ਦੋਵਾਂ ਧਿਰਾਂ ਦੀ ਸੋਚ ਵਿੱਚ ਇੱਕ ਪਾਸੇ ਸਿੱਧੀ ਤਾਂ ਦੂਸਰੇ ਪਾਸੇ ਲੁਕਵੀਂ ਤੰਗਨਜ਼ਰੀ ਦਾ ਫਰਕ ਹੁੰਦਾ ਹੈਪਰ ਜਦੋਂ ...
(16 ਸਤੰਬਰ 2024)

 

ਵਿਦੇਸ਼ ਦੌਰੇ ਲਈ ਅਮਰੀਕਾ ਗਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੇ ਪਿਛਲੇ ਰਿਕਾਰਡ ਮੁਤਾਬਕ ਅਗਲਾ ਵਿਵਾਦ ਛੇੜ ਧਰਿਆ ਹੈਇੱਕ ਮੀਟਿੰਗ ਵਿੱਚ ਉਸ ਨੇ ਭਾਰਤ ਵਿੱਚ ਸਿੱਖਾਂ ਨੂੰ ਉਨ੍ਹਾਂ ਦੇ ਕੱਕਾਰ ਪਹਿਨੇ ਜਾਣ ਤੋਂ ਰੋਕਣ ਸਮੇਤ ਕਈ ਗੱਲਾਂ ਦਾ ਜ਼ਿਕਰ ਕਰ ਦਿੱਤਾ ਤੇ ਇਸ ਜ਼ਿਕਰ ਨੂੰ ਚੁੱਕ ਕੇ ਭਾਜਪਾ ਦੇ ਤਿੱਖੇ ਬੁਲਾਰਿਆਂ ਨੇ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਦੇ ਖਿਲਾਫ ਇੱਕ ਨਵੀਂ ਮੁਹਿੰਮ ਵਿੱਢ ਦਿੱਤੀ ਹੈਉਹ ਇਹੋ ਜਿਹਾ ਕੰਮ ਸ਼ੁਰੂ ਕਰਨ ਅਤੇ ਭਾਜਪਾ ਹਾਈ ਕਮਾਨ ਕੋਲ ਆਪਣੇ ਨੰਬਰ ਬਣਾਉਣ ਲਈ ਹਮੇਸ਼ਾ ਤਿਆਰ ਹੁੰਦੇ ਹਨਕੁਝ ਲੋਕ ਰਾਹੁਲ ਗਾਂਧੀ ਦੇ ਵਿਚਾਰ ਪ੍ਰਗਟਾਵੇ ਦੇ ਹੱਕ ਦੀ ਵਕਾਲਤ ਕਰਦੇ ਹਨ ਅਤੇ ਕੁਝ ਹੋਰ ਇਹ ਕਹਿੰਦੇ ਸੁਣੀਂਦੇ ਹਨ ਕਿ ਉਹ ਬਿਨਾਂ ਵਜਾਹ ਕੁਝ ਨਾ ਕੁਝ ਬੋਲਣ ਦੀ ਆਦਤ ਛੱਡਦਾ ਨਹੀਂ ਅਤੇ ਹਰ ਨਵੇਂ ਦਿਨ ਨਵੇਂ ਵਿਵਾਦ ਵਿੱਚ ਫਸਦੇ ਰਹਿਣ ਦਾ ਆਦੀ ਹੋ ਚੁੱਕਾ ਹੈਇੱਕ ਤੀਸਰੀ ਧਿਰ ਇਹ ਕਹਿੰਦੀ ਹੈ ਕਿ ਰਾਹੁਲ ਗਾਂਧੀ ਦੀਆਂ ਗੱਲਾਂ ਭਾਵੇਂ ਗਲਤ ਨਹੀਂ, ਪਰ ਵਿਦੇਸ਼ ਜਾ ਕੇ ਇੱਦਾਂ ਕਹਿਣ ਨਾਲ ਭਾਰਤ ਬਾਰੇ ਮਾੜਾ ਪ੍ਰਭਾਵ ਪੈਂਦਾ ਹੈ, ਉਸ ਨੂੰ ਦੇਸ਼ ਤੋਂ ਬਾਹਰ ਹੁੰਦਿਆਂ ਇੱਦਾਂ ਦੀ ਕਿਸੇ ਟਿੱਪਣੀ ਤੋਂ ਬਚਣਾ ਚਾਹੀਦਾ ਹੈਦਲੀਲ ਕਿਸੇ ਵੀ ਪਾਸੇ ਦੀ ਹੋਵੇ, ਭਾਰਤ ਦੀ ਰਾਜਨੀਤੀ ਨੂੰ ਇੱਕ ਮੁੱਦਾ ਮਿਲ ਗਿਆ ਹੈ ਅਤੇ ਉਹ ਭਖਣ ਲੱਗ ਪਈ ਹੈ

