“ਪੰਡਿਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਜੇ ...”
(30 ਦਸੰਬਰ 2024)
ਇੱਕ ਵੱਖਰੀ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਡਾਕਟਰ ਮਨਮੋਹਨ ਸਿੰਘ ਸੰਸਾਰ ਤਿਆਗ ਗਏ ਹਨ। ਭਾਰਤ ਦੇ ਲੋਕ ਨਹੀਂ, ਦੁਨੀਆ ਭਰ ਦੇ ਲੋਕ ਉਨ੍ਹਾਂ ਦੇ ਜੀਵਨ ਅਤੇ ਕਿਰਦਾਰ ਬਾਰੇ ਇਸ ਦੀਆਂ ਗੱਲਾਂ ਮੀਡੀਏ ਕੋਲੋਂ ਜਾਣਨ ਲੱਗੇ ਹਨ, ਜਿਹੜੀਆਂ ਕਈ ਲੋਕਾਂ ਨੂੰ ਹੈਰਾਨ ਕਰਨਗੀਆਂ ਕਿ ਕੀ ਕਦੇ ਰਾਜਨੀਤੀ ਵਿੱਚ ਇਸ ਤਰ੍ਹਾਂ ਦਾ ਵਿਅਕਤੀ ਵੀ ਆਇਆ ਹੋ ਸਕਦਾ ਹੈ ਤੇ ਜੇ ਆਇਆ ਸੀ ਤਾਂ ਆਪਣਾ ਵੱਖਰਾਪਣ ਕਿੱਦਾਂ ਬਚਾ ਕੇ ਰੱਖ ਸਕਿਆ! ਉਹ ਰਾਜਨੀਤੀ ਵਿੱਚ ਆਏ ਨਹੀਂ ਸਨ, ਸਗੋਂ ਭਾਰਤ ਵਰਗੇ ਦੇਸ਼ ਦੀ ਰਾਜਨੀਤੀ ਵਿੱਚ ਨਾ ਚਾਹੁੰਦੇ ਹੋਏ ਵੀ ਖਿੱਚ ਕੇ ਲਿਆਂਦੇ ਗਏ ਅਤੇ ਫਿਰ ਇਸ ਦੇਸ਼ ਦੀ ਰਾਜਨੀਤਕ ਸ਼ਕਤੀ ਦੀ ਸਿਖਰਲੀ ਪਦਵੀ ਤਕ ਪਹੁੰਚ ਗਏ ਸਨ। ਰਾਜਨੀਤੀ ਵਿੱਚ ਆਉਣ ਜਾਂ ਪ੍ਰਧਾਨ ਮੰਤਰੀ ਬਣਨ ਵਰਗਾ ਖਿਆਲ ਵੀ ਕਦੇ ਉਨ੍ਹਾਂ ਨੂੰ ਨਹੀਂ ਸੀ ਆਇਆ, ਉਹ ਆਪਣੇ ਜ਼ਿੰਮੇ ਲੱਗੇ ਕੰਮ ਤਕ ਸੀਮਤ ਰਹਿਣ ਦੀ ਸੋਚ ਵਾਲੇ ਕੋਮਲ-ਭਾਵੀ ਇਨਸਾਨ ਸਨ। ਰਾਜਨੀਤੀ ਉਨ੍ਹਾਂ ਨੂੰ ਆਪਣੀਆਂ ਲੋੜਾਂ ਨਾਲੋਂ ਵੀ ਵੱਧ ਆਪਣੀਆਂ ਮਜਬੂਰੀਆਂ ਕਾਰਨ ਖਿੱਚ ਲਿਆਈ ਤੇ ਉਸ ਪਦਵੀ ਤਕ ਜਾ ਪਹੁੰਚਾਇਆ ਸੀ, ਜਿਸਦੇ ਸੁਪਨੇ ਹਰ ਸਿਆਸੀ ਆਗੂ ਲੈਂਦਾ ਰਹਿੰਦਾ ਹੈ। ਇਹ ਸਾਰਾ ਕੁਝ ਉਸ ਦੇਸ਼ ਵਿੱਚ ਹੋਇਆ, ਜਿਸਦੇ ਲੀਡਰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਕਰਦੇ ਹਨ, ਜਦੋਂ ਕਿ ਸਭ ਤੋਂ ਵੱਡਾ ਲੋਕਤੰਤਰ ਸਭ ਤੋਂ ਵੱਧ ਵੋਟਰਾਂ ਦੀ ਗਿਣਤੀ ਪੱਖੋਂ ਹੈ, ਲੋਕਤੰਤਰੀ ਗੁਣਾਂ ਦੇ ਪੱਖੋਂ ਇਸਦੇ ਕੇਵਲ ਇੱਕ ਫੀਸਦੀ ਅਬਾਦੀ ਵਾਲੇ ਦੇਸ਼ ਅਸਲੀ ਅਰਥਾਂ ਵਿੱਚ ਲੋਕਤੰਤਰ ਹੰਢਾਉਂਦੇ ਅਤੇ ਸੰਭਾਲਦੇ ਪਏ ਹਨ।
ਬਰਤਾਨਵੀ ਸਾਮਰਾਜ ਵੱਲੋਂ ਕਬਜ਼ਾ ਛੱਡਣ ਸਮੇਂ ਕੀਤੀ ਗਈ ਦੇਸ਼ ਵੰਡ ਸਮੇਂ ਮਨਮੋਹਨ ਸਿੰਘ ਦਾ ਪਿੰਡ ਗਾਹ ਵੀ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਸੀ ਤੇ ਪਰਿਵਾਰ ਦੇ ਮੁਖੀ ਦਾ ਓਧਰਲੇ ਦੰਗੇਬਾਜ਼ਾਂ ਨੇ ਕਤਲ ਕਰ ਦਿੱਤਾ ਸੀ। ਇੱਧਰ ਆ ਕੇ ਪਰਿਵਾਰ ਪਹਿਲਾਂ ਕਿਸੇ ਹੋਰ ਥਾਂ ਵਸਿਆ ਤੇ ਫਿਰ ਅੰਮ੍ਰਿਤਸਰ ਆ ਗਿਆ ਸੀ। ਬਚਪਨ ਦੇ ਦਿਨਾਂ ਵਿੱਚ ਪੰਜਾਬ ਦੇ ਉਦੋਂ ਦੇ ਆਮ ਸਿੱਖ ਪਰਿਵਾਰਾਂ ਵਾਂਗ ਮਨਮੋਹਨ ਸਿੰਘ ਨੇ ਵੀ ਮੁਢਲੀ ਪੜ੍ਹਾਈ ਪਿੰਡ ਦੇ ਗੁਰਦੁਆਰੇ ਤੋਂ ਸ਼ੁਰੂ ਕੀਤੀ ਅਤੇ ਦੇਸ਼ ਵੰਡ ਪਿੱਛੋਂ ਅੰਮ੍ਰਿਤਸਰ ਦੇ ਇੱਕ ਕਾਲਜ ਕੋਲੋਂ ਇਕਨਾਮਿਕਸ ਦਾ ਮੁਢਲਾ ਗਿਆਨ ਲੈਣ ਪਿੱਛੋਂ ਹੁਸ਼ਿਆਰਪੁਰ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਚਲੇ ਗਏ ਸਨ। ਵੰਡ ਤੋਂ ਪਹਿਲਾਂ ਸਾਂਝੀ ਇਹ ਯੂਨੀਵਰਸਿਟੀ ਵੀ ਵੰਡੀ ਗਈ ਸੀ ਤੇ ਇਸਦਾ ਭਾਰਤੀ ਹਿੱਸਾ ਵਕਤੀ ਤੌਰ ਉੱਤੇ ਹੁਸ਼ਿਆਰਪੁਰ ਰੱਖਿਆ ਗਿਆ ਸੀ। ਮਾਸਟਰ ਡਿਗਰੀ ਕਰਨ ਤੋਂ ਬਾਅਦ ਉਹ ਇੰਗਲੈਂਡ ਦੀ ਇੱਕ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਚਲੇ ਗਏ ਅਤੇ ਉੱਥੋਂ ਪਰਤੇ ਤਾਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗ ਪਏ। ਕੁਝ ਚਿਰ ਬਾਅਦ ਫਿਰ ਇੰਗਲੈਂਡ ਵਿੱਚ ਡੀ ਫਿਲ ਕਰਨ ਚਲੇ ਗਏ ਤੇ ਜਦੋਂ ਵਾਪਸ ਆਏ ਤਾਂ ਕਈ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਅਦ ਇੱਕ ਦਿਨ ਭਾਰਤ ਦੀ ਰਿਜ਼ਰਵ ਬੈਂਕ ਦੇ ਗਵਰਨਰ ਦਾ ਮੁਖੀ ਬਣਨ ਦਾ ਮਾਣ ਹਾਸਲ ਹੋ ਗਿਆ ਤੇ ਕਈ ਸਾਲ ਭਾਰਤ ਦੇ ਕਰੰਸੀ ਨੋਟਾਂ ਉੱਤੇ ਮਨਮੋਹਨ ਸਿੰਘ ਦੇ ਦਸਖਤ ਛਪਦੇ ਰਹੇ। ਵਰਲਡ ਬੈਂਕ ਤੇ ਸੰਸਾਰ ਪੱਧਰ ਦੇ ਕਈ ਹੋਰ ਅਦਾਰਿਆਂ ਨਾਲ ਜੁੜ ਚੁੱਕੇ ਇਸ ਗੁਣੀ-ਗਿਆਨੀ ਨੂੰ ਇੱਕ ਦਿਨ ਭਾਰਤ ਦੇ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਇਹ ਹੈਰਾਨ ਕਰਨ ਵਾਲਾ ਸੁਨੇਹਾ ਦੇਣ ਆ ਗਿਆ ਕਿ ਦੇਸ਼ ਦੇ ਅਗਲੇ ਖਜ਼ਾਨਾ ਮੰਤਰੀ ਬਣਨ ਵਾਸਤੇ ਭਲਕੇ ਤੁਸੀਂ ਰਾਸ਼ਟਰਪਤੀ ਭਵਨ ਆ ਜਾਇਉ, ਸਹੁੰ ਚੁਕਾਈ ਜਾਣੀ ਹੈ। ਉਨ੍ਹਾਂ ਨੂੰ ਯਕੀਨ ਨਹੀਂ ਸੀ ਆਇਆ, ਇਸ ਲਈ ਤਿਆਰ ਨਹੀਂ ਸੀ ਹੋਏ ਤੇ ਜਦੋਂ ਦੁਬਾਰਾ ਫੋਨ ਆਇਆ ਅਤੇ ਪਹੁੰਚਣ ਲਈ ਆਖਿਆ ਗਿਆ ਤਾਂ ਉਸ ਖਜ਼ਾਨੇ ਦੇ ਮੰਤਰੀ ਲਈ ਸਹੁੰ ਜਾ ਚੁੱਕੀ, ਜਿਹੜਾ ਨੰਗਾਂ ਦੀ ਭੜੋਲੀ ਦੀ ਹਾਲਤ ਵਿੱਚ ਸੀ। ਪਿਛਲੇ ਹਾਕਮਾਂ ਦੀ ਨਾਲਾਇਕੀ ਕਾਰਨ ਇਸਦੇ ਵਿਦੇਸ਼ੀ ਸਿੱਕੇ ਦੇ ਭੰਡਾਰ ਮੁੱਕ ਚੁੱਕੇ ਅਤੇ ਔਖੇ ਵਕਤਾਂ ਲਈ ਗਰੰਟੀਆਂ ਦੇਣ ਵਾਸਤੇ ਰੱਖਿਆ ਸੋਨਾ ਜਹਾਜ਼ਾਂ ਉੱਤੇ ਲੱਦ ਕੇ ਦੂਸਰੇ ਦੇਸ਼ਾਂ ਨੂੰ ਭੇਜ ਕੇ ਉਹਦੇ ਬਦਲੇ ਕਰਜ਼ਾ ਚੁੱਕਿਆ ਜਾ ਚੁੱਕਾ ਸੀ। ਇਹੋ ਜਿਹੀ ਪਦਵੀ ਆਮ ਕਰ ਕੇ ਕੰਡਿਆਂ ਦਾ ਤਾਜ ਪਹਿਨਣਾ ਕਹੀ ਜਾਂਦੀ ਹੈ, ਪਰ ਉਸ ਮਹਾਨ ਵਿਅਕਤੀ ਨੇ ਆਣ ਕੇ ਇੱਦਾਂ ਦਾ ਮੋੜਾ ਪਾਇਆ ਕਿ ਪੰਜਾਂ ਸਾਲਾਂ ਤਕ ਦੇਸ਼ ਦੇ ਭੰਡਾਰ ਫਿਰ ਭਰ ਚੁੱਕੇ ਸਨ ਅਤੇ ਅੱਜ ਤਕ ਵਧਦੇ ਜਾ ਰਹੇ ਹਨ।
ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ, ਉਹ ਵੀ ਉਨ੍ਹਾਂ ਦੀ ਇੱਛਾ ਕਾਰਨ ਨਹੀਂ, ਦੇਸ਼ ਦੀ ਰਾਜਨੀਤੀ ਦੇ ਉਸ ਮੋੜ ਉੱਤੇ ਇੱਕ ਖਾਸ ਹਾਲਤ ਕਾਰਨ ਬਣਾਉਣਾ ਪਿਆ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਪਦਵੀ ਦੇਣ ਲਈ ਪਾਰਟੀ ਵੀ ਸਹਿਮਤ ਸੀ, ਗਠਜੋੜ ਵੀ, ਪਰ ਉਹ ਬਣੀ ਨਹੀਂ ਸੀ, ਕਾਰਨ ਵੱਖੋ-ਵੱਖ ਗਿਣਾਏ ਜਾਂਦੇ ਹਨ। ਸਾਰਿਆਂ ਪਾਸਿਆਂ ਤੋਂ ਪੈਂਦੇ ਦਬਾਅ ਦੇ ਬਾਵਜੂਦ ਜਦੋਂ ਉਹ ਨਾ ਮੰਨੀ ਅਤੇ ਕਿਸੇ ਹੋਰ ਦਾ ਨਾਂਅ ਚੁਣਨ ਦੀ ਗੱਲ ਉਸੇ ਉੱਤੇ ਸੁੱਟ ਦਿੱਤੀ ਗਈ ਤਾਂ ਮਨਮੋਹਨ ਸਿੰਘ ਦਾ ਨਾਂਅ ਸੋਨੀਆ ਗਾਂਧੀ ਨੇ ਪੇਸ਼ ਕੀਤਾ ਤੇ ਹਰ ਕਿਸੇ ਨੇ ਇਸਦੀ ਸ਼ਲਾਘਾ ਕੀਤੀ ਸੀ। ਹਾਲਾਤ ਸੁਖਾਵੇਂ ਨਹੀਂ ਸਨ ਅਤੇ ਹਰ ਗੱਲ ਵਿੱਚ ਉਸ ਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਸ ਨਾਲ ਜੁੜੇ ਲੋਕ ਸਰਕਾਰ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਸਨ ਅਤੇ ਗਠਜੋੜ ਦੇ ਭਾਈਵਾਲਾਂ ਨੇ ਹੀ ਨਹੀਂ, ਪ੍ਰਧਾਨ ਮੰਤਰੀ ਦੀ ਆਪਣੀ ਪਾਰਟੀ ਦੇ ਆਗੂਆਂ ਨੇ ਵੀ ਭ੍ਰਿਸ਼ਟਾਚਾਰ ਕਰਨ ਵਿੱਚ ਸ਼ਰਮ ਲਾਹ ਰੱਖੀ ਸੀ। ਬਹੁਤ ਵੱਡੇ ਭ੍ਰਿਸ਼ਟਾਚਾਰ ਦੀ ਹਨੇਰੀ ਦੌਰਾਨ ਜਦੋਂ ਕਦੇ ਪਾਰਲੀਮੈਂਟ, ਸੁਪਰੀਮ ਕੋਰਟ ਜਾਂ ਮੀਡੀਏ ਵਿੱਚ ਗੱਲ ਚਲਦੀ ਤਾਂ ਹਰ ਕਿਸੇ ਨੂੰ ਕਹਿਣਾ ਪੈਂਦਾ ਸੀ ਕਿ ਬਾਰਾਤ ਭਾਵੇਂ ਚੋਰਾਂ ਦੀ ਹੈ, ਇਸਦੇ ਮੁਖੀ ਖਿਲਾਫ ਕਿਸੇ ਕਿਸਮ ਦੀ ਕੋਈ ਉਂਗਲ ਨਹੀਂ ਉਠਾਈ ਜਾ ਸਕਦੀ। ਉਸ ਬਾਹਲ਼ੇ ਮਾੜੇ ਦੌਰ ਦੌਰਾਨ ਵੀ ਉਸ ਦੀ ਸਰਕਾਰ ਨੇ ਜਿਹੜੇ ਕਈ ਅਹਿਮ ਕੰਮ ਕਰ ਵਿਖਾਏ, ਸਮੁੱਚੇ ਭਾਰਤੀਆਂ ਲਈ ਅਧਾਰ ਕਾਰਡ ਦੀ ਸ਼ੁਰੂਆਤ ਇਸਦੀ ਵਿਲੱਖਣ ਮਿਸਾਲ ਸੀ। ਸਾਰੇ ਵਿਕਸਿਤ ਦੇਸ਼ ਆਪਣੇ ਨਾਗਰਿਕਾਂ ਲਈ ਖਾਸ ਨੰਬਰ ਜਾਰੀ ਕਰਦੇ ਹਨ, ਭਾਰਤ ਵਿੱਚ ਨਹੀਂ ਸੀ ਅਤੇ ਇਹ ਜਦੋਂ ਸ਼ੁਰੂ ਕੀਤਾ ਗਿਆ ਤਾਂ ਇਸ ਨੂੰ ਵਿਰੋਧ ਦੀਆਂ ਕੁਝ ਖਾਸ ਧਿਰਾਂ ਨੇ ਅਧਾਰ ਕਾਰਡ ਦੀ ਥਾਂ ਫਰਾਡ ਕਾਰਡ ਕਹਿ ਕੇ ਭੰਡਿਆ ਸੀ। ਜਿਨ੍ਹਾਂ ਨੇ ਉਦੋਂ ਇਹ ਕੁਝ ਕਿਹਾ ਸੀ, ਉਹ ਆਪਣੇ ਰਾਜ ਵਿੱਚ ਅੱਜ ਹਰ ਕੰਮ ਅਧਾਰ ਕਾਰਡ ਨੂੰ ਅਧਾਰ ਮੰਨ ਕੇ ਕਰਨ ਦਾ ਸਿਹਰਾ ਲੈਣ ਵਿੱਚ ਮੋਹਰੀ ਬਣੇ ਦਿਸਦੇ ਹਨ। ਸਮੇਂ ਨੇ ਇੱਦਾਂ ਦੇ ਕਈ ਕੰਮ ਡਾਕਟਰ ਮਨਮੋਹਨ ਸਿੰਘ ਤੋਂ ਕਰਵਾ ਲਏ, ਜਿਨ੍ਹਾਂ ਵਾਸਤੇ ਦੇਸ਼ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ।
