“ਸਾਡੇ ਪੰਜਾਬ ਵਿੱਚ ਸਾਰੇ ਸਰੋਤ ਇੱਕ ਪਾਰਟੀ ਦੀ ਥਾਂ ਇੱਕ ਪਰਿਵਾਰ ਦੇ ਸੰਪਰਕ ਦੇ ਮੁਥਾਜ”
(25 ਫਰਵਰੀ 2025)
ਭਾਰਤ ਦਾ ਲੋਕਤੰਤਰ ਦੁਨੀਆ ਭਰ ਵਿੱਚ ਸਲਾਹਿਆ ਜਾਣ ਦੀਆਂ ਗੱਲਾਂ ਕਈ ਵਾਰ ਸੁਣੀਆਂ ਹਨ ਤੇ ਪਤਾ ਨਹੀਂ ਇਹ ਕਿੰਨੀ ਵਾਰ ਹੋਰ ਸੁਣੀਆਂ ਜਾਣਗੀਆਂ ਜਾਂ ਕਹੋ ਕਿ ਸਾਨੂੰ ਸੁਣਨੀਆਂ ਪੈਣਗੀਆਂ, ਪਰ ਇਸਦੀ ਅੰਦਰੂਨੀ ਹਾਲਤ ਦੀ ਚਰਚਾ ਬਹੁਤੀ ਨਹੀਂ ਹੁੰਦੀ। ਇਸਦੀਆਂ ਨੀਹਾਂ ਵਿੱਚ ਇੰਨੀ ਤਾਕਤ ਨਹੀਂ ਜਾਪਦੀ ਕਿ ਬਹੁਤਾ ਚਿਰ ਇਸਦਾ ਭਾਰ ਝੱਲਦਾ ਰਹਿ ਸਕੇ ਅਤੇ ਇਸ ਤੋਂ ਮਾੜੀ ਗੱਲ ਅਗਲੀ ਇਹ ਹੈ ਕਿ ਇਸ ਸਥਿਤੀ ਦਾ ਕੋਈ ਤੋੜ ਵੀ ਨਹੀਂ ਦਿਸਦਾ। ਭਾਰਤ ਵਿੱਚ ਉਨ੍ਹਾਂ ਸਿਆਣਿਆਂ ਦੀ ਕਮੀ ਨਹੀਂ, ਜਿਹੜੇ ਦੁਨੀਆ ਭਰ ਦੇ ਦੇਸ਼ਾਂ ਵਿਚਲੇ ਲੋਕਤੰਤਰਾਂ ਦੀਆਂ ਸਾਰੀਆਂ ਤਹਿਆਂ ਫੋਲ ਕੇ ਅੰਦਰ ਦਾ ਸੱਚ ਅਤੇ ਮੈਦਾਨੀ ਹਕੀਕਤਾਂ ਦਾ ਖੁਲਾਸਾ ਚੁਟਕੀ ਵਿੱਚ ਕਰ ਸਕਦੇ ਹਨ। ਉਹ ਵਿਕਸਿਤ ਦੇਸ਼ਾਂ ਦੀ ਰਾਜਨੀਤੀ ਦਾ ਕੱਚ-ਸੱਚ ਵੀ ਜਾਣਦੇ ਹਨ ਅਤੇ ਕਬੀਲਿਆਂ ਦੇ ਯੁਗ ਵਰਗੀ ਸਥਿਤੀ ਵਿੱਚ ਹਾਲੇ ਤਕ ਫਸੇ ਹੋਏ ਦੇਸ਼ਾਂ ਅਤੇ ਕੌਮਾਂ ਬਾਰੇ ਵੀ ਉਨ੍ਹਾਂ ਤੋਂ ਕੁਝ ਛੁਪਿਆ ਹੋਇਆ ਨਹੀਂ। ਇੰਨੇ ਸਿਆਣੇ ਸਿਰਾਂ ਦੀ ਬਹੁਤਾਤ ਵਾਲੇ ਭਾਰਤੀ ਲੋਕਤੰਤਰ ਦੇ ਅੰਦਰ ਜਿੰਨਾ ਕੁਝ ਵੇਖਿਆ ਤੇ ਵਿਗੜਨ ਤੋਂ ਰੋਕਣ ਦੀ ਲੋੜ ਹੈ, ਉਸ ਦੀ ਨਾ ਕਦੀ ਕੋਈ ਖਾਸ ਨੀਝ ਨਾਲ ਪੜਚੋਲ ਦਾ ਸੰਜੀਦਾ ਯਤਨ ਹੁੰਦਾ ਜਾਪਦਾ ਹੈ ਅਤੇ ਨਾ ਇਸ ਲੋੜ ਨੂੰ ਅੱਖੋਂ ਪਰੋਖੇ ਕਰਨ ਦਾ ਲੋਕ ਬੁਰਾ ਹੀ ਮਨਾਉਂਦੇ ਜਾਪਦੇ ਹਨ।
