JatinderPannu7ਦੁਨੀਆ ਦੇ ਜਿਹੜੇ ਦੇਸ਼ਾਂ ਵਿੱਚ ਉਹੋ ਜਿਹੀ ਲਹਿਰ ਦੀ ਉਠਾਣ ਹੋਈ, ਉੱਥੇ ਮੁਕਾਬਲੇ ਦਾ ...
(12 ਨਵੰਬਰ 2025)

 

ਪਹਿਲਾਂ ਪਹਿਲ ਜਦੋਂ ਇੱਕ ਪੱਤਰਕਾਰ ਹੋਣ ਦੇ ਨਾਤੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੋਂ ਉੱਥੇ ਆਣ ਕੇ ਬੱਚਿਆਂ ਨੂੰ ਸੰਬੋਧਨ ਕਰਨ ਦਾ ਸੁਨੇਹਾ ਮਿਲਦਾ ਤਾਂ ਮਨ ਵਿੱਚ ਚਾਅ ਹੁੰਦਾ ਸੀ, ਅੱਜਕੱਲ੍ਹ ਉਹ ਚਾਅ ਨਹੀਂ ਰਿਹਾਕਾਰਨ ਇਹ ਹੈ ਕਿ ਉਸ ਸਮੇਂ ਵਰਗੇ ਬੱਚੇ ਅੱਜ ਨਹੀਂ ਰਹਿ ਗਏ, ਨਵੀਂ ਸੋਚ ਵਾਲੇ ਬੱਚੇ ਜਿਹੜੇ ਸਵਾਲ ਪੁੱਛਣ ਲਗਦੇ ਹਨ, ਉਨ੍ਹਾਂ ਦੇ ਜਵਾਬ ਦੇਣ ਤੋਂ ਅਸੀਂ ਅਸਮਰੱਥ ਲਗਦੇ ਹਾਂਸਾਡੇ ਸਮੇਂ ਦਾ ਲਫਜ਼ ‘ਨਵੀਂ ਪੀੜ੍ਹੀ’ ਉਦੋਂ ਖਾਸ ਅਰਥ ਵਾਲਾ ਹੁੰਦਾ ਸੀ, ਫਿਰ ਅੰਗਰੇਜ਼ੀ ਪ੍ਰਭਾਵ ਹੇਠ ‘ਮਿਲੇਨੀਅਮ ਕਿੱਡਜ਼’, ਯਾਨੀ ਹਜ਼ਾਰਵਾਂ ਸਾਲ ਬਦਲਣ ਅਤੇ ਦੋ ਹਜ਼ਾਰ ਨਾਲ ਸ਼ੁਰੂ ਹੁੰਦੇ ਸਾਲਾਂ ਦੇ ਦੌਰ ਵਿੱਚ ਪੈਦਾ ਹੋਏ ਬੱਚਿਆਂ ਨਾਲ ਸਾਡਾ ਵਾਹ ਪੈਣ ਲੱਗ ਪਿਆਉਸ ਪਿੱਛੋਂ ਅਗਲਾ ਸ਼ਬਦ ‘ਜੈਨ ਨੈਕਸਟ’, (ਯਾਨੀ ਅਗਲੀ ਪੀੜ੍ਹੀ) ਸ਼ਬਦ ਵਰਤਿਆ ਜਾਣ ਲੱਗਾ ਅਤੇ ਫਿਰ ‘ਜੈਨ ਜ਼ੈੱਡ’ ਦੇ ਸ਼ਬਦ ਤਕ ਪੈਂਡਾ ਕਰਨ ਦੌਰਾਨ ਅਸੀਂ ਜਵਾਨੀ ਦੇ ਬਰੂਹਾਂ ਉੱਤੇ ਖੜ੍ਹੇ ਬੱਚਿਆਂ ਵਿੱਚ ਇੰਨਾ ਫਰਕ ਦੇਖ ਰਹੇ ਹਾਂ ਕਿ ਉਸ ਫਰਕ ਕਾਰਨ ਸਾਨੂੰ ਉਨ੍ਹਾਂ ਬੱਚਿਆਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਔਖਾ ਹੁੰਦਾ ਹੈਇਨ੍ਹਾਂ ਬੱਚਿਆਂ ਦੇ ਸਵਾਲ ਯੁੱਗਾਂ ਤੋਂ ਤੁਰੀ ਆਉਂਦੀ ਮਨੁੱਖਤਾ ਵਾਲੇ ਸਫਰ ਬਾਰੇ ਨਹੀਂ ਹੁੰਦੇ ਅਤੇ ਪੁਲਾੜ ਵਿੱਚ ਦਾਗੇ ਜਾ ਰਹੇ ਉਪ-ਗ੍ਰਹਿਆਂ ਬਾਰੇ ਵੀ ਬਹੁਤ ਘੱਟ ਪੁੱਛੇ ਜਾਂਦੇ ਹਨ, ਪੈਸੇ ਦੀ ਦੌੜ ਬਾਰੇ ਸਵਾਲ ਬਹੁਤੇ ਹੋਣ ਲਗਦੇ ਹਨਸਵਾਲ ਪੈਸੇ ਦੀ ਚੂਹਾ-ਦੌੜ ਗਲਤ ਹੋਣ ਬਾਰੇ ਨਹੀਂ ਹੁੰਦੇ, ਸਗੋਂ ਇਸ ਚੂਹਾ-ਦੌੜ ਵਿਚਲੇ ਤਰੀਕਿਆਂ ਬਾਰੇ ਇਸ ਤਰ੍ਹਾਂ ਕੀਤੇ ਜਾਂਦੇ ਹਨ ਕਿ ਅਸੀਂ ਖੁਦ ਉਲਝਣ ਵਿੱਚ ਫਸ ਸਕਦੇ ਹਾਂ

ਸਾਡੇ ਬਚਪਨ ਦੇ ਦਿਨਾਂ ਵਿੱਚ ਆਜ਼ਾਦੀ ਮਿਲੀ ਨੂੰ ਹਾਲੇ ਬਹੁਤੇ ਸਾਲ ਨਹੀਂ ਸਨ ਲੰਘੇ, ਉਸ ਆਜ਼ਾਦੀ ਲਈ ਦੇਸ਼ ਦੇ ਦੇਸ਼ਭਗਤਾਂ ਵੱਲੋਂ ਕੀਤੀਆਂ ਕੁਰਬਾਨੀਆਂ ਲੋਕਾਂ ਨੂੰ ਯਾਦ ਸਨ ਅਤੇ ਦੇਸ਼ ਨੂੰ ਆਜ਼ਾਦੀ ਮਿਲਣ ਵੇਲੇ ਇਸ ਵਿੱਚੋਂ ਇੱਕ ਨਵਾਂ ਦੇਸ਼ ਪਾਕਿਸਤਾਨ ਬਣਨ ਵੇਲੇ ਦੀ ਕੱਟ-ਵੱਢ ਭੁਗਤਣ ਵਾਲੇ ਲੋਕ ਵੀ ਘਰ-ਘਰ ਵਿੱਚ ਮਿਲ ਜਾਂਦੇ ਸਨਉਹ ਸਾਨੂੰ ਦੇਸ਼ ਲਈ ਕੁਰਬਾਨੀ ਦੀ ਭਾਵਨਾ ਬਾਰੇ ਇੰਜ ਦੱਸਿਆ ਕਰਦੇ ਸਨ, ਜਿਵੇਂ ਧਰਮ ਦੀ ਕਥਾ ਕਰਦਾ ਕੋਈ ਪ੍ਰਚਾਰਕ ਮੋਹਰੇ ਬੈਠੀ ਸੰਗਤ ਨੂੰ ਉਸ ਧਰਮ ਦੀ ਭਾਵਨਾ ਵਿੱਚ ਰਚ-ਮਿਚ ਜਾਣ ਲਈ ਪ੍ਰੇਰਦਾ ਹੈਸਾਡੇ ਵਰਗੇ ਬੱਚੇ ਇਹੋ ਜਿਹੀਆਂ ਗੱਲਾਂ ਨੂੰ ਦਿਲ ਦੀ ਡੁੰਘਾਈ ਤੋਂ ਸੁਣਦੇ, ਸਮਝਣ ਦਾ ਯਤਨ ਕਰਦੇ ਤੇ ਜਦੋਂ ਵਿਹਲੇ ਵੇਲੇ ਆਪੋ ਵਿੱਚ ਗੱਲਬਾਤ ਕਰਦੇ ਤਾਂ ਉਸ ਵੇਲੇ ਵੀ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਤੋਂ ਸ਼ੁਰੂ ਕਰ ਕੇ ਸ਼ਾਂਤੀ ਦਾ ਪੁਜਾਰੀ ਮੰਨੇ ਜਾਂਦੇ ਮਹਾਤਮਾ ਗਾਂਧੀ ਤਕ ਦੀ ਚਰਚਾ ਛੋਹ ਲਿਆ ਕਰਦੇ ਸਨਅੱਜ ਉਹ ਕੁਝ ਨਹੀਂ ਹੁੰਦਾ, ਸਗੋਂ ਅਜੋਕੇ ਸਮਾਜ ਦੇ ਬੱਚੇ ਕਈ ਵਾਰ ਇਹ ਗੱਲਾਂ ਕਰਦੇ ਸੁਣਦੇ ਹਨ ਕਿ ਫਲਾਣਾ ਆਗੂ ਮੌਕਾ ਮਿਲਦੇ ਸਾਰ ਐਨੇ ਕਰੋੜ ਰੁਪਏ ਦੀ ਕਮਾਈ ਕਰ ਗਿਆ ਤੇ ਲੋਕਾਂ ਨੇ ਫਿਰ ਵੋਟਾਂ ਪਾ ਕੇ ਉਸ ਨੂੰ ਚੁਣ ਲਿਆ ਹੈਜਦੋਂ ਕੋਈ ਬੱਚਾ ਇਹ ਪੁੱਛਦਾ ਹੈ ਕਿ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਵੋਟਾਂ ਕਿਉਂ ਪਾ ਦਿੱਤੀਆਂ ਤਾਂ ਦੂਸਰਾ ਬੱਚਾ ਸਾਡੇ ਬਚਪਨ ਦੌਰਾਨ ਆਮ ਕਹੀ ਜਾਂਦੀ ਇਹ ਗੱਲ ਨਹੀਂ ਕਹਿੰਦਾ ਕਿ ਉਸਦੇ ਕਰਮਾਂ ਵਿੱਚ ਜਿੱਤਣਾ ਲਿਖਿਆ ਸੀ, ਸਗੋਂ ਅੱਜ ਦੇ ਬੱਚੇ ਬਹੁਤ ਸਹਿਜ ਭਾਵ ਨਾਲ ਇਹ ਕਹਿ ਦਿੰਦੇ ਹਨ ਕਿ ‘ਪਤਾ ਹੈ, ਉਸਨੇ ਚੋਣ ਜਿੱਤਣ ਲਈ ਕਿੰਨੇ ਕਰੋੜ ਖਰਚੇ ਸਨ! ’ ਬੱਚਿਆਂ ਦੀ ਗੱਲਬਾਤ ਚੋਣ ਜਿੱਤਣ ਲਈ ਕਰੋੜਾਂ ਦੇ ਖਰਚ ਅਤੇ ਉਸ ਖਰਚ ਲਈ ਕਰੋੜਾਂ ਦੀ ਕਮਾਈ ਕਰਨ ਦੇ ਦਾਅ ਲਾਉਣ ਦੀ ਚਰਚਾ ਤਕ ਪਹੁੰਚ ਗਈ ਤਾਂ ਚੰਗੀ ਗੱਲ ਹੈ, ਪਰ ਇੱਥੋਂ ਮੋੜਾ ਚੰਗੇ ਪਾਸੇ ਨਹੀਂ ਪੈਂਦਾ, ਸਗੋਂ ਇਸ ਪੁੱਠੇ ਪਾਸੇ ਪੈਂਦਾ ਸੁਣ ਜਾਂਦਾ ਹੈ ਕਿ ਬੰਦੇ ਪੱਲੇ ਹੋਰ ਕੁਝ ਹੋਵੇ ਨਾ ਹੋਵੇ, ਐਨਾ ਕੁ ਪੈਸਾ ਕਮਾਉਣ ਦੀ ਕੁਝ ਨਾ ਕੁਝ ਅਕਲ ਜ਼ਰੂਰ ਹੋਣੀ ਚਾਹੀਦੀ ਹੈ

ਬੀਤੇ ਦਹਾਕਿਆਂ ਵਿੱਚ ਕਿਸੇ ਦਾ ‘ਲੱਖਪਤੀ’ ਹੋਣਾ ਬੜੀ ਵੱਡੀ ਗੱਲ ਹੁੰਦੀ ਸੀ, ਅੱਜ ਕਿਸੇ ਦਾ ‘ਕਰੋੜਪਤੀ’ ਬਣ ਜਾਣਾ ਵੀ ਕੋਈ ਖਾਸ ਗੱਲ ਨਹੀਂ ਰਹੀ“ਅਰਬਪਤੀ” ਵੀ ਬਹੁਤ ਹਨ ਤੇ ਗੁੱਗਲ ਦੀ ਕ੍ਰਿਪਾ ਨਾਲ ਬੱਚੇ ਉਸੇ ਵਕਤ ਪਤਾ ਕਰ ਲੈਂਦੇ ਹਨ ਕਿ ਭਾਰਤ ਵਿੱਚ ਅੱਜਕੱਲ੍ਹ ਕਿੰਨੇ ਮਾਇਆਧਾਰੀ ਕਿਸ ਪੱਧਰ ਦੇ ਹਨ! ਗੱਲ ਇੰਨੀ ਅੱਗੇ ਵਧ ਗਈ ਹੈ ਕਿ ‘ਖਰਬਪਤੀ’ ਦੀ ਚਰਚਾ ‘ਬਿਲੀਅਨੇਅਰ’ ਵਜੋਂ ਗੱਲਾਂ ਕਰਦੇ ਬੱਚੇ ਫਿਰ ਇਹੋ ਜਿਹੀ ਗੱਲ ਕਹਿੰਦੇ ਹਨ ਕਿ ਫਲਾਣਾ ਸੇਠ ਫਲਾਣੇ ਸੌਦੇ ਤੋਂ ਮੋਟਾ ਦਾਅ ਲਾ ਕੇ ਫਲਾਣੇ ਰੈਂਕ ਦਾ ਪੂੰਜੀਪਤੀ ਬਣਿਆ ਹੈਅੱਜ ਦਾ ਬਚਪਨ ਕੁਰਬਾਨੀ ਅਤੇ ਦੇਸ਼ਭਗਤੀ ਦੀ ਚਰਚਾ ਲਈ ਫਜ਼ੂਲ ਦੀ ਸਿਰ-ਖਪਾਈ ਕਰਨ ਦੀ ਥਾਂ ਆਪਣਾ ਸਮਾਂ ਅਮੀਰਾਂ ਵਿੱਚ ਸ਼ਾਮਲ ਹੋਣ ਦੇ ਫਾਰਮੂਲੇ ਸਿੱਖਣ ਅਤੇ ਵਰਤਣ ਦੇ ਵਸੀਲੇ ਸੋਚਣ ਉੱਤੇ ਲਾਉਣ ਲੱਗ ਪਿਆ ਹੈਉਨ੍ਹਾਂ ਲਈ ਪਹਿਲਾਂ ਅੰਬਾਨੀ ਘਰਾਣਾ ਪ੍ਰੇਰਨਾ ਦਾ ਸਰੋਤ ਬਣਿਆ ਵੀ ਅਸੀਂ ਦੇਖਿਆ ਸੀ, ਜਿਸਨੇ ਜਿਹੜੀ ਸਿਆਸੀ ਧਿਰ ਦੀ ਮਦਦ ਨਾਲ ਉਠਾਣ ਫੜੀ, ਉਸੇ ਦੇ ਜੜ੍ਹੀਂ ਤੇਲ ਚੋਇਆ ਅਤੇ ਦੂਸਰੀ ਧਿਰ ਨਾਲ ਸਾਂਝ ਵਿੱਚ ਹੋਰ ਅਮੀਰ ਹੋ ਕੇ ਹਰ ਚੋਣ ਮੌਕੇ ਪਾਸਾ ਬਦਲਣ ਲੱਗ ਪਿਆਅਜੋਕੀ ਸਰਕਾਰ ਦੇ ਦੌਰ ਵਿੱਚ ਗੌਤਮ ਅਡਾਨੀ ਇਸ ਦੇਸ਼ ਦੇ ਉੱਭਰਦੀ ਉਮਰ ਦੇ ਬੱਚਿਆਂ ਦਾ ਪ੍ਰੇਰਨਾ ਸਰੋਤ ਬਣ ਗਿਆ ਜਾਪਦਾ ਹੈ, ਜਿਸਨੇ ਸਰਮਾਏ ਦੀ ਦੌੜ ਨੂੰ ਫਿਰਕਾਪ੍ਰਸਤੀ ਦੇ ਜ਼ਹਿਰ ਦੀ ਸਿਆਸਤ ਵਿੱਚ ਲਪੇਟ ਕੇ ਦੇਸ਼ ਨੂੰ ਆਰਥਿਕ ਮਜ਼ਬੂਤੀ ਦੇਣ ਦੇ ਓਹਲੇ ਇੱਕ ਖਾਸ ਧਰਮ ਦੇ ਰਾਜ ਦਾ ਸੁਪਨਾ ਵਿਖਾ ਕੇ ਉਸ ਵਿੱਚੋਂ ਕਮਾਈ ਕਰਨ ਦਾ ਨਵਾਂ ਰਸਤਾ ਉਲੀਕ ਲਿਆ ਹੈ

