JatinderPannu7ਜਿਸ ਗੱਲ ਨੇ ਵਿਗਾੜ ਪਾਇਆਉਹ ਇਹ ਸੀ ਕਿ ਭਾਜਪਾ ਕੋਲ ਆਰ ਐੱਸ ਐੱਸ ਵਰਗੀ ਇੱਕ ਬਹੁਤ ...
(23 ਦਸੰਬਰ 2024)

 

ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਤੋਂ ਦੋ ਹਫਤੇ ਲਾਂਭੇ ਕਰਨ ਦਾ ਫੈਸਲਾ ਲਿਆ, ਉਸ ਤੋਂ ਅਗਲੇ ਦਿਨ ਕੁਝ ਪੱਤਰਕਾਰ ਪੰਜਾਬ ਦੇ ਬਦਲਦੇ ਹਾਲਾਤ ਬਾਰੇ ਵਿਚਾਰਾਂ ਕਰਦੇ ਪਏ ਸਨ। ਗੱਲਬਾਤ ਦੇ ਦੌਰਾਨ ਵਾਰ-ਵਾਰ ਕੋਈ ਨਵੀਂ ਆਈ ਖਬਰ ਮਿਲ ਜਾਂਦੀ ਤਾਂ ਚਰਚਾ ਦਾ ਕੇਂਦਰ ਅਕਾਲੀ ਦਲ ਦੀ ਹਾਲਤ, ਸਿੱਖ ਭਾਈਚਾਰੇ ਉੱਤੇ ਭਵਿੱਖ ਵਿੱਚ ਪੈਣ ਵਾਲੇ ਇਸ ਦੇ ਅਸਰ ਅਤੇ ਵਿੱਚ-ਵਿਚਾਲੇ ਮੋੜਾ ਕੱਟ ਕੇ ਕਿਸਾਨਾਂ ਦੇ ਮੋਰਚੇ ਵੱਲ ਵੀ ਚਲਾ ਜਾਂਦਾ ਸੀ। ਇੱਕ-ਦੋ ਵਾਰ ਭਾਰਤ ਦੀ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਅਤੇ ਭਾਜਪਾ ਵਾਲਿਆਂ ਦੀ ਇਸੇ ਹਫਤੇ ਹੋਈ ਧੱਕਾ-ਮੁੱਕੀ ਬਾਰੇ ਕੋਈ ਨਵੀਂ ਖਬਰ ਆ ਗਈ, ਪਰ ਉਸ ਵੱਲ ਸਾਡੇ ਵਿੱਚੋਂ ਕਿਸੇ ਦਾ ਬਹੁਤਾ ਧਿਆਨ ਨਹੀਂ ਸੀ ਜਾ ਰਿਹਾ। ਅਚਾਨਕ ਇੱਕ ਖਬਰ ਇਹੋ ਜਿਹੀ ਆਈ, ਜਿਸ ਨੇ ਸਾਰਿਆਂ ਦਾ ਧਿਆਨ ਖਿੱਚਿਆ ਅਤੇ ਉਹ ਖਬਰ ਹਿੰਦੂਤਵ ਨੂੰ ਪ੍ਰਣਾਈ ਜਥੇਬੰਦੀ ਆਰ ਐੱਸ ਐੱਸ ਬਾਰੇ ਸੀ। ਉਸ ਦੇ ਮੁਖੀ ਮੋਹਣ ਭਾਗਵਤ ਨੇ ਜੋ ਕੁਝ ਕਿਹਾ ਸੀ, ਉਸ ਦਾ ਬਿਆਨ ਸੱਚ ਮੰਨਣਾ ਸਾਨੂੰ ਸਭ ਨੂੰ ਮੁਸ਼ਕਲ ਲੱਗਾ ਸੀ। ਭਾਰਤ ਵਿੱਚ ਅੱਜਕੱਲ੍ਹ ਮਸਜਿਦਾਂ ਹੇਠ ਮੰਦਰਾਂ ਦੀ ਨਿਸ਼ਾਨਦੇਹੀ ਕਰਨ ਦੀ ਮੁਹਿੰਮ ਚਲਾਉਣ ਤੇ ਇਸੇ ਬਹਾਨੇ ਹਿੰਦੂ ਭਾਈਚਾਰੇ ਦੇ ਫਟਾਫਟ ਆਗੂ ਬਣਨ ਦੇ ਯਤਨ ਕਰਦੇ ਨਵੇਂ ਉੱਠਦੇ ਮੁਹਿੰਮਬਾਜ਼ਾਂ ਦੀ ਮੋਹਣ ਭਾਗਵਤ ਨੇ ਝੰਡ ਕੀਤੀ ਸੀ ਤੇ ਜਿਹੜੀ ਗੱਲ ਉਸ ਨੇ ਕਹੀ ਸੀ, ਉਹ ਉਸ ਦੀ ਜਥੇਬੰਦੀ ਦੇ ਇੱਕ ਸਦੀ ਤੋਂ ਵੱਧ ਦੇ ਰਿਕਾਰਡ ਤੋਂ ਐਨ ਉਲਟ ਨਸੀਹਤਾਂ ਦੇਣ ਵਾਲੀ ਸੀ।

ਪਿਛਲੀ ਸਦੀ ਦੇ ਤੀਸਰੇ ਦਹਾਕੇ ਵਿੱਚ ਜਦੋਂ ਆਰ ਐੱਸ ਐੱਸ, ਪੂਰਾ ਨਾਂਅ ਰਾਸ਼ਟਰੀ ਸੋਇਮਸੇਵਕ ਸੰਘ ਕਾਇਮ ਕੀਤਾ ਗਿਆ, ਉਸ ਵੇਲੇ ਤੋਂ ਇਸ ਦੀ ਸੋਚ ਅਤੇ ਅਮਲ ਘੱਟ-ਗਿਣਤੀ ਧਰਮਾਂ ਅਤੇ ਉਨ੍ਹਾਂ ਵਿੱਚੋਂ ਵੀ ਖਾਸ ਤੌਰ ਉੱਤੇ ਇੱਕ ਧਰਮ ਦੇ ਖਿਲਾਫ ਆਮ ਲੋਕਾਂ ਨੂੰ ਉਕਸਾਉਣ ਦਾ ਭੱਦਾ ਰਿਕਾਰਡ ਬਣਦੇ ਆਏ ਸਨ। ਇਸ ਵਾਰੀ ਜਦੋਂ ਆਰ ਐੱਸ ਐੱਸ ਦੇ ਮੁਖੀ ਨੇ ਇਹ ਕਿਹਾ ਕਿ ਕੁਝ ਲੋਕ ਹਿੰਦੂਆਂ ਦੇ ਆਗੂ ਬਣਨ ਲਈ ਆਏ ਦਿਨ ਕਿਸੇ ਨਾ ਕਿਸੇ ਥਾਂ ਮਸਜਿਦਾਂ ਦੇ ਹੇਠਾਂ ਮੰਦਰ ਹੋਣ ਦੀ ਨਿਸ਼ਾਨਦੇਹੀ ਕਰਦੇ ਤੇ ਉਨ੍ਹਾਂ ਦਾ ਸਰਵੇ ਕਰਾਉਣ ਦੀ ਮੰਗ ਕਰਦੇ ਸੁਣਾਈ ਦੇਣ ਲੱਗ ਪਏ ਹਨ, ਜਦ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਤਾਂ ਇਹ ਬਿਆਨ ਸਾਡੇ ਲਈ ਹੈਰਾਨੀ ਵਾਲਾ ਸੀ। ਸ਼ਾਇਦ ਭਾਗਵਤ ਨੂੰ ਆਪਣੇ ਪੁਰਾਣੇ ਰਿਕਾਰਡ ਕਾਰਨ ਅੱਗੋਂ ਸੁਣਨ ਵਾਲੇ ਮਿਹਣਿਆਂ ਦਾ ਅਗੇਤਾ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੇ ਨਾਲ ਹੀ ਬਾਬਰੀ ਮਸਜਿਦ ਨੂੰ ਢਾਹੁਣ ਅਤੇ ਰਾਮ ਜਨਮ ਭੂਮੀ ਮੰਦਰ ਬਣਾਏ ਜਾਣ ਦੀ ਮੁਹਿੰਮ ਨੂੰ ਜਾਇਜ਼ ਠਹਿਰਾਉਣ ਲਈ ਇਹ ਵੀ ਕਹਿ ਦਿੱਤਾ ਕਿ ਉਹ ਸਾਡੀ ਆਸਥਾ ਦਾ ਮਾਮਲਾ ਸੀ। ਇਹੋ ਦਲੀਲ ਇਸ ਵਕਤ ਨਵੇਂ ਉੱਠੇ ਅਤੇ ਇੱਕ ਖਾਸ ਕਿਸਮ ਦੀ ਰਾਜਨੀਤੀ ਨਾਲ ਜੁੜੇ ਆਗੂਆਂ ਵੱਲੋਂ ਉਕਸਾਏ ਜਾ ਰਹੇ ਨਵੇਂ ਆਗੂਆਂ ਕੋਲ ਹੈ ਕਿ ਇਹ ਸ਼ਰਧਾ ਦਾ ਮੁੱਦਾ ਹੈ ਕਿ ਜਿਸ ਵੀ ਮਸਜਿਦ ਦੇ ਹੇਠਾਂ ਮੰਦਰ ਦੀ ਸੰਭਾਵਨਾ ਹੋਵੇ, ਉਸ ਦਾ ਸਰਵੇ ਕਰਾਉਣਾ ਚਾਹੁੰਦੇ ਹਨ। ਜਿਹੜੀਆਂ ਦਲੀਲਾਂ ਦੇ ਨਾਲ ਚਾਰ ਕੁ ਦਹਾਕੇ ਪਹਿਲਾਂ ਸਾਰੇ ਭਾਰਤ ਵਿੱਚ ਇੱਕ ਰੱਥ ਘੁੰਮਾਇਆ ਗਿਆ ਸੀ ਤੇ ਅਯੁੱਧਿਆ ਵਾਲੀ ਮਸਜਿਦ ਢਾਹੁਣ ਲਈ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਉਕਸਾਇਆ ਗਿਆ ਸੀ, ਉਹ ਆਪਣੇ ਆਪ ਵਿੱਚ ਇਸ ਦੇਸ਼ ਦੇ ਲੋਕਾਂ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਨੂੰ ਢਾਹ ਲਾਉਣ ਵਾਲਾ ਕੰਮ ਸੀ, ਪਰ ਭਾਗਵਤ ਹੁਰੀਂ ਮੰਨਣਗੇ ਨਹੀਂ। ਉਸ ਮੁਹਿੰਮ ਦੇ ਲਈ ਹਿੰਦੂ ਧਰਮ ਨਾਲ ਜੁੜੇ ਡੇਰਿਆਂ ਵਿੱਚ ਬੈਠੇ ਤਿੱਖੀ ਸੁਰ ਵਾਲੇ ਪ੍ਰਚਾਰਕਾਂ ਨੂੰ ਆਰ ਐੱਸ ਐੱਸ ਅਤੇ ਭਾਜਪਾ ਆਗੂ ਉੱਥੋਂ ਕੱਢ ਲਿਆਏ ਅਤੇ ਭਾਜਪਾ ਦੀਆਂ ਟਿਕਟਾਂ ਦੇ ਕੇ ਲੋਕਾਂ ਦੇ ਭੜਕਾਏ ਜਜ਼ਬਾਤ ਨਾਲ ਪਾਰਲੀਮੈਂਟ ਵਿੱਚ ਆਪਣੀ ਗਿਣਤੀ ਵਧਾਉਣ ਦੇ ਯਤਨਾਂ ਦੀ ਇੱਕ ਨਵੀਂ ਮੁਹਿੰਮ ਦਾ ਤਜਰਬਾ ਛੋਹਿਆ ਗਿਆ ਸੀ। ਫਿਰ ਜਦੋਂ ਉਨ੍ਹਾਂ ਸਾਧਾਂ ਅਤੇ ਸਾਧਵੀਆਂ ਨੂੰ ਧਾਰਿਮਕਤਾ ਦੇ ਚੋਲੇ ਹੇਠ ਰਾਜਨੀਤੀ ਕਰਨ ਅਤੇ ਡੇਰਿਆਂ ਵਾਲੀ ਸੰਤਗੀ ਦੀ ਬਜਾਏ ਸਰਕਾਰੀ ਰੈੱਸਟ ਹਾਊਸਾਂ ਅਤੇ ਵੱਜਦੇ ਸਲੂਟਾਂ ਦਾ ਸ਼ਾਹੀ ਚਸਕਾ ਲੱਗ ਗਿਆ ਤਾਂ ਉਨ੍ਹਾਂ ਨੇ ਸਾਰੀ ਮੁਹਿੰਮ ਨੂੰ ਆਪਣੇ ਆਪ ਆਪਣੇ ਸਿਰ ਲੈ ਲਿਆ ਸੀ। ਉੱਤਰ ਪ੍ਰਦੇਸ਼ ਦਾ ਅਜੋਕਾ ਮੁੱਖ ਮੰਤਰੀ ਅਤੇ ਇਸ ਤੋਂ ਪਹਿਲਾਂ ਸਾਧਵੀ ਉਮਾ ਭਾਰਤੀ ਵਰਗੇ ਕਈ ਲੋਕ ਇਸੇ ਦੌਰ ਨੇ ਉਭਾਰੇ ਸਨ।

ਜਦੋਂ ਇਹੋ ਜਿਹੀ ਮੁਹਿੰਮ ਅੱਗੇ ਵਧਣ ਲੱਗੀ ਅਤੇ ਇਸ ਨਾਲ ਇਹ ਜਾਪਣ ਲੱਗ ਪਿਆ ਕਿ ਜਿਹੜੇ ਵੀ ਆਗੂ ਨੂੰ ਲੋਕ ਭੜਕਾਉਣੇ ਅਤੇ ਉਨ੍ਹਾਂ ਦੇ ਜਜ਼ਬਾਤ ਦੇ ਵਰੋਲਿਆਂ ਨਾਲ ਅੱਗੇ ਵਧਣਾ ਆ ਜਾਵੇ, ਉਹ ਲੋਕਤੰਤਰੀ ਵਕਤ ਵਿੱਚ ਵੀ ਰਾਜ-ਮਹਿਲਾਂ ਦਾ ਸੁਖ ਮਾਣ ਸਕਦਾ ਹੈ ਤਾਂ ਭਾਜਪਾ ਦੇ ਕਈ ਪੁਰਾਣੇ ਆਗੂ ਵੀ ਇਸ ਰਾਹੇ ਪੈ ਤੁਰੇ ਸਨ। ਨਰਿੰਦਰ ਮੋਦੀ, ਪ੍ਰਵੀਣ ਤੋਗੜੀਆ ਤੇ ਸੰਜੇ ਜੋਸ਼ੀ, ਤਿੰਨੇ ਜਣੇ ਜਵਾਨੀ ਵੇਲਿਆਂ ਵਿੱਚ ਆਰ ਐੱਸ ਐੱਸ ਦੇ ਸੋਇਮਸੇਵਕ ਬਣੇ ਸਨ, ਪਰ ਤਿੰਨ ਦਹਾਕਿਆਂ ਦੇ ਕਰੀਬ ਇਨ੍ਹਾਂ ਤਿੰਨਾਂ ਜਾਂ ਇਨ੍ਹਾਂ ਵਰਗੇ ਹੋਰ ਸੋਇਮਸੇਵਕਾਂ ਵਿੱਚੋਂ ਕਿਸੇ ਨੇ ਕਦੇ ਵੀ ਲੋਕ ਉਕਸਾਉਣ ਲਈ ਉਹ ਭਾਸ਼ਾ ਨਹੀਂ ਸੀ ਵਰਤੀ, ਜਿਹੜੀ ਅਚਾਨਕ ਵਰਤੀ ਜਾਣ ਲੱਗੀ ਸੀ। ਜਦੋਂ ਵੇਖਿਆ ਕਿ ਇਸ ਉਕਸਾਊ ਮੁਹਿੰਮ ਨੇ ਡੇਰਿਆਂ ਦੇ ਸਾਧਾਂ ਨੂੰ ਰਾਜ ਦਾ ਸੁਖ ਮਾਣਨ ਦਾ ਸਬੱਬ ਬਣਾ ਦਿੱਤਾ ਹੈ ਤਾਂ ਹਿੰਦੂਤਵ ਦੀ ਭਾਰਤ ਵਿੱਚ ਸਰਦਾਰੀ ਲਈ ਇਹ ਲੋਕ ਉਨ੍ਹਾਂ ਤੋਂ ਵੀ ਵੱਡੇ ਮੁਹਿੰਮਬਾਜ਼ ਬਣਨ ਤੁਰ ਪਏ। ਫਿਰ ਉਮਾ ਭਾਰਤੀ ਤੇ ਉਹਦੇ ਵਰਗੇ ਹੋਰ ਆਗੂ ਹਿੰਦੂਤਵ ਦੀ ਭੀੜ ਮੂਹਰੇ ਪਛੜ ਗਏ ਤੇ ਨਰਿੰਦਰ ਮੋਦੀ ਤੇ ਪ੍ਰਵੀਣ ਤੋਗੜੀਆ ਵਰਗੇ ਵੱਡੇ ਪ੍ਰਤੀਕ ਬਣਨ ਲੱਗ ਪਏ

ਗੁਜਰਾਤ ਦਾ ਮੁੱਖ ਮੰਤਰੀ ਬਣਦੇ ਸਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿੱਦਾਂ ਦੀ ਸਰਕਾਰ ਚੱਲੀ ਤੇ ਉੱਥੇ ਹੋਏ ਦੰਗਿਆਂ ਦੇ ਵਕਤ ਸੰਵਿਧਾਨਕ ਚੱਜ-ਆਚਾਰ ਅਤੇ ਸਿਆਸੀ ਹੱਦਬੰਦੀਆਂ ਉਲੰਘ ਕੇ ਜਿਹੜੀ ਬੋਲੀ ਉਸ ਸਰਕਾਰ ਦਾ ਮੁਖੀ ਬੋਲਦਾ ਸੁਣਿਆ ਗਿਆ, ਉਸ ਦਾ ਕਦੀ ਕਿਸੇ ਨੂੰ ਪਹਿਲਾਂ ਸੁਫਨਾ ਤੱਕ ਵੀ ਨਹੀਂ ਸੀ ਆਇਆ। ਉਨ੍ਹਾਂ ਨੇ ਇੱਕ ਖਾਸ ਧਰਮ ਵਾਲੇ ਲੋਕਾਂ ਨੂੰ ‘ਬੱਚੇ ਜੰਮਣ ਦੀਆਂ ਫੈਕਟਰੀਆਂ’ ਤੱਕ ਆਖਿਆ, ਉਦੋਂ ਦੇ ਭਾਜਪਾਈ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਰਗੇ ਕੁਝ ਆਗੂਆਂ ਨੇ ਹੱਦਾਂ ਰੱਖਣ ਲਈ ਕਿਹਾ, ਪਰ ਉਸ ਵੇਲੇ ਆਰ ਐੱਸ ਐੱਸ ਇਹੋ ਜਿਹੀ ਭਾਸ਼ਾ ਵਰਤ ਰਹੇ ਆਗੂਆਂ ਨੂੰ ਕੁਝ ਸੰਕੋਚ ਵਰਤਣ ਲਈ ਕਹਿਣ ਦੀ ਥਾਂ ਇਨ੍ਹਾਂ ਦੀ ਢਾਲ ਬਣਨ ਦਾ ਕੰਮ ਕਰਦਾ ਰਿਹਾ ਸੀ। ਸਿੱਟਾ ਇਹ ਨਿਕਲਿਆ ਸੀ ਕਿ ਵਾਜਪਾਈ ਵਰਗਿਆਂ ਨੇ ਤਾਂ ਉਮਰਾਂ ਢਲਣ ਨਾਲ ਖੁਦ ਲਾਂਭੇ ਹੁੰਦੇ ਜਾਣਾ ਸੀ, ਲਾਲ ਕ੍ਰਿਸ਼ਨ ਅਡਵਾਨੀ ਵਰਗੇ ਜਿਹੜੇ ਆਗੂ ਏਦਾਂ ਦੀ ਨਵੀਂ ਪੀੜ੍ਹੀ ਦੇ ਉਭਾਰ ਦੇ ਅਗਵਾਨੂੰ ਬਣਦੇ ਸਨ, ਉਹ ਵੀ ਖੂੰਜੇ ਲਾਏ ਜਾਣ ਲੱਗ ਪਏ। ਹਿੰਦੂ ਭਾਈਚਾਰੇ ਦੀ ਮਾਨਸਿਕਤਾ ਜਿਹੋ ਜਿਹੀ ਬਣਾਈ ਜਾਂਦੀ ਰਹੀ, ਉਸ ਨਾਲ ਇੱਥੇ ਇਹੋ ਕੁਝ ਹੋਣਾ ਸੀ, ਜੋ ਅੱਜ ਹੋ ਰਿਹਾ ਹੈ।

ਰਾਜਨੀਤੀ ਲਈ ਜਿਹੜੀ ਮੁਹਿੰਮ ਆਰ ਐੱਸ ਐੱਸ ਅਤੇ ਉਸ ਦੀ ਅਗਵਾਈ ਹੇਠ ਚੱਲਦੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਚਲਾਈ ਸੀ ਤੇ ਜਿੱਦਾਂ ਦੇ ਸਿੱਟੇ ਕੱਢਣ ਵਿੱਚ ਕਾਮਯਾਬ ਰਹੇ ਸਨ, ਉਹ ਸਾਡੇ ਪੰਜਾਬ ਵਿੱਚ ਅਕਾਲੀ ਦਲ ਦੇ ਆਗੂਆਂ ਨੇ ਵੀ ਵਰਤਣ ਲਈ ਚਾਲ ਖੇਡੀ, ਪਰ ਅੰਤ ਨੂੰ ਪੁੱਠੀ ਪੈ ਗਈ। ਸਿਰਸੇ ਵਾਲੇ ਡੇਰਾ ਸੱਚਾ ਸੌਦਾ ਦੀਆਂ ਵੋਟਾਂ ਦਾ ਇਕੱਠਾ ਪਰਾਗਾ ਆਪਣੀ ਰਾਜਸੀ ਝੋਲੀ ਵਿੱਚ ਪੁਆਉਣ ਦੀ ਮੁਕਾਬਲੇਬਾਜ਼ੀ ਅਕਾਲੀ ਅਤੇ ਕਾਂਗਰਸ ਦੋਵਾਂ ਧਿਰਾਂ ਦੇ ਆਗੂ ਕਰਦੇ ਰਹੇ ਸਨ ਤੇ ਜਦੋਂ ਕਦੀ ਉਹ ਡੇਰਾ ਉਨ੍ਹਾਂ ਦੇ ਖਿਲਾਫ ਵੀ ਭੁਗਤ ਜਾਂਦਾ ਤਾਂ ਭੜਕਦੇ ਨਹੀਂ ਸਨ, ਸਗੋਂ ਇਹ ਸੋਚ ਲੈਂਦੇ ਸਨ ਕਿ ਐਤਕੀਂ ਨਾ ਸਹੀ, ਅਗਲੀ ਵਾਰੀ ਇਹ ਡੇਰਾ ਸਾਡੇ ਨਾਲ ਆ ਜੁੜੇਗਾ। ਅਕਾਲੀ ਲੀਡਰਸ਼ਿੱਪ ਦੀ ਨਵੀਂ ਪੀੜ੍ਹੀ ਇਹੋ ਜਿਹੇ ਸਬਰ ਵਾਲੀ ਨਹੀਂ ਸੀ, ਉਹ ਹਰ ਹੋਰ ਚੀਜ਼ ਉੱਤੇ ਕਬਜ਼ੇ ਦੀ ਭਾਵਨਾ ਵਾਂਗ ਡੇਰੇਦਾਰਾਂ ਬਾਰੇ ਵੀ ਇਹੋ ਸੋਚ ਰੱਖਦੀ ਸੀ ਕਿ ਉਨ੍ਹਾਂ ਦੇ ਹੁੰਦਿਆਂ ਕਿਸੇ ਡੇਰੇ ਦੀ ਇਹੋ ਜਿਹੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਨ੍ਹਾਂ ਦੇ ਵਿਰੁੱਧ ਹੋਣ ਬਾਰੇ ਉਹ ਕਦੇ ਸੋਚ ਵੀ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਵੇਲੇ ਉਸ ਦੇ ਇੱਕ ਮੰਤਰੀ ਦੀ ਸਿਰਸੇ ਦੇ ਡੇਰਾ ਮੁਖੀ ਨਾਲ ਨੇੜੇ ਦੀ ਰਿਸ਼ਤੇਦਾਰੀ ਕਾਰਨ ਜਦੋਂ ਅਗਲੀ ਚੋਣ ਵਿੱਚ ਉਹ ਡੇਰਾ ਕਾਂਗਰਸ ਵੱਲ ਭੁਗਤਿਆ ਸੀ ਤਾਂ ਅਕਾਲੀ ਦਲ ਦੀ ਨਵੀਂ ਉੱਠਦੀ ਲੀਡਰਸ਼ਿੱਪ ਨੇ ਉਸ ਨੂੰ ਸਬਕ ਸਿਖਾਉਣ ਦੀ ਖੇਡ ਖੇਡੀ ਸੀ। ਜਾਮੇ-ਇਨਸਾਂ ਦੇ ਜਿਹੜੇ ਪ੍ਰੋਗਰਾਮ ਤੋਂ ਸਾਰਾ ਬਖੇੜਾ ਸ਼ੁਰੂ ਹੋਇਆ, ਉਸ ਦੇ ਲਈ ਦਸਵੇਂ ਗੁਰੂ ਸਾਹਿਬ ਵਰਗਾ ਚੋਲਾ ਕਿਸ ਨੇ ਭੇਜਿਆ ਸੀ, ਇਹ ਗੱਲ ਬੇਸ਼ੱਕ ਕਦੇ ਬਾਹਰ ਨਹੀਂ ਆਈ, ਜਾਂ ਆਉਣ ਕਦੇ ਨਹੀਂ ਦਿੱਤੀ ਗਈ, ਪਰ ਉਸ ਡੇਰੇ ਨਾਲ ਸੰਬੰਧਤ ਲੋਕ ਦੱਸਦੇ ਹਨ ਕਿ ਉੱਥੇ ਆਈ ਹਰ ਚੀਜ਼ ਦਾ ਰਿਕਾਰਡ ਹੁੰਦਾ ਹੈ। ਸਿਰਫ ਆਈ ਚੀਜ਼ ਦਾ ਰਿਕਾਰਡ ਨਹੀਂ, ਕਿਸੇ ਵੱਲੋਂ ਭੇਟ ਕੀਤੀ ਕਿਸ ਚੀਜ਼ ਨੂੰ ਡੇਰਾ ਮੁਖੀ ਨੇ ਕਦੋਂ ਵਰਤਿਆ, ਇਹ ਵੀ ਰਿਕਾਰਡ ਹੁੰਦਾ ਹੈ ਅਤੇ ਜੇ ਉਸ ਦਿਨ ਪਹਿਨੇ ਗਏ ਦਸਵੇਂ ਗੁਰੂ ਸਾਹਿਬ ਦੇ ਚੋਲੇ ਵਰਗੇ ਪਹਿਰਾਵੇ ਦੀ ਗੱਲ ਲੋਕਾਂ ਤੱਕ ਨਹੀਂ ਆਈ ਤਾਂ ਇਸ ਦਾ ਅਰਥ ਇਹ ਨਹੀਂ ਕਿ ਰਿਕਾਰਡ ਨਹੀਂ ਸੀ। ਡੇਰੇ ਨਾਲ ਜੁੜੇ ਭੇਤੀ ਦੱਸਦੇ ਹਨ ਕਿ ਡੇਰਾ ਮੁਖੀ ਤੇ ਉਸ ਦੀ ਟੀਮ ਉਹ ਸਾਰਾ ਕੁਝ ਛੁਪਾਉਣ ਲੱਗੇ ਰਹੇ, ਕਿਉਂਕਿ ਇਸ ਨਾਲ ਹੋਰ ਕਈ ਬਖੇੜੇ ਪੈਦਾ ਹੋ ਸਕਦੇ ਅਤੇ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਕਹਾਣੀ ਲਾਂਭੇ ਰੱਖ ਕੇ ਸੋਚਣ ਵਾਲੀ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਉਸੇ ਤਰ੍ਹਾਂ ਕੀਤਾ ਗਿਆ ਸੀ, ਜਿਵੇਂ ਭਾਜਪਾ ਕਰਦੀ ਪਈ ਸੀ।

ਜਿਸ ਗੱਲ ਨੇ ਵਿਗਾੜ ਪਾਇਆ, ਉਹ ਇਹ ਸੀ ਕਿ ਭਾਜਪਾ ਕੋਲ ਆਰ ਐੱਸ ਐੱਸ ਵਰਗੀ ਇੱਕ ਬਹੁਤ ਮਜ਼ਬੂਤ ਤਾਣੇ ਵਾਲੀ ਜਥੇਬੰਦੀ ਸੀ, ਜਿਹੜੀ ਇਸ ਖੇਡ ਨੂੰ ਆਪਣੇ ਮਿਥੇ ਰੂਟ ਉੱਤੇ ਅੱਗੇ ਲਿਜਾਣ ਦੀ ਸਮਰੱਥਾ ਰੱਖਦੀ ਸੀ, ਜਦ ਕਿ ਅਕਾਲੀ ਆਗੂਆਂ ਦੀ ਨਵੀਂ ਪੀੜ੍ਹੀ ਹਰ ਗੱਲ ਨੂੰ ਜਵਾਨੀ ਦੀ ਮੌਜ ਦਾ ਸਬੱਬ ਸਮਝ ਰਹੀ ਸੀ। ਇੰਦਰਾ ਗਾਂਧੀ ਨੂੰ ਜਦੋਂ ਐਮਰਜੈਂਸੀ ਕਾਰਨ ਹੋਈ ਹਾਰ ਦੇ ਬਾਅਦ ਪੁਰਾਣੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਤੇਰੇ ਪੁੱਤਰ ਤੇ ਉਸ ਦੇ ਨਾਲ ਜੁੜੀ ਜੁੰਡਲੀ ਦੇ ਆਪਹੁਦਰੇਪਣ ਨੂੰ ਰੋਕਣ ਦੀ ਲੋੜ ਹੈ, ਵਰਨਾ ਪਾਰਟੀ ਦਾ ਭਵਿੱਖ ਖਰਾਬ ਕਰ ਦੇਣਗੇ ਤਾਂ ਉਸ ਨੇ ਇਹ ਗੱਲ ਕਦੇ ਨਹੀਂ ਸੀ ਮੰਨੀ। ਅੱਜ ਕਾਂਗਰਸ ਦੀ ਜਿਹੜੀ ਹਾਲਤ ਹੋ ਚੁੱਕੀ ਹੈ, ਇਹ ਉਸੇ ਦਾ ਨਤੀਜਾ ਹੈ। ਅਕਾਲੀ ਦਲ ਵਿੱਚ ਵੀ ਇੰਨੀ ਗੱਲ ਕਹਿਣ ਜੋਗੇ ਆਗੂ ਪਹਿਲੀ, ਦੂਸਰੀ ਕੀ, ਕਿਸੇ ਤਰ੍ਹਾਂ ਦੀ ਗਿਣਤੀ ਵਿੱਚ ਨਹੀਂ ਸੀ ਰਹਿਣ ਦਿੱਤੇ ਗਏ ਅਤੇ ਹਰ ਵੇਲੇ ਚਾਪਲੂਸੀ ਕਰਨ ਵਾਲਿਆਂ ਦੀ ਢਾਣੀ ਨੂੰ ਅਕਾਲੀ ਦਲ ਦੀ ਕੋਰ ਟੀਮ ਮੰਨਿਆ ਜਾਣ ਲੱਗ ਪਿਆ ਅਤੇ ਪਾਰਟੀ ਅਤੇ ਰਾਜ ਸਰਕਾਰ ਦੀ ਵਾਗ ਹੌਲੀ-ਹੌਲੀ ਉਨ੍ਹਾਂ ਹਵਾਲੇ ਹੁੰਦੀ ਗਈ ਸੀ। ਇਹ ਨਵੀਂ ਟੀਮ ਇੰਨੀ ਆਪਹੁਦਰੀ ਹੋਈ ਕਿ ਉਦੋਂ ਤੱਕ ਅਕਾਲੀ ਦਲ ਹਰ ਔਖੀ ਘੜੀ ਜਿਨ੍ਹਾਂ ਧਾਰਮਿਕ ਸ਼ਖਸੀਅਤਾਂ ਨੂੰ ਆਪਣੀ ਅਗਵਾਈ ਵਾਲੇ ਪ੍ਰਤੀਕ ਦੱਸ ਕੇ ਔਖੀਆਂ ਘਾਟੀਆਂ ਪਾਰ ਕਰਦਾ ਰਿਹਾ ਸੀ, ਇਹ ਉਨ੍ਹਾਂ ਨੂੰ ਵੀ ਕਾਰਿੰਦੇ ਮੰਨਣ ਲੱਗ ਪਏ। ਸਿੱਖ ਪੰਥ ਦੇ ਸਿਰਮੌਰ ਗਿਣੇ ਜਾਂਦੇ ਪੰਜ ਸਿੰਘ ਸਾਹਿਬਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵਿੱਚ ਤਲਬ ਕਰਨ ਤੇ ਉਨ੍ਹਾਂ ਦੇ ਹੱਥ ਹਿੰਦੀ ਭਾਸ਼ਾ ਵਿੱਚ ਲਿਖਿਆ ਰੁੱਕਾ ਫੜਾ ਕੇ ਇਸ ਨੂੰ ਹੁਕਮਨਾਮਾ ਬਣਾ ਦੇਣ ਬਾਰੇ ਮਿਲੀ ਹਦਾਇਤ ਦੀ ਵਿਰੋਧਤਾ ਦੀ ਜੁਰਅਤ ਜੇ ਓਦੋਂ ਦੇ ਸਿੰਘ ਸਾਹਿਬਾਨ ਕਰ ਲੈਂਦੇ ਤਾਂ ਖੁਦ ਵੀ ਬਚ ਜਾਂਦੇ ਅਤੇ ਸਿੱਖੀ ਦੀਆਂ ਸਰਬ ਉੱਚ ਪਦਵੀਆਂ ਨੂੰ ਵੀ ਵਿਵਾਦਾਂ ਵਿੱਚ ਪੈਣ ਤੋਂ ਬਚਾਇਆ ਜਾ ਸਕਦਾ ਸੀ, ਪਰ ਉਹ ਇੰਨੇ ਜੋਗੇ ਨਹੀਂ ਸੀ ਨਿਕਲੇ ਤੇ ਨਤੀਜੇ ਵਜੋਂ ਨਾ ਧਾਰਮਿਕ ਪੱਖ ਦੀ ਲੀਡਰਸ਼ਿੱਪ ਵਿਵਾਦਾਂ ਤੋਂ ਬਚ ਸਕੀ ਤੇ ਨਾ ਅਕਾਲੀ ਦਲ ਦੀ ਲੀਡਰਸ਼ਿੱਪ ਲੋਕਾਂ ਵਿੱਚ ਜਾਣ ਜੋਗੀ ਰਹਿ ਗਈ ਸੀ।

ਅੱਜ ਜਿਸ ਮੋੜ ਉੱਤੇ ਭਾਰਤ ਦੇਸ਼ ਖੜਾ ਹੈ, ਉੱਥੇ ਆਰ ਐੱਸ ਐੱਸ ਲੀਡਰਸ਼ਿੱਪ ਸਿੱਧਾ ਕਹਿਣ ਤੋਂ ਬਚਦੀ ਹੈ ਕਿ ਜਥੇਬੰਦਕ ਸ਼ਕਤੀ ਵਾਲੇ ਸੰਗਠਨ ਦੀ ਥਾਂ ਰਾਜਸੀ ਖਾਹਿਸ਼ਾਂ ਵਾਸਤੇ ਧਰਮ ਦੀ ਵਰਤੋਂ ਕਰ ਰਹੇ ਆਗੂਆਂ ਦੀ ਨਵੀਂ ਪੀੜ੍ਹੀ ਸੰਜੇ ਗਾਂਧੀ ਵਾਲੇ ਆਪਹੁਦਰੇ ਰਾਹ ਉੱਤੇ ਪੈਂਦੀ ਜਾਂਦੀ ਹੈ। ਹਰ ਨਵੇਂ ਦਿਨ ਨਵੀਂ ਥਾਂ ਕਿਸੇ ਮਸਜਿਦ ਹੇਠਾਂ ਮੰਦਰ ਹੋਣ ਦੀ ਕਹਾਣੀ ਉਛਾਲਣ ਅਤੇ ਉਸ ਦੇ ਸਰਵੇ ਲਈ ਅਦਾਲਤਾਂ ਦੇ ਹੁਕਮ ਲੈਣ ਵਾਸਤੇ ਜਿਹੜੇ ਲੋਕ ਚਰਚਾ ਵਿੱਚ ਆ ਰਹੇ ਹਨ, ਹਿੰਦੂਤਵ ਦੀ ਉਠਾਣ ਦੇ ਬੀਤੇ ਚਾਰ ਦਹਾਕਿਆਂ ਦੇ ਰਿਕਾਰਡ ਵਿੱਚ ਉਨ੍ਹਾਂ ਦਾ ਕੋਈ ਥਾਂ ਨਹੀਂ ਸੀ, ਸਗੋਂ ਇਹ ਸਾਰੇ ਕੰਮ ਉੱਤੋੜਿੱਤੀ ਹਰ ਸੂਬੇ ਵਿੱਚ ਹਿੰਦੂਤਵ ਦੀਆਂ ਪ੍ਰਤੀਕ ਭਾਜਪਾ ਦੀਆਂ ਸਰਕਾਰਾਂ ਬਣਨ ਅਤੇ ਇਨ੍ਹਾਂ ਵਿੱਚੋਂ ਕਿਸੇ ਨਾ ਕਿਸੇ ਰਾਜਸੀ ਅਹੁਦੇ ਲਈ ਜੁਗਾੜ ਕਰਨ ਦੇ ਚਾਹਵਾਨਾਂ ਦੀ ਧਾੜ ਕਰਦੀ ਹੈ ਤੇ ਇਸ ਕੰਮ ਵਿੱਚ ਉਹ ਲੋਕ ਆਰ ਐੱਸ ਐੱਸ ਵਾਲਿਆਂ ਨੂੰ ਵੀ ਕਿਸੇ ਗਿਣਤੀ ਵਿੱਚ ਨਹੀਂ ਰੱਖਦੇ। ਪੰਜਾਬ ਦੇ ਅਕਾਲੀਆਂ ਦੀ ਨਵੀਂ ਲੀਡਰਸ਼ਿੱਪ ਵਾਂਗ ਨਾ ਉਨ੍ਹਾਂ ਨੇ ਕਦੀ ਆਪਣਾ ਇਤਹਾਸ ਪੜ੍ਹਿਆ ਹੈ, ਨਾ ਧਾਰਮਿਕ ਪੱਖੋਂ ਗਿਆਨ ਰੱਖਣ ਦੀ ਕੋਈ ਲੋੜ ਸਮਝਦੇ ਹਨ, ਉਨ੍ਹਾਂ ਵਾਸਤੇ ਅੱਜ ਦਾ ਭਗਵਾਨ ਨਰਿੰਦਰ ਮੋਦੀ ਹੈ, ਜਿਸ ਨੇ ਲੋਕ ਸਭਾ ਚੋਣਾਂ ਮੌਕੇ ਇਹ ਗੱਲ ਕਹਿਣ ਤੋਂ ਸੰਕੋਚ ਨਹੀਂ ਸੀ ਕੀਤਾ ਕਿ ਉਹ ਆਮ ਲੋਕਾਂ ਵਾਂਗ ਨਹੀਂ, ਖਾਸ ਮੰਤਵ ਲਈ ਭਗਵਾਨ ਵੱਲੋਂ ਭੇਜਿਆ ਖਾਸ ਦੂਤ ਹੈ। ਇਹ ਨਵੇਂ ਉੱਠੇ ਆਗੂ ਹਿੰਦੂਤਵ ਦੇ ਨਾਂਅ ਉੱਤੇ ਇਹੋ ਕੁਝ ਕਰਦੇ ਪਏ ਹਨ, ਪਰ ਦੇਰ ਨਾਲ ਸਹੀ, ਉਨ੍ਹਾਂ ਨੂੰ ਟੋਕਣ ਲਈ ਆਰ ਐੱਸ ਐੱਸ ਮੁਖੀ ਨੇ ਜ਼ਬਾਨ ਖੋਲ੍ਹੀ ਹੈ, ਸਗੋਂ ਸੱਚੀ ਗੱਲ ਇਹ ਹੈ ਕਿ ਖੋਲ੍ਹਣੀ ਪਈ ਹੈ। ਉਸ ਨੇ ਇਹ ਵੀ ਕਿਹਾ ਕਿ ਸੰਸਾਰ ਭਰ ਵਿੱਚ ਭਾਰਤ ਵਿੱਚ ਚੱਲਦੀ ਇਸ ਮੰਦਰ-ਮਸਜਿਦ ਮੁਹਿੰਮ ਦੇ ਮਾੜੇ ਸੰਕੇਤ ਗਏ ਹਨ ਅਤੇ ਇਨ੍ਹਾਂ ਦੀ ਥਾਂ ਭਾਰਤ ਤੋਂ ਨਵਾਂ ਸੰਕੇਤ ਭੇਜਣ ਦੀ ਲੋੜ ਹੈ ਕਿ ਭਾਰਤ ਸਾਰਿਆਂ ਦੀ ਇੱਕ ਦੂਜੇ ਨੂੰ ਸਹਿਣ ਕਰਨ ਦੀ ਤਾਕਤ ਨਾਲ ਅੱਗੇ ਵਧਣਾ ਚਾਹੁੰਦਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿੱਚ ਘੱਟ-ਗਿਣਤੀਆਂ ਖਿਲਾਫ ਜੋ ਕੁਝ ਹੁੰਦਾ ਦਿਖਾਈ ਦੇ ਰਿਹਾ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਭਾਵੇਂ ਭਾਗਵਤ ਨੇ ਇਹ ਗੱਲਾਂ ਸਿਰਫ ਵਿਖਾਵੇ ਵਾਸਤੇ ਕਹੀਆਂ ਹੋਣ, ਭਾਰਤ ਦੀ ਅਜੋਕੀ ਸਥਿਤੀ ਵਿੱਚ ਇਨ੍ਹਾਂ ਨਾਲ ਉਹ ਪਿਛਲੇ ਮੰਦੇ ਕਦਮਾਂ ਨਾਲੋਂ ਕੁਝ ਨਿਖੇੜਾ ਕਰਦੇ ਦਿਸੇ ਹਨ। ਪੰਜਾਬ ਦੀ ਬਦਕਿਸਮਤੀ ਹੈ ਕਿ ਇਸ ਰਾਜ ਦੀ ਇੱਕ ਵੱਡੀ ਧਿਰ ਅਤੇ ਪ੍ਰਮੁੱਖ ਖੇਤਰੀ ਪਾਰਟੀ ਅਕਾਲੀ ਦਲ ਆਪਣੀ ਪ੍ਰਮੁੱਖਤਾ ਨੂੰ ਖੋਰਾ ਲਵਾਉਣ ਮਗਰੋਂ ਵੀ, ਭਾਵੇਂ ਵਿਖਾਵੇ ਵਾਸਤੇ ਹੀ ਸਹੀ, ਅਕਲ ਵੱਲ ਮੂੰਹ ਕਰਨ ਨੂੰ ਤਿਆਰ ਨਹੀਂ। ਪਿਛਲੇ ਸਮੇਂ ਵਿੱਚ ਅਕਾਲੀਆਂ ਦੀ ਨਵੀਂ ਪੀੜ੍ਹੀ ਦੀ ਲੀਡਰਸ਼ਿੱਪ ਦੀ ਪੈਂਤੜੇਬਾਜ਼ੀ ਉਨ੍ਹਾਂ ਲਈ ਵੀ ਅਤੇ ਪੰਜਾਬ ਲਈ ਵੀ ਜੱਖਣਾ ਪੁੱਟਣ ਵਾਲੀ ਸਾਬਤ ਹੋਈ ਹੈ, ਜੇ ਉਹ ਇਵੇਂ ਹੀ ਚੱਲਦੇ ਰਹੇ ਤਾਂ ਆਪਣਾ ਵੀ ਅਤੇ ਨਾਲ ਦੀ ਨਾਲ ਪੰਜਾਬ ਦਾ ਵੀ ਹੋਰ ਜ਼ਿਆਦਾ ਨੁਕਸਾਨ ਕਰਨ ਵਾਲੇ ਸਾਬਤ ਹੋਣਗੇ।

ਆਰ ਐੱਸ ਐੱਸ ਮੁਖੀ ਮੋਹਣ ਭਾਗਵਤ ਦੇ ਬਿਆਨ ਦੇ ਅਰਥ ਸਿਰਫ ਦੇਸ਼ ਵਿੱਚ ਘੱਟ-ਗਿਣਤੀਆਂ ਵਾਸਤੇ ਨਵੀਂ ਧਾਰਨਾ ਤੱਕ ਸੀਮਤ ਨਹੀਂ, ਭਾਜਪਾ ਨਾਲ ਇਸ ਸੰਗਠਨ ਦੇ ਸੰਬੰਧਾਂ ਅਤੇ ਆਪਣੇ ਅਣਗੌਲੇ ਕੀਤੇ ਜਾਣ ਬਾਰੇ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਹਨ, ਪਰ ਇਹ ਗੱਲਾਂ ਕੋਈ ਨਹੀਂ ਸੋਚਦਾ। ਉਨ੍ਹਾਂ ਦੀ ਇੰਨੀ ਗੱਲ ਠੀਕ ਕਹੀ ਜਾਣੀ ਹੈ ਕਿ ਸੰਸਾਰ ਲਈ ਭਾਰਤ ਤੋਂ ਇਸ ਵਕਤ ਜਾ ਰਹੇ ਸੰਕੇਤ ਚੰਗੇ ਨਹੀਂ ਅਤੇ ਇਨ੍ਹਾਂ ਸੰਕੇਤਾਂ ਨੂੰ ਸੁਧਾਰਨ ਦੀ ਲੋੜ ਹੈ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5553)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author