JatinderPannu7ਖਤਰਾ ਉਸ ਤੋਂ ਕਈ ਕਦਮ ਅਗਾਂਹ ਵਧ ਚੁੱਕਾ ਹੈ ਅਤੇ ਇਨਸਾਨੀਅਤ ਦੁਹਾਈ ਦਿੰਦੀ ਪਈ ਹੈ ਕਿ ...
(11 ਜੂਨ 2025)

ਬੀਤੇ ਹਫਤੇ ਦਾ ਉਹ ਦਿਨ ਚਿਰਾਂ ਤਕ ਕਈ ਲੋਕਾਂ ਨੂੰ ਯਾਦ ਰਹੇਗਾ, ਜਦੋਂ ਯੁਕਰੇਨ ਵੱਲੋਂ ਕੀਤੇ ਡਰੋਨ ਹਮਲਿਆਂ ਨਾਲ ਰੂਸ ਦੇ ਇੱਕ ਹਵਾਈ ਅੱਡੇ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਸੀ। ਸੰਸਾਰ ਭਰ ਦਾ ਮੀਡੀਆ ਇਹ ਦੱਸਣ ਲਈ ਜ਼ੋਰ ਲਾਈ ਗਿਆ ਕਿ ਛੋਟੇ ਜਿਹੇ ਇਸ ਦੇਸ਼ ਨੇ ਰੂਸ ਵਰਗੀ ਤਾਕਤ ਨੂੰ ਇਸ ਹਮਲੇ ਨਾਲ ਹਿਲਾ ਦਿੱਤਾ ਹੈ ਤੇ ਉਹ ਇਸ ਚੋਟ ਦਾ ਬਦਲਾ ਲੈਣ ਲਈ ਹਰ ਹੀਲਾ ਵਰਤਣ ਤਕ ਜਾ ਸਕਦਾ ਹੈ। ਹਮਲੇ ਦਾ ਢੰਗ ਖਬਰ ਏਜੰਸੀਆਂ ਨੇ ਵੀ ਅਤੇ ਮਾਹਰਾਂ ਨੇ ਵੀ ਉਸ ਹਮਲੇ ਦੇ ਮੁਕਾਬਲੇ ਦਾ ਬਣਾ ਕੇ ਪੇਸ਼ ਕੀਤਾ, ਜਿਸ ਵਿੱਚ ਇਸਰਾਈਲ ਨੇ ਪਹਿਲਾਂ ਕਿਸੇ ਵਪਾਰਕ ਕੰਪਨੀ ਦੇ ਰਾਹੀਂ ਪੇਜਰ ਵੇਚੇ ਸਨ ਤੇ ਜਦੋਂ ਉਹ ਪੇਜਰ ਇਸਰਾਈਲ ਦੇ ਦੁਸ਼ਮਣਾਂ ਨੇ ਵਰਤਣ ਲਈ ਖਰੀਦ ਲਏ ਸਨ ਤਾਂ ਇੱਕ ਦਿਨ ਅਚਾਨਕ ਉਨ੍ਹਾਂ ਅੰਦਰਲੇ ਬਰੂਦ ਦਾ ਬਟਨ ਇਸਰਾਈਲ ਵਿੱਚੋਂ ਬੈਠਿਆਂ ਦੱਬ ਦਿੱਤਾ ਸੀ। ਇਸ ਅਨੋਖੇ ਹਮਲੇ ਵਿੱਚ ਇਸਰਾਈਲ ਨੇ ਆਪਣੇ ਕਿੰਨੇ ਦੁਸ਼ਮਣ ਮਾਰੇ, ਇਹ ਤਾਂ ਪਤਾ ਨਹੀਂ, ਪਰ ਜਦੋਂ ਯੁਕਰੇਨ ਨੇ ਅਚਾਨਕ ਇਹੋ ਦਾਅ ਵਰਤਿਆ ਅਤੇ ਮਾਲ-ਵਾਹਕ ਟਰੱਕਾਂ ਵਿੱਚ ਲੁਕਾ ਕੇ ਰੂਸ ਦੇ ਏਅਰ ਬੇਸ ਤਕ ਡਰੋਨ ਪਹੁੰਚਾਏ ਅਤੇ ਹਮਲਾ ਕਰ ਕੇ ਉਸ ਦਾ ਅਣਕਿਆਸਿਆ ਨੁਕਸਾਨ ਕਰ ਦਿੱਤਾ ਤਾਂ ਦੁਨੀਆ ਹੈਰਾਨ ਰਹਿ ਗਈ ਸੀ। ਸੰਸਾਰ ਦੀਆਂ ਘਟਨਾਵਾਂ ਦੀ ਵਿਆਖਿਆ ਕਰਨ ਵਾਲੇ ਮਾਹਰਾਂ ਦੀ ਇਸ ਬਾਰੇ ਇੱਕੋ ਰਾਏ ਸੀ ਕਿ ਇੱਦਾਂ ਦਾ ਹਮਲਾ ਯੁਕਰੇਨ ਆਪਣੇ ਆਪ ਕਰਨ ਜੋਗਾ ਨਹੀਂ ਅਤੇ ਇਹ ਕੰਮ ਉਸ ਨੇ ਆਪਣੇ ਹਿਮਾਇਤੀ ਗਠਜੋੜ ਦੇ ਰਣਨੀਤੀਕਾਰਾਂ ਦੀ ਸਲਾਹ ਅਤੇ ਸਹਾਇਤਾ ਨਾਲ ਕੀਤਾ ਹੋਵੇਗਾ।

