“ਦਲਬਦਲੂ ਲੀਡਰ ਦਾ ਕੋਈ ਦੀਨ-ਇਮਾਨ ਨਹੀਂ ਹੁੰਦਾ, ਜਿਸ ਨਾਲ ਜੁੜ ਜਾਂਦਾ ਹੈ, ਮੁੜ ਕੇ ...”
(2 ਜੂਨ 2025)
ਸਾਨੂੰ ਪੱਤਰਕਾਰਾਂ ਨੂੰ ਕਦੇ-ਕਦਾਈਂ ਇਹੋ ਜਿਹੇ ਸੈਮੀਨਾਰਾਂ ਵਿੱਚ ਜਾਣਾ ਪੈ ਜਾਂਦਾ ਹੈ, ਜਿੱਥੇ ਚਲਦੀ ਬਹਿਸ ਮੱਥੇ ਵਿੱਚ ਖੁੱਭ ਜਾਂਦੀ ਹੈ ਅਤੇ ਕਈ-ਕਈ ਸਾਲ ਰੜਕਦੀ ਰਹਿੰਦੀ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਇੱਕ ਵਾਰ ਦਿੱਲੀ ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੈਮੀਨਾਰ ਵਿੱਚ ਪਹੁੰਚਣ ਦਾ ਸਬੱਬ ਬਣਿਆ ਤਾਂ ਕੇਂਦਰ ਸਰਕਾਰ ਦੇ ਇੱਕ ਮੰਤਰੀ ਨੂੰ ਜ਼ੋਰ ਲਾ-ਲਾ ਕੇ ਭਾਰਤ ਦੀ ਤਰੱਕੀ ਦੇ ਅੰਕੜੇ ਪੇਸ਼ ਕਰਦੇ ਸੁਣਿਆ। ਕੁਝ ਦਿਨ ਬਾਅਦ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਕਾਰਨ ਉਸ ਨੇ ਖੁਦ ਨੂੰ ਖੂੰਜੇ ਲੱਗਾ ਮਹਿਸੂਸ ਕੀਤਾ ਤਾਂ ਸਰਕਾਰ ਛੱਡ ਕੇ ਬਾਹਰ ਨਿਕਲ ਗਿਆ, ਜਾਂ ਫਿਰ ਉਹ ਮਜਬੂਰ ਹੀ ਇੰਨਾ ਕਰ ਦਿੱਤਾ ਗਿਆ ਕਿ ਉਸ ਨੂੰ ਨਿਕਲਣਾ ਪੈ ਗਿਆ ਤਾਂ ਉਸ ਨੇ ਮੀਡੀਏ ਸਾਹਮਣੇ ਉਸੇ ਸਰਕਾਰ ਦੇ ਰਾਜ ਵਿੱਚ ਭਾਰਤ ਦੀ ਪਤਲੀ ਹਾਲਤ ਦਾ ਖਿਲਾਰਾ ਪਾ ਦਿੱਤਾ। ਅਸੀਂ ਤਾਂ ਆਪਣੇ ਸ਼ਹਿਰ ਵਿੱਚ ਆ ਚੁੱਕੇ ਸਾਂ, ਪਰ ਦਿੱਲੀ ਵਾਲੇ ਇੱਕ ਪੱਤਰਕਾਰ ਨੇ ਕਹਿ ਦਿੱਤਾ ਕਿ ਹਾਲੇ ਥੋੜ੍ਹੇ ਕੁ ਦਿਨ ਪਹਿਲਾਂ ਤੁਸੀਂ ਸਰਕਾਰ ਵੱਲੋਂ ਭਾਰਤ ਦੀ ਤਰੱਕੀ ਲਈ ਕੀਤੀ ਅਗਵਾਈ ਦੇ ਸੋਹਲੇ ਗਾਉਂਦੇ ਸੀ, ਅੱਜ ਉਸਦੇ ਉਲਟ ਬੋਲੀ ਜਾ ਰਹੇ ਹੋ। ਸਾਬਕਾ ਮੰਤਰੀ ਨੇ ਕਿਹਾ ਕਿ ਉਸ ਵਕਤ ਮੈਂ ਸਰਕਾਰ ਦਾ ਹਿੱਸਾ ਸਾਂ ਅਤੇ ਸਰਕਾਰ ਦੇ ਪੱਖ ਵਿੱਚ ਬੋਲਣਾ ਮੇਰੀ ਸਮੂਹਿਕ ਜ਼ਿੰਮੇਵਾਰੀ ਹੋਣ ਕਾਰਨ ਉਹ ਸਭ ਕਹਿ ਰਿਹਾ ਸੀ, ਅਸਲ ਹਾਲ ਇਹੋ ਹੈ, ਜਿਹੜਾ ਅੱਜ ਦੱਸਦਾ ਪਿਆ ਹਾਂ। ਉਸ ਦਾ ਜਵਾਬ ਪੜ੍ਹਨ ਦੇ ਬਾਅਦ ਮੈਂ ਜਲੰਧਰ ਵਿੱਚ ਬੈਠਾ ਹੋਇਆ ਆਪਣੇ ਆਪ ਨੂੰ ਸਰੇ ਬਜ਼ਾਰ ਠੱਗਿਆ ਗਿਆ ਮਹਿਸੂਸ ਕੀਤਾ ਸੀ।
ਉਸ ਤੋਂ ਕੁਝ ਸਾਲ ਪਹਿਲਾਂ ਮੈਂ ਪ੍ਰਮੁੱਖ ਅੰਗਰੇਜ਼ੀ ਪੱਤਰਕਾਰ ਐੱਮ ਜੇ ਅਕਬਰ ਦੀ ਕਿਤਾਬ: ‘ਇੰਡਆ ਦ ਸੀਜ਼ ਵਿਦਿਨ’ (ਭਾਰਤ ਦੇ ਆਪਣੇ ਅੰਦਰ ਕਿਲ੍ਹੇਬੰਦੀਆਂ) ਪੜ੍ਹੀ ਸੀ, ਜਿਸ ਵਿੱਚ ਹਰ ਰਾਜ ਦੀ ਹਾਲਤ ਬਿਆਨਦੇ ਹੋਏ ਉਸ ਨੇ ਭਾਜਪਾ ਲੀਡਰਸ਼ਿੱਪ ਨੂੰ ਇਸ ਦੇਸ਼ ਵਿੱਚ ਪਲ਼ ਅਤੇ ਵਧ ਰਹੇ ਸੌ ਨੁਕਸਾਂ ਨਾਲ ਜੋੜ ਕੇ ਭੰਡਿਆ ਹੋਇਆ ਸੀ। ਭਾਜਪਾ ਦੇ ਆਗੂ ਵਾਜਪਾਈ ਦੀ ਸਰਕਾਰ ਆਈ ਤਾਂ ਉਹੀ ਅਕਬਰ ਅਚਾਨਕ ਭਾਜਪਾ ਦੇ ਨੇੜੇ ਜਾ ਲੱਗਾ ਅਤੇ ਫਿਰ ਉਹ ਭਾਰਤ ਦੇ ਲੋਕਾਂ ਅੱਗੇ ਇੱਕ ਨਵੀਂ ਤਸਵੀਰ ਪੇਸ਼ ਕਰਨ ਲੱਗ ਪਿਆ, ਜਿਹੜੀ ਉਸ ਦੀ ਕਿਤਾਬ ਵਾਲੀਆਂ ਧਾਰਨਾਵਾਂ ਦੇ ਉਲਟ ਸੀ, ਪਰ ਉਸ ਨੂੰ ਇਸਦੀ ਕੋਈ ਪਰਵਾਹ ਨਹੀਂ ਸੀ, ਉਸ ਦਾ ਸਿਆਸੀ ਦਾਅ ਫਿੱਟ ਬੈਠ ਚੁੱਕਾ ਸੀ। ਕਾਂਗਰਸ ਦੇ ਨਰਸਿਮਹਾ ਰਾਉ ਦੀ ਸਰਕਾਰ ਦੌਰਾਨ ਇੱਕ ਸਿੱਖ ਮੰਤਰੀ ਹਰ ਗੱਲ ਵਾਸਤੇ ਭਾਜਪਾ ਨੂੰ ਭੰਡਦਾ ਹੁੰਦਾ ਸੀ, ਵਾਜਪਾਈ ਸਰਕਾਰ ਵੇਲੇ ਭਾਜਪਾ ਨਾਲ ਇੱਦਾਂ ਜੁੜਿਆ ਕਿ ਅੱਜ ਤਕ ਉਹੀ ਸਾਂਝ ਨਿਭੀ ਜਾਂਦੀ ਹੈ। ਇੱਦਾਂ ਦੇ ਕਈ ਹੋਰ ਵੀ ਮਿਲ ਜਾਣਗੇ।
