JatinderPannu7ਭਾਸ਼ਣ ਕਲਾ ਦੀ ਐਕਟਿੰਗ ਦਾ ਮਾਹਰ ਲੀਡਰ ਜ਼ਰਾ ਭਾਵੁਕ ਹੋ ਕੇ ਚਾਰ ਗੱਲਾਂ ਕਹਿ ਦੇਵੇ ਤਾਂ ਉਸ ਦੀ ਜੈ-ਜੈ ਕਾਰ ...
(28 ਨਵੰਬਰ 2024)

 

ਗੱਲ ਕੋਈ ਚਾਲੀ ਸਾਲ ਪੁਰਾਣੀ ਹੈਅਸੀਂ ਅੰਮ੍ਰਿਤਸਰ ਦੀ ਉਦੋਂ ਦੇ ਹਿਸਾਬ ਨਾਲ ਭੀੜ ਵਾਲੀ ਇੱਕ ਸੜਕ ਕੰਢੇ ਖੜ੍ਹੇ ਗੱਲਾਂ ਕਰ ਰਹੇ ਸਾਂਅਚਾਨਕ ਇੱਕ ਮੋਟਰਸਾਈਕਲ ਵਾਲੇ ਨੇ ਕੋਲ ਆਣ ਕੇ ਬਰੇਕ ਲਾਈ ਤੇ ਸਾਊਪੁਣੇ ਬਗੈਰ ਕਹਿਣ ਲੱਗਾ, “ਇਹ ਸੜਕ ਕਿੱਥੇ ਜਾਂਦੀ ਹੈ?” ਕਹਿਣ ਦੇ ਢੰਗ ਤੋਂ ਖਿਝੇ ਹੋਣ ਕਾਰਨ ਮੇਰੇ ਮੂੰਹੋਂ ਨਿਕਲ ਗਿਆ ਕਿ ਬਹੁਤ ਸਾਲ ਹੋ ਗਏ ਵੇਖਦਿਆਂ, ਸੜਕ ਕਦੀ ਕਿਤੇ ਗਈ ਨਹੀਂ, ਇਸ ਤੋਂ ਲੰਘਣ ਵਾਲੇ ਕਿਤੇ ਨਾ ਕਿਤੇ ਚਲੇ ਜਾਂਦੇ ਹਨਇੱਦਾਂ ਦਾ ਜਵਾਬ ਸਿਰਫ ਮੈਂ ਨਹੀਂ ਸੀ ਦਿੱਤਾ, ਮੇਰੇ ਵਾਂਗ ਕਈ ਲੋਕਾਂ ਨੇ ਕਦੇ ਨਾ ਕਦੇ ਦਿੱਤਾ ਹੋਇਆ ਹੋਵੇਗਾਇੰਨੇ ਕੁ ਸਾਲਾਂ ਬਾਅਦ ਵੀ ਉਹ ਸੜਕ ਕਿਤੇ ਜਾਂਦੀ ਦਿੱਸੀ ਨਹੀਂ, ਲੋਕ ਹੀ ਲੰਘ ਕੇ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਹਨਸੜਕ ਹੋਵੇ ਜਾਂ ਸਾਡਾ ਭਾਰਤ ਦੇਸ਼, ਬਹੁਤ ਘੱਟ ਫਰਕ ਸੜਕ ਵਿੱਚ ਅਤੇ ਇਸ ਦੇਸ਼ ਦੇ ਹਾਲਾਤ ਵਿੱਚ ਪਿਆ ਹੋਵੇਗਾਆਵਾਜਾਈ ਸੜਕ ਉੱਤੇ ਚੋਖੀ ਵਧ ਗਈ ਅਤੇ ਅਬਾਦੀ ਦੇਸ਼ ਵਿੱਚ ਵਧ ਗਈ, ਜਿਸ ਕਾਰਨ ਸੜਕ ਉਦੋਂ ਜਿੰਨੀ ਘੱਟ ਚੌੜੀ ਬੁੱਤਾ ਨਹੀਂ ਸਾਰ ਸਕਦੀ, ਚੋਖੀ ਚੌੜੀ ਕਰਨੀ ਪਈ ਤੇ ਇੱਦਾਂ ਹੀ ਵਧ ਗਈ ਅਬਾਦੀ ਅਤੇ ਇਸਦੀਆਂ ਲੋੜਾਂ ਮੁਤਾਬਕ ਦੇਸ਼ ਦਾ ਢਾਂਚਾ ਵੀ ਖਿਲਾਰੇ ਵਾਲਾ ਹੋ ਗਿਆ ਹੈ, ਬਾਕੀ ਬੜਾ ਕੁਝ ਓਦਾਂ ਹੀ ਹੈ ਉਦੋਂ ਵੀ ਸੜਕਾਂ ਉੱਤੇ ਚੱਲਣ ਲੱਗਿਆਂ ਸਿਰਫ ਆਪਣੇ ਬਚਾ ਬਾਰੇ ਸੋਚਣਾ ਪੈਂਦਾ ਸੀ, ਅਗਲਾ ਬਚਦਾ ਕਿ ਨਹੀਂ, ਉਸ ਦੀ ਚਿੰਤਾ ਨਹੀਂ ਸੀ ਕੀਤੀ ਜਾਂਦੀ ਅਤੇ ਅੱਜ ਵੀ ਕਿਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਮਝੀ ਜਾਂਦੀਦੇਸ਼, ਸਮਾਜ ਅਤੇ ਰਾਜਨੀਤੀ ਵਿੱਚ ਵੀ ਉਦੋਂ ਵਾਂਗ ਆਪਣਾ ਹਿਤ ਵੇਖਿਆ ਜਾਂਦਾ ਹੈ, ਬਚ ਸਕੇ ਤਾਂ ਆਪਣੀ ਇੱਜ਼ਤ ਬਚਾਉਣ ਬਾਰੇ ਖਿਆਲ ਰੱਖਿਆ ਜਾਂਦਾ ਹੈ, ਦੂਸਰੇ ਦੀ ਇੱਜ਼ਤ ਦਾ ਕੀ ਬਣਦਾ ਹੈ, ਇਸਦੀ ਚਿੰਤਾ ਕਰਨ ਵਾਲਾ ਉਦੋਂ ਵੀ ਬੇਵਕੂਫ ਸਮਝਿਆ ਜਾਂਦਾ ਸੀ, ਚਾਲੀ ਸਾਲਾਂ ਬਾਅਦ ਅੱਜ ਵੀ ਇੱਦਾਂ ਹੀ ਹੈ

ਇਸ ਵਕਤ ਭਾਰਤ ਵਿੱਚ ਜੋ ਕੁਝ ਹੁੰਦਾ ਆਏ ਦਿਨ ਦਿਖਾਈ ਦਿੰਦਾ ਅਤੇ ਕੰਨਾਂ ਵਿੱਚ ਗੂੰਜਦਾ ਹੈ, ਉਸ ਦੀ ਕਥਾ ਕਰਨ ਦੀ ਲੋੜ ਬੇਮਤਲਬੀ ਜਾਪਦੀ ਹੈ, ਸਾਡੇ ਆਂਢ-ਗਵਾਂਢ ਤੇ ਸਾਡੇ ਪੰਜਾਬ ਵਿੱਚ ਜਾਂ ਨਾਲ ਲੱਗਦੇ ਹਰਿਆਣੇ ਵਿੱਚ ਜੋ ਕੁਝ ਤੇ ਜਿੰਨਾ ਕੁਝ ਵਾਪਰਦਾ ਹੈ, ਉਸ ਵਿੱਚੋਂ ਛੋਟਾ ਜਿਹਾ ਹਿੰਦੁਸਤਾਨ ਦਿਸ ਸਕਦਾ ਹੈਕੀ ਦੇਖਣਾ ਹੈ ਭਾਰਤ ਦੇ ਹੋਰ ਇਲਾਕਿਆਂ ਵਿੱਚ, ਇਹੋ ਵੇਖਣ ਅਤੇ ਸੁਣਨ ਨੂੰ ਮਿਲੇਗਾ ਕਿ ਆਰ ਐੱਸ ਐੱਸ ਅਤੇ ਉਸ ਦੀ ਬਣਾਈ ਹੋਈ ਪਾਰਟੀ ਦੇ ਆਗੂਆਂ ਨੇ ਲੋਕਾਂ ਨੂੰ ਇੰਨਾ ਮੂਰਖ ਮੰਨਣ ਦੀ ਆਦਤ ਨਹੀਂ ਛੱਡੀ ਕਿ ਜੋ ਮਰਜ਼ੀ ਕਹਿ ਕੇ ਉਸ ਨੂੰ ਇਤਿਹਾਸਕ ਤੱਥ ਕਹਿ ਦਿੱਤਾ ਜਾਵੇ, ਉਨ੍ਹਾਂ ਦੇ ਪਿੱਛਲੱਗ ਖੁਦ ਸੱਚ ਮੰਨਦੇ ਅਤੇ ਹੋਰਨਾਂ ਨੂੰ ਮਨਾਉਣ ਵਾਸਤੇ ਜ਼ੋਰ ਲਾ ਦਿੰਦੇ ਹਨਕਾਂਗਰਸ ਦੀ ਲੀਡਰਸ਼ਿੱਪ ਆਪਣੇ ਨੇੜਲੇ ਘੇਰੇ ਦੇ ਅੱਠ-ਦਸ ਆਗੂਆਂ ਨੂੰ ਵੀ ਆਪਣੇ ਕਹਿਣੇ ਵਿੱਚ ਰੱਖਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕੀ, ਪਰ ਆਪਣੇ ਆਪ ਨੂੰ ਸਾਰੇ ਦੇਸ਼ ਦੀ ਰਾਜਨੀਤੀ ਦੀ ਹਾਈ ਕਮਾਨ ਮੰਨਦੀ ਹੈਜਿਹੜੇ ਕਿਸੇ ਰਾਜ ਵਿੱਚ ਉਸ ਦੇ ਲੀਡਰ ਆਪਣੀ ਜਿੱਤ ਹੋਣੀ ਯਕੀਨੀ ਸਮਝਦੇ ਹਨ ਤੇ ਆਮ ਲੋਕ ਵੀ ਇਹੋ ਮੰਨ ਲੈਂਦੇ ਹਨ, ਆਖਰ ਵਿੱਚ ਪਾਰਟੀ ਲੀਡਰਾਂ ਦੀ ਆਪਸੀ ਗੁੱਟਬੰਦੀ ਖੀਰ ਉੱਤੇ ਇਹੋ ਜਿਹੀ ਖੇਹ ਪਾਉਂਦੀ ਹੈ ਕਿ ਬੇਸ਼ਰਮੀ ਪੱਲੇ ਪੈ ਜਾਂਦੀ ਹੈਇਸੇ ਖਰਾਬੀ ਦਾ ਤਾਜ਼ਾ ਸਬੂਤ ਹੈ ਕਿ ਹਰਿਆਣੇ ਵਿੱਚ ਚੋਣਾਂ ਵਿੱਚ ਹਾਰ ਜਾਣ ਪਿੱਛੋਂ ਇੱਕ ਮਹੀਨਾ ਲੰਘਾ ਕੇ ਵੀ ਪਾਰਟੀ ਵਿਰੋਧੀ ਧਿਰ ਦਾ ਨੇਤਾ ਚੁਣਨ ਵਾਸਤੇ ਸਹਿਮਤੀ ਕਰਨ ਜੋਗੀ ਨਹੀਂ ਹੋ ਸਕੀ ਤੇ ਹਾਊਸ ਵਿੱਚ ਉਸ ਦੇ ਵਿਧਾਇਕ ਮਨਮਰਜ਼ੀ ਦੇ ਸਵਾਲ ਕਰਦੇ ਅਤੇ ਹਾਕਮ ਧਿਰ ਭਾਜਪਾ ਦੀਆਂ ਟਿੱਪਣੀਆਂ ਦੇ ਤੀਰ ਝੱਲਦੇ ਫਿਰਦੇ ਹਨਬਾਕੀ ਵਿਰੋਧੀ ਪਾਰਟੀਆਂ ਦੀ ਲੀਡਰਸ਼ਿੱਪ ਵੀ ਇੱਕ ਜਾਂ ਦੂਸਰੀ ਤਰ੍ਹਾਂ ਲਗਭਗ ਇਹੋ ਜਿਹੀ ਹਾਲਾਤ ਦੀ ਘੁੰਮਣਘੇਰੀ ਵਿੱਚ ਫਸੀ ਹੋਈ ਦਿਸ ਸਕਦੀ ਹੈ

ਪੰਜਾਬ ਦੀ ਲੀਡਰਸ਼ਿੱਪ ਆਏ ਦਿਨ ਉਪ ਚੋਣਾਂ ਵਿੱਚ ਉਲਝੀ ਰਹਿਣ ਦੀ ਮਜਬੂਰੀ ਨੂੰ ਬਹਾਨੇ ਵਜੋਂ ਵਰਤ ਲੈਂਦੀ ਹੈ, ਪਰ ਆਪਣੀਆਂ ਆਦਤਾਂ ਤੇ ਰੁਝਾਨ ਕਿਸੇ ਵੀ ਪਾਰਟੀ ਨੇ ਬਦਲਣ ਦੀ ਲੋੜ ਕਦੀ ਮਹਿਸੂਸ ਨਹੀਂ ਕੀਤੀਬਦਲਣ ਦੀ ਲੋੜ ਵੀ ਕੀ ਹੈ, ਜਿਹੜਾ ਆਗੂ ਅੱਜ ਅਕਾਲੀ ਦਲ ਵਿੱਚ ਦਿਖਾਈ ਦਿੰਦਾ ਹੈ, ਭਲਕ ਨੂੰ ਕਾਂਗਰਸ ਵਿੱਚ ਤੇ ਪਰਸੋਂ ਭਾਜਪਾ ਵਿੱਚ ਜਾਂ ਆਮ ਆਦਮੀ ਪਾਰਟੀ ਵਿੱਚ ਜਾ ਕੇ ਇੱਦਾਂ ਸਾਰਿਆਂ ਦਾ ਮੋਹਰੀ ਬਣ ਜਾਂਦਾ ਹੈ, ਜਿਵੇਂ ਲਾਹੌਰੀਆਂ ਦੀ ਬੋਲੀ ਵਿੱਚ ਕਹਿੰਦੇ ਹਨ ਕਿ ਨਿਕੰਮਾ ਕੱਟਾ ਵੱਗ ਦਾ ਮੋਹਰੀ ਹੁੰਦਾ ਹੈਅਸੀਂ ਲੋਕ ਅਜੇ ਤਕ ਹਰਿਆਣੇ ਦੇ ਇੱਕ ਰਾਜਸੀ ਮੁਹਾਵਰੇ ‘ਆਇਆ ਰਾਮ, ਗਿਆ ਰਾਮ’ ਨਾਲ ਬੁੱਤਾ ਸਾਰਦੇ ਪਏ ਹਾਂ, ਜਦੋਂ ਕਿ ਕਿਸੇ ਸਮੇਂ ਦੇ ਉਦੋਂ ਦੇ ਵਿਧਾਇਕ ਗਿਆ ਰਾਮ ਤੋਂ ਵੱਧ ਤਮਾਸ਼ਬੀਨੀਆਂ ਸਾਡੇ ਪੰਜਾਬ ਦੇ ਆਗੂ ਕਰਨ ਦੇ ਮਾਹਰ ਹਨਇੱਕ ਲੀਡਰ ਨੇ ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਤੋਂ ਹਾਰਨ ਦੇ ਅਗਲੇ ਸਾਲ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ ਅਤੇ ਉਸ ਤੋਂ ਅਗਲੇ ਸਾਲ ਉਸੇ ਸੀਟ ਲਈ ਭਾਜਪਾ ਦਾ ਉਮੀਦਵਾਰ ਜਾ ਬਣਿਆ ਸੀ ਇੱਥੇ ਦਲ-ਬਦਲੀ ਕਰਨ ਵਾਲੇ ਆਗੂਆਂ ਲਈ ‘ਆਇਆ ਰਾਮ, ਗਿਆ ਰਾਮ’ ਵਾਲਾ ਮੁਹਾਵਰਾ ਵਰਤਣ ਦੀ ਥਾਂ ਜਲੰਧਰ ਦੇ ਉਸ ਆਗੂ ਦਾ ਨਾਂ ਵੀ ਲਿਆ ਜਾ ਸਕਦਾ ਹੈ, ਪਰ ਅਸੀਂ ਵਰਤਦੇ ਨਹੀਂਸਾਨੂੰ ਰਾਜਨੀਤਕ ਪੱਖ ਤੋਂ ਪਹਿਲਾਂ ਬਿਹਾਰ ਦਾ ਰਾਮ ਵਿਲਾਸ ਪਾਸਵਾਨ ਸਭ ਤੋਂ ਵੱਡਾ ਮੌਸਮ ਵਿਗਿਆਨੀ ਜਾਪਦਾ ਹੁੰਦਾ ਸੀ, ਕਿਉਂਕਿ ਉਹ ਹਰ ਚੋਣ ਮੌਕੇ ਦਲਬਦਲੀ ਕਰਦਾ ਤੇ ਉਸ ਗਠਜੋੜ ਨਾਲ ਜੁੜ ਜਾਂਦਾ ਹੁੰਦਾ ਸੀ, ਜਿਸਦੀ ਸਰਕਾਰ ਬਣਨੀ ਹੁੰਦੀ ਸੀਫਿਰ ਨਿਤੀਸ਼ ਕੁਮਾਰ ਜਾਂ ਮਹਾਰਾਸ਼ਟਰ ਵਾਲਾ ਅਜੀਤ ਪਵਾਰ ਇੱਦਾਂ ਦਾ ਲੀਡਰ ਜਾਪਣ ਲੱਗ ਪਿਆ, ਪਰ ਇੱਦਾਂ ਸਮਝ ਲੈਣਾ ਪੰਜਾਬ ਦੇ ਨਿਹਾਲ ਸਿੰਘ ਵਾਲੀਏ ਉਸ ਆਗੂ ਨਾਲ ਕੁਝ ਬੇਇਨਸਾਫੀ ਜਾਪਦਾ ਹੈ, ਜਿਸ ਨੇ ਨਿਤੀਸ਼ ਕੁਮਾਰ ਜਾਂ ਅਜੀਤ ਪਵਾਰ ਦੇ ਗਠਜੋੜ ਬਦਲਣ ਤੋਂ ਵੀ ਵੱਧ ਪਾਰਟੀਆਂ ਬਦਲਣ ਦਾ ਕੰਮ ਕਰ ਵਿਖਾਇਆ ਸੀਉਹਦੇ ਹੱਕ ਦਾ ਬਣਦਾ ਖਿਤਾਬ ਕਿਸੇ ਹੋਰ ਨੂੰ ਨਹੀਂ ਦੇਣਾ ਚਾਹੀਦਾ

ਰਾਜਨੀਤਕ ਖੇਤਰ ਵਿੱਚ ਜਿਹੜੇ ਲੋਕ ਆਉਂਦੇ ਹਨ, ਆਜ਼ਾਦੀ ਲਹਿਰ ਦੇ ਦਿਨਾਂ ਦੌਰਾਨ ਉਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਭਗਤੀ ਦੀ ਭਾਵਨਾ ਨਾਲ ਓਤ-ਪੋਤ ਹੁੰਦੇ ਸਨ, ਬਾਅਦ ਵਿੱਚ ਆਇਆਂ ਵਿੱਚੋਂ ਬਹੁਤੇ ਆਗੂਆਂ ਦੀ ਸੋਚ ਕੁਰਸੀਆਂ ਉੱਤੇ ਬਹਿਣ ਅਤੇ ਬੈਠ ਗਏ ਹੋਣ ਤਾਂ ਟਿਕੇ ਰਹਿਣ ਤਕ ਸੀਮਤ ਹੁੰਦੀ ਹੈਇਸ ਕਾਰਨ ਭਾਰਤ ਦੀ ਲੀਡਰਸ਼ਿੱਪ ਹੋਵੇ ਜਾਂ ਕਿਸੇ ਵੀ ਰਾਜ ਦੇ ਆਗੂ ਹੋਣ, ਜੋ ਕੁਝ ਵਿਰੋਧੀ ਧਿਰ ਵਿੱਚ ਹੁੰਦਿਆਂ ਆਖਦੇ ਹਨ, ਜਦੋਂ ਕਦੇ ਸੱਤਾ ਮਿਲ ਜਾਵੇ ਤਾਂ ਐਨ ਇਸ ਤੋਂ ਉਲਟ ਬੋਲਦੇ ਸੁਣਨ ਲੱਗਦੇ ਹਨਲੋਕ ਪ੍ਰਧਾਨ ਮੰਤਰੀ ਤਕ ਦੇ ਪੁਰਾਣੇ ਭਾਸ਼ਣਾਂ ਦੀਆਂ ਕਲਿੱਪਾਂ ਵਾਇਰਲ ਕਰ ਕੇ ਖੁਸ਼ ਹੋਈ ਜਾਂਦੇ ਹਨ ਅਤੇ ਜਿਨ੍ਹਾਂ ਦੇ ਪੁਰਾਣੇ ਭਾਸ਼ਣਾਂ ਦੀਆਂ ਵੀਡੀਓ ਕਲਿੱਪਾਂ ਵਾਇਰਲ ਹੁੰਦੀਆਂ ਹਨ, ਉਹ ਨਾਰਾਜ਼ ਹੋਣ ਦੀ ਥਾਂ ਇਹ ਸੋਚ ਕੇ ਖੁਸ਼ ਹੋਈ ਜਾਂਦੇ ਹਨ ਕਿ ਲੋਕ ਇੰਨੇ ਕੁ ਮਨੋਰੰਜਨ ਨਾਲ ਦਿਲ ਦੀ ਸਾਰੀ ਭੜਾਸ ਕੱਢ ਲੈਣ ਤਾਂ ਅਗਲੀ ਚੋਣ ਤਕ ਇਨ੍ਹਾਂ ਗੱਲਾਂ ਨੂੰ ਆਮ ਜਿਹੀਆਂ ਮੰਨ ਕੇ ਫਿਰ ਸਾਡਾ ਪਾਇਆ ਚੋਗਾ ਚੁਗਣ ਜੋਗੇ ਹੋ ਜਾਣਗੇਅਗਲੀ ਚੋਣ ਵਿੱਚ ਫਿਰ ਸੱਤਾ ਮਾਣਨ ਵਾਲੇ ਅਤੇ ਸੱਤਾ ਲਈ ਤਰਲੋਮੱਛੀ ਹੋਣ ਵਾਲੇ ਲੀਡਰਾਂ ਵਿੱਚ ਵੋਟਰਾਂ ਨੂੰ ਬੇਵਕੂਫ ਬਣਾਉਣ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜਾ ਵੱਡੀ ਗੱਪ ਮਾਰਨ ਦੇ ਸਮਰੱਥ ਹੁੰਦਾ ਹੈ, ਉਸ ਨੂੰ ਲੋਕ ਜੇਤੂ ਕਰਾਰ ਦੇਣ ਦੇ ਲਈ ਬੇਤਾਬ ਹੋ ਜਾਂਦੇ ਹਨਇੱਕ ਗੱਲ ਭਾਰਤੀ ਸਮਾਜ ਅਤੇ ਪੰਜਾਬੀ ਸਮਾਜ ਵਿੱਚ ਇਹ ਵੀ ਪ੍ਰਚਲਿਤ ਹੈ ਕਿ ਲੋਕ ਪੰਜ ਸਾਲ ਜਿਨ੍ਹਾਂ ਗੱਲਾਂ ਦਾ ਰੋਣਾ ਰੋਂਦੇ ਰਹਿੰਦੇ ਹਨ, ਵੋਟਾਂ ਵੇਲੇ ਉਹ ਸਭ ਗੱਲਾਂ ਭੁੱਲ ਜਾਂਦੇ ਤੇ ਭਾਸ਼ਣ ਕਲਾ ਦੀ ਐਕਟਿੰਗ ਦਾ ਮਾਹਰ ਲੀਡਰ ਜ਼ਰਾ ਭਾਵੁਕ ਹੋ ਕੇ ਚਾਰ ਗੱਲਾਂ ਕਹਿ ਦੇਵੇ ਤਾਂ ਉਸ ਦੀ ਜੈ-ਜੈ ਕਾਰ ਕਰਨ ਲੱਗਦੇ ਹਨ ਚੋਣਾਂ ਦੀ ਘੜੀ ਲੰਘਣ ਦੇ ਬਾਅਦ ‘ਸਭ ਕੁਝ ਲੁਟਾ ਕੇ ਹੋਸ਼ ਮੇਂ ਆਏ ਤੋਂ ਕਿਆ ਆਏ’ ਵਾਲਾ ਹਾਲ ਹੋਇਆ ਪਤਾ ਲਗਦਾ ਹੈ

ਜਦੋਂ ਦੇਸ਼ ਵਿੱਚ ਇੱਦਾਂ ਦੇ ਹਾਲਾਤ ਹਨ, ਕੁਝ ਬਦਲਦਾ ਦਿਖਾਈ ਨਹੀਂ ਦਿੰਦਾ ਤਾਂ ਲੋਕ ਇਸਦਾ ਕਾਰਨ ਸਮਝਣ ਦੀ ਇੱਛਾ ਰੱਖਦੇ ਹਨ, ਪਰ ਕਦੇ ਇਹ ਨਹੀਂ ਸੋਚਦੇ ਕਿ ਹਾਲਾਤ ਬਦਲਦੇ ਨਹੀਂ ਹੁੰਦੇ, ਬਦਲਣ ਦੀ ਇੱਛਾ ਪੂਰਤੀ ਵਾਸਤੇ ਕੁਝ ਕਰਨਾ ਵੀ ਪੈਂਦਾ ਹੈਸਮਾਜ ਬਦਲਣਾ ਜਾਂ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਬਦਲਣੀ ਹੈ ਤਾਂ ਇਸਦੇ ਲਈ ਕੁਝ ਇਹੋ ਜਿਹੇ ਸਮਾਜ ਸੇਵੀਆਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਅੱਗੇ ਆਉਣ ਦੀ ਲੋੜ ਹੁੰਦੀ ਹੈ, ਜਿਹੜੇ ਖੁਦ ਰਾਜਨੀਤੀ ਦੇ ਕਿਸੇ ਵੀ ਪੜਾਅ ਉੱਤੇ ਆਪਣੇ ਲਈ ਜਾਂ ਆਪਣਿਆਂ ਲਈ ਕਿਸੇ ਕਿਸਮ ਦੇ ਲਾਭਾਂ ਤੋਂ ਅਗੇਤੀ ਤੌਬਾ ਕਰ ਸਕਦੇ ਹੋਣਭਾਰਤ ਦੇ ਲੋਕਾਂ ਨੂੰ ਅਜੇ ਤਕ ਇਹੋ ਜਿਹੇ ਹਾਲਾਤ ਦੀ ਚਿਰਾਂ ਤੋਂ ਤਾਂਘ ਰਹੀ ਹੈ, ਪਰ ਬਦਕਿਸਮਤੀ ਹੈ ਕਿ ਜਦੋਂ ਵੀ ਕਦੀ ਇੱਦਾਂ ਹੋ ਸਕਣ ਦੀ ਜ਼ਰਾ ਜਿੰਨੀ ਝਲਕ ਦਿਖਾਈ ਦਿੰਦੀ ਹੈ, ਰਵਾਇਤੀ ਤਿਕੜਮਬਾਜ਼ ਰਾਜਨੀਤੀ ਦੀ ਲਾਗ ਵਾਲੇ ਲੀਡਰ ਅਗੇਤਾ ਰਾਹ ਰੋਕਣ ਲਈ ਬਾਕੀਆਂ ਨੂੰ ਮੋਢੇ ਮਾਰ ਕੇ ਸਭ ਤੋਂ ਮੋਹਰੇ ਹੋਣ ਲੱਗਦੇ ਹਨਲੋੜ ਉਸ ਭਰੋਸੇਯੋਗਤਾ ਦੇ ਪਕੇਰੇ ਹੋਣ ਦਾ ਭਰੋਸਾ ਬੱਝਣ ਦੀ ਹੈ, ਪਰ ਜਦੋਂ ਹਰ ਪਾਸੇ ਭਰੋਸੇਯੋਗਤਾ ਨੂੰ ਖੋਰਾ ਲਾਉਣ ਦੀ ਰਾਜਨੀਤੀ ਹੋ ਰਹੀ ਹੋਵੇ ਤਾਂ ਲੋਕਾਂ ਦੀ ਇੱਛਾ ਪੂਰਤੀ ਵਾਲੀ ਭਰੋਸੇਯੋਗਤਾ ਪੇਸ਼ ਕਰਨ ਵਾਲਾ ਭਰੋਸੇਯੋਗ ਵਿਅਕਤੀ ਲੱਭਣਾ ਹੀ ਔਖਾ ਹੋਇਆ ਪਿਆ ਹੈਅਸੀਂ ਬਹੁਤ ਵਾਰੀ ਸੁਣਿਆ ਹੈ ਕਿ ਧਰਤੀ ਕਦੀ ਬਾਂਝ ਨਹੀਂ ਹੁੰਦੀ, ਇਹ ਇਤਿਹਾਸ ਦੇ ਨਾਇਕ ਬਣਨ ਵਾਲੇ ਯੋਧਿਆਂ ਨੂੰ ਜਨਮ ਦੇਣ ਦੀ ਸਮਰੱਥ ਹਮੇਸ਼ਾ ਰਹਿੰਦੀ ਹੈ, ਪਰ ਜਿਸ ਖੇਤ ਵਿੱਚ ਬੀਜ ਹੀ ਕਿਸੇ ਪੁਰਾਣੇ ਰੋਗ ਦੀ ਲਾਗ ਵਾਲਾ ਕੇਰਿਆ ਗਿਆ ਹੋਵੇ, ਉਸ ਖੇਤ ਤੋਂ ਕਿੱਕਰਾਂ ਦੇ ਬੀਜ ਖਿਲਾਰ ਕੇ ਦਾਖਾਂ ਉੱਗਣ ਦੀ ਆਸ ਕਰਨੀ ਫਜ਼ੂਲ ਹੁੰਦੀ ਹੈਚਿਰਾਂ ਤੋਂ ਇਹੋ ਹੁੰਦਾ ਆਇਆ ਹੈ, ਇਹੋ ਹੋਈ ਜਾ ਰਿਹਾ ਹੈ ਅਤੇ ਇਸਦਾ ਇਲਾਜ ਓਹੜ-ਪੋਹੜ ਕਰਨ ਤੋਂ ਅੱਗੇ ਨਹੀਂ ਵਧ ਰਿਹਾ

ਓਸ਼ੋ ਰਜਨੀਸ਼ ਨੇ ਇੱਕ ਵਾਰੀ ਕਥਾ ਕੀਤੀ ਸੀ ਕਿ ਕੋਈ ਨੇਕ ਬੰਦਾ ਜਦੋਂ ਧਰਤੀ ਉੱਤੇ ਆਇਆ ਤਾਂ ਲੋਕ ਉਸ ਦੇ ਪੈਰੋਕਾਰ ਬਣਨ ਲੱਗ ਪਏਹਰ ਪਾਸੇ ਜਦੋਂ ਉਸ ਦੀ ਮਹਿਮਾ ਹੁੰਦੀ ਵੇਖੀ ਤਾਂ ਸ਼ੈਤਾਨ ਦੇ ਮੰਤਰੀਆਂ ਨੇ ਉਸ ਨੂੰ ਜਾ ਕੇ ਕਿਹਾ ਕਿ ਤੂੰ ਕੀ ਕਰਦਾ ਪਿਆ ਹੈਂ, ਧਰਤੀ ਉੱਤੇ ਇੱਕ ਨੇਕ ਬੰਦਾ ਆ ਗਿਆ ਹੈ, ਸਭ ਲੋਕ ਉਸ ਨਾਲ ਜੁੜੀ ਜਾਂਦੇ ਹਨ, ਇੱਦਾਂ ਹੀ ਚੱਲੀ ਗਿਆ ਤਾਂ ਤੇਰੀ ਚੌਧਰ ਦੀ ਸਫ ਵਲ੍ਹੇਟੀ ਜਾ ਸਕਦੀ ਹੈਉਸ ਨੇ ਆਪਣੇ ਮੰਤਰੀਆਂ ਨੂੰ ਹੱਸ ਕੇ ਕਿਹਾ ਸੀ, ਮੈਂ ਕੱਚੀਆਂ ਗੋਲੀਆਂ ਨਹੀਂ ਖੇਡਿਆ, ਆਉ ਤੁਹਾਨੂੰ ਆਪਣੀ ਖੇਡ ਸਮਝਾ ਦਿੰਦਾ ਹਾਂਸਾਰਿਆਂ ਦਾ ਮੂੰਹ ਧਰਤੀ ਵੱਲ ਕਰ ਕੇ ਉਸ ਨੇ ਪੁੱਛਿਆ ਸੀ ਕਿ ਉੱਥੇ ਕੀ ਵੇਖਦੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਨੇਕ ਵਿਅਕਤੀ ਹਜ਼ਾਰਾਂ ਦੀ ਭੀੜ ਮੋਹਰੇ ਕੋਈ ਭਾਸ਼ਣ ਕਰਦਾ ਅਤੇ ਆਮ ਲੋਕ ਸਿਰ ਹਿਲਾ ਰਹੇ ਹਨਸ਼ੈਤਾਨ ਨੇ ਪੁੱਛਿਆ ਕਿ ਉਸ ਦੇ ਘੇਰੇ-ਘੇਰੇ ਕੌਣ ਲੋਕ ਹਨ ਤਾਂ ਮੰਤਰੀਆਂ ਨੇ ਕਿਹਾ ਕਿ ਹਜ਼ਾਰਾਂ ਦੀ ਭੀੜ ਹੈਉਸ ਨੇ ਫਿਰ ਪੁੱਛਿਆ ਕਿ ਹਜ਼ਾਰਾਂ ਦੀ ਭੀੜ ਭੁੱਲ ਕੇ ਅਸਲੋਂ ਨੇੜਲੇ ਘੇਰੇ ਵਾਲੇ ਲੋਕਾਂ ਵੱਲ ਵੇਖ ਕੇ ਦੱਸੋ ਕਿ ਕੌਣ ਹਨ! ਮੰਤਰੀਆਂ ਨੇ ਕਿਹਾ ਕਿ ਸਾਊ ਜਿਹੇ ਕੱਪੜਿਆਂ ਤੇ ਸਾਊ ਚਿਹਰਿਆਂ ਵਾਲੇ ਵੀਹ-ਪੰਝੀ ਜਣੇ ਬਾਕੀਆਂ ਤੋਂ ਵੱਖਰੇ ਸਤਿਕਾਰਤ ਜਿਹੇ ਸੱਜਣ ਹਨਸ਼ੈਤਾਨ ਨੇ ਕਿਹਾ ਸੀ ਕਿ ਜਿਹੜੇ ਇਹ ਸਾਊ ਜਿਹੇ ਵੀਹ-ਪੰਝੀ ਸੱਜਣ ਉਸ ਨੂੰ ਘੇਰਾ ਪਾਈ ਖੜ੍ਹੇ ਹਨ, ਇਹ ਮੇਰੇ ਪ੍ਰਤੀਨਿਧ ਹਨ, ਇਨ੍ਹਾਂ ਜ਼ਿੰਮੇ ਇਹੀ ਕੰਮ ਹੈ ਕਿ ਲੋਕਾਂ ਨੂੰ ਕਹੀ ਜਾਣ ਕਿ ਜਿਹੜਾ ਇਸਦੇ ਦਰਸ਼ਨ ਕਰ ਲਵੇਗਾ ਜਾਂ ਇਸਦੇ ਚਰਨਾਂ ਦੀ ਧੂੜ ਮੱਥੇ ਨੂੰ ਛੁਹਾ ਲਵੇਗਾ, ਉਸ ਦਾ ਜਨਮ ਸਫਲ ਹੋ ਜਾਵੇਗਾ, ਪਰ ਲੋਕਾਂ ਨੂੰ ਇਸ ਨੇਕ ਵਿਅਕਤੀ ਦੇ ਰਾਹ ਉੱਤੇ ਕਦੇ ਨਹੀਂ ਚੱਲਣ ਦੇਣਗੇਓਸ਼ੋ ਦੀ ਕਹੀ ਇਹ ਗੱਲ ਕਈ ਯੁੱਗਾਂ ਤੋਂ ਅਮਲ ਵਿੱਚ ਸੱਚੀ ਸਾਬਤ ਹੁੰਦੀ ਰਹੀ ਹੈ, ਅੱਜ ਵੀ ਸੱਚ ਸਾਬਤ ਹੁੰਦੀ ਹੈਅਸੀਂ ਉਸ ਵਕਤ ਦੀ ਉਡੀਕ ਕਰ ਸਕਦੇ ਹਾਂ ਤੇ ਸਿਦਕ-ਦਿਲੀ ਨਾਲ ਉਡੀਕ ਕਰ ਸਕਦੇ ਹਾਂ, ਜਦੋਂ ਕੋਈ ਰਹਿਬਰ ਆਵੇ ਤਾਂ ਇਹੋ ਜਿਹੇ ਸਾਊ ਦਿੱਖ ਵਾਲੇ ਘਾਗਾਂ ਦਾ ਘੇਰਾ ਤੋੜ ਕੇ ਲੋਕਾਂ ਲਈ ਕੁਝ ਕਰ ਸਕੇਉਸ ਵਕਤ ਤਕ ਇਹ ਸੜਕ ਕਿਸੇ ਪਾਸੇ ਨਹੀਂ ਜਾਣੀ, ਇੱਥੇ ਦੀ ਇੱਥੇ ਰਹੇਗੀ, ਇਸ ਤੋਂ ਲੰਘਣ ਵਾਲੇ ਲੰਘਦੇ ਰਹਿਣਗੇ ਤੇ ਦੇਸ਼ ਵੀ ਓਦਾਂ ਦਾ ਓਦਾਂ ਹੀ ਸਮੇਂ ਦੇ ਕੈਲੰਡਰ ਦੇ ਵਰਕੇ ਉਥੱਲਦਾ ਰਹੇਗਾ, ਲੀਡਰ ਮਜ਼ੇ ਮਾਣਦੇ ਰਹਿਣਗੇ, ਪਤਾ ਨਹੀਂ ਕਦੋਂ ਤਕ!

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5453)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author