“ਦੇਸ਼ ਵਾਸੀਆਂ ਦੀ ਜ਼ਖਮੀ ਮਾਨਸਿਕਤਾ ਦਾ ਖਿਆਲ ਰੱਖ ਕੇ ਬਹੁਤ ਸੰਕੋਚ ਨਾਲ ਬੋਲਣਾ ...”
(29 ਅਪਰੈਲ 2025)
ਭਾਰਤ ਦੇ ਲੋਕ ਇਸ ਵਕਤ ਦੁਖੀ ਹਨ। ਸਿਰਫ ਭਾਰਤ ਦੇ ਨਹੀਂ, ਗਵਾਂਢੀ ਪਾਕਿਸਤਾਨ ਦੇ ਲੋਕ ਵੀ ਸੁਖਾਲੇ ਨਹੀਂ ਹੋ ਸਕਦੇ। ਜੋ ਕੁਝ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਪਿਛਲੇ ਦਿਨੀਂ ਵਾਪਰਿਆ ਹੈ, ਉਹ ਕਿਸੇ ਦੇ ਖਿਆਲ ਵਿੱਚ ਵੀ ਸ਼ਾਇਦ ਨਹੀਂ ਹੋਵੇਗਾ, ਸਿਰਫ ਕੁਝ ਕਾਤਲ ਜਾਂ ਉਨ੍ਹਾਂ ਪਿੱਛੇ ਖੜ੍ਹੇ ਕੁਝ ਸਾਜ਼ਿਸ਼ ਘੜਨ ਵਾਲੇ ਚਿਹਰੇ ਇਸ ਬਾਰੇ ਜਾਣਦੇ ਹੋਣਗੇ। ਪਰ ਜਦੋਂ ਵਾਪਰ ਗਿਆ ਤਾਂ ਇਸ ਨਾਲ ਫੈਲਣ ਵਾਲੀ ਦਹਿਸ਼ਤ ਤੇ ਸਨਸਨੀ ਦੁਨੀਆ ਭਰ ਦੇ ਲੋਕਾਂ ਨੇ ਮਹਿਸੂਸ ਕੀਤੀ ਹੈ। ਇਸ ਨਾਲ ਭਾਰਤ ਵਿੱਚ ਜਿੱਦਾਂ ਦਾ ਮਾਹੌਲ ਬਣਿਆ ਅਤੇ ਜਿਵੇਂ ਬਦਲਾ ਲੈਣ ਲਈ ਸਰਕਾਰ ਉੱਪਰ ਦਬਾਅ ਪੈਂਦਾ ਮੀਡੀਏ ਵਿੱਚ ਮਹਿਸੂਸ ਕੀਤਾ ਗਿਆ, ਇਸ ਨਾਲ ਪਾਕਿਸਤਾਨ ਵਿਚਲੇ ਆਮ ਲੋਕ ਵੀ ਇੱਕ ਹੋਰ ਜੰਗ ਲੱਗ ਜਾਣ ਦੇ ਸਹਿਮ ਹੇਠ ਆਉਣੇ ਸੁਭਾਵਿਕ ਸਨ ਅਤੇ ਆਏ ਹੋਣ ਦੀਆਂ ਖਬਰਾਂ ਵੀ ਹਨ। ਇਸ ਲਈ ਦੋਵਾਂ ਦੇਸ਼ਾਂ ਵਿੱਚ ਆਮ ਲੋਕ ਦੁਖੀ ਹਨ। ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਭਾਰਤੀ ਲੋਕਾਂ ਦੀ ਮਾਨਸਿਕਤਾ ਮਾਰੇ ਜਾਣ ਵਾਲਿਆਂ ਦੇ ਪਰਿਵਾਰਾਂ ਨਾਲ ਸਭ ਦੀ ਹਮਦਰਦੀ ਵਾਲੀ ਹੈ ਅਤੇ ਇਸ ਮਗਰੋਂ ਬਹਿਸ ਦੇ ਕਈ ਪੱਖ ਚੱਲ ਪੈਂਦੇ ਹਨ, ਜਿਨ੍ਹਾਂ ਵਿੱਚੋਂ ਭਾਰਤ ਸਰਕਾਰ ਦੇ ਨਾਲ ਜਾਂ ਵਿਰੋਧ ਵਿੱਚ ਖੜੋਣ ਦੀ ਝਲਕ ਮਿਲਣ ਲੱਗ ਜਾਂਦੀ ਹੈ। ਇੱਥੇ ਆਣ ਕੇ ਇੱਕਮੁੱਠਤਾ ਖਿੱਲਰਨ ਲਗਦੀ ਹੈ।
