“ਕੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਵਿੱਚ ਦਹਾਕਿਆਂ ਤੋਂ ਚੱਲਦੇ ਆਏ ਤੇ ਬੀਤੇ ਤਿੰਨ ...”
(30 ਮਈ 2025)
ਐਨ ਉਦੋਂ, ਜਦੋਂ ਸਾਡੇ ਪੰਜਾਬ ਵਿੱਚ ਅਗਲੀ ਵਿਧਾਨ ਸਭਾ ਚੋਣ ਲਈ ਪੌਣੇ ਦੋ ਸਾਲ ਦੇ ਕਰੀਬ ਸਮਾਂ ਬਾਕੀ ਰਹਿ ਗਿਆ ਹੈ, ਇਹ ਲਿਖਤ ਅਸੀਂ ਪੰਜਾਬੀਆਂ ਦੇ ਨਾਲ ਪੰਜਾਬ ਦੇ ਰਾਜ ਕਰਤਿਆਂ ਨੂੰ ਵੀ ਧਿਆਨ ਵਿੱਚ ਰੱਖ ਕੇ ਲਿਖਣ ਦਾ ਮਨ ਬਣਾਇਆ ਹੈ। ਸਾਡੀ ਇਸ ਲਿਖਤ ਤੋਂ ਇੱਕ ਦਿਨ ਪਹਿਲਾਂ ਜਲੰਧਰ ਸ਼ਹਿਰ ਦੇ ਕੇਂਦਰੀ ਵਿਧਾਨ ਸਭਾ ਹਲਕੇ ਵਾਲਾ ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਸ ਦੀ ਗ੍ਰਿਫਤਾਰੀ ਬਾਰੇ ਅੰਦਾਜ਼ੇ ਉਸ ਹਲਕੇ ਦੇ ਲੋਕ ਅਗੇਤੇ ਲਾਉਂਦੇ ਪਏ ਸਨ ਤੇ ਉਹ ਅੱਜ ਇਸ ਗੱਲੋਂ ਹੈਰਾਨ ਨਹੀਂ ਕਿ ਵਿਧਾਇਕ ਦੀ ਗ੍ਰਿਫਤਾਰੀ ਹੋਈ ਹੈ, ਹੈਰਾਨੀ ਉਨ੍ਹਾਂ ਨੂੰ ਇਸ ਗੱਲ ਦੀ ਹੈ ਕਿ ਇਹ ਕੰਮ ਹੁੰਦਿਆਂ ਚਿਰ ਚੋਖਾ ਲੱਗ ਗਿਆ ਹੈ। ਜਿੰਨੇ ਕੁ ਲੋਕਾਂ ਨਾਲ ਗੱਲ ਹੋਈ, ਹੈਰਾਨੀ ਸਭ ਨੂੰ ਇਹ ਹੈ ਕਿ ਕਿਸੇ ਨੇ ਵੀ ਇਸ ਗ੍ਰਿਫਤਾਰੀ ਦਾ ਬੁਰਾ ਨਹੀਂ ਮਨਾਇਆ, ਸਗੋਂ ਲੋਕਾਂ ਵਿੱਚ ਇਹ ਚਰਚਾ ਆਮ ਹੈ ਕਿ ਏਦਾਂ ਦੀਆਂ ਗ੍ਰਿਫਤਾਰੀਆਂ ਅਜੇ ਹੋਰ ਵੀ ਹੋ ਸਕਦੀਆਂ ਹਨ ਅਤੇ ਹੋਣੀਆਂ ਵੀ ਚਾਹੀਦੀਆਂ ਹਨ।
ਸਾਡੇ ਸਾਹਮਣੇ ਜਾਪਾਨ ਦੀ ਇੱਕ ਤਾਜ਼ਾ ਖਬਰ ਹੈ ਕਿ ਹਾਕਮ ਪਾਰਟੀ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਅਸਤੀਫਾ ਦੇ ਦਿੱਤਾ ਹੈ। ਸਗੋਂ ਸੱਚੀ ਗੱਲ ਇਹ ਹੈ ਕਿ ਅਸਤੀਫਾ ਦਿੱਤਾ ਦੀ ਬਜਾਏ ਦੇਣਾ ਪਿਆ ਹੈ। ਕਾਰਨ ਇਹ ਹੈ ਕਿ ਚਾਵਲਾਂ ਦੀਆਂ ਕੀਮਤਾਂ ਵਧਣ ਨਾਲ ਜਾਪਾਨ ਦੇ ਲੋਕਾਂ ਵਿੱਚ ਹਾਹਾਕਾਰ ਹੋ ਰਹੀ ਹੈ, ਸਿਰਫ ਦੋ ਸਾਲਾਂ ਦੌਰਾਨ ਇਹ ਕੀਮਤਾਂ ਢਾਈ ਗੁਣਾ ਤੋਂ ਵੱਧ ਚੜ੍ਹ ਗਈਆਂ ਤੇ ਜਦੋਂ ਉਸ ਪਾਰਲੀਮੈਂਟ ਮੈਂਬਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਹਿ ਦਿੱਤਾ ਕਿ ਉਹ ਕਦੇ ਚਾਵਲ ਖਰੀਦਦਾ ਹੀ ਨਹੀਂ, ਉਸ ਦੇ ਚਹੇਤੇ ਉਸ ਨੂੰ ਮੁਫਤ ਦੇ ਜਾਂਦੇ ਹਨ। ਭਾਰਤ ਵਰਗਾ ਦੇਸ਼ ਹੁੰਦਾ ਤਾਂ ਲੋਕਾਂ ਨੇ ਇਸ ਗੱਲ ਦੀ ਵੀ ਤਾਰੀਫ ਕਰਨੀ ਸੀ ਕਿ ਉਹ ਲੋਕਾਂ ਦਾ ਐਨਾ ਚਹੇਤਾ ਹੈ ਕਿ ਉਸ ਨੂੰ ਚਾਵਲ ਤੱਕ ਖਰੀਦਣ ਲਈ ਜੇਬ ਵਿੱਚ ਹੱਥ ਨਹੀਂ ਪਾਉਣਾ ਪੈਂਦਾ, ਉਸ ਦੇ ਪ੍ਰਸੰਸਕ ਅਤੇ ਚਹੇਤੇ ਮੁਫਤ ਦੇ ਜਾਂਦੇ ਹਨ। ਜਾਪਾਨ ਵੱਖਰੀ ਸੋਚ ਰੱਖਣ ਵਾਲੀ ਕੌਮ ਦਾ ਦੇਸ਼ ਹੈ, ਜਿੱਥੇ ਏਦਾਂ ਦੀ ਮੁਫਤਖੋਰੀ ਨੂੰ ਪ੍ਰਸੰਸਾ ਨਹੀਂ ਮਿਲਦੀ, ਇਸ ਨੂੰ ਭ੍ਰਿਸ਼ਟਾਚਾਰ ਮੰਨਿਆ ਜਾਂਦਾ ਹੈ ਤੇ ਏਦਾਂ ਦੇ ਮੁਫਤਖੋਰ ਨੂੰ ਲੋਕਤੰਤਰ ਦਾ ਕਲੰਕ ਸਮਝਿਆ ਜਾਂਦਾ ਹੈ। ਏਨੀ ਕੁ ਭੰਡੀ ਹੋਈ ਕਿ ਉਸ ਪਾਰਲੀਮੈਂਟ ਮੈਂਬਰ ਨੂੰ ਖੁਦ ਜਾ ਕੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਸੌਂਪਣਾ ਅਤੇ ਆਪਣੇ ਇਸ ਕਿਰਦਾਰ ਦੀ ਮੁਆਫੀ ਮੰਗਣੀ ਪਈ ਹੈ।
ਅਸੀਂ ਜਿਸ ਭਾਰਤ ਅਤੇ ਜਿਸ ਪੰਜਾਬ ਵਿੱਚ ਰਹਿੰਦੇ ਹਾਂ, ਉਹ ਜਾਪਾਨ ਤੋਂ ਅਸਲੋਂ ਵੱਖ ਕਿਸਮ ਵਾਲਿਆਂ ਦੇ ਹੱਥਾਂ ਵਿੱਚ ਰਹਿੰਦਾ ਹੈ। ਕੁਝ ਸਾਲ ਪਹਿਲਾਂ ਪੰਜਾਬ ਦੇ ਇੱਕ ਪ੍ਰਮੁੱਖ ਪੱਤਰਕਾਰ ਨੇ, ਜਿਹੜਾ ਸੂਚਨਾ ਅਧਿਕਾਰ ਕਾਨੂੰਨ (ਆਰ ਟੀ ਆਈ) ਦੀ ਵਰਤੋਂ ਕਰਨ ਦਾ ਵੀ ਮਾਹਰ ਹੈ, ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਵਿੱਚ ਬਲਦੇ ਚੁੱਲ੍ਹਿਆਂ ਬਾਰੇ ਸੂਚਨਾ ਮੰਗ ਲਈ ਕਿ ਘਰ ਵਿੱਚ ਰਸੋਈ ਗੈਸ ਦੇ ਕਿੰਨੇ ਸਿਲੰਡਰ ਲੱਗਦੇ ਅਤੇ ਕਿੱਥੋਂ ਲਏ ਜਾਂਦੇ ਹਨ! ਏਡੇ ਵੱਡੇ ਅਫਸਰਾਂ ਨੂੰ ਇਸ ਦਾ ਜਵਾਬ ਦੇਣ ਵਿੱਚ ਪਸੀਨੇ ਆ ਗਏ ਅਤੇ ਹਰ ਕਿਸੇ ਦਾ ਜਵਾਬ ਦਿਲਚਸਪੀ ਵਾਲਾ ਸੀ। ਇੱਕ ਜਣੇ ਨੇ ਲਿਖਿਆ ਕਿ ਸਿਲੰਡਰ ਲੈਂਦੇ ਹੀ ਨਹੀਂ, ਮਿੱਟੀ ਦੇ ਤੇਲ ਦੇ ਸਟੋਵ ਨਾਲ ਕੰਮ ਸਾਰਦੇ ਹਨ ਤਾਂ ਅਗਲਾ ਸਵਾਲ ਇਹ ਵੀ ਪੁੱਛਿਆ ਗਿਆ ਕਿ ਮਿੱਟੀ ਦਾ ਤੇਲ ਕਿਹੜੇ ਡਿਪੂ ਤੋਂ ਲੈਂਦੇ ਹੋ ਅਤੇ ਉਸ ਦਾ ਕਾਰਡ ਨੰਬਰ ਕੀ ਹੈ! ਦੂਸਰੇ ਜ਼ਿਲੇ ਵਿਚਲੇ ਅਧਿਕਾਰੀ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਕਹਿ ਦਿੱਤਾ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਉਸ ਦੇ ਘਰ ਲੱਕੜੀ ਬਾਲਣ ਵਾਲਾ ਚੁੱਲ੍ਹਾ ਬਲਦਾ ਹੈ ਤਾਂ ਅਗਲਾ ਸਵਾਲ ਹੋ ਗਿਆ ਕਿ ਉਸ ਲਈ ਲੱਕੜ ਜਿੱਥੋਂ ਖਰੀਦੀ ਜਾਂਦੀ ਹੈ, ਉਸ ਦੁਕਾਨ ਬਾਰੇ ਦੱਸਿਆ ਜਾਵੇ। ਜਵਾਬ ਇਸ ਲਈ ਦੇਣਾ ਔਖਾ ਹੁੰਦਾ ਗਿਆ ਕਿ ਬਹੁਤੇ ਅਫਸਰਾਂ ਦੇ ਘਰਾਂ ਵਿੱਚ ਰਸੋਈ ਗੈਸ ਆਉਂਦੀ ਕਿੱਥੋਂ ਹੈ ਤੇ ਬਿੱਲ ਕੌਣ ਭਰਦਾ ਹੈ, ਇਹ ਕੰਮ ਉਹ ਖੁਦ ਨਹੀਂ ਕਰਦੇ, ਉਨ੍ਹਾਂ ਦੇ ਦਫਤਰਾਂ ਵਿਚਲਾ ਕੋਈ ਕਾਰਿੰਦਾ ਕਿਸੇ ਸਾਂਝੇ ਫੰਡ ਵਿੱਚੋਂ ਸਾਰਾ ਖਰਚ ਕਰੀ ਜਾਂਦਾ ਸੀ ਅਤੇ ਅਧਿਕਾਰੀਆਂ ਨੂੰ ਜੇਬ ਕਦੇ ਢਿੱਲੀ ਨਹੀਂ ਸੀ ਕਰਨੀ ਪਈ।
ਏਦਾਂ ਦਾ ਕੰਮ ਸਿਰਫ ਅਫਸਰਾਂ ਦੇ ਘਰਾਂ ਵਿੱਚ ਨਹੀਂ ਹੁੰਦਾ, ਬਹੁਤ ਸਾਰੇ ਲੀਡਰਾਂ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਵਿੱਚ ਵੀ ਹੁੰਦਾ ਹੈ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਖਰਚ ਫਲਾਣਾ ਬੰਦਾ ਕਰਦਾ ਹੈ ਅਤੇ ਫਲਾਣੇ ਕੰਮ ਵਿੱਚੋਂ ਇਸ ਸਾਰੇ ਖਰਚ ਦੀ ਕੁੰਡੀ ਲਾਉਂਦਾ ਹੈ। ਲੋਕੀਂ ਇਹ ਨਾ ਸੋਚਣ ਕਿ ਪਤਾ ਹੁੰਦਾ ਹੈ ਤਾਂ ਰੋਕਦੇ ਕਿਉਂ ਨਹੀਂ, ਸੱਚਾਈ ਇਹ ਹੈ ਕਿ ਇਹ ਸਾਰਾ ਕੁਝ ਉਨ੍ਹਾਂ ਨੂੰ ਦੱਸੇ ਬਿਨਾਂ ਕਰਦੇ ਰਹਿਣ ਵਾਲੇ ਬੰਦੇ ਉਨ੍ਹਾਂ ਖੁਦ ਮੁਕੱਰਰ ਕਰ ਰੱਖੇ ਹੁੰਦੇ ਹਨ ਅਤੇ ਉਨ੍ਹਾਂ ਬੰਦਿਆਂ ਦਾ ਰੋਅਬ ਵੀ ਉਸ ਇਲਾਕੇ ਦੇ ਅਫਸਰਾਂ ਅਤੇ ਕਾਰੋਬਾਰੀਆਂ ਉੱਤੇ ਏਨਾ ਜ਼ਿਆਦਾ ਪਿਆ ਹੁੰਦਾ ਹੈ ਕਿ ਜਿੱਥੋਂ ਜਿੰਨਾ ਮਰਜ਼ੀ ਸਾਮਾਨ ਲੈ ਕੇ ਤੁਰ ਪੈਣ, ਉਨ੍ਹਾਂ ਕੋਲੋਂ ਕਦੇ ਕੋਈ ਪੈਸੇ ਨਹੀਂ ਮੰਗ ਸਕਦਾ। ਆਗੂਆਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਉਨ੍ਹਾਂ ਨੂੰ ਵੋਟਾਂ ਪਾ ਕੇ ਏਨੀ ਹੈਸੀਅਤ ਦੇ ਮਾਲਕ ਬਣਾਉਣ ਵਾਲੀ ਪਰਜਾ ਤੋਂ ਉਨ੍ਹਾਂ ਦੀ ਹੱਦਾਂ ਤੋਂ ਬਾਹਰੀ ਭੁੱਖ ਛੁਪੀ ਨਹੀਂ ਰਹਿ ਸਕਦੀ, ਗਲੀਆਂ ਅਤੇ ਸੱਥਾਂ ਵਿੱਚ ਗੱਲਾਂ ਚੱਲ ਪੈਂਦੀਆਂ ਹਨ। ਜਿਹੜੇ ਲੋਕ ਲੀਡਰਾਂ ਨੂੰ ਮਿਲਣ ਵੇਲੇ ਉਨ੍ਹਾਂ ਦੇ ਗੋਡੀਂ ਹੱਥ ਲਾਉਂਦੇ ਅਤੇ ਸਤਿਕਾਰ ਪੇਸ਼ ਕਰਦੇ ਹਨ, ਬਾਹਰ ਨਿਕਲਦੇ ਸਾਰ ਜਿਹੜੀ ਭਾਸ਼ਾ ਵਿੱਚ ਉਨ੍ਹਾਂ ਆਗੂਆਂ ਦਾ ਜ਼ਿਕਰ ਕਰਦੇ ਹਨ, ਉਹ ਸ਼ਰੀਫ ਆਦਮੀ ਦੇ ਸੁਣਨ ਵਾਲੀ ਨਹੀਂ ਮੰਨੀ ਜਾਂਦੀ। ਜਲੰਧਰ ਵਿੱਚ ਗ੍ਰਿਫਤਾਰ ਹੋਏ ਵਿਧਾਇਕ ਬਾਰੇ ਵੀ ਲੋਕ ਚਿਰਾਂ ਤੋਂ ਗੱਲਾਂ ਕਰਦੇ ਸਨ, ਉਸ ਦੀ ਪਾਰਟੀ ਤੱਕ ਵੀ ਪਹੁੰਚਦੀਆਂ ਹੋਣਗੀਆਂ, ਪਰ ਉਸ ਨੇ ਕਦੇ ਕੋਈ ਪ੍ਰਵਾਹ ਨਹੀਂ ਸੀ ਕੀਤੀ ਤੇ ਪਾਰਟੀ ਨੇ ਵੀ ਉਸ ਦੀ ਨਕੇਲ ਕੱਸਣ ਬਾਰੇ ਨਹੀਂ ਸੀ ਸੋਚਿਆ। ਆਖਰ ਵਿੱਚ ਉਹ ਹੋ ਗਿਆ ਹੈ, ਜਿਸ ਨਾਲ ਨਾ ਸਿਰਫ ਉਸ ਦੀ ਆਪਣੀ, ਸਗੋਂ ਉਸ ਦੀ ਪਾਰਟੀ ਦੀ ਪੁਜ਼ੀਸ਼ਨ ਵੀ ਖਰਾਬ ਹੋਈ ਅਤੇ ਹੋਰ ਪੌਣੇ ਦੋ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਇਹੋ ਜਿਹੇ ਬੰਦਿਆਂ ਦੇ ਪ੍ਰਛਾਂਵੇਂ ਦੀ ਚਰਚਾ ਵੀ ਚੱਲ ਪਈ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਦੇ ਸਵਾ ਕੁ ਤਿੰਨ ਸਾਲਾਂ ਦੌਰਾਨ ਏਹੋ ਜਿਹੇ ਤਿੰਨ ਜਣੇ ਪਹਿਲਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ ਅਤੇ ਇਹ ਚੌਥਾ ਹੈ। ਸਭ ਤੋਂ ਪਹਿਲਾਂ ਇੱਕ ਮੰਤਰੀ ਨੂੰ ਮੁੱਖ ਮੰਤਰੀ ਨੇ ਖੁਦ ਆਪਣੀ ਸਰਕਾਰੀ ਰਿਹਾਇਸ਼ ਵਿੱਚ ਸੱਦ ਕੇ ਸਾਰਾ ਕੁਝ ਪੁੱਛਣ ਦੇ ਬਾਅਦ ਪੁਲਸ ਨੂੰ ਸੌਂਪਿਆ ਸੀ, ਦੂਸਰਾ ਪੁਰਾਣੇ ਇੱਕ ਬੈਂਕ ਫਰਾਡ ਦੇ ਕੇਸ ਕਾਰਨ ਗ੍ਰਿਫਤਾਰ ਹੋਇਆ ਤੇ ਉਸ ਦੀ ਜ਼ਮਾਨਤ ਹੋ ਸਕਣ ਤੋਂ ਪਹਿਲਾਂ ਤੀਸਰਾ ਕਿਸੇ ਮਾਮਲੇ ਵਿੱਚ ਪੈਸਿਆਂ ਦਾ ਸੌਦਾ ਮਾਰਦਾ ਖੁਦ ਅੜਿੱਕੇ ਆ ਗਿਆ। ਉਨ੍ਹਾਂ ਕੇਸਾਂ ਵਿੱਚ ਜਿੰਨੀ ਸਖਤੀ ਹੋਣ ਦੀ ਗੱਲ ਲੋਕੀਂ ਸੋਚਦੇ ਸਨ, ਉਸ ਹੱਦ ਤੱਕ ਨਹੀਂ ਸੀ ਹੋਈ ਅਤੇ ਜ਼ਮਾਨਤਾਂ ਕਰਵਾ ਕੇ ਬਾਹਰ ਆ ਜਾਂਦੇ ਰਹਿਣ ਕਾਰਨ ਬਾਕੀ ਇਹੋ ਜਿਹੇ ਕਈ ਆਗੂ ਵੀ ਬੇਸ਼ਰਮੀ ਦੇ ਰਾਹੇ ਤੁਰੇ ਗਏ ਸਨ। ਇਹ ਮੰਨਣ ਦੀ ਕੋਈ ਝਿਜਕ ਨਹੀਂ ਹੋ ਸਕਦੀ ਕਿ ਜਿਹੜੇ ਕੁਝ ਲੋਕ ਜਜ਼ਬਾਤੀ ਹੋ ਕੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਗੰਦ ਸਾਫ ਕਰਨ ਲਈ ਇਸ ਪਾਰਟੀ ਨਾਲ ਜੁੜੇ ਸਨ ਅਤੇ ਦਿਲੋਂ ਜੁੜੇ ਸਨ, ਜਦੋਂ ਉਨ੍ਹਾਂ ਵੇਖਿਆ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਨੱਥ ਨਹੀਂ ਪੈਂਦੀ ਦਿਸ ਰਹੀ ਤਾਂ ਇਹੋ ਜਿਹੇ ਈਮਾਨਦਾਰ ਸੋਚ ਲੈ ਕੇ ਆਏ ਬਹੁਤ ਸਾਰੇ ਸੱਜਣ ਵੀ ਵਗਦੀ ਗੰਗਾ ਵਿੱਚ ਹੱਥ ਧੋਣ ਲੱਗ ਪਏ ਸਨ। ਪਿਛਲੀ ਵਾਰ ਜਿਹੜੇ ਵਿਧਾਇਕ ਜਿੱਤੇ ਸਨ, ਉਨ੍ਹਾਂ ਵਿੱਚੋਂ ਕੁਝ ਇੱਕ ਆਗੂਆਂ ਬਾਰੇ ਲੋਕ ਸਹੁੰਆਂ ਖਾਣ ਲਈ ਤਿਆਰ ਸਨ, ਪਰ ਤੀਸਰਾ ਸਾਲ ਲੰਘਣ ਤੱਕ ਆਪਣੇ ਕਿਸੇ ਪ੍ਰਤੀਨਿਧ ਦੀ ਸਹੁੰ ਖਾਣ ਵਾਲਾ ਬੰਦਾ ਪੰਜਾਬ ਵਿੱਚੋਂ ਲੱਭਣਾ ਔਖਾ ਹੋ ਗਿਆ ਹੈ। ਬਦਨਾਮੀ ਦਾ ਇਹ ਮਾਹੌਲ ਜਿਹੜੇ ਵਿਧਾਇਕਾਂ ਅਤੇ ਪਾਰਟੀ ਨਾਲ ਜੁੜੇ ਹੋਏ ਹੋਰ ਲੋਕਾਂ ਨੇ ਕਰਵਾ ਦਿੱਤਾ ਹੈ, ਉਨ੍ਹਾਂ ਖਿਲਾਫ ਇਸ ਪਾਰਟੀ ਨੂੰ ਵਕਤ ਰਹਿੰਦੇ ਕਾਰਵਾਈ ਕਰਨੀ ਚਾਹੀਦੀ ਸੀ, ਜੇ ਪਹਿਲਾਂ ਨਹੀਂ ਕੀਤੀ ਤਾਂ ਅੱਜ ਹੀ ਕਰਨੀ ਚਾਹੀਦੀ ਹੈ।
ਸੌ ਮੁੱਦਿਆਂ ਦਾ ਮੁੱਦਾ ਰੇਤ-ਬੱਜਰੀ ਦੀ ਮਾਈਨਿੰਗ ਦਾ ਹੈ, ਜਿਸ ਬਾਰੇ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਨਹੀਂ ਸੀ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਵਿਰੁੱਧ ਚੋਣਾਂ ਵਿੱਚ ਕਾਰਵਾਈ ਕਰ ਦਿੱਤੀ ਸੀ। ਨਸ਼ੀਲੇ ਪਦਾਰਥਾਂ ਦੇ ਗੰਦੇ ਧੰਦੇ ਦੀ ਕਮਾਈ ਵਿੱਚੋਂ ਜਿਹੜੇ ਵਿਧਾਇਕ ਹਿੱਸੇ ਲੈਂਦੇ ਹੁੰਦੇ ਸਨ, ਉਹ ਲੋਕਾਂ ਨੇ ਕੱਖੋਂ ਹੌਲੇ ਕਰ ਦਿੱਤੇ ਸਨ, ਪਰ ਨਵੀਂ ਪਾਰਟੀ ਨਾਲ ਜੁੜੇ ਜਿਨ੍ਹਾਂ ਲੋਕਾਂ ਨੂੰ ਪਰਜਾ ਨੇ ਜਿਤਾਇਆ, ਜਦੋਂ ਉਨ੍ਹਾਂ ਵਿੱਚੋਂ ਕੁਝ ਲੋਕ ਵੀ ਉਸੇ ਧੰਦੇ ਨਾਲ ਜੁੜ ਗਏ ਤਾਂ ਇਸ ਪਾਰਟੀ ਦੀ ਲੀਡਰਸ਼ਿਪ ਨੂੰ ਪਤਾ ਲੱਗਦਾ ਜਾਂ ਨਾ ਲੱਗਦਾ, ਲੋਕਾਂ ਨੂੰ ਛਿਮਾਹੀ ਤੋਂ ਪਹਿਲਾਂ ਸਭ ਪਤਾ ਲੱਗ ਗਿਆ ਸੀ। ਉਸ ਇਸ ਵੇਲੇ ਇੰਨੇ ਭਰੇ-ਪੀਤੇ ਹਨ ਕਿ ਛੇਤੀ ਕੀਤੇ ਪਸੀਜਣ ਵਾਲੇ ਨਹੀਂ ਜਾਪਦੇ, ਪਰ ਪਾਰਟੀ ਇਹ ਸਮਝਦੀ ਹੈ ਕਿ ਜਿਹੜੀਆਂ ਭੁੱਲਾਂ ਪਿਛਲੇ ਤਿੰਨਾਂ ਸਾਲਾਂ ਦੌਰਾਨ ਹੋਈਆਂ, ਜਿਹੜੀ ਲਾਪਰਵਾਹੀ ਹੁੰਦੀ ਰਹੀ, ਬਾਕੀ ਰਹਿ ਗਏ ਪੌਣੇ ਦੋ ਸਾਲਾਂ ਵਿੱਚ ਉਨ੍ਹਾਂ ਦਾ ਦਾਗ ਧੋਤਾ ਜਾ ਸਕਦਾ ਹੈ ਤੇ ਧੋਣਾ ਹੀ ਧੋਣਾ ਹੈ। ਦਿੱਲੀ ਦਾ ਰਾਜ ਖੁਸਣ ਤੋਂ ਬਾਅਦ ਪਿਛਲੇ ਦਿਨਾਂ ਵਿੱਚ ਪੰਜਾਬ ਦਾ ਰਾਜ ਬਚਾਉਣ ਤੇ ਰੇਤ-ਬੱਜਰੀ ਦੀ ਮਾਈਨਿੰਗ, ਨਸ਼ੀਲੇ ਪਦਾਰਥਾਂ ਦੇ ਵਹਿਣ ਅਤੇ ਨਾਲ ਅਮਨ-ਕਾਨੂੰਨ ਦੀ ਖਰਾਬੀ ਰੋਕਣ ਲਈ ਪਾਰਟੀ ਲੀਡਰਸ਼ਿਪ ਵੱਲੋਂ ਕੁਝ ਕਰਨ ਦੇ ਇਰਾਦੇ ਦੀਆਂ ਕਨਸੋਆਂ ਮਿਲਦੀਆਂ ਪਈਆਂ ਹਨ, ਪਰ ਕਨਸੋਆਂ ਹੋਰ ਹੁੰਦੀਆਂ ਹਨ ਅਤੇ ਅਮਲ ਹੋਰ, ਪੰਜਾਬ ਦੇ ਲੋਕ ਅਮਲ ਹੁੰਦਾ ਵੇਖਣਾ ਚਾਹੁੰਦੇ ਹਨ। ਦਿਲ ਤੋਂ ਸੁਧਾਰਨ ਦਾ ਇਰਾਦਾ ਬਣਾਇਆ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ, ਪਰ ਰਾਹ ਦੇ ਅੜਿੱਕਿਆ ਨੂੰ ਲਾਂਭੇ ਕਰਨ ਬਿਨਾਂ ਇਰਾਦੇ ਉੱਤੇ ਅਮਲ ਦੇ ਸਿੱਟੇ ਨਹੀਂ ਮਿਲਿਆ ਕਰਦੇ। ਰਾਹ ਦੇ ਅੜਿੱਕੇ ਕੋਈ ਬਾਹਰੋਂ ਨਹੀਂ, ਵਿਰੋਧੀ ਧਿਰਾਂ ਦੇ ਤਾਂ ਆਪਣੇ ਪੁਆੜੇ ਹੀ ਨਹੀਂ ਸਮੇਟੇ ਜਾ ਰਹੇ, ਉਨ੍ਹਾਂ ਵੱਲੋਂ ਕੋਈ ਖਾਸ ਮੁਸ਼ਕਲ ਨਹੀਂ ਆਉਣੀ, ਕੰਡੇ ਸਰਕਾਰ ਦੇ ਨਾਲ ਜੁੜੇ ਹੋਏ ਲੋਕ ਵਿਛਾਈ ਜਾਂਦੇ ਹਨ ਅਤੇ ਇਹ ਸਮਝ ਕੇ ਵਿਛਾਈ ਜਾਂਦੇ ਹਨ ਕਿ ਚਾਰੇ ਚੱਕ ਜਗੀਰ ਉਨ੍ਹਾਂ ਦੀ ਹੋਣ ਕਾਰਨ ਉਨ੍ਹਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਪੰਜਾਬ ਦੇ ਵਿਧਾਇਕਾਂ ਅਤੇ ਹੋਰਨਾਂ ਦਾ ਇਹ ਭਰਮ ਦੂਰ ਕਰਨ ਦੀ ਲੋੜ ਹੈ।
ਅਸੀਂ ਇਸ ਲਿਖਤ ਵਿੱਚ ਏਦਾਂ ਦਾ ਕੋਈ ਦਾਅਵਾ ਨਹੀਂ ਕਰ ਸਕਦੇ ਕਿ ਜਲੰਧਰ ਤੋਂ ਫੜੇ ਗਏ ਵਿਧਾਇਕ ਬਾਰੇ ਅਗਲੀ ਕਾਰਵਾਈ ਕੀ ਹੋਵੇਗੀ, ਉਸ ਦੇ ਬਾਅਦ ਉਸ ਦਾ ਕਿਹੜਾ ਸਾਥੀ ਜਾਂ ਉਸੇ ਵਰਗਾ ਹੋਰ ਕਿਹੜਾ ਇਸ ਪਾਰਟੀ ਦਾ ਵੱਡਾ ਜਾਂ ਛੋਟਾ ਬੰਦਾ ਫੜਿਆ ਜਾ ਸਕਦਾ ਹੈ, ਪਰ ਕਨਸੋਆਂ ਹਨ ਕਿ ਅੜਿੱਕੇ ਕਈ ਲੋਕ ਆ ਸਕਦੇ ਹਨ। ਹਾਲਾਤ ਸਾਫ ਕਹਿ ਰਹੇ ਹਨ ਕਿ ਅਗਲੇ ਦਿਨਾਂ ਵਿੱਚ ਜਿਹੜਾ ਕੋਈ ਵੀ ਦਾੜ੍ਹ ਹੇਠ ਆ ਗਿਆ, ਉਸ ਦਾ ਬਚ ਨਿਕਲਣਾ ਸੌਖਾ ਨਹੀਂ ਹੋਣ ਲੱਗਾ ਤੇ ਜਿਹੜਾ ਕੋਈ ਦਾੜ੍ਹ ਹੇਠ ਆਏ ਦੀ ਮਦਦ ਕਰਨ ਤੁਰੇਗਾ, ਹਾਲਾਤ ਦੀ ਚਪੇੜ ਉਸ ਨੂੰ ਵੀ ਪੈ ਸਕਣ ਦਾ ਖਦਸ਼ਾ ਰਹੇਗਾ। ਅਗਲਾ ਖਦਸ਼ਾ ਇਹ ਵੀ ਹੈ ਕਿ ਸਿਰਫ ਪੰਜਾਬ ਦੀ ਸਰਕਾਰ ਚਲਾਉਣ ਜਾਂ ਚਲਵਾਉਣ ਵਾਲਿਆਂ ਵੱਲੋਂ ਸਖਤੀ ਦਾ ਡੰਡਾ ਹੀ ਪੈਣ ਦੀ ਸੰਭਾਵਨਾ ਨਹੀਂ ਹੁੰਦੀ, ਕੇਂਦਰੀ ਏਜੰਸੀਆਂ ਵੀ ਅਗਲੇ ਦਿਨਾਂ ਵਿੱਚ ਇਹੋ ਜਿਹੇ ਸ਼ਿਕਾਰ ਫੜ ਸਕਣ ਦੀ ਤਿਆਰੀ ਵਿੱਚ ਹੋ ਸਕਦੀਆਂ ਹਨ, ਤਾਂ ਕਿ ਇਸ ਰਾਜ ਦੇ ਰਾਜ ਕਰਤਿਆਂ ਤੋਂ ਪਛੜ ਨਾ ਜਾਣ।
