“ਇਸ ਪਾਰਟੀ ਦੀ ਅਗਵਾਈ ਕਰਦੇ ਪਰਿਵਾਰ ਦੀ ਸੂਈ ਜਦੋਂ ਤਕ ਇਸ ਗੱਲ ਉੱਤੇ ਅੜੀ ਰਹੇਗੀ ਕਿ ਰਾਹੁਲ ਗਾਂਧੀ ...”
(28 ਨਵੰਬਰ 2029)
ਗੱਲ ਤਾਂ ਇੱਕੋ ਮਸਲੇ ਬਾਰੇ ਵੀ ਕੀਤੀ ਜਾ ਸਕਦੀ ਹੈ ਅਤੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਦੀ ਚੀਰ-ਪਾੜ ਦਾ ਕੰਮ ਕੋਈ ਛੋਟਾ ਨਹੀਂ ਅਤੇ ਗੌਤਮ ਅਡਾਨੀ ਦੇ ਅਮਰੀਕੀ ਅਦਾਲਤ ਵਾਲੇ ਕੇਸ ਵਿੱਚ ਫਸਣ ਵਾਲਾ ਕਿੱਸਾ ਫੋਲਣ ਦਾ ਕੰਮ ਵੀ ਪਿੱਛੇ ਨਹੀਂ ਪਾਇਆ ਜਾ ਸਕਦਾ। ਇਸ ਲਈ ਅਸੀਂ ਇਸ ਲਿਖਤ ਵਿੱਚ ਇਕੱਠੇ ਦੋਵਾਂ ਮੁੱਦਿਆਂ ਦੀ ਚਰਚਾ ਸਮੁੱਚੀ ਨਾ ਸਹੀ, ਕੁਝ ਨਾ ਕੁਝ ਬਹੁਤ ਜ਼ਰੂਰੀ ਨੁਕਤਿਆਂ ਦੀ ਜ਼ਰੂਰ ਕਰ ਲੈਣਾ ਚਾਹੁੰਦੇ ਹਾਂ।
ਫਿਰ ਵੀ ਇਨ੍ਹਾਂ ਦੋਵਾਂ ਮੁੱਦਿਆਂ ਨਾਲੋਂ ਪਹਿਲ ਅਸੀਂ ਅਪਰਾਧਾਂ ਬਾਰੇ ਸੰਸਾਰ ਅਦਾਲਤ ਦੇ ਉਸ ਫੈਸਲੇ ਲਈ ਦੇਣਾ ਚਾਹੁੰਦੇ ਹਾਂ, ਜਿੱਥੋਂ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਪਿੱਛੋਂ ਇੱਕ ਪਾਸੇ ਅਮਰੀਕਾ ਇਹ ਹੁਕਮ ਮੰਨਣ ਨੂੰ ਤਿਆਰ ਨਹੀਂ ਅਤੇ ਦੂਸਰੇ ਪਾਸੇ ਉਸ ਦੇ ਸਾਥੀ ਦੇਸ਼ ਮੰਨਣ ਦਾ ਐਲਾਨ ਕਰਦੇ ਪਏ ਹਨ। ਇਸ ਕੇਸ ਤੋਂ ਪਹਿਲਾਂ ਇਸੇ ਅਦਾਲਤ ਨੇ ਇਹ ਮੰਨ ਕੇ ਕਿ ਯੂਕਰੇਨ ਵਿੱਚ ਹਮਲਾਵਰੀ ਬਹੁਤ ਜ਼ਿਆਦਾ ਹੋਈ ਹੈ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰ ਦਿੱਤੇ ਸਨ। ਪੂਤਿਨ ਨੇ ਉਦੋਂ ਵਾਰੰਟਾਂ ਦੀ ਪ੍ਰਵਾਹ ਨਹੀਂ ਸੀ ਕੀਤੀ ਅਤੇ ਉਸ ਨਾਲ ਨੇੜ ਵਾਲੇ ਦੇਸ਼ਾਂ ਨੇ ਜਦੋਂ ਆਖਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਰੂਸ ਦੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਨਹੀਂ ਕਰਨਗੇ ਤਾਂ ਅਮਰੀਕਾ ਨੇ ਇੱਥੋਂ ਤਕ ਕਹਿ ਦਿੱਤਾ ਸੀ ਕਿ ਜਿਹੜੇ ਦੇਸ਼ਾਂ ਨੇ ਪੂਤਿਨ ਦੀ ਗ੍ਰਿਫਤਾਰੀ ਦੇ ਵਾਰੰਟ ਉੱਤੇ ਅਮਲ ਕਰਨ ਤੋਂ ਇਨਕਾਰ ਕੀਤਾ, ਉਨ੍ਹਾਂ ਖਿਲਾਫ ਸੰਸਾਰ ਭਰ ਵਿੱਚ ਪਾਬੰਦੀਆਂ ਲਾਈਆਂ ਜਾਣਗੀਆਂ। ਜਿਹੜਾ ਅਮਰੀਕਾ ਪੂਤਿਨ ਦੇ ਵਾਰੰਟਾਂ ਉੱਤੇ ਅਮਲ ਲਈ ਇੰਨਾ ਕਾਹਲਾ ਸੀ, ਮਿੱਤਰ ਦੇਸ਼ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਾਨਯਾਹੂ ਦੇ ਖਿਲਾਫ ਵਾਰੰਟ ਜਾਰੀ ਹੁੰਦੇ ਸਾਰ ਉਹ ਵਾਰੰਟ ਜਾਰੀ ਕਰਨ ਵਾਲੀ ਅਦਾਲਤ ਨੂੰ ਵੀ ਅੱਖਾਂ ਵਿਖਾਉਣ ਅਤੇ ਇਹ ਕਹਿਣ ਲੱਗ ਪਿਆ ਹੈ ਕਿ ਅਸੀਂ ਉਸ ਅਦਾਲਤ ਦੇ ਮੈਂਬਰ ਹੀ ਨਹੀਂ, ਇਨ੍ਹਾਂ ਵਾਰੰਟਾਂ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹੋ ਜਿਹੇ ਮੌਕੇ ਉਸ ਦੇ ਪੱਕੇ ਸਾਥੀ ਦੇਸ਼ਾਂ ਵਿੱਚੋਂ ਕੁਝ ਨੇ ਉਸ ਨਾਲ ਖੜੋਣ ਦੀ ਥਾਂ ਇਹ ਪੈਂਤੜਾ ਲੈ ਲਿਆ ਕਿ ਉਹ ਅਪਰਾਧਾਂ ਬਾਰੇ ਸੰਸਾਰ ਅਦਾਲਤ ਦਾ ਹੁਕਮ ਮੰਨਣਗੇ ਅਤੇ ਜੇ ਨੇਤਾਨਯਾਹੂ ਕਦੀ ਉੱਧਰ ਆ ਗਿਆ ਤਾਂ ਨਿਯਮਾਂ ਮੁਤਾਬਕ ਉਸ ਨੂੰ ਗ੍ਰਿਫਤਾਰ ਕਰਨ ਤੋਂ ਝਿਜਕਣਗੇ ਨਹੀਂ। ਅਮਰੀਕਾ ਲਈ ਬਹੁਤ ਲੰਮੇ ਸਮੇਂ ਤੋਂ ਕਦੀ ਇੱਦਾਂ ਦੀ ਸਥਿਤੀ ਬਣਦੀ ਨਹੀਂ ਦਿਸੀ ਕਿ ਉਸ ਦੇ ਸਾਥੀ ਦੇਸ਼ ਵੀ ਕਿਸੇ ਸੰਸਾਰ ਮੁੱਦੇ ਉੱਤੇ ਉਸ ਨਾਲ ਖੜ੍ਹੇ ਹੋਣ ਤੋਂ ਇਨਕਾਰ ਕਰਨ ਲੱਗ ਜਾਣ, ਪਰ ਇਸ ਸਮੇਂ ਇਹ ਵੀ ਹੁੰਦਾ ਪਿਆ ਹੈ। ਅਗਲੇ ਦਿਨ ਪਤਾ ਨਹੀਂ ਕਿੱਦਾਂ ਦੇ ਹੋਣਗੇ।
ਦੂਸਰਾ ਮੁੱਦਾ ਅਮਰੀਕਾ ਦੀ ਅਦਾਲਤ ਤੋਂ ਗੌਤਮ ਅਡਾਨੀ ਦੇ ਵਾਰੰਟ ਜਾਰੀ ਹੋਣ ਦਾ ਹੈ। ਸਭ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਗੌਤਮ ਅਡਾਨੀ ਇਸ ਵਕਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੀ ਕਮਾਨ ਸੰਭਾਲਣ ਵਾਲੇ ਨਰਿੰਦਰ ਮੋਦੀ ਦਾ ਖਾਸ ਮਿੱਤਰ ਹੈ ਅਤੇ ਜਿਸ ਕੇਸ ਵਿੱਚ ਇਹ ਵਾਰੰਟ ਜਾਰੀ ਹੋਇਆ ਹੈ, ਉਸ ਦਾ ਸਾਰਾ ਅਪਰਾਧ ਵੀ ਭਾਰਤ ਦੇ ਅੰਦਰ ਹੋਇਆ ਹੈ, ਪਰ ਵਾਰੰਟ ਅਮਰੀਕਾ ਵਿੱਚ ਜਾਰੀ ਕੀਤਾ ਗਿਆ ਹੈ। ਕੁਝ ਲੋਕ ਕਹਿੰਦੇ ਹਨ ਕਿ ਅਪਰਾਧ ਜਦੋਂ ਉਸ ਦੇਸ਼ ਵਿੱਚ ਨਹੀਂ, ਭਾਰਤ ਵਿੱਚ ਹੋਇਆ ਹੈ ਤਾਂ ਅਮਰੀਕੀ ਅਦਾਲਤ ਵਾਰੰਟ ਕਿਵੇਂ ਕੱਢ ਸਕਦੀ ਹੈ, ਪਰ ਉਹ ਇਹ ਨਹੀਂ ਜਾਣਦੇ ਕਿ ਅਮਰੀਕੀ ਕਾਨੂੰਨ ਹੈ ਕਿ ਜਿਸ ਕੰਪਨੀ ਵਿੱਚ ਅਮਰੀਕੀ ਲੋਕਾਂ ਨੇ ਪੈਸਾ ਲਾਇਆ ਹੋਵੇ, ਜੇ ਉਹ ਕੰਪਨੀ ਕੋਈ ਅਪਰਾਧ ਸੰਸਾਰ ਵਿੱਚ ਕਿਤੇ ਵੀ ਕਰਦੀ ਹੈ ਤਾਂ ਅਮਰੀਕਾ ਵਿੱਚ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਗੌਤਮ ਅਡਾਨੀ ਦੀ ਕੰਪਨੀ ਨੇ ਅਮਰੀਕੀ ਐਕਸਚੇਂਜ ਵਿੱਚ ਪ੍ਰਚਾਰ ਕਰ ਕੇ ਕਿ ਭਾਰਤ ਵਿੱਚ ਸੋਲਰ ਪ੍ਰਾਜੈਕਟ ਲਾਉਣਾ ਹੈ, ਜਿਸ ਤੋਂ ਮੋਟਾ ਲਾਭ ਹੋਵੇਗਾ, ਉਨ੍ਹਾਂ ਲੋਕਾਂ ਨੂੰ ਸ਼ੇਅਰ ਖਰੀਦਣ ਵਾਸਤੇ ਬੇਵਕੂਫ ਬਣਾਇਆ ਸੀ। ਬਾਅਦ ਵਿੱਚ ਖਬਰ ਨਿਕਲੀ ਕਿ ਇਸ ਕੰਪਨੀ ਨੇ ਭਾਰਤੀ ਅਧਿਕਾਰੀਆਂ ਨੂੰ ਸਾਢੇ ਛੱਬੀ ਕਰੋੜ ਡਾਲਰ ਜਾਂ ਬਾਈ ਸੌ ਕਰੋੜ ਰੁਪਏ ਨਾਲੋਂ ਵੱਧ ਰਕਮ ਰਿਸ਼ਵਤ ਵਜੋਂ ਦਿੱਤੀ ਹੈ ਤੇ ਆਪਣੇ ਪ੍ਰਾਜੈਕਟ ਦਾ ਰਾਹ ਕੱਢਣ ਲਈ ਗਲਤ ਢੰਗ ਵਰਤੇ ਹਨ। ਕੇਸ ਅਮਰੀਕਨ ਅਦਾਲਤ ਵਿੱਚ ਗਿਆ ਤਾਂ ਇਸਦੀ ਮੁਢਲੀ ਕਾਰਵਾਈ ਵਿੱਚ ਹੀ ਸਾਰਾ ਕੁਝ ਸਪਸ਼ਟ ਹੋਣ ਪਿੱਛੋਂ ਗੌਤਮ ਅਡਾਨੀ ਦਾ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਦੀ ਮੌਜੂਦਾ ਸਰਕਾਰ ਦੁਨੀਆ ਭਰ ਵਿੱਚ ਪ੍ਰਸਿੱਧ ਇਸ ਚਾਲਬਾਜ਼ ਪੂੰਜੀਪਤੀ ਦੇ ਪਿੱਛੇ ਸਦਾ ਖੜ੍ਹੀ ਹੁੰਦੀ ਰਹੀ ਹੈ, ਇਸ ਵਾਰ ਵੀ ਆ ਖੜੋਤੀ ਹੈ, ਇਸ ਲਈ ਅਡਾਨੀ ਨੂੰ ਬਚਾ ਲੈਣ ਦਾ ਪ੍ਰਭਾਵ ਬਣਨਾ ਸ਼ੁਰੂ ਹੋ ਗਿਆ ਹੈ। ਨਰਿੰਦਰ ਮੋਦੀ ਸਰਕਾਰ ਨੇ ਇੱਦਾਂ ਦੇ ਬਹੁਤ ਸਾਰੇ ਲੋਕਾਂ ਦੀ ਢਾਲ ਬਣ ਕੇ ਉਨ੍ਹਾਂ ਨੂੰ ਬਚਾਇਆ ਤੇ ਫਿਰ ਵੀ ਆਪਣੀ ਇਮਾਨਦਾਰੀ ਦਾ ਢੰਡੋਰਾ ਪਿੱਟਦੀ ਰਹੀ ਹੈ, ਭਵਿੱਖ ਵਿੱਚ ਵੀ ਇਹੀ ਖੇਡ ਖੇਡੀ ਜਾਂਦੀ ਰਹੇਗੀ।
ਅਸੀਂ ਆ ਜਾਈਏ ਤੀਸਰੇ ਉਸ ਮੁੱਦੇ ਦੀ ਚਰਚਾ ਵੱਲ, ਜਿਸਦਾ ਸੰਬੰਧ ਸਾਡੇ ਪੰਜਾਬ ਦੇ ਆਮ ਲੋਕਾਂ ਦੇ ਮੌਜੂਦਾ ਸਮੇਂ ਤੋਂ ਵੱਧ ਭਵਿੱਖ ਦੀਆਂ ਪੀੜ੍ਹੀਆਂ ਨਾਲ ਹੈ ਅਤੇ ਦੂਰਗਾਮੀ ਅਸਰ ਪਾ ਸਕਦਾ ਹੈ।
ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਚਾਰ ਵਿਧਾਇਕ ਜਿੱਤ ਗਏ ਤਾਂ ਉਨ੍ਹਾਂ ਚਹੁੰਆਂ ਦੇ ਵਿਧਾਨ ਸਭਾ ਹਲਕਿਆਂ ਦੀ ਉਪ ਚੋਣ ਕਰਾਉਣੀ ਪੈਣੀ ਸੀ। ਉਹ ਚੋਣ ਹੋ ਗਈ ਅਤੇ ਨਤੀਜੇ ਆਉਣ ਨਾਲ ਬਹੁਤ ਕੁਝ ਬਦਲ ਗਿਆ ਹੈ। ਪਹਿਲਾਂ ਇਨ੍ਹਾਂ ਚਾਰ ਸੀਟਾਂ ਵਿੱਚੋਂ ਤਿੰਨ ਕਾਂਗਰਸ ਦੀਆਂ ਸਨ, ਪਰ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਚੱਬੇਵਾਲ ਦਾ ਕਾਂਗਰਸੀ ਵਿਧਾਇਕ ਰਾਜ ਕੁਮਾਰ ਆਮ ਆਦਮੀ ਵਿੱਚ ਸ਼ਾਮਲ ਹੋ ਗਿਆ ਅਤੇ ਉਹ ਚੋਣ ਉਸ ਪਾਰਟੀ ਦੀ ਟਿਕਟ ਉੱਤੇ ਲੜੀ ਅਤੇ ਜਿੱਤੀ ਸੀ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਕਾਂਗਰਸ ਵਾਲੇ ਇਹ ਗੱਲ ਕਹਿ ਸਕਦੇ ਹਨ ਕਿ ਵਿਧਾਨ ਸਭਾ ਵਿੱਚ ਇੱਕ ਸੀਟ ਉਨ੍ਹਾਂ ਦੀ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਹੀ ਘਟ ਗਈ ਸੀ, ਉਨ੍ਹਾਂ ਦੀਆਂ ਦੋ ਗਿੱਦੜਾਬਾਹਾ ਤੇ ਡੇਰਾ ਬਾਬਾ ਨਾਨਕ ਵਾਲੀਆਂ ਸੀਟਾਂ ਦਾਅ ਉੱਤੇ ਲੱਗੀਆਂ ਸਨ, ਪਰ ਉਪ ਚੋਣਾਂ ਵਿੱਚ ਉਹ ਪਾਰਟੀ ਦੋ ਜਿੱਤ ਸਕਣ ਜੋਗੀ ਵੀ ਨਹੀਂ ਹੋ ਸਕੀ, ਚਾਰ ਵਿੱਚੋਂ ਮਸਾਂ ਇੱਕ ਸੀਟ ਜਿੱਤੀ, ਉਹ ਵੀ ਆਪਣੀ ਨਹੀਂ, ਆਮ ਆਦਮੀ ਪਾਰਟੀ ਤੋਂ ਖੋਹੀ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਕਹਿ ਸਕਦੀ ਹੈ ਕਿ ਉਸ ਦੀ ਉਨ੍ਹਾਂ ਚੋਣਾਂ ਦੌਰਾਨ ਇੱਕੋ ਸੀਟ ਬਰਨਾਲਾ ਖਾਲੀ ਹੋਈ ਤੇ ਉਪ ਚੋਣਾਂ ਵਿੱਚ ਉਸ ਨੇ ਤਿੰਨ ਸੀਟਾਂ ਹੋਰ ਜਿੱਤੀਆਂ ਜਾਂ ਕਾਂਗਰਸ ਦੀਆਂ ਤਿੰਨ ਸੀਟਾਂ ਖੋਹ ਲਈਆਂ ਹਨ। ਕਹਿਣ ਲਈ ਦਲੀਲਾਂ ਹਰ ਕਿਸੇ ਕੋਲ ਲੋੜ ਜੋਗੀਆਂ ਹੁੰਦੀਆਂ ਹਨ, ਪਰ ਹਕੀਕਤਾਂ ਕਿਸੇ ਦਾ ਵੀ ਭੇਦ ਲੁਕਿਆ ਨਹੀਂ ਰਹਿਣ ਦਿੰਦੀਆਂ।
ਅਕਾਲੀ ਦਲ ਬਾਦਲ ਨੇ ਇਹ ਚੋਣਾਂ ਲੜੀਆਂ ਨਹੀਂ ਸਨ, ਕਿਉਂਕਿ ਉਨ੍ਹਾਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਵਕਤ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾਣ ਕਾਰਨ ਚੋਣ ਨਹੀਂ ਸੀ ਲੜ ਸਕਦਾ ਅਤੇ ਬਾਕੀ ਸਾਰੇ ਆਗੂ ਬਹਾਨਾ ਬਣਾ ਕੇ ਇਨ੍ਹਾਂ ਚੋਣਾਂ ਦੇ ਨਤੀਜੇ ਦੀ ਨਮੋਸ਼ੀ ਝੱਲਣ ਤੋਂ ਕੰਨੀ ਖਿਸਕਾ ਗਏ। ਉਨ੍ਹਾਂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਉਨ੍ਹਾਂ ਨਾਲ ਚੋਖੇ ਨਾਰਾਜ਼ ਹਨ ਅਤੇ ਇੱਕ ਵਾਰ ਹੋਰ ਜ਼ਮਾਨਤਾਂ ਜ਼ਬਤ ਕਰਾਉਣ ਵਿੱਚ ਕੋਈ ਲਾਭ ਨਹੀਂ। ਨਤੀਜੇ ਮਗਰੋਂ ਉਹ ਇਹ ਕਹਿਣ ਦਾ ਹੱਕ ਵਰਤਣਗੇ ਕਿ ਜੇ ਉਹ ਚੋਣ ਲੜਦੇ ਤਾਂ ਨਤੀਜੇ ਹੋਰ ਹੋ ਸਕਦੇ ਸਨ। ਭਾਜਪਾ ਦੀ ਧਿਰ ਨੇ ਇਨ੍ਹਾਂ ਉਪ ਚੋਣਾਂ ਵਿੱਚ ਅਕਾਲੀਆਂ ਦੀ ਗੈਰ-ਹਾਜ਼ਰੀ ਦਾ ਲਾਹਾ ਖੱਟਣ ਦਾ ਯਤਨ ਕੀਤਾ, ਪਰ ਨਤੀਜਆਂ ਨਾਲ ਸਾਬਤ ਹੋ ਗਿਆ ਕਿ ਪੰਜਾਬ ਦੇ ਲੋਕ ਅਜੇ ਵੀ ਉਨ੍ਹਾਂ ਨੂੰ ਮੂੰਹ ਨਹੀਂ ਲਾਉਂਦੇ। ਚਾਰ ਸੀਟਾਂ ਦੀਆਂ ਉਪ ਚੋਣਾਂ ਹੋਈਆਂ ਅਤੇ ਚਾਰੇ ਸੀਟਾਂ ਉੱਤੇ ਉਸ ਦੇ ਉਮੀਦਵਾਰ ਤੀਸਰੀ ਥਾਂ ਰਹੇ। ਅਕਾਲੀਆਂ ਵਿੱਚੋਂ ਆਏ ਰਵੀਕਿਰਨ ਸਿੰਘ ਕਾਹਲੋਂ ਨੂੰ ਡੇਰਾ ਬਾਬਾ ਨਾਨਕ ਹਲਕੇ ਵਿੱਚ ਸਾਢੇ ਛੇ ਹਜ਼ਾਰ ਵੋਟਾਂ ਮਸਾਂ ਪਈਆਂ ਅਤੇ ਦੂਸਰੇ ਸੋਹਣ ਸਿੰਘ ਠੰਡਲ ਨੂੰ ਪੌਣੇ ਨੌਂ ਹਜ਼ਾਰ ਵੋਟਾਂ ਵੀ ਨਹੀਂ ਮਿਲ ਸਕੀਆਂ। ਕਾਂਗਰਸ ਵਿੱਚੋਂ ਆਇਆਂ ਵਿੱਚੋਂ ਕੇਵਲ ਸਿੰਘ ਢਿੱਲੋਂ ਅਠਾਰਾਂ ਹਜ਼ਾਰ ਲਾਗੇ ਪੁੱਜਣ ਵਿੱਚ ਕਾਮਯਾਬ ਹੋ ਗਿਆ, ਇੱਕ ਵਾਰ ਜਿੱਤ ਜਾਣ ਦੀ ਆਸ ਵੀ ਨਜ਼ਰ ਆਉਣ ਲੱਗ ਪਈ ਸੀ, ਪਰ ਦਲ-ਬਦਲੀਆਂ ਦੀ ਕਮਾਲ ਕਰਨ ਵਾਲਾ ਪੰਜਾਬ ਦਾ ਖਜ਼ਾਨਾ ਮੰਤਰੀ ਰਹਿ ਚੁੱਕਾ ਮਨਪ੍ਰੀਤ ਸਿੰਘ ਬਾਦਲ ਸਵਾ ਬਾਰਾਂ ਹਜ਼ਾਰ ਤਕ ਵੀ ਨਾ ਜਾ ਸਕਿਆ। ਉਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਤਾਏ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਅੰਦਰਖਾਤੇ ਗੱਲ ਮੁਕਾਈ ਪਈ ਹੈ ਅਤੇ ਅਕਾਲੀ ਦਲ ਭਾਵੇਂ ਚੋਣ ਨਹੀਂ ਲੜ ਰਿਹਾ, ਬਾਦਲ ਪਰਿਵਾਰ ਦੇ ਏਕੇ ਦੇ ਹੁਲਾਰੇ ਨਾਲ ਉਸ ਪਰਿਵਾਰ ਦੇ ਪੱਕੇ ਸਮਰਥਕ ਇਸ ਵਾਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਉਣ ਲਈ ਵਾਹ ਲਾ ਦੇਣਗੇ। ਇੱਦਾਂ ਦਾ ਕੁਝ ਵੀ ਨਹੀਂ ਵਾਪਰ ਸਕਿਆ ਅਤੇ ਮਨਪ੍ਰੀਤ ਸਿੰਘ ਥਾਂ-ਥਾਂ ਆਪਣੇ ਤਾਏ ਦੇ ਅਸ਼ੀਰਵਾਦ ਦੀਆਂ ਕਹਾਣੀਆਂ ਪਾਉਣ ਦੇ ਬਾਵਜੂਦ ਇਸ ਹਲਕੇ ਦੇ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਿਆ। ਇੱਕ ਤਰ੍ਹਾਂ ਭਾਜਪਾ ਅਤੇ ਅਕਾਲੀਆਂ ਹੀ ਨਹੀਂ, ਕਾਂਗਰਸੀਆਂ ਵਾਸਤੇ ਵੀ ਇਹ ਉਪ ਚੋਣਾਂ ਇੱਕ ਹੋਰ ਸੱਟ ਸਾਬਤ ਹੋਈਆਂ ਹਨ ਅਤੇ ਭਵਿੱਖ ਦੀ ਆਸ ਬੰਨ੍ਹਾਉਣ ਵਾਲੀ ਗੱਲ ਕੋਈ ਨਹੀਂ ਬਣ ਸਕੀ।
ਜਿੱਥੋਂ ਤਕ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਾਰਕਰਦਗੀ ਦਾ ਸਵਾਲ ਹੈ, ਉਹ ਖੁਸ਼ ਹੋਣ ਲਈ ਇਹ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਇੱਕ ਸੀਟ ਗਵਾਈ ਅਤੇ ਤਿੰਨ ਕਾਂਗਰਸ ਦੀਆਂ ਖੋਹ ਕੇ ਵਿਧਾਨ ਸਭਾ ਵਿੱਚ ਦੋ ਹੋਰ ਸੀਟਾਂ ਆਪਣੇ ਖਾਤੇ ਵਿੱਚ ਵਧਾਈਆਂ ਹਨ, ਪਰ ਬਰਨਾਲਾ ਸੀਟ ਆਪਣੇ ਹੱਥੋਂ ਗੁਆਉਣ ਦੀ ਚਰਚਾ ਵੱਧ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਆਪਣਾ ਇਲਾਕਾ ਹੈ। ਇਸਦੇ ਇਰਦ-ਗਿਰਦ ਲਗਭਗ ਹਰ ਥਾਂ ਇਹ ਪਾਰਟੀ ਹਰ ਪੱਖੋਂ ਮਜ਼ਬੂਤ ਸਮਝੀ ਜਾਂਦੀ ਹੈ, ਫਿਰ ਵੀ ਬਰਨਾਲਾ ਹਲਕਾ ਗੁਆ ਲੈਣ ਨੇ ਕਾਂਗਰਸ ਵਾਲੀਆਂ ਤਿੰਨ ਸੀਟਾਂ ਖੋਹ ਲੈਣ ਦੀ ਖੁਸ਼ੀ ਵਾਲੀ ਖੀਰ ਵਿੱਚ ਕੋਕੜੂ ਲਿਆ ਸੁੱਟਿਆ ਹੈ। ਇਸ ਤੋਂ ਪਹਿਲਾਂ ਇੱਦਾਂ ਦੀ ਸੱਟ ਇਸ ਪਾਰਟੀ ਨੂੰ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਬਣਦੇ ਸਾਰ ਉਸ ਵੱਲੋਂ ਛੱਡੀ ਹੋਈ ਸੰਗਰੂਰ ਲੋਕ ਸਭਾ ਸੀਟ ਖੁੱਸ ਜਾਣ ਨਾਲ ਪਈ ਸੀ। ਉਹ ਸੀਟ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਲਈ ਤਾਂ ਦਿਲ ਨੂੰ ਤਸੱਲੀ ਦੇਣ ਲਈ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਬਹੁਤਾ ਫਰਕ ਨਹੀਂ ਪੈਂਦਾ, ਨਵੀਂ ਉੱਠਦੀ ਆਮ ਆਦਮੀ ਪਾਰਟੀ ਦੇ ਰਿਵਾਇਤੀ ਵਿਰੋਧੀ ਅਕਾਲੀ ਦਲ ਤੇ ਭਾਜਪਾ ਵਾਲੇ ਬੁਰੀ ਤਰ੍ਹਾਂ ਹਾਰਨ ਨਾਲ ਓਦੋਂ ਵੱਡੀ ਸੱਟ ਖਾ ਗਏ ਹਨ। ਇਸ ਵਾਰ ਵੀ ਦਲੀਲਾਂ ਬਹੁਤ ਹੋਣਗੀਆਂ ਤੇ ਇਹ ਦਲੀਲ ਵੀ ਛੋਟੀ ਨਹੀਂ ਕਿ ਬਰਨਾਲੇ ਦੀ ਇੱਕ ਸੀਟ ਜੇ ਕਾਂਗਰਸ ਨੇ ਖੋਹ ਲਈ ਤਾਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਨੇ ਤਿੰਨ ਖੋਹ ਲਈਆਂ ਹਨ, ਪਰ ਬਾਹਰ ਜੋ ਮਰਜ਼ੀ ਕਹਿਣ, ਆਪਣੇ ਅੰਦਰ ਝਾਤੀ ਮਾਰਨ ਦੀ ਉਨ੍ਹਾਂ ਨੂੰ ਲੋੜ ਹੈ। ਉਨ੍ਹਾਂ ਲਈ ਇਹ ਗੱਲ ਸੋਚਣ ਦਾ ਸਹੀ ਮੌਕਾ ਹੈ ਕਿ ਇੱਦਾਂ ਦੀ ਸੱਟ ਲੋਕਾਂ ਨੇ ਮਾਰੀ ਕਿਉਂ ਅਤੇ ਉਹ ਕਿਹੜੀਆਂ ਕਮੀਆਂ ਸਨ, ਜਿਹੜੀਆਂ ਮੁੱਖ ਮੰਤਰੀ ਦੀ ਆਪਣੀ ਜੂਹ ਵਿੱਚ ਵੀ ਇਸ ਪਾਰਟੀ ਅੱਗੇ ਅੜਿੱਕੇ ਡਾਹੁਣ ਦਾ ਕੰਮ ਕਰਦੀਆਂ ਰਹੀਆਂ ਹਨ।