ਪੰਜਾਬ ਦੀ ਰਾਜਨੀਤੀ ਵਿੱਚੋਂ ਵੀ ਅਸੀਂ ਇੱਦਾਂ ਦੇ ਰੰਗ ਬਦਲਣ ਵਾਲੇ ਬਹੁਤ ਸਾਰੇ ਆਗੂ ਵੇਖੇ ਹੋਏ ਹਨ। ਅਕਾਲੀ ਦਲ ਤੋਂ ਸ਼ੁਰੂ ਕਰ ਕੇ ਤੁਰਿਆ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਿਆ ਸੀ, ਕਿਸੇ ਵਕਤ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਹਿ ਚੁੱਕਾ ਗਿਆਨੀ ਗੁਰਮੁਖ ਸਿੰਘ ਮੁਸਾਫਰ ਵੀ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਿਆ ਤੇ ਪਹਿਲੀ ਚੋਣ ਅਕਾਲੀ ਦਲ ਵੱਲੋਂ ਲੜ ਚੁੱਕਾ ਬੇਅੰਤ ਸਿੰਘ ਵੀ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਿਆ ਸੀ। ਅਮਰਿੰਦਰ ਸਿੰਘ ਕਦੋਂ ਤੇ ਕਿੰਨੇ ਰੰਗ ਬਦਲਦਾ ਰਿਹਾ, ਇਹ ਦੱਸਣ ਦੀ ਲੋੜ ਨਹੀਂ ਅਤੇ ਇਨ੍ਹਾਂ ਨਾਲ ਜੁੜ ਕੇ ਵਜ਼ੀਰੀਆਂ ਮਾਣਨ ਦੇ ਲਈ ਕਦੀ ਅਕਾਲੀ ਤੇ ਕਦੀ ਕਾਂਗਰਸੀ ਬਣਨ ਵਾਲਿਆਂ ਦੀ ਲਾਈਨ ਵੀ ਇੰਨੀ ਲੰਮੀ ਹੈ ਕਿ ਬਾਕਾਇਦਾ ਰਜਿਸਟਰ ਬਣ ਸਕਦਾ ਹੈ। ਇੱਕੋ ਸਾਲ ਦੌਰਾਨ ਦੋ ਵਾਰੀ ਦਲਬਦਲੀ ਕਰਨ ਵਾਲਿਆਂ ਦੀ ਵੀ ਚੋਖੀ ਗਿਣਤੀ ਮਿਲ ਜਾਂਦੀ ਹੈ। ਇਹੀ ਆਗੂ ਜਦੋਂ ਆਮ ਲੋਕਾਂ ਵਿੱਚ ਜਾਂਦੇ ਹਨ, ਉੱਥੇ ਅਸੂਲਾਂ ਦੀ ਦੁਹਾਈ ਦੇਣ ਤਾਂ ਲੋਕ ਪ੍ਰਭਾਵਤ ਹੋ ਕੇ ਫਿਰ ਵੋਟਾਂ ਪਾਈ ਜਾਂਦੇ ਹਨ ਤੇ ਬਾਅਦ ਵਿੱਚ ਆਪਣੇ ਹੱਥੀਂ ਕੀਤੀ ਗਈ ਇਸ ਭੁੱਲ ਨੂੰ ਭੁਗਤਦੇ ਰਹਿੰਦੇ ਹਨ। ਫਿਰ ਵੀ ਭਾਜਪਾ ਇੱਕ ਪਾਰਟੀ ਇਹੋ ਜਿਹੀ ਗਿਣੀ ਜਾਂਦੀ ਸੀ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਅਸੂਲਾਂ ਦੇ ਪੱਖ ਤੋਂ ਬਹੁਤਾ ਨਹੀਂ ਡਿਗੇਗੀ, ਰਾਜਨੀਤੀ ਬਾਰੇ ਆਪਣੀ ਵੱਖਰੀ ਪਹੁੰਚ ਕਾਰਨ ਜਥੇਬੰਦਕ ਪੱਖ ਤੋਂ ਵੀ ਬਾਕੀ ਧਿਰਾਂ ਤੋਂ ਕੁਝ ਫਰਕ ਰੱਖੇਗੀ ਅਤੇ ਦਲਬਦਲੂ ਕਬੂਤਰਾਂ ਨੂੰ ਆਪਣੇ ਪਰਖੇ ਹੋਏ ਟਕਸਾਲੀ ਵਰਕਰਾਂ ਅਤੇ ਆਗੂਆਂ ਦੇ ਸਿਰਾਂ ਉੱਤੇ ਸਵਾਰ ਨਹੀਂ ਹੋਣ ਦੇਵੇਗੀ। ਦਲਬਦਲੂ ਲੀਡਰ ਦਾ ਕੋਈ ਦੀਨ-ਇਮਾਨ ਨਹੀਂ ਹੁੰਦਾ, ਜਿਸ ਨਾਲ ਜੁੜ ਜਾਂਦਾ ਹੈ, ਮੁੜ ਕੇ ਉਸੇ ਦੀ ਵਿਚਾਰਧਾਰਾ ਦਾ ਧੂਤੂ ਬਣ ਕੇ ਬੋਲਣ ਲਗਦਾ ਹੈ, ਪਰ ਟਕਸਾਲੀ ਵਿਅਕਤੀ ਇੱਦਾਂ ਕਰਨ ਜੋਗੇ ਨਾ ਹੋਣ ਕਾਰਨ ਨਤੀਜਾ ਭੁਗਤਦੇ ਹਨ। ਇਹੋ ਅੱਜਕੱਲ੍ਹ ਭਾਜਪਾ ਵਿੱਚ ਹੋ ਰਿਹਾ ਹੈ।
ਭਾਜਪਾ ਦੇ ਕੁਝ ਪੁਰਾਣੇ ਪਰਖੇ ਹੋਏ ਅਤੇ ਖਾਨਦਾਨੀ ਲੀਡਰਾਂ ਨਾਲ ਬੀਤੇ ਦਿਨੀਂ ਸਾਡੀ ਗੱਲ ਹੋਈ ਤਾਂ ਕਈਆਂ ਨੇ ਸਾਫ ਕਿਹਾ ਕਿ ਕਰਨ ਨੂੰ ਰਾਜਨੀਤੀ ਕਰੀ ਜਾਂਦੇ ਹਾਂ, ਹੋਰ ਕੁਝ ਕਰਨ ਜੋਗੇ ਨਹੀਂ, ਪਰ ਨਵੇਂ ਆਇਆਂ ਨੂੰ ਪਾਰਟੀ ਵਿੱਚ ਜਿਹੜੀਆਂ ਪੁਜ਼ੀਸ਼ਨਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨਾਲ ਉਹ ਸਾਥੋਂ ਪੁਰਾਣਿਆਂ ਤੋਂ ਬਦਲੇ ਲੈਂਦੇ ਜਾਪਦੇ ਹਨ। ਜਿਹੜਾ ਕੋਈ ਕੰਮ ਕਰਨਾ ਹੋਵੇ, ਪ੍ਰੋਗਰਾਮ ਉਹ ਆਪਣੀ ਮਰਜ਼ੀ ਨਾਲ ਬਣਾਉਂਦੇ ਹਨ, ਕਦੇ ਸਾਡੇ ਨਾਲ ਗੱਲ ਵੀ ਕਰਨ ਦੀ ਲੋੜ ਨਹੀਂ ਸਮਝਦੇ, ਪਰ ਅਮਲ ਕਰਨ ਵੇਲੇ ਇੱਦਾਂ ਹੁਕਮ ਚਾੜ੍ਹਦੇ ਹਨ, ਜਿਵੇਂ ਉਹ ਸਾਡੇ ਉੱਤੇ ਅਫਸਰ ਹੋਣ ਤੇ ਅਸੀਂ ਉਨ੍ਹਾਂ ਨਾਲ ਲੱਗੇ ਹੋਏ ਹੇਠਲੇ ਦਰਜੇ ਦੇ ਕਰਮਚਾਰੀਆਂ ਵਾਂਗ ਹੋਈਏ। ਅਸੀਂ ਉਨ੍ਹਾਂ ਪੁਰਾਣੇ ਲੀਡਰਾਂ ਨੂੰ ਵਿਚਾਰਧਾਰਕ ਪੱਖ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦਲਬਦਲੂ ਸੱਜਣ ਸਾਡੇ ਤੋਂ ਦੁੱਗਣੀ ਆਵਾਜ਼ ਨਾਲ ਉਸ ਵਿਚਾਰਧਾਰਾ ਦਾ ਪੱਖ ਪੂਰਦੇ ਹਨ, ਜਿਸਦੇ ਖਿਲਾਫ ਉਹ ਕਈ-ਕਈ ਸਾਲ ਬੋਲਦੇ ਆਏ ਸਨ ਤੇ ਪਾਰਟੀ ਸਾਨੂੰ ਉਨ੍ਹਾਂ ਕੋਲੋਂ ਕੁਝ ਸਿੱਖਣ ਲਈ ਕਹਿਣ ਲੱਗ ਪਈ ਹੈ। ਉਸ ਨੇ ਹੱਸ ਕੇ ਕਿਹਾ ਕਿ ਅੱਧੀ-ਅੱਧੀ ਰਾਤ ਤਕ ਕਲੱਬਾਂ ਵਿੱਚ ਬਹਿ ਕੇ ਪੈੱਗ ਲਾਉਣ ਵਾਲੇ ਇਹ ਨਵੇਂ ਆਗੂ ਅੱਜਕੱਲ੍ਹ ਤੜਕੇ ਬਾਕੀ ਸਾਰਿਆਂ ਤੋਂ ਪਹਿਲਾਂ ਸੰਘ ਦੀ ਸ਼ਾਖਾ ਵਿੱਚ ਪਹੁੰਚੇ ਹੁੰਦੇ ਹਨ ਤੇ ਸਾਨੂੰ ਉਨ੍ਹਾਂ ਵਰਗੇ ਬਣਨ ਲਈ ਜਦੋਂ ਕਿਹਾ ਜਾਂਦਾ ਹੈ ਤਾਂ ਦਿਲ ਕਰਨ ਲਗਦਾ ਹੈ ਕਿ ਅੱਗੋਂ ਕਹਿ ਦੇਈਏ ਕਿ ਇਨ੍ਹਾਂ ਵਰਗੇ ਬਣਨ ਲਈ ਤਾਂ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਜਾਣਾ ਪਊਗਾ, ਪਰ ਇੱਦਾਂ ਕਹਿਣ ਨਾਲ ਪੈ ਸਕਦੇ ਅਸਰ ਬਾਰੇ ਸੋਚ ਕੇ ਚੁੱਪ ਰਹੀਦਾ ਹੈ।
ਅਜੇ ਤਕ ਦੀ ਇਹ ਸਾਰੀ ਗੱਲ ਉਨ੍ਹਾਂ ਆਗੂਆਂ ਬਾਰੇ ਪੁਰਾਣੇ ਭਾਜਪਾਈਆਂ ਦੇ ਵਿਚਾਰਾਂ ਦੀ ਸੀ, ਜਿਹੜੇ ਕਾਂਗਰਸ ਜਾਂ ਹੋਰ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਆ ਕੇ ਅੱਡਾ ਜਮਾ ਚੁੱਕੇ ਹਨ। ਨੋਟ ਕਰਨ ਵਾਲੀ ਅਗਲੀ ਗੱਲ ਹੈ ਕਿ ਜਿਹੜੀ ਕਾਂਗਰਸ ਪਾਰਟੀ ਦਾ ਆਗੂ ਰਾਹੁਲ ਗਾਂਧੀ ਨਿੱਤ ਨਵੇਂ ਦਿਨ ਭਾਜਪਾ ਲੀਡਰਸ਼ਿੱਪ ਨਾਲ ਸਿੱਧਾ ਪੇਚਾ ਪਾਈ ਰੱਖਦਾ ਹੈ, ਉਸਦੇ ਪਿੱਛੇ ਖੜ੍ਹੇ ਪਾਰਟੀ ਆਗੂਆਂ ਵਿੱਚੋਂ ਇੱਕ ਪਿੱਛੋਂ ਦੂਜਾ ਕਾਂਗਰਸ ਦੀ ਬੋਲੀ ਭੁਲਾ ਕੇ ਭਾਜਪਾ ਦੀ ਬੋਲੀ ਤੇ ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਕਰਦੇ ਸੁਣੇ ਜਾਣ ਲੱਗ ਪਏ ਹਨ। ਪਿਛਲੇ ਸਮੇਂ ਵਿੱਚ ਇਹੋ ਜਿਹੇ ਸੱਜਣਾਂ ਵਿੱਚੋਂ ਕੁਝ ਨੇ ਸ਼ੁਰੂ ਵਿੱਚ ਇੱਦਾਂ ਦੀਆਂ ਗੱਲਾਂ ਕੀਤੀਆਂ ਅਤੇ ਫਿਰ ਵਿੰਗੇ-ਸਿੱਧੇ ਢੰਗ ਨਾਲ ਭਾਜਪਾ ਨਾਲ ਜਾ ਜੁੜਦੇ ਰਹੇ ਸਨ। ਅੱਜਕੱਲ੍ਹ ਕਾਂਗਰਸ ਦਾ ਬਾਗੀ ਸਮਝਿਆ ਜਾਂਦਾ ਸ਼ਸ਼ੀ ਥਰੂਰ ਵੀ ਅਤੇ ਕਾਂਗਰਸ ਲੀਡਰਸ਼ਿੱਪ ਲਈ ਪੱਕਾ ਭਰੋਸੇਮੰਦ ਸਮਝਿਆ ਜਾਂਦਾ ਸਲਮਾਨ ਖੁਰਸ਼ੀਦ ਵੀ ਭਾਜਪਾ ਦੇ ਕੰਮਾਂ ਦਾ ਜਾਪ ਕਰਦੇ ਦਿਸ ਜਾਂਦੇ ਹਨ। ਮਨਮੋਹਨ ਸਿੰਘ ਸਰਕਾਰ ਦੌਰਾਨ ਜਿਹੜੇ ਕਾਂਗਰਸੀ ਆਗੂਆਂ ਨੇ ਕੇਂਦਰ ਵਾਲੀਆਂ ਵਜ਼ੀਰੀਆਂ ਮਾਣੀਆਂ ਸਨ, ਉਨ੍ਹਾਂ ਵਿੱਚੋਂ ਕਈ ਆਗੂ ਅੱਜਕੱਲ੍ਹ ਭਾਜਪਾ ਵਿੱਚ ਦਾਖਲੇ ਲਈ ਸੰਪਰਕ ਸੂਤਰਾਂ ਦੇ ਦਰਾਂ ਅੱਗੇ ਕਤਾਰਾਂ ਵਿੱਚ ਖੜੋਤੇ ਸੁਣੇ ਜਾਣ ਲੱਗ ਪਏ ਹਨ।
ਪਿਛਲੇ ਦਿਨੀਂ ਇੱਕ ਸਮਾਜੀ ਸਮਾਗਮ ਵਿੱਚ ਇੱਦਾਂ ਦਾ ਇੱਕ ਆਗੂ ਮਿਲ ਗਿਆ, ਜਿਸਦੇ ਪਿਤਾ ਜੀ ਨਾਲ ਨੇੜਤਾ ਰਹੀ ਹੋਣ ਕਾਰਨ ਸਾਨੂੰ ਪਤਾ ਸੀ ਕਿ ਰਾਜੀਵ ਗਾਂਧੀ ਦੀ ਸਰਕਾਰ ਵੇਲੇ ਇਹ ਆਪਣੇ ਬਾਪ ਨੂੰ ਖਿੱਚ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮਨਾਉਣ ਵਿੱਚ ਕਿੱਦਾਂ ਸਫਲ ਹੋਇਆ ਸੀ। ਉਨ੍ਹੀਂ ਦਿਨੀਂ ਇੱਕ ਵਾਰੀ ਅਸੀਂ ਮਿਲੇ ਤਾਂ ਇਸ ਨੇ ਖੁਦ ਕਿਹਾ ਸੀ ਕਿ ਬਾਪੂ ਮੰਨਦਾ ਨਹੀਂ, ਮੈਂ ਉਸ ਨੂੰ ਸਮਝਾਇਆ ਹੈ ਕਿ ਜਿਹੜੀ ਭਾਜਪਾ ਦੀਆਂ ਪਾਰਲੀਮੈਂਟ ਵਿੱਚ ਸਿਰਫ ਦੋ ਸੀਟਾਂ ਆਈਆਂ ਹਨ, ਇਹ ਭਵਿੱਖ ਵਿੱਚ ਉੱਠਣ ਜੋਗੀ ਨਹੀਂ ਜਾਪਦੀ। ਫਿਰ ਜਿਹੜੀ ਕਾਂਗਰਸ ਵਿੱਚ ਉਹ ਆਪਣੇ ਬਾਪ ਨੂੰ ਲੈ ਗਿਆ, ਉਹ ਕਾਂਗਰਸ ਵੀ ਡੁੱਬ ਗਈ ਤਾਂ ਅੱਜਕੱਲ੍ਹ ਉਹ ਫਿਰ ਭਾਜਪਾ ਨਾਲ ਜਾ ਜੁੜਿਆ ਹੈ ਅਤੇ ਬੜੇ ਮਾਣ ਨਾਲ ਕਹਿੰਦਾ ਹੈ ਕਿ ਐਵੇਂ ਚਾਰ ਦਿਹਾੜੇ ਕਾਂਗਰਸ ਦੇ ਨਾਲ ਜਾ ਜੁੜੇ ਸਾਂ, ਉੱਦਾਂ ਅਸੀਂ ਖਾਨਦਾਨੀ ਸੰਘੀ ਟੱਬਰ ਹਾਂ, ਅਸੀਂ ਸੰਘ ਪਰਿਵਾਰ ਤੋਂ ਉਦੋਂ ਵੀ ਵੱਖ ਨਹੀਂ ਸਾਂ ਹੋਏ, ਜਦੋਂ ਕਾਂਗਰਸ ਵਿੱਚ ਹੁੰਦੇ ਸਾਂ। ਉਦੋਂ ਉਹ ਭਾਜਪਾ ਦੇ ਬਾਰੇ ਸਿਰਫ ਦੋ ਸੀਟਾਂ ਵਾਲੀ ਗੱਲ ਕਹਿ ਕੇ ਉਸਦੇ ਦੁਬਾਰਾ ਪੈਰਾਂ ਸਿਰ ਖੜੋਣ ਜੋਗੀ ਨਾ ਹੋਣ ਦੀ ਗੱਲ ਕਹਿੰਦਾ ਸੀ, ਅੱਜਕੱਲ੍ਹ ਰਾਹੁਲ ਗਾਂਧੀ ਦੀ ਅਗਵਾਈ ਨਿਕੰਮੀ ਕਹਿ ਕੇ ਭਾਜਪਾ ਨੂੰ ਭਾਰਤ ਦਾ ਭਵਿੱਖ ਦੱਸਣ ਵਿੱਚ ਮਾਣ ਮਹਿਸੂਸ ਕਰਦਾ ਹੈ।
ਇੱਥੇ ਆਣ ਕੇ ਸੋਚ ਦੀ ਧਾਰਾ ਹੋਰ ਪਾਸੇ ਮੁੜ ਜਾਂਦੀ ਹੈ। ਭਾਰਤੀ ਰਾਜਨੀਤੀ ਦੇ ਕੁਝ ਧਨੰਤਰ ਇਹ ਕਹਿਣ ਵਿੱਚ ਝਿਜਕ ਨਹੀਂ ਰੱਖਦੇ ਕਿ ਜਿੱਦਾਂ ਇਹ ਧਾਰਨਾ ਹੈ ਕਿ ਹਰ ਬਿਮਾਰੀ ਇੱਕ ਖਾਸ ਮੋੜ ਉੱਤੇ ਆਪਣਾ ਇਲਾਜ ਆਪਣੇ ਅੰਦਰ ਪੈਦਾ ਕਰਨ ਲਗਦੀ ਹੈ, ਭਾਜਪਾ ਵੀ ਆਪਣੀਆਂ ਬੁਰਾਈਆਂ ਕਾਰਨ ਉਸ ਪਾਸੇ ਵਧ ਰਹੀ ਹੈ। ਇੱਦਾਂ ਦੇ ਇੱਕ ਸੱਜਣ ਨੇ ਸਾਫ ਕਿਹਾ ਕਿ ਭਾਜਪਾ ਜਿਸ ਪਾਸੇ ਵੱਲ ਦੇਸ਼ ਨੂੰ ਲਿਜਾ ਰਹੀ ਹੈ ਤੇ ਜਿੱਦਾਂ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਉਸ ਪਾਸੇ ਵਧਣਾ ਚਾਹੁੰਦੀ ਹੈ, ਉਸਦੇ ਅੰਦਰਲੀ ਹਾਲਤ ਉਬਾਲੇ ਖਾਂਦੀ ਕਾੜ੍ਹਨੀ ਵਾਂਗ ਹੈ। ਉਸ ਨੇ ਇਹ ਵੀ ਕਹਿ ਦਿੱਤਾ ਕਿ ਜਦੋਂ ਕਾੜ੍ਹਨੀ ਦਾ ਉਬਾਲਾ ਚੱਪਣੀ ਉਲਟ ਸਕਣ ਜੋਗਾ ਹੋਇਆ, ਭਾਜਪਾ ਅੰਦਰਲੇ ਦਲਬਦਲੂਆਂ ਦੀ ਧਾੜ ਨੇ ਸਭ ਤੋਂ ਪਹਿਲਾਂ ਨਕਾਬ ਲਾਹ ਦੇਣੇ ਹਨ ਅਤੇ ਉਸ ਉਬਾਲੇ ਤੋਂ ਬਚਣ ਲਈ ਦੂਸਰਿਆਂ ਨਾਲ ਜਾ ਮਿਲਣਾ ਹੈ। ਮੰਨਣ ਵਾਲੀ ਗੱਲ ਤਾਂ ਸਾਨੂੰ ਇਹ ਨਹੀਂ ਲੱਗੀ, ਪਰ ਦੇਸ਼ ਦੀ ਰਾਜਨੀਤੀ ਦਾ ਇੱਕ ਚਰਚਿਤ ਮਾਹਰ ਗਿਣਿਆ ਜਾਣ ਕਾਰਨ ਜਿਹੜੀ ਧਾਰਨਾ ਭਵਿੱਖ ਬਾਰੇ ਉਸ ਨੇ ਸਾਡੇ ਸਾਹਮਣੇ ਰੱਖੀ, ਉਸ ਨੂੰ ਇੱਕਦਮ ਰੱਦ ਕਰਨਾ ਵੀ ਸਾਨੂੰ ਮੁਸ਼ਕਿਲ ਲਗਦਾ ਸੀ। ਇਸ ਕਾਰਨ ਅਸੀਂ ਬਹੁਤ ਸਾਰੇ ਪੱਖਾਂ ਤੋਂ ਇਸ ਨੂੰ ਘੋਖਣ ਅਤੇ ਕਈ ਹੋਰਨਾਂ ਨਾਲ ਵਿਚਾਰ-ਵਟਾਂਦਰਾ ਕਰਨ ਦੀ ਕੋਸ਼ਿਸ਼ ਕਰ ਕੇ ਵੇਖੀ ਤਾਂ ਕਈ ਸੱਜਣ ਇਸ ਗੱਲੋਂ ਡਰਦੇ ਰਹੇ ਕਿ ਕੰਧਾਂ ਨੂੰ ਵੀ ਕੰਨ ਹੋ ਸਕਦੇ ਹਨ, ਪਰ ਦੱਸੀ ਗਈ ਇਸ ਧਾਰਨਾ ਨੂੰ ਇੱਕਦਮ ਕੱਟਣ ਦੀ ਕੋਈ ਕੋਸ਼ਿਸ਼ ਵੀ ਉਨ੍ਹਾਂ ਨੇ ਨਹੀਂ ਕੀਤੀ। ਸ਼ਾਇਦ ਇਸ ਖਾਮੋਸ਼ੀ ਦਾ ਵੀ ਕੋਈ ਅਰਥ ਨਿਕਲਦਾ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)