਦਿਨ ਲਿਆਉਣ ਲਈ ਜਾਗਰਿਤ ਮੱਥੇ ਵਾਲਿਆਂ ਨੂੰ ਕੋਸ਼ਿਸ਼ਾਂ ਵੀ ਕਰਨੀਆਂ ਹੋਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4890)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)