ਪਹਿਲੀ ਗੱਲ ਇਹ ਕਿ ਇੱਦਾਂ ਦੇ ਦੁਖਾਂਤ ਦੇ ਜੋ ਵੀ ਅਰਥ ਕੋਈ ਕੱਢਦਾ ਰਹੇ, ਕਾਤਲਾਂ ਨੇ ਜਿਹੋ ਜਿਹੀ ਸੋਚ ਨਾਲ ਹਮਲਾ ਕੀਤਾ ਸੀ, ਕਿ ਭਾਰਤੀ ਲੋਕ ਉੱਬਲ ਪੈਣ, ਉਨ੍ਹਾਂ ਦੀ ਇਹ ਸੋਚਣੀ ਅਮਲ ਵਿੱਚ ਸਹੀ ਸਾਬਤ ਹੁੰਦੀ ਲਗਦੀ ਹੈ ਤੇ ਭਾਰਤੀ ਲੋਕ ਨਾ ਸਿਰਫ ਉੱਬਲ ਰਹੇ ਹਨ, ਸਗੋਂ ਮੌਕੇ ਦੀ ਸਰਕਾਰ ਤੋਂ ਛੇਤੀ ਕੁਝ ਕਰਨ ਦੀ ਝਾਕ ਰੱਖਦੇ ਹਨ। ਇੱਦਾਂ ਦੇ ਵਕਤ ਰਾਜਨੀਤੀ ਲਾਂਭੇ ਰਹਿਣੀ ਚਾਹੀਦੀ ਹੈ, ਪਰ ਬਿਆਨਾਂ ਅਤੇ ਮੀਡੀਆ ਰਿਪੋਰਟਾਂ ਵਿੱਚ ਜਦੋਂ ਰਾਜਨੀਤੀ ਆਪੋ-ਆਪਣੀ ਤੁਣਤੁਣੀ ਵਜਾਉਣ ਦਾ ਪਰਦਾ ਚੁੱਕ ਦਿੰਦੀ ਹੈ, ਉਦੋਂ ਕਈ ਕੁਝ ਹੋਰ ਚਰਚਾ ਹੇਠ ਆ ਜਾਂਦਾ ਹੈ। ਦੇਸ਼ ਦੀ ਸਰਕਾਰ ਅਤੇ ਇਸਦਾ ਮੁਖੀ ਚਾਹੁੰਦੇ ਹਨ ਕਿ ਸਾਰਾ ਦੇਸ਼ ਇੱਕ ਸੁਰ ਵਿੱਚ ਕਹੇ ਕਿ ਅਸੀਂ ਇਕੱਠੇ ਹਾਂ, ਪਰ ਚਾਹੁਣ ਦੀ ਗੱਲ ਤੋਂ ਅੱਗੇ ਵਧ ਕੇ ਵੇਖੋ ਤਾਂ ਇੱਦਾਂ ਦੇ ਵਕਤ ਦੇਸ਼ ਵਾਸੀਆਂ ਨੂੰ ਇੱਕ ਸੁਰ ਕਰਨ ਦੀ ਜ਼ਿੰਮੇਵਾਰੀ ਵੀ ਸਭ ਤੋਂ ਵੱਧ ਦੇਸ਼ ਦੀ ਸਰਕਾਰ ਦੀ ਹੁੰਦੀ ਹੈ। ਉਸ ਨੂੰ ਚਾਹੀਦਾ ਹੈ ਕਿ ਆਪਣੇ ਲੋਕਾਂ ਨੂੰ ਜ਼ਬਤ ਵਿੱਚ ਰਹਿਣ ਲਈ ਕਹੇ, ਤਾਂ ਜੋ ਕਿਸੇ ਵੀ ਹੋਰ ਨੂੰ ਵੱਖਰੀ ਸੁਰ ਕੱਢਣ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇ। ਪਰ ਹਰ ਵਾਰੀ ਵਾਂਗ ਇਸ ਵਾਰੀ ਫਿਰ ਇਹ ਹੋਇਆ ਹੈ ਕਿ ਰਾਜ ਕਰਦੀ ਧਿਰ ਦੇ ਲੋਕਾਂ ਨੇ ਹੀ ਇਸ ਦੁਖਾਂਤ ਨੂੰ ਰਾਜਨੀਤਕ ਚਾਂਦਮਾਰੀ ਲਈ ਵਰਤਣ ਦਾ ਮੋਰਚਾ ਗਰਮ ਕਰ ਦਿੱਤਾ। ਲਾਸ਼ਾਂ ਅਜੇ ਚੁੱਕੀਆਂ ਨਹੀਂ ਸਨ ਗਈਆਂ ਕਿ ਰਾਜ ਕਰਦੀ ਧਿਰ ਦੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਮਿਹਣਾ ਦੇਣਾ ਸ਼ੁਰੂ ਕਰ ਦਿੱਤਾ ਕਿ ‘ਧਰਮ ਪੁੱਛ ਕੇ ਗੋਲੀਆਂ ਮਾਰੀਆਂ ਹਨ, ਕਿਸੇ ਨੇ ਜਾਤ ਨਹੀਂ ਸੀ ਪੁੱਛੀ।’ ਇਹ ਕਹਿਣ ਦਾ ਭਾਵ ਵਿਰੋਧੀ ਧਿਰ ਨੂੰ ਇਹ ਮਿਹਣਾ ਦੇਣਾ ਸੀ ਕਿ ਤੁਸੀਂ ਭਾਰਤ ਵਿੱਚ ਜਾਤਾਂ ਦੇ ਅਧਾਰ ਉੱਤੇ ਜਨ-ਗਣਨਾ ਦੀ ਦੁਹਾਈ ਦਿੰਦੇ ਹੋ, ਲੜਾਈ ਤਾਂ ਅੱਤਵਾਦੀਆਂ ਨਾਲ ਧਰਮ ਦੇ ਅਧਾਰ ਉੱਤੇ ਹੈ। ਇਹ ਗੱਲਾਂ ਪਾਟਕ ਪਾ ਸਕਦੀਆਂ ਤੇ ਵਧਾ ਸਕਦੀਆਂ ਹਨ।
ਦੂਸਰਾ ਮਾਮਲਾ ਇਹ ਚੁੱਕਿਆ ਗਿਆ ਕਿ ਕਸ਼ਮੀਰੀ ‘ਲੋਕ ਖਾਂਦੇ ਇੱਧਰ ਦਾ ਤੇ ਗਾਉਂਦੇ ਉੱਧਰ ਦਾ’ ਹਨ, ਸਬਕ ਸਿਖਾਉਣਾ ਹੈ ਤਾਂ ਇਨ੍ਹਾਂ ਦਾ ਮਾਲ ਖਰੀਦਣਾ ਬੰਦ ਕਰ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਨੂੰ ਅਕਲ ਆ ਜਾਵੇ। ਅਸਲੋਂ ਬੇਹੂਦਾ ਇਹ ਗੱਲ ਇੱਕ ਮੁੱਖ ਮੰਤਰੀ ਨੇ ਜਨਤਕ ਰੋਸ ਪ੍ਰਦਰਸ਼ਨ ਵਿੱਚ ਕਹੀ ਪਰ ਉਹ ਇਹ ਗੱਲ ਭੁੱਲ ਗਿਆ ਕਿ ਕੇਂਦਰ ਸਰਕਾਰ ਨੂੰ ਉਸ ਦੀ ਆਪਣੀ ਪਾਰਟੀ ਚਲਾਉਂਦੀ ਹੈ ਅਤੇ ਉਸ ਵਿੱਚ ਇੱਕ ਕਸ਼ਮੀਰੀ ਮੰਤਰੀ ਵੀ ਹੈ। ਜਦੋਂ ਸਾਰੇ ਕਸ਼ਮੀਰੀ ਲੋਕਾਂ ਨੂੰ ਸਬਕ ਸਿਖਾਉਣ ਦੀ ਗੱਲ ਚਲਦੀ ਹੈ, ਉਨ੍ਹਾਂ ਨੂੰ ਦੁਸ਼ਮਣ ਵਜੋਂ ਪੇਸ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਿੱਚ ਕੇਂਦਰੀ ਮੰਤਰੀ ਵੀ ਆਪਣੇ ਆਪ ਸ਼ਾਮਲ ਹੋ ਜਾਂਦਾ ਹੈ, ਪਰ ਉਸ ਭਾਜਪਾਈ ਮੁੱਖ ਮੰਤਰੀ ਨੂੰ ਇਸਦੀ ਪ੍ਰਵਾਹ ਨਹੀਂ ਸੀ ਜਾਪਦੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ ਤੋਂ ਆਸ ਇਹ ਰੱਖੀ ਜਾਂਦੀ ਹੈ ਕਿ ਉਹ ਆਪਣੇ ਬੰਦਿਆਂ ਨੂੰ ਜ਼ਬਤ ਵਿੱਚ ਰਹਿਣਾ ਸਿਖਾਵੇਗੀ, ਪਰ ਆਮ ਵਰਕਰਾਂ ਨੂੰ ਕਿਤੇ ਰਿਹਾ, ਭਾਜਪਾ ਦੇ ਮੁੱਖ ਮੰਤਰੀ ਵੀ ਬਦ-ਜ਼ਬਾਨੀ ਦੀ ਹੱਦ ਕਰ ਜਾਂਦੇ ਹਨ। ਏਦੂੰ ਹੋਰ ਅੱਗੇ ਵਧ ਕੇ ਕਸ਼ਮੀਰੀ ਮੁਸਲਮਾਨਾਂ ਉੱਤੇ ਧਾਰਮਿਕ ਪੱਖੋਂ ਹਮਲਾ ਕੀਤਾ ਜਾ ਰਿਹਾ ਹੈ, ਪਰ ਉੱਥੇ ਗਏ ਅਤੇ ਇਸ ਹਮਲੇ ਵਿੱਚ ਜ਼ਿੰਦਾ ਬਚ ਗਏ ਲੋਕਾਂ ਦੀਆਂ ਇਹ ਗੱਲਾਂ ਅੱਖੋਂ ਪਰੋਖੇ ਕੀਤੀਆਂ ਜਾ ਰਹੀਆਂ ਹਨ ਕਿ ਔਖੀ ਘੜੀ ਮੁਸਲਮਾਨਾਂ ਨੇ ਆਪਣੇ ਮੋਢਿਆਂ ਉੱਤੇ ਚੁੱਕ ਕੇ ਜ਼ਖਮੀਆਂ ਨੂੰ ਹਸਪਤਾਲ ਵੀ ਪਹੁੰਚਾਇਆ ਤੇ ਆਪਣੇ ਘਰੀਂ ਪਨਾਹ ਵੀ ਦਿੱਤੀ ਸੀ। ਹਮਲਾਵਰਾਂ ਦੇ ਨਾਲ ਭਿੜਦਾ ਆਦਿਲ ਨਾਂਅ ਦਾ ਜਿਹੜਾ ਨੌਜਵਾਨ ਉਨ੍ਹਾਂ ਦੀ ਗੋਲੀ ਨਾਲ ਮਾਰਿਆ ਗਿਆ, ਉਹ ਵੀ ਮੁਸਲਮਾਨ ਸੀ ਅਤੇ ਇਸ ਘਟਨਾ ਦੇ ਅਗਲੇ ਦਿਨ ਝੀਲ ਵਿਚਲੇ ਸ਼ਿਕਾਰਿਆਂ ਦੇ ਮਲਾਹਾਂ ਨੇ ਆਪਣੀਆਂ ਕਿਸ਼ਤੀਆਂ ਉੱਤੇ ਅੱਤਵਾਦ ਵਿਰੋਧੀ ਬੈਨਰ ਲਾ ਦਿੱਤੇ ਅਤੇ ਉਸ ਰਾਜ ਵਿੱਚ ਜਾਨ ਦਾ ਖਤਰਾ ਮੁੱਲ ਲੈ ਕੇ ਐਲਾਨ ਕੀਤਾ ਕਿ ਉਹ ਦੇਸ਼ ਨਾਲ ਖੜ੍ਹੇ ਹਨ। ਇਹ ਸਭ ਕੁਝ ਭੁਲਾ ਕੇ ਜਿਵੇਂ ਇੱਕ ਭਾਈਚਾਰੇ ਵਿਰੁੱਧ ਜ਼ਹਿਰ ਉਗਲੱਛਣ ਦਾ ਕੰਮ ਕੀਤਾ ਜਾ ਰਿਹਾ ਸੀ, ਇਹ ਸਰਕਾਰ ਨੂੰ ਰੋਕਣਾ ਚਾਹੀਦਾ ਸੀ, ਪਰ ਰੋਕਣ ਦੀ ਕੋਈ ਕੋਸ਼ਿਸ਼ ਹੋਈ ਹੋਵੇ, ਇਸ ਬਾਰੇ ਕੋਈ ਨਹੀਂ ਜਾਣਦਾ।
ਤੀਸਰਾ ਹਮਲਾ ਇੱਕ ਰਾਜ ਦੀ ਭਾਜਪਾ ਦੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਰਾਹੁਲ ਗਾਂਧੀ ਖਿਲਾਫ ਇਹ ਕਰ ਦਿੱਤਾ ਗਿਆ ਕਿ ਉਹ ਇਸ ਹਮਲੇ ਦੇ ਵਕਤ ਵਿਦੇਸ਼ ਵਿੱਚ ਸੀ ਅਤੇ ਜਦੋਂ ਵੀ ਉਹ ਵਿਦੇਸ਼ ਜਾਵੇ, ਕੁਝ ਨਾ ਕੁਝ ਵਾਪਰ ਜਾਂਦਾ ਹੈ। ਹਮਲਾ ਕਰਨ ਵਾਲੀ ਸੋਸ਼ਲ ਮੀਡੀਆ ਟੀਮ ਨੇ ਇਹ ਨਹੀਂ ਸੋਚਿਆ ਕਿ ਇਕੱਲਾ ਰਾਹੁਲ ਗਾਂਧੀ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਹਮਲੇ ਵੇਲੇ ਵਿਦੇਸ਼ ਵਿੱਚ ਸਾਊਦੀ ਅਰਬ ਗਏ ਹੋਏ ਸਨ ਅਤੇ ਦੋਵੇਂ ਨੇਤਾ ਇੱਕ ਸਾਊਦੀ ਅਰਬ ਤੋਂ ਅਤੇ ਦੂਸਰਾ ਅਮਰੀਕਾ ਤੋਂ ਖੜ੍ਹੇ ਪੈਰ ਭਾਰਤ ਵਾਪਸ ਆਏ ਸਨ। ਇੱਦਾਂ ਦੇ ਹਮਲਾਵਰ ਰੁਖ ਦੇ ਨਾਲ ਇਹ ਲੀਡਰਸ਼ਿੱਪ ਦੇਸ਼ ਦਾ ਭਲਾ ਨਹੀਂ ਕਰਦੀ, ਉਲਟਾ ਔਖ ਦੇ ਸਮੇਂ ਵਿੱਚ ਏਕਤਾ ਦੇ ਰਾਹ ਵਿੱਚ ਕੰਡੇ ਵਿਛਾ ਰਹੀ ਹੈ। ਇਹ ਭਾਰਤ ਦੀ ਰਿਵਾਇਤ ਨਹੀਂ। ਬੰਗਲਾ ਦੇਸ਼ ਦੀ ਜੰਗ ਹੋਵੇ ਜਾਂ ਕਾਰਗਿਲ ਦੀ, ਭਾਰਤ ਦੀ ਸਾਰੀ ਵਿਰੋਧੀ ਧਿਰ ਅਤੇ ਸਾਰੇ ਲੋਕ ਹਰ ਵਾਰੀ ਦੇਸ਼ ਦੀ ਸਰਕਾਰ ਦੇ ਨਾਲ ਇੱਕ-ਸੁਰ ਰਹੇ ਹਨ ਅਤੇ ਰਹਿਣੇ ਵੀ ਚਾਹੀਦੇ ਹਨ।
ਭਾਰਤੀ ਲੋਕ ਇਸ ਸੰਕਟ ਦੀ ਘੜੀ ਇਕੱਠੇ ਹਨ, ਆਪਣੀ ਸਰਕਾਰ ਦੇ ਨਾਲ ਵੀ ਹਨ, ਪਰ ਉਹ ਇਹ ਗੱਲ ਪੁੱਛ ਸਕਦੇ ਹਨ ਕਿ ਜਿਹੜੇ ਬਿਆਨ ਦਾਗੇ ਜਾ ਰਹੇ ਹਨ, ਕੀ ਉਹ ਅਮਲ ਵਿੱਚ ਆਉਣ ਵਾਲੇ ਵੀ ਹਨ? ਪਿਛਲੇ ਸਮੇਂ ਦੌਰਾਨ ਇਹ ਗੱਲ ਕਿੰਨੀ ਵਾਰ ਕਹੀ ਗਈ ਕਿ ਅਸੀਂ ਪਾਕਿਸਤਾਨ ਨਾਲ ਹੋਇਆ ਸਿੰਧ ਨਦੀ ਦੇ ਪਾਣੀਆਂ ਦਾ ਸਮਝੌਤਾ ਤੋੜ ਦੇਣਾ ਹੈ, ਪਰ ਤੋੜ ਕੇ ਕਰਨਾ ਕੀ ਹੈ, ਇਸਦੀ ਕੋਈ ਯੋਜਨਾਬੰਦੀ ਤਾਂ ਅਮਲ ਵਿੱਚ ਦਿਸਦੀ ਨਹੀਂ। ਅਸੀਂ ਜਾਣਦੇ ਹਾਂ ਕਿ ਇਹ ਸਮਝੌਤਾ ਤੋੜਿਆ ਤਾਂ ਪਾਕਿਸਤਾਨ ਨੂੰ ਪਾਣੀ ਮਿਲਣਾ ਬੰਦ ਹੋ ਸਕਦਾ ਹੈ, ਪਰ ਸਮਝੌਤਾ ਬੇਸ਼ਕ ਟੁੱਟ ਜਾਵੇ, ਪਾਣੀ ਰੋਕ ਲੈਣ ਵਾਲਾ ਕੰਮ ਅਮਲ ਵਿੱਚ ਇੰਨਾ ਸੌਖਾ ਨਹੀਂ। ਉਸ ਸਮਝੌਤੇ ਮੁਤਾਬਕ ਸਿੰਧ, ਜੇਹਲਮ ਅਤੇ ਚਨਾਬ ਤਿੰਨ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਦਿੱਤਾ ਗਿਆ ਅਤੇ ਰਾਵੀ, ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਹਿੱਸੇ ਆਇਆ ਸੀ, ਅਸੀਂ ਅੱਜ ਤਕ ਇਨ੍ਹਾਂ ਤਿੰਨਾਂ ਦਰਿਆਵਾਂ ਦਾ ਪੂਰਾ ਪਾਣੀ ਉਸ ਪਾਸੇ ਜਾਂਦਾ ਨਹੀਂ ਰੋਕ ਸਕੇ। ਪਠਾਨਕੋਟ ਜ਼ਿਲ੍ਹੇ ਵਿਚਲੇ ਮਾਧੋਪੁਰ ਹੈੱਡਵਰਕਸ ਤੋਂ ਇੰਨੇ ਪ੍ਰਬੰਧਾਂ ਦੇ ਬਾਵਜੂਦ ਪਾਣੀ ਅੱਗੇ ਲੰਘੀ ਜਾਂਦਾ ਹੈ, ਅਸੀਂ ਪੂਰਾ ਨਹੀਂ ਰੋਕ ਸਕੇ। ਤਰਨ ਤਾਰਨ ਅਤੇ ਫਿਰੋਜ਼ਪੁਰ ਵਿਚਾਲੇ ਹਰੀਕੇ ਹੈੱਡਵਰਕਸ ਵਾਲੀ ਝੀਲ ਵਿੱਚ ਜਦੋਂ ਬਿਆਸ ਅਤੇ ਸਤਲੁਜ ਦੇ ਪਾਣੀ ਰੋਕ ਕੇ ਉੱਥੋਂ ਮਾਲਵੇ ਤੇ ਰਾਜਸਥਾਨ ਲਈ ਨਹਿਰਾਂ ਚਲਾ ਰੱਖੀਆਂ ਹਨ, ਇਸਦੇ ਬਾਵਜੂਦ ਉੱਥੋਂ ਵੀ ਕੁਝ ਪਾਣੀ ਅੱਗੇ ਲੰਘ ਜਾਂਦਾ ਹੈ ਅਤੇ ਫਿਰ ਹੁਸੈਨੀਵਾਲਾ ਵਿਖੇ ਅਗਲੇ ਹੈੱਡਵਰਕਸ ਉੱਤੇ ਰੋਕ ਕੇ ਵੀ ਸਾਰਾ ਨਹੀਂ ਰੋਕਿਆ ਜਾ ਸਕਦਾ। ਉੱਥੋਂ ਅਗਾਂਹ ਵਗਦਾ ਪਾਣੀ ਕਈ ਕਿਲੋਮੀਟਰ ਅੱਗੇ ਜਾ ਕੇ ਪਾਕਿਸਤਾਨ ਵੱਲੋਂ ਬਣਾਏ ਸੁਲੇਮਾਨਕੀ ਹੈੱਡਵਰਕਸ ਵਿਖੇ ਇਕੱਠਾ ਕਰਨ ਅਤੇ ਖੇਤਾਂ ਨੂੰ ਭੇਜਣ ਦਾ ਪ੍ਰਬੰਧ ਉਹ ਦੇਸ਼ ਕਰੀ ਜਾਂਦਾ ਹੈ। ਜਦੋਂ ਅਸੀਂ ਆਪਣੇ ਹਿੱਸੇ ਦੇ ਤਿੰਨ ਦਰਿਆਵਾਂ ਵਾਲਾ ਪਾਣੀ ਪੌਣੀ ਸਦੀ ਲੰਘ ਜਾਣ ਦੇ ਬਾਅਦ ਅੱਜ ਤਕ ਨਹੀਂ ਰੋਕ ਸਕੇ ਤਾਂ ਸਿੰਧ, ਜੇਹਲਮ ਅਤੇ ਚਨਾਬ ਦੇ ਪਾਣੀ ਰਾਤੋ-ਰਾਤ ਰੋਕ ਦੇਣ ਦੇ ਪ੍ਰਬੰਧ ਕਿਸ ਤਰ੍ਹਾਂ ਹੋ ਜਾਣਗੇ, ਇਹ ਸਮਝ ਤੋਂ ਬਾਹਰ ਹੈ। ਅਮਲ ਦੀ ਗੱਲ ਪਹਿਲਾਂ ਸੋਚ ਲੈਣੀ ਚਾਹੀਦੀ ਹੈ।