ਇਹ ਹਮਲਾ ਹੋਣ ਮਗਰੋਂ ਇਹ ਚਰਚਾ ਛਿੜ ਗਈ ਕਿ ਰੂਸ ਇਸਦਾ ਬਦਲਾ ਲਵੇਗਾ ਅਤੇ ਇਹ ਚਰਚਾ ਵੀ ਨਾਲ ਛਿੜ ਗਈ ਕਿ ਜਿੱਦਾਂ ਦਾ ਹਮਲਾ ਅਤੇ ਨੁਕਸਾਨ ਜਾਪਾਨ ਨੇ ਦੂਸਰੀ ਸੰਸਾਰ ਜੰਗ ਦੌਰਾਨ ਪਰਲ ਹਾਰਬਰ ਦੇ ਹਮਲੇ ਨਾਲ ਅਮਰੀਕਾ ਦਾ ਕਰ ਦਿੱਤਾ ਸੀ, ਇਹ ਹਮਲਾ ਰੂਸ ਲਈ ਦੂਸਰਾ ਪਰਲ ਹਾਰਬਰ ਹੋ ਸਕਦਾ ਹੈ। ਦੂਸਰਾ ਪਰਲ ਹਾਰਬਰ ਹੋ ਸਕਦਾ ਦਾ ਮਤਲਬ ਇਹ ਦੱਸਿਆ ਗਿਆ ਕਿ ਜਿਵੇਂ ਅਮਰੀਕਾ ਨੇ ਪਰਲ ਹਾਰਬਰ ਦਾ ਬਦਲਾ ਲੈਣ ਦਾ ਬਹਾਨਾ ਬਣਾ ਕੇ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਐਟਮੀ ਹਮਲੇ ਕੀਤੇ ਸਨ, ਰੂਸ ਉੱਦਾਂ ਦਾ ਐਟਮੀ ਹਮਲਾ ਵੀ ਕਰ ਸਕਦਾ ਹੈ ਤੇ ਚਰਚਾ ਇਹ ਵੀ ਹੋਈ ਕਿ ਉਸ ਨੇ ਇਸ ਮਕਸਦ ਲਈ ਐਟਮੀ ਨੀਤੀ ਤਬਦੀਲ ਕਰ ਲਈ ਹੈ। ਸੰਸਾਰ ਦੇ ਮਾਹਰਾਂ ਨੇ ਇਹ ਵੀ ਦੱਸਿਆ ਕਿ ਰੂਸ ਨੇ ਅੱਜ ਤਕ ਦੀ ਐਟਮੀ ਹਮਲੇ ਦੀ ਪਹਿਲ ਨਾ ਕਰਨ ਦੀ ਨੀਤੀ ਤਬਦੀਲ ਕਰ ਕੇ ਇਹ ਨੀਤੀ ਅਪਣਾ ਲਈ ਹੈ ਕਿ ਜੇ ਉਸ ਦੀ ਅਖੰਡਤਾ ਅਤੇ ਖੁਦਮੁਖਤਾਰੀ ਨੂੰ ਖਤਰਾ ਮਹਿਸੂਸ ਹੋਇਆ ਤਾਂ ਉਸ ਨੂੰ ਪਹਿਲ ਕਰਨ ਵਿੱਚ ਵੀ ਕੋਈ ਝਿਜਕ ਨਹੀਂ ਹੋਵੇਗੀ। ਇਨ੍ਹਾਂ ਮਾਹਰਾਂ ਨੇ ਇਹ ਸਾਰਾ ਕੁਝ ਇਸ ਤਰ੍ਹਾਂ ਪੇਸ਼ ਕੀਤਾ ਕਿ ਇਸਦੇ ਬਾਅਦ ਜੰਗ ਬੱਸ ਲੱਗਣ ਹੀ ਵਾਲੀ ਹੈ ਅਤੇ ਜੰਗ ਵੀ ਸਧਾਰਨ ਨਹੀਂ, ਐਟਮੀ ਕਿਸਮ ਦੀ ਹੋਣ ਵਾਲੀ ਹੈ।

ਮੌਤਾਂ ਅਤੇ ਮਕਾਣਾਂ ਦੀ ਚਰਚਾ ਨਾਲ ਆਪਣੀ ਹੈਸੀਅਤ ਪੇਸ਼ ਕਰਨ ਵਾਲੇ ਮੀਡੀਆ ਮਾਹਰਾਂ ਨੇ ਇਸ ਤਰ੍ਹਾਂ ਕਈ ਵਾਰੀ ਕਿਆਮਤ ਦੇ ਕਿਆਫੇ ਲਾ ਕੇ ਦੁਨੀਆ ਦਾ ਤ੍ਰਾਹ ਕੱਢਿਆ ਹੈ, ਪਰ ਅਜੇ ਤਕ ਇਹ ਗੱਲ ਹੋਈ ਨਹੀਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਗੱਲ ਹੋ ਨਹੀਂ ਸਕਦੀ, ਹੋਣ ਨੂੰ ਕਦੇ ਵੀ ਹੋ ਸਕਦੀ ਹੈ, ਪਰ ਜਿੱਦਾਂ ਚਰਚੇ ਕਰਨ ਵਾਲੇ ਇਹ ਮੁੱਦਾ ਪੇਸ਼ ਕਰਦੇ ਹਨ, ਉਹ ਵੀ ਭਾਰਤ ਦੇ ਕੌਮੀ ਚੈਨਲਾਂ ਦੇ ਕੈਮਰਿਆਂ ਅੱਗੇ ਬੈਠੇ ਮੁੰਡਿਆਂ ਅਤੇ ਕੁੜੀਆਂ ਵਾਂਗ ਹਕੀਕਤ ਬਿਆਨੀ ਘੱਟ ਅਤੇ ਦਹਿਸ਼ਤ ਪਰੋਸਣ ਦਾ ਕੰਮ ਵੱਧ ਕਰਦੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਮਈ ਵਿੱਚ ਜਿਹੋ ਜਿਹਾ ਤਣਾਓ ਬਣਿਆ ਸੀ, ਰੂਸ ਅਤੇ ਯੁਕਰੇਨ ਦਾ ਉਸ ਤੋਂ ਵੱਧ ਪਿਛਲੇ ਕਈ ਸਾਲਾਂ ਤੋਂ ਬਣਿਆ ਰਿਹਾ ਤੇ ਕਰੀਮੀਆ ਉੱਤੇ ਰੂਸ ਦੇ ਕਬਜ਼ੇ ਦੇ ਦਿਨਾਂ ਤੋਂ ਚੱਲਦਾ ਪਿਆ ਹੈ, ਪਰ ਐਟਮੀ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਰੂਸ ਵੱਲੋਂ ਦਿੱਤੀ ਕਦੇ ਕਿਸੇ ਨਹੀਂ ਸੁਣੀ। ਇਸਦੇ ਉਲਟ ਭਾਰਤ ਦੇ ਗਵਾਂਢ ਪਾਕਿਸਤਾਨ ਵਿੱਚੋਂ ਕਈ ਸਿਆਸੀ ਲੀਡਰ ਗਾਹੇ-ਬਗਾਹੇ ਇੱਦਾਂ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ ਅਤੇ ਇੱਕ ਵਾਰੀ ਇੱਕ ਸਿਰ ਫਿਰੇ ਪਾਕਿਸਤਾਨੀ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਭਾਰਤ ਦੇ ਖਿਲਾਫ ਵਰਤਣ ਲਈ ਉਨ੍ਹਾਂ ਨੇ ਪਾਈਆ-ਪਾਈਆ ਦੇ ਐਟਮ ਬੰਬ ਬਣਾਏ ਹੋਏ ਹਨ, ਜਿਹੜੇ ਗਲੀ-ਗਲੀ ਵਿੱਚ ਚਲਾ ਦਿੱਤੇ ਜਾਣਗੇ। ਦੋਂ ਦੁਨੀਆ ਹੈਰਾਨ ਹੋ ਗਈ ਕਿ ਪਾਕਿਸਤਾਨ ਪਹਿਲਾ ਦੇਸ਼ ਹੈ, ਜਿਸ ਨੇ ਪਾਈਆ-ਪਾਈਆ ਦੇ ਐਟਮ ਬੰਬ ਬਣਾ ਰੱਖੇ ਹਨ, ਪਰ ਇਹ ਧਮਕੀ ਹੀ ਸੀ, ਵਰਤਣ ਦੀ ਨੌਬਤ ਕਦੇ ਵੀ ਨਹੀਂ ਆਈ। ਇਸ ਵਾਰ ਜਦੋਂ ਮਈ ਵਿੱਚ ਪਾਕਿਸਤਾਨ ਨਾਲ ਤਣਾਓ ਜਿਹਾ ਬਣਿਆ ਤਾਂ ਸਭ ਤੋਂ ਭੱਦਾ ਬਿਆਨ ਉਸ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪੁੱਤਰ ਦਾ ਸੀ ਕਿ ਪਾਕਿਸਤਾਨ ਦੀਆਂ ਨਦੀਆਂ ਵਿੱਚ ਹਿੰਦੁਸਤਾਨ ਦੇ ਲੋਕਾਂ ਦਾ ਖੂਨ ਵਗੇਗਾਜਿੰਨੀ ਕਿਸੇ ਨੂੰ ਅਕਲ ਹੋਵੇ, ਨੀ ਕੁ ਸਿਆਣੀ ਗੱਲ ਕਰ ਛੱਡਦਾ ਹੈ, ਪਰ ਅਸਲ ਵਿੱਚ ਇੱਦਾਂ ਦੀ ਸਥਿਤੀ ਇਸ ਖਿੱਤੇ ਵਿੱਚ ਅਜੇ ਤਕ ਨਹੀਂ ਆਈ ਤੇ ਛੇਤੀ ਕੀਤੇ ਆਉਣੀ ਵੀ ਨਹੀਂ ਕਿ ਐਟਮ ਬੰਬ ਚਲਾਏ ਜਾਣ।

ਫਿਰ ਵੀ ਨੋਟ ਕਰਨ ਵਾਲੀ ਵੱਡੀ ਗੱਲ ਇਹ ਹੈ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਅੱਜ ਤਕ ਦੇ ਵਕਤ ਦੌਰਾਨ ਕਦੇ ਵੀ ਇੰਨੇ ਕਿਸਮ ਦੇ ਟਕਰਾਅ ਤੇ ਇਸ ਹੱਦ ਤਕ ਤਿੱਖੇ ਟਕਰਾਅ ਅੱਜ ਤਕ ਕਦੇ ਨਹੀਂ ਵੇਖੇ ਗਏ। ਦੁਨੀਆ ਦੇ ਹਰ ਕੋਨੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਭੇੜ ਚੱਲੀ ਜਾਂਦਾ ਹੈ ਤੇ ਇਨ੍ਹਾਂ ਟਕਰਾਵਾਂ ਵਿੱਚੋਂ ਬਹੁਤਿਆਂ ਦੇ ਪਿੱਛੇ ਸੰਸਾਰ ਦੀਆਂ ਉਹ ਸ਼ਕਤੀਆਂ ਕੰਮ ਕਰਦੀਆਂ ਹੋਣ ਦੀ ਚਰਚਾ ਹੁੰਦੀ ਹੈ, ਜਿਨ੍ਹਾਂ ਦਾ ਕਾਰੋਬਾਰ ਇੱਦਾਂ ਦੇ ਜੰਗੀ ਟਕਰਾਵਾਂ ਆਸਰੇ ਚੱਲਦਾ ਹੈ। ਜਦੋਂ ਕੋਵਿਡ ਦੀ ਮਾਰ ਦੇ ਦਿਨਾਂ ਵਿੱਚ ਹੋਰ ਸਾਰੇ ਕਾਰੋਬਾਰ ਠੱਪ ਹੋਣ ਦੀ ਨੌਬਤ ਆਈ ਸੀ, ਸੰਸਾਰ ਦਾ ਪਹੀਆ ਘੁੰਮਦਾ ਰੱਖਣ ਵਾਸਤੇ ਜ਼ਰੂਰੀ ਪੈਟਰੋਲ ਅਤੇ ਡੀਜ਼ਲ ਦਾ ਕਾਰੋਬਾਰ ਤਕ ਠੱਪ ਹੋ ਗਿਆ ਸੀ, ਜੰਗੀ ਸਾਮਾਨ ਦਾ ਕਾਰੋਬਾਰ ਉਸ ਵੇਲੇ ਵੀ ਆਪਣੀ ਚਾਲ ਚੱਲਦਾ ਰਿਹਾ ਸੀ। ਆਪਣੇ ਵਰਤਮਾਨ ਦੀ ਕੋਵਿਡ ਦੀ ਬਿਮਾਰੀ ਅਤੇ ਬਾਅਦ ਵਿੱਚ ਇਸ ਨਾਲ ਪੈਣ ਵਾਲੇ ਮੰਦੇ ਤੋਂ ਬਚਣ ਲਈ ਕੁਝ ਬੱਚਤ ਕਰਨ ਦੀ ਥਾਂ ਦੁਨੀਆ ਦੇ ਬਹੁਤ ਸਾਰੇ ਦੇਸ਼ ਉਸ ਵੇਲੇ ਵੀ ਜੰਗੀ ਸਾਮਾਨ ਖਰੀਦਦੇ ਰਹੇ ਸਨ, ਕਿਉਂਕਿ ਇਹ ਚਰਚਾ ਜ਼ੋਰ ਫੜਦੀ ਜਾਂਦੀ ਸੀ ਕਿ ਬਿਮਾਰੀ ਦੀ ਮਾਰ ਵਧ ਗਈ ਤਾਂ ਗਰੀਬੀ ਮਾਰੇ ਦੇਸ਼ ਆਪਣੇ ਨਾਲ ਸ਼ਰੀਕਾ ਰੱਖਦੇ ਦੇਸ਼ਾਂ ਉੱਤੇ ਹਮਲੇ ਕਰ ਸਕਦੇ ਹਨ। ਇੱਦਾਂ ਦੇ ਪ੍ਰਚਾਰ ਜਾਂ ਪ੍ਰਚਾਰ ਵਾਂਗ ਪ੍ਰਭਾਵ ਪਾਉਣ ਵਾਲੀ ਚਰਚਾ ਦੇ ਦਬਾਅ ਹੇਠ ਹਥਿਆਰ ਵੇਚਣ ਵਾਲੀਆਂ ਕੰਪਨੀਆਂ ਅਤੇ ਉਨ੍ਹਾਂ ਦੇ ਪਿੱਛੇ ਖੜ੍ਹੇ ਮੁਲਕਾਂ ਦੇ ਆਗੂਆਂ ਦਾ ਦਾਅ ਲੱਗਾ ਰਿਹਾ ਅਤੇ ਉਹ ਬਾਕੀ ਦੇਸ਼ਾਂ ਵਾਲਿਆਂ ਦੀਆਂ ਜੇਬਾਂ ਕੱਟਦੇ ਰਹੇ ਸਨ।

ਇਹੋ ਜਿਹੇ ਸਵਾਲਾਂ ਜਾਂ ਚਰਚਾ ਦੇ ਵਿਚਾਲੇ ਇੱਕ ਹੋਰ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜਦੋਂ ਜੰਗਾਂ ਅਤੇ ਫਿਰ ਐਟਮ ਬੰਬ ਤਕ ਚੱਲਣ ਵਾਲੀਆਂ ਜੰਗਾਂ ਦਾ ਖਤਰਾ ਇੰਨਾ ਹੀ ਜ਼ਿਆਦਾ ਹੈ ਤਾਂ ਆਪਣੇ ਆਪ ਨੂੰ ਸੱਭਿਆਕ ਕਹਿਣ ਅਤੇ ਦੁਨੀਆ ਨੂੰ ਸੱਭਿਅਤਾ ਸਿਖਾਉਣ ਦੇ ਦਾਅਵੇ ਕਰਨ ਵਾਲੇ ਦੇਸ਼ਾਂ ਦੇ ਹਾਕਮ ਇਸ ਨੂੰ ਰੋਕਣ ਲਈ ਕੁਝ ਕਰਦੇ ਕਿਉਂ ਨਹੀਂ! ਜਦੋਂ ਦੂਸਰੀ ਸੰਸਾਰ ਦੇ ਬਾਅਦ ਦੇਖਿਆ ਗਿਆ ਕਿ ਪਹਿਲੀ ਸੰਸਾਰ ਜੰਗ ਪਿੱਛੋਂ ਅਮਨ ਲਈ ਕੋਸ਼ਿਸ਼ਾਂ ਕਰਨ ਲਈ ਖੜ੍ਹੀ ਕੀਤੀ ਗਈ ਲੀਗ ਆਫ ਨੇਸ਼ਨਜ਼ ਫੇਲ ਹੋ ਚੁੱਕੀ ਹੈ, ਦੋਂ ਉਸ ਦੀ ਥਾਂ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜ਼ਨ (ਯੂ ਐੱਨ ) ਕਾਇਮ ਕੀਤੀ ਗਈ ਸੀ, ਜਿਹੜੀ ਵੱਧ ਪ੍ਰਭਾਵ ਵਾਲੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਕੀ ਇਹ ਨਵੀਂ ਜਥੇਬੰਦੀ ਕਦੀ ਸੰਸਾਰ ਦੇ ਕਿਸੇ ਕੋਨੇ ਵਿੱਚ ਹੋਣ ਲੱਗੇ ਜਾਂ ਸ਼ੁਰੂ ਹੋ ਚੁੱਕੇ ਸੰਘਰਸ਼ ਅਤੇ ਟਕਰਾਅ ਨੂੰ ਰੋਕਣ ਜੋਗਾ ਪ੍ਰਭਾਵੀ ਦਖਲ ਦੇਣ ਜੋਗੀ ਸਾਬਤ ਹੋਈ ਹੈ! ਪਿੰਡ ਦੇ ਬੋਹੜਾਂ ਹੇਠ ਬੈਠੇ ਵਿਹਲੇ ਤਾਸ਼ ਖੇਡਣ ਵਾਲਿਆਂ ਵਾਂਗ ਇਹ ਸੰਸਾਰ ਦੀ ਪੰਚਾਇਤ ਇੱਕ ਗੱਪ-ਸ਼ੱਪ ਜੋਗਾ ਅੱਡਾ ਬਣੀ ਰਹੀ ਹੈ, ਜਿੱਥੇ ਸਭ ਨੂੰ ਆਪਣੀ ਗੱਲ ਕਹਿਣ ਦਾ ਜਿੰਨਾ ਹੱਕ ਹੈ, ਉੰਨਾ ਦੂਸਰਿਆਂ ਦੀ ਕਹੀ ਗੱਲ ਨੂੰ ਅਣਸੁਣੀ ਕਰਨ ਦਾ ਹੈ। ਜਦੋਂ ਕਦੇ ਕਿਸੇ ਮੁੱਦੇ ਉੱਤੇ ਸੰਸਾਰ ਦੇ ਦੇਸ਼ ਅਮਨ ਵਾਸਤੇ ਕਿਸੇ ਗੱਲ ਦੀ ਸਹਿਮਤੀ ਕਰਦੇ ਦਿਖਾਈ ਦਿੰਦੇ ਹਨ ਤਾਂ ਵੀਟੋ ਪਾਵਰ ਵਾਲੇ ਪੰਜ ਮੁਲਕਾਂ ਵਿੱਚੋਂ ਕੋਈ ਇੱਕ ਜਣਾ ਮੋਹਰੇ ਲੱਤ ਗੱਡ ਕੇ ਮਤਾ ਪਾਸ ਹੋਣ ਤੋਂ ਰੋਕ ਦਿੰਦਾ ਤੇ ਅਮਨ ਦੀ ਰਾਖੀ ਦਾ ਦਾਅਵਾ ਕਰਦੀ ਪੰਚਾਇਤ ਯੂ ਐੱਨ ਓ ਕਿਸੇ ਆਕੜ ਖਾਂ ਅੱਗੇ ਬੌਣੀ ਹੋਈ ਕਿਸੇ ਪਿੰਡ ਦੀ ਪੰਚਾਇਤ ਵਰਗੀ ਨਿਤਾਣੀ ਹੋ ਜਾਂਦੀ ਹੈਜਿਸ ਅਮਰੀਕਾ ਨੇ ਦੂਸਰੀ ਸੰਸਾਰ ਜੰਗ ਦੇ ਬਾਅਦ ਇਹ ਸੰਸਥਾ ਬਣਾਉਣ ਵਾਸਤੇ ਅੱਗੇ ਲੱਗਣ ਦਾ ਦਾਅਵਾ ਕੀਤਾ ਸੀ, ਉਸ ਦਾ ਹਰ ਰਾਸ਼ਟਰਪਤੀ ਆਪਣੀ ਗੱਲ ਮੰਨਵਾਉਣ ਲਈ ਇਸ ਸੰਸਥਾ ਦੇ ਫੰਡ ਰੋਕਣ ਜਾਂ ਇਸ ਵਿੱਚੋਂ ਨਿਕਲ ਜਾਣ ਦੇ ਦਬਕੇ ਮਾਰਦਾ ਕਈ ਵਾਰ ਸੁਣੀਂਦਾ ਹੈ। ਸੰਸਾਰ ਦੇ ਬਾਕੀ ਲੋਕਾਂ ਦੀ ਅਮਰੀਕਾ ਦੇ ਇਹੋ ਜਿਹੇ ਹਰ ਕਿਸੇ ਦਾਅਵੇ ਅੱਗੇ ਫੂਕ ਨਿਕਲ ਜਾਂਦੀ ਹੈ ਅਤੇ ਚੁੱਪ ਕਰ ਜਾਂਦੇ ਹਨ।

ਖਤਰਾ ਇਸ ਵਕਤ ਹਕੀਕੀ ਹੈ ਕਿ ਐਟਮ ਬੰਬਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਹ ਖਤਰਾ ਰੂਸ ਜਾਂ ਇੱਦਾਂ ਦੇ ਕਿਸੇ ਜੰਗ ਵਿੱਚ ਫਸੇ ਹੋਏ ਦੇਸ਼ ਤੋਂ ਵੱਧ ਸੰਸਾਰ ਪੱਧਰ ਦੀਆਂ ਉਨ੍ਹਾਂ ਜਥੇਬੰਦੀਆਂ ਵੱਲੋਂ ਹੈ, ਜਿਹੜੀਆਂ ਖੁਦ ਵੀ ਮਰਨ ਜਾਂ ਹੋਰਨਾਂ ਨੂੰ ਮਾਰਨ ਲਈ ਹਰ ਹੱਦ ਟੱਪ ਸਕਦੀਆਂ ਹਨ। ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਤੇ ਜਹਾਜ਼ਾਂ ਦੀਆਂ ਟੱਕਰਾਂ ਮਾਰਨ ਵਾਲੇ ਟੋਲੇ ਨੂੰ ਹੋਰਨਾਂ ਦੀ ਮੌਤ ਦੀ ਚਿਤਵਣ ਦੇ ਵਕਤ ਆਪਣੀ ਮੌਤ ਦਾ ਵੀ ਅਗੇਤਾ ਪਤਾ ਲੱਗ ਚੁੱਕਣ ਦੇ ਬਾਵਜੂਦ ਉਹ ਇਸ ਦੁਖਾਂਤ ਦਾ ਹਿੱਸਾ ਬਣਨ ਤੋਂ ਝਿਜਕੇ ਨਹੀਂ ਸਨ। ਇਸ ਤਰ੍ਹਾਂ ਦੇ ਜਨੂੰਨ ਸਿਰਾਂ ਵਿੱਚ ਭਰਨ ਦਾ ਕੰਮ ਜਿਹੜੀਆਂ ਤਾਕਤਾਂ ਕਰ ਰਹੀਆਂ ਹਨ, ਆਪਣੇ ਆਪ ਨੂੰ ਸੱਭਿਅਤਾ ਦੇ ਰਖਵਾਲੇ ਕਹਿਣ ਵਾਲੇ ਦੇਸ਼ ਕਦੇ ਉਨ੍ਹਾਂ ਵਿਰੁੱਧ ਪੈਂਤੜਾ ਨਹੀਂ ਮੱਲਦੇ, ਉਲਟਾ ਉਹ ਜਦੋਂ ਕਦੇ ਫਸੇ ਜਾਪਦੇ ਹੋਣ, ਵੱਡੀਆਂ ਤਾਕਤਾਂ ਵਿੱਚੋਂ ਕੋਈ ਨਾ ਕੋਈ ਉਨ੍ਹਾਂ ਦੇ ਪੱਖ ਵਿੱਚ ਲੱਤ ਗੱਡ ਕੇ ਸੰਸਾਰ ਦੀ ਪੰਚਾਇਤ ਵਿੱਚ ਮਤਾ ਪਾਸ ਹੋਣ ਤੋਂ ਰੋਕ ਦਿੰਦੀ ਹੈ। ਵੀਟੋ ਪਾਵਰ ਜਿਹੜੀਆਂ ਤਾਕਤਾਂ ਨੂੰ ਉਸ ਵੇਲੇ ਦਿੱਤੀ ਗਈ ਸੀ, ਉਨ੍ਹਾਂ ਦੀ ਇਹ ਇਖਲਾਕੀ ਜ਼ਿੰਮੇਵਾਰੀ ਮੰਨੀ ਗਈ ਸੀ ਕਿ ਉਹ ਸੰਸਾਰ ਦੇ ਅਮਨ ਲਈ ਸਾਂਝੇ ਯਤਨਾਂ ਵਿੱਚ ਹਿੱਸਾ ਬਣਨਗੀਆਂ ਅਤੇ ਹਰੀ-ਭਰੀ ਇਹ ਸੋਹਣੀ ਧਰਤੀ ਨਰਕ ਬਣਨ ਤੋਂ ਰੋਕਣ ਵਾਸਤੇ ਸਾਰਥਿਕ ਕਦਮ ਚੁੱਕਿਆ ਕਰਨਗੀਆਂ। ਹੋਇਆ ਉਲਟਾ ਇਹ ਕਿ ਇਨ੍ਹਾਂ ਵੀਟੋ ਵਾਲੇ ਦੇਸ਼ਾਂ ਨੇ ਇਸ ਨੂੰ ਸੰਸਾਰ ਰਾਏ ਮੋਹਰੇ ਅੜਿੱਕੇ ਖੜ੍ਹੇ ਕਰਨ ਦਾ ਇੱਕ ਆਪਣੀ ਕਿਸਮ ਦਾ ਨਵਾਂ ਹਥਿਆਰ ਬਣਾ ਲਿਆ ਹੈ, ਇੱਦਾਂ ਦਾ ਹਥਿਆਰ, ਜਿਹੜਾ ਐਟਮੀ ਭਾਵੇਂ ਨਹੀਂ, ਪਰ ਐਟਮੀ ਟਕਰਾਅ ਵੱਲ ਵਧਦੀ ਦੁਨੀਆ ਨੂੰ ਰੋਕਣ ਵੇਲੇ ਐਟਮ ਤੋਂ ਘੱਟ ਖਤਰਨਾਕ ਵੀ ਨਹੀਂ। ਕਮਾਲ ਇਹ ਹੈ ਕਿ ਸੰਸਾਰ ਦੇ ਅਮਨ ਪਸੰਦ ਦੇਸ਼ ਇਨ੍ਹਾਂ ਤਾਕਤਾਂ ਦੀ ਇਸ ਅਨ੍ਹੇਰ ਗਰਦੀ ਦਾ ਵਿਰੋਧ ਵੀ ਨਹੀਂ ਕਰਨ ਜੋਗੇ।