ਲਿਖਤ ਦੇ ਸ਼ੁਰੂ ਵਿੱਚ ਜਾਪਾਨ ਦੇ ਇੱਕ ਪਾਰਲੀਮੈਂਟ ਮੈਂਬਰ ਦਾ ਅਸੀਂ ਜ਼ਿਕਰ ਕੀਤਾ ਸੀ, ਜਿਸ ਨੇ ਆਪਣੇ ਚਹੇਤੇ ਪ੍ਰਸ਼ੰਸਕਾਂ ਤੋਂ ਚੌਲ ਮੁਫਤ ਮਿਲਣ ਅਤੇ ਪੈਸੇ ਨਾ ਖਰਚਣ ਦੀ ਗੱਲ ਕਹੀ ਤਾਂ ਉਸ ਨੂੰ ਅਸਤੀਫਾ ਦੇਣਾ ਪਿਆ ਹੈ। ਉਸ ਦੇ ਅਸਤੀਫੇ ਦੀ ਘਟਨਾ ਇਸੇ ਮਈ ਦੇ ਆਖਰੀ ਹਫਤੇ ਦੀ ਹੈ ਅਤੇ ਅਸੀਂ ਇਹ ਨਹੀਂ ਕਹਿੰਦੇ ਕਿ ਭਾਰਤ ਵੀ ਜਾਪਾਨ ਵਰਗਾ ਹੋਣਾ ਚਾਹੀਦਾ ਹੈ, ਬਿਨਾਂ ਸ਼ੱਕ ਸਾਡੇ ਵਾਂਗ ਕਈ ਲੋਕਾਂ ਦੇ ਮਨਾਂ ਵਿੱਚ ਇਹੋ ਜਿਹੇ ਸੁਫਨੇ ਹੋ ਸਕਦੇ ਹਨ, ਪਰ ਸਾਨੂੰ ਇਹ ਪਤਾ ਹੈ ਕਿ ਭਾਰਤ ਦੀ ਰਾਜਨੀਤੀ ਏਨੀ ਛੇਤੀ ਏਡਾ ਵੱਡਾ ਮੋੜਾ ਕੱਟਣ ਵਾਲੀ ਨਹੀਂ। ਅਸੀਂ ਸਿਰਫ ਇਹ ਸੋਚ ਸਕਦੇ ਹਾਂ ਕਿ ਕੋਈ ਉੱਠੇ ਅਤੇ ਭਾਰਤ ਵਿੱਚ ਵਗਦੇ ਭ੍ਰਿਸ਼ਟਾਚਾਰ ਅਤੇ ਹੋਰ ਬੁਰਾਈਆਂ ਦੇ ਗੰਦੇ ਵਹਿਣ ਨੂੰ ਰੋਕਣ ਲਈ ਹਿੰਮਤ ਤਾਂ ਕਰੇ। ਸਭ ਨੂੰ ਪਤਾ ਹੈ ਕਿ ਭ੍ਰਿਸ਼ਟਾਚਾਰ ਦੇ ਗੰਦੇ ਵਹਿਣ ਨੂੰ ਬੰਨ੍ਹ ਲਾਉਣਾ, ਖਾਸ ਕਰ ਕੇ ਦਹਾਕਿਆਂ ਤੋਂ ਵਗਦੇ ਆ ਰਹੇ ਗੰਦੇ ਵਹਿਣ ਨੂੰ ਰੋਕ ਲਾਉਣੀ ਸੌਖੀ ਨਹੀਂ ਹੋ ਸਕਦੀ, ਪਰ ਜੇ ਕਿਸੇ ਦਾ ਮਨ ਬਣ ਹੀ ਜਾਵੇ ਤਾਂ ਕੋਈ ਕੰਮ ਅਸੰਭਵ ਨਹੀਂ ਹੁੰਦਾ। ਕੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਵਿੱਚ ਦਹਾਕਿਆਂ ਤੋਂ ਚੱਲਦੇ ਆਏ ਤੇ ਬੀਤੇ ਤਿੰਨ ਸਾਲਾਂ ਵਿੱਚ ਹੋਰ ਤੇਜ਼ ਹੁੰਦੇ ਗਏ ਇਸ ਵਹਿਣ ਦੇ ਗੰਦ ਨੂੰ ਸਚਮੁੱਚ ਰੋਕ ਲਾਉਣ ਵਾਸਤੇ ਯਤਨ ਕਰੇਗੀ! ਜੇ ਉਹ ਇਰਾਦਾ ਕਰ ਲਵੇ ਤੇ ਕੁਝ ਕਰ ਕੇ ਵਿਖਾ ਸਕੇ ਤਾਂ ਖੁਸ਼ ਹੋਣਗੇ ਪੰਜਾਬ ਦੇ ਲੋਕ। ਲੋਕਾਂ ਦੀ ਸਿੱਕ ਤਾਂ ਇਹੋ ਹੈ, ਪਰ ਅਗਲੇ ਦਿਨਾਂ ਦਾ ਕਿਸੇ ਨੂੰ ਅਗੇਤਾ ਪਤਾ ਨਹੀਂ ਹੋ ਸਕਦਾ। ਸਚਮੁੱਚ ਕੁਝ ਕਰ ਕੇ ਵਿਖਾਉਣ ਵਾਲਿਆਂ ਨੂੰ ਵੀ ਪਤਾ ਨਹੀਂ ਹੋ ਸਕਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)