JatinderPannu7ਦਿੱਲੀ ਨੂੰ ਕੋਈ ਭਾਰਤ ਦਾ ਦਿਲ ਅਤੇ ਕੋਈ ਹੋਰ ‘ਮਿਨੀ ਹਿੰਦੁਸਤਾਨ’ ਆਖਦਾ ...
(21 ਜਨਵਰੀ 2025)


ਭਾਰਤ ਦੇਸ਼ ਦੀ ਰਾਜਧਾਨੀ ਦੀ ਵਿਧਾਨ ਸਭਾ ਚੋਣ ਲਈ ਹਰ ਵੱਡੀ ਧਿਰ ਦਾ ਸਾਰਾ ਜ਼ੋਰ ਲੱਗ ਪਿਆ ਹੈ
ਜਿਸ ਕਿਸੇ ਪਾਰਟੀ ਦਾ ਕਦੇ ਕੋਈ ਉਸ ਰਾਜ ਵਿੱਚ ਬੰਦਾ ਨਹੀਂ ਜਿੱਤਿਆ ਤੇ ਜਿੱਤਣ ਦਾ ਸੁਪਨਾ ਵੀ ਨਹੀਂ ਲੈਂਦੀ, ਲੀਡਰਸ਼ਿੱਪ ਉਨ੍ਹਾਂ ਦੀ ਵੀ ਇਹੋ ਪ੍ਰਭਾਵ ਦਿੰਦੀ ਦਿਸਦੀ ਹੈ ਕਿ ਉਹ ਸੱਤਾ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਹੈਲੋਕਤੰਤਰ ਦਾ ਇਹੋ ਨਵੇਕਲਾ ਰੰਗ ਹੈ ਕਿ ‘ਥੋਥਾ ਚਨਾ’ ਇੱਥੇ ‘ਬਾਜੇ ਘਨਾ’ ਦਾ ਮੁਹਾਵਰਾ ਸੱਚਾ ਸਾਬਤ ਕਰਨ ਲਈ ਲੜਦਾ ਦਿਸ ਪਵੇ ਤਾਂ ਹੈਰਾਨੀ ਕਿਸੇ ਨੂੰ ਨਹੀਂ ਹੋ ਸਕਦੀਉਂਜ ਇਹ ਚੋਣ ਅੱਧ-ਪਚੱਧੇ ਦਰਜੇ ਵਾਲੇ ਰਾਜ ਦੀ ਵਿਧਾਨ ਸਭਾ ਦੀ ਚੋਣ ਨਹੀਂ, ਅਸਲ ਵਿੱਚ ‘ਮਿਨੀ ਹਿੰਦੁਸਤਾਨ’ ਦੀ ਚੋਣ ਮੰਨ ਕੇ ਲੜੀ ਜਾਂਦੀ ਹੈ ਕਿਉਂਕਿ ਇਸ ਰਾਜ ਦੇ ਵੋਟਰਾਂ ਵਿੱਚ ਭਾਰਤ ਦੇਸ਼ ਦੇ ਹਰ ਵੱਡੇ ਅਤੇ ਹਰ ਛੋਟੇ ਰਾਜ ਦੇ ਲੋਕ ਸ਼ਾਮਲ ਹੁੰਦੇ ਹਨਕਈ ਲੋਕ ਇੱਥੇ ਰੋਜ਼ੀ ਦੀ ਭਾਲ ਵਿੱਚ ਆਏ ਅਤੇ ਵਸੇਬਾ ਕਰ ਕੇ ਇੱਥੋਂ ਦੇ ਹੋ ਗਏ ਹਨ ਅਤੇ ਕੁਝ ਆਪੋ-ਆਪਣੇ ਰਾਜ ਦੀ ਸਰਕਾਰੀ ਜਾਂ ਕਾਰੋਬਾਰੀ ਕੰਪਨੀਆਂ ਦੀ ਕਾਰਿੰਦਗੀ ਦੇ ਸਬੱਬ ਕਾਰਨ ਇੱਥੇ ਕੁਝ ਸਮੇਂ ਲਈ ਆਏ ਅਤੇ ਵੋਟਾਂ ਪਾਉਣ ਦਾ ਹੱਕ ਰੱਖਦੇ ਹਨਦੇਸ਼ ਦੇ ਹਰ ਰਾਜ ਦੀ ਹਰ ਤਰ੍ਹਾਂ ਦੀ ਸੋਚ ਅਤੇ ਸਿਆਸਤ ਦਾ ਪ੍ਰਗਟਾਵਾ ਇਸ ਰਾਜ ਦੀ ਚੋਣ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ ਤੇ ਇੱਥੇ ਭਾਰਤ ਦੇ ਗਰੀਬ ਰਾਜਾਂ ਦੇ ਹੋਣ ਜਾਂ ਖੁਸ਼ਹਾਲ ਗਿਣੇ ਜਾਣ ਵਾਲੇ ਰਾਜਾਂ ਦੇ ਹੋਣ, ਸਾਰੇ ਵੋਟਰਾਂ ਨੂੰ ਜਦੋਂ ਵੋਟਾਂ ਲੈਣ ਲਈ ਛੋਟਾਂ ਵਾਲਾ ਚੋਗਾ ਖਿਲਾਰਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਸਾਰਾ ਦੇਸ਼ ਹੀ ਇਹ ਚੋਗਾ ਚੁਗਣ ਰੁੱਝ ਗਿਆ ਹੈ

ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਰੈਲੀਆਂ ਵਿੱਚ ਇਹ ਗੱਲ ਕਹੀ ਸੀ ਕਿ ਕੁਝ ਸਿਆਸੀ ਪਾਰਟੀਆਂ ਦੇ ਆਗੂ ਸਾਡੇ ਵੋਟਰਾਂ ਨੂੰ ਮੁਫਤ ਦੀਆਂ ਰਿਉੜੀਆਂ ਵੰਡ ਕੇ ਇਨ੍ਹਾਂ ਦੇ ਬਦਲੇ ਵੋਟਾਂ ਲੈਣਾ ਚਾਹੁੰਦੇ ਹਨਜਿਹੜੀ ਰੈਲੀ ਵਿੱਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹਿਣ ਦਾ ਮੌਕਾ ਵਰਤਿਆ, ਉਸੇ ਰੈਲੀ ਵਿੱਚ ਖੁਦ ਉਸ ਨੇ ਵੀ ਉਸ ਇਲਾਕੇ ਅਤੇ ਉਸ ਰਾਜ ਦੇ ਵੋਟਰਾਂ ਲਈ ਇੱਦਾਂ ਦੀਆਂ ਕਈ ਛੋਟਾਂ ਦਾ ਛੱਟਾ ਦਿੱਤਾ ਅਤੇ ਕਿਹਾ ਸੀ ਕਿ ਇੰਨਾ ਕੁਝ ਸਿਰਫ ਭਾਜਪਾ ਹੀ ਦੇ ਸਕਦੀ ਹੈ ਅਤੇ ਮੋਦੀ ਤਾਂ ਮੋਦੀ ਹੈ, ਜਿਹੜੀ ਗੱਲ ਉਹ ਕਹਿੰਦਾ ਹੈ, ਉਹ ਫਿਰ ਕਰਦਾ ਵੀ ਹੈਵੰਡਣਾ ਤਾਂ ਰਿਊੜੀਆਂ ਦੇ ਲਾਰਿਆਂ ਦਾ ਲਿਫਾਫਾ ਸੀ, ਉਸ ਨਾਲ ਇਹ ਗੱਲ ਕਹਿ ਦੇਣ ਦਾ ਮਤਲਬ ਸੀ ਕਿ ਬਾਕੀਆਂ ਦਾ ਭਰੋਸਾ ਨਾ ਕਰਿਉ ਅਤੇ ਜੋ ਕੁਝ ਮੈਂ ਕਿਹਾ ਹੈ, ਇਸੇ ਨੂੰ ਸੱਚ ਜਾਣਿਉਉਸ ਵੇਲੇ ਪੰਡਾਲ ਦੀਆਂ ਅਗਲੀਆਂ ਕੁਰਸੀਆਂ ਉੱਤੇ ਬਿਠਾਏ ਪੱਕੇ ਸਮਰਥਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਸੁਣ ਕੇ ਤਾੜੀਆਂ ਮਾਰਨ ਦੀ ਸ਼ੁਰੂਆਤ ਉਨ੍ਹਾਂ ਨੇ ਕਰਨੀ ਅਤੇ ਫਿਰ ਪੰਡਾਲ ਗੂੰਜਣਾ ਹੁੰਦਾ ਹੈ, ਇਸ ਲਈ ਇਹ ਕੰਮ ਵਕਤ ਸਿਰ ਉਨ੍ਹਾਂ ਨੇ ਕਰ ਦਿੱਤਾ ਸੀ ਤੇ ਕਿਸੇ ਨੂੰ ਇਸ ਦਾਅਵੇ ਦਾ ਸੱਚ ਜਾਂ ਕੱਚ ਸੋਚਣ ਦਾ ਮੌਕਾ ਹੀ ਨਹੀਂ ਸੀ ਰਹਿਣ ਦਿੱਤਾ

ਅਗਲਿਆਂ ਦਿਨਾਂ ਵਿੱਚ ਅਸੀਂ ਇਹ ਵੇਖਿਆ ਤੇ ਸੁਣਿਆ ਕਿ ਬਾਕੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ ਨੂੰ ਕਈ ਤਰ੍ਹਾਂ ਭੰਡਿਆ ਸੀ, ਪਰ ਉਸ ਨੂੰ ਕੋਈ ਫਰਕ ਨਹੀਂ ਪੈਂਦਾਇੰਦਰਾ ਗਾਂਧੀ ਵੀ ਇੱਦਾਂ ਹੀ ਕਰਦੀ ਹੁੰਦੀ ਸੀ ਕਿ ਇੱਕ ਗੱਲ ਕਹਿੰਦੀ ਅਤੇ ਉਸ ਗੱਲ ਬਾਰੇ ਵਿਰੋਧੀਆਂ ਦਾ ਪ੍ਰਤੀਕਰਮ ਲੋਕਾਂ ਤਕ ਪਹੁੰਚਣ ਤੋਂ ਪਹਿਲਾਂ ਇੱਦਾਂ ਦਾ ਇੱਕ ਹੋਰ ਦਾਅਵਾ ਕਰ ਦਿੰਦੀ ਜਾਂ ਸ਼ੋਸ਼ਾ ਛੱਡ ਦਿੰਦੀ ਤੇ ਅਗਲੇ ਨਵੇਂ ਸ਼ੋਸ਼ੇ ਦੀ ਤਿਆਰੀ ਕਰਨ ਲੱਗ ਜਾਂਦੀ ਸੀਨਰਿੰਦਰ ਮੋਦੀ ਵੀ ਉਸੇ ਵਾਂਗ ਕਰਦਾ ਹੈਅੰਗਰੇਜ਼ੀ ਵਿੱਚ ‘ਹਿੱਟ ਐਂਡ ਰੰਨ’ ਦਾ ਮੁਹਾਵਰਾ ਹਾਦਸਾ ਕਰ ਕੇ ਭੱਜ ਜਾਣ ਵਾਲਿਆਂ ਵਾਸਤੇ ਬਣਿਆ ਹੈ, ਪਰ ਇਹੋ ਮੁਹਾਵਰਾ ਭਾਰਤ ਦੀਆਂ ਚੋਣਾਂ ਦੌਰਾਨ ਲੀਡਰਾਂ ਵੱਲੋਂ ਵਿਰੋਧੀਆਂ ਉੱਤੇ ਦੋਸ਼ ਲਾਉਣ ਅਤੇ ਜਵਾਬੀ ਹਮਲਾ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਰੇਂਜ ਤੋਂ ਨਿਕਲ ਕੇ ਕਿਸੇ ਹੋਰ ਇਲਾਕੇ ਵਿੱਚ ਨਵਾਂ ਨਾਅਰਾ ਦੇਣ ਜਾਂ ਨਵਾਂ ਸਿਆਸੀ ਹਾਦਸਾ ਕਰ ਕੇ ਅਗਲੇ ਹਾਦਸੇ ਵਾਸਤੇ ਮੈਦਾਨ ਵੱਲ ਭੱਜ ਜਾਣ ਲਈ ਵਰਤਿਆ ਜਾ ਸਕਦਾ ਹੈਸਿਰਫ ਨਰਿੰਦਰ ਮੋਦੀ ਨਹੀਂ, ਭਾਰਤ ਦੇ ਕਈ ਆਗੂ ਇਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ ਅਤੇ ਲੋਕਾਂ ਨੂੰ ਬੁੱਧ ਬਣਾਈ ਜਾਂਦੇ ਹਨ

ਅਸੀਂ ਇਨ੍ਹਾਂ ਚੋਣਾਂ ਲਈ ਹੁੰਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਬਿਆਨ ਪੜ੍ਹਿਆ ਸੀ ਕਿ ਦਿੱਲੀ ਵਿੱਚ ਇਸ ਵਾਰ ਫਿਰ ਸਰਕਾਰ ਬਣ ਗਈ ਤਾਂ ਉਨ੍ਹਾਂ ਦੀ ਪਾਰਟੀ ਇੱਥੋਂ ਦੀਆਂ ਔਰਤਾਂ ਲਈ ਹਰ ਮਹੀਨੇ ਇੱਕੀ ਸੌ ਰੁਪਏ ਗਰਾਂਟ ਭੇਜਿਆ ਕਰੇਗੀਭਾਜਪਾ ਦੇ ਬੁਲਾਰਿਆਂ ਨੇ ਉਸੇ ਸ਼ਾਮ ਟੀ ਵੀ ਚੈਨਲਾਂ ਉੱਤੇ ਦੁਹਾਈ ਪਾ ਦਿੱਤੀ ਕਿ ਦੇਸ਼ ਦੇ ਲੋਕ ਇਹ ਦੇਖ ਲੈਣ ਕਿ ਕੇਜਰੀਵਾਲ ਫਿਰ ਮੁਫਤ ਦੀਆਂ ਰਿਉੜੀਆਂ ਵੰਡਣ ਲੱਗ ਪਿਆ ਹੈਉਸ ਨੂੰ ਇਹ ਵੀ ਚਿੰਤਾ ਨਹੀਂ ਕਿ ਇਸਦੇ ਖਜ਼ਾਨੇ ਵਿੱਚ ਲੋੜੀਂਦੇ ਪੈਸੇ ਹੀ ਨਹੀਂ ਹਨਅਗਲੇ ਦਿਨ ਕਾਂਗਰਸ ਵੱਲੋਂ ਇਹ ਬਿਆਨ ਆ ਗਿਆ ਕਿ ਆਮ ਆਦਮੀ ਪਾਰਟੀ ਤਾਂ ਸਿਰਫ ਇੱਕੀ ਸੌ ਰੁਪਏ ਦੇਣ ਦਾ ਲਾਰਾ ਲਾਉਂਦੀ ਹੈ, ਕਾਂਗਰਸ ਸਰਕਾਰ ਬਣ ਗਈ ਤਾਂ ਹਰ ਔਰਤ ਨੂੰ ਇੱਕੀ ਸੌ ਨਹੀਂ, ਪੰਝੀ ਸੌ ਰੁਪਏ ਅਤੇ ਹਰ ਮਹੀਨੇ ਰਸੋਈ ਗੈਸ ਦਾ ਇੱਕ ਸਿਲੰਡਰ ਸਿਰਫ ਪੰਜ ਸੌ ਰੁਪਏ ਦਾ ਦਿੱਤਾ ਜਾਵੇਗਾਉਸ ਸ਼ਾਮ ਭਾਜਪਾ ਲੀਡਰਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਕਾਂਗਰਸ ਲੀਡਰਸ਼ਿੱਪ ਨੂੰ ਵੀ ਮੁਫਤ ਦੀਆਂ ਰਿਉੜੀਆਂ ਵੰਡਣ ਵਾਲੇ ਕਹਿ ਕੇ ਭੰਡਣ ਦੀ ਲਾਈਨ ਬੰਨ੍ਹ ਦਿੱਤੀ। ਇਹ ਗੱਲ ਵੀ ਸਾਰੇ ਜਾਣਦੇ ਹਨ ਕਿ ਮੀਡੀਏ ਦਾ ਬਹੁਤ ਵੱਡਾ ਹਿੱਸਾ ਸਿਰਫ ਭਾਜਪਾ ਲੀਡਰਸ਼ਿੱਪ ਦੀ ਅੱਖ ਦੇ ਇਸ਼ਾਰੇ ਦਾ ਮੁਥਾਜ ਹੋਣ ਕਾਰਨ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਨੰਬਰ ਬਣਾਉਣ ਨੂੰ ਤਤਪਰ ਰਹਿੰਦਾ ਹੈਇਨ੍ਹਾਂ ਦੋਵਾਂ ਪਾਰਟੀਆਂ ਦੀ ਭੰਡੀ ਕਰਨ ਲਈ ਹਿੰਦੀ ਦੇ ਇੱਕ ਕੌਮੀ ਪੱਧਰ ਦੇ ਅਖਬਾਰ ਨੇ ਸੰਪਾਦਕੀ ਲੇਖ ਵੀ ਲਿਖ ਦਿੱਤਾ, ਪਰ ਦਿਨ ਦੋ ਨਹੀਂ ਸੀ ਲੰਘ ਸਕੇ ਕਿ ਭਾਜਪਾ ਵਾਲਿਆਂ ਦਾ ‘ਸੰਕਲਪ ਪੱਤਰ’ ਜਾਰੀ ਹੋ ਗਿਆ, ਜਿਸ ਨੇ ਦੋਵਾਂ ਪਾਰਟੀਆਂ ਨੂੰ ਪਛਾੜ ਦਿੱਤਾਇਸ ਸੰਕਲਪ ਪੱਤਰ ਵਿੱਚ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਕਿ ਔਰਤਾਂ ਨੂੰ ਹਰ ਮਹੀਨੇ ਪੰਝੀ ਸੌ ਰੁਪਏ ਦੇ ਨਾਲ ਕਾਂਗਰਸ ਵਾਂਗ ਹਰ ਮਹੀਨੇ ਪੰਜ ਸੌ ਰੁਪਏ ਵਿੱਚ ਰਸੋਈ ਗੈਸ ਦਾ ਸਿਲੰਡਰ ਵੀ ਮਿਲੇਗਾ ਅਤੇ ਅਗਲੀ ਗੱਲ ਇਹ ਕਿ ਹੋਲੀ ਅਤੇ ਦੀਵਾਲੀ ਦੇ ਮੌਕੇ ਇੱਕ-ਇੱਕ ਹੋਰ ਸਿਲੰਡਰ ਮੁਫਤ ਦਿੱਤਾ ਜਾਵੇਗਾਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਭਾਜਪਾ ਦੇ ਜਿਹੜੇ ਬੁਲਾਰੇ ਦੋ ਦਿਨ ਮੁਫਤ ਦੀਆਂ ਰਿਉੜੀਆਂ ਵੰਡਣ ਲਈ ਭੰਡਦੇ ਰਹੇ ਸਨ, ਉਹ ਸਾਰਾ ਕੁਝ ਭੁੱਲ ਕੇ ਇਹ ਕਹਿਣ ਰੁੱਝ ਗਏ ਕਿ ਭਾਜਪਾ ਨੇ ਕਮਾਲ ਕਰ ਦਿੱਤੀ, ਦਿੱਲੀ ਦੀਆਂ ਔਰਤਾਂ ਲਈ ਹਰ ਮਹੀਨੇ ਮਿਲਣ ਵਾਲੀ ਰਕਮ ਵੀ ਹੋਰ ਪਾਰਟੀਆਂ ਤੋਂ ਵੱਧ ਅਤੇ ਨਾਲ ਗੈਸ ਸਿਲੰਡਰ ਦੀ ਸਹੂਲਤ ਵੀ ਭਾਜਪਾ ਵੱਧ ਦੇਵੇਗੀਇਸ ਤਰ੍ਹਾਂ ਰਿਉੜੀਆਂ ਵੰਡਣ ਜਾਂ ਵੋਟਰਾਂ ਦੇ ਅੱਖੀਂ ਘੱਟਾ ਪਾਉਣ ਦੀ ਖੇਡ ਵਿੱਚ ਭਾਰਤ ਦਾ ਮੀਡੀਆ ਵੀ ਸਿਆਸੀ ਪਾਰਟੀ ਦੇ ਵਾਂਗ ਹੀ ਪੂਰੀ ਤਰ੍ਹਾਂ ਨਿਕਲ ਤੁਰਿਆ ਹੈ

ਇੱਥੇ ਆਣ ਕੇ ਜ਼ਰਾ ਉਹ ਦਿਨ ਯਾਦ ਕਰੋ, ਜਦੋਂ ਦੇਸ਼ਭਗਤਾਂ ਨੇ ਵਿਦੇਸ਼ੀ ਹਕੂਮਤ ਦੇ ਖਿਲਾਫ ਝੰਡਾ ਚੁੱਕਿਆ ਤੇ ਓੜਕਾਂ ਦੀਆਂ ਸਖਤੀਆਂ ਸਹਾਰਦੇ ਹੋਏ ਜੇਲ੍ਹਾਂ ਭੁਗਤਣ ਅਤੇ ਫਾਂਸੀ ਦੇ ਰੱਸਿਆਂ ਨਾਲ ਝੂਲਣ ਦਾ ਰਾਹ ਫੜਿਆ ਸੀਉਨ੍ਹਾਂ ਨੂੰ ਅੰਗਰੇਜ਼ੀ ਰਾਜ ਇਸ ਲਈ ਬੁਰਾ ਨਹੀਂ ਸੀ ਲਗਦਾ ਕਿ ਉਨ੍ਹਾਂ ਦੀ ਚਮੜੀ ਸਾਡੇ ਲੋਕਾਂ ਦੇ ਮੁਕਾਬਲੇ ਗੋਰੀ ਹੋਣ ਕਾਰਨ ਸਾਨੂੰ ਖਿਝ ਚੜ੍ਹਦੀ ਸੀ, ਗੋਰੀ ਚਮੜੀ ਵਾਲੇ ਕਈ ਗੋਰੇ ਲੋਕ ਤਾਂ ਸਾਡੇ ਦੇਸ਼ਭਗਤਾਂ ਦਾ ਸਹਿਯੋਗ ਵੀ ਕਰਦੇ ਸਨਭਾਰਤੀ ਲੋਕਾਂ ਦੀ ਲੁੱਟ ਵਿਦੇਸ਼ੀ ਸਰਕਾਰ ਦੇ ਏਜੰਟਾਂ ਨੇ ਬਹੁਤ ਕੀਤੀ ਸੀ, ਪਰ ਇਹ ਵੀ ਵੱਡਾ ਕਾਰਨ ਨਹੀਂ ਸੀ ਹੋ ਸਕਦਾ, ਸਾਡੇ ਭਾਰਤ ਦੇਸ਼ ਦੇ ਰਾਜੇ-ਰਜਵਾੜੇ ਜਾਂ ਉਨ੍ਹਾਂ ਦੇ ਰੱਖੇ ਹੋਏ ਜ਼ੈਲਦਾਰ ਆਦਿ ਵੀ ਇਨ੍ਹਾਂ ਲੋਕਾਂ ਨਾਲ ਘੱਟ ਨਹੀਂ ਸੀ ਕਰਿਆ ਕਰਦੇ, ਸਾਰੀ ਖੂਨ-ਪਸੀਨੇ ਦੀ ਕਮਾਈ ਆਪਣੇ ਲੱਠ-ਮਾਰਾਂ ਨੂੰ ਨਾਲ ਲਿਆ ਕੇ ਖੋਹ ਕੇ ਲੈ ਜਾਂਦੇ ਸਨ ਅਤੇ ਆਮ ਲੋਕਾਂ ਦੀਆਂ ਧੀਆਂ ਚੁੱਕ ਕੇ ਆਪਣੀਆਂ ਹਵੇਲੀਆਂ ਅਤੇ ਮਹਿਲਾਂ ਵਿੱਚ ਵੀ ਚਿੱਟੇ ਦਿਨ ਲੈ ਜਾਇਆ ਕਰਦੇ ਸਨਇਹ ਅਣਖ ਤੋਂ ਵਾਂਝਾ ਮਾਹੌਲ ਸੀ, ਜਿਸ ਦੌਰਾਨ ਦੇਸ਼ਭਗਤਾਂ ਨੇ ਅੰਗਰੇਜ਼ਾਂ ਅਤੇ ਉਨ੍ਹਾਂ ਦੇ ਟੋਡੀਆਂ ਵਿਰੁੱਧ ਜਾਨਾਂ ਕੁਰਬਾਨ ਕਰਨ ਵਾਲਾ ਸੰਘਰਸ਼ ਵਿੱਢਿਆ ਤੇ ਅੰਤ ਤਕ ਲੜਿਆ ਸੀਉਹ ਆਖਿਆ ਕਰਦੇ ਸਨ ਕਿ ਦੇਸ਼ ਦੇ ਲੋਕਾਂ ਦੀ ਕ੍ਰਿਤ ਦੇ ਨਾਲ ਸਨਮਾਨ ਨਾਲ ਜਿਊਣ ਦਾ ਹੱਕ ਵੀ ਉਨ੍ਹਾਂ ਨੂੰ ਦਿਵਾਉਣਾ ਹੈ, ਜਿਹੜਾ ਉਸ ਅੰਗਰੇਜ਼ੀ ਰਾਜ ਵਿੱਚ ਨਹੀਂ ਮਿਲ ਸਕਦਾ, ਜਿਸ ਵਿੱਚ ਵੱਡਿਆਂ ਸ਼ਹਿਰਾਂ ਵਿੱਚ ਅੰਗਰੇਜ਼ਾਂ ਲਈ ਰਾਖਵੀਂਆਂ ਮਾਲ ਰੋਡਾਂ ਤੋਂ ਲੰਘਣ ਦੇ ਵਕਤ ਭਾਰਤੀਆਂ ਨੂੰ ਗੋਡੇ ਟੇਕ ਕੇ ਚੱਲਣਾ ਪੈਂਦਾ ਜਾਂ ਛਾਂਟਿਆਂ ਦੀ ਮਾਰ ਖਾਣੀ ਪੈ ਜਾਂਦੀ ਸੀਉਸ ਬੇਅਣਖੇ ਜੀਵਨ ਖਿਲਾਫ ਸੰਘਰਸ਼ ਨੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਦਿਵਾਈ ਸੀ ਤੇ ਉਨ੍ਹਾਂ ਦਾ ਸਾਰਾ ਕੁਝ ਖੱਟਿਆ-ਕਮਾਇਆ ਅੱਜ ਇਸ ਲੋਕਤੰਤਰ ਵਿੱਚ ਰੁੜ੍ਹਦਾ ਜਾਪਦਾ ਹੈ

ਅਸੀਂ ਲੋਕ ਜਦੋਂ ਅਜੇ ਬੱਚੇ ਸਾਂ, ਪੰਜਾਬ ਦੇ ਸਕੂਲਾਂ ਵਿੱਚ ਤਿੰਨ ਗਾਣੇ ਬੜੀ ਉਚੇਚ ਨਾਲ ਸਿਖਾਏ ਅਤੇ ਸਨਿੱਚਰਵਾਰ ਦੀਆਂ ਸਭਾਵਾਂ ਵਿੱਚ ਗਾਉਣ ਲਈ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਸੀਇੱਕ ਗਾਣਾ ਭਾਰਤ ਦੇ ਰਾਸ਼ਟਰੀ ਗੀਤ ‘ਜਨ ਗਣ ਮਨ’ ਵਾਂਗ ਪੰਜਾਬੀ ਦਾ ਰਾਸ਼ਟਰੀ ਗੀਤ ਸਮਝਿਆ ਜਾਂਦਾ ਸੀ, ‘ਹੇ ਪਿਆਰੀ ਭਾਰਤ ਮਾਂ, ਤੈਨੂੰ ਅਸੀਂ ਸੀਸ ਨਿਵਾਂਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ ...’, ਇਹ ਗੀਤ ਤੇਰਾ ਸਿੰਘ ਚੰਨ ਦਾ ਲਿਖਿਆ ਸੀਦੂਸਰਾ ਗੀਤ ਪੰਜਾਬ ਦੇ ਵਿਕਾਸ ਦੀ ਜੜ੍ਹ ਬਣੀਆਂ ਨਹਿਰਾਂ ਬਾਰੇ ‘ਭਾਖੜੇ ਤੋਂ ਆਈ ਇੱਕ ਮੁਟਿਆਰ ਨੱਚਦੀ’ ਹੁੰਦਾ ਸੀਤੀਸਰਾ ਗੀਤ ਸੀ: ‘ਉਹ ਵੇਲਾ ਯਾਦ ਕਰ, ਜਦੋਂ ਭਾਰਤ ਭੁੱਖਾ ਰਹਿ ਕੇ, ਹਾਏ ਠੰਢੇ ਹਉਕੇ ਲੈ ਕੇ, ਪਿਆ ਵਕਤ ਟਪਾਉਂਦਾ ਸੀ, ਉਹ ਵੇਲਾ ਯਾਦ ਕਰ।’ ਉਸ ਗੀਤ ਦੀ ਸਾਰੀ ਕਹਾਣੀ ਇਹ ਸੀ ਕਿ ਅਸੀਂ ਲੋਕ ਭੋਖੜੇ ਕੱਟਦੇ ਅਤੇ ਤੇਰ੍ਹਵੇਂ ਮਹੀਨੇ ਵਿੱਚ ਅਗਲੀ ਫਸਲ ਤੋਂ ਪਹਿਲਾਂ ਦਾਣੇ ਮੁੱਕ ਜਾਣ ਕਰ ਕੇ ਸਰਕਾਰੀ ਗਰਾਂਟਾਂ ਦੀ ਝਾਕ ਰੱਖਦੇ ਹੁੰਦੇ ਸਾਂ, ਪਰ ਅੱਜ ਖੇਤਾਂ ਵਿੱਚ ਖਾਣ ਜੋਗਾ ਅੰਨ ਪੈਦਾ ਹੋਣ ਲੱਗ ਪਿਆ ਹੈ ਤਾਂ ਉਹ ਵੇਲਾ ਯਾਦ ਕਰ ਕੇ ਇਸ ਮਾਣਯੋਗ ਸਥਿਤੀ ਦਾ ਅਹਿਸਾਸ ਕਰਨਾ ਚਾਹੀਦਾ ਹੈਲੇਖਕ ਨੇ ਉਹ ਗੀਤ ਸਾਡੀ ਪੀੜ੍ਹੀ ਦੇ ਲੋਕਾਂ ਲਈ ਸ਼ਾਇਦ ਨਹੀਂ, ਸਾਥੋਂ ਪਹਿਲੀ ਪੀੜ੍ਹੀ ਦੇ ਲੋਕਾਂ ਦੀ ਚੇਤਨਾ ਨੂੰ ਟੁੰਬਣ ਲਈ ਲਿਖਿਆ ਹੋਵੇ, ਤਾਂ ਕਿ ਆਜ਼ਾਦੀ ਅਤੇ ਆਪਣੇ ਸਵੈ-ਮਾਣ ਦਾ ਖਿਆਲ ਰੱਖਣ ਅਤੇ ਕਿਸੇ ਅੱਗੇ ਹੱਥ ਜਾਂ ਝੋਲੀ ਅੱਡਣ ਤੋਂ ਪਹਿਲਾਂ ਕੁਝ ਸੋਚਿਆ ਕਰਨਅੱਜ ਫਿਰ ਉਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਲਗਦੀ ਹੈ, ਜਿਸ ਵਿੱਚ ਸਾਡੇ ਲੋਕਾਂ ਨੂੰ ਕਿਰਤ ਕਰਨ ਦੀ ਸੋਝੀ ਤੇ ਸ਼ਕਤੀ ਦੇਣ ਦੀ ਥਾਂ ਮੁਫਤ ਦੀਆਂ ਰਿਉੜੀਆਂ ਚੱਬਣ ਅਤੇ ਇੱਦਾਂ ਦਾ ਗੱਫਾ ਹੋਰ ਮਿਲਣ ਦੀ ਉਡੀਕ ਵਿੱਚ ਕਿਸੇ ਅਗਲੀ ਚੋਣ ਦੀ ਉਡੀਕ ਵਿੱਚ ਔਂਸੀਆਂ ਪਾਉਣ ਵਾਲਾ ਚਸਕਾ ਲਾ ਦਿੱਤਾ ਹੈਲੀਡਰ ਆਪਣੇ ਆਪ ਨੂੰ ਸਖੀ ਦਾਤੇ ਵਰਗਾ ਪੇਸ਼ ਕਰਨ ਲੱਗਦੇ ਹਨ ਤੇ ਆਮ ਲੋਕਾਂ ਨੂੰ ਆਪਣੇ ਸਾਹਮਣੇ ਹੱਥ ਜਾਂ ਝੋਲੀਆਂ ਅੱਡ ਕੇ ਖੜ੍ਹੇ ਮੰਗਤਿਆਂ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ ਚੋਣਾਂ ਦਾ ਐਲਾਨ ਹੁੰਦੇ ਸਾਰ ਸਬਸਿਡੀਆਂ ਵਾਲੇ ਚੋਣ ਮੈਨੀਫੈਸਟੋ ਜਾਂ ਅਖੌਤੀ ‘ਸੰਕਲਪ ਪੱਤਰ’ ਜਦੋਂ ਪੇਸ਼ ਕੀਤੇ ਜਾਂਦੇ ਹਨ, ਇਹ ਸਭ ਆਮ ਲੋਕਾਂ ਦੀ ਜ਼ਮੀਰ ਦੀ ਬੋਲੀ ਦੇਣ ਵਾਂਗ ਜਾਪਦੇ ਹਨਜਿਹੜੀ ਪਾਰਟੀ ਜਿੰਨੇ ਵੱਡੇ ਪੱਧਰ ਅਤੇ ਜਿੰਨੀ ਪਹੁੰਚ ਵਾਲੀ ਹੁੰਦੀ ਹੈ, ਓਨਾ ਵੱਧ ਭਾਅ ਪੇਸ਼ ਕਰ ਕੇ ਜ਼ਮੀਰਾਂ ਖਰੀਦਣੀਆਂ ਚਾਹੁੰਦੀ ਜਾਪਦੀ ਹੈ

ਦਿੱਲੀ ਨੂੰ ਕੋਈ ਭਾਰਤ ਦਾ ਦਿਲ ਅਤੇ ਕੋਈ ਹੋਰ ‘ਮਿਨੀ ਹਿੰਦੁਸਤਾਨ’ ਆਖਦਾ ਹੈ ਅਤੇ ਇਸ ਵਿੱਚ ਕੋਈ ਗਲਤ ਗੱਲ ਵੀ ਨਹੀਂਦੇਸ਼ ਦੇ ਲੋਕ ਕਿੱਦਾਂ ਸੋਚਦੇ ਹਨ, ਹਰ ਰਾਜ ਵਿੱਚ ਚੱਲ ਰਹੀ ਸਿਆਸਤ ਦਾ ਬਹੁਤਾ ਜਾਂ ਥੋੜ੍ਹਾ ਕੁਝ ਰੰਗ ਦਿੱਲੀ ਦੇ ਸੱਭਿਆਚਾਰਕ ਜੀਵਨ ਵਿੱਚ ਵੀ ਝਲਕਦਾ ਹੈ ਅਤੇ ਖਾਹਿਸ਼ਾਂ ਵਿੱਚ ਵੀਜਦੋਂ ਰਾਜਨੀਤਕ ਪਾਰਟੀਆਂ ਦੇ ਆਗੂ ਚੋਣਾਂ ਦਾ ਪਰਾਗਾ ਚੁੱਕਣ ਲਈ ਲੋਕਾਂ ਅੱਗੇ ਇੱਦਾਂ ਦੀਆਂ ਛੋਟਾਂ ਦਾ ਛੱਟਾ ਦੇਣ ਲੱਗਦੇ ਹਨ ਤਾਂ ਇਸਦਾ ਕੁਝ ਅਸਰ ਇਹ ਲੋਕ ਆਪਣੇ ਰਾਜਾਂ ਵਿੱਚ ਵੀ ਲੈ ਜਾਣਗੇ ਅਤੇ ਅਗਲੀ ਵਾਰੀ ਇਹ ਕੁਝ ਉੱਥੇ ਹੁੰਦਾ ਦਿਸੇਗਾਭਾਰਤ ਦੇ ਲੋਕਾਂ ਨੂੰ ਇੱਜ਼ਤ ਨਾਲ ਕਮਾਉਣ ਅਤੇ ਖਾਣ ਜੋਗੇ ਹੋਣ ਲਈ ਕੋਈ ਯੋਜਨਾ ਪੇਸ਼ ਕਰਨ ਵਾਲਾ ਆਗੂ ਅੱਜਕੱਲ੍ਹ ਲੱਭਣਾ ਕਿਸੇ ਗਧੇ ਦੇ ਸਿਰ ਤੋਂ ਗੁਆਚੇ ਹੋਏ ਸਿੰਗ ਲੱਭਣ ਵਰਗਾ ਕੰਮ ਹੈ, ਪਰ ਜ਼ਮੀਰਾਂ ਖਰੀਦਣ ਲਈ ਲਾਰਿਆਂ ਦੇ ਲਾਲੀਪਾਪ ਵੰਡਣ ਦਾ ਕੰਮ ਹਰ ਆਗੂ ਕਰੀ ਜਾਂਦਾ ਹੈ ਇੱਦਾਂ ਲਗਦਾ ਹੈ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਬੇਅਣਖਾ ਕਰ ਦੇਣਾ ਚਾਹੁੰਦੇ ਹਨ, ਤਾਂ ਕਿ ਉਹ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਤੋਂ ਸਿਰਫ ਵਾਂਝੇ ਨਾ ਰਹਿਣ, ਇਸ ਬਾਰੇ ਸੋਚਣਾ ਵੀ ਛੱਡ ਦੇਣਜਿਹੜਾ ਕੁਝ ਦਿੱਲੀ ਦੀਆਂ ਇਨ੍ਹਾਂ ਚੋਣਾਂ ਵਿੱਚ ਪੇਸ਼ ਹੁੰਦਾ ਪਿਆ ਹੈ, ਉਸ ਕਾਰਨ ਭੁੱਖਾਂ ਕੱਟਦੇ ਵਕਤ ਵੀ ਅਣਖ ਦਾ ਪੱਲਾ ਫੜੀ ਰੱਖਣ ਅਤੇ ਵਿਦੇਸ਼ੀ ਹਾਕਮਾਂ ਵਿਰੁੱਧ ਲੜਨ ਵਾਲੇ ਭਾਰਤ ਦੇ ਲੋਕਾਂ ਨੇ ਉਦੋਂ ਜੋ ਕਰ ਵਿਖਾਇਆ ਸੀ, ਉਹ ਭੁੱਲ ਸਕਦਾ ਹੈਇਸ ਲਈ ਅੱਜ ਵਾਲੇ ਇਸ ਮਾਹੌਲ ਵਿੱਚ ਮੁੜ-ਮੁੜ ਉਦੋਂ ਵਾਲਾ ਇਹ ਗੀਤ ਯਾਦ ਆਉਂਦਾ ਹੈ: ਉਹ ਵੇਲਾ ਯਾਦ ਕਰ, ਜਦੋਂ ਭਾਰਤ ਭੁੱਖਾ ਰਹਿ ਕੇ, ਹਾਏ ਠੰਢੇ ਹਉਕੇ ਲੈ ਕੇ ਪਿਆ ਵਕਤ ਟਪਾਉਂਦਾ ਸੀ, ਉਹ ਵੇਲਾ ਯਾਦ ਕਰਭੋਖੜੇ ਨੂੰ ਜਰਦਿਆਂ ਅਤੇ ਹਉਕੇ ਭਰਦਿਆਂ ਵੀ ਘੱਟੋ-ਘੱਟ ਅਣਖ ਤਾਂ ਪੱਲੇ ਸੀ, ਆਜ਼ਾਦ ਦੇਸ਼ ਦਾ ਲੋਕਤੰਤਰ ਉਹ ਅਣਖ ਵੀ ਖੋਹੀ ਜਾਂਦਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author