ਗੱਲ ਕਿਸੇ ਇੱਕ ਆਗੂ, ਇੱਕ ਸੇਠ ਜਾਂ ਇੱਕ ਪਾਰਟੀ ਦੀ ਨਹੀਂ, ਉਸ ਲੋਕਤੰਤਰੀ ਪ੍ਰਬੰਧਕੀ ਢਾਂਚੇ ਬਾਰੇ ਕਰਨੀ ਬਣਦੀ ਹੈ, ਜਿਸ ਵਿੱਚ ‘ਆਮ ਲੋਕ’ ਦਾ ਮਸਾਂ ਸ਼ਬਦ ਹੀ ਚੱਲਦਾ ਹੈ, ਆਮ ਲੋਕਾਂ ਲਈ ਕੀਤਾ ਕੁਝ ਨਹੀਂ ਜਾਂਦਾਬਚਪਨ ਤੋਂ ਅਸੀਂ ਇਹ ਰਟਦੇ ਆਏ ਸਾਂ ਕਿ ਲੋਕਤੰਤਰ ਅਸਲ ਵਿੱਚ ‘ਲੋਕਾਂ ਲਈ ਲੋਕਾਂ ਰਾਹੀਂ ਲੋਕਾਂ ਵੱਲੋਂ ਚਲਾਇਆ ਜਾਂਦਾ’ ਇੱਦਾਂ ਦਾ ਰਾਜ ਹੁੰਦਾ ਹੈ, ਜਿੱਥੇ ਹਰ ਗੱਲ ਲੋਕਾਂ ਦੇ ਭਲੇ ਨੂੰ ਸੇਧਤ ਹੁੰਦੀ ਹੈਉਦੋਂ ‘ਆਮ ਲੋਕਾਂ’ ਵਾਲੇ ਸ਼ਬਦ ਦੀ ਵਰਤੋਂ ਸ਼ੁਰੂ ਨਹੀਂ ਸੀ ਹੋਈ, ਵਰਨਾ ਹਰ ਗਲ ਨਾਲ ‘ਆਮ’ ਜੋੜਨ ਦੇ ਚੱਕਰ ਵਿੱਚ ਅਸੀਂ ‘ਖਾਸ’ ਬਾਰੇ ਸੋਚਣਾ ਬਚਪਨ ਵਿੱਚ ਹੀ ਬੰਦ ਕਰ ਛੱਡਦੇਸਾਡੀ ਪੀੜ੍ਹੀ ਵਾਲੇ ਲੋਕ ਜਦੋਂ ਉਸ ਵੇਲੇ ਪੜ੍ਹਾਏ ਗਏ ਲੋਕਤੰਤਰ ਦੇ ਅਰਥਾਂ ਨੂੰ ਅਜੋਕੇ ਸਮਾਜ ਦੇ ਪ੍ਰਸੰਗ ਵਿੱਚ ਸਮਝਣ ਦਾ ਕੋਈ ਯਤਨ ਕਰਦੇ ਹਨ ਤਾਂ ਸਿਰ ਘੁੰਮ ਜਾਂਦਾ ਅਤੇ ਵਿਸ਼ਵ ਕੋਸ਼ਾਂ ਵਿਚਲੇ ਅਰਥ ਭੁਆਂਟਣੀਆਂ ਖਾਂਦੇ ਨਜ਼ਰ ਆਉਂਦੇ ਹਨਫਿਰ ਵੀ ਇਸ ਚਲੰਤ ਰਾਜ ਪ੍ਰਬੰਧ ਨੂੰ ਲੋਕਤੰਤਰ ਕਿਹਾ ਜਾਂਦਾ ਸੁਣ ਲੈਂਦੇ ਹਾਂ

ਜਵਾਨੀ ਵਿੱਚ ਪੈਰ ਧਰਦੀ ਅਜੋਕੀ ਨਵੀਂ ਪੀੜ੍ਹੀ ਸਾਥੋਂ ਪੁੱਛਦੀ ਹੈ ਕਿ ਜਦੋਂ ਪੈਸਾ ਸਾਰੇ ਐਬ ਢੱਕਣ ਦੀ ਸਮਰੱਥਾ ਰੱਖਦਾ ਹੈ ਤਾਂ ਤਰੀਕਾ ਠੀਕ ਹੋਵੇ ਜਾਂ ਗਲਤ, ਉਸਦਾ ਹਰਜ਼ ਕੀ ਹੈ! ਉਨ੍ਹਾਂ ਦੇ ਚਿਹਰੇ ਉੱਤੇ ਬੇਈਮਾਨੀ ਦਾ ਕੋਈ ਭਾਵ ਨਹੀਂ ਹੁੰਦਾ, ਸਗੋਂ ਪੂਰੀ ਇਮਾਨਦਾਰੀ ਨਾਲ ਇਸ ਗੱਲ ਬਾਰੇ ਜਾਣਨਾ ਚਾਹੁੰਦੇ ਹਨਅਸੀਂ ਬਚਣ ਵਾਸਤੇ ਜਦੋਂ ਅਸੂਲਾਂ ਅਤੇ ਸਮਾਜੀ ਮਰਯਾਦਾ ਦੀ ਗੱਲ ਕਰਦੇ ਹਾਂ ਤਾਂ ਉਹ ਇਹ ਪੁੱਛ ਲੈਂਦੇ ਹਨ ਕਿ ਕੀ ਮਨੁੱਖਤਾ ਦੇ ਅੱਜ ਤੀਕਰ ਦੇ ਸਫਰ ਵਿੱਚ ਇਹ ਦੋਵੇਂ ਗੱਲਾਂ ਸਹੀ ਅਰਥਾਂ ਵਿੱਚ ਕਦੇ ਅਮਲ ਵਿੱਚ ਲਾਗੂ ਹੋਈਆਂ ਸਨ! ਉਹ ਇਤਿਹਾਸ ਦਾ ਚੈਪਟਰ ਖੋਲ੍ਹ ਕੇ ਦੱਸਦੇ ਹਨ ਕਿ ਹਰ ਰਾਜ ਵਿੱਚ ਆਮ ਲੋਕ ਭੁੱਖੇ ਮਰਦੇ ਰਹੇ, ਪਰ ਰਾਜੇ ਅਤੇ ਉਨ੍ਹਾਂ ਦੇ ਦਰਬਾਰੀਏ ਐਸ਼ ਕਰਦੇ ਰਹੇ ਤੇ ਧਰਮ ਦੀ ਧਾਰਨਾ ਨਾਲ ਜੋੜ ਕੇ ਅਸੂਲ ਅਤੇ ਮਰਯਾਦਾ ਸਮਝਾਉਣ ਵਾਲੇ ਵੀ ਦੌਲਤਾਂ ਵਿੱਚ ਖੇਡਦੇ ਰਹੇਉਸ ਵੇਲੇ ਕਦੇ ਕਿਸੇ ਨੇ ਉਨ੍ਹਾਂ ਅੱਗੇ ਅੱਖ ਚੁੱਕ ਕੇ ਸਵਾਲ ਕਰਨ ਦੀ ਜੁਰਅਤ ਨਹੀਂ ਸੀ ਕੀਤੀਜੇ ਕਿਸੇ ਨੇ ਇਹ ਜੁਰਅਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਜਿਹੜਾ ਹਸ਼ਰ ਹੁੰਦਾ ਸੀ, ਇਤਿਹਾਸ ਦੇ ਪੰਨਿਆਂ ਉੱਤੇ ਉਹ ਲਿਖਿਆ ਮਿਲ ਜਾਂਦਾ ਹੈਸੱਚ ਬੋਲਣ ਜਾਂ ਸਵਾਲ ਪੁੱਛਣ ਦੀ ਸਜ਼ਾ ਜਿਸ ਨੂੰ ਦੇਣੀ ਹੁੰਦੀ, ਉਸ ਨਾਲੋਂ ਵੱਧ ਉਸ ਵਰਗੇ ਹੋਰਨਾਂ ਲਈ ਸਬਕ ਸਿਖਾਉਣ ਵਾਲੀ ਬਣ ਜਾਇਆ ਕਰਦੀ ਸੀਫਿਰ ਉਹ ਬੱਚੇ ਇਹ ਕਹਿੰਦੇ ਹਨ ਕਿ ਅੱਜ ਵੀ ਤਾਂ ਇਹੀ ਹੁੰਦਾ ਰਹਿੰਦਾ ਹੈਉਹ ਇਹ ਵੀ ਕਹਿੰਦੇ ਹਨ ਕਿ ਧਰਮ ਖੇਤਰ ਵਿੱਚ ਵਿਚਰਨ ਅਤੇ ਲੋਕਾਂ ਨੂੰ ਧਰਮ ਨਾਲ ਜੋੜਨ ਵਾਲੇ ਪ੍ਰਚਾਰਕ ਵੀ ਆਪਣੀ ਗੱਲ ਉੱਤੇ ਜ਼ੋਰ ਦੇਣ ਲਈ ਰੱਜਵਾਂ ਝੂਠ ਬੋਲਦੇ ਹਨ, ਸਿਆਸੀ ਆਗੂ ਵੀ ਬੋਲਦੇ ਹਨ, ਫਿਰ ਫਰਕ ਕੀ ਰਹਿੰਦਾ ਹੈ! ਜਿਹੜੀ ਸਵਾਲਾਂ ਦੀ ਲੜੀ ਉਹ ਸ਼ੁਰੂ ਕਰ ਲੈਂਦੇ ਹਨ, ਉਸਦਾ ਖਿਆਲ ਕਰ ਕੇ ਵੀ ਸਾਨੂੰ ਪਸੀਨੇ ਆਉਣ ਲੱਗ ਸਕਦੇ ਹਨ

ਉਰਦੂ ਦੀ ਇੱਕ ਕਹਾਵਤ ਸੁਣੀ ਹੈ ਕਿ ਤੂੰ ਮੈਨੂੰ ਮੁੱਲਾਂ ਮੰਨ, ਫਿਰ ਮੈਂ ਤੈਨੂੰ ਕਾਜ਼ੀ ਕਹੂੰ! ਇਸਦਾ ਮਤਲਬ ਇਹ ਹੈ ਕਿ ਲੋਕਾਂ ਵਿੱਚ ਇੱਕ ਦੂਜੇ ਦੀ ਮਹਿਮਾ ਬਣਾਉਣ ਦਾ ਕੰਮ ਕਰੀਏ, ਫਿਰ ਨਾ ਕੋਈ ਤੇਰੇ ਖਿਲਾਫ ਬੋਲਣ ਜੋਗੀ ਹਿੰਮਤ ਕਰੇਗਾ ਅਤੇ ਨਾ ਮੇਰੇ ਖਿਲਾਫ ਸਿਰ ਚੁੱਕਿਆ ਕਰੇਗਾਮੈਨੂੰ ਇਸਲਾਮ ਦਾ ਬਹੁਤਾ ਪਤਾ ਨਹੀਂ ਅਤੇ ਇਹ ਗੱਲ ਵੀ ਪਤਾ ਨਹੀਂ ਕਿ ਇਹ ਕਹਾਵਤ ਕਿੱਦਾਂ ਬਣੀ ਸੀ, ਪਰ ਮਨੁੱਖੀ ਇਤਿਹਾਸ ਦੇ ਪੜਾਵਾਂ ਦਾ ਵਿਸ਼ਲੇਸ਼ਣ ਪਦਾਰਥਵਾਦੀ ਸੋਚ ਨਾਲ ਕਰਨ ਵਾਲਿਆਂ ਦੀ ਸੁਣਾਈ ਹੋਈ ਧਾਰਨਾ ਯਾਦ ਹੈ ਕਿ ਰਾਜਾ ਅਤੇ ਪੁਜਾਰੀ, ਧਰਮ ਜਾਂ ਦੇਸ਼ ਬੇਸ਼ਕ ਕੋਈ ਹੋਵੇ, ਆਪਸ ਵਿੱਚ ਮਿਲ ਕੇ ਚੱਲਦੇ ਅਤੇ ਇੱਕ ਦੂਸਰੇ ਦੀ ਢਾਲ ਬਣਦੇ ਆਏ ਹਨਇਸੇ ਲਈ ਪੁਜਾਰੀ ਵਰਗ ਰੱਬ ਜਾਂ ਈਸ਼ਵਰ ਵਿੱਚ ਲੋਕਾਂ ਦੀ ਸਿੱਧੀ ਆਸਥਾ ਬੰਨ੍ਹਾਉਣ ਦੀ ਬਜਾਏ ‘ਰਾਜਾ ਪਰਜਾ ਦਾ ਪਿਤਾ’ ਦੀ ਧਾਰਨਾ ਨਾਲ ਲੋਕਾਂ ਨੂੰ ਇਹ ਸਮਝਾਉਣ ਦੇ ਕੰਮ ਲੱਗਾ ਰਹਿੰਦਾ ਸੀ ਕਿ ਇਹ ਰਾਜਾ ਇਸ ਲਈ ਬਣਿਆ ਹੈ ਕਿ ਰੱਬ ਦੀ ਇੱਛਾ ਸੀ ਅਤੇ ਇਹ ਜ਼ੁਲਮ ਵੀ ਕਰਦਾ ਰਹੇ ਤਾਂ ਇਸਦੇ ਅੱਗੇ ਬੋਲਣਾ ਨਹੀਂ, ਕਿਉਂਕਿ ਇਹ ਸਭ ਕੁਝ ਰੱਬ ਦੀ ਇੱਛਾ ਨਾਲ ਕਰਦਾ ਹੈਕਹਿਣ ਪਿੱਛੇ ਸਿੱਧਾ ਮਤਲਬ ਇਹ ਬਣਦਾ ਸੀ ਕਿ ਇਸਦੇ ਜ਼ੁਲਮ ਦਾ ਵਿਰੋਧ ਕੀਤਾ ਤਾਂ ਰੱਬ ਦਾ ਕਹਿਰ ਇਸ ਜਨਮ ਵਿੱਚ ਵੀ ਭੁਗਤਣ ਵਾਲੀ ਨੌਬਤ ਆ ਸਕਦੀ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ਜਨਮ ਵਿੱਚ ਬਚੇ ਰਹੀਏ ਅਤੇ ਇਹ ਗਲਤੀ ਭੁਗਤਣੀ ਸਾਨੂੰ ਅਗਲੇ ਜਨਮ ਵਿੱਚ ਪੈ ਜਾਵੇਲੋਕ ਤਾਂ ਇਸ ਜਨਮ ਵਿੱਚ ਹੀ ਡਰੇ ਜਿਹੇ ਹੁੰਦੇ ਹਨ, ਉਨ੍ਹਾਂ ਨੂੰ ਅਗਲੇ ਜਨਮ ਵਿੱਚ ਭੁੱਲ ਦਾ ਫਲ ਭੁਗਤਣ ਦੀ ਗੱਲ ਕਹਿ ਕੇ ਇੰਨਾ ਦਹਿਸ਼ਤਜ਼ਦਾ ਕੀਤਾ ਜਾਣ ਲੱਗ ਪਿਆ ਹੈ ਕਿ ਉਨ੍ਹਾਂ ਦੇ ਮਨ ਵਿੱਚ ਵਿਰੋਧਤਾ ਕਰਨ ਦੀ ਸੋਚ ਵੀ ਟਿਕਣ ਦਾ ਕੋਈ ਖੂੰਜਾ ਨਹੀਂ ਲੱਭ ਸਕਦੀ, ਭਟਕਦੀ ਆਤਮਾ ਵਾਂਗ ਭਟਕਦੀ ਜਾਪਣ ਲੱਗ ਜਾਂਦੀ ਹੈ

ਸਾਡੇ ਅੱਜ ਦੇ ਯੁਗ ਵਿੱਚ ਇਹੋ ਕੁਝ ਤਾਂ ਹੁੰਦਾ ਪਿਆ ਹੈਰਾਜਾ ਅਤੇ ਧਰਮ ਦੇ ਪ੍ਰਚਾਰਕ ਜਾਂ ਪੈਰੋਕਾਰ ਆਪਸ ਦੀ ਅਣ-ਐਲਾਨੀ, ਪਰ ਸਾਫ ਦਿਸਦੀ ਸਾਂਝਦਾਰੀ ਨਾਲ ਚੱਲਦੇ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਹਨਜਦੋਂ ਧਰਮ ਖੇਤਰ ਦਾ ਕੋਈ ਪ੍ਰਚਾਰਕ ਕਿਸੇ ਵਕਤ ਕਿਸੇ ਰਾਜਸੀ ਹਸਤੀ ਅੱਗੇ ਸਿਰ ਚੁੱਕਣ ਦੀ ਜੁਰਅਤ ਕਰਦਾ ਹੈ ਤਾਂ ਆਸਾ ਰਾਮ ਵਰਗਾ ਹਸ਼ਰ ਭੁਗਤਣ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ ਜਾਂ ਧਰਮ ਖੇਤਰ ਦੇ ਮਹਾਰਥੀ ਆਪਸ ਵਿੱਚ ਸਿਰ ਜੋੜ ਲੈਂਦੇ ਹਨ ਤਾਂ ਰਾਜਸੀ ਤਾਕਤ ਵਾਲੇ ਨੂੰ ਝੁਕਣ ਅਤੇ ਭੁੱਲਾਂ ਦੀ ਮੁਆਫੀ ਮੰਗਣ ਨੂੰ ਮਜਬੂਰ ਕਰ ਸਕਦੇ ਹਨਰਾਜਸੀ ਤਾਕਤ ਦਾ ਫਿਰ ਜ਼ੋਰ ਪੈ ਜਾਵੇ ਤਾਂ ਧਰਮ ਖੇਤਰ ਦੇ ਮਹਾਂਰਥੀਆਂ ਨੂੰ ਦਰ-ਦਰ ਦੀ ਖਾਕ ਛਾਣਨ ਲਈ ਤੋਰ ਦਿੰਦੇ ਹਨ ਅਤੇ ਉਨ੍ਹਾਂ ਦੀ ਥਾਂ ਆਪਣੇ ਚਹੇਤੇ ਬਿਠਾ ਕੇ ਆਪਣੀ ਮਰਜ਼ੀ ਨਾਲ ਫੈਸਲੇ ਪਲਟਣ ਲੱਗ ਸਕਦੇ ਹਨਉਮਰ ਦਾ ਚੋਖਾ ਪੰਧ ਮੁਕਾ ਚੁੱਕੇ ਅਤੇ ਚੌਥੇ ਪਹਿਰ ਨੇੜੇ ਪੁੱਜੇ ਲੋਕ ਇੱਦਾਂ ਦੇ ਹਾਲਾਤ ਵਿੱਚ ‘ਇੱਕ ਚੁੱਪ ਅਤੇ ਸੌ ਸੁੱਖ’ ਦਾ ਫਾਰਮੂਲਾ ਵਰਤਣ ਵਿੱਚ ਭਲਾਈ ਸਮਝਦੇ ਹਨ, ਪਰ ਨਵੀਂ ਪੀੜ੍ਹੀ ਵਾਲੇ ਬੱਚੇ ਅੱਖ ਨੀਵੀਂ ਕਰਨ ਲਈ ਤਿਆਰ ਨਹੀਂ, ਉਹ ਇਸ ਖੇਡ ਵਿੱਚੋਂ ਉਹ ਸਬਕ ਸਿੱਖਣ ਤੁਰ ਸਕਦੇ ਹਨ, ਜਿਹੜਾ ਅਸੀਂ ਪਹਿਲੀਆਂ ਸਤਰਾਂ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈਕਿਸੇ ਓਹਲੇ ਬਿਨਾਂ ਉਹ ਇਹ ਗੱਲ ਪੁੱਛਦੇ ਹਨ ਕਿ ਜਦੋਂ ਰਾਜਸੀ ਸੱਤਾ ਦੇ ਸਿਖਰ ਉੱਤੇ ਬੈਠੇ ਰਾਜਸੀ ਆਗੂ ਵੀ ਤੇ ਧਰਮ ਖੇਤਰ ਦੇ ਮਹਾਰਥੀ ਵੀ ਝੂਠ ਬੋਲਦੇ ਅਤੇ ਮਰਯਾਦਾ ਤੋੜਨ ਲੱਗੇ ਨਹੀਂ ਝਿਜਕਦੇ ਤਾਂ ਅਸੀਂ ਅਸੂਲ ਕਾਹਦੇ ਲਈ ਪੜ੍ਹੀਏ! ਕੀ ਇਸ ਸਵਾਲ ਦਾ ਜਵਾਬ ਸਿੱਧੇ ਅਰਥਾਂ ਵਿੱਚ ਦੇਣਾ ਕਦੀ ਸੌਖਾ ਹੋ ਸਕਦਾ ਹੈ ਤੇ ਕੀ ਸਾਡਾ ਦਿੱਤਾ ਜਵਾਬ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਤਸੱਲੀ ਕਰਵਾਉਣ ਜੋਗਾ ਸਾਬਤ ਹੋ ਸਕਦਾ ਹੈ? ਇੱਥੇ ਆਣ ਕੇ ਸਵਾਲਾਂ ਦੀ ਲੜੀ ਚੱਕਰਵਿਊ ਵਿੱਚ ਉਲਝ ਜਾਂਦੀ ਹੈ