ਅਗਲਾ ਤੇ ਆਖਰੀ ਪੱਖ ਕਿਸੇ ਵੀ ਸੰਕਟ ਨਾਲ ਸਿੱਝਣ ਲਈ ਮੌਕੇ ਦੀ ਸਰਕਾਰ ਦੀ ਕਿਸੇ ਲਗਾਤਾਰਤਾ ਦੇ ਨਾਲ ਜੁੜਿਆ ਹੁੰਦਾ ਹੈ। ਭਾਰਤ ਦੀ ਵਿਦੇਸ਼ ਨੀਤੀ ਵੀ ਆਮ ਕਰ ਕੇ ਅਤੇ ਪਾਕਿਸਤਾਨ ਵੱਲ ਨੀਤੀ ਖਾਸ ਕਰ ਕੇ ਪਿਛਲੇ ਸਾਰੇ ਸਮੇਂ ਵਿੱਚ ਕਦੀ ਇੱਕ-ਸਾਰ ਨਹੀਂ ਰਹੀ, ਬਲਕਿ ਕਈ ਵਾਰੀ ਜਾਪਣ ਲੱਗ ਪੈਂਦਾ ਹੈ ਕਿ ਬਾਕਾਇਦਾ ਨੀਤੀ ਕਦੇ ਬਣਾਈ ਵੀ ਹੈ ਜਾਂ ਡੰਗ-ਟਪਾਊ ਅਤੇ ਲੀਡਰ ਦੀ ਮਰਜ਼ੀ ਮੁਤਾਬਕ ਚਲਦੀ ਰਹਿੰਦੀ ਹੈ। ਪਹਿਲਾਂ ਸਾਡੇ ਆਗੂ ਐਲਾਨ ਕਰਦੇ ਹਨ ਕਿ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਰੱਖਣੇ, ਫਿਰ ਪਾਕਿਸਤਾਨ ਦੇ ਲੀਡਰਾਂ ਨੂੰ ਸੱਦੇ ਦੇਣ ਲੱਗਦੇ ਹਨ ਜਾਂ ਦੂਸਰੇ ਦੇਸ਼ ਤੋਂ ਮੁੜਦੇ ਵਕਤ ਕਿਸੇ ਅਗੇਤੇ ਸੱਦੇ ਤੋਂ ਬਿਨਾਂ ਹੀ ਰਾਹ ਵਿੱਚ ਜਹਾਜ਼ ਉਤਾਰ ਕੇ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਮਿਲਣ ਨਿਕਲ ਪੈਂਦੇ ਹਨ। ਇਹ ਕਿਸੇ ਠੋਸ ਨੀਤੀ ਦਾ ਪ੍ਰਗਟਾਵਾ ਨਹੀਂ ਬਣ ਸਕਦਾ। ਨੀਤੀਆਂ ਜੋ ਵੀ ਹੋਣ, ਲਗਾਤਾਰਤਾ ਦੀ ਲੋੜ ਸਭ ਤੋਂ ਵੱਧ ਹੁੰਦੀ ਹੈ ਤਾਂ ਕਿ ਬਾਕੀ ਲੋਕ ਵੀ ਉਸ ਨੀਤੀ ਮੁਤਾਬਕ ਚੱਲਦੇ ਰਹਿ ਸਕਣ।
ਹਾਲਾਤ ਦੀ ਵਿਆਖਿਆ ਕਰਨ ਵਾਲੇ ਬਹੁਤ ਸਾਰੇ ਲੋਕ ਕਹੀ ਜਾਂਦੇ ਹਨ ਕਿ ਜੰਗ ਲੱਗ ਕੇ ਰਹੇਗੀ, ਪਰ ਪਿਛਲਾ ਤਜਰਬਾ ਕਿਸੇ ਵੀ ਹੋਰ ਤੋਂ ਵੱਧ ਅਟਲ ਬਿਹਾਰੀ ਵਾਜਪਾਈ ਦੇ ਪੈਂਤੜੇ ਦੀ ਪੁਸ਼ਟੀ ਕਰਦਾ ਹੈ। ਇੱਕ ਵਾਰ ਫੌਜਾਂ ਦੇਸ਼ ਦੇ ਬਾਰਡਰ ਉੱਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਬੱਦਲ ਗੱਜਦੇ ਹਨ, ਬਿਜਲੀ ਚਮਕਦੀ ਹੈ ਤਾਂ ਅੱਗੋਂ ਜੋ ਹੁੰਦਾ ਹੈ, ਸਭ ਨੂੰ ਪਤਾ ਹੈ। ਫਿਰ ਤਣਾਓ ਘਟ ਗਿਆ ਤਾਂ ਇਹੋ ਸਵਾਲ ਦੁਹਰਾਉਣ ਉੱਤੇ ਉਨ੍ਹਾਂ ਨੇ ਕਿਹਾ ਸੀ ਕਿ ਹਰ ਗੱਲ ਜ਼ਰੂਰੀ ਨਹੀਂ ਹੁੰਦੀ, ਕਈ ਵਾਰੀ ਬੱਦਲ ਗੱਜਦੇ ਹਨ, ਬਿਜਲੀ ਵੀ ਚਮਕਦੀ ਹੈ, ਪਰ ਬਾਅਦ ਵਿੱਚ ਕੁਝ ਵੀ ਨਹੀਂ ਹੁੰਦਾ, ਹਵਾ ਆਣ ਕੇ ਬੱਦਲ ਉਡਾ ਕੇ ਲੈ ਜਾਂਦੀ ਹੈ। ਇੱਦਾਂ ਕਈ ਵਾਰੀ ਹੁੰਦਾ ਰਿਹਾ ਹੈ। ਪਾਕਿਸਤਾਨ ਦੇ ਫੌਜੀ ਰਾਸ਼ਟਰਪਤੀ ਜਨਰਲ ਜ਼ਿਆ ਉਲ ਹੱਕ ਜਦੋਂ ਕ੍ਰਿਕਟ ਮੈਚ ਦੇ ਬਹਾਨੇ ਭਾਰਤ ਆਏ ਤਾਂ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗੈਲਰੀ ਵਿੱਚੋਂ ਉਠਾ ਕੇ ਪਰੇ ਲਿਜਾ ਕੇ ਕੰਨ ਵਿੱਚ ਕਹਿ ਗਏ ਸੀ ਕਿ ਪਾਕਿਸਤਾਨ ਕੋਲ ਐਟਮ ਬੰਬ ਵੀ ਹੈ। ਉਸਦੇ ਇਹ ਕਹਿਣ ਨੂੰ ਧਮਕੀ ਸਮਝਿਆ ਗਿਆ ਅਤੇ ਜੰਗ ਬਾਰੇ ਚਰਚਾ ਛਿੜ ਗਈ ਸੀ। ਦੋਵਾਂ ਦੇਸ਼ਾਂ ਦੀਆਂ ਫੌਜਾਂ ਬਾਰਡਰਾਂ ਉੱਤੇ ਪਹੁੰਚ ਕੇ ਤੋਪਾਂ ਬੀੜਨ ਲੱਗ ਪਈਆਂ ਸਨ, ਪਰ ਬਾਅਦ ਵਿੱਚ ਕੁਝ ਵੀ ਨਹੀਂ ਸੀ ਹੋਇਆ ਅਤੇ ਵੱਡੀਆਂ ਤਾਕਤਾਂ ਦੇ ਦਖਲ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਪੋ ਆਪਣੀਆਂ ਬੈਰਕਾਂ ਵਿੱਚ ਮੁੜ ਆਈਆਂ ਸਨ। ਪੁਲਵਾਮਾ ਵਰਗੇ ਅੱਤਵਾਦੀ ਹਮਲੇ ਦੇ ਵਕਤ ਵੀ ਇਹੋ ਚਰਚਾ ਚੱਲੀ ਤੇ ਜਦੋਂ ਭਾਰਤ ਨੇ ਸਰਜੀਕਲ ਸਟਰਾਈਕ ਕੀਤੀ ਤਾਂ ਉਸ ਨਾਲ ਵੀ ਜੰਗ ਛਿੜ ਜਾਣ ਵਾਲੀ ਚਰਚਾ ਚੱਲੀ ਸੀ, ਪਰ ਬਾਅਦ ਵਿੱਚ ਸਭ ਕੁਝ ਆਮ ਵਰਗਾ ਹੋ ਗਿਆ ਸੀ। ਇਸ ਵਕਤ ਫਿਰ ਜਿੱਦਾਂ ਦੇ ਹਾਲਾਤ ਬਣਦੇ ਪਏ ਹਨ, ਚਰਚਾ ਕਈ ਤਰ੍ਹਾਂ ਦੀ ਚਲਦੀ ਪਈ ਹੈ, ਪਰ ਹਰ ਗੱਲ ਹੋਣੀ ਜ਼ਰੂਰੀ ਨਹੀਂ ਹੁੰਦੀ।
ਸਿਰਫ ਇਹੋ ਨਹੀਂ ਕਿ ਇਹੋ ਜਿਹੀ ਚਰਚਾ ਮੁਤਾਬਕ ਕੁਝ ਵਾਪਰਨਾ ਜ਼ਰੂਰੀ ਹੁੰਦਾ ਹੈ ਜਾਂ ਨਹੀਂ, ਸਗੋਂ ਭਾਰਤ ਅਤੇ ਪਾਕਿਸਤਾਨ ਦੇ ਆਮ ਲੋਕਾਂ ਦੇ ਮਨਾਂ ਦੀ ਇੱਛਾ ਵੀ ਹੈ ਕਿ ਅੱਤਵਾਦ ਨਾਲ ਸਿੱਝਿਆ ਜਾਵੇ ਅਤੇ ਇਸ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ ਜਾਵੇ, ਪਰ ਜੰਗ ਦੀਆਂ ਗੱਲਾਂ ਵਕਤੋਂ ਪਹਿਲਾਂ ਨਾ ਸੋਚੀਆਂ ਤੇ ਨਾ ਕਹੀਆਂ ਜਾਣ। ਮੁਸੀਬਤ ਸਿਰ ਪਈ ਤੋਂ ਹਰ ਕਦਮ ਚੁੱਕਣ ਲਈ ਲੋਕ ਆਪਣੀ ਸਰਕਾਰ ਨਾਲ ਹੋਣਗੇ, ਪਰ ਤਿੱਖੇ ਤੇ ਭੜਕਾਊ ਟਿਪਣੀਕਾਰਾਂ ਦੀਆਂ ਟਾਹਰਾਂ ਆਮ ਲੋਕਾਂ ਦੇ ਮਨ ਦੀ ਇੱਛਾ ਨਹੀਂ। ਚੰਗੇ ਨੇਤਾ ਦੀ ਪਛਾਣ ਸਿਰਫ ਜੰਗਾਂ ਲੜਨ ਅਤੇ ਜਿੱਤਣ ਨਾਲ ਨਹੀਂ, ਸਗੋਂ ਜੰਗ ਵਰਗੇ ਮਾਹੌਲ ਵਿੱਚ ਵਿਰੋਧੀ ਪੱਖ ਵਾਲਿਆਂ ਨੂੰ ਅਕਲ ਦੇ ਰਾਹ ਪੈਣ ਨੂੰ ਮਜਬੂਰ ਕਰਨ ਨਾਲ ਵੀ ਹੋ ਜਾਂਦੀ ਹੈ ਤੇ ਸੰਸਾਰ ਇਹੋ ਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਕਹਿਣ ਲਈ ਬਹੁਤ ਕੁਝ ਹੈ, ਪਰ ਅਸੀਂ ਇਸ ਵੇਲੇ ਏਦੂੰ ਵੱਧ ਕੁਝ ਕਹਿਣ ਦੀ ਥਾਂ ਇਹ ਕਹਿ ਕੇ ਗੱਲ ਮੁਕਾਉਣਾ ਠੀਕ ਸਮਝਦੇ ਹਾਂ ਕਿ ਜੋ ਕੁਝ ਹੋਇਆ ਹੈ, ਅੱਤ ਦਾ ਘਿਨਾਉਣਾ ਕਾਰਾ ਵਰਤਿਆ ਹੈ, ਇਸ ਮੌਕੇ ਪਹਿਲਾ ਕੰਮ ਇਹ ਬਣਦਾ ਹੈ ਕਿ ਅਗਲੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਜਾਣ ਤੇ ਕਿਸੇ ਹੋਰ ਕਾਰੇ ਲਈ ਰਾਹ ਨਾ ਰਹਿਣ ਦਿੱਤਾ ਜਾਵੇ। ਦੂਸਰਾ ਇਹ ਕਿ ਦੁਖਾਂਤ ਪੀੜਿਤਾਂ ਦੀ ਹਰ ਪੱਖੋਂ ਮਦਦ ਕਰਨ ਦੇ ਨਾਲ ਇਹ ਯਕੀਨੀ ਕੀਤਾ ਜਾਵੇ ਕਿ ਉਨ੍ਹਾਂ ਦੀ ਪੀੜ ਨੂੰ ਕੋਈ ਧਿਰ ਆਪਣੀ ਰਾਜਨੀਤੀ ਲਈ ਵਰਤ ਕੇ ਉਨ੍ਹਾਂ ਦੇ ਜ਼ਖਮਾਂ ਉੱਤੇ ਲੂਣ ਧੂੜਨ ਦਾ ਕੰਮ ਨਹੀਂ ਕਰੇਗੀ। ਇਸ ਵਿੱਚ ਪਹਿਲ ਰਾਜ ਕਰਦੀ ਪਾਰਟੀ ਨੂੰ ਕਰਨੀ ਪਵੇਗੀ, ਪਰ ਇਸਦਾ ਅਰਥ ਇਹ ਨਹੀਂ ਕਿ ਵਿਰੋਧੀ ਧਿਰਾਂ ਲਈ ਮਨ ਵਿੱਚ ਆਇਆ ਸਾਰਾ ਕੁਝ ਕਹੀ ਜਾਣ ਦੀ ਖੁੱਲ੍ਹ ਹੈ, ਉਨ੍ਹਾਂ ਨੂੰ ਵੀ ਦੇਸ਼ ਦੇ ਭਵਿੱਖ ਅਤੇ ਦੇਸ਼ ਵਾਸੀਆਂ ਦੀ ਜ਼ਖਮੀ ਮਾਨਸਿਕਤਾ ਦਾ ਖਿਆਲ ਰੱਖ ਕੇ ਬਹੁਤ ਸੰਕੋਚ ਨਾਲ ਬੋਲਣਾ ਸਿੱਖਣ ਦੀ ਲੋੜ ਬਣਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)