ਦੁਨੀਆ ਭਰ ਦੇ ਲੋਕਤੰਤਰਾਂ ਦੀ ਜਿੰਨੀ ਕੁ ਜਾਣਕਾਰੀ ਇਨ੍ਹਾਂ ਸਤਰਾਂ ਦਾ ਲੇਖਕ ਹਾਸਲ ਕਰ ਸਕਿਆ ਤੇ ਜਿੱਦਾਂ ਦੇ ਹਾਲਾਤ ਅਤੇ ਅਸੂਲਾਂ ਦੀ ਪਾਲਣਾ ਵੱਲ ਸੰਜੀਦਗੀ ਵਿਖਾਈ ਜਾਂਦੀ ਸਮਝ ਪਈ, ਭਾਰਤ ਵਿੱਚ ਉਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਅਸੀਂ ਲੋਕ ਉਸ ਖੂਹ ਦੇ ਡੱਡੂ ਵਾਂਗ ਹੋ ਚੱਕੇ ਹਾਂ, ਜਿਹੜਾ ਖੂਹ ਨੂੰ ਸਾਰੇ ਸੰਸਾਰ ਦਾ ਸਿਖਰ ਮੰਨਣ ਲੱਗ ਜਾਂਦਾ ਹੈ। ਇੱਕ ਵਾਰੀ ਸਫਰ ਦੌਰਾਨ ਕੁਝ ਲੋਕਾਂ ਨਾਲ ਇਹ ਗੱਲ ਚੱਲ ਪਈ ਕਿ ਵਿਕਸਿਤ ਦੇਸ਼ਾਂ ਵਿੱਚ ਆਵਾਜਾਈ ਸੁਚਾਰੂ ਰੂਪ ਨਾਲ ਚਲਾਉਣ ਅਤੇ ਨਾਗਰਿਕਾਂ ਲਈ ਸਹੂਲਤਾਂ ਦੇਣ ਦੇ ਬਹੁਤ ਪ੍ਰਬੰਧ ਹੋਏ ਮਿਲਦੇ ਹਨ। ਸਾਡੇ ਨਾਲ ਬੈਠੀ ਇੱਕ ਕੁੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਦੀ ਜੰਮ-ਪਲ਼ ਹੈ ਅਤੇ ਇਹ ਗੱਲ ਮਾਣ ਨਾਲ ਕਹਿਣ ਦੀ ਹਿੰਮਤ ਰੱਖਦੀ ਹੈ ਕਿ ਦੁਨੀਆ ਦਾ ਸਭ ਤੋਂ ਸੋਹਣਾ ਪ੍ਰਬੰਧ ਉਸ ਦੇ ਸ਼ਹਿਰ ਵਿੱਚ ਹੈ, ਇਸੇ ਲਈ ਹਰ ਕੋਈ ਇਸਦੀ ਗੱਲ ਕਰਦੇ ਵਕਤ ‘ਸਿਟੀ ਬਿਊਟੀਫੁਲ’ ਕਹਿਣ ਨੂੰ ਗਲਤ ਨਹੀਂ ਮੰਨਦਾ। ਅਸੀਂ ਉਸ ਨੂੰ ਕੁਝ ਗੱਲਾਂ ਵਿਕਸਿਤ ਦੇਸ਼ਾਂ ਬਾਰੇ ਦੱਸੀਆਂ ਅਤੇ ਯੂਟਿਊਬ ਉੱਤੇ ਉਨ੍ਹਾਂ ਦੇ ਸ਼ਹਿਰਾਂ ਦੀਆਂ ਵੀਡੀਓ ਵੇਖਣ ਲਈ ਕਿਹਾ। ਸਾਡਾ ਫੋਨ ਨੰਬਰ ਲੈ ਕੇ ਉਹ ਚਲੀ ਗਈ। ਉਸ ਕੁੜੀ ਨੇ ਦੋ ਦਿਨਾਂ ਬਾਅਦ ਫੋਨ ਕਰ ਕੇ ਆਖਿਆ ਕਿ ਅਸੀਂ ਇਹ ਕੁਝ ਸੋਚ ਵੀ ਨਹੀਂ ਸਕਦੇ ਕਿ ਸਾਨੂੰ ਵਿਕਸਿਤ ਦੇਸ਼ਾਂ ਦੀ ਖੂਬਸੂਰਤੀ ਦੇ ਨਾਂਅ ਉੱਤੇ ਬੇਵਕੂਫ ਬਣਾਇਆ ਜਾਂਦਾ ਹੈ ਅਤੇ ਜਿਹੜੀ ਹਕੀਕਤ ਦੁਨੀਆਂ ਭਰ ਦੇ ਵਿਕਸਿਤ ਦੇਸ਼ਾਂ ਕੋਲ ਮੌਜੂਦ ਹੈ, ਉਸ ਦਾ ਸਾਡੇ ਕੋਲ ਕੋਈ ਅੰਸ਼ ਵੀ ਨਹੀਂ ਲੱਭਦਾ। ਅਗਲਾ ਫੋਨ ਉਸ ਨੇ ਕੁਝ ਦਿਨ ਬਾਅਦ ਉਦੋਂ ਕਰਨਾ ਠੀਕ ਸਮਝਿਆ ਸੀ, ਜਦੋਂ ਦੁਨੀਆ ਤਾਂ ਕੀ, ਆਪਣੇ ਦੇਸ਼ ਭਾਰਤ ਦੇ ਖੂਬਸੂਰਤ ਤੇ ਸਾਫ-ਸੁਥਰੇ ਸ਼ਹਿਰਾਂ ਦੀ ਲਿਸਟ ਵਿੱਚ ਵੀ ਉਸ ਦੇ ‘ਸਿਟੀ ਬਿਊਟੀਫੁਲ’ ਦਾ ਨਾਂਅ ਪੰਜਵੇਂ ਥਾਂ ਹੋਣ ਦੀ ਖਬਰ ਆਈ ਸੀ ਅਤੇ ਚਾਰ ਸ਼ਹਿਰ ਉਸ ਤੋਂ ਅੱਗੇ ਦਰਜ ਸਨ।
ਜਿਨ੍ਹਾਂ ਦੇਸ਼ਾਂ ਵਿੱਚ ਸਹੀ ਅਰਥਾਂ ਵਿੱਚ ਲੋਕਤੰਤਰ ਹੈ, ਉਨ੍ਹਾਂ ਵਿੱਚ ਸਾਡੇ ਨਾਲੋਂ ਵੱਖਰਾ ਵਿਹਾਰ ਰਾਜਨੀਤੀ ਕਰਨ ਵਾਲਿਆਂ ਦਾ ਵੀ ਹੁੰਦਾ ਹੈ, ਸਗੋਂ ਹੋਰ ਸਾਰੇ ਲੋਕਾਂ ਤੋਂ ਪਹਿਲਾਂ ਹੁੰਦਾ ਹੈ। ਕੈਨੇਡਾ ਦੇ ਇੱਕ ਸੂਬੇ ਦੇ ਸਿੱਖਿਆ ਮੰਤਰੀ ਦੇ ਬੱਚੇ ਸਰਕਾਰੀ ਦੇ ਥਾਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਦੀ ਖਬਰ ਆਈ ਤਾਂ ਉਸ ਨੂੰ ਅਹੁਦਾ ਛੱਡਣਾ ਪਿਆ ਸੀ। ਕੋਵਿਡ ਮਹਾਂਮਾਰੀ ਦੇ ਦਿਨਾਂ ਵਿੱਚ ਇਹੋ ਜਿਹੇ ਇੱਕ ਵਿਕਸਿਤ ਦੇਸ਼ ਦਾ ਇੱਕ ਮੰਤਰੀ ਕੁਝ ਦੋਸਤਾਂ ਨਾਲ ਸਮੁੰਦਰੀ ਕੰਢੇ ਦੇ ਕਿਸੇ ਸੈਰ-ਸਪਾਟਾ ਅਸਥਾਨ ਦਾ ਕੁਝ ਪਲਾਂ ਲਈ ਗੇੜਾ ਮਾਰਨ ਚਲਾ ਗਿਆ ਤਾਂ ਉਸ ਨੂੰ ਕੁਰਸੀ ਛੱਡਣੀ ਪਈ ਸੀ। ਲੋਕਤੰਤਰ ਦੇ ਇਹੋ ਜਿਹੇ ਅਰਥ ਅਸੀਂ ਲੋਕ ਭਾਰਤ ਵਿੱਚ ਕਦੇ ਮਹਿਸੂਸ ਵੀ ਨਹੀਂ ਕਰ ਸਕਦੇ ਅਤੇ ਸਾਡੇ ਕਿਸੇ ਲੀਡਰ ਨੇ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਕਾਇਮ ਰੱਖਣ ਲਈ ਇੱਦਾਂ ਦੀ ਕੋਈ ਲੋੜ ਵੀ ਨਹੀਂ ਸਮਝੀ। ਆਪਣੇ ਆਪ ਨੂੰ ਨਿਯਮਾਂ-ਕਾਨੂੰਨਾਂ ਤੋਂ ਉੱਪਰ ਮੰਨਣ ਦਾ ਪ੍ਰਭਾਵ ਦੇਣ ਵਾਲੇ ਡੌਨਲਡ ਟਰੰਪ ਦੀ ਗੱਲ ਵੱਖਰੀ ਹੈ, ਵਰਨਾ ਬਹੁਤ ਸਾਰੇ ਵਿਕਸਿਤ ਦੇਸ਼ਾਂ ਦੀ ਕਿਸੇ ਸਰਕਾਰ ਦੇ ਕਿਸੇ ਵੀ ਅਗਵਾਨੂੰ ਉੱਤੇ ਇੱਦਾਂ ਦੇ ਦੋਸ਼ ਲੱਗਣ ਤਾਂ ਅਹੁਦਾ ਛੱਡ ਕੇ ਤੁਰ ਜਾਂਦੇ ਰਹੇ ਹਨ। ਉਨ੍ਹਾਂ ਦੀ ਪਾਰਟੀ ਉਨ੍ਹਾਂ ਦੀਆਂ ਗਲਤੀਆਂ ਅਤੇ ਗੁਨਾਹਾਂ ਦਾ ਭਾਰ ਆਪਣੇ ਸਿਰ ਲੈਣ ਲਈ ਕਦੀ ਤਿਆਰ ਨਹੀਂ ਹੋਈ। ਸਿਰਫ ਇਹ ਹੀ ਨਹੀਂ, ਉਨ੍ਹਾਂ ਦੇਸ਼ਾਂ ਵਿੱਚ ਜਦੋਂ ਕਦੀ ਚੋਣਾਂ ਵਿੱਚ ਕਿਸੇ ਪਾਰਟੀ ਦੀ ਲੱਕ ਤੋੜਵੀਂ ਹਾਰ ਹੋਈ ਤਾਂ ਉਸ ਆਗੂ ਨੂੰ ਲੋਕਾਂ ਵੱਲੋਂ ਰੱਦ ਕੀਤਾ ਗਿਆ ਮੰਨ ਕੇ ਕਈ ਆਗੂਆਂ ਨੂੰ ਰਾਜਨੀਤੀ ਤੋਂ ਕਿਨਾਰਾ ਕਰਦੇ ਵੀ ਬਹੁਤ ਵਾਰੀ ਵੇਖਿਆ ਗਿਆ ਹੈ।
ਭਾਰਤ ਵਿੱਚ ਇੱਦਾਂ ਕਰਨਾ ਤਾਂ ਦੂਰ, ਇੱਦਾਂ ਦੀ ਸੋਚ ਵੀ ਮਨ ਵਿੱਚ ਲਿਆਉਣ ਦੀ ਕਿਸੇ ਆਗੂ ਨੂੰ ਲੋੜ ਮਹਿਸੂਸ ਨਹੀਂ ਕਰਨੀ ਪੈਂਦੀ। ਕਦੀ ਇਸ ਦੇਸ਼ ਵਿੱਚ ਸੱਤਾ ਦੇ ਸਿਖਰ ਉੱਤੇ ਹੋਣ ਦਾ ਸਤਿਕਾਰ ਮਾਣਦੀ ਰਹੀ ਕਾਂਗਰਸ ਪਾਰਟੀ ਦੀ ਪਿਛਲੀਆਂ ਕਈ ਵਾਰੀਆਂ ਵਿੱਚ ਬਹੁਤ ਬੁਰੀ ਹਾਲਤ ਹੋਣ ਦੇ ਬਾਵਜੂਦ ਉਸ ਦੀ ਅਗਵਾਈ ਕਰਨ ਵਾਲਾ ਇੱਕੋ ਪਰਿਵਾਰ ਹੀ ਉਸ ਦੀ ਕਮਾਨ ਸਾਂਭੀ ਬੈਠਾ ਹੈ। ਉਨ੍ਹਾਂ ਨੂੰ ਹਾਰ ਦੀ ਜ਼ਿੰਮੇਵਾਰੀ ਆਪਣੀ ਝੋਲੀ ਪਵਾ ਕੇ ਪਾਸੇ ਹਟਣ ਨੂੰ ਕਹਿ ਦੇਣ ਦੀ ਥਾਂ ਉਲਟਾ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ‘ਪਾਰਟੀ ਲਈ ਵੋਟ ਕੈਚਰ ਉਹੀ ਪਰਿਵਾਰ ਹੈ।’ ਵੋਟ-ਕੈਚਰ ਦਾ ਭਾਵ ਕਿ ਵੋਟਾਂ ਹੂੰਝ ਕੇ ਲਿਆ ਸਕਣ ਵਾਲਾ ਪਰਿਵਾਰ ਜਾਂ ਆਗੂ ਸਿਰਫ ਇਸ ਪਾਰਟੀ ਤਕ ਸੀਮਤ ਨਹੀਂ, ਹੋਰ ਵੀ ਕਈਆਂ ਧਿਰਾਂ ਵਿੱਚ ਅਗਵਾਈ ਵਾਲੀ ਕੁਰਸੀ ਉੱਤੇ ਕਬਜ਼ਾ ਜਮਾਉਣ ਵਾਲੇ ਪੱਕੇ ਆਗੂ ਬੈਠੇ ਹਨ। ਜਦੋਂ ਪਤਾ ਹੈ ਕਿ ਚੁਣੌਤੀ ਦੇਣ ਦੀ ਜੁਰਅਤ ਹੀ ਕਿਸੇ ਦੀ ਨਹੀਂ ਤੇ ਚਾਪਲੂਸਾਂ ਦੇ ਆਸਰੇ ਰਾਜਨੀਤੀ ਚਲਦੀ ਜਾਣੀ ਹੈ ਤਾਂ ਸਭ ਠੀਕ ਹੀ ਹੈ।
ਬਹੁਜਨ ਸਮਾਜ ਪਾਰਟੀ ਦੀ ਕਿਸੇ ਵਕਤ ਚੜ੍ਹਤ ਹੋਇਆ ਕਰਦੀ ਸੀ। ਉਸ ਦੀ ਮੁਖੀ ਬੀਬੀ ਮਾਇਆਵਤੀ ਭਾਰਤ ਦੀ ਕੇਂਦਰ ਦੀ ਸੱਤਾ ਦੇ ਅਗਵਾਨੂੰ ਬਾਰੇ ਫੈਸਲਾ ਕਰਨ ਵਿੱਚ ਇੱਕ ਧੜੱਲੇਦਾਰ ਧਿਰ ਸਮਝੀ ਜਾਂਦੀ ਸੀ। ਅੱਜ ਉਹ ਕਿਸੇ ਖਾਸ ਲੇਖੇ ਵਿੱਚ ਗਿਣੀ ਜਾਣ ਜੋਗੀ ਨਹੀਂ, ਪਰ ਪਾਰਟੀ ਦੀ ਮੁਖੀ ਅੱਗੇ ਚੁਣੌਤੀ ਕੋਈ ਨਹੀਂ। ਜਿੰਨੀ ਤੇ ਜਿਹੋ ਜਿਹੀ ਪਾਰਟੀ ਹੈ, ਇਸਦੀ ਅਗਵਾਈ ਉਸੇ ਬੀਬੀ ਦੇ ਹੱਥ ਹੈ ਤੇ ਅੱਗੋਂ ਉਸ ਬੀਬੀ ਦੇ ਪਰਿਵਾਰ ਦੇ ਕਿਸੇ ਜੀਅ ਨੂੰ ਸੌਂਪੀ ਜਾਣੀ ਸੰਭਵ ਹੈ, ਕਿਉਂਕਿ ਪਾਰਟੀ ਦਾ ਅਧਾਰ ਉਨ੍ਹਾਂ ਕੋਲ ਬਹੁਤਾ ਹੋਵੇ ਜਾਂ ਥੋੜ੍ਹਾ, ਪਾਰਟੀ ਚਲਾਉਣ ਜੋਗੇ ਸਰੋਤ ਸਿਰਫ ਉਨ੍ਹਾਂ ਕੋਲ ਹਨ। ਪਾਰਟੀ ਦੇ ਕਿਸੇ ਵੀ ਹੋਰ ਆਗੂ ਕੋਲ ਕੱਖ ਨਹੀਂ। ਸਾਰੇ ਸਰੋਤਾਂ ਉੱਤੇ ਇੱਦਾਂ ਦੀ ਜਕੜ ਕਾਂਗਰਸ ਹਾਈ ਕਮਾਂਡ ਕੋਲ ਹੋਣ ਕਾਰਨ ਉਨ੍ਹਾਂ ਦਾ ਕਬਜ਼ਾ ਮੰਨਿਆ ਜਾਂਦਾ ਹੈ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਅੱਖ ਦੀ ਸੈਨਤ ਵਰਗਾ ਜਿੰਨਾ ਸੰਪਰਕ ਉਨ੍ਹਾਂ ਦਾ ਹੈ, ਹੋਰ ਕਿਸੇ ਦਾ ਕਦੀ ਬਣਨ ਹੀ ਨਹੀਂ ਸੀ ਦਿੱਤਾ ਗਿਆ ਤੇ ਅੱਗੋਂ ਬਣਨਾ ਵੀ ਕਦੇ ਨਹੀਂ।
ਭਾਰਤੀ ਜਨਤਾ ਪਾਰਟੀ ਸਿਧਾਂਤ ਉੱਤੇ ਅਧਾਰਤ ਰਾਜਨੀਤੀ ਕਰਨ ਦੇ ਦਾਅਵੇ ਕਰਦੀ ਹੁੰਦੀ ਸੀ। ਅਟੱਲ ਬਿਹਾਰੀ ਵਾਜਪਾਈ ਦੇ ਵਕਤ ਜਦੋਂ ਸੱਤਾ ਦੇ ਸਿਖਰ ਉੱਤੇ ਪੁੱਜੀ ਤਾਂ ਇਸ ਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਫੰਡਾਂ ਦੇ ਗੱਫੇ ਧੜਾ-ਧੜਾ ਫੰਡ ਦਿੱਤੇ ਜਾਣ ਲੱਗੇ। ਪਰ ਪੈਸੇ ਪਾਰਟੀ ਨਹੀਂ ਸੀ ਫੜਦੀ ਹੁੰਦੀ, ਉਸ ਵੱਲੋਂ ਇੱਕੋ ਆਗੂ ਇਹ ਕੰਮ ਕਰਦਾ ਹੁੰਦਾ ਸੀ। ਹਾਲਾਤ ਬਦਲੇ ਤੇ ਪਾਰਟੀ ਦੇ ਸੱਤਾ ਤੋਂ ਪਾਸੇ ਹੁੰਦੇ ਸਾਰ ਕਾਰਪੋਰੇਟ ਫੰਡਾਂ ਦਾ ਉਹ ਇੱਕੋ ਸੰਪਰਕ ਮੰਨਿਆ ਜਾਂਦਾ ਆਗੂ ਆਪਣੇ ਕਿਸੇ ਪਰਿਵਾਰਕ ਝਗੜੇ ਕਾਰਨ ਦੁਨੀਆ ਛੱਡ ਗਿਆ। ਉਸ ਨਾਲ ਲਾਏ ਗਏ ਦੋ ਆਗੂਆਂ ਵਿੱਚ ਸੰਪਰਕ ਸੂਤਰ ਵਜੋਂ ਜ਼ਿੰਮਾ ਸੰਭਾਲਣ ਤੋਂ ਝਗੜਾ ਪੈ ਗਿਆ ਅਤੇ ਇੱਕ ਜਣਾ ਰੁੱਸ ਕੇ ਕੰਮ ਛੱਡ ਕੇ ਘਰ ਜਾ ਬੈਠਾ। ਇਸ ਪਾਰਟੀ ਵਾਸਤੇ ਕਾਰਪੋਰੇਟ ਘਰਾਣੇ ਜਣੇ-ਖਣੇ ਅੱਗੇ ਨੋਟਾਂ ਦੇ ਬੈਗ ਰੱਖਣ ਅਤੇ ਆਮ ਲੋਕਾਂ ਅੱਗੇ ਨੰਗੇ ਹੋਣ ਲਈ ਤਿਆਰ ਨਹੀਂ ਸਨ ਤੇ ਜਦੋਂ ਇਹ ਸਚਾਈ ਪਾਰਟੀ ਨੂੰ ਸਮਝ ਪਈ ਤਾਂ ਲੀਡਰਸ਼ਿੱਪ ਨੇ ਦੋਵਾਂ ਵਿੱਚੋਂ ਦਮਦਾਰ ਜਾਪਦਾ ਸਿਰਫ ਇੱਕ ਜਣਾ ਅੱਗੇ ਕੀਤਾ ਤੇ ਦੂਸਰੇ ਨੂੰ ਪਿੱਛੇ ਖਿੱਚ ਕੇ ਸਾਰੇ ਸੰਪਰਕ ਫਿਰ ਬਹਾਲ ਕਰ ਲਏ ਅਤੇ ਕੋਈ ਝਟਕਾ ਨਹੀਂ ਸੀ ਲੱਗਾ। ਇਸਦੇ ਬਾਅਦ ਹਾਲਾਤ ਇੰਨੇ ਬਦਲ ਗਏ ਕਿ ਪਾਰਟੀ ਵਿੱਚ ਉਦੋਂ ਵਰਗੀ ਸਥਿਤੀ ਕਦੀ ਪੈਦਾ ਵੀ ਹੋਵੇਗੀ, ਇਸ ਬਾਰੇ ਪਾਰਟੀ ਅਤੇ ਲੋਕਤੰਤਰ ਦੀ ਵਿਆਖਿਆ ਕਰਨ ਵਾਲੇ ਅਜੋਕੇ ਮਾਹਰਾਂ ਨੂੰ ਆਸ ਨਹੀਂ ਰਹਿ ਗਈ ਲਗਦੀ। ਸਿਰਫ ਇੱਕ ਆਗੂ ਦੀ ਪਕੜ ਇੰਨੀ ਤਕੜੀ ਹੋ ਗਈ ਹੈ ਕਿ ਉਸ ਦੇ ਅੱਗੇ ਸਿਰ ਚੁੱਕਣ ਵਾਲਾ ਕੋਈ ਨਹੀਂ ਰਿਹਾ ਅਤੇ ਜਿਹੜੇ ਸਰੋਤਾਂ ਨਾਲ ਇਹ ਪਾਰਟੀ ਚਲਦੀ ਹੈ ਜਾਂ ਚਲਦੀ ਰੱਖੀ ਜਾ ਸਕਦੀ ਹੈ, ਉਨ੍ਹਾਂ ਦੀ ਮੁੱਖ ਟੇਕ ਸਿਰਫ ਇੱਕ ਵੱਡੇ ਕਾਰਪੋਰੇਟ ਘਰਾਣੇ ਦੇ ਮੁਖੀ ਤਕ ਸੀਮਤ ਕੀਤੀ ਜਾਣ ਲੱਗ ਪਈ ਹੈ। ਬਹੁਤ ਸਾਰੇ ਲੋਕ ਉਸ ਵੱਡੇ ਪੂੰਜੀਪਤੀ ਨੂੰ ਪ੍ਰਧਾਨ ਮੰਤਰੀ ਦੀ ਰਾਜਨੀਤੀ ਵਾਸਤੇ ਰਾਖਵਾਂ ਸਰੋਤ ਮੰਨਣ ਦੇ ਨਾਲ ਭਾਜਪਾ ਦਾ ਲਾਕਰ ਤਕ ਮੰਨਦੇ ਹਨ। ਜਦੋਂ ਤਕ ਇਨ੍ਹਾਂ ਦੋਵਾਂ ਦੀ ਇਹ ਸਾਂਝਦਾਰੀ ਕਾਇਮ ਹੈ, ਇੱਦਾਂ ਚੱਲਦਾ ਰਹਿ ਸਕਦਾ ਹੈ। ਜਿਸ ਦਿਨ ਮੱਤਭੇਦਾਂ ਦੀ ਛੋਟੀ ਜਿਹੀ ਲਕੀਰ ਵੀ ਕਿਸੇ ਤਰ੍ਹਾਂ ਉੱਠ ਪਈ, ਦੋਵਾਂ ਵਿੱਚੋਂ ਇੱਕ ਜਣੇ ਨੂੰ ਦੂਸਰੇ ਲਈ ਰਾਹ ਛੱਡਣਾ ਪੈ ਸਕਦਾ ਹੈ। ਇਹੋ ਜਿਹੇ ਹਾਲਾਤ ਵਿੱਚ ਬਹੁਤੀ ਵਾਰ ਪੂੰਜੀਪਤੀ ਬੰਦੇ ਹੀ ਖੂੰਜੇ ਧੱਕੇ ਜਾਇਆ ਕਰਦੇ ਹਨ। ਇਹ ਵਰਤਾਰਾ ਜ਼ਿਆਦਾ ਵਾਰੀਆਂ ਵਾਲਾ ਹੋ ਸਕਦਾ ਹੈ, ਪਰ ਹਮੇਸ਼ਾ ਵਾਲਾ ਸਮਝਣਾ ਗਲਤ ਹੋਵੇਗਾ। ਕਈ ਵਾਰੀ ਪੂੰਜੀਪਤੀ ਹੀ ਪੂੰਜੀ ਦਾ ਪਤੀ ਨਾ ਰਹਿ ਕੇ ਪੂੰਜੀ ਦਾ ਛੱਟਾ ਦੇ ਕੇ ਸਿਆਸਤ ਦੀ ਚੱਕਰੀ ਘੁਮਾ ਸਕਣ ਜੋਗੀ ਹੈਸੀਅਤ ਹਾਸਲ ਕਰ ਜਾਂਦਾ ਹੈ। ਇੰਦਰਾ ਗਾਂਧੀ ਦੇ ਵਕਤ ਜਿਹੜਾ ਰਿਲਾਇੰਸ ਘਰਾਣਾ ਉਸ ਦੀ ਮੁਥਾਜੀ ਤੋਂ ਨਹੀਂ ਸੀ ਨਿਕਲ ਸਕਦਾ, ਪਿੱਛੋਂ ਰਾਜੀਵ ਗਾਂਧੀ ਦੀ ਰਾਜਨੀਤੀ ਨੂੰ ਉਹ ਹੀ ਘਰਾਣਾ ਸਿਆਸੀ ਪਟਕਣੀ ਦੇ ਗਿਆ ਸੀ। ਇੱਦਾਂ ਦੀ ਹਾਲਤ ਕਦੋਂ ਕਿਸੇ ਆਗੂ ਲਈ ਬਣ ਜਾਵੇ, ਸਿਆਸਤ ਦੇ ਰੰਗਾਂ ਦੇ ਜਾਣਕਾਰ ਯਕੀਨ ਨਾਲ ਕੁਝ ਨਹੀਂ ਕਹਿ ਸਕਦੇ।
ਸਾਡੇ ਪੰਜਾਬ ਵਿੱਚ ਸਾਰੇ ਸਰੋਤ ਇੱਕ ਪਾਰਟੀ ਦੀ ਥਾਂ ਇੱਕ ਪਰਿਵਾਰ ਦੇ ਸੰਪਰਕ ਦੇ ਮੁਥਾਜ ਹੋਣ ਦੀ ਸਥਿਤੀ ਨੇ ਅਕਾਲੀ ਦਲ ਨੂੰ ਜਿਸ ਥਾਂ ਜਾ ਪਹੁੰਚਾਇਆ ਹੈ, ਉਸ ਦੀ ਕਿਸੇ ਵਿਆਖਿਆ ਦੀ ਲੋੜ ਨਹੀਂ। ਪਾਰਟੀ ਭਾਵੇਂ ਸਿਖਰਲੇ ਸੰਕਟ ਦਾ ਸਾਹਮਣਾ ਕਰਦੀ ਪਈ ਹੈ, ਇਸ ਪਾਰਟੀ ਦੀ ਅਗਵਾਈ ਸੰਭਾਲੀ ਰੱਖਣ ਦੀ ਜ਼ਿਦ ਕਰਦੇ ਆਗੂ ਦੀ ਟੀਮ ਦੇ ਪਿਆਦੇ ਅਜੇ ਵੀ ਇਹ ਕਹਿਣ ਤੋਂ ਨਹੀਂ ਝਿਜਕਦੇ ਕਿ ਜਿਸ ਲੀਡਰ ਕੋਲ ਪਾਰਟੀ ਚਲਾਉਣ ਦੀ ਸਮਰੱਥਾ ਅਤੇ ਸਰਮਾਇਆ ਹੈ, ਉਸ ਦਾ ਨਾਂਅ ਦੱਸੋ, ਇੰਨੀ ਜੋਗਾ ਹੋਰ ਕੋਈ ਆਗੂ ਸਿੱਖ ਪੰਥ ਦੇ ਅੰਦਰ ਹੈ ਹੀ ਨਹੀਂ। ਇਹ ਸਥਿਤੀ ਇੱਕੋ ਆਗੂ ਜਾਂ ਉਸ ਆਗੂ ਦੇ ਪਰਿਵਾਰ ਕੋਲ ਆਈ ਕਿਸ ਤਰ੍ਹਾਂ ਸੀ, ਇਸਦੀ ਚਰਚਾ ਦੀ ਲੋੜ ਨਹੀਂ, ਸਮਝਣ ਵਾਲੀ ਅਸਲ ਸਥਿਤੀ ਇਹ ਹੈ ਕਿ ਇਸ ਵਕਤ ਇਸ ਪਾਰਟੀ ਲਈ ਇਹ ਪਰਿਵਾਰ ਇੱਕ ਤਰ੍ਹਾਂ ਉਸ ਧਿਰ ਦਾ ਲਾਕਰ ਅਤੇ ਗੋਲਕ, ਦੋਵੇਂ ਬਣ ਚੁੱਕਾ ਹੋਣ ਕਾਰਨ ਆਪਣੇ ਆਪ ਤੋਂ ਬਾਹਰ ਪਾਰਟੀ ਦੀ ਕਲਪਨਾ ਤਕ ਵੀ ਕਰਨ ਨੂੰ ਤਿਆਰ ਨਹੀਂ। ਜਿੱਦਾਂ ਕਾਂਗਰਸ ਪਾਰਟੀ ਕੋਲ, ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਚਲਦੀਆਂ ਖੇਤਰੀ ਪਾਰਟੀਆਂ ਕੋਲ ਜਾਂ ਕੇਂਦਰ ਵਾਲੀ ਰਾਜਨੀਤੀ ਵਿੱਚ ਅਸਰ ਵਾਲੇ ਦੋ ਪ੍ਰਮੁੱਖ ਲੀਡਰਾਂ ਸ਼ਰਦ ਪਵਾਰ ਅਤੇ ਬੀਬੀ ਮਾਇਆਵਤੀ ਕੋਲ ਇਹ ਹੈਸੀਅਤ ਹੈ, ਉਹੀ ਹੈਸੀਅਤ ਪੰਜਾਬ ਵਿੱਚ ਹੋਣ ਦਾ ਭਰਮ ਜਾਂ ਯਕੀਨ ਜਿਨ੍ਹਾਂ ਲੀਡਰਾਂ ਨੂੰ ਅਜੇ ਵੀ ਹੈ, ਅਤੇ ਛੇਤੀ ਕੀਤੇ ਇਸ ਯਕੀਨ ਜਾਂ ਭਰਮ ਨੂੰ ਖੋਰਾ ਲੱਗਣ ਵਾਲਾ ਨਹੀਂ ਦਿਸਦਾ, ਉਹ ਇਸ ਲੀਡਰ ਜਾਂ ਇਸਦੇ ਪਰਿਵਾਰ ਦੀ ਵਫਾ ਜਾਂ ਕਾਰਿੰਦਗੀ ਛੱਡਣ ਨੂੰ ਤਿਆਰ ਨਹੀਂ ਹੋ ਸਕਦੇ।
ਇਹੋ ਗੱਲ ਸਮਝਣ ਵਾਲੀ ਹੈ ਕਿ ਭਾਰਤ ਦੀ ਰਾਜਨੀਤੀ ਇਸ ਵਕਤ ਸਰਮਾਏ ਦੀ ਸਰਪ੍ਰਸਤੀ ਵਾਲੇ ਲਾਕਰਾਂ ਦੀ ਮੁਥਾਜੀ ਵਾਲੇ ਜਿਸ ਪੜਾਅ ਉੱਤੇ ਪਹੁੰਚ ਚੱਕੀ ਹੈ, ਉਸ ਚੱਕਰਵਿਊ ਵਿੱਚੋਂ ਇਸਦੇ ਨਿਕਲਣ ਦੀ ਸੰਭਾਵਨਾ ਨਹੀਂ ਦਿਖਾਈ ਦਿੰਦੀ। ਇਹੀ ਬਦਕਿਸਮਤੀ ਹੈ ਕਿ ਭਾਰਤ ਅਤੇ ਇਸਦੇ ਲੋਕਾਂ ਦੀ ਕਿ ਉਨ੍ਹਾਂ ਦਾ ਲੋਕਤੰਤਰ ਰਾਜਨੀਤੀ ਦੇ ਇਨ੍ਹਾਂ ਲਾਕਰਾਂ ਮੋਹਰੇ ਇੰਨਾ ਬੌਣਾ ਦਿਖਾਈ ਦਿੰਦਾ ਹੈ ਕਿ ਲੋਕ-ਸ਼ਕਤੀ ਦੇ ਸਿਧਾਂਤਾਂ ਦਾ ਸੁਪਨਾ ਲੈਣਾ ਵੀ ਛੱਡੀ ਜਾਂਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)