ਰਾਜਨੀਤੀ ਦੇ ਖੇਤਰ ਤੋਂ ਲਾਂਭੇ ਹਟ ਕੇ ਵੇਖਿਆ ਜਾਵੇ ਤਾਂ ਉਸ ਵਿਅਕਤੀ ਦਾ ਵਿਹਾਰ ਕਿੱਦਾਂ ਦਾ ਸੀ, ਇਹ ਇੱਕ ਹਕੀਕੀ ਲੋਕਤੰਤਰ ਦੇ ਆਦਰਸ਼ ਨਾਗਰਿਕ ਦਾ ਨਮੂਨਾ ਕਿਹਾ ਜਾ ਸਕਦਾ ਹੈ। ਦੇਸ਼ ਦੇ ਲੋਕਾਂ ਨੂੰ ਇਹ ਗੱਲ ਭੁੱਲਣੀ ਨਹੀਂ ਕਿ ਉਨ੍ਹਾਂ ਨੂੰ ਸਿਖਰਾਂ ਦੀ ਹਲੀਮੀ ਵਾਲਾ ਇਹੋ ਜਿਹਾ ਆਗੂ ਮਿਲਿਆ ਸੀ, ਜਿਸਦੇ ਖਿਲਾਫ ਨੀਵੇਂ ਪੱਧਰ ਦੀ ਦੂਸ਼ਣਬਾਜ਼ੀ ਵੀ ਕੀਤੀ ਗਈ, ਪਰ ਉਸ ਨੇ ਕਦੇ ਪਲਟਵਾਂ ਵਾਰ ਨਹੀਂ ਸੀ ਕੀਤਾ। ਇੱਕ ਵਾਰ ਜਦੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਬਹੁਤ ਜ਼ਿਆਦਾ ਕੁਝ ਕਹਿ ਛੱਡਿਆ, ਜਿਸ ਵਿੱਚ ਅਹੁਦੇ ਦੇ ਨਾਲ ਨਿੱਜੀ ਹਮਲੇ ਸ਼ਾਮਲ ਸਨ ਤਾਂ ਡਾਕਟਰ ਮਨਮੋਹਨ ਸਿੰਘ ਨੇ ਇੰਨੇ ਨਾਲ ਗੱਲ ਮੁਕਾ ਦਿੱਤੀ ਸੀ: ਹਜ਼ਾਰੋਂ ਜਵਾਬੋਂ ਸੇ ਮੇਰੀ ਖਾਮੋਸ਼ੀ ਹੈ ਅੱਛੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਰੱਖੇ। ਇਸਦਾ ਸਾਫ ਮਤਲਬ ਸੀ ਕਿ ਜਵਾਬ ਇਨ੍ਹਾਂ ਸਵਾਲਾਂ ਦਾ ਹੈ, ਪਰ ਜੇ ਦੇਣ ਲੱਗਾਂਗੇ ਤਾਂ ਸਵਾਲਾਂ ਦੀ ਤੇ ਸਵਾਲ ਕਰਨ ਵਾਲੀ ਪਾਰਟੀ ਅਤੇ ਉਸ ਦੇ ਆਗੂਆਂ ਦੀ ਸਾਰੀ ਅਸਲੀਅਤ ਵੀ ਲੋਕਾਂ ਮੋਹਰੇ ਬੇਪਰਦ ਹੋ ਸਕਦੀ ਹੈ, ਇਸ ਲਈ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣ ਨਾਲੋਂ ਖਾਮੋਸ਼ ਰਹਿਣਾ ਚੰਗਾ ਹੈ। ਇੱਕ ਵਾਰ ਚੋਣਾਂ ਮੌਕੇ ਇੱਕ ਰੈਲੀ ਵਿੱਚ ਵਿਰੋਧੀ ਧਿਰ ਦੇ ਇੱਕ ਭਾਜਪਾ ਆਗੂ ਨੇ ਇਹ ਚੁਟਕਲਾ ਵੀ ਸੁਣਾ ਦਿੱਤਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਜਦੋਂ ਗੱਲ ਕਰਦਾ ਸਾਂ ਤਾਂ ਉਹ ਹੋਰ ਦੀਆਂ ਹੋਰ ਗੱਲਾਂ ਕਰੀ ਜਾਂਦੇ ਸਨ, ਮੈਂ ਹੈਰਾਨ ਹੋਇਆ ਪਿਆ ਸਾਂ, ਫਿਰ ਅਚਾਨਕ ਘੜੀ ਵੱਲ ਜਦੋਂ ਮੇਰਾ ਧਿਆਨ ਗਿਆ ਤਾਂ ਉੱਥੇ ਬਾਰਾਂ ਵੱਜੇ ਹੋਏ ਸਨ। ਇੱਡੀ ਭੱਦੀ ਗੱਲ ਕਹੇ ਜਾਣ ਕਾਰਨ ਵੀ ਇਸ ਦੇਸ਼ ਦੇ ਬਹੁਤੇ ਸਾਰੇ ਲੋਕਾਂ ਨੇ ਉਸ ਆਗੂ ਦਾ ਤਿੱਖਾ ਵਿਰੋਧ ਕੀਤਾ ਸੀ, ਪਰ ਮਨਮੋਹਨ ਸਿੰਘ ਹੁਰਾਂ ਨੇ ਉਸ ਲੀਡਰ ਬਾਰੇ ਮੋੜਵੀਂ ਗੱਲ ਕਹਿਣ ਦੀ ਲੋੜ ਨਹੀਂ ਸੀ ਸਮਝੀ। ਉਹ ਲੀਡਰ ਅੱਜ ਤਕ ਵੀ ਇਨ੍ਹਾਂ ਗੱਲਾਂ ਤੋਂ ਨਹੀਂ ਹਟਦਾ।
ਮਨਮੋਹਨ ਸਿੰਘ ਹੁਰੀਂ ਜਦੋਂ ਰਾਜ ਸਭਾ ਦੀ ਵਿਰੋਧੀ ਧਿਰ ਦੇ ਆਗੂ ਸਨ ਤੇ ਉਨ੍ਹਾਂ ਕੋਲ ਦੇਸ਼ ਦੇ ਕੈਬਨਿਟ ਮੰਤਰੀ ਦਾ ਦਰਜ਼ਾ ਸੀ, ਇੱਕ ਦਿਨ ਆਪਣਾ ਡਰਾਈਵਿੰਗ ਲਾਇਸੈਂਸ ਰੀਨੀਊ ਕਰਵਾਉਣ ਲਈ ਲਾਈਨ ਵਿੱਚ ਜਾ ਲੱਗੇ ਤਾਂ ਉੱਥੇ ਹਲਚਲ ਮੱਚ ਗਈ। ਅਫਸਰਾਂ ਨੇ ਬਹੁਤ ਕਿਹਾ ਕਿ ਅੰਦਰ ਸਿੱਧੇ ਆ ਜਾਉ, ਪਰ ਉਹ ਲੋਕਾਂ ਵਿੱਚ ਲੋਕ ਬਣ ਕੇ ਖੜ੍ਹੇ ਰਹੇ ਤੇ ਵਿਸ਼ੇਸ਼ ਵਿਅਕਤੀ ਵਾਲਾ ਹੱਕ ਵਰਤ ਕੇ ਆਪਣਾ ਕੰਮ ਪਹਿਲਾਂ ਕਢਾਉਣਾ ਨਹੀਂ ਸੀ ਮੰਨੇ। ਉਨ੍ਹਾਂ ਦੇ ਰਿਜ਼ਰਵ ਬੈਂਕ ਦੇ ਗਵਰਨਰ ਹੋਣ ਸਮੇਂ ਪ੍ਰਣਬ ਮੁਕਰਜੀ ਦੇਸ਼ ਦੇ ਖਜ਼ਾਨਾ ਮੰਤਰੀ ਸਨ, ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਵਿਦੇਸ਼ ਮੰਤਰੀ ਵਜੋਂ ਉਹੋ ਪ੍ਰਣਬ ਮੰਤਰੀ ਉਨ੍ਹਾਂ ਦੇ ਕੈਬਨਿਟ ਸਾਥੀ ਸਨ। ਮੀਟਿੰਗਾਂ ਵਿੱਚ ਜਦੋਂ ਕਦੇ ਲੋੜ ਪੈਂਦੀ, ਮਨਮੋਹਨ ਸਿੰਘ ਹੁਰੀਂ ਪ੍ਰਣਬ ਮੁਕਰਜੀ ਨੂੰ ‘ਸਰ’ ਕਹਿ ਬੁਲਾਉਂਦੇ ਸਨ ਤੇ ਮੁਕਰਜੀ ਵਾਰ-ਵਾਰ ਕਹਿੰਦੇ ਸਨ ਕਿ ਵੱਡੀ ਪਦਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ, ਮਨਮੋਹਨ ਸਿੰਘ ਜੀ ਸਰ ਨਾ ਕਿਹਾ ਕਰਨ, ਪਰ ਉਹ ਹਟਦੇ ਨਹੀਂ ਸਨ। ਆਖਰ ਪ੍ਰਣਬ ਮੁਕਰਜੀ ਨੇ ਚਿੱਠੀ ਲਿਖੀ ਸੀ ਕਿ ਇਸ ਤਰ੍ਹਾਂ ਕਹਿਣ ਨਾਲ ਬਾਕੀ ਮੰਤਰੀਆਂ ਦੇ ਮੁਕਾਬਲੇ ਵੱਖਰਾਪਣ ਹੋ ਜਾਂਦਾ ਹੈ, ਮਨਮੋਹਨ ਸਿੰਘ ਹੁਰੀਂ ਸਰ ਨਾ ਕਿਹਾ ਕਰਨ, ਇਸ ਤਰ੍ਹਾਂ ਮੰਤਰੀ ਪੱਧਰ ਦੇ ਵਿਹਾਰ ਦਾ ਅਸਾਵਾਂਪਣ ਜਾਪਦਾ ਹੈ। ਫਿਰ ਜਦੋਂ ਪ੍ਰਣਬ ਮੁਕਰਜੀ ਇਸ ਦੇਸ਼ ਦੇ ਰਾਸ਼ਟਰਪਤੀ ਬਣ ਗਏ ਤਾਂ ਉਹ ਪਦਵੀ ਸੰਵਿਧਾਨਕ ਪੱਖ ਤੋਂ ਸਭ ਤੋਂ ਉੱਚੀ ਹੋਣ ਕਾਰਨ ਮਨਮੋਹਨ ਸਿੰਘ ਹੁਰਾਂ ਨੇ ‘ਸਰ’ ਕਿਹਾ ਤਾਂ ਦੋਵੇਂ ਨਾ ਸਿਰਫ ਹੱਸ ਪਏ, ਸਗੋਂ ਇੱਕ ਸੰਵਿਧਾਨਕ ਮਰਿਯਾਦਾ ਦੀ ਉਚਾਈ ਵੀ ਦਿਖਾ ਦਿੱਤੀ ਸੀ।
ਇੱਕ ਵਾਰੀ ਘਰ ਵਿੱਚ ਜਦੋਂ ਕੋਈ ਪਰਿਵਾਰਕ ਸਮਾਗਮ ਸੀ ਤਾਂ ਸਾਰੇ ਭੈਣ-ਭਰਾ ਆਏ ਹੋਏ ਸਨ। ਉਨ੍ਹਾਂ ਦੇ ਇੱਕ ਬਹਿਨੋਈ ਨਾਲ ਮੇਰੇ ਕਾਫੀ ਚੰਗੇ ਸੰਬੰਧ ਸਨ, ਉਨ੍ਹਾਂ ਨੇ ਵਾਪਸ ਆ ਕੇ ਦੱਸਿਆ ਕਿ ਰਾਤ ਸਮਾਗਮ ਪਿੱਛੋਂ ਆਪਣੇ ਹੋਟਲ ਜਾਣਾ ਸੀ ਤਾਂ ਉਨ੍ਹਾਂ ਦੀ ਕਾਰ ਖਰਾਬ ਹੋ ਗਈ। ਅਚਾਨਕ ਮਨਮੋਹਨ ਸਿੰਘ ਹੁਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਫੋਨ ਕਰ ਕੇ ਨੇੜੇ ਪੈਂਦੇ ਟੈਕਸੀ ਸਟੈਂਡ ਤੋਂ ਟੈਕਸੀ ਮੰਗਵਾਈ, ਉਸ ਦਾ ਕਿਰਾਇਆ ਅਗਾਊਂ ਆਪਣੀ ਜੇਬ ਵਿੱਚੋਂ ਦੇ ਕੇ ਉਸ ਨੂੰ ਸਾਡੇ ਨਾਲ ਭੇਜ ਦਿੱਤਾ, ਪਰ ਉੱਥੇ ਖੜ੍ਹੀਆਂ ਸਰਕਾਰੀ ਕਾਰਾਂ ਦੇ ਕਾਫਲੇ ਦੀ ਕਿਸੇ ਗੱਡੀ ਦੇ ਡਰਾਈਵਰ ਨੂੰ ਨਹੀਂ ਕਿਹਾ ਕਿ ਛੱਡ ਆਵੇ। ਸਿਰਫ ਭੈਣ-ਜੀਜੇ ਲਈ ਕੋਈ ਟੈਕਸੀ ਮੰਗਵਾਉਣ ਦੀ ਗੱਲ ਤਾਂ ਕਿਤੇ ਰਹੀ, ਰਾਜ ਸਭਾ ਵਿੱਚ ਜਦੋਂ ਵਿਰੋਧੀ ਧਿਰ ਦੇ ਆਗੂ ਸਨ ਅਤੇ ਉਨ੍ਹਾਂ ਦਾ ਕੈਬਨਿਟ ਮੰਤਰੀ ਦਾ ਰੁਤਬਾ ਸੀ, ਇੱਕ ਵਾਰੀ ਸਿਆਸੀ ਗਠਜੋੜ ਦੀ ਕਿਸੇ ਮੀਟਿੰਗ ਲਈ ਕਿਸੇ ਪਾਰਟੀ ਦੇ ਦਫਤਰ ਜਾਣਾ ਸੀ ਤਾਂ ਟੈਕਸੀ ਕਰ ਕੇ ਚਲੇ ਗਏ। ਸਾਰਿਆਂ ਨੇ ਪੁੱਛਿਆ ਕਿ ਸਰਕਾਰੀ ਕਾਰ ਖਰਾਬ ਹੋ ਗਈ ਸੀ, ਉਨ੍ਹਾਂ ਦੱਸਿਆ ਕਿ ਕਾਰ ਠੀਕ ਸੀ, ਪਰ ਉਹ ਸਿਰਫ ਸਰਕਾਰੀ ਕੰਮ ਲਈ ਵਰਤਦੇ ਹਨ। ਹੋਰਨਾਂ ਪਾਰਟੀਆਂ ਦੇ ਲੀਡਰਾਂ ਵਾਸਤੇ ਇਹ ਅਜੀਬ ਗੱਲ ਹੋਵੇਗੀ, ਪਰ ਉਨ੍ਹਾਂ ਦੇ ਨੇੜਲੇ ਲੋਕ ਜਾਣਦੇ ਸਨ ਕਿ ਮਨਮੋਹਨ ਸਿੰਘ ਹੁਰਾਂ ਨੇ ਕਿਸੇ ਵੀ ਸਰਕਾਰੀ ਸਹੂਲਤ ਦੀ ਵਰਤੋਂ ਆਪਣੇ ਰਿਸ਼ਤੇਦਾਰਾਂ ਲਈ ਤਾਂ ਕੀ, ਕਦੀ ਆਪਣੇ ਲਈ ਜਾਂ ਫਿਰ ਆਪਣੇ ਪਰਿਵਾਰ ਦੇ ਜੀਆਂ ਲਈ ਵੀ ਕਦੇ ਨਹੀਂ ਸੀ ਕੀਤੀ। ਦੂਸਰਾ ਕੋਈ ਆਗੂ ਅੱਜਕੱਲ੍ਹ ਇੱਦਾਂ ਦਾ ਹੋਵੇ, ਮੇਰੀ ਜਾਣਕਾਰੀ ਵਿੱਚ ਨਹੀਂ।
ਅਸੀਂ ਬੜੀ ਵਾਰੀ ਇਹ ਕਹਿ ਦਿੰਦੇ ਹਾਂ ਕਿ ਲੋਕਤੰਤਰ ਨੇ ਲੋਕਾਂ ਲਈ ਸਚੱਮੁਚ ਕੁਝ ਕਰ ਕੇ ਵਿਖਾਉਣਾ ਹੋਵੇ ਤਾਂ ਕਰਨ ਵਾਲਾ ਲੀਡਰ ਇੱਦਾਂ ਦਾ ਚਾਹੀਦਾ ਹੈ, ਜਿਸ ਨੂੰ ਲੋਕ ਆਦਰਸ਼ ਮੰਨ ਸਕਣ। ਜਦੋਂ ਕੋਈ ਆਗੂ ਇੱਦਾਂ ਦਾ ਮਿਲਦਾ ਹੈ ਤਾਂ ਆਮ ਤੌਰ ਉੱਤੇ ਇਹ ਕਿਹਾ ਜਾਂਦਾ ਹੈ ਕਿ ਇਹ ਰਾਜਨੀਤਕ ਢਾਂਚੇ ਵਿੱਚ ਸੂਤ ਨਹੀਂ ਬੈਠਦਾ। ਕਈ ਵਾਰ ਇਸ ਤਰ੍ਹਾਂ ਲਗਦਾ ਹੈ ਕਿ ਲੋਕ ਵੀ ਆਸ ਲਾਹ ਚੁੱਕੇ ਹਨ ਕਿ ਕੋਈ ਚੰਗਾ ਲੀਡਰ ਭਾਰਤੀ ਲੋਕਤੰਤਰ ਨੂੰ ਕਦੇ ਮਿਲ ਸਕਦਾ ਹੈ। ਇਹੋ ਕਾਰਨ ਹੈ ਕਿ ਮਨਮੋਹਨ ਸਿੰਘ ਦੇ ਕਿਰਦਾਰ ਦੀ ਪੂਰੀ ਕਦਰ ਨਹੀਂ ਪਾਈ ਜਾ ਸਕੀ। ਇਸਦੀ ਥਾਂ ਘਟੀਆ ਕਿਸਮ ਦੀ ਰਾਜਨੀਤੀ ਕਰਨ ਵਾਲਿਆਂ ਨੇ ਮਨਮੋਹਨ ਸਿੰਘ ਨੂੰ ਵਰਤਣ ਅਤੇ ਹੋਰ ਅੱਗੇ ਵਧ ਕੇ ਬਲੈਕਮੇਲ ਕਰਨ ਤਕ ਦੇ ਯਤਨ ਕੀਤੇ, ਵੱਖਰੀ ਗੱਲ ਹੈ ਕਿ ਉਹ ਕਦੇ ਵੀ ਕਿਸੇ ਬਲੈਕਮੇਲ ਅੱਗੇ ਝੁਕਦੇ ਨਹੀਂ ਸਨ। ਭਾਰਤ ਕੋਲ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਜੇ ਇੰਨੇ ਬੁਲੰਦ ਕਿਰਦਾਰ ਦਾ ਕੋਈ ਆਗੂ ਹੋਇਆ ਹੈ ਤਾਂ ਉਹ ਸਿਰਫ ਮਨਮੋਹਨ ਸਿੰਘ ਕਹੇ ਜਾ ਸਕਦੇ ਹਨ। ਇੰਨੀ ਮਹਾਨ ਸ਼ਖਸੀਅਤ ਦੇ ਦੁਨੀਆ ਤੋਂ ਚਲੇ ਜਾਣ ਨਾਲ ਜਿੱਡਾ ਖਲਾਅ ਪੈਦਾ ਹੋ ਗਿਆ ਹੈ, ਉਸ ਨੂੰ ਭਰਦਿਆਂ ਕਿੰਨਾ ਕੁ ਵਕਤ ਲੱਗ ਜਾਵੇਗਾ, ਕੋਈ ਅੰਦਾਜ਼ਾ ਨਹੀਂ ਲਾ ਸਕਦਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5575)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)