ਬਹੁਤ ਸਾਰੇ ਵਿਚਾਰਵਾਨਾਂ ਦੀ ਰਾਏ ਹੈ ਕਿ ਭਾਰਤੀ ਜਨਤਾ ਪਾਰਟੀ ਭਵਿੱਖ ਦੇ ਦੂਰ ਤਕ ਵੇਖਣ ਵਾਲੀ ਪਹੁੰਚ ਦੇ ਨਾਲ ...
(9 ਸਤੰਬਰ 2024)

 

ਅਸੀਂ ਅਤੇ ਸਾਡੇ ਵਾਂਗ ਹੋਰ ਲਿਖਣ ਅਤੇ ਬੋਲਣ ਵਾਲੇ ਸੱਜਣ ਜਿੰਨੇ ਮਰਜ਼ੀ ਫੰਨੇ ਖਾਂ ਬਣੇ ਫਿਰਨ, ਅਜੇ ਤਕ ਵੀ ਇੰਨੇ ਸੂਝ ਵਾਲੇ ਨਹੀਂ ਹੋ ਸਕੇ, ਤੇ ਸ਼ਾਇਦ ਕਦੇ ਹੋ ਵੀ ਨਹੀਂ ਸਕਣਗੇ, ਕਿ ਰਾਜ-ਤਖਤ ਲਈ ਯਤਨ ਕਰ ਰਹੇ ਆਗੂਆਂ ਦੀ ਨੀਤ ਅਤੇ ਨੀਤੀਆਂ ਨੂੰ ਜਾਣ ਸਕੀਏਉਹ ਜੋ ਕੁਝ ਕਹਿੰਦੇ ਹਨ, ਉਹ ਬਹੁਤੀ ਵਾਰ ਸੱਚ ਨਹੀਂ ਹੁੰਦਾ ਤੇ ਇਸੇ ਲਈ ਜਿਹੜੇ ਸੱਚ ਦੀ ਝਲਕ ਖਾਤਰ ਅਸੀਂ ਉਨ੍ਹਾਂ ਸ਼ਬਦਾਂ ਨੂੰ ਬੋਚਦੇ ਜਾਂ ਪੜ੍ਹਦੇ ਹਾਂ, ਉਨ੍ਹਾਂ ਸ਼ਬਦਾਂ ਵਿੱਚ ਬਹੁਤੀ ਵਾਰ ਲੱਭਦਾ ਹੀ ਨਹੀਂਖਾਸ ਤੌਰ ਉੱਤੇ ਜਦੋਂ ਲੀਡਰਾਂ ਦੀ ਭਵਿੱਖ ਨੀਤੀ ਦਾ ਮੁੱਦਾ ਅਤੇ ਇਸ ਨਾਲ ਜੁੜੇ ਦਾਅ-ਪੇਚਾਂ ਅਤੇ ਸਿਆਸਤੀ ਗੱਠਜੋੜਾਂ ਦੀਆਂ ਗੁੰਝਲਾਂ ਦਾ ਸਵਾਲ ਹੋਵੇ ਤਾਂ ਉਹ ਹਕੀਕਤਾਂ ਉੱਤੇ ਮੋਟਾ ਪਰਦਾ ਪਾ ਰੱਖਦੇ ਹਨਇਹੀ ਗੱਲ ਇਸ ਵੇਲੇ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਇਨ੍ਹਾਂ ਚੋਣਾਂ ਨਾਲ ਜੋੜ ਕੇ ਸਾਰੇ ਦੇਸ਼ ਪੱਧਰ ਉੱਤੇ ਚਲਾਈ ਜਾਣ ਵਾਲੀ ਇੱਕ ਖਾਸ ਨੀਤੀ ਬਾਰੇ ਮਿਲਦੇ ਸੰਕੇਤਾਂ ਅਤੇ ਅਗਲੇ ਪੜਾਵਾਂ ਦੇ ਸੰਬੰਧ ਵਿੱਚ ਕਹੀ ਜਾ ਸਕਦੀ ਹੈ

ਹਰਿਆਣੇ ਵਿੱਚ ਇਸ ਵਕਤ ਜੋ ਕੁਝ ਵਾਪਰਦਾ ਪਿਆ ਹੈ, ਖਾਸ ਕਰ ਕੇ ਭਾਰਤੀ ਜਨਤਾ ਪਾਰਟੀ ਜਿਹੜੇ ਪੈਂਤੜੇ ਇਸ ਚੋਣ ਵਿੱਚ ਲੈਂਦੀ ਪਈ ਹੈ, ਉਹ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰਦੇ ਹੋ ਸਕਦੇ ਹਨਪੰਜ ਕੁ ਸਾਲ ਪਹਿਲਾਂ ਜਿਨ੍ਹਾਂ ਲੋਕਾਂ ਨੇ ਭਾਜਪਾ ਦੇ ਖਿਲਾਫ ਚੋਣਾਂ ਲੜੀਆਂ ਅਤੇ ਉਸ ਦੀ ਲੀਡਰਸ਼ਿੱਪ ਅਤੇ ਉਸ ਪਿੱਛੇ ਖੜ੍ਹੀ ਆਰ ਐੱਸ ਐੱਸ ਨਾਂਅ ਦੀ ਸੰਸਥਾ ਬਾਰੇ ਬਹੁਤ ਕੁਝ ਆਖਿਆ ਸੀ, ਰਾਜਸੀ ਪੱਖ ਤੋਂ ਸਖਤ ਪੈਂਤੜੇ ਵਾਲੀ ਰਾਜਸੀ ਧਿਰ ਭਾਜਪਾ ਦੇ ਲੀਡਰਾਂ ਨੂੰ ਕਦੇ ਉਹ ਭੁੱਲਣਾ ਨਹੀਂ, ਫਿਰ ਵੀ ਉਹ ਸੱਜਣ ਅੱਜਕੱਲ੍ਹ ਭਾਜਪਾ ਵਿੱਚ ਸ਼ਾਮਲ ਹੋਈ ਜਾ ਰਹੇ ਹਨਨਾ ਸਿਰਫ ਉਹ ਭਾਜਪਾ ਵਿੱਚ ਸ਼ਾਮਲ ਹੁੰਦੇ ਹਨ, ਉਨ੍ਹਾਂ ਲਈ ਵਿਧਾਨ ਸਭਾ ਚੋਣਾਂ ਵਾਸਤੇ ਟਿਕਟਾਂ ਅਤੇ ਸੀਟਾਂ ਦਾ ਉਚੇਚਾ ਕੋਟਾ ਕੱਢਿਆ ਜਾਂਦਾ ਹੈ ਅਤੇ ਇੱਦਾਂ ਕਰਨ ਵੇਲੇ ਚਾਲੀ-ਚਾਲੀ ਸਾਲ ਪਾਰਟੀ ਖਾਤਰ ਮੁਸ਼ਕਲਾਂ ਝੱਲਦੇ ਰਹਿ ਚੁੱਕੇ ਵਫਦਾਰ ਲੋਕਾਂ ਨੂੰ ਨੁੱਕਰ ਵਿੱਚ ਧੱਕਿਆ ਜਾ ਰਿਹਾ ਹੈਦਸ ਸਾਲ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਜਦੋਂ ਇਵੇਂ ਹੋਇਆ ਤਾਂ ਕਿਹਾ ਗਿਆ ਸੀ ਕਿ ਇਹ ਸੱਤਾ ਦੇ ਭੁੱਖੇ ਕੁਝ ਭਾਜਪਾ ਲੀਡਰਾਂ ਦੀ ਨੀਤੀ ਹੈ, ਆਰ ਐੱਸ ਐੱਸ ਇਸ ਨਾਲ ਸਹਿਮਤ ਨਹੀਂ ਹੋ ਸਕਦਾਬਾਅਦ ਵਿੱਚ ਇਹ ਸਾਬਤ ਹੁੰਦਾ ਰਿਹਾ ਕਿ ਨੀਤੀ ਭਾਵੇਂ ਅੱਗੇ ਲੱਗੇ ਹੋਏ ਭਾਜਪਾ ਆਗੂ ਚਲਾਉਂਦੇ ਹਨ, ਪਰ ਆਰ ਐੱਸ ਐੱਸ ਦੇ ਮੁਖੀ ਜਾਂ ਕੇਂਦਰੀ ਟੀਮ ਵਿਚਲੇ ਨਾਗਪੁਰੀ ਆਗੂਆਂ ਦੀ ਸਹਿਮਤੀ ਜਾਂ ਮਾਰਗ-ਦਰਸ਼ਨ ਤੋਂ ਬਿਨਾਂ ਇਹ ਕੁਝ ਹੁੰਦਾ ਸੋਚਣਾ ਮੂਲੋਂ ਹੀ ਮੂਰਖਤਾ ਹੈਇਹ ਗੱਲ ਨਾ ਹੁੰਦੀ ਤਾਂ ਜੰਮੂ-ਕਸ਼ਮੀਰ ਵਿੱਚ ਜਿਸ ਪੀ ਡੀ ਪੀ ਪਾਰਟੀ ਨੂੰ ਇਹ ਦਹਿਸ਼ਤਗਰਦਾਂ ਦੀ ਸਾਥੀ ਕਹਿੰਦੇ ਹੁੰਦੇ ਸਨ ਤੇ ਉਸ ਦਾ ਮੁਖੀ ਮੁਫਤੀ ਮੁਹੰਮਦ ਸਈਦ ਤੇ ਉਸ ਦੀ ਧੀ ਮਹਿਬੂਬਾ ਮੁਫਤੀ ਇੱਦਾਂ ਦੇ ਬਿਆਨ ਦਾਗਣ ਤੋਂ ਸੰਕੋਚ ਨਹੀਂ ਸੀ ਕਰਦੇ, ਉਨ੍ਹਾਂ ਨਾਲ ਸਰਕਾਰ ਬਣਾਉਣ ਦੀ ਸਾਂਝ ਨਹੀਂ ਸੀ ਪਾਈ ਜਾ ਸਕਣੀਨਾਗਪੁਰ ਵਾਲੀ ਹਾਈ ਕਮਾਨ ਦੀ ਆਪਣੀ ਨੀਤੀ ਇਹੋ ਮੰਨੀ ਜਾਂਦੀ ਹੈ ਕਿ ਹਰ ਰਾਜ ਵਿੱਚ ਸੱਤਾ ਦੀ ਕਮਾਨ ਝਪਟਣੀ ਹੈ, ਇਸ ਕੋਸ਼ਿਸ਼ ਵਿੱਚ ਕਾਲੇ ਚੋਰ ਨਾਲ ਵੀ ਸੌਦੇਬਾਜ਼ੀ ਕਰਨ ਦੀ ਲੋੜ ਪੈ ਜਾਵੇ ਤਾਂ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ

ਇਹ ਸਰਵੇਖਣ ਕਰ ਲੈਣ ਪਿੱਛੋਂ ਕਿ ਹਰਿਆਣੇ ਵਿੱਚ ਅਜੇ ਆਪਣੇ ਸਿਰ ਸੱਤਾ ਦਾ ਸੰਘਰਸ਼ ਜਿੱਤਣ ਦੇ ਹਾਲਾਤ ਨਹੀਂ, ਉੱਥੇ ਦੂਸਰੀਆਂ ਸਾਰੀਆਂ ਪਾਰਟੀਆਂ ਵਿੱਚੋਂ ਤੇ ਖਾਸ ਕਰ ਕੇ ਦੁਸ਼ਿਅੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਦੇ ਪ੍ਰਭਾਵਸ਼ਾਲੀ ਆਗੂਆਂ ਵਿੱਚੋਂ ਜਿੰਨੇ ਵੀ ਖਿੱਚੇ ਜਾਣ, ਖਿੱਚ ਲੈਣ ਦੀ ਨੀਤੀ ਚਲਾਈ ਗਈ ਹੈਜਦੋਂ ਭਾਜਪਾ ਦੀ ਇਸ ਨੀਤੀ ਹੇਠ ਇੱਦਾਂ ਦੇ ਕਬੂਤਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੰਭਾਲਣ ਅਤੇ ਆਹਰੇ ਲਾਉਣ ਲਈ ਆਪਣੇ ਪੁਰਾਣਿਆਂ ਦੀਆਂ ਸੀਟਾਂ ਛੁਡਾ ਕੇ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਕਈ ਆਗੂ ਬਾਗੀ ਸੁਰਾਂ ਕੱਢਣ ਲੱਗ ਸਕਦੇ ਹਨ, ਪਰ ਪਾਰਟੀ ਪ੍ਰਵਾਹ ਨਹੀਂ ਕਰਦੀ, ਆਪਣੀ ਨੀਤੀ ਉੱਤੇ ਚੱਲੀ ਜਾਂਦੀ ਹੈਇਸ ਤੋਂ ਪਹਿਲਾਂ ਇਹੀ ਕੁਝ ਪੰਜਾਬ, ਮੱਧ ਪ੍ਰਦੇਸ਼ ਅਤੇ ਹੋਰ ਕਈ ਰਾਜਾਂ ਵਿੱਚ ਕੀਤਾ ਗਿਆ ਹੈਪੰਜਾਬ ਵਿੱਚ ਜਿਹੜੇ ਲੋਕ ਔਖੇ ਦਿਨਾਂ ਵਿੱਚ ਭਾਜਪਾ ਲਈ ਕੁੱਟਾਂ ਖਾਂਦੇ ਰਹੇ, ਘਰਾਂ ਦੇ ਜੀਆਂ ਦੀਆਂ ਜਾਨਾਂ ਗੁਆ ਬੈਠੇ, ਉਹ ਪਿੱਛੇ ਧੱਕੇ ਗਏ ਅਤੇ ਉਨ੍ਹਾਂ ਦੀ ਥਾਂ ਦਲ-ਬਦਲੂਆਂ ਦੀ ਫੌਜ ਨੂੰ ਮੋਹਰੀ ਬਣਾਇਆ ਜਾ ਰਿਹਾ ਹੈਸੋਚਣੀ ਇਹ ਹੀ ਹੈ ਕਿ ਪੁਰਾਣੇ ਵਫਾਦਾਰ ਕੋਈ ਇੱਕਾ-ਦੁੱਕਾ ਰੁੱਸ ਵੀ ਗਏ ਤਾਂ ਫਰਕ ਨਹੀਂ ਪੈਣਾ, ਬਾਕੀ ਸਾਰੇ ਵਰਕਰ ਪਾਰਟੀ ਅਤੇ ਆਰ ਐੱਸ ਐੱਸ ਦੇ ਕਿੱਲੇ ਨਾਲ ਹੀ ਬੱਝੇ ਰਹਿਣੇ ਹਨ, ਨਵਿਆਂ ਨੂੰ ਜੋੜ ਕੇ ਇਨ੍ਹਾਂ ਹੇਠਲਾ ਆਧਾਰ ਖੋਹ ਕੇ ਆਪਣੀ ਕਮਾਂਡ ਹੇਠ ਪੂਰੀ ਤਰ੍ਹਾਂ ਕਰ ਲਿਆ ਜਾਵੇ, ਤਾਂ ਕਿ ਅਗਲੀ ਕਿਸੇ ਮੁਹਿੰਮ ਦੇ ਵੇਲੇ ਮੋਹਰੇ ਲਾ ਕੇ ਪੁੱਠੇ-ਸਿੱਧੇ ਕੰਮ ਕਰ ਸਕਣ ਵਾਲਾ ਅਸੂਲੋਂ ਸੱਖਣਾ ਲੜਾਕੂ ਦਸਤਾ ਬਣਾਇਆ ਜਾ ਸਕੇਜਿਹੜੇ ਲੋਕ ਸਾਲਾਂ ਬੱਧੀ ਹੋਰ ਪਾਰਟੀਆਂ ਵਿੱਚ ਰਹਿ ਕੇ ਅੱਜ ਭਾਜਪਾ ਵਿੱਚ ਜਾਂਦੇ ਦਿਖਾਈ ਦਿੰਦੇ ਹਨ, ਉਹ ਇਹ ਸਮਝਣ ਜੋਗੀ ਅਕਲ ਦੇ ਮਾਲਕ ਹੀ ਨਹੀਂ ਕਿ ਉਨ੍ਹਾਂ ਨੂੰ ਅਸਲ ਵਿੱਚ ਵਰਤਿਆ ਜਾ ਰਿਹਾ ਹੈ, ਉਹ ਥੋੜ੍ਹ-ਚਿਰੇ ਲਾਭ ਹੀ ਵੇਖਦੇ ਰਹਿੰਦੇ ਹਨ

ਬਹੁਤ ਸਾਰੇ ਵਿਚਾਰਵਾਨਾਂ ਦੀ ਰਾਏ ਹੈ ਕਿ ਭਾਰਤੀ ਜਨਤਾ ਪਾਰਟੀ ਭਵਿੱਖ ਦੇ ਦੂਰ ਤਕ ਵੇਖਣ ਵਾਲੀ ਪਹੁੰਚ ਦੇ ਨਾਲ ਸਿਆਸੀ ਪਹਿਲ-ਕਦਮੀ ਕਰਦੀ ਅਤੇ ਉਸ ਦੇ ਚੰਗੇ ਅਤੇ ਮੰਦੇ ਹਰ ਪੱਖ ਦੀ ਅਗਾਊਂ ਘੋਖ ਨਾਲ ਅਸਲ ਵਿੱਚ ਪਿੱਛੇ ਬੈਠੇ ਥਿੰਕ ਟੈਂਕ ਵੱਲੋਂ ਬਣਾਈ ਨੀਤੀ ਉੱਤੇ ਚਲਦੀ ਹੈਪਿੱਛੇ ਬੈਠੇ ਥਿੰਕ-ਟੈਂਕ ਵਾਲੇ ਲੋਕ ਰੋਜ਼-ਰੋਜ਼ ਦੀ ਚੀਂਗੜ-ਬੋਟ ਰਾਜਨੀਤੀ ਵਿੱਚ ਲੱਤਾਂ ਅੜਾਉਣ ਦਾ ਕੰਮ ਨਹੀਂ ਕਰਦੇ, ਚੋਣਵੇਂ ਦਾਅ ਤੈਅ ਕਰਦੇ ਤੇ ਇਸ ਲੰਮੀ ਸੋਚ ਨਾਲ ਕੰਮ ਕਰਦੇ ਹੁੰਦੇ ਹਨ ਕਿ ‘ਇੱਕ ਦੇਸ਼, ਇੱਕ ਚੋਣ’ ਹੀ ਨਹੀਂ, ਇੱਕ ਵਿਚਾਰਧਾਰਾ ਦੇ ਦੇਸ਼ ਦੀ ਸਿਰਜਣਾ ਕਰਨੀ ਹੈ, ਜਿਸਦਾ ਸੁਪਨਾ ਕਦੀ ਆਰ ਐੱਸ ਐੱਸ ਦੀ ਨੀਂਹ ਰੱਖਣ ਵਾਲਿਆਂ ਦੇ ਮਨਾਂ ਵਿੱਚ ਸੀਇਸਲਾਮ ਦਾ ਝੰਡਾ ਸਮੁੱਚੇ ਭਾਰਤ ਦੇ ਹਰ ਨੁੱਕਰ-ਖੂੰਜੇ ਤਕ ਝੁਲਾਉਣਾ ਚਾਹੁੰਦੇ ਬਾਦਸ਼ਹਾਂ ਦੇ ਜਥੇਬੰਦਕ ਢਾਂਚੇ ਨੂੰ ਵੇਖੋ ਤਾਂ ਉਨ੍ਹਾਂ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਵੀ ਅਤੇ ਜੰਗੀ ਦਸਤਿਆਂ ਵਿੱਚ ਇਸਲਾਮ ਤੋਂ ਵੱਖਰੀ ਵਿਚਾਰਧਾਰਾ ਵਾਲੇ ਲੋਕ ਥੋੜ੍ਹ-ਚਿਰੇ ਲਾਭਾਂ ਲਈ ਸ਼ਾਮਲ ਹੋ ਜਾਂਦੇ ਸਨ, ਪਰ ਉਹ ਕਮਾਂਡ ਕਰਦੇ ਅਹੁਦਿਆਂ ਤਕ ਨਹੀਂ ਸਨ ਜਾਣ ਦਿੱਤੇ ਜਾਂਦੇਅੱਜ ਦੀ ਭਾਜਪਾ ਜਿਹੜੇ ਰਾਹ ਉੱਤੇ ਚਲਦੀ ਪਈ ਹੈ, ਇਸ ਨੂੰ ਆਪਣੇ ਮਕਸਦ ਲਈ ਉਹ ਲੋਕ ਨਾਲ ਲੈਣ ਵਿੱਚ ਝਿਜਕ ਨਹੀਂ, ਜਿਹੜੇ ਬੀਤੇ ਸਮੇਂ ਵਿੱਚ ਇਸਦੀ ਰਾਜਨੀਤੀ ਦਾ ਵੀ ਅਤੇ ਇਸਦੀ ਹਿੰਦੂਤਵ ਵਾਲੀ ਵਿਚਾਰਧਾਰਾ ਦਾ ਵੀ ਤਿੱਖਾ ਵਿਰੋਧ ਕਰਦੇ ਹਰ ਹੱਦ ਉਲੰਘਣ ਨੂੰ ਤਿਆਰ ਰਹਿੰਦੇ ਸਨ, ਪਰ ਇਹੋ ਜਿਹੇ ਲੋਕਾਂ ਦਾ ਪੁਰਾਣਾ ਰਿਕਾਰਡ ਵੀ ਕਾਇਮ ਰਹਿਣਾ ਹੈਇਨ੍ਹਾਂ ਨੂੰ ਸੈਨਤਾਂ ਸਿਰਫ ਉਦੋਂ ਤਕ ਮਾਰੀਆਂ ਜਾਂਦੀਆਂ ਰਹਿਣਗੀਆਂ ਤੇ ਆਏ ਹੋਇਆਂ ਨੂੰ ਸੀਨੀਅਰ ਆਗੂ ਵਾਲੀਆਂ ਫੀਤੀਆਂ ਲਾਈਆਂ ਜਾਂਦੀਆਂ ਰਹਿਣਗੀਆਂ, ਜਿੰਨੀ ਦੇਰ ਤਕ ਉਸ ਨਿਸ਼ਾਨੇ ਤਕ ਭਾਜਪਾ ਪਹੁੰਚ ਨਹੀਂ ਜਾਂਦੀ, ਜਿਹੜਾ ਕਰੀਬ ਇੱਕ ਸਦੀ ਪਹਿਲਾਂ ਇਸ ਲਹਿਰ ਦੇ ਆਗੂਆਂ ਨੇ ਸੋਚਿਆ ਸੀ। ‘ਗੌਂਅ ਭੁੰਨਾਵੇ ਜੌਂਅ’ ਦੇ ਮੁਹਾਵਰੇ ਵਾਂਗ ਇਸ ਲੋੜ ਵਾਸਤੇ ਲਿਆਂਦੇ ਬਾਹਰਲੇ ਲੋਕ ਸੋਚਦੇ ਹੋਣਗੇ ਕਿ ਭਾਜਪਾ ਦੀ ਰਾਜਨੀਤੀ ਸ਼ਾਇਦ ਉਨ੍ਹਾਂ ਆਸਰੇ ਚਲਦੀ ਹੈ ਤੇ ਭਾਜਪਾ ਲੀਡਰ ਚੁੱਪ ਵੱਟੀ ਰੱਖਣਗੇ

ਅੱਜ ਭਾਜਪਾ ਲੀਡਰਸ਼ਿੱਪ ਆਪਣੀ ਵੱਖਰੀ ਵਿਚਾਰਧਾਰਾ ਦੇ ਬਾਵਜੂਦ ਪਹੁੰਚ ਦੇ ਪੱਖੋਂ ਇਸਰਾਈਲ ਦੇ ਬਹੁਤ ਨੇੜ ਵਾਲੀ ਧਿਰ ਮੰਨੀ ਜਾਂਦੀ ਹੈਜਿਹੜੀ ਵੀ ਧਾਰਮਿਕ ਵਿਚਾਰਧਾਰਾ ਵਾਲੀ ਧਿਰ ਕੋਈ ਵੱਡਾ ਸੁਪਨਾ ਸੋਚਦੀ ਹੁੰਦੀ ਹੈ, ਉਹ ਇਸਰਾਈਲ ਨੂੰ ਆਪਣੀ ਸੇਧ ਦਾ ਕੇਂਦਰ ਮੰਨ ਸਕਦੀ ਹੈਭਾਰਤ-ਪਾਕਿ ਵੰਡ ਮਗਰੋਂ ਬਣਦੇ ਪਏ ਹਾਲਾਤ ਵਿੱਚ ਅਕਾਲੀ ਲੀਡਰਸ਼ਿੱਪ ਨੇ ਵੀ ਆਪਣੇ ਬਿਆਨਾਂ ਅਤੇ ਮੰਗਾਂ ਵਿੱਚ ਕਈ ਵਾਰੀ ਇਸਰਾਈਲ ਦਾ ਜ਼ਿਕਰ ਕੀਤਾ ਸੀ ਅਤੇ ਉਨ੍ਹਾਂ ਵਿੱਚੋਂ ਕਈ ਆਗੂ ਉਸੇ ਵਾਂਗ ਸਿੱਖਾਂ ਲਈ ਇੱਕ ਵੱਖਰਾ ਦੇਸ਼ ਅਤੇ ਕਾਲ ਪੈਦਾ ਕਰਨ ਲਈ ਉਸੇ ਕਿਸਮ ਦੀ ਨੀਤੀ ਉੱਤੇ ਚੱਲਣ ਦੀ ਵਕਾਲਤ ਕਰਦੇ ਰਹੇ ਸਨਇਹ ਗੱਲ ਸ਼ਾਇਦ ਉਨ੍ਹਾਂ ਨੂੰ ਪਤਾ ਵੀ ਨਹੀਂ ਹੋਣੀ ਕਿ ਇਹੀ ਸੋਚ ਆਰ ਐੱਸ ਐੱਸ ਵਾਲੀ ਧਿਰ ਤੀਹ ਸਾਲ ਪਹਿਲਾਂ ਉਦੋਂ ਤੋਂ ਸੋਚ ਚੁੱਕੀ ਸੀ, ਜਦੋਂ ਇਸਰਾਈਲ ਦੀ ਸੋਚ ਬਾਰੇ ਸੰਸਾਰ ਦੇ ਲੋਕਾਂ ਨੇ ਅਜੇ ਸੁਣਿਆ ਵੀ ਨਹੀਂ ਸੀਬਾਅਦ ਦੇ ਸਾਲਾਂ ਵਿੱਚ ਵੇਖਿਆ ਗਿਆ ਕਿ ਅਕਾਲੀ ਆਗੂ ਇੱਕੋ ਵੇਲੇ ‘ਹੱਥ ਕਾਰ ਵੱਲ, ਦਿਲ ਯਾਰ ਵੱਲ’ ਦਾ ਨਮੂਨਾ ਬਣ ਗਏ ਅਤੇ ਦਿਲ ਵਿੱਚ ਸੁਪਨੇ ਹੋਰ ਰੱਖ ਕੇ ‘ਹੱਥ ਕਾਰ ਵੱਲ’ ਵਾਲੇ ਵਿਚਾਰ ਮੁਤਾਬਕ ਅਮਲ ਵਿੱਚ ਸਾਰਾ ਤਾਣ ਰਾਜ-ਸੁਖ ਦੀ ਪ੍ਰਾਪਤੀ ਅਤੇ ਕਰੋੜਾਂ ਦੀ ਪੁੱਠੀ-ਸਿੱਧੀ ਕਮਾਈ ਵਾਲੇ ਕਾਰੋਬਾਰ ਲਈ ਰਾਜਨੀਤਕ ਚੁਸਤੀਆਂ ਵੱਲ ਲਾਉਂਦੇ ਰਹੇ ਸਨਭਾਰਤ ਦੇ ਦੂਸਰੇ ਕਈ ਰਾਜਾਂ ਵਿੱਚ ਉਨ੍ਹਾਂ ਵਰਗੇ ਸਿਆਸੀ ਲੀਡਰ ਆਪਣੇ ਸੱਤਾ ਵਾਲੇ ਸੁਪਨੇ ਖਾਤਰ ਅੱਜਕੱਲ੍ਹ ਉਹੋ ਕੁਝ ਕਰਦੇ ਨਜ਼ਰ ਪੈਂਦੇ ਹਨ, ਜਿਹੜਾ ਅਕਾਲੀ ਲੀਡਰ ਕਰਦੇ ਰਹੇ ਸਨ

ਅਕਾਲੀ ਹੋਣ ਜਾਂ ਹਰਿਆਣੇ ਵਿਚਲੇ ਓਮ ਪ੍ਰਕਾਸ਼ ਚੌਟਾਲੇ ਦੀ ਇਨੈਲੋ ਪਾਰਟੀ ਜਾਂ ਉਸ ਦੇ ਸੱਤਾ ਦੇ ਭੁੱਖੜ ਪੋਤਰੇ ਦੁਸ਼ਿਅੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਵਾਲੇ, ਉਹ ਵੀ ਸਾਰੇ ਜਣੇ ਵੱਖ-ਵੱਖ ਸਮਿਆਂ ਉੱਤੇ ਸੱਤਾ ਦੇ ਕੇਂਦਰੀ ਧੁਰੇ ਲਈ ਆਪਣੀ ਸੋਚ ਦੀ ਸੇਧ ਦੇ ਰਹੀ ਧਿਰ ਆਰ ਐੱਸ ਐੱਸ ਦੇ ਕਰਿੰਦੇ ਬਣਦੇ ਰਹੇਭਾਰਤ ਬਹੁਤ ਵੱਡੇ ਇਲਾਕੇ ਵਾਲਾ ਦੇਸ਼ ਹੈ, ਜਿਸਦਾ ਇੱਕ ਨਕਸ਼ਾ ਨਵੀਂ ਬਣੀ ਪਾਰਲੀਮੈਂਟ ਬਿਲਡਿੰਗ ਲਈ ਪਸੰਦ ਕੀਤਾ ਹੋਣ ਦੀ ਗੱਲ ਕਈ ਵਾਰ ਚੱਲ ਚੁੱਕੀ ਹੈ, ਹਾਲਾਂਕਿ ਉਸ ਨਕਸ਼ੇ ਵਾਲੇ ਸਾਰੇ ਇਲਾਕੇ ਕਦੇ ਵੀ ਇੱਕੋ ਸਿੰਘਾਸਨ ਹੇਠ ਨਹੀਂ ਸੀ ਆਏਕੁਝ ਇਲਾਕੇ ਇਸ ਵਿੱਚ ਆਉਂਦੇ ਸਨ ਤਾਂ ਕੁਝ ਖੁੱਸ ਚੁੱਕੇ ਹੁੰਦੇ ਸਨ ਅਤੇ ਉਸ ਨਕਸ਼ੇ ਦਾ ਦੱਖਣ ਵਾਲਾ ਭਾਰਤੀ ਇਲਾਕਾ ਉਸ ਵਕਤ ਵੀ ਭਾਰਤ ਦੇ ਕੇਂਦਰੀ ਸ਼ਾਸਨ ਦਾ ਹਿੱਸਾ ਨਹੀਂ ਸੀਅੱਜ ਵਾਲੀ ਲੀਡਰਸ਼ਿੱਪ ਇਸ ਸੋਚ ਨਾਲ ਚੱਲ ਰਹੀ ਹੈ ਕਿ ਜਿਹੜੇ ਇਲਾਕੇ ਇਸ ਰਾਜ ਵਿੱਚ ਚਿਣੇ ਜਾ ਚੁੱਕੇ ਹਨ ਜਾਂ ਚਿਣੇ ਜਾ ਸਕਦੇ ਹਨ, ਉਨ੍ਹਾਂ ਅੰਦਰ ਓਹੋ ਜਿਹੀਆਂ ਸਰਕਾਰਾਂ ਹੀ ਹੋਣੀਆਂ ਚਾਹੀਦੀਆਂ ਹਨ, ਜਿਹੜੀਆਂ ਸਰਕਾਰਾਂ ਵਾਂਗ ਚੱਲ ਸਕਣ ਦੀ ਬਜਾਏ ਕਿਸੇ ਫੌਜੀ ਕਮਾਂਡ ਦੀਆਂ ਰੈਜੀਮੈਂਟਾਂ ਵਾਂਗ ਇੱਕੋ ਕੇਂਦਰੀ ਸਿੰਘਾਸਨ ਦੇ ਕਹੇ ਮੁਤਾਬਕ ਇੱਕੋ ਇਸ਼ਾਰੇ ਉੱਤੇ ਚਲਦੀਆਂ ਨਹੀਂ, ਚਲਾਈਆਂ ਜਾ ਸਕਦੀਆਂ ਹੋਣ

ਉਹ ਆਪਣੀ ਸੋਚ ਅਤੇ ਪਹੁੰਚ, ਦੋਵਾਂ ਬਾਰੇ ਸਪਸ਼ਟ ਵੀ ਹਨ ਅਤੇ ਇੱਕ ਸੇਧ ਵਿੱਚ ਚੱਲਦੇ ਹੋਏ ਇਸ ਉਦੇਸ਼ ਦੀ ਪੂਰਤੀ ਲਈ ਉਹ ਸਮਝੌਤੇ ਕਰਨੋਂ ਨਹੀਂ ਝਿਜਕਦੇ, ਜਿਹੜੇ ਸਾਡੇ ਵਰਗੇ ਲੋਕਾਂ ਨੂੰ ਸਿਆਸੀ ਬੇਈਮਾਨੀ ਦਾ ਰੂਪ ਜਾਪਦੇ ਹਨ, ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾਲੜਾਈ ਤੇ ਜੰਗ ਦਾ ਫਰਕ ਜਿਹੜੇ ਲੋਕਾਂ ਨੂੰ ਪਤਾ ਹੈ, ਉਨ੍ਹਾਂ ਨੂੰ ਇਹ ਸਾਰਾ ਪਤਾ ਹੁੰਦਾ ਹੈ ਕਿ ਚੁਸਤ ਫੌਜੀ ਕਮਾਂਡਰ ਜੰਗ ਜਿੱਤਣ ਲਈ ਵਿਚਲੇ ਸਮੇਂ ਵਿੱਚ ਆਉਂਦੀ ਲੜਾਈ ਹਾਰ ਜਾਣ ਦੀ ਚਿੰਤਾ ਨਹੀਂ ਕਰਦੇ, ਸਗੋਂ ਕਈ ਵਾਰ ਝਾਂਸਾ ਦੇਣ ਲਈ ਜਾਣ-ਬੁੱਝ ਕੇ ਉਹ ਲੜਾਈ ਹਾਰਦੇ ਹਨਵਿਚਾਰ ਦੇ ਆਧਾਰ ਦੀ ਜਿਹੜੀ ਨੀਤੀ ਇਸ ਵਕਤ ਭਾਜਪਾ ਦੀ ਚੋਣ-ਰਾਜਨੀਤੀ ਉੱਤੇ ਭਾਰੂ ਦਿਸਦੀ ਹੈ, ਉਹ ਅਸਲ ਵਿੱਚ ਉਸ ਚੁਸਤ ਫੌਜੀ ਕਮਾਂਡਰ ਵਾਲਾ ਪੈਂਤੜਾ ਹੈ, ਜਿਸਦੀ ਅੱਖ ਆਪਣੇ ਸਾਹਮਣੇ ਹੋ ਰਹੀ ਲੜਾਈ ਜਿੱਤਣ ਉੱਤੇ ਨਹੀਂ, ਅਗਲੇ ਵਕਤ ਵਿੱਚ ਅਸਲੀ ਜੰਗ ਜਿੱਤਣ ਉੱਤੇ ਹੁੰਦੀ ਹੈ ਤੇ ਇਹ ਪ੍ਰਵਾਹ ਹੀ ਨਹੀਂ ਕਰਦਾ ਕਿ ਕੌਣ ਕੀ ਕਹਿੰਦਾ ਹੈ! ਨਰਿੰਦਰ ਮੋਦੀ ਨੇ ਜਿਸ ਦਿਨ ਦੂਸਰੀ ਵਾਰੀ ਸੱਤਾ ਸਾਂਭਣ ਮਗਰੋਂ ਇਹ ਕਿਹਾ ਸੀ ਕਿ ਆਪਣੀ ਚੜ੍ਹਤ ਦੇ ਦਿਨਾਂ ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਾਲੇ ਰਾਜਾਂ ਦੀ ਗਿਣਤੀ ਤੋਂ ਭਾਜਪਾ ਦੀ ਅਗਵਾਈ ਵਾਲੇ ਰਾਜਾਂ ਦੀ ਗਿਣਤੀ ਮਾਮੂਲੀ ਜਿਹੀ ਘੱਟ ਰਹਿ ਗਈ ਹੈ, ਉਸ ਦੇ ਖਾਸ ਅਰਥ ਸਨਅਗਲੇ ਸਾਲਾਂ ਵਿੱਚ ਭਾਜਪਾ ਨੇ ਆਪਣੀ ਅਗਵਾਈ ਵਾਲਾ ਇਲਾਕਾ ਇਸ ਹੱਦ ਤਕ ਵਧਾ ਲਿਆ ਹੈ ਕਿ ਉਹ ਅਗਲੀ ਸੋਚ ਇਹ ਸੋਚਣ ਲੱਗੇ ਹਨ ਕਿ ਬੱਸ ਐਨੇ ਕੁ ਰਾਜ ਰਹਿੰਦੇ ਹਨ, ਜਿਨ੍ਹਾਂ ਤੀਕਰ ਪਹੁੰਚ ਅਜੇ ਨਹੀਂ ਹੋ ਸਕੀ, ਉਸ ਮਗਰੋਂ ਉਨ੍ਹਾਂ ਦੀ ਕੀ ਸੋਚ ਹੈ, ਦਲਬਦਲੂ ਕਬੂਤਰਾਂ ਨੂੰ ਸੋਚਣ ਦੀ ਅਕਲ ਕਿੱਥੇ ਹੈ! ਚੋਣ ਲੜਨ ਲਈ ਇੱਕ ਟਿਕਟ ਜਾਂ ਪੰਜ-ਚਾਰ ਸਾਲ ਰਾਜ ਕਰਨ ਲਈ ਇੱਕ ਛੋਟੀ ਜਿਹੀ ਹਕੂਮਤੀ ਕੁਰਸੀ ਦੀ ਭੁੱਖ ਨੇ ਪੰਜਾਬ ਦੇ ਵਿਕਾਸ ਵਾਲੇ ਭਵਿੱਖ ਸੁਪਨੇ ਨੂੰ ਵੀ ਬਦਲ ਧਰਿਆ ਸੀ ਅਤੇ ਬਾਕੀ ਦੇਸ਼ ਦਾ ਭਵਿੱਖ ਵੀ ਬਦਲਦਾ ਪਿਆ ਹੈਜਿਹੜੀ ਗੱਲ ਬਦਲਦੀ ਨਹੀਂ ਅਤੇ ਬਦਲਣ ਵਾਲੀ ਵੀ ਨਹੀਂ, ਉਹ ਪਿਛਲੀ ਸਦੀ ਦੇ ਪਹਿਲੇ ਦਹਾਕੇ ਵਿੱਚ ਉੱਭਰੀ ਇਹ ਰਾਜਸੀ ਸੋਚਣੀ ਹੈ ਕਿ ਭਾਰਤ ਕਦੀ ਇੱਕ ਸਾਮਰਾਜ ਹੁੰਦਾ ਸੀ, ਇੱਕੋ ਧਰਮ ਦੇ ਝੰਡੇ ਵਾਲਾ ਸਾਮਰਾਜ ਅਤੇ ਓਦਾਂ ਦਾ ਸਾਮਰਾਜ ਅੱਜ ਵੀ ਚਾਹੀਦਾ ਹੈ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5282)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author