“ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਏਅਰ ਇੰਡੀਆ ਦੀ ਕਮਾਨ ਇਸ ਵਕਤ ਹੈ, ਉਨ੍ਹਾਂ ਦੀ ...”
(16 ਜੂਨ 2025)
ਅਹਿਮਦਾਬਾਦ ਤੋਂ ਉਡਾਰੀ ਭਰ ਕੇ ਲੰਡਨ-ਗੈਟਵਿਕ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦਾ ਕੁਝ ਕੁ ਮਿੰਟਾਂ ਪਿੱਛੋਂ ਡਿਗ ਪੈਣਾ ਭਾਰਤੀ ਲੋਕਾਂ ਨੂੰ ਹਿਲਾ ਦੇਣ ਵਾਲਾ ਹਾਦਸਾ ਸੀ। ਇਸ ਹਾਦਸੇ ਦਾ ਝਟਕਾ ਪੂਰੀ ਦੁਨੀਆ ਦੇ ਲੋਕਾਂ ਨੇ ਮਹਿਸੂਸ ਕੀਤਾ ਹੋਵੇਗਾ, ਪਰ ਭਾਰਤ ਲਈ ਇਹ ਕਈ ਪੱਖਾਂ ਤੋਂ ਮਾਰੂ ਸੱਟ ਸੀ। ਪਹਿਲੀ ਗੱਲ ਇਹ ਕਿ ਡਿਗਣ ਵਾਲਾ ਜਹਾਜ਼ ਭਾਰਤ ਦਾ ਸੀ ਅਤੇ ਉਸ ਕੰਪਨੀ ਦਾ ਸੀ, ਜਿਹੜੀ ਕਈ ਦਹਾਕਿਆਂ ਤਕ ਭਾਰਤ ਸਰਕਾਰ ਦੀ ਮਾਲਕੀ ਰਹਿਣ ਦੇ ਬਾਅਦ ਜਦੋਂ ਡੁੱਬਣ ਵਾਲੇ ਹਾਲਾਤ ਨੂੰ ਪੁੱਜ ਗਈ ਤਾਂ ਉਦੋਂ ਇਹ ਇੱਕ ਨਿੱਜੀ ਕੰਪਨੀ ‘ਟਾਟਾ ਗਰੁੱਪ’ ਨੂੰ ਵੇਚਣ ਦੇ ਨਾਲ ਸਰਕਾਰ ਨੇ ਇੱਕ ਤਰ੍ਹਾਂ ਖਹਿੜਾ ਛੁਡਾਇਆ ਸੀ। ਉਸ ਵਕਤ ਦੇ ਟਾਟਾ ਗਰੁੱਪ ਦੇ ਮੁਖੀ ਰਤਨ ਟਾਟਾ ਲਈ ਪਰਿਵਾਰ ਦੀ ਵਿਰਾਸਤ ਦਾ ਸਵਾਲ ਬਣ ਗਿਆ ਸੀ, ਕਿਉਂਕਿ ਇਹ ਕੰਪਨੀ ਪਿਛਲੀ ਸਦੀ ਦੇ ਚੌਥੇ ਦਹਾਕੇ ਵਿੱਚ ਸ਼ੁਰੂ ਵੀ ਇਸੇ ਟਾਟਾ ਪਰਿਵਾਰ ਨੇ ਕੀਤੀ ਸੀ ਅਤੇ ਜਦੋਂ ਭਾਰਤ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈਣੀ ਚਾਹੀ ਤਾਂ ਦੇ ਦਿੱਤੀ ਸੀ। ਬਹੁਤ ਵਧੀਆ ਚਲਦੀ ਕੰਪਨੀ ਦਾ ਭੱਠਾ ਵੱਖ-ਵੱਖ ਸਮੇਂ ਆਈਆਂ ਭਾਰਤ ਦੀਆਂ ਸਰਕਾਰਾਂ ਨੇ ਬਿਠਾਇਆ ਸੀ। ਇਹ ਚਰਚਾ ਕਈ ਵਾਰ ਹੁੰਦੀ ਰਹੀ ਸੀ ਕਿ ਸਰਕਾਰਾਂ ਇਸ ਕੰਪਨੀ ਦੇ ਜਹਾਜ਼ ਵੀ ਵਰਤਦੀਆਂ ਸਨ, ਸੀਟਾਂ ਵੀ ਮੰਤਰੀਆਂ, ਅਫਸਰਾਂ ਅਤੇ ਸਰਕਾਰੀ ਕੰਮਾਂ ਲਈ ਆਉਣ-ਜਾਣ ਵਾਲੇ ਲੋਕਾਂ ਲਈ ਚੋਖਾ ਵਰਤਦੀਆਂ ਸਨ, ਪਰ ਮਗਰੋਂ ਪੈਸੇ ਦੇਣ ਵਿੱਚ ਉਹ ਕਦੇ ਵੀ ਵਾਅਦੇ ਉੱਤੇ ਪੂਰੀਆਂ ਨਹੀਂ ਸੀ ਉੱਤਰੀਆਂ। ਪਾਰਲੀਮੈਂਟ ਵਿੱਚ ਇਸ ਸਰਕਾਰੀ ਹਵਾਈ ਕੰਪਨੀ ਬਾਰੇ ਬਹਿਸ ਬਹੁਤ ਵਾਰੀ ਹੋਈ ਸੀ, ਪਰ ਇਸਦੀ ਹਾਲਤ ਸੁਧਾਰਨ ਦਾ ਕੋਈ ਫੈਸਲਾ ਲੈਣ ਦੀ ਥਾਂ ਪਾਰਲੀਮੈਂਟ ਮੈਂਬਰਾਂ ਨੂੰ ਇਸ ਕੰਪਨੀ ਦੇ ਜਹਾਜ਼ਾਂ ਦਾ ਸਫਰ ਕਰਨ ਦੇ ਵਕਤ ਹੋਰ ਵੱਧ ਸਨਮਾਨਤ ਢੰਗ ਨਾਲ ਪੇਸ਼ ਹੋਣ ਦੀਆਂ ਹਦਾਇਤਾਂ ਤਕ ਗੱਲ ਰੁਕ ਜਾਂਦੀ ਸੀ।
ਇਸ ਸਰਕਾਰੀ ਕੰਪਨੀ ਅਤੇ ਇਸ ਨਾਲ ਜੁੜੇ ਲੋਕਾਂ ਨਾਲ ਜਿੱਦਾਂ ਦਾ ਦੁਰ-ਵਿਹਾਰ ਹੁੰਦਾ ਰਿਹਾ ਸੀ, ਉਹ ਆਪਣੇ ਆਪ ਵਿੱਚ ਇੱਕ ਭੱਦਾ ਰਿਕਾਰਡ ਹੈ। ਮਨਮੋਹਨ ਸਿੰਘ ਦੀ ਸਰਕਾਰ ਦੇ ਵਕਤ ਇੱਕ ਵਾਰੀ ਜਦੋਂ ਆਈ ਪੀ ਐੱਲ ਕ੍ਰਿਕਟ ਚੱਲ ਰਿਹਾ ਸੀ ਤਾਂ ਦਿੱਲੀ ਤੋਂ ਮੁੰਬਈ ਲਈ ਉੱਡਿਆ ਜਹਾਜ਼ ਅਚਾਨਕ ਰਾਹ ਵਿੱਚੋਂ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਤੇ ਉੱਥੋਂ ਇੱਕ ਕ੍ਰਿਕਟ ਟੀਮ ਚੜ੍ਹਾ ਕੇ ਉਸ ਨੂੰ ਕੋਲਕਾਤਾ ਪਹੁੰਚਾਉਣ ਦੇ ਬਾਅਦ ਮੁੰਬਈ ਵੱਲ ਮੋੜਿਆ ਗਿਆ। ਨਤੀਜਾ ਇਹ ਨਿਕਲਿਆ ਕਿ ਜਿਹੜੇ ਮੁਸਾਫਰਾਂ ਨੇ ਢਾਈ ਘੰਟੇ ਬਾਅਦ ਮੁੰਬਈ ਪੁੱਜ ਜਾਣਾ ਸੀ, ਉਹ ਕਰੀਬ ਗਿਆਰਾਂ ਘੰਟੇ ਜਹਾਜ਼ ਜਾਂ ਏਅਰਪੋਰਟਾਂ ਉੱਤੇ ਬਿਠਾ ਕੇ ਖੱਜਲ ਕੀਤੇ ਜਾਂਦੇ ਰਹੇ ਸਨ। ਕਾਰਨ ਇਹ ਸੀ ਕਿ ਉਸ ਵੇਲੇ ਦੇ ਹਵਾਈ ਜਹਾਜ਼ ਮੰਤਰਾਲੇ ਦਾ ਮੰਤਰੀ ਕਾਂਗਰਸ ਦੀ ਭਾਈਵਾਲ ਪਾਰਟੀ ਦਾ ਸੀ ਤੇ ਉਸ ਦੀ ਧੀ ਇੱਕ ਆਈ ਪੀ ਐੱਲ ਵਾਲੀ ਕ੍ਰਿਕਟ ਟੀਮ ਦੀ ਲੋਕ ਸੰਪਰਕ ਅਫਸਰ ਸੀ। ਉਨ੍ਹਾਂ ਨੇ ਆਪਣੀ ਟੀਮ ਵਾਸਤੇ ਜਿਸ ਜਹਾਜ਼ ਦੀ ਬੁਕਿੰਗ ਕਰਾਉਣੀ ਸੀ, ਉਸ ਦਾ ਸ਼ਾਇਦ ਚੇਤਾ ਨਹੀਂ ਸੀ ਰਿਹਾ ਅਤੇ ਅਚਾਨਕ ਜਦੋਂ ਚੰਡੀਗੜ੍ਹ ਬੈਠੀ ਟੀਮ ਕੋਲਕਾਤਾ ਪਹੁੰਚਾਉਣ ਦੀ ਮੁਸ਼ਕਿਲ ਬਣ ਗਈ ਤਾਂ ਉਸ ਵਕਤ ਧੀ ਨੇ ਮੰਤਰੀ ਬਾਪ ਨੂੰ ਕਿਹਾ ਤੇ ਬਾਪ ਦੇ ਕਹਿਣ ਉੱਤੇ ਏਅਰ ਇੰਡੀਆ ਨੇ ਮੁੰਬਈ ਜਾਂਦਾ ਜਹਾਜ਼ ਚੰਡੀਗੜ੍ਹ ਨੂੰ ਮੋੜ ਕੇ ਮੰਤਰੀ ਦੀ ਧੀ ਦੀ ਮੁਸ਼ਕਿਲ ਹੱਲ ਕਰਨ ਲਈ ਮੁਸਾਫਰਾਂ ਦੇ ਲਈ ਮੁਸ਼ਕਲਾਂ ਵਧਾ ਦਿੱਤੀਆਂ ਸਨ। ਉਸ ਦਿਨ ਸਿਖਰਾਂ ਦੀ ਖੱਜਲ-ਖੁਆਰੀ ਝੱਲ ਚੁੱਕੇ ਲੋਕ ਫਿਰ ਕਿਸੇ ਅਗਲੀ ਵਾਰੀ ਏਅਰ ਇੰਡੀਆ ਵੱਲ ਮੂੰਹ ਕਦੇ ਨਹੀਂ ਕਰਨਗੇ।
ਦੂਸਰਾ ਮਾਮਲਾ ਇਸ ਨਾਲੋਂ ਥੋੜ੍ਹਾ ਜਿਹਾ ਵੱਖਰਾ ਸੀ। ਆਮ ਕਰ ਕੇ ਹਵਾਈ ਕੰਪਨੀਆਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਫਤ ਸਫਰ ਦੀ ਸਹੂਲਤ ਦਿੰਦੀਆਂ ਹਨ, ਪਰ ਬਹੁਤ ਹੀ ਖਾਸ ਕਾਰਨ ਤੋਂ ਬਿਨਾਂ ਉਨ੍ਹਾਂ ਨੂੰ ਮੁਸਾਫਰਾਂ ਤੋਂ ਪਹਿਲ ਕਦੇ ਨਹੀਂ ਦਿੱਤੀ ਜਾਂਦੀ। ਆਮ ਕਰ ਕੇ ਉਨ੍ਹਾਂ ਨੂੰ ਹਦਾਇਤ ਹੁੰਦੀ ਹੈ ਕਿ ਜੇ ਮੁਸਾਫਰ ਵੱਧ ਮਿਲਦੇ ਹਨ ਤਾਂ ਉਨ੍ਹਾਂ ਮੁਸਾਫਰਾਂ ਨੂੰ ਪਹਿਲ ਦੇਣ ਲਈ ਕੰਪਨੀ ਦੇ ਆਪਣੇ ਕਰਮਚਾਰੀ ਜਾਂ ਅਫਸਰ ਨੂੰ ਔਖ ਵੀ ਝੱਲਣੀ ਪੈ ਸਕਦੀ ਹੈ ਤੇ ਉਹ ਇਨਕਾਰ ਨਹੀਂ ਕਰਨਗੇ। ਇੱਕ ਵਾਰੀ ਚੰਡੀਗੜ੍ਹ ਤੋਂ ਜਹਾਜ਼ ਜਾਣਾ ਸੀ। ਜਿਸ ਮੁਸਾਫਰ ਦੀ ਕਨਫਰਮ ਟਿਕਟ ਸੀ, ਉਸ ਨੂੰ ਸੀਟ ਨੰਬਰ ਅਲਾਟ ਹੋ ਚੁੱਕਾ ਸੀ, ਉਸ ਦੀ ਥਾਂ ਕੰਪਨੀ ਦੇ ਇੱਕ ਅਫਸਰ ਦੇ ਰਿਸ਼ਤੇਦਾਰਾਂ ਨੂੰ ਉਹੋ ਸੀਟ ਅਲਾਟ ਕਰ ਦਿੱਤੀ ਗਈ ਅਤੇ ਸੰਬੰਧਤ ਮੁਸਾਫਰ ਨੂੰ ਇਸਦੀ ਥਾਂ ਉਹ ਸੀਟ ਲੈਣ ਲਈ ਕਹਿ ਦਿੱਤਾ ਗਿਆ, ਜਿਸ ਉੱਤੇ ਸਫਰ ਦੌਰਾਨ ਵਾਰ-ਵਾਰ ਟਰਾਲੀ ਅਤੇ ਏਅਰ ਹੋਸਟੈੱਸ ਦੇ ਲੰਘਣ ਵੇਲੇ ਉੱਠਣਾ ਪੈ ਜਾਂਦਾ ਹੈ। ਇੱਦਾਂ ਦੀ ਸੀਟ ਲੈਣ ਤੋਂ ਬਹੁਤ ਸਾਰੇ ਮੁਸਾਫਰ ਨਾਂਹ ਕਰਦੇ ਹਨ, ਪਰ ਮਜਬੂਰੀ ਵਿੱਚ ਲੈਣੀ ਪੈ ਜਾਂਦੀ ਹੈ, ਜਦੋਂ ਕਿ ਉੱਥੇ ਕੋਈ ਮਜਬੂਰੀ ਨਹੀਂ, ਮੁਸਾਫਰ ਦੀ ਥਾਂ ਏਅਰ ਇੰਡੀਆ ਦੇ ਇੱਕ ਅਧਿਕਾਰੀ ਦੇ ਰਿਸ਼ਤੇਦਾਰ ਨੂੰ ਪਹਿਲ ਦਿੱਤੀ ਜਾਣ ਦਾ ਮਾਮਲਾ ਸੀ।
ਇਹੋ ਨਹੀਂ, ਭਾਰਤ ਦੇ ਮੰਤਰੀ ਅਤੇ ਪਾਰਲੀਮੈਂਟ ਮੈਂਬਰ ਜਿੱਦਾਂ ਦੀ ਬਦਤਮੀਜ਼ੀ ਏਅਰ ਇੰਡੀਆ ਦੇ ਸਟਾਫ ਨਾਲ ਕਰਦੇ ਰਹੇ ਹਨ, ਉਹ ਕੰਪਨੀ ਦੀ ਬਦਨਾਮੀ ਦਾ ਕਾਰਨ ਬਣਦੀ ਸੀ। ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਦੌਰਾਨ ਕੇਂਦਰ ਵਿੱਚ ਮਹਾਰਾਸ਼ਟਰ ਦੀ ਸ਼ਿਵ ਸੈਨਾ ਵੀ ਭਾਈਵਾਲ ਸੀ ਅਤੇ ਉਸਦੇ ਪਾਰਲੀਮੈਂਟ ਮੈਂਬਰ ਹਰ ਗੱਲ ਵਿੱਚ ਹੱਦਾਂ ਟੱਪਣ ਦਾ ਰਿਕਾਰਡ ਬਣਾਈ ਜਾਂਦੇ ਸਨ। ਇੱਕ ਵਾਰੀ ਮੁੰਬਈ ਤੋਂ ਚੜ੍ਹਿਆ ਸ਼ਿਵ ਸੈਨਾ ਦਾ ਇੱਕ ਪਾਰਲੀਮੈਂਟ ਮੈਂਬਰ ਕਿਸੇ ਗੱਲ ਤੋਂ ਇੰਨਾ ਭੜਕ ਪਿਆ ਕਿ ਦਿੱਲੀ ਆਣ ਕੇ ਜਹਾਜ਼ ਵਿੱਚ ਹੀ ਏਅਰ ਇੰਡੀਆ ਦੇ ਏਅਰਪੋਰਟ ਮੈਨੇਜਰ ਨੂੰ ਸੱਦ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਇਸ ਨਾਲ ਵੀ ਮਨ ਨਾ ਭਰਿਆ ਤਾਂ ਆਪਣੇ ਪੈਰ ਦੀ ਜੁੱਤੀ ਲਾਹੀ ਤੇ ਉਸ ਨੂੰ ਛਿੱਤਰਾਂ ਨਾਲ ਕੁੱਟਣ ਲੱਗ ਪਿਆ ਤੇ ਜਦੋਂ ਬਾਹਰ ਆਇਆ ਤਾਂ ਮੀਡੀਆ ਕੈਮਰਿਆਂ ਸਾਹਮਣੇ ਬੜੇ ਮਾਣ ਨਾਲ ਇਹ ਕਹਿੰਦਾ ਸੀ, “ਮੈਨੇ ਉਸ ਕੋ ਗਿਨ-ਗਿਨ ਕਰ ਪੱਚੀਸ ਜੂਤੇ ਲਾਏ।’ ਮਾਮਲਾ ਸਾਰੇ ਦੇਸ਼ ਵਿੱਚ ਚਰਚਾ ਦਾ ਮੁੱਦਾ ਬਣਿਆ। ਸ਼ਿਵ ਸੈਨਾ ਆਪਣੇ ਆਗੂ ਦੇ ਹੱਕ ਵਿੱਚ ਖੜੋ ਗਈ ਅਤੇ ਮੋਦੀ ਸਰਕਾਰ ਉਸ ਦਾ ਬਚਾ ਕਰਨ ਲੱਗ ਪਈ। ਕਈ ਦਿਨ ਚਰਚਾ ਤੋਂ ਬਾਅਦ ਉਹ ਮਾਮਲਾ ਠੱਪ ਕਰ ਦਿੱਤਾ ਗਿਆ। ਇੱਦਾਂ ਦੇ ਮਾਹੌਲ ਵਿੱਚ ਕਰਮਚਾਰੀ ਕੰਮ ਕਿਹੋ ਜਿਹਾ ਕਰ ਸਕਦੇ ਹਨ!
ਸਿਰਫ ਇਹ ਨਹੀਂ ਕਿ ਏਅਰ ਇੰਡੀਆ ਨੂੰ ਇੱਥੇ ਵਰਤਿਆ ਅਤੇ ਕਰਮਚਾਰੀਆਂ ਨਾਲ ਬਦ-ਸਲੂਕੀ ਕੀਤੀ ਜਾਂਦੀ ਸੀ। ਇਸ ਕੰਪਨੀ ਨੂੰ ਸਰਕਾਰਾਂ ਨੇ ਆਪਣੇ ਬੰਦੇ ਵਿਦੇਸ਼ਾਂ ਵਿੱਚ ਸੈੱਟ ਕਰਨ ਵਾਸਤੇ ਵੀ ਵਰਤਿਆ ਸੀ। ਇੱਕ ਵਾਰੀ ਇਹ ਵੱਡੀ ਹੈਰਾਨੀ ਵਾਲੀ ਖਬਰ ਆਈ ਸੀ ਕਿ ਏਅਰ ਇੰਡੀਆ ਨੇ ਢਾਈ ਦਰਜਨ ਦੇ ਕਰੀਬ ਇਹੋ ਜਿਹੇ ਦੇਸ਼ਾਂ ਵਿੱਚ ਆਪਣੇ ਦਫਤਰ ਖੋਲ੍ਹੇ ਹੋਏ ਹਨ ਅਤੇ ਉੱਥੇ ਸਟਾਫ ਬਿਠਾ ਰੱਖਿਆ ਹੈ, ਜਿੱਥੇ ਇਸਦੀ ਕੋਈ ਫਲਾਈਟ ਹੀ ਨਹੀਂ ਜਾਂਦੀ। ਸਪਸ਼ਟ ਗੱਲ ਸੀ ਕਿ ਉੱਥੇ ਬੈਠਾ ਮੈਨੇਜਰ, ਉਸ ਨਾਲ ਲਾਇਆ ਸਹਾਇਕ ਅਤੇ ਸੇਵਾਦਾਰ ਬਿਨਾਂ ਕੰਮ ਕਰਨ ਤੋਂ ਤਨਖਾਹਾਂ ਲਈ ਜਾਂਦੇ ਸਨ ਅਤੇ ਕੁਝ ਸਮਾਂ ਉੱਥੇ ਆਰਜ਼ੀ ਡਿਊਟੀ ਕਰਨ ਮਗਰੋਂ ਜਦੋਂ ਉਨ੍ਹਾਂ ਦੇਸ਼ਾਂ ਵਿੱਚ ਪੈਰ ਪੱਕੇ ਲੱਗ ਜਾਂਦੇ ਤਾਂ ਉਸ ਵਕਤ ਉਨ੍ਹਾਂ ਦੀ ਥਾਂ ਕੋਈ ਹੋਰ ਇਹੋ ਜਿਹਾ ਲੋੜਵੰਦ ਉੱਥੇ ਐਡਜਸਟ ਕਰਵਾ ਲਿਆ ਜਾਂਦਾ ਸੀ। ਪਾਰਲੀਮੈਂਟ ਵਿੱਚ ਇਸ ਚੱਕਰ ਦਾ ਸਵਾਲ ਪੁੱਛਿਆ ਗਿਆ ਤਾਂ ਉਸ ਵਕਤ ਦੀ ਸਰਕਾਰ ਨੇ ਗੱਲ ਗੋਲ-ਮੋਲ ਕਰ ਦਿੱਤੀ ਤੇ ਮਸਲਾ ਟਲ ਗਿਆ ਸੀ।
ਏਅਰ ਇੰਡੀਆ ਨਾਲ ਤਾਂ ਜੋ ਹੁੰਦਾ ਰਿਹਾ, ਉਹ ਸਭ ਨੂੰ ਪਤਾ ਹੈ, ਏਅਰਪੋਰਟ ਸਕਿਉਰਟੀ ਦੇ ਮਾਮਲੇ ਵਿੱਚ ਵੀ ਕਿਸੇ ਨਿਯਮ-ਕਾਨੂੰਨ ਦੀ ਪ੍ਰਵਾਹ ਭਾਰਤ ਦੇ ਸਿਆਸੀ ਆਗੂ ਬਹੁਤੀ ਨਹੀਂ ਕਰਦੇ। ਇੱਕ ਵਾਰ ਉੱਤਰ ਪ੍ਰਦੇਸ਼ ਦੇ ਇੱਕ ਏਅਰਪੋਰਟ ਉੱਤੇ ਤੇ ਇੱਕ ਵਾਰੀ ਪਟਨੇ ਦੇ ਏਅਰਪੋਰਟ ਉੱਤੇ ਕੇਂਦਰੀ ਆਗੂਆਂ ਨੂੰ ਲੈਣ ਵਾਸਤੇ ਪਹੁੰਚੇ ਹੋਏ ਉਨ੍ਹਾਂ ਦੀ ਪਾਰਟੀ ਦੇ ਲੀਡਰ ਅਤੇ ਵਰਕਰ ਰੰਨਵੇਅ ਤਕ ਜਾਣ ਦੀ ਅੜੀ ਕਰ ਬੈਠੇ ਸਨ। ਆਖਰ ਨੂੰ ਸਰਕਾਰ ਨੇ ਦਬਾਅ ਹੇਠ ਉਨ੍ਹਾਂ ਦੀ ਗੱਲ ਮੰਨੀ ਸੀ ਅਤੇ ਸਾਰੇ ਨਿਯਮ-ਕਾਨੂੰਨ ਤੋੜ ਕੇ ਅੰਦਰ ਤਕ ਜਾਣ ਦਿੱਤਾ ਗਿਆ ਸੀ। ਗੁਜਰਾਤ ਦੇ ਇੱਕ ਏਅਰਪੋਰਟ ਉੱਤੇ ਇੱਕ ਵਾਰੀ ਕੁਝ ਪਾਰਲੀਮੈਂਟ ਮੈਂਬਰਾਂ ਨੇ ਰੰਨਵੇਅ ਉੱਤੇ ਖੜ੍ਹੇ ਹੋ ਕੇ ਫੋਟੋ ਖਿਚਵਾਏ ਸਨ ਅਤੇ ਇਹ ਸਭ ਕੁਝ ਉਸ ਵਕਤ ਕੀਤਾ ਗਿਆ, ਜਦੋਂ ਉਨ੍ਹਾਂ ਦੇ ਪਿੱਛੇ ਇੱਕ ਜਹਾਜ਼ ਲੈਂਡ ਕਰਦਾ ਪਿਆ ਸੀ। ਉਸ ਵਕਤ ਵਾਲੀ ਫੋਟੋ ਅੱਜ ਤਕ ਮੇਰੀ ਫਾਈਲ ਵਿੱਚ ਪਈ ਹੈ, ਪਰ ਕਮਾਲ ਦੀ ਗੱਲ ਇਹ ਕਿ ਉਨ੍ਹਾਂ ਲੀਡਰਾਂ ਜਾਂ ਏਅਰਪੋਰਟ ਅਥਾਰਟੀ ਵਾਲੇ ਅਫਸਰਾਂ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ, ਕਿਉਂਕਿ ਜਿਨ੍ਹਾਂ ਲੋਕਾਂ ਨੇ ਇਹ ਗਲਤ ਹਰਕਤ ਕੀਤੀ ਤੇ ਕਰਵਾਈ ਸੀ, ਉਹ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਨਾਲ ਸੰਬੰਧਤ ਪਾਰਲੀਮੈਂਟ ਮੈਂਬਰ ਸਨ। ਜਿਹੜੇ ਏਅਰਪੋਰਟਾਂ ਉੱਤੇ ਇਸ ਹੱਦ ਤਕ ਨਿਯਮਾਂ ਦੀ ਉਲੰਘਣਾ ਹੁੰਦੀ ਹੋਵੇ ਅਤੇ ਉੱਥੋਂ ਦੇ ਅਧਿਕਾਰੀ ਅਤੇ ਕਰਮਚਾਰੀ ਨਾ ਚਾਹੁੰਦੇ ਹੋਏ ਵੀ ਸਿਆਸਤ ਦੇ ਧਨੰਤਰਾਂ ਅੱਗੇ ਝੁਕਣ ਲਈ ਮਜਬੂਰ ਹੋ ਜਾਂਦੇ ਹੋਣ, ਉੱਥੇ ਸੁਰੱਖਿਆ ਖਾਮੀ ਹੋਣਾ ਹੈਰਾਨੀ ਵਾਲੀ ਗੱਲ ਨਹੀਂ ਹੁੰਦੀ।
ਇਸ ਵੇਲੇ ਏਅਰ ਇੰਡੀਆ ਫਿਰ ਚਰਚਾ ਵਿੱਚ ਹੈ ਅਤੇ ਜਿਸ ਰਤਨ ਟਾਟਾ ਨੇ ਆਪਣੇ ਖਾਨਦਾਨ ਦੀ ਵਿਰਾਸਤ ਦਾ ਖਿਆਲ ਕਰ ਕੇ ਇਸ ਨੂੰ ਡੁੱਬਦੀ ਪਈ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਸੁਧਾਰਨ ਦਾ ਵਾਅਦਾ ਕੀਤਾ ਸੀ, ਉਹ ਵਾਅਦੇ ਉੱਤੇ ਪੂਰਾ ਉੱਤਰਨ ਵਾਲਾ ਸਨਅਤਕਾਰ ਅੱਜ ਦੁਨੀਆ ਵਿੱਚ ਨਹੀਂ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਏਅਰ ਇੰਡੀਆ ਦੀ ਕਮਾਨ ਇਸ ਵਕਤ ਹੈ, ਉਨ੍ਹਾਂ ਦੀ ਅਕਲਮੰਦੀ ਅਤੇ ਫਰਜ਼ ਵੱਲ ਸੰਜੀਦਗੀ ਉੱਤੇ ਕਈ ਲੋਕਾਂ ਵੱਲੋਂ ਸਮੇਂ ਸਮੇਂ ਉਂਗਲਾਂ ਉਠਾਈਆਂ ਜਾਂਦੀਆਂ ਰਹੀਆਂ ਹਨ। ਨਾ ਉਨ੍ਹਾਂ ਦਾ ਇਸ ਅਦਾਰੇ ਨਾਲ ਕੋਈ ਖਾਸ ਮੋਹ ਜਾਪਦਾ ਹੈ, ਨਾ ਇਸ ਨੂੰ ਸੰਭਾਲਣ ਅਤੇ ਸੁਧਾਰਨ ਦਾ ਬੀੜਾ ਚੁੱਕਣ ਵਾਲੇ ਸਨਅਤਕਾਰ ਦੇ ਪਰਿਵਾਰਕ ਪਿਛੋਕੜ ਅਤੇ ਵਿਰਾਸਤ ਨਾਲ ਵਾਸਤਾ ਹੈ, ਉਨ੍ਹਾਂ ਦੀ ਲੋੜ ਸਿਰਫ ਆਪਣੀ ਨੌਕਰੀ ਚਲਦੀ ਰੱਖਣ ਅਤੇ ਲਾਭ ਮਾਣਨ ਤਕ ਦੀ ਜਾਪਦੀ ਹੈ। ਸੰਸਾਰ ਦੇ ਕਿਸੇ ਵੀ ਵਿਕਸਿਤ ਦੇਸ਼ ਦੇ ਕਿਸੇ ਅਦਾਰੇ, ਕਿਸੇ ਟਰੇਨ ਜਾਂ ਬੱਸ ਸਹੂਲਤ ਜਾਂ ਕਿਸੇ ਕਿਸ਼ਤੀ ਅਤੇ ਜਹਾਜ਼ ਵਿੱਚ ਚੜ੍ਹਨ ਜਾਵੋ ਤਾਂ ਆਮ ਕਰ ਕੇ ਇੱਕ ਨਾਅਰਾ ਲਿਖਿਆ ਦਿਸ ਪੈਂਦਾ ਹੈ, “ਯੁਅਰ ਸੇਫਟੀ, ਅਵਰ ਪਰਿਔਰੇਟੀ’, ਭਾਵ ਤੁਹਾਡੀ ਸੁਰੱਖਿਆ ਸਾਡੇ ਲਈ ਹਰ ਹੋਰ ਗੱਲ ਤੋਂ ਵੱਡੀ ਪਹਿਲ ਹੈ, ਪਰ ਭਾਰਤ ਵਿੱਚ ਇਹੋ ਗੱਲ ਕਿਤੇ ਲਿਖੀ ਜਾਂ ਲਾਗੂ ਹੁੰਦੀ ਨਹੀਂ ਵੇਖੀ ਜਾਂਦੀ। ਭਾਰਤ ਦੇ ਲੋਕ ਜਿੱਦਾਂ ਦਾ ਰਾਜ-ਪ੍ਰਬੰਧ ਭੁਗਤਦੇ ਪਏ ਹਨ, ਉਸ ਵਿੱਚ ਏਅਰ ਇੰਡੀਆ ਦੀ ਹਾਲਤ ਵਿਗੜਨਾ, ਹਾਦਸੇ ਵਾਪਰ ਜਾਣਾ ਤੇ ਇੱਕੋ ਵਾਰ ਢਾਈ ਸੌ ਤੋਂ ਵੱਧ ਲੋਕਾਂ ਦਾ ਮਾਰਿਆ ਜਾਣਾ ਇੱਕ ਕੇਂਦਰੀ ਮੰਤਰੀ ਦੇ ਕਹਿਣ ਮੁਤਾਬਕ ‘ਆਮ ਜਿਹੀ’ ਘਟਨਾ ਹੈ। ਉਨ੍ਹਾਂ ਲਈ ਹਾਦਸੇ ਹੋਣਾ ਬੇਸ਼ਕ ਆਮ ਗੱਲ ਹੋ ਸਕਦੀ ਹੈ, ਆਮ ਲੋਕਾਂ ਵਾਸਤੇ ਨਹੀਂ ਅਤੇ ਜਿਨ੍ਹਾਂ ਲੋਕਾਂ ਨੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾਣਾ-ਆਉਣਾ ਹੁੰਦਾ ਹੈ, ਉਨ੍ਹਾਂ ਲਈ ਤਾਂ ਇੰਨੀ ਆਮ ਗੱਲ ਕਦੇ ਨਹੀਂ ਹੋ ਸਕਦੀ। ਵਿਸ਼ਵ ਗੁਰੂ ਬਣਨ ਦੇ ਦਾਅਵੇ ਕਰਨ ਵਾਲੀ ਭਾਰਤ ਦੀ ਸਰਕਾਰ ਜੇ ਇਨ੍ਹਾਂ ਗੱਲਾਂ ਵੱਲੋਂ ਅੱਖਾਂ ਮੀਟੀ ਰੱਖੇਗੀ ਤਾਂ ਇਸ ਤਰ੍ਹਾਂ ਦੇ ਨੁਕਸਾਨ ਕਦੀ ਵੀ ਰੋਕੇ ਨਹੀਂ ਜਾ ਸਕਣੇ। ਆਖਰ ਕਦੋਂ ਤਕ ਚੱਲਦਾ ਰਹੇਗਾ ਇਹ ਕੁਝ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)