ਜਿੱਥੋਂ ਤਕ ਰਾਹੁਲ ਗਾਂਧੀ ਦਾ ਸਵਾਲ ਹੈ, ਉਹ ਕਈ ਵਾਰੀ ਮੁੱਦੇ ਕਿਸੇ ਹੋਰ ਬਾਰੇ ਬੋਲ ਰਿਹਾ ਹੁੰਦਾ ਹੈ ਅਤੇ ਉੱਥੇ ਆਪਣੇ ਸਾਹਮਣੇ ਬੈਠੇ ਲੋਕਾਂ ਦਾ ਧਿਆਨ ਖਿੱਚਣ ਲਈ ਉਨ੍ਹਾਂ ਵਿੱਚੋਂ ਕਿਸੇ ਨਾ ਕਿਸੇ ਨੂੰ ਸੰਬੋਧਨ ਕਰ ਕੇ ਕੋਈ ਇੱਦਾਂ ਦੀ ਗੱਲ ਕਹਿ ਬੈਠਦਾ ਹੈ, ਜਿਹੜੀ ਵਿਵਾਦ ਦਾ ਕਾਰਨ ਬਣ ਜਾਂਦੀ ਹੈਦੂਸਰੀ ਗੱਲ ਇਹ ਕਿ ਉਹ ਆਪਣੇ ਸਲਾਹਕਾਰਾਂ ਬਾਰੇ ਸੁਚੇਤ ਨਹੀਂ ਅਤੇ ਜਿਹੜੇ ਬੰਦਿਆਂ ਕਾਰਨ ਪਹਿਲਾਂ ਵਿਵਾਦ ਪੈਦਾ ਹੋ ਚੁੱਕੇ ਹੋਣ, ਫਿਰ ਉਨ੍ਹਾਂ ਦੀ ਰਾਏ ਨੂੰ ਬਹੁਤਾ ਵਜ਼ਨ ਦੇਣ ਲਗਦਾ ਹੈ ਅਤੇ ਹੱਦੋਂ ਬਾਹਲੀ ਅਕਲ ਵਾਲੇ ਉਨ੍ਹਾਂ ਸੱਜਣਾ ਤੋਂ ਖਹਿੜਾ ਨਹੀਂ ਛੁਡਾਉਂਦਾਮਿਸਾਲ ਵਜੋਂ ਰਾਹੁਲ ਦੀ ਆਪਣੇ ਪਿਤਾ ਰਾਜੀਵ ਗਾਂਧੀ ਦੇ ਸਾਥੀ ਸੈਮ ਪੈਤਰੋਦਾ ਨਾਲ ਸਾਂਝ ਅਤੇ ਉਸ ਦੀਆਂ ਖੁਦ ਕੀਤੀਆਂ ਟਿੱਪਣੀਆਂ ਦੇ ਕਾਰਨ ਕਈ ਵਾਰੀ ਕਾਂਗਰਸ ਪਾਰਟੀ ਕਸੂਤੀ ਫਸ ਚੁੱਕੀ ਹੈਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਇੱਕ ਠੀਕ ਗੱਲ ਗਲਤ ਸ਼ਬਦਾਂ ਵਿੱਚ ਪੇਸ਼ ਕਰਨ ਕਰ ਕੇ ਕਾਂਗਰਸ ਨੂੰ ਚੋਣਾਂ ਦੌਰਾਨ ਹੀ ਸੈਮ ਪੈਤੋਰਦਾ ਨੂੰ ਪਾਰਟੀ ਤੋਂ ਕੱਢਣ ਦਾ ਐਲਾਨ ਕਰਨਾ ਪਿਆ ਸੀ ਤੇ ਅੱਜਕੱਲ੍ਹ ਉਹ ਫਿਰ ਰਾਹੁਲ ਗਾਂਧੀ ਨਾਲ ਪ੍ਰਛਾਵੇਂ ਵਾਂਗ ਜੁੜਿਆ ਪਿਆ ਹੈਸੈਮ ਪੈਤਰੋਦਾ ਹੋਵੇ ਜਾਂ ਮਣੀ ਸ਼ੰਕਰ ਅਈਅਰ, ਇਨ੍ਹਾਂ ਦੀ ਅਕਲ ਇਨ੍ਹਾਂ ਦੇ ਸਿਰ ਵਿੱਚ ਜਦੋਂ ਖੌਰੂ ਪਾਉਂਦੀ ਹੈ ਤਾਂ ਇਹ ਕੋਈ ਨਾ ਕੋਈ ਬਖੇੜਾ ਖੜ੍ਹਾ ਕਰ ਦਿੰਦੇ ਹਨ

ਦੂਸਰੇ ਪਾਸੇ ਭਾਜਪਾ ਦੇ ਆਗੂ ਅਤੇ ਬੁਲਾਰੇ ਜਦੋਂ ਇਹ ਕਹਿੰਦੇ ਹਨ ਕਿ ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਦੀ ਭੰਡੀ ਕਰਦਾ ਹੈ ਤਾਂ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤੀ ਰਾਜਨੀਤੀ ਦੇ ਖਿੱਦੋ ਦੀਆਂ ਬਦਬੂ ਮਾਰਦੀਆਂ ਲੀਰਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਦੇਸ਼ ਦੌਰਿਆਂ ਵੇਲੇ ਉਨ੍ਹਾਂ ਦੇਸ਼ਾਂ ਵਿੱਚ ਖੋਲ੍ਹ ਬੈਠਦੇ ਹਨਜਿਹੜੇ ਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੇ ਇੱਦਾਂ ਦਾ ਕੰਮ ਕੀਤਾ ਹੋਇਆ ਹੈ, ਉਨ੍ਹਾਂ ਦੀ ਸੂਚੀ ਬਣਾਉਣੀ ਥਕਾ ਦੇਣ ਵਾਲਾ ਕੰਮ ਹੋਵੇਗਾਰਾਹੁਲ ਗਾਂਧੀ ਹੋਵੇ ਜਾਂ ਨਰਿੰਦਰ ਮੋਦੀ ਜਾਂ ਫਿਰ ਕੋਈ ਵੀ ਹੋਰ, ਇਨ੍ਹਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ‘ਘਰ ਕੀ ਬਾਤ ਘਰ ਮੇਂ ਹੀ ਰਹੇ ਤੋਂ ਅੱਛਾ ਹੈ’, ਪਰ ਸੋਚਦਾ ਕੋਈ ਵੀ ਨਹੀਂਲਾਗੂ ਕਰਨਾ ਹੈ ਤਾਂ ਪੈਮਾਨਾ ਸਾਰਿਆਂ ਲਈ ਇੱਕੋ ਚਾਹੀਦਾ ਹੈ

ਇਸ ਵਾਰੀ ਰਾਹੁਲ ਗਾਂਧੀ ਦੀਆਂ ਅਮਰੀਕਾ ਜਾ ਕੇ ਇੱਕ ਸਿੱਖ ਦੇ ਹਵਾਲੇ ਨਾਲ ਕੀਤੀਆਂ ਟਿੱਪਣੀਆਂ ਤੋਂ ਬਾਅਦ ਭਾਜਪਾ ਦੇ ਆਗੂਆਂ ਨੇ ਤੁਫਾਨ ਲਿਆ ਦਿੱਤਾ ਤੇ ਅਪਰੇਸ਼ਨ ਬਲਿਊ ਸਟਾਰ ਤੋਂ ਸ਼ੁਰੂ ਕਰ ਕੇ ਦੋਸ਼ਾਂ ਦੀ ਲੰਮੀ ਸੂਚੀ ਲੋਕਾਂ ਅੱਗੇ ਰੱਖ ਦਿੱਤੀ ਹੈਦੇਸ਼ ਦੇ ਲੋਕ ਇਹ ਸਭ ਕੁਝ ਪਹਿਲਾਂ ਤੋਂ ਜਾਣਦੇ ਹਨ ਤੇ ਜਿਹੜੇ ਆਮ ਲੋਕ ਰਾਜਨੀਤਕ ਗਲਤੀਆਂ ਨੂੰ ਭੁਗਤਦੇ ਹਨ, ਉਨ੍ਹਾਂ ਨੂੰ ਨਾ ਕਾਂਗਰਸ ਦੇ ਕਿਸੇ ਪੱਖ ਬਾਰੇ ਕੋਈ ਭੁਲੇਖਾ ਹੈ ਤੇ ਨਾ ਭਾਜਪਾ ਲੀਡਰਾਂ ਦੇ ਕਿਰਦਾਰ ਬਾਰੇ ਉਨ੍ਹਾਂ ਤੋਂ ਕੋਈ ਗੱਲ ਛੁਪੀ ਹੋਈ ਹੈਗੱਲਾਂ ਸਿਰਫ ਭੁੱਲ ਜਾਂਦੀਆਂ ਹਨ, ਪਤਾ ਉਨ੍ਹਾਂ ਬਾਰੇ ਲੋਕਾਂ ਨੂੰ ਹੁੰਦਾ ਹੈਦਿੱਲੀ ਵਿੱਚ ਭਾਜਪਾ ਦੇ ਇੱਕ ਸਿੱਖ ਲੀਡਰ ਨੇ ਰਾਹੁਲ ਗਾਂਧੀ ਵਿਰੁੱਧ ਪ੍ਰਦਰਸ਼ਨ ਕਰਦਿਆਂ ਇੱਥੋਂ ਤਕ ਵੀ ਉਸ ਨੂੰ ਕਹਿ ਦਿੱਤਾ ਕਿ ਜੋ ਕੁਝ ਤੇਰੀ ਦਾਦੀ ਨਾਲ ਹੋਇਆ ਸੀ, ਉਹੋ ਕੁਝ ਤੇਰੇ ਨਾਲ ਹੋਵੇਗਾਉਸ ਦੇ ਸ਼ਬਦਾਂ ਵਿੱਚ ਧਮਕੀ ਹੋਣ ਦੀ ਧਮਕ ਹਰ ਕਿਸੇ ਨੇ ਨੋਟ ਕੀਤੀ ਹੈ, ਪਰ ਬਹੁਤੇ ਲੋਕ ਇਹ ਗੱਲ ਨਹੀਂ ਜਾਣਦੇ ਕਿ ਕਾਂਗਰਸ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਹੱਥ ਆਉਣ ਵਾਲੇ ਸਾਲ ਵਿੱਚ ਇਸ ਸਿੱਖ ਆਗੂ ਨੇ ਕਾਂਗਰਸ ਦੀ ਟਿਕਟ ਉੱਤੇ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤ ਗਿਆ ਸੀ ਤੇ ਫਿਰ ਪੰਦਰਾਂ ਸਾਲ ਉਸੇ ਕਾਂਗਰਸ ਵੱਲੋਂ ਦਿੱਲੀ ਦਾ ਵਿਧਾਇਕ ਬਣਦਾ ਰਿਹਾ ਸੀਉਸ ਵਕਤ ਉਹ ਇੰਦਰਾ ਗਾਂਧੀ ਦੇ ਸੋਹਲੇ ਗਾਉਣ ਵਾਲੇ ਲੋਕਾਂ ਦੀ ਕਤਾਰ ਵਿੱਚ ਖੜ੍ਹਾ ਦਿਖਾਈ ਦਿੰਦਾ ਸੀ ਤੇ ਬਾਅਦ ਵਿੱਚ ਅਕਾਲੀ ਦਲ ਤੋਂ ਹੁੰਦਾ ਹੋਇਆ ਅੱਜਕੱਲ੍ਹ ਉਹ ਭਾਜਪਾ ਵਿੱਚ ਪਹੁੰਚ ਕੇ ਰਾਹੁਲ ਗਾਂਧੀ ਨੂੰ ਉਸੇ ਹਸ਼ਰ ਦੀ ਧਮਕੀ ਦਿੰਦਾ ਪਿਆ ਹੈਜੇ ਦੇਸ਼ ਦੀ ਰਾਜਨੀਤੀ ਇਹੋ ਜਿਹੇ ਡੱਡੂ ਵਾਂਗ ਛੜੱਪੇ ਮਾਰਨ ਵਾਲੇ ਲੀਡਰਾਂ ਦੀ ਭਾਸ਼ਾ ਤੋਂ ਤੈਅ ਹੋਣ ਲੱਗ ਪਈ ਤਾਂ ਹਾਲਾਤ ਵਿਗੜਨ ਵਿੱਚ ਜਿਹੜੀ ਕੋਈ ਕਸਰ ਬਾਕੀ ਰਹਿੰਦੀ ਹੈ, ਉਹ ਵੀ ਨਿਕਲ ਜਾਵੇਗੀ, ਪਰ ਕਿਸੇ ਨੂੰ ਇਸਦੀ ਚਿੰਤਾ ਨਹੀਂ

ਕਾਂਗਰਸ ਪਾਰਟੀ ਜਦੋਂ ਕੇਂਦਰ ਵਿੱਚ ਵੀ ਤੇ ਰਾਜ ਸਰਕਾਰਾਂ ਦੇ ਵੱਡੇ ਹਿੱਸੇ ਉੱਤੇ ਵੀ ਉਹ ਪੂਰੀ ਕਾਬਜ਼ ਹੁੰਦੀ ਸੀ ਤਾਂ ਉਹ ਆਮ ਲੋਕਾਂ ਨਾਲ ਅਤੇ ਖਾਸ ਕਰ ਕੇ ਘੱਟ-ਗਿਣਤੀਆਂ ਨਾਲ ਵਧੀਕੀਆਂ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦੀ ਸੀ, ਪਰ ਅੱਜਕੱਲ੍ਹ ਉਹ ਸੱਤਾ ਤੋਂ ਲਾਂਭੇ ਹੈ ਅਤੇ ਉਹੋ ਸਾਰਾ ਕੁਝ ਭਾਜਪਾ ਕਰਦੀ ਪਈ ਹੈਫਰਕ ਸਿਰਫ ਇਹ ਹੈ ਕਿ ਕਾਂਗਰਸ ਆਪਣੇ ਐਲਾਨਾਂ ਵਿੱਚ ਕਿਸੇ ਇੱਕ ਖਾਸ ਘੱਟ-ਗਿਣਤੀ ਬਾਰੇ ਓਦਾਂ ਦੀ ਕੁੜੱਤਣ ਦੀ ਭਾਵਨਾ ਦਾ ਪ੍ਰਗਟਾਵਾ ਨਹੀਂ ਸੀ ਕਰਦੀ, ਪਰ ਭਾਜਪਾ ਉਸ ਖਾਸ ਭਾਈਚਾਰੇ ਬਾਰੇ ਆਪਣੀ ਨਫਰਤ ਲੁਕਾਏ ਬਿਨਾਂ ਬਾਕੀ ਭਾਈਚਾਰਿਆਂ ਵਾਸਤੇ ਮੋਹ ਜਾਂ ਹਮਦਰਦੀ ਦਾ ਵਿਖਾਵਾ ਕਰਨ ਦਾ ਯਤਨ ਕਰਦੀ ਹੈਜਿਨ੍ਹਾਂ ਭਾਈਚਾਰਿਆਂ ਵੱਲ ਭਾਜਪਾ ਆਗੂ ਅੱਜਕੱਲ੍ਹ ਬਾਹਲੇ ਮੋਹ ਦਾ ਪ੍ਰਭਾਵ ਪਾਉਣ ਦਾ ਯਤਨ ਕਰਦੇ ਹਨ, ਸਿੱਖ ਭਾਈਚਾਰਾ ਉਨ੍ਹਾਂ ਵਿੱਚੋਂ ਹੈ, ਪਰ ਰਿਕਾਰਡ ਦੱਸਦਾ ਹੈ ਕਿ ਦੇਸ਼ ਆਜ਼ਾਦ ਹੋਣ ਦੀ ਘੜੀ ਤੋਂ ਲੈ ਕੇ ਭਾਜਪਾ ਜਾਂ ਇਸਦਾ ਇਸ ਤੋਂ ਪਹਿਲਾ ਰੂਪ ‘ਭਾਰਤੀ ਜਨ ਸੰਘ’ ਇੱਕ ਖਾਸ ਵਿਰੋਧ ਦੀ ਧਾਰਨਾ ਉੱਤੇ ਚੱਲਦਾ ਰਿਹਾ ਹੈਕਾਂਗਰਸ ਉੱਤੇ ਦੋਸ਼ ਲਗਦਾ ਹੈ ਕਿ ਜਦੋਂ ਸਾਰੇ ਭਾਰਤ ਵਿੱਚ ਭਾਸ਼ਾ ਆਧਾਰ ਉੱਤੇ ਰਾਜਾਂ ਦੀ ਹੱਦਬੰਦੀ ਅਤੇ ਮਾਨਤਾ ਸ਼ੁਰੂ ਕੀਤੀ ਜਾਣ ਲੱਗੀ ਸੀ ਤਾਂ ਪੰਜਾਬ ਨੂੰ ਇਹੋ ਹੱਕ ਦੇਣ ਤੋਂ ਨਾਂਹ ਕਰਦੀ ਸੀਇਹ ਦੋਸ਼ ਬਿਲਕੁਲ ਠੀਕ ਹੈ, ਪਰ ਇਹ ਗੱਲ ਨਾਲ ਨੋਟ ਕੀਤੀ ਜਾਣ ਵਾਲੀ ਹੈ ਕਿ ਜਦੋਂ ਕਦੀ ਅਕਾਲੀ ਆਗੂ ‘ਪੰਜਾਬੀ ਸੂਬਾ’ ਲੈਣ ਦੀ ਗੱਲ ਕਰਦੇ ਜਾਂ ਮੋਰਚਾ ਲਾਉਂਦੇ ਸਨ ਤਾਂ ਉਨ੍ਹਾਂ ਅੱਗੇ ਪਹਿਲਾ ਅੜਿੱਕਾ ਜਨ ਸੰਘ ਲਾਇਆ ਕਰਦੀ ਸੀਆਪਣੀ ਮੰਗ ਲਈ ਅਕਾਲੀ ਆਗੂ ਦਰਬਾਰ ਸਾਹਿਬ ਵਿੱਚ ਮਰਨ ਵਰਤ ਰੱਖਣ ਲੱਗਦੇ ਤਾਂ ਮਸਾਂ ਦੋ ਸੌ ਗਜ਼ ਦੂਰ ਮਲਕਾ ਦੇ ਬੁੱਤ ਕੋਲ ਤੰਬੂ ਗੱਡ ਕੇ ਭਾਜਪਾ ਦਾ ਇੱਕ ਆਗੂ ਮਰਨ ਵਰਤ ਰੱਖ ਕੇ ਬੈਠ ਜਾਂਦਾ ਅਤੇ ਇਸ ਮੰਗ ਦੇ ਵਿਰੁੱਧ ਮੈਦਾਨ ਮੱਲ ਲਿਆ ਕਰਦਾ ਸੀਇਹ ਵਰਤਾਰਾ ਬੋਲੀ ਦੇ ਆਧਾਰ ਉੱਤੇ ਅਜੋਕਾ ਪੰਜਾਬ ਬਣਾਉਣ ਦੀ ਮੰਗ ਮੰਨੇ ਜਾਣ ਤਕ ਇੱਦਾਂ ਹੀ ਚੱਲਦਾ ਰਿਹਾ ਸੀ ਅਤੇ ਉਸ ਦੇ ਬਾਅਦ ਦੀ ਰਾਜਨੀਤੀ ਵਿੱਚ ਵੀ ਜਨ ਸੰਘ ਦੀ ਇਹ ਸੋਚ ਪ੍ਰਗਟ ਹੁੰਦੀ ਰਹੀ ਸੀ

ਕੁਝ ਲੋਕ 1967 ਦੀਆਂ ਉਨ੍ਹਾਂ ਆਮ ਚੋਣਾਂ ਨੂੰ ਕੁੜੱਤਣ ਦਾ ਇੱਕ ਪੜਾਅ ਪੂਰਾ ਹੋਣਾ ਮੰਨਦੇ ਹਨ, ਜਿਨ੍ਹਾਂ ਮਗਰੋਂ ਪੰਜਾਬ ਵਿੱਚ ਪਹਿਲੀ ਵਾਰੀ ਗੈਰ ਕਾਂਗਰਸੀ ਸਰਕਾਰ ਬਣੀ ਅਤੇ ਅਕਾਲੀ ਮੁੱਖ ਮੰਤਰੀ ਦੀ ਅਗਵਾਈ ਵਿੱਚ ਭਾਰਤੀ ਜਨ ਸੰਘ ਦੇ ਉਹ ਲੋਕ ਮੰਤਰੀ ਬਣੇ ਸਨ, ਜਿਹੜੇ ਪਿੱਛੋਂ ਭਾਜਪਾ ਬਣਾਉਣ ਵਾਲਿਆਂ ਵਿੱਚ ਸ਼ਾਮਲ ਸਨਇਹ ਠੀਕ ਹੈ ਕਿ ਇਸਦਾ ਪਹਿਲਾ ਪ੍ਰਭਾਵ ਇਸ ਰਾਜ ਵਿੱਚ ਹਿੰਦੂ-ਸਿੱਖ ਏਕੇ ਵਾਲਾ ਸੀ, ਪਰ ਜਦੋਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਲਿਆ ਤਾਂ ਹਿੰਦੂ-ਸਿੱਖ ਏਕੇ ਦੀਆਂ ਗੱਲਾਂ ਕਰਨ ਵਾਲੇ ਜਨ ਸੰਘੀ ਆਗੂ ਅਸਤੀਫੇ ਦੇ ਕੇ ਬਾਹਰ ਹੋ ਗਏ ਸਨਅੱਜ ਉਹ ਕਾਂਗਰਸ ਨੂੰ ‘ਪੰਡਿਤ ਨਹਿਰੂ ਵੇਲੇ ਤੋਂ’ ਸਿੱਖਾਂ ਦੀ ਵਿਰੋਧੀ ਦੱਸਦੇ ਹਨ ਤੇ ਇਸ ਵਿੱਚੋਂ ਕਈ ਗੱਲਾਂ ਠੀਕ ਵੀ ਕਹਿੰਦੇ ਹਨ, ਪਰ ਆਪਣੇ ਬਾਰੇ ਨਹੀਂ ਦੱਸਦੇ ਕਿ ਉਨ੍ਹਾਂ ਨੇ ਵੀ ਕਈ ਵਾਰੀ ਸਿੱਖਾਂ ਨਾਲ ਇਹ ਕੁਝ ਕੀਤਾ ਹੋਇਆ ਹੈਭਾਜਪਾ ਲੀਡਰ ਅੱਜਕੱਲ੍ਹ ਅਪਰੇਸ਼ਨ ਬਲਿਊ ਸਟਾਰ ਦੀ ਮੰਦਭਾਗੀ ਕਾਰਵਾਈ ਲਈ ਇਕੱਲੀ ਕਾਂਗਰਸ ਨੂੰ ਦੋਸ਼ੀ ਦੱਸਣ ਅਤੇ ਆਪਣੀ ਭੂਮਿਕਾ ਲੁਕਾਉਣ ਦਾ ਯਤਨ ਕਰਦੇ ਹਨ ਸਚਾਈ ਇਹ ਹੈ ਕਿ ਉਸ ਘਟਨਾ ਤੋਂ ਬਾਅਦ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਜਦੋਂ ਹੋਇਆ ਤਾਂ ਉਸ ਵਿੱਚ ਭਾਜਪਾ ਲੀਡਰ ਅਟਲ ਬਿਹਾਰੀ ਵਾਜਪਾਈ ਨੇ ਇਸ ਨੂੰ ਠੀਕ, ਪਰ ਦੇਰੀ ਨਾਲ ਕੀਤੀ ਗਈ ਕਾਰਵਾਈ ਕਿਹਾ ਸੀਉਹ ਗੱਲ ਬਾਅਦ ਵਿੱਚ ਸ਼ਾਇਦ ਆਈ-ਗਈ ਹੋ ਜਾਂਦੀ, ਪਰ ਵਾਜਪਾਈ ਸਰਕਾਰ ਦੇ ਵਕਤ ਉਨ੍ਹਾਂ ਨਾਲ ਡਿਪਟੀ ਪ੍ਰਧਾਨ ਮੰਤਰੀ ਬਣਾਏ ਗਏ ਲਾਲ ਕ੍ਰਿਸ਼ਨ ਅਡਵਾਨੀ ਨੇ ‘ਮਾਈ ਕੰਟਰੀ, ਮਾਈ ਲਾਈਫ’ ਸਿਰਲੇਖ ਵਾਲੀ ਆਪਣੀ ਜੀਵਨੀ ਲਿਖੀ ਤਾਂ ਉਸ ਵਿੱਚ ਇਹ ਗੱਲ ਲਿਖ ਦਿੱਤੀ ਕਿ ਇੰਦਰਾ ਗਾਂਧੀ ਅਪਰੇਸ਼ਨ ਬਲਿਊ ਕਰਨ ਨੂੰ ਮੰਨਦੀ ਨਹੀਂ ਸੀ, ਭਾਜਪਾ ਲੀਡਰਾਂ ਨੇ ਦਬਾਅ ਪਾ ਕੇ ਕਰਵਾਇਆ ਸੀਜਿਹੜੇ ਲੀਡਰ ਖੁਦ ਕਹਿੰਦੇ ਰਹੇ ਸਨ ਕਿ ਇੰਦਰਾ ਗਾਂਧੀ ਤੋਂ ਦਬਾਅ ਪਾ ਕੇ ਉਨ੍ਹਾਂ ਨੇ ਇਹ ਫੌਜੀ ਕਰਵਾਈ ਕਰਵਾਈ ਸੀ, ਉਨ੍ਹਾਂ ਦੇ ਪਿਛਲੱਗ ਅੱਜ ਉਸ ਅਪਰੇਸ਼ਨ ਨੂੰ ਕਾਂਗਰਸ ਦੀ ਸਿੱਖਾਂ ਨਾਲ ਦੁਸ਼ਮਣੀ ਦਾ ਰੰਗ ਦੇ ਕੇ ਪੇਸ਼ ਕਰਦੇ ਅਤੇ ਆਪਣੀ ਭੂਮਿਕਾ ਛੁਪਾ ਜਾਣਾ ਚਾਹੁੰਦੇ ਹਨ

ਇਤਿਹਾਸ ਕਦੇ ਵੀ ਕੁਝ ਪੜਾਵਾਂ ਤਕ ਸੀਮਤ ਨਹੀਂ ਹੁੰਦਾ ਅਤੇ ਕਦੇ ਇੱਕ ਥਾਂ ਜਾ ਕੇ ਰੁਕਦਾ ਨਹੀਂ, ਇਹ ਅਗਲੇ ਪੜਾਅ ਪਾਰ ਕਰਦਾ ਨਵਾਂ ਕਈ ਕੁਝ ਚੰਗਾ ਵੀ ਅਤੇ ਮਾੜਾ ਵੀ ਇਸ ਦੁਨੀਆਂ ਮੋਹਰੇ ਪਰੋਸਦਾ ਰਹਿੰਦਾ ਹੈ ਅਤੇ ਅੱਜ ਵੀ ਇਹ ਇਤਿਹਾਸਕ ਵਰਾਤਾਰਾ ਜਾਰੀ ਹੈਸਭ ਨੂੰ ਪਤਾ ਹੈ ਕਿ ਦਿੱਲੀ ਦੇ ਬਾਰਡਰਾਂ ਉੱਤੇ ਜਦੋਂ ਸੰਘਰਸ਼ ਕਰਨ ਪਹੁੰਚੇ ਹੋਏ ਕਿਸਾਨਾਂ ਦੇ ਕਾਰਨ ਕੇਂਦਰ ਸਰਕਾਰ ਮੁਸ਼ਕਿਲ ਵਿੱਚ ਸੀ, ਉਨ੍ਹਾਂ ਕਿਸਾਨਾਂ ਵਿੱਚ ਵੱਡੀ ਗਿਣਤੀ ਕਿਉਂਕਿ ਸਿੱਖ ਕਿਸਾਨਾਂ ਦੀ ਸੀ, ਇਸ ਲਈ ਭਾਜਪਾ ਆਗੂਆਂ ਨੇ ਕਿਸਾਨ ਮੋਰਚੇ ਨੂੰ ਖਾਲਿਸਤਾਨੀ ਸਾਜ਼ਿਸ਼ ਅਤੇ ਕਿਸਾਨ ਲੀਡਰਾਂ ਨੂੰ ਪਾਕਿਸਤਾਨ ਦੇ ਏਜੰਟ ਤਕ ਆਖਿਆ ਸੀਇਹ ਗੱਲ ਕਹਿਣ ਵੇਲੇ ਭਾਜਪਾ ਆਗੂਆਂ ਨੇ ਇਹ ਸੱਚ ਅੱਖੋਂ ਓਹਲੇ ਕਰ ਦਿੱਤਾ ਸੀ ਕਿ ਉਨ੍ਹਾਂ ਵਿੱਚ ਬੜੀ ਵੱਡੀ ਗਿਣਤੀ ਵਿੱਚ ਹਰਿਆਣਾ ਦੇ ਕਿਸਾਨ ਵੀ ਸਨ ਅਤੇ ਉਨ੍ਹਾਂ ਵਿੱਚ ਹਰ ਧਰਮ ਨਾਲ ਜੁੜੇ ਕਿਸਾਨਾਂ ਦੇ ਉਸ ਇਕੱਠ ਦੀ ਇੱਕਸੁਰਤਾ ਉਨ੍ਹਾਂ ਦੇ ਨਾਅਰਿਆਂ ਤਕ ਸੀਮਤ ਨਹੀਂ ਸੀ, ਲੰਗਰ ਵੀ ਸਾਂਝਾ ਬਣਦਾ ਸੀਕਾਂਗਰਸ ਦੇ ਲੀਡਰਾਂ ਦੀ ਸਿਆਸਤ ਵਿੱਚ ਕੁਚੱਜ ਅਤੇ ਲੋਕਾਂ ਨਾਲ ਕੀਤੇ ਧੱਕਿਆਂ ਦੀ ਕਹਾਣੀ ਆਪਣੀ ਥਾਂ ਹੈ ਅਤੇ ਉਸ ਨੂੰ ਅੱਖੋਂ ਓਹਲੇ ਕੋਈ ਨਹੀਂ ਕਰਨਾ ਚਾਹੇਗਾ, ਪਰ ਭਾਜਪਾ ਨੇ ਵੀ ਦੇਸ਼ ਦੇ ਆਮ ਲੋਕਾਂ ਨਾਲ ਘੱਟ ਨਹੀਂ ਕੀਤੀਜਿੱਦਾਂ ਦੇ ਪੁੱਠੇ ਕੰਮ ਕਾਂਗਰਸੀ ਕਰਿਆ ਕਰਦੇ ਸਨ, ਹਰ ਵਿਗੜੇ ਹੋਏ ਅਤੇ ਬਦਨਾਮ ਕਾਂਗਰਸੀ ਆਗੂ ਨੂੰ ਆਪਣੇ ਵਿੱਚ ਰਲਾਉਣ ਲਈ ਤਿਆਰ ਰਹਿਣ ਵਾਲੀ ਭਾਜਪਾ ਦੇ ਆਗੂ ਵੀ ਉਹ ਸਾਰੇ ਪੁੱਠੇ ਕੰਮ ਕਰਦੇ ਹਨ ਅਤੇ ਸਗੋਂ ਇਨ੍ਹਾਂ ਪੁੱਠੇ ਕੰਮਾਂ ਨੂੰ ਆਪਣੀ ਫਿਰਕੂ ਸੋਚ ਦੀ ਪੁੱਠ ਚਾੜ੍ਹ ਕੇ ਹੋਰ ਵੱਡੇ ਗੁਨਾਹ ਕਰਦੇ ਪਏ ਹਨਦੋਵਾਂ ਧਿਰਾਂ ਦੀ ਸੋਚ ਵਿੱਚ ਇੱਕ ਪਾਸੇ ਸਿੱਧੀ ਤਾਂ ਦੂਸਰੇ ਪਾਸੇ ਲੁਕਵੀਂ ਤੰਗਨਜ਼ਰੀ ਦਾ ਫਰਕ ਹੁੰਦਾ ਹੈ, ਪਰ ਜਦੋਂ ਇਨ੍ਹਾਂ ਦੋਵਾਂ ਦਾ ਤੋਲ-ਤੁਲਾਵਾ ਕਰਨ ਦੀ ਲੋੜ ਪਵੇ ਤਾਂ ਸਿੱਖਾਂ ਸਣੇ ਸਾਰੀਆਂ ਘੱਟ-ਗਿਣਤੀਆਂ ਬਾਰੇ ਭਾਜਪਾ ਦੇ ਗੁਨਾਹ ਕਾਂਗਰਸ ਤੋਂ ਘੱਟ ਨਹੀਂ ਨਿਕਲਣੇਭਾਰਤ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਸਾਹਮਣੇ ਇਸ ਵਕਤ ਵੀ ਕੋਈ ਤੀਸਰਾ ਬਦਲ ਨਹੀਂ ਅਤੇ ਉਹ ਇਨ੍ਹਾਂ ਦੋਵਾਂ ਨੂੰ ਭੁਗਤਦੇ ਪਏ ਹਨ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5296)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author