ਅਸੀਂ ਅਜੇ ਤਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਨੇੜ ਭਵਿੱਖ ਵਿੱਚ ਐਟਮੀ ਤਾਕਤ ਦੀ ਵਰਤੋਂ ਦੀ ਨੌਬਤ ਆ ਸਕਦੀ ਹੈ, ਪਰ ਪੰਜਾਬੀ ਦਾ ਇੱਕ ਅਖਾਣ ਹੈ ਕਿ ਬਾਂਦਰ ਦੇ ਹੱਥ ਵਿੱਚ ਉਸਤਰਾ ਆ ਜਾਵੇ ਤਾਂ ਉਸ ਦਾ ਪਤਾ ਕੋਈ ਨਹੀਂ ਹੁੰਦਾ ਕਿ ਕਦੋਂ ਕਿਸ ਦੀ ਧੌਣ ਉੱਤੇ ਫੇਰਨ ਤੁਰ ਪਵੇਗਾ। ਐਟਮੀ ਜੰਗ ਦੇ ਦਬਾਕੜੇ ਮਾਰਨ ਵਾਲੇ ਦੇਸ਼ਾਂ ਜਾਂ ਉਨ੍ਹਾਂ ਦੇ ਦਬਾਕੜਿਆਂ ਨੂੰ ਪ੍ਰਚਾਰਨ ਅਤੇ ਲੋਕਾਂ ਦੇ ਸਾਹ ਸੁਕਾਉਣ ਵਾਲੇ ਪ੍ਰਚਾਰਕਾਂ ਦਾ ਰਾਹ ਰੋਕਣ ਦੇ ਲਈ ਸੰਸਾਰ ਦੇ ਅਮਨ ਪਸੰਦ ਲੋਕਾਂ ਨੂੰ ਇੱਕ ਵਾਰ ਫਿਰ ਉਹੋ ਜਿਹੀ ਅਮਨ ਦੀ ਲਹਿਰ ਚਲਾਉਣ ਦੀ ਲੋੜ ਹੈ, ਜਿੱਦਾਂ ਦੀ ਪੰਜਾਹ ਸਾਲ ਪਹਿਲਾਂ ਸੰਸਾਰ ਅਮਨ ਕੌਂਸਲ ਵਰਗੀ ਜਥੇਬੰਦੀ ਦੀ ਅਗਵਾਈ ਵਿੱਚ ਚਲਾਈ ਜਾਂਦੀ ਸੀ। ਸੰਸਾਰ ਭਰ ਦੇ ਜੰਗਾਂ ਲੜ ਚੁੱਕੇ ਅਤੇ ਆਪਣਾ ਨਿੱਜੀ ਨੁਕਸਾਨ ਭੁਗਤ ਚੁੱਕੇ ਬਹੁਤ ਸਾਰੇ ਸਾਬਕਾ ਫੌਜੀ ਵੀ ਉਸ ਲਹਿਰ ਦਾ ਅੰਗ ਬਣ ਕੇ ਸੰਸਾਰ ਭਰ ਦੇ ਲੋਕਾਂ ਨੂੰ ਥਾਂ-ਥਾਂ ਦੱਸਣ ਵਾਸਤੇ ਜਾਇਆ ਕਰਦੇ ਸਨ ਕਿ ਜੰਗਾਂ ਬਹੁਤ ਭਿਆਨਕ ਹੁੰਦੀਆਂ ਹਨ। ਅੱਜ ਦਾ ਦੌਰ ਉਸ ਤੋਂ ਘੱਟ ਖਤਰਨਾਕ ਨਹੀਂ, ਖਤਰਾ ਉਸ ਤੋਂ ਕਈ ਕਦਮ ਅਗਾਂਹ ਵਧ ਚੁੱਕਾ ਹੈ ਅਤੇ ਇਨਸਾਨੀਅਤ ਦੁਹਾਈ ਦਿੰਦੀ ਪਈ ਹੈ ਕਿ ਜੇ ਅਗਲੀ ਪੀੜ੍ਹੀ ਵਸਦੀ ਵੇਖਣੀ ਹੈ ਤਾਂ ਸੌ ਕੰਮਾਂ ਦਾ ਕੰਮ ਅਮਨ ਦੀ ਲਹਿਰ ਚਲਾਉਣ ਦਾ ਹੋਣਾ ਚਾਹੀਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author