JatinderPannu7ਭਾਰਤ ਇੱਕ ਦਿਨ ਇਸ ਹਾਲ ਨੂੰ ਵੀ ਪਹੁੰਚ ਜਾਵੇਗਾਇਹ ਤਾਂ ਕਦੀ ...
(4 ਫਰਵਰੀ 2025)

 

ਸਾਡੇ ਸਮਿਆਂ ਦੇ ਬਹੁਤ ਵੱਡੇ ਬੁੱਧੀਜੀਵੀਆਂ ਵਿੱਚੋਂ ਸਨ ਨਾਟਕਕਾਰ ਗੁਰਸ਼ਰਨ ਸਿੰਘ, ਜਿਨ੍ਹਾਂ ਨੂੰ ਉਨ੍ਹਾਂ ਦੀ ਟੀਮ ਵਾਲੇ ਕਲਾਕਾਰ ਵੀ ਤੇ ਬਹੁਤ ਸਾਰੇ ਹੋਰ ਪੰਜਾਬੀ ਵੀ ‘ਭਾਅ ਜੀ’ ਕਿਹਾ ਕਰਦੇ ਸਨਉਨ੍ਹਾਂ ਦਾ ਇੱਕ ਪ੍ਰਸਿੱਧ ਨਾਟਕ ਸੀ ‘ਟੋਆ’, ਜਿਹੜਾ ਚਾਰ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਅਸੀਂ ਵੇਖਿਆ ਸੀ, ਇੰਨੇ ਸਾਲ ਪਹਿਲਾਂ ਵੇਖਿਆ ਕਿ ਅੱਜ ਉਸ ਦੇ ਸਾਲ ਯਾਦ ਕਰਨੇ ਔਖੇ ਹਨਸਾਲ ਭੁੱਲ ਗਏ ਹਨ, ਪਰ ਨਾਟਕ ਦਾ ਅੱਖਰ-ਅੱਖਰ ਯਾਦ ਹੈ। ਇਸ ਦੇਸ਼ ਦੇ ਹਾਲਾਤ ਦੀ ਹਕੀਕੀ ਤਸਵੀਰ ਪੇਸ਼ ਕਰਨ ਵਾਲਾ ਉਹ ਨਾਟਕ ਉਦੋਂ ਇੱਕ ਬਹੁਤ ਵੱਡੀ ਤਬਦੀਲੀ ਦਾ ਪੜੁੱਲ ਬਣਨ ਦੀ ਸੰਭਾਵਨਾ ਨੂੰ ਪੇਸ਼ ਕਰਦਾ ਸੀ, ਅੱਜ ਵੀ ਉਵੇਂ ਹੀ ਕਰਦਾ ਹੈ, ਪਰ ਤਬਦੀਲੀ ਨਾ ਉਸ ਵਕਤ ਕੋਈ ਆ ਸਕੀ ਸੀ ਅਤੇ ਨਾ ਅੱਜ ਆਉਣ ਦੀ ਕੋਈ ਸੰਭਾਵਨਾ ਦਿਸਦੀ ਹੈਉਸ ਤੋਂ ਪਹਿਲਾਂ ਬਠਿੰਡੇ ਵਾਲੇ ਬੋਘੜ ਸਿੰਘ ਨੇ ਭਗਤ ਸਿੰਘ ਦੇ ਨਾਂਅ ਇੱਕ ਕਵਿਤਾ ਲਿਖੀ ਸੀ: ‘ਹਾਲ ਡਿੱਠਾ ਭਗਤ ਸਿੰਘ ਸਰਦਾਰ ਤੇਰੇ ਪਿੰਡ ਦਾ’, ਜਿਸ ਵਿੱਚ ਉਸਨੇ ਲਿਖਿਆ ਸੀ ਕਿ ਉਦੋਂ ਲੋਹਾ ਕੁੱਟਣ ਵਾਲਾ ਗਰੀਬ ਅੱਜ ਵੀ ਲੋਹਾ ਕੁੱਟੀ ਜਾ ਰਿਹਾ ਹੈ, ਜੁੱਤੀਆਂ ਸਿਉਣ ਵਾਲਾ ਅਜੇ ਵੀ ਜੁੱਤੀਆਂ ਸਿਉਂਦਾ ਹੈ ਤੇ ਅੰਗਰੇਜ਼ਾਂ ਨਾਲ ਆੜੀ ਪਾ ਕੇ ਖੁਦ ਐਸ਼ ਕਰਨ ਅਤੇ ਲੋਕਾਂ ਨੂੰ ਦੁਖੀ ਕਰਨ ਵਾਲਾ ਟੱਬਰ ਅੱਜ ਵੀ ਉਹੋ ਕੁਝ ਕਰੀ ਜਾਂਦਾ ਹੈਹਕੀਕਤ ਪੇਸ਼ ਕਰਦੀ ਇਸ ਕਵਿਤਾ ਵਿੱਚ ਉਸਨੇ ਨਹੋਰਾ ਮਾਰਿਆ ਸੀ ਕਿ ਜਿਸ ਦੇਸ਼ ਦੀ ਆਜ਼ਾਦੀ ਖਾਤਰ ਤੁਸੀਂ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ, ਆਜ਼ਾਦੀ ਮਿਲਣ ਦੇ ਬਾਅਦ ਵੀ ਉਸ ਦੇਸ਼ ਦੇ ਆਮ ਲੋਕਾਂ ਦਾ ਇਸਨੇ ਸਾਹ ਸੌਖਾ ਨਹੀਂ ਕੀਤਾਭਾਰਤ ਦੇ ਹਾਲਾਤ ਦੀ ਸ਼ਰਮਿੰਦਗੀ ਦਾ ਅਹਿਸਾਸ ਕਰਵਾਉਂਦੀ ਇਹ ਕਵਿਤਾ ਉਸਨੇ ਇਸ ਸਤਰ ਨਾਲ ਮੁਕਾਈ ਸੀ ਕਿ ‘ਕੱਖ ਵੀ ਨਹੀਂ ਬਦਲਿਆ ਸਰਦਾਰ ਤੇਰੇ ਪਿੰਡ ਦਾ।’ ਇਹੋ ਗੱਲ ਮੈਂ ਕਹਾਂਗਾ ਤਾਂ ਰਾਜਨੀਤੀ ਕਰਨ ਵਾਲੇ ਮੇਰੇ ਮਗਰ ਪੈ ਜਾਣਗੇ

ਜਿਹੜੇ ਅੰਕੜੇ ਉਹ ਰਾਜਸੀ ਲੋਕ ਸਾਡੇ ਅੱਗੇ ਪੇਸ਼ ਕਰ ਸਕਦੇ ਜਾਂ ਕਰਦੇ ਹਨ, ਉਨ੍ਹਾਂ ਦਾ ਗਿਆਨ ਸਾਨੂੰ ਖੁਦ ਨੂੰ ਵੀ ਹੈ ਅਤੇ ਅਸੀਂ ਹਕੀਕਤਾਂ ਦੇ ਉਸ ਪੱਖ ਨੂੰ ਰੱਦ ਨਹੀਂ ਕਰਦੇਉਹ ਕਹਿਣਗੇ ਕਿ ਭਗਤ ਸਿੰਘ ਦੇ ਵਕਤ ਬਹੁਤ ਸਾਰੇ ਪਿੰਡਾਂ ਤਕ ਪੱਕੀ ਸੜਕ ਨਹੀਂ ਸੀ ਜਾਂਦੀ ਤੇ ਅੱਜ ਹਰ ਪਿੰਡ ਕਈ-ਕਈ ਸੜਕਾਂ ਨਾਲ ਜੁੜਿਆ ਪਿਆ ਹੈ। ਸਾਰੇ ਇਲਾਕੇ ਵਿੱਚ ਟੈਲੀਫੋਨ ਨਹੀਂ ਸੀ ਲੱਭਦਾ ਤੇ ਅੱਜ ਇੱਕ-ਇੱਕ ਬੰਦਾ ਦੋ-ਤਿੰਨ ਫੋਨ ਜਾਂ ਇੱਕੋ ਫੋਨ ਵਿੱਚ ਇੱਕ ਤੋਂ ਵੱਧ ਫੋਨਾਂ ਦੇ ਕੁਨੈਕਸ਼ਨ ਵਾਲੇ ਸਿਮ ਕਾਰਡ ਪਾਈ ਫਿਰਦਾ ਹੈਬਿਲਕੁਲ ਠੀਕ ਗੱਲ ਹੈ, ਪਰ ਇਹ ਤਾਂ ਅੱਤ ਦੇ ਬਦ-ਅਮਨੀ ਫਾਥੇ ਤੇ ਗਰੀਬੀ ਮਾਰੇ ਦੇਸ਼ਾਂ ਦੇ ਲੋਕਾਂ ਤਕ ਵੀ ਪਹੁੰਚ ਗਏ ਹਨ, ਉਨ੍ਹਾਂ ਕੋਲ ਫੋਨ ਹੋਣਾ ਉਨ੍ਹਾਂ ਦੀ ਹਾਲਾਤ ਦੇ ਸੁਧਾਰ ਦਾ ਪ੍ਰਤੀਕ ਨਹੀਂ, ਟੈਲੀਫੋਨ ਕੰਪਨੀਆਂ ਦੇ ਵਧਦੇ ਕਾਰੋਬਾਰ ਦਾ ਸਬੂਤ ਹੈ ਇੱਦਾਂ ਹੀ ਘਰ-ਘਰ ਮੋਟਰ ਸਾਈਕਲ ਅਤੇ ਕਾਰਾਂ ਪਹੁੰਚ ਜਾਣ ਦੀ ਗੱਲ ਕਹਿ ਕੇ ਸਾਨੂੰ ਭਾਰਤ ਦੀ ਤਰੱਕੀ ਦਾ ਅਹਿਸਾਸ ਕਰਾਉਣ ਦਾ ਉਹ ਯਤਨ ਕੀਤਾ ਜਾਂਦਾ ਹੈ, ਜਿਸ ਨੂੰ ਰੱਦ ਕਰਨ ਦੀ ਸਾਡੀ ਕੋਈ ਇੱਛਾ ਨਹੀਂ, ਪਰ ਗੱਲ ਇੱਥੋਂ ਤਕ ਸੀਮਤ ਨਹੀਂ ਰਹਿ ਸਕਦੀਭਾਰਤ ਦੇ ਲੋਕਾਂ ਨੂੰ ਜਿਹੜੇ ਜ਼ੁਲਮ ਅੰਗਰੇਜ਼ੀ ਰਾਜ ਵਿੱਚ ਝੱਲਣੇ ਪੈਂਦੇ ਸਨ, ਉਹ ਅੱਜ ਤਕ ਰੋਕੇ ਨਹੀਂ ਜਾ ਸਕੇਲੋਕਾਂ ਦੀ ਅਣਖ ਪੈਰਾਂ ਹੇਠ ਮਧੋਲਣ ਦਾ ਜਿਹੜਾ ਕੰਮ ਅੰਗਰੇਜ਼ੀ ਰਾਜ ਵਿੱਚ ‘ਟੋਡੀ ਬੱਚਾ’ ਕਹੇ ਜਾਂਦੇ ਸਫੈਦਪੋਸ਼ ਕਰਦੇ ਤੇ ਕਰਾਉਂਦੇ ਹੁੰਦੇ ਸਨ, ਅੱਜ ਕੇਂਦਰ ਦੀ ਸਰਕਾਰ ਦੇ ਅਤੇ ਰਾਜਾਂ ਵਾਲੀਆਂ ਸਰਕਾਰਾਂ ਦੇ ਨੇੜੇ ਵਾਲੇ ਲੋਕ ਕਰੀ ਜਾਂਦੇ ਹਨਅਦਾਲਤਾਂ ਉਦੋਂ ਵੀ ਸਨ ਅਤੇ ਲੰਡਨ ਵਿੱਚ ਬੈਠੀ ਵਿਦੇਸ਼ੀ ਸਰਕਾਰ ਦੀ ਨੀਤੀ ਹੇਠ ਲੋੜ ਜੋਗਾ ਇਨਸਾਫ ਕਰਨੋਂ ਅੱਗੇ ਵਧਣ ਦੀ ਲੋੜ ਨਹੀਂ ਸੀ ਸਮਝਦੀਆਂ, ਅੱਜ ਦੇ ਆਜ਼ਾਦ ਭਾਰਤ ਵਿੱਚ ਵੀ ਇਹ ਦਸਤੂਰ ਬਦਲਿਆ ਨਹੀਂ ਜਾ ਸਕਿਆਦੇਸ਼ ਨੂੰ ਆਜ਼ਾਦੀ ਮਿਲਦੇ ਸਾਰ ਉਦੋਂ ਦੇ ਅੰਗਰੇਜ਼ ਭਗਤ ਰਾਜਿਆਂ ਅਤੇ ਉਨ੍ਹਾਂ ਦੇ ਪਿੱਠੂਆਂ ਨੇ ਸਮੁੱਚੇ ਸਿਸਟਮ ਵਿੱਚ ਘੁਸਪੈਠ ਆਰੰਭ ਕਰ ਦਿੱਤੀ ਸੀ ਅਤੇ ਇਸੇ ਨੀਤੀ ਹੇਠ ‘ਰਾਜਾ’ ਖਿਤਾਬ ਹੁੰਦਿਆਂ ਵੀ ਪਹਿਲਾਂ ਫਰੀਦਕੋਟ ਅਤੇ ਮਲੇਰਕੋਟਲੇ ਰਿਆਸਤ ਦੇ ਹਾਕਮਾਂ ਨੇ ਚੋਣਾਂ ਲੜ ਕੇ ਜਿੱਤੀਆਂ ਅਤੇ ਫਿਰ ਇੱਦਾਂ ਦੀਆਂ ਕਈ ਰਿਆਸਤਾਂ ਪਟਿਆਲੇ ਦੇ ਨਾਲ ਜੋੜ ਕੇ ਸਾਂਝੀ ਰਿਆਸਤ ਬਣਾਏ ਗਏ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਦਾ ਰਾਜ-ਪਰਮੁੱਖ ਹੋਣ ਦਾ ਰੁਤਬਾ ਹੰਢਾ ਚੁੱਕਾ ਪਟਿਆਲਾ ਰਿਆਸਤ ਦਾ ‘ਮਹਾਰਾਜਾ’ ਯਾਦਵਿੰਦਰ ਸਿੰਘ ਚੋਣ ਲੜ ਕੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚ ਗਿਆ ਸੀ ਤੇ ਇਸ ਨੂੰ ‘ਲੋਕਤੰਤਰ ਦੀ ਪ੍ਰਾਪਤੀ’ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਸੀਇਨ੍ਹਾਂ ਨਾਲ ਜਾਂ ਇਨ੍ਹਾਂ ਵਾਂਗ ਹੀ ਭਾਰਤ ਦੀਆਂ ਹੋਰ ਛੋਟੀਆਂ ਜਾਂ ਵੱਡੀਆਂ ਰਿਆਸਤਾਂ ਦੇ ਰਾਜਿਆਂ ਵੱਲੋਂ ਪਾਰਲੀਮੈਂਟ ਦੇ ਮੈਂਬਰ ਅਤੇ ਕੇਂਦਰ ਦੇ ਮੰਤਰੀ ਬਣਨ ਨਾਲ ਵੀ ਦੇਸ਼ ਦੀ ਆਮ ਜਨਤਾ ਨੂੰ ਕੋਈ ਫਰਕ ਨਹੀਂ ਸੀ ਪੈ ਸਕਿਆ, ‘ਭਗਤ ਸਿੰਘ ਦੇ ਪਿੰਡ’ ਦਾ ਹਾਲ ਤਾਂ ਆਜ਼ਾਦੀ ਪਿੱਛੋਂ ਵੀ ਉਹੀ ਰਿਹਾ ਸੀ

ਜਿਹੜੀਆਂ ਅਲਾਮਤਾਂ ਅਜੇ ਤਕ ਜਿਉਂ ਦੀਆਂ ਤਿਉਂ ਰਹੀਆਂ ਹਨ, ਉਨ੍ਹਾਂ ਵਿੱਚੋਂ ਇੱਕ ਬੀਤੇ ਦਿਨੀਂ ਰਾਜਸਥਾਨ ਦੇ ਇੱਕ ਪਿੰਡੋਂ ਬਾਹਰ ਆਈ ਹੈ ਉੱਥੇ ਮਨੁੱਖਾਂ ਦੀ ਇੱਕ ਨੀਵੀਂ ਕਹੀ ਜਾਂਦੀ ਜਾਤੀ ਦੇ ਪੜ੍ਹੇ-ਲਿਖੇ ਨੌਜਵਾਨ ਦਾ ਵਿਆਹ ਹੋਣਾ ਸੀ ਅਤੇ ਇਸ ਮੌਕੇ ਉਸ ਨੇ ਆਮ ਲਾੜਿਆਂ ਵਾਂਗ ਘੋੜੀ ਚੜ੍ਹਨ ਦਾ ਇਰਾਦਾ ਬਣਾ ਲਿਆਜ਼ੋਰਾਵਰਾਂ ਨੂੰ ਇਸ ਨਾਲ ਇੰਨੀ ਕੌੜ ਚੜ੍ਹੀ ਕਿ ਵਿਆਹ ਵਾਲੇ ਮੁੰਡੇ ਦੇ ਪਰਿਵਾਰ ਦੀ ਜਾਨ ਬਚਾਉਣ ਲਈ ਪੁਲਿਸ ਨੂੰ ਦਖਲ ਦੇਣਾ ਪਿਆਇਹ ਕੁਝ ਇਸ ਦੇਸ਼ ਵਿੱਚ ਆਮ ਜਿਹੀ ਗੱਲ ਹੈ, ਕਿਸੇ ਵੀ ਰਾਜ ਤੋਂ ਇੱਦਾਂ ਦੀ ਖਬਰ ਆ ਸਕਦੀ ਤੇ ਫਿਰ ਰੁਲ ਸਕਦੀ ਹੈਬਹੁਤੀ ਵਾਰੀ ਇੱਦਾਂ ਦੀ ਖਬਰ ਦਾ ਵਕਤੀ ਤੌਰ ਉੱਤੇ ਨੋਟਿਸ ਲਿਆ ਜਾਂਦਾ ਅਤੇ ਰੌਲਾ ਠੰਢਾ ਹੁੰਦੇ ਸਾਰ ਗੱਲ ਗੋਲ ਕਰਨ ਦਾ ਕੰਮ ਹੁੰਦਾ ਹੈ, ਤਾਂ ਕਿ ਕੁਝ ਕਰਨਾ ਵੀ ਨਾ ਪਵੇ ਅਤੇ ਆਮ ਲੋਕਾਂ ਨੂੰ ਯਾਦ ਵੀ ਨਾ ਰਹੇਇਹ ਕਿਸੇ ਗਿਣਵੀਂ ਨੀਤੀ ਮੁਤਾਬਕ ਹੁੰਦਾ ਕਹਿਣ ਦੀ ਕੋਈ ਜੁਰਅਤ ਨਹੀਂ ਕਰਦਾ, ਪਰ ਉਂਜ ਇਹ ਗੱਲ ਸਭ ਮੰਨਦੇ ਹਨ ਕਿ ਮੌਜੂਦਾ ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਪੁਰਾਣੇ ਭਾਰਤ ਵਾਂਗ ਜ਼ੋਰਾਵਰਾਂ ਦੀ ਧੌਂਸ ਰੋਕਣ ਲਈ ਕੋਈ ਚਾਰਾ ਨਹੀਂ ਕੀਤਾ ਗਿਆਸ਼ਾਇਦ ਇਹ ਹੀ ਕਾਰਨ ਹੋਵੇ ਕਿ ਇੱਦਾਂ ਦੀ ਗੱਲ ਪ੍ਰਧਾਨ ਮੰਤਰੀ ਦੇ ਆਪਣੇ ਗੁਜਰਾਤ ਵਿੱਚੋਂ ਵੀ ਆਵੇ ਤਾਂ ਲੋਕ ਹੈਰਾਨ ਨਹੀਂ ਹੁੰਦੇ

ਇਹੋ ਜਿਹੀ ਘਟਨਾ ਪਿਛਲੇ ਦਿਨੀਂ ਉਸ ਗੁਜਰਾਤ ਵਿੱਚ ਵਾਪਰ ਗਈ ਹੈ, ਜਿੱਥੋਂ ਮੁੱਖ ਮੰਤਰੀ ਬਣ ਕੇ ਰਾਜਨੀਤੀ ਦੀਆਂ ਪੌੜੀਆਂ ਚੜ੍ਹਦਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਬਹਾਨੇ ਸੰਸਾਰਕ ਰਾਜਨੀਤੀ ਵਿੱਚ ਚਮਕਣ ਦੀ ਖਾਹਿਸ਼ ਰੱਖਦਾ ਕਿਹਾ ਜਾਂਦਾ ਹੈਬੀਤੇ ਸ਼ੁੱਕਰਵਾਰ ਦੇ ਦਿਨ ਜਦੋਂ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਂਦੇ ਭਾਰਤ ਦੀ ਪਾਰਲੀਮੈਂਟ ਦੇ ਬੱਜਟ ਸਮਾਗਮ ਮੌਕੇ ਦੇਸ਼ ਦੀ ਰਾਸ਼ਟਰਪਤੀ ਭਾਸ਼ਣ ਕਰਦੀ ਪਈ ਸੀ, ਉਦੋਂ ਇਹ ਖਬਰ ਆਈ ਕਿ ਗੁਜਰਾਤ ਵਿੱਚ ਇੱਕ ਔਰਤ ਨੂੰ ਸ਼ਰੇਆਮ ਨੰਗਾ ਕਰ ਕੇ ਕੁੱਟਣ ਮਗਰੋਂ ਇੱਕ ਬਾਈਕ ਨਾਲ ਬੰਨ੍ਹ ਕੇ ਨੰਗੇ ਜਿਸਮ ਭਜਾਇਆ ਗਿਆ ਹੈਲੋਕ ਵੀਡੀਓ ਬਣਾਉਂਦੇ ਰਹੇ ਅਤੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੇ ਖੁਦ ਵੀ ਇਸਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਸੀਉਸ ਔਰਤ ਉੱਤੇ ਦੋਸ਼ ਸੀ ਕਿ ਉਸ ਦੇ ਕਿਸੇ ਗੈਰ ਮਰਦ ਨਾਲ ਸੰਬੰਧ ਸਨ, ਪਰ ਜੇ ਇੱਦਾਂ ਦੀ ਗੱਲ ਸੀ ਤਾਂ ਪੁਲਿਸ ਨੂੰ ਅਰਜ਼ੀ ਦਿੱਤੀ ਜਾ ਸਕਦੀ ਸੀ, ਕਾਨੂੰਨ ਦੀ ਅਦਾਲਤ ਵਿੱਚ ਉਸ ਵਿਰੁੱਧ ਕੇਸ ਕੀਤਾ ਜਾ ਸਕਦਾ ਸੀ, ਨੰਗਿਆਂ ਕਰ ਕੇ ਕੁੱਟਣ-ਮਾਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਸੀਹੋਰ ਵੀ ਮਾੜੀ ਗੱਲ ਅਗਲੀ ਹੈ ਕਿ ਉਸ ਔਰਤ ਨੂੰ ਨੰਗੇ ਕਰਨ, ਕੁੱਟਣ ਅਤੇ ਫਿਰ ਬਾਈਕ ਦੇ ਨਾਲ-ਨਾਲ ਭਜਾਉਣ ਦੇ ਅਪਰਾਧ ਵਿੱਚ ਪੰਜ ਔਰਤਾਂ ਵੀ ਸ਼ਾਮਲ ਸਨਬਾਈਕ ਦੇ ਨਾਲ ਨੰਗੇ ਜਿਸਮ ਭਜਾਈ ਜਾ ਰਹੀ ਉਸ ਔਰਤ ਦੇ ਨਾਲ ਉਹ ਔਰਤਾਂ ਉਸ ਨੂੰ ਬਾਂਹਾਂ ਤੋਂ ਫੜ ਕੇ ਨਾਲ-ਨਾਲ ਦੌੜਦੀਆਂ ਦੀ ਵੀਡੀਓ ਉਸ ਦੇਸ਼ ਦੇ ਲੋਕਾਂ ਨੇ ਵੇਖੀ ਹੈ, ਜਿਸਦਾ ਪ੍ਰਧਾਨ ਮੰਤਰੀ ਇਸ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੀਆਂ ਟਾਹਰਾ ਮਾਰਦਾ ਹੈਇਸ ਤੋਂ ਪਹਿਲਾਂ ਇਹੋ ਕੁਝ ਇੱਕੋ ਵੇਲੇ ਕਈ ਔਰਤਾਂ ਨਾਲ ਇੱਕ ਹਜੂਮੀ ਭੀੜ ਨੇ ਡੇਢ ਕੁ ਸਾਲ ਪਹਿਲਾਂ ਮਨੀਪੁਰ ਵਿੱਚ ਕੀਤਾ ਸੀ ਉੱਥੇ ਵੀ ਰਾਜ ਦੀ ਅਗਵਾਈ ਭਾਜਪਾ ਮੁੱਖ ਮੰਤਰੀ ਕਰਦਾ ਹੈਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਮਨੀਪੁਰ ਵਿੱਚ ਇੱਡਾ ਘੋਰ ਪਾਪ ਕੀਤਾ ਹੈ, ਮੈਂ ਉਨ੍ਹਾਂ ਨੂੰ ਬਖਸ਼ਾਂਗਾ ਨਹੀਂ, ਪਰ ਪਿੱਛੋਂ ਉੱਥੇ ਗੇੜਾ ਮਾਰਨ ਵੀ ਨਹੀਂ ਸੀ ਗਏ

ਰਿਸ਼ੀਆਂ-ਮੁਨੀਆਂ ਦਾ ਦੇਸ਼ ਪ੍ਰਚਾਰੇ ਜਾਂਦੇ ਭਾਰਤ ਵਿੱਚ ਜਦੋਂ ਇਹ ਕੁਝ ਵਾਪਰਦਾ ਹੈ, ਕਦੇ ਕਿਸੇ ਸਾਧੂ-ਸੰਤ ਨੇ ਹਾਅ ਦਾ ਨਾਅਰਾ ਨਹੀਂ ਮਾਰਿਆਉਹ ਕੁੰਭ ਜਾਂ ਅਰਧ ਕੁੰਭ ਮੌਕੇ ਇਸ਼ਨਾਨ ਕਰਨ ਤੇ ਮੋਕਸ਼ ਦੀ ਪ੍ਰਾਪਤੀ ਵਾਸਤੇ ਆਏ ਦਿਸਦੇ ਹਨ, ਜਿਹੜੇ ਸਾਧੂ ਜੰਗਲਾਂ ਵਿੱਚ ਨਹੀਂ, ਉਹ ਹਰ ਧਾਰਮਿਕ ਸਮਾਗਮ ਵਿੱਚ ਲੋਕਾਂ ਨੂੰ ਈਸ਼ਵਰ ਦਾ ਭਾਣਾ ਮੰਨਣ ਦਾ ਉਪਦੇਸ਼ ਕਰਦੇ ਸੁਣਦੇ ਹਨ। ਹਕੀਕਤਾਂ ਭੁਗਤਣ ਵਾਲੇ ਭਾਰਤ ਦੇ ਨਾਗਰਿਕਾਂ ਲਈ ਕੁਝ ਕਰਨ ਬਾਰੇ ਉਹ ਕਦੇ ਨਹੀਂ ਸੋਚਦੇਇਹੋ ਤਾਂ ਸਭ ਪੇਸ਼ਕਾਰੀ ਸੀ ਗੁਰਸ਼ਰਨ ਸਿੰਘ ਹੁਰਾਂ ਦੇ ਨਾਟਕ ‘ਟੋਆ’ ਦੀ, ਜਿਸ ਵਿੱਚ ਗਹਿਰੇ ਟੋਏ ਵਿੱਚ ਡਿਗੇ ਪਏ ਬੰਦੇ ਨੂੰ ਬਾਹਰ ਨਿਕਲਣ ਵਿੱਚ ਮਦਦ ਕਰਨ ਦੀ ਬਜਾਏ ਇੱਕ ਸਾਧੂ ਬਾਬਾ ਇਹ ਕਹਿੰਦਾ ਰਿਹਾ ਸੀ ਕਿ ‘ਜਿੱਥੇ ਵੀ ਰਹੋ, ਸ਼ਾਂਤੀ ਸੇ ਰਹੋ ਬੱਚਾ’ ਅਤੇ ਅੱਧੀ ਸਦੀ ਪਹਿਲਾਂ ਇਹੋ ਜਿਹੇ ਸਾਧੂ ਬਾਬਾ ਜਿਵੇਂ ਆਮ ਲੋਕਾਂ ਨੂੰ ਟੋਏ ਵਿੱਚ ਡਿਗੇ ਹੋਏ ਹੋਣ ਤਾਂ ਉੱਥੇ ਸ਼ਾਂਤੀ ਨਾਲ ਟਿਕੇ ਰਹਿਣ ਨੂੰ ਕਹਿੰਦੇ ਸਨ, ਅੱਜ ਵੀ ਓਦਾਂ ਹੀ ਕਹਿੰਦੇ ਹਨਗੱਲ ਇਕੱਲੇ ਟੋਏ ਦੀ ਨਹੀਂ ਕਿ ਜਿੱਥੇ ਪਿਆ ਹੈਂ, ਤੂੰ ਉੱਥੇ ਪਿਆ ਰਹਿ ਬੱਚਾ, ਇਹ ਵੀ ਹੈ ਕਿ ਜੇ ਕੋਈ ਜ਼ੁਲਮ ਹੁੰਦਾ ਹੈ, ਉਹ ਵੀ ਰੱਬ ਦਾ ਨਾਂਅ ਲੈ ਕੇ ਚੁੱਪ ਕਰ ਕੇ ਓਦਾਂ ਹੀ ਸਹਿ ਬੱਚਾ, ਜਿੱਦਾਂ ਤੇਰੇ ਬਾਪ-ਦਾਦਾ ਸਹਿੰਦੇ ਰਹੇ ਸਨਡਰਿਆ ਪਿਆ ਭਾਰਤ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਫਸਿਆ ‘ਵਿਸ਼ਵ ਗੁਰੂ’ ਬਣਨ ਦੇ ਸੁਪਨੇ ਲੈਣ ਦਾ ਯਤਨ ਕਰਦਾ ਹੈ, ਜਿਨ੍ਹਾਂ ਨੇ ਕਹਿਣਾ ਕੁਝ ਤੇ ਕਰਨਾ ਕੁਝ ਆਪਣਾ ਅਣ-ਐਲਾਨਿਆ ਏਜੰਡਾ ਬਣਾ ਰੱਖਿਆ ਹੈਮਨੀਪੁਰ ਹੋਵੇ ਜਾਂ ਮੱਧ ਪ੍ਰਦੇਸ਼, ਕਿਸੇ ਰਾਜ ਵਿੱਚ ਆਮ ਲੋਕ ਸੌਖੇ ਨਜ਼ਰ ਨਹੀਂ ਆਉਂਦੇਗੁਜਰਾਤ ਦੀ ਗੱਲ ਕੀ ਕਰਨੀ ਹੈ, ਜਿਸ ਨੇ ਵਿਸ਼ਵ ਗੁਰੂ ਬਣਨ ਲਈ ਨਾਅਰਾ ਦੇਣ ਵਾਲੇ ਨਰਿੰਦਰ ਮੋਦੀ ਦੀ ਪਹਿਲੀ ਰਾਜਨੀਤਕ ਉਡਾਣ ਦੇ ਦਿਨਾਂ ਵਿੱਚ ਇੰਨਾ ਕੁਝ ਭੁਗਤ ਲਿਆ ਸੀ ਕਿ ਦੇਸ਼ ਦੇ ਲੋਕਾਂ ਨੂੰ ਅੱਜ ਤਕ ਭੁੱਲ ਨਹੀਂ ਸਕਿਆਦਹਿਸ਼ਤ ਦਾ ਜਿਸ ਤਰ੍ਹਾਂ ਦਾ ਮਾਹੌਲ ਅੱਜ ਇਸ ਦੇਸ਼ ਵਿੱਚ ਬਣ ਚੁੱਕਾ ਹੈ, ਉਸ ਦੀ ਪੇਸ਼ਕਾਰੀ ਉਰਦੂ ਦੇ ਇੱਕ ਸ਼ੇਅਰ ਵਿੱਚ ਇਸ ਤਰ੍ਹਾਂ ਕੀਤੀ ਗਈ ਹੈ, ‘ਇਸ ਸ਼ਹਿਰ ਮੇਂ ਅਬ ਕੋਈ ਬਾਰਾਤ ਹੋ, ਯਾ ਵਾਰਦਾਤ, ਅਬ ਕਿਸੀ ਵੀ ਬਾਤ ਪਰ ਖੁੱਲ੍ਹਤੀ ਨਹੀਂ ਹੈਂ ਖਿੜਕੀਆਂ’ ਅਰਥਾਤ ਲੋਕ ਇੰਨੇ ਡਰੇ ਹੋਏ ਹਨ ਕਿ ਨਾ ਖੁਸ਼ੀ ਵਿੱਚ ਬਰਾਤ ਜਾਂਦੀ ਵੇਖਣ ਤੇ ਨਾ ਕਿਸੇ ਥਾਂ ਵਾਰਦਾਤ ਹੋਈ ਤੋਂ ਝਾਕਣ ਲਈ ਉੱਧਰ ਵੇਖਦੇ ਹਨ ਕਿ ਪਤਾ ਨਹੀਂ ਕਿਸ ਵੇਲੇ ਕੀ ਵਾਪਰ ਜਾਵੇ? ਭਾਰਤ ਇੱਕ ਦਿਨ ਇਸ ਹਾਲ ਨੂੰ ਵੀ ਪਹੁੰਚ ਜਾਵੇਗਾ, ਇਹ ਤਾਂ ਕਦੀ ਕਿਸੇ ਨੇ ਨਹੀਂ ਸੀ ਸੋਚਿਆ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author