“ਸੰਸਾਰ ਰਾਜਨੀਤੀ ਵਿੱਚ ਇੱਦਾਂ ਦਾ ਝਟਕਾ ਕਿਉਂਕਿ ਕਦੀ ਪਹਿਲਾਂ ਵੇਖਿਆ ਨਹੀਂ ਸੀ ਗਿਆ ...”
(4 ਮਾਰਚ 2025)
ਇਹ ਬੰਦਾ ਹੱਥ ਮਿਲਾਉਣ ਦੇ ਕਾਬਲ ਹੈ ਸਹੀ?
* * *
ਇਸ ਸਾਲ ਅਮਰੀਕਾ ਦੀ ਗੱਦੀ ਦੂਸਰੀ ਵਾਰੀ ਸੰਭਾਲ ਚੁੱਕਾ ਰਾਸ਼ਟਰਪਤੀ ਡੌਨਲਡ ਟਰੰਪ ਪਹਿਲਾਂ ਵਾਲਾ ਟਰੰਪ ਨਹੀਂ ਜਾਪਦਾ, ਅਸਲੋਂ ਨਵਾਂ ਟਰੰਪ ਲਗਦਾ ਹੈ। ਨਵਾਂ ਟਰੰਪ, ਪਤਾ ਨਹੀਂ ਕਿਹੋ ਜਿਹਾ ਟਰੰਪ ਤੇ ਪਤਾ ਨਹੀਂ ਕਰਨਾ ਉਹ ਕੀ ਚਾਹੁੰਦਾ ਹੈ! ਆਉਂਦੇ ਸਾਰ ਉਸ ਦੇ ਕਈ ਕਦਮਾਂ ਨੇ ਸਾਰੇ ਸੰਸਾਰ ਨੂੰ ਬੌਂਦਲੀ ਜਿਹੀ ਹਾਲਤ ਵਿੱਚ ਪਹੁੰਚਾਇਆ ਪਿਆ ਹੈ। ਬਹੁਤਾ ਝਟਕਾ ਉਸ ਦੇ ਪੁਰਾਣੇ ਮਿੱਤਰਾਂ ਨੂੰ ਲੱਗਾ ਜਾਪਦਾ ਹੈ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਵੀ ਗਿਣਿਆ ਜਾ ਸਕਦਾ ਹੈ। ਜਦੋਂ ਚਾਰ ਸਾਲ ਰਾਜ ਕਰਨ ਪਿੱਛੋਂ ਪਿਛਲੀ ਵਾਰ ਉਸ ਨੂੰ ਗੱਦੀ ਛੱਡਣੀ ਪਈ ਸੀ, ਨਰਿੰਦਰ ਮੋਦੀ ਸਣੇ ਕਈ ਯਾਰ ਅੱਖਾਂ ਫੇਰ ਗਏ ਸਨ। ਇਹ ਉਨ੍ਹਾਂ ਦਾ ਅਮਰੀਕਾ ਦੇ ਹਰ ਨਵੇਂ ਹਾਕਮ ਨਾਲ ਨੇੜ ਗੰਢਣ ਅਤੇ ਨਿੱਜੀ ਨੇੜਤਾ ਦਾ ਪ੍ਰਭਾਵ ਦੇਣ ਦੀ ਨੀਤੀ ਦਾ ਦਾਅ ਹੁੰਦਾ ਸੀ। ਡੌਨਲਡ ਟਰੰਪ ਹਾਰਿਆ ਤਾਂ ਜੋਅ ਬਾਇਡਨ ਨਾਲ ਵੀ ਉਦਾਂ ਹੀ ਨੇੜਤਾ ਗੰਢੀ ਜਾਣ ਦੇ ਯਤਨ ਹੋਏ ਸਨ, ਜਿੱਦਾਂ ਕਦੀ ਬਰਾਕ ਉਬਾਮਾ ਦਾ ਰਾਜ ਮੁੱਕਦੇ ਸਾਰ ਉਸ ਦੀ ਥਾਂ ਆਏ ਡੌਨਲਡ ਟਰੰਪ ਨਾਲ ਕੀਤੇ ਗਏ ਸਨ। ਉਹ ਸੋਚਦੇ ਹੋਣਗੇ ਕਿ ਸਾਂਝ ਮੁਲਕ ਦੀ ਬਜਾਏ ਮੁਲਕ ਦੇ ਮੁਖੀ ਨਾਲ ਅਤੇ ਉਹ ਵੀ ਨਿੱਜੀ ਪੱਧਰ ਦੀ ਹੋਵੇ ਤਾਂ ਬਹੁਤੀ ਲਾਹੇਵੰਦੀ ਰਹਿ ਸਕਦੀ ਹੈ। ਬਰਾਕ ਉਬਾਮਾ ਤਾਂ ਆਪਣੀ ਕਾਨੂੰਨੀ ਹੱਦ ਮੁਤਾਬਕ ਦੋ ਵਾਰੀ ਰਾਜ ਕਰਨ ਪਿੱਛੋਂ ਆਉਣਾ ਨਹੀਂ ਸੀ, ਪਰ ਡੌਨਲਡ ਟਰੰਪ ਮੁੜ ਕੇ ਆ ਸਕਦਾ ਸੀ ਤੇ ਉਹ ਆ ਗਿਆ ਹੈ। ਜਿਹੜੇ ਸੰਸਾਰ ਪੱਧਰੀ ਆਗੂਆਂ ਨੂੰ ਉਹ ਆਪਣੇ ‘ਬੈੱਸਟ ਫਰੈਂਡ’ ਦੱਸਦਾ ਸੀ ਅਤੇ ਉਹ ਵੀ ਅੱਗੋਂ ਉਸ ਨਾਲ ਨਿੱਜੀ ਨੇੜ ਖਾਤਰ ਕੂਟਨੀਤੀ ਦੀਆਂ ਹੱਦਾਂ ਉਲੰਘ ਜਾਂਦੇ ਸਨ ਅਤੇ ‘ਅਬ ਕੀ ਬਾਰ ਟਰੰਪ ਸਰਕਾਰ’ ਕਹਿਣ ਤਕ ਚਲੇ ਜਾਣ ਵਿੱਚ ਝਿਜਕਦੇ ਨਹੀਂ ਸਨ, ਜਦੋਂ ਉਹ ਟਰੰਪ ਦੇ ਇੱਕ ਚੋਣ ਹਾਰਦੇ ਸਾਰ ਅੱਖਾਂ ਫੇਰ ਗਏ ਤਾਂ ਟਰੰਪ ਦੇ ਮਨ ਅੰਦਰ ਉਸ ਵੇਲੇ ਦੀ ਕਸਕ ਕਿਸੇ ਕੋਨੇ ਵਿੱਚ ਫਸੀ ਰਹਿ ਗਈ ਜਾਪਦੀ ਹੈ। ਉਹ ਕਸਕ ਅੱਜ ਜ਼ਾਹਰ ਹੁੰਦੀ ਜਾਪਦੀ ਹੈ ਅਤੇ ਇਸ ਕਸਕ ਦੇ ਪ੍ਰਗਟਾਵੇ ਕਾਰਨ ਭਾਰਤ-ਅਮਰੀਕਾ ਰਿਸ਼ਤਿਆਂ ਵਿੱਚ ਵੀ ਨਵੀਂਆਂ ਗੁੰਝਲਾਂ ਸਾਹਮਣੇ ਆਉਣ ਲੱਗ ਪਈਆਂ ਹਨ।
ਸੰਸਾਰ ਰਾਜਨੀਤੀ ਵਿੱਚ ਇੱਦਾਂ ਦਾ ਝਟਕਾ ਕਿਉਂਕਿ ਕਦੀ ਪਹਿਲਾਂ ਵੇਖਿਆ ਨਹੀਂ ਸੀ ਗਿਆ, ਇਸ ਕਾਰਨ ਭਾਰਤ ਦੀ ਸੱਤਾ ਦੇ ਸਿਆਸੀ ਅਗਵਾਨੂੰ ਨਰਿੰਦਰ ਮੋਦੀ ਨੇ ਟਰੰਪ ਦੇ ਸੱਤਾ ਸਾਂਭਦੇ ਸਾਰ ਉਸ ਨੂੰ ਮਿਲਣ ਦਾ ਰਾਹ ਬਣਾਏ ਜਾਣ ਲਈ ਆਪਣੇ ਵਿਦੇਸ਼ੀ ਅਹਿਲਕਾਰ ਸਰਗਰਮ ਕਰ ਦਿੱਤੇ। ਕਹਿੰਦੇ ਹਨ ਕਿ ਯਤਨ ਸੀ ਕਿ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਪਿੱਛੋਂ ਕਿਸੇ ਵੀ ਹੋਰ ਤੋਂ ਪਹਿਲਾਂ ਮਿਲਿਆ ਜਾਵੇ, ਤਾਂ ਕਿ ਇਹ ਪ੍ਰਭਾਵ ਕਾਇਮ ਰਹਿ ਸਕੇ ਕਿ ਇਨ੍ਹਾਂ ਦੋਂਹ ਦੇਸ਼ਾਂ ਦੇ ਸੰਬੰਧਾਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਤਰੇੜ ਆਉਣ ਵਰਗੀ ਕੋਈ ਗੱਲ ਨਹੀਂ, ਅਤੇ ਇਸ ਵਿੱਚ ਉਹ ਕਾਮਯਾਬ ਵੀ ਹੋਏ। ਫਿਰ ਵੀ ਇੱਕ ਗੱਲ ਨਵੀਂ ਇਹ ਵਾਪਰ ਗਈ ਕਿ ਜਿਸ ਐਲਨ ਮਸਕ ਨੂੰ ਇਸ ਵੇਲੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਅਗਵਾਨੂੰ ਨੀਤੀ-ਦਸੇਰਾ ਕਿਹਾ ਜਾ ਰਿਹਾ ਹੈ, ਰਾਸ਼ਟਰਪਤੀ ਡੌਨਲਡ ਟਰੰਪ ਤੋਂ ਪਹਿਲਾਂ ਉਸ ਨੂੰ ਮਿਲਣਾ ਪੈ ਗਿਆ ਸੀ। ਜਿੰਨਾ ਵਿਰੋਧ ਭਾਰਤ ਵਿੱਚ ਗੌਤਮ ਅਡਾਨੀ ਦਾ ਜਨਤਕ ਪੱਧਰ ਉੱਤੇ ਹੁੰਦਾ ਰਹਿੰਦਾ ਹੈ, ਅਮਰੀਕਾ ਵਿੱਚ ਐਲਨ ਮਸਕ ਦੇ ਖਿਲਾਫ ਉਸੇ ਤਰ੍ਹਾਂ ਦਾ ਹੋਣ ਦਾ ਅਧਾਰ ਬਣਿਆ ਨੋਟ ਕੀਤਾ ਜਾਣ ਲੱਗਾ ਹੈ ਅਤੇ ਉਸ ਦੇ ਕਈ ਕਦਮਾਂ ਦਾ ਰਾਹ ਰੋਕਣ ਵਾਲੇ ਹੁਕਮ ਅਦਾਲਤਾਂ ਵੀ ਕਰੀ ਜਾਂਦੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹੋ ਜਿਹੇ ਅਣ-ਕਹੀ ਹਕੂਮਤੀ ਹਸਤੀ ਵਾਲੇ ਪੂੰਜੀਪਤੀ ਨਾਲ ਮਿਲਣਾ ਸੰਸਾਰ ਰਾਜਨੀਤੀ ਅੰਦਰ ਕੁਨੀਨ ਦੀ ਕੌੜੀ ਗੋਲੀ ਚੱਬਣ ਵਾਲੀ ਹਾਲਤ ਦਾ ਪ੍ਰਤੀਕ ਸੀ, ਜਿਸਦਾ ਚੰਗਾ ਪ੍ਰਭਾਵ ਨਹੀਂ ਸੀ ਪਿਆ ਜਾਪਦਾ।
ਹਾਲੇ ਇਸ ਝਟਕੇ ਦਾ ਅਸਰ ਹੀ ਮਾਪਿਆ ਜਾ ਰਿਹਾ ਸੀ ਕਿ ਅਮਰੀਕਾ ਰਹਿੰਦੇ ਜਾਂ ਰਹਿਣ ਦੇ ਗੈਰ-ਕਾਨੂੰਨੀ ਢੰਗ ਭਾਲਣ ਦੇ ਚੱਕਰ ਵਿੱਚ ਕਾਬੂ ਕੀਤੇ ਗਏ ਭਾਰਤੀਆਂ ਨਾਲ ਭਰੇ ਜਹਾਜ਼ ਭਾਰਤ ਵੱਲ ਆਉਣ ਲੱਗ ਪਏ। ਇਹੋ ਜਿਹੇ ਲੋਕ ਉਸ ਦੇਸ਼ ਤੋਂ ਭੇਜੇ ਜਾਣ ਦਾ ਵਿਰੋਧ ਉੱਥੋ ਦੀਆਂ ਕਾਨੂੰਨੀ ਸਥਿਤੀਆਂ ਕਾਰਨ ਨਹੀਂ, ਭੇਜੇ ਜਾ ਰਹੇ ਲੋਕਾਂ ਨੂੰ ਬੇੜੀਆਂ ਲਾ ਕੇ ਜ਼ਲੀਲ ਕਰਨ ਦੇ ਪੱਖੋਂ ਭਾਰਤ ਵਿੱਚ ਵੀ ਅਤੇ ਸੰਸਾਰ ਭਰ ਵਿੱਚ ਵੀ ਹੋਇਆ, ਪਰ ਭਾਰਤ ਦੀ ਸਰਕਾਰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਅਤੇ ਅਣਕਿਆਸੀ ਨਵੀਂ ਨੀਤੀ ਨਾਲ ਅੱਗੇ ਆਏ ਟਰੰਪ ਕੋਲ ਰੋਸ ਨਹੀਂ ਕਰ ਸਕੀ। ਇਸਦੀ ਥਾਂ ਭਾਰਤ ਦਾ ਵਿਦੇਸ਼ ਮੰਤਰੀ ਅਤੇ ਉਸ ਦੀ ਟੀਮ ਇਹ ਦੱਸਣ ਲੱਗੇ ਰਹੇ ਕਿ ਪਹਿਲਾਂ ਵੀ ਬਹੁਤ ਸਾਰੇ ਲੋਕ ਕਈ ਦੇਸ਼ਾਂ ਤੋਂ ਕੱਢੇ ਜਾਂਦੇ ਰਹੇ ਸਨ ਅਤੇ ਇਸ ਵਿੱਚ ਕੋਈ ਨਵੀਂ ਗੱਲ ਨਹੀਂ। ਇਸ ਹਾਲਤ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਪਹਿਲੀ ਵਾਰ ਕੇਂਦਰੀ ਜਾਂਚ ਏਜੰਸੀਆਂ ਨੂੰ ਪੰਜਾਬ ਤੋਂ ਗੁਜਰਾਤ ਤਕ ਉਨ੍ਹਾਂ ਇੰਮੀਗਰੇਸ਼ਨ ਠੱਗਾਂ ਦੇ ਖਿਲਾਫ ਛਾਪੇ ਮਾਰਨ ਤੇ ਜਾਂਚ ਕਰਨ ਲਾਇਆ ਗਿਆ, ਜਿਨ੍ਹਾਂ ਨੂੰ ਅੱਜ ਤਕ ਸਭ ਕੁਝ ਕਰਦੇ ਵੇਖ ਕੇ ਅੱਖੋਂ ਪਰੋਖੇ ਕੀਤਾ ਜਾਂਦਾ ਸੀ। ਇੱਦਾਂ ਦੀ ਕੋਈ ਵੀ ਜਾਂਚ ਹੁੰਦੀ ਹੈ ਤਾਂ ਲੋਕ ਸਵਾਗਤ ਕਰਨਗੇ, ਪਰ ਇਹ ਕਾਰਵਾਈ ਅਮਰੀਕਾ ਵੱਲੋਂ ਭਾਰਤੀਆਂ ਨੂੰ ਬਹੁਤ ਗੁਪਤ ਜਿਹੇ ਢੰਗ ਨਾਲ ਬਾਂਹਾਂ ਅਤੇ ਲੱਤਾਂ ਨੂੜ ਕੇ ਜਹਾਜ਼ ਭਰ-ਭਰ ਭੇਜਣ ਨਾਲ ਜੋੜ ਕੇ ਵੇਖੀ ਗਈ ਹੈ। ਪਹਿਲਾਂ ਕਦੇ ਵੀ ਇੱਦਾਂ ਨਹੀਂ ਸੀ ਹੋਇਆ, ਇਸ ਲਈ ਭਾਰਤ ਸਰਕਾਰ ਕੋਈ ਵੀ ਸਪਸ਼ਟੀਕਰਨ ਦੇਵੇ, ਤਸੱਲੀ ਨਹੀਂ ਕਰਵਾ ਰਿਹਾ।
ਉਂਜ ਇਹ ਗੱਲ ਨਹੀਂ ਕਿ ਡੌਨਲਡ ਟਰੰਪ ਅਤੇ ਉਸ ਦੀ ਟੀਮ ਨੇ ਸਿਰਫ ਭਾਰਤ ਦੇ ਵਿਰੁੱਧ ਇੱਦਾਂ ਦੀ ਕਾਰਵਾਈ ਦਾ ਰਾਹ ਫੜਿਆ ਹੋਵੇ, ਉਸ ਨੇ ਆਪਣੇ ਗਵਾਂਢ ਵਸਦੇ ਕੈਨੇਡਾ ਵਰਗੇ ਪੁਰਾਣੇ ਸਾਥੀ ਦੇਸ਼ ਵਿਰੁੱਧ ਵੀ ਦਬਕੇ ਮਾਰਨ ਦੀ ਉਹ ਕਾਰਵਾਈ ਆਰੰਭ ਕਰ ਦਿੱਤੀ ਹੈ, ਜਿਸ ਬਾਰੇ ਅੱਜ ਤਕ ਕਿਸੇ ਨੇ ਸੋਚਿਆ ਨਹੀਂ ਸੀ। ਕੈਨੇਡਾ ਨੂੰ ਤਾਂ ਉਹ ਆਪਣੇ ਅਮਰੀਕਾ ਦੇਸ਼ ਦਾ ਇੱਕ ਸੂਬਾ ਬਣਾ ਦੇਣ, ਭਾਵ ਇਹ ਕਿ ਉਸ ਉੱਤੇ ਕਬਜ਼ਾ ਕਰ ਲੈਣ ਦੇ ਦਬਕੇ ਤਕ ਮਾਰਦਾ ਪਿਆ ਹੈ ਅਤੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਤਾ ਨਹੀਂ ਉਹ ਇਸ ਪਾਸੇ ਵੀ ਮੂੰਹ ਚੁੱਕ ਤੁਰਦਾ ਹੋਵੇ। ਕੈਨੇਡਾ ਵਿੱਚ ਬਣਦੇ ਮਾਲ ਉੱਤੇ ਟੈਰਿਫ ਵਧਾਉਣ ਦਾ ਕੰਮ ਉਸ ਨੇ ਸਿਰਫ ਉਸ ਦੇ ਖਿਲਾਫ ਨਹੀਂ ਕੀਤਾ, ਇੱਕੋ ਵੇਲੇ ਕਈ ਦੇਸ਼ਾਂ ਦੇ ਹਾਕਮਾਂ ਨੂੰ ਇੱਦਾਂ ਦੀ ਧਮਕੀ ਵਾਲਾ ਇਸ਼ਾਰਾ ਕਰ ਦਿੱਤਾ ਹੈ ਅਤੇ ਇਨ੍ਹਾਂ ਦੇਸ਼ਾਂ ਵਿੱਚ ਸੰਸਾਰ ਜੰਗ ਦੇ ਸਮੇਂ ਤੋਂ ਅਮਰੀਕਾ ਦੇ ਨਾਲ ਮਿਲ ਕੇ ਚੱਲਦੇ ਰਹੇ ਦੇਸ਼ ਵੀ ਸ਼ਾਮਲ ਕਰਨ ਤੋਂ ਝਿਜਕ ਨਹੀਂ ਵਿਖਾਈ। ਡੌਨਲਡ ਟਰੰਪ ਦੇ ਇਸ ਪੈਂਤੜੇ ਨੇ ਇਹੋ ਜਿਹੇ ਕਈ ਦੇਸ਼ਾਂ ਦੇ ਹਾਕਮਾਂ ਦੀ ਚਿੰਤਾ ਵਧਾਈ ਹੈ, ਪਰ ਉਹ ਜਨਤਕ ਤੌਰ ਉੱਤੇ ਚਾਹੇ ਜਿੱਡੇ ਵੀ ਸਖਤ ਬਿਆਨ ਜਾਰੀ ਕਰਦੇ ਰਹਿਣ, ਅਮਲ ਕਰਨ ਦੇ ਪੱਖ ਤੋਂ ਉਨ੍ਹਾਂ ਦੇ ਬਿਆਨਾਂ ਦੀ ਹਕੀਕਤ ਐਵੇਂ ਬੁੜ-ਬੁੜ ਕਰੀ ਜਾਣ ਵਰਗੀ ਹੈ।
ਕਮਾਲ ਦੀ ਗੱਲ ਤਾਂ ਇਹ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਨੇੜਤਾ ਕਰ ਲੈਣ ਦਾ ਪ੍ਰਭਾਵ ਦੇ ਕੇ ਇਸ ਵਾਰ ਡੌਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ਲੈਂਸਕੀ ਨੂੰ ਜੰਗ ਦੀ ਸਮਾਪਤੀ ਲਈ ਉਸ ਦੀ ਨੀਤੀ ਦਾ ਸਮਰਥਨ ਕਰਨ ਲਈ ਦਬਾਅ ਪਾਉਣ ਦੀ ਸਿਖਰ ਕਰ ਦਿੱਤੀ ਹੈ। ਇਸ ਕੰਮ ਵਿੱਚ ਇੰਨੀ ਤੇਜ਼ੀ ਵਿਖਾਈ ਹੈ ਕਿ ਅਚਾਨਕ ਸਮਰਥਨ ਬੰਦ ਹੋਣ ਕਾਰਨ ਜ਼ਲੈਂਸਕੀ ਨੂੰ ਹੋਰ ਸਭ ਕੰਮ ਛੱਡ ਕੇ ਟਰੰਪ ਨਾਲ ਮੀਟਿੰਗ ਲਈ ਅਮਰੀਕਾ ਨੂੰ ਦੌੜ ਲਾਉਣੀ ਪਈ ਤੇ ਅਮਰੀਕਾ ਦੇ ਨਾਟੋ ਵਾਲੇ ਸਾਥੀ ਦੇਸ਼ ਤਿੰਨ ਸਾਲ ਯੂਕਰੇਨ ਦੀ ਮਦਦ ਕਰਨ ਦੇ ਅਮਰੀਕੀ ਪੈਂਤੜੇ ਦੀ ਥਾਂ ਨਵੇਂ ਅਮਰੀਕੀ ਰਾਸ਼ਟਰਪਤੀ ਦੇ ਨਵੇਂ ਪੈਂਤੜੇ ਨਾਲ ਕਸੂਤੇ ਫਸੇ ਹੋਏ ਜਾਪਦੇ ਹਨ। ਸੰਸਾਰ ਰਾਜਨੀਤੀ ਤਾਂ ਹਾਲੇ ਬਦਲੀ ਨਹੀਂ, ਸਿਰਫ ਅਮਰੀਕਾ ਦਾ ਰਾਸ਼ਟਰਪਤੀ ਬਦਲਿਆ ਅਤੇ ਉਨ੍ਹਾਂ ਦਾ ਯੂਕਰੇਨ ਬਾਰੇ ਪੈਂਤੜਾ ਬਦਲਿਆ ਹੈ, ਨਾਟੋ ਦੇਸ਼ ਇਸ ਸੋਚ ਵਿੱਚ ਉਲਝ ਗਏ ਹਨ ਕਿ ਡੌਨਲਡ ਟਰੰਪ ਦੇ ਅਹੁਦੇ ਦੀ ਮਿਆਦ ਮਸਾਂ ਚਾਰ ਸਾਲ ਹੁੰਦੀ ਹੈ, ਕੱਲ੍ਹ ਨੂੰ ਨਵਾਂ ਰਾਸ਼ਟਰਪਤੀ ਪਤਾ ਨਹੀਂ ਕਿੱਦਾਂ ਦਾ ਆਵੇ, ਉਦੋਂ ਫਿਰ ਕੋਈ ਨਵੀਂ ਹਾਲਾਤ ਬਣੀ ਹੋ ਸਕਦੀ ਹੈ। ਬ੍ਰਿਟੇਨ ਦਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਇੱਕ ਜੰਗੀ ਮੁਹਿੰਮ ਵਿੱਚ ਅਮਰੀਕੀ ਨੀਤੀ ਲਈ ਅਣਐਲਾਨਿਆ ਬੁਲਾਰਾ ਬਣ ਕੇ ਹਰ ਪੈਂਤੜੇ ਦੀ ਵਿਆਖਿਆ ਕਰਨ ਦੇ ਕਾਰਨ ਆਪਣੇ ਲੋਕਾਂ ਅਤੇ ਸੰਸਾਰ ਭਰ ਵਿੱਚ ਬੁਰਾ ਬਣ ਗਿਆ ਸੀ। ਨਾਟੋ ਗਠਜੋੜ ਦੇ ਸਾਥੀ ਦੇਸ਼ਾਂ ਦੇ ਅਜੋਕੇ ਹਾਕਮ ਆਪਣੀ ਸਥਿਤੀ ਦਾਅ ਉੱਤੇ ਲਾਉਣ ਲਈ ਉਸ ਹੱਦ ਤਕ ਜਾਣ ਨੂੰ ਤਿਆਰ ਨਹੀਂ ਜਾਪਦੇ।
ਅਮਰੀਕੀ ਨੀਤੀ ਤਾਂ ਪਹਿਲਾਂ ਵੀ ਇੱਦਾਂ ਦੀ ਰਹੀ ਹੈ ਕਿ ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦੇਣਾ ਹੈ, ਉਹ ਫਿਰ ਅੱਗੇ-ਪਿੱਛੇ ਵੇਖਣ ਦਾ ਯਤਨ ਨਾ ਕਰਨ। ਵਰਲਡ ਟਰੇਡ ਸੈਂਟਰ ਵਾਲੀ ਘਟਨਾ ਦੇ ਬਾਅਦ ਉਦੋਂ ਦਾ ਰਾਸ਼ਟਰਪਤੀ, ਜਿਹੜਾ ਟਰੰਪ ਦੀ ਪਾਰਟੀ ਦਾ ਸੀ, ਸਾਫ ਕਹਿਣ ਲੱਗ ਪਿਆ ਸੀ ਕਿ ਨਿਰਪੱਖਤਾ ਕੋਈ ਨਹੀਂ, ਅਮਰੀਕਾ ਦੇ ਨਾਲ ਜਾਂ ਵਿਰੋਧ ਵਿੱਚ ਖੜੋਣ ਦੀ ਸਥਿਤੀ ਹੈ, ਜਿਹੜਾ ਨਿਰਪੱਖ ਹੋਣ ਦੀ ਗੱਲ ਕਰੇਗਾ, ਅਮਰੀਕਾ ਉਸ ਨੂੰ ਆਪਣਾ ਵਿਰੋਧੀ ਸਮਝੇਗਾ। ਇਸ ਦਬਕੇ ਦਾ ਪ੍ਰਭਾਵ ਇੰਨਾ ਪਿਆ ਸੀ ਕਿ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਨੇ ਬਿਨਾਂ ਸਮਾਂ ਗੁਆਏ ਇਹ ਬਿਆਨ ਦੇ ਦਿੱਤਾ ਸੀ ਕਿ ‘ਭਾਰਤ ਦਾ ਬੱਚਾ-ਬੱਚਾ ਅਮਰੀਕਾ ਦੇ ਨਾਲ ਹੈ।’ ਇਸ ਬਿਆਨ ਦੀ ਨੁਕਤਾਚੀਨੀ ਬਹੁਤ ਹੋਈ ਸੀ। ਅਜੋਕੇ ਹਾਲਾਤ ਵਿੱਚ ਡੌਨਲਡ ਟਰੰਪ ਵੀ ਸੰਸਾਰ ਦੇ ਦੇਸ਼ਾਂ ਦੇ ਮੁਖੀਆਂ ਨੂੰ ਅਸਿੱਧੇ ਤੌਰ ਉੱਤੇ ਇਹੋ ਜਿਹੇ ਸੰਕੇਤ ਦਿੰਦਾ ਜਾਪਦਾ ਹੈ ਅਤੇ ਜ਼ਲੈਂਸਕੀ ਨਾਲ ਮੀਟਿੰਗ ਵਿੱਚ ਤਾਂ ਇਸ ਤੋਂ ਵੀ ਅੱਗੇ ਨਿਕਲ ਗਿਆ ਹੈ। ਅਮਰੀਕਾ ਦੀ ਰੂਸ ਦੇ ਵਿਰੋਧ ਦੀ ਜਿਸ ਨੀਤੀ ਕਾਰਨ ਯੂਕਰੇਨ ਇਸ ਜੰਗ ਵਿੱਚ ਫਸ ਗਿਆ ਸੀ, ਜਦੋਂ ਜ਼ਲੈਂਸਕੀ ਨੇ ਉਸ ਬਾਰੇ ਡੌਨਲਡ ਟਰੰਪ ਨੂੰ ਦੱਸਣ ਲਈ ਜ਼ਬਾਨ ਖੋਲ੍ਹੀ ਤਾਂ ਉਸ ਨੂੰ ਇਹ ਕਹਿ ਕਿ ਝਾੜ ਪਾ ਦਿੱਤੀ ਗਈ ਕਿ ਤੂੰ ਸੰਸਾਰ ਜੰਗ ਲੱਗੀ ਚਾਹੁੰਦਾ ਹੈਂ। ਮੀਟਿੰਗ ਕੁੜੱਤਣ ਦੇ ਪ੍ਰਭਾਵ ਵਿੱਚ ਇੱਥੋਂ ਤਕ ਵੀ ਚਲੀ ਗਈ ਕਿ ਯੂਕਰੇਨੀ ਰਾਸ਼ਟਰਪਤੀ, ਜਿਸ ਨੂੰ ਅੱਜ ਤਕ ਅਮਰੀਕੀ ਰਾਸ਼ਟਰਪਤੀ ਦੇ ਮੁੱਖ ਅੱਡੇ ਵਾਈਟ ਹਾਊਸ ਵਿੱਚ ਹੱਥੀਂ ਛਾਵਾਂ ਹੋਣ ਦਾ ਮਾਣ ਮਿਲਦਾ ਰਿਹਾ ਹੈ, ਉਹ ਵੰਨੇ-ਸੁਵੰਨੇ ਭੋਜਨਾਂ ਦਾ ਸਵਾਦ ਵੀ ਵੇਖਣ ਤੋਂ ਬਗੈਰ ਉੱਥੋਂ ‘ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ’ ਵਾਂਗ ਨਿਕਲ ਆਇਆ ਸੀ। ਸੰਸਾਰ ਭਰ ਦੇ ਕੂਟਨੀਤੀਵਾਨਾਂ ਨੇ ਡੌਨਲਡ ਟਰੰਪ ਬਾਰੇ ਜੋ ਵੀ ਸੋਚਿਆ ਹੋਵੇ, ਇੱਦਾਂ ਦੀ ਗੱਲ ਤਾਂ ਕਦੀ ਵੀ ਨਹੀਂ ਸੋਚੀ ਹੋਵੇਗੀ।
ਅਗਲੇ ਦਿਨ ਕਾਫੀ ਭੁਚਾਲੀ ਤਬਦੀਲੀਆਂ ਵਾਲੇ ਹੋ ਸਕਦੇ ਹਨ ਅਤੇ ਇੱਦਾਂ ਦੀਆਂ ਸੰਸਾਰ ਪੱਧਰ ਦੀਆਂ ਹਾਲਤਾਂ ਬਾਰੇ ਸਿਰਫ ਯੂਕਰੇਨ ਵਰਗੇ ਕਸੂਤੇ ਫਸੇ ਦੇਸ਼ਾਂ ਜਾਂ ਨਾਟੋ ਵਾਲਿਆਂ ਨੂੰ ਹੀ ਨਹੀਂ, ਭਾਰਤ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਨਵੇਂ ਸਿਰਿਉਂ ਅਗੇਤਾ ਸੋਚਣਾ ਪਵੇਗਾ। ਨਵੇਂ ਅਮਰੀਕੀ ਰਾਸ਼ਟਰਪਤੀ ਦੇ ਹਰ ਨਵੇਂ ਕਦਮ ਨੂੰ ਆਪਣੇ ਦੇਸ਼ ਵਿੱਚ ਵਿਰੋਧੀ ਧਿਰ ਨੂੰ ਭੰਡਣ ਅਤੇ ਸਾਰਾ ਭਾਂਡਾ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਸਿਰ ਭੰਨਣ ਦੀ ਨੀਤੀ ਨਾਲ ਭਵਿੱਖ ਦਾ ਕੋਈ ਬੁੱਤਾ ਸਾਰਨ ਵਾਲਾ ਰਾਹ ਨਹੀਂ ਲੱਭ ਸਕਣਾ, ਇਸ ਬਾਰੇ ਸਰਕਾਰ ਨੂੰ ਆਪਣੇ ਲੋਕਾਂ ਦਾ ਇਹ ਵਿਸ਼ਵਾਸ ਕਾਇਮ ਰੱਖਣ ਲਈ ਵੀ ਕੁਝ ਕਰਨਾ ਹੋਵੇਗਾ ਕਿ ਦੇਸ਼ ਕਿਸੇ ਦੂਸਰੇ ਦੀਆਂ ਨੀਤੀਆਂ ਦੇ ਪਾਵੇ ਨਾਲ ਨਹੀਂ ਬੱਝਾ ਪਿਆ। ਆਜ਼ਾਦੀ ਮਿਲਣ ਦੇ ਦਿਨਾਂ ਤੋਂ ਇਸ ਦੇਸ਼ ਦੀ ਜਿਹੜੀ ਆਜ਼ਾਦ ਅਤੇ ਧੜਿਆਂ ਤੋਂ ਨਿਰਪੱਖ ਨੀਤੀ ਚਲਦੀ ਆਈ ਹੈ, ਉਸ ਨੂੰ ਫਿਰ ਉਸੇ ਲੀਹ ਉੱਤੇ ਰੱਖ ਕੇ ਚੱਲਣਾ ਪਵੇਗਾ। ਇਹ ਨੀਤੀ ਅਜੋਕੇ ਹਾਲਾਤ ਵਿੱਚ ਇਸ ਕਾਰਨ ਜ਼ਰੂਰੀ ਬਣ ਗਈ ਹੈ ਕਿ ਅਮਰੀਕਾ ਦੀ ਗੱਦੀ ਦੂਸਰੀ ਵਾਰ ਸੰਭਾਲ ਚੁੱਕਾ ਰਾਸ਼ਟਰਪਤੀ ਡੌਨਲਡ ਟਰੰਪ ਪਹਿਲਾਂ ਵਾਲਾ ਟਰੰਪ ਨਹੀਂ ਜਾਪਦਾ, ਅਸਲੋਂ ਨਵਾਂ ਟਰੰਪ ਲਗਦਾ ਹੈ। ਇਹ ਨਵਾਂ ਟਰੰਪ, ਪਤਾ ਨਹੀਂ ਕਿੱਦਾਂ ਦਾ ਟਰੰਪ, ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਅਸਲ ਵਿੱਚ ਕਰਨਾ ਕੀ ਚਾਹੁੰਦਾ ਹੈ! ਇਹ ਸਥਿਤੀ ਇੱਕ ਜਾਂ ਦੂਸਰੇ ਲੀਡਰ ਨਾਲ ਨਿੱਜੀ ਨੇੜਤਾ ਦੀ ਕੂਟਨੀਤੀ ਦੀ ਮੁਥਾਜ ਨਹੀਂ ਹੋ ਸਕਦੀ। ਭਵਿੱਖ ਦੇ ਗਰਭ ਵਿੱਚ ਕੁਝ ਪਤਾ ਨਹੀਂ ਕੀ ਛੁਪਿਆ ਹੈ, ਪਰ ਜੋ ਵੀ ਹੈ, ਉਹ ਗੰਭੀਰਤਾ ਦੀ ਸਿਖਰ ਵਾਲਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)