ਆਪਣੀ ਮਹਿਮਾ ਦੇ ਸਿਖਰ ਦੇ ਦਿਨਾਂ ਵਿੱਚ ਇੱਕ ਵਾਰੀ ਅੰਨਾ ਹਜ਼ਾਰੇ ਨੂੰ ਪੁੱਛਿਆ ਗਿਆ ਸੀ ਕਿ ਉਹ ਕੇਂਦਰ ਜਾਂ ਕਿਸੇ ਰਾਜ ਦੀ ਸਰਕਾਰ ਬਦਲਣ ਦਾ ਵੀ ਮੋਰਚਾ ਲਾਉਣਗੇ? ਉਸਨੇ ਸਾਫ ਕਿਹਾ ਸੀ ਕਿ ਇੱਦਾਂ ਨਹੀਂ ਕਰਨਗੇਇਸਦਾ ਕਾਰਨ ਉਨ੍ਹਾਂ ਇਹ ਦੱਸਿਆ ਕਿ ਅਜੋਕੇ ਹਾਕਮ ਭ੍ਰਿਸ਼ਟਾਚਾਰ ਦੀ ਐੱਮ ਏ ਪਾਸ ਲਗਦੇ ਹਨ, ਇਨ੍ਹਾਂ ਦੀ ਥਾਂ ਜਿਹੜੇ ਨਵੇਂ ਆਉਣਗੇ, ਜੇ ਉਹ ਭ੍ਰਿਸ਼ਟਾਚਾਰ ਦੀ ਪੀ ਐੱਚ ਡੀ ਕਰ ਗਏ ਤਾਂ ਕੀ ਅਸੀਂ ਸਰਕਾਰਾਂ ਬਦਲਣ ਹੀ ਲੱਗੇ ਰਹਾਂਗੇਉਸਨੇ ਕਿਹਾ ਸੀ ਕਿ ਲੋੜ ਸਰਕਾਰਾਂ ਬਦਲਣ ਦੀ ਨਹੀਂ, ਸਮਾਜ ਬਦਲਣ ਦੀ ਹੈ, ਪਰ ਸਮਾਜ ਨੂੰ ਬਦਲਣ ਦਾ ਕੋਈ ਨਕਸ਼ਾ ਉਹ ਪੇਸ਼ ਨਹੀਂ ਸਨ ਕਰ ਸਕੇ ਅਤੇ ਥੱਕ-ਹਾਰ ਕੇ ਆਪਣੇ ਪਿੰਡ ਰਾਲੇਗਣ ਸਿੱਧੀ ਜਾ ਬੈਠੇ ਸਨਅੱਜ ਦੇ ਭਾਰਤ ਨੂੰ ਫਿਰ ਤੋਂ ਇੱਕ ਅੰਨਾ ਦੀ ਲੋੜ ਹੈ, ਪਰ ਇਹੋ ਜਿਹੇ ਅੰਨਾ ਦੀ ਨਹੀਂ, ਜਿਹੜਾ ਚਾਰ ਦਿਨ ਆਮ ਲੋਕਾਂ ਨੂੰ ਭੁਚਾਲੀ ਰਫਤਾਰ ਦੇਣ ਦੇ ਬਾਅਦ ਮੈਦਾਨ ਛੱਡ ਕੇ ਆਰਾਮ ਕਰਨ ਚਲਾ ਜਾਵੇ, ਸਗੋਂ ਇਹੋ ਜਿਹੇ ਅੰਨਾ ਦੀ ਲੋੜ ਹੈ, ਜਿਹੜਾ ਸਿਰੜ ਦੇ ਨਾਲ ਸਮਾਜ ਦੀ ਅਗਵਾਈ ਕਰ ਸਕੇ ਤੇ ਸੇਧ ਦੇ ਸਕੇਅੱਜ ਦੇ ਭਾਰਤੀ ਸਮਾਜ ਨੂੰ ਸੱਚਮੁੱਚ ਇੱਕ ਸਿਰੜੀ ਸੁਧਾਰਕ ਦੀ ਲੋੜ ਹੈ, ਜੇ ਉਹ ਨਾ ਮਿਲਿਆ ਤਾਂ ‘ਜੈਨ ਜ਼ੈੱਡ’ ਦੇ ਜਿਹੜੇ ਝਲਕਾਰੇ ਕੁਝ ਹੋਰ ਦੇਸ਼ਾਂ ਵਿੱਚ ਅਸੀਂ ਵੇਖੇ ਹਨ, ਉਹ ਭਾਰਤ ਦੇ ਸਮਾਜ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਹਨ ਅਤੇ ਜਿਵੇਂ ਉਨ੍ਹਾਂ ਦੇਸ਼ਾਂ ਵਿੱਚ ਸਿਰਫ ਜੈਨ ਜ਼ੈੱਡ ਦੀ ਲਹਿਰ ਉੱਠੀ ਅਤੇ ਵਕਤ ਦੀ ਸਰਕਾਰ ਬਦਲਣ ਅਤੇ ਅਰਾਜਕਤਾ ਫੈਲਾਉਣ ਪਿੱਛੋਂ ਖਤਮ ਹੋ ਗਈ, ਭਾਰਤ ਨੂੰ ਇਹ ਸਬਕ ਨਹੀਂ ਚਾਹੀਦਾਦੁਨੀਆ ਦੇ ਜਿਹੜੇ ਦੇਸ਼ਾਂ ਵਿੱਚ ਉਹੋ ਜਿਹੀ ਲਹਿਰ ਦੀ ਉਠਾਣ ਹੋਈ, ਉੱਥੇ ਮੁਕਾਬਲੇ ਦਾ ਯੋਗ ਬਦਲ ਪੇਸ਼ ਨਾ ਹੋਣ ਕਾਰਨ ਸਥਿਤੀ ਹੋਰ ਅਣਸੁਖਾਵੀਂ ਬਣਦੀ ਰਹੀ ਹੈ, ਭਾਰਤ ਨੂੰ ਉਸ ਪ੍ਰਤੀਕ ਦੀ ਨਹੀਂ, ਕਿਸੇ ਅਸੂਲੀ ਲਹਿਰ ਦੀ ਉਡੀਕ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author