ਮਹਾਰਾਸ਼ਟਰ ਵਿੱਚ ਭਾਜਪਾ ਗਠਜੋੜ ਨੇ ਫਿਰ ਵਿਧਾਨ ਸਭਾ ਚੋਣ ਜਿੱਤ ਲਈ ਅਤੇ ਖੁਦ ਭਾਜਪਾ ਇੰਨੀ ਤਕੜੀ ਹੋ ਗਈ ਹੈ ਕਿ ਏਕਨਾਥ ਸ਼ਿੰਦੇ ਵਰਗੇ ਉਸ ਦੇ ਪਿਛਲੱਗ ਬਣੇ ਰਹਿਣਗੇ, ਪਰ ਝਾਰਖੰਡ ਵਿੱਚ ਜਿਹੜੀ ਸੱਟ ਲੋਕਾਂ ਨੇ ਇਸ ਪਾਰਟੀ ਨੂੰ ਮਾਰੀ ਹੈ, ਉਹ ਇਸਦੀ ਲੀਡਰਸ਼ਿੱਪ ਨੂੰ ਵੀ ਸੋਚਣ ਲਈ ਮਜਬੂਰ ਕਰੇਗੀ। ਉਨ੍ਹਾਂ ਦੇ ਨਾਲ ਕਾਂਗਰਸ ਵਾਲਿਆਂ ਲਈ ਵੀ ਇਹ ਸੋਚਣ ਦੀ ਘੜੀ ਹੈ ਕਿ ਉਹ ਪ੍ਰਿਅੰਕਾ ਗਾਂਧੀ ਦੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਨਾ ਨੱਚੀ ਜਾਣ, ਬਾਕੀ ਥਾਈਂ ਜਿਹੜੀ ਮਾਰ ਹਰ ਪਾਸੇ ਪੈਂਦੀ ਪਈ ਹੈ, ਉਸ ਦੇ ਕਾਰਨ ਲੱਭਣ ਦੀ ਲੋੜ ਹੈ। ਰਾਹੁਲ ਗਾਂਧੀ ਜਿੰਨਾ ਚਾਹੇ ਵੱਡਾ ਆਗੂ ਬਣਾਈ ਫਿਰਨ, ਉਹ ਨਰਿੰਦਰ ਮੋਦੀ ਵਰਗੀ ਮਜ਼ਬੂਤ ਲੀਡਰਸ਼ਿੱਪ ਨਾਲ ਭੇੜ ਵਿੱਚ ਉਸ ਨੂੰ ਹਰਾਉਣ ਜੋਗਾ ਸਾਬਤ ਨਹੀਂ ਹੋ ਰਿਹਾ ਤੇ ਮਲਿਕਾਜੁਨ ਖੜਗੇ ਵਰਗੇ ਆਗੂ ਨੂੰ ਪਾਰਟੀ ਠੀਕ ਤਰ੍ਹਾਂ ਚੱਲਣ ਨਹੀਂ ਦੇ ਰਹੀ। ਇਸ ਪਾਰਟੀ ਦੀ ਅਗਵਾਈ ਕਰਦੇ ਪਰਿਵਾਰ ਦੀ ਸੂਈ ਜਦੋਂ ਤਕ ਇਸ ਗੱਲ ਉੱਤੇ ਅੜੀ ਰਹੇਗੀ ਕਿ ਰਾਹੁਲ ਗਾਂਧੀ ਵੱਡਾ ਨੇਤਾ ਤਦ ਰਹੇਗਾ, ਜੇ ਬਾਕੀ ਸਾਰੇ ਆਗੂ ਬੌਣੇ ਹੋਣਗੇ ਜਾਂ ਬੌਣੇ ਬਣਾ ਕੇ ਰੱਖੇ ਜਾਣਗੇ, ਉਦੋਂ ਤਕ ਪਾਰਟੀ ਕਿਸੇ ਤਣ-ਪੱਤਣ ਲੱਗ ਸਕਣ ਦਾ ਸੁਪਨਾ ਨਹੀਂ ਵੇਖ ਸਕਦੀ। ਉਨ੍ਹਾਂ ਨੇ ਇਸ ਧਾਰਨਾ ਤੋਂ ਖਹਿੜਾ ਛੁਡਾਉਣਾ ਹੈ ਜਾਂ ਨਹੀਂ, ਮਰਜ਼ੀ ਉਨ੍ਹਾਂ ਦੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5483)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)