“... ਇਹ ਫੈਸਲਾ ਕਲਮ ਨਹੀਂ ਕਰਦੀ ਹੁੰਦੀ, ਕਲਮ ਚੁੱਕਣ ਵਾਲੇ ਨੂੰ ਹੀ ਕਰਨਾ ਪੈਂਦਾ ਹੈ। ਅੱਜ ਦੇ ਕਲਮਾਂ ਵਾਲਿਆਂ ਨੇ ...”
(5 ਜਨਵਰੀ 2024)
ਇਸ ਸਮੇਂ ਪਾਠਕ: 275.
ਕਦੇ-ਕਦੇ ਸਾਡੇ ਕੋਲ ਇੰਨਾ ਕੁਝ ਹੁੰਦਾ ਹੈ ਕਿ ਉਸ ਵਿੱਚੋਂ ਕਿਹੜੀ ਚੀਜ਼ ਪਹਿਲਾਂ ਲਿਖੀ ਜਾਵੇ ਤੇ ਕਿਹੜੀ ਬਾਅਦ ਵਿੱਚ ਲਿਖਣ ਲਈ ਛੱਡ ਦੇਈਏ, ਇਹ ਫੈਸਲਾ ਕਰਨਾ ਔਖਾ ਹੁੰਦਾ ਹੈ ਅਤੇ ਕਦੀ-ਕਦੀ ਕੋਈ ਮੁੱਦਾ ਲਿਖਣ ਜੋਗਾ ਨਹੀਂ ਲੱਭਦਾ। ਇਸ ਵਕਤ ਹਾਲਾਤ ਇਹੋ ਜਿਹੇ ਬਣੀ ਜਾਂਦੇ ਹਨ ਕਿ ਮੁੱਦਿਆਂ ਦੀ ਕਮੀ ਨਹੀਂ, ਲਿਖਣ ਤੋਂ ਹੱਥ ਵੀ ਸਾਡੇ ਕੋਈ ਨਹੀਂ ਫੜ ਰਿਹਾ, ਪਰ ਇੱਦਾਂ ਲੱਗਣ ਲੱਗਾ ਹੈ ਕਿ ਕੁਝ ਲੋਕ ਖੁਦ ਕੁਝ ਕਰ ਵਿਖਾਉਣ ਦੀ ਥਾਂ ਸਾਡੇ ਮੋਢਿਆਂ ਉੱਤੇ ਰੱਖ ਕੇ ਵੀ ਬੰਦੂਕ ਖੁਦ ਨਹੀਂ ਚਲਾਉਣੀ ਚਾਹੁੰਦੇ, ਸਾਨੂੰ ਉਕਸਾ ਕੇ ਸਾਥੋਂ ਚਲਵਾਉਣੀ ਚਾਹੁੰਦੇ ਹਨ। ਭਾਰਤ ਵਿਚਲੇ ਵੀ ਥੋੜ੍ਹੇ ਨਹੀਂ ਤੇ ਵਿਦੇਸ਼ ਵਿਚਲੇ ਕਈ ਸੱਜਣ ਵੀ ਸਾਨੂੰ ਫੋਨ ਕਰਦੇ ਤੇ ਦੋ ਮਿੰਟ ਗੱਲ ਕਰਨ ਦਾ ਕਹਿ ਕੇ ਜਲੰਧਰ ਤੋਂ ਚੰਡੀਗੜ੍ਹ ਪਹੁੰਚਣ ਦੇ ਸਮੇਂ ਜਿੰਨੀ ਲੰਮੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਦੇਸ਼ ਦੇ ਹਾਲਾਤ ਵਿਗੜਦੇ ਜਾਂਦੇ ਹਨ ਤੇ ਤੁਹਾਨੂੰ ਆਹ ਕੁਝ ਕਰਨ ਵਾਸਤੇ ਪਹਿਲ ਕਰਨੀ ਚਾਹੀਦੀ ਹੈ। ਉਹ ਦੇਸ਼ਭਗਤ ਬਾਬਿਆਂ ਦੀ ਸੋਚ ਬਚਾਉਣ ਦੀ ਗੱਲ ਕਰਦੇ ਹਨ, ਪਰ ਜਦੋਂ ਕਿਹਾ ਜਾਵੇ ਕਿ ਬਾਬੇ ਅਮਰੀਕਾ-ਕੈਨੇਡਾ ਵਿੱਚ ਔਖੇ ਹੋ ਕੇ ਬਣਾਏ ਅੱਡੇ ਛੱਡ ਕੇ ਦੇਸ਼ ਬਚਾਉਣ ਲਈ ਭਾਰਤ ਵੱਲ ਚੱਲ ਪਏ ਸਨ, ਉਨ੍ਹਾਂ ਵਾਂਗ ਤੁਸੀਂ ਇੱਥੇ ਆ ਜਾਵੋ, ਆਪਾਂ ਸਾਰੇ ਇੱਥੇ ਮਿਲ ਕੇ ਯਤਨ ਕਰਾਂਗੇ ਤਾਂ ਉਹ ਕੰਨੀਂ ਖਿਸਕਾ ਕੇ ਕਹਿੰਦੇ ਹਨ ਕਿ ਤੁਸੀਂ ਸਾਨੂੰ ‘ਕੰਡਿਆਂ ਤੋਂ ਘੜੀਸਣਾ ਚਾਹੁੰਦੇ’ ਹੋ। ‘ਕੰਡਿਆਂ ਤੋਂ ਘੜੀਸਣ’ ਦੇ ਮੁਹਾਵਰੇ ਦਾ ਚੇਤਾ ਉਨ੍ਹਾਂ ਨੂੰ ਸ਼ਾਇਦ ਫੋਨ ਕਰਨ ਤੋਂ ਪਹਿਲਾਂ ਆ ਗਿਆ ਹੋਵੇ ਅਤੇ ਇਸੇ ਮੁਹਾਵਰੇ ਨੇ ਉਨ੍ਹਾਂ ਨੂੰ ਪ੍ਰੇਰਿਆ ਹੋਵੇ ਕਿ ਇਨ੍ਹਾਂ ਲੋਕਾਂ ਨੂੰ ਉਕਸਾ ਕੇ ‘ਕੰਡਿਆਂ ਤੋਂ ਘੜੀਸਣ’ ਦਾ ਇੱਕ ਹੋਰ ਬਹਾਨਾ ਵਰਤਿਆ ਜਾਵੇ। ਅਮਰੀਕਾ ਤੋਂ ਇੱਕ ਸੱਜਣ ਨੇ ਕਹਿ ਦਿੱਤਾ ਹੈ ਕਿ ਭਾਰਤ ਤੇ ਪੰਜਾਬ ਨੂੰ ‘ਇੱਕ ਹੋਰ ਗ਼ਦਰ ਪਾਰਟੀ ਦੀ ਲੋੜ ਹੈ’, ਪਰ ਉਸਦੇ ਆਪਣੇ ਬਾਰੇ ਜਦੋਂ ਪੁੱਛਿਆ ਤਾਂ ਕਹਿੰਦਾ ਹੈ ਕਿ ਘਰ ਦੀਆਂ ਮਜਬੂਰੀਆਂ ਇੰਨੀਆਂ ਹਨ ਕਿ ਜੇ ਉਹ ਖੁਦ ਭਾਰਤ ਆ ਗਿਆ ਤਾਂ ਬੜੀ ਮਿਹਨਤ ਦੇ ਨਾਲ ਕਾਇਮ ਕੀਤਾ ਸਾਰਾ ਕਾਰੋਬਾਰ ਹਿੱਲ ਜਾਵੇਗਾ। ‘ਸ਼ਾਇਦ’ ਉਹ ਸਾਡੇ ਤੋਂ ਜ਼ਿਆਦਾ ਹਕੀਕਤ ਪਸੰਦ ਹੈ।
ਪਿਛਲੇ ਹਫਤੇ ਉਸ ਦੇ ਤਿੰਨ ਵਾਰੀ ਫੋਨ ਆਏ, ਵਕਤ ਕੱਢ ਕੇ ਸੁਣ ਲਏ, ਪਰ ਗੱਲ ਉਹ ਇੱਥੇ ਨਿਬੇੜਦਾ ਸੀ ਕਿ ਭਾਰਤ ਦਾ ਲੋਕਤੰਤਰ ਇਸ ਲਈ ਨਿਕੰਮਾ ਹੋ ਗਿਆ ਹੈ ਕਿ ਲੋਕ ਹੀ ਕਿਸੇ ਕੰਮ ਦੇ ਨਹੀਂ, ਆਗੂ ਲਿਫਾਫੇਬਾਜ਼ੀ ਕਰਨ ਦਾ ਮਾਹਰ ਹੋਣਾ ਚਾਹੀਦਾ ਹੈ, ਲੋਕ ਜਾਣੇ-ਪਛਾਣੇ ਚੋਰਾਂ ਨੂੰ ਵੀ ਵੋਟਾਂ ਪਾਈ ਜਾਂਦੇ ਹਨ। ਮੈਂ ਐਵੇਂ ਇਹ ਕਹਿ ਦਿੱਤਾ ਕਿ ਅੱਜਕੱਲ੍ਹ ਤੁਹਾਡੇ ਦੇਸ਼ ਵਿੱਚ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ ਜ਼ੋਰ ਲਾ ਰਿਹਾ ਹੈ, ਪਰ ਉਸ ਦੇ ਖਿਲਾਫ ਦੋਸ਼ ਬੜੇ ਲੱਗਦੇ ਪਏ ਹਨ। ਅੱਗੋਂ ਉਸ ਨੇ ਕਿਹਾ ਕਿ ਦੋਸ਼ ਝੂਠੇ ਨਹੀਂ ਲੱਗ ਰਹੇ, ਟਰੰਪ ਹੈ ਹੀ ਬੇਈਮਾਨ। ਮੈਂ ਹੱਸ ਕੇ ਕਿਹਾ ਕਿ ਭਾਰਤ ਦੇ ਲੋਕ ਨਿਕੰਮੇ ਹਨ, ਜਾਣੇ-ਪਛਾਣੇ ਚੋਰਾਂ ਨੂੰ ਵੀ ਵੋਟਾਂ ਪਾਈ ਜਾਂਦੇ ਹਨ, ਪਰ ਅਮਰੀਕੀ ਲੋਕ ਵੀ ਟਰੰਪ ਵਰਗੇ ਬੰਦੇ ਨੂੰ ਜਿਤਾਉਣ ਲਈ ਨੱਚੀ ਜਾਂਦੇ ਹਨ, ਨਿਕੰਮੇ ਤਾਂ ਇਹ ਵੀ ਹਨ। ਉਹਦਾ ਜਵਾਬ ਇਹ ਸੀ ਕਿ ਇਹ ਤੂੰ ਇਸ ਲਈ ਕਹਿੰਦਾ ਹੈਂ ਕਿ ਤੈਨੂੰ ਅਮਰੀਕਾ ਦੇ ਲੋਕਤੰਤਰ ਦੀਆਂ ਰਿਵਾਇਤਾਂ ਦਾ ਪਤਾ ਨਹੀਂ। ਅਮਰੀਕਾ ਦੇ ਲੋਕਤੰਤਰ ਦੀਆਂ ਕਿਹੋ ਜਿਹੀਆਂ ਰਿਵਾਇਤਾਂ ਦੀ ਗੱਲ ਉਹ ਕਰਦਾ ਸੀ, ਮੈਂ ਨਹੀਂ ਜਾਣ ਸਕਿਆ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਇਜ਼ਰਾਈਲ ਵਿੱਚ ਸੌ ਸਕੈਂਡਲੀ ਚਰਚਿਆਂ ਦੇ ਬਾਵਜੂਦ ਜੇ ਲੋਕ ਬੈਂਜਾਮਿਨ ਨੇਤਨਯਾਹੂ ਨੂੰ ਜਿਤਾ ਸਕਦੇ ਹਨ ਤਾਂ ਲੋਕਤੰਤਰ ਹੈ, ਭਾਰਤ ਦੇ ਲੋਕ ਚੋਰਾਂ ਨੂੰ ਜਿਤਾ ਦੇਣ ਤਾਂ ਉਹ ਨਿਕੰਮੇ ਹਨ ਅਤੇ ਇਸ ਦੇਸ਼ ਦਾ ਲੋਕਤੰਤਰ ਵੀ ਨਿਕੰਮਾ ਹੈ।
ਸਾਡੇ ਭਾਰਤੀ ਲੋਕਤੰਤਰ ਨੂੰ ਨਿਕੰਮਾ ਹੋਈ ਜਾਂਦਾ ਕਹਿਣ ਦੀ ਲੋੜ ਨਹੀਂ, ਅਸੀਂ ਇਸ ਨੂੰ ਪਹਿਲਾਂ ਹੀ ਲੀਹੋਂ ਲੱਥਾ ਮੰਨ ਚੁੱਕੇ ਹਾਂ ਤੇ ਬਹੁਤ ਚਿਰ ਤੋਂ ਭਾਰਤ ਵਿੱਚ ਬੈਠੇ ਉਹ ਕੁਝ ਲਿਖ ਰਹੇ ਹਾਂ, ਜਿਸ ਬਾਰੇ ਸਾਨੂੰ ਕਈ ਵਾਰ ਸਮਝਾਉਣੀ ਦਿੱਤੀ ਜਾਂਦੀ ਹੈ ਕਿ ਬਥੇਰਾ ਲਿਖ ਲਿਆ, ਅੱਗੋਂ ਕੁਝ ਘੱਟ ਕਰ ਦਿਉ। ਅਸੀਂ ਲਿਖਣਾ ਨਹੀਂ ਛੱਡ ਸਕਦੇ ਤਾਂ ਇਸ ਪਿੱਛੇ ਕਾਰਨ ਇਹ ਨਹੀਂ ਕਿ ਬੱਚਾ ਮੂਲਾ ਹੱਟੀ ਨਹੀਂ ਬਹੇਗਾ ਤਾਂ ਕੀ ਕਰੇਗਾ, ਸਗੋਂ ਇਹ ਹੈ ਕਿ ਜਿੰਨਾ ਕੁਝ ਭਾਰਤੀ ਲੋਕ ਝੱਲ ਰਹੇ ਹਨ, ਉਹ ਸਾਨੂੰ ਚੁੱਪ ਨਹੀਂ ਰਹਿਣ ਦਿੰਦਾ। ਭਾਰਤ ਦੇਸ਼ ਦੇ ਹਰ ਰਾਜ ਵਿੱਚ ਆਮ ਲੋਕ ਇੱਦਾਂ ਦੇ ਨਰਕ ਵਰਗੇ ਦਿਨ ਕੱਟ ਰਹੇ ਹਨ, ਜਿਨ੍ਹਾਂ ਨੂੰ ਜਿਊਣਾ ਨਹੀਂ ਕਿਹਾ ਜਾ ਸਕਦਾ, ਜੂਨ ਭੁਗਤਣਾ ਕਹੋ ਤਾਂ ਵੱਧ ਠੀਕ ਲੱਗੇਗਾ, ਪਰ ਉਨ੍ਹਾਂ ਦੀਆਂ ਵੋਟਾਂ ਨਾਲ ਜਿੱਤੇ ਲੀਡਰਾਂ ਦੇ ਘਰਾਂ ਦੇ ਜਵਾਕ ਜੰਮਦੇ ਸਾਰ ਹੀ ਕੁਰਸੀਆਂ ਵੱਲ ਝਾਕੀ ਜਾਂਦੇ ਹਨ। ਜਿਨ੍ਹਾਂ ਨੇ ਵੰਸ਼ਵਾਦ ਦੇ ਖਾਤਮੇ ਦੀਆਂ ਟਾਹਰਾਂ ਮਾਰੀਆਂ ਸਨ, ਉਨ੍ਹਾਂ ਨੇ ਆਪਣੀ ਲੋੜ ਲਈ ਵੰਸ਼ਵਾਦ ਦੀ ਇਨਫੈਕਸ਼ਨ ਨਾਲ ਪਰੁੱਚੇ ਬੰਦੇ ਆਪਣੇ ਨਾਲ ਜੋੜ ਕੇ ਰਾਜ ਦਾ ਸੁਖ ਮਾਣਨ ਵਿੱਚ ਕਦੇ ਝਿਜਕ ਨਹੀਂ ਵਿਖਾਈ। ਜਿਨ੍ਹਾਂ ਨੇ ਇਹ ਕਿਹਾ ਸੀ ਕਿ ‘ਮੇਰੇ ਕੋਈ ਆਗੇ ਨਾ ਪੀਛੇ, ਨਾ ਮੈਂ ਖਾਊਂਗਾ, ਨਾ ਖਾਨੇ ਦੂੰਗਾ’ ਉਹ ਹਰ ਵੱਡੇ ਚੋਰ ਨੂੰ ਖਾਣ ਦਾ ਖੁੱਲ੍ਹਾ ਮੌਕਾ ਬਖਸ਼ ਦੇਣ ਨੂੰ ਤਿਆਰ ਹਨ, ਸ਼ਰਤ ਸਿਰਫ ਇੱਕੋ ਹੈ ਕਿ ਉਹ ਨਵੇਂ ਯੁਗ ਵਿੱਚ ਨਵੇਂ ਉੱਭਰੇ ‘ਰਾਜ-ਰਿਸ਼ੀ’ ਦਾ ਸਵੇਰੇ-ਸ਼ਾਮ ਰਟਨ ਕਰਨ ਨੂੰ ਤਿਆਰ ਹੋਵੇ। ਉਹ ਕਿਸੇ ਗੱਲ ਬਾਰੇ ਕਿੰਤੂ ਕਰਨ ਦਾ ਕੀੜਾ ਆਪਣੇ ਸਿਰ ਤੋਂ ਕੱਢ ਦੇਵੇ ਤੇ ਅੰਗਰੇਜ਼ੀ ਦੇ ਮੁਹਾਵਰੇ ਵਾਂਗ ਅਜੋਕੇ ਸੰਸਾਰ ਦਾ ਸੁਨਹਿਰਾ ਅਸੂਲ ‘ਬਾਸ ਇਜ਼ ਆਲਵੇਜ਼ ਰਾਈਟ’ ਨੂੰ ਸੰਸਾਰ ਦੀ ਚਾਲਕ-ਸ਼ਕਤੀ ਦੇ ਰੂਪ ਵਿੱਚ ਸਵੀਕਾਰ ਕਰਨ ਦੀ ‘ਜੁਰਅਤ’ ਅਖਵਾਉਂਦੀ ਕਾਇਰਤਾ ਕਰ ਸਕਦਾ ਹੋਵੇ। ਬਹੁਤ ਬਹਾਦਰ ਭਾਰਤ ਦੇ ਲੋਕਾਂ ਨੇ ਇਤਿਹਾਸ ਨੂੰ ਮੋੜੇ ਵੀ ਬਹੁਤ ਸਾਰੇ ਦਿੱਤੇ ਹੋਏ ਹਨ ਅਤੇ ਇਸ ਦੇਸ਼ ਦੇ ਅੰਦਰੋਂ ਹੀ ਹਰ ਹਾਕਮ ਦੀ ਖਿਦਮਤ ਲਈ ਹਰ ਬੇਸ਼ਰਮੀ ਕਰਨ ਨੂੰ ਤਿਆਰ ਰਹਿਣ ਦੀਆਂ ਮਿਸਾਲਾਂ ਵੀ ਇਤਿਹਾਸ ਦੇ ਵਰਕਿਆਂ ਵਿੱਚੋਂ ਲੱਭਣੀਆਂ ਔਖੀਆਂ ਨਹੀਂ।
ਪੰਜਾਬੀ ਦੀ ਕਹਾਵਤ ਹੈ ਕਿ ‘ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ।’ ਇਹ ਕਹਾਵਤ ਅੱਧੀ ਸੱਚ ਹੈ। ਕੋਕੋ ਦੇ ਬੱਚੇ ਕੋਕੋ ਵਰਗੇ ਹੁੰਦੇ ਨਹੀਂ, ਉਹ ਆਪੇ ਬਣਾ ਲੈਂਦੀ ਹੈ। ਅਸੀਂ ਪੰਜਾਬ ਵਿੱਚ ਇਹ ਵੇਖਿਆ ਸੀ ਕਿ ਕੋਈ ਮੁੱਖ ਮੰਤਰੀ ਖੁਦ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਕਿ ਮੈਂ ਬਿਜਲੀ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਕਿਸੇ ਨੇ ਕੁੰਡੀਆਂ ਲਾਈਆਂ ਨੇ ਤਾਂ ਉਸ ਦਾ ਚਲਾਣ ਕਰਨ ਦੀ ਲੋੜ ਨਹੀਂ, ਪਾਸਾ ਵੱਟ ਕੇ ਲੰਘ ਜਾਇਆ ਕਰੋ। ਉਸ ਦੀ ਇਸ ਗੱਲ ਉੱਤੇ ਲੋਕਾਂ ਨੇ ਸਮੁੱਚੇ ਜ਼ੋਰ ਨਾਲ ਤਾੜੀਆਂ ਮਾਰੀਆਂ ਸਨ ਕਿ ਉਨ੍ਹਾਂ ਨੂੰ ਛੋਟ ਮਿਲੀ ਹੈ, ਉਹ ਨਹੀਂ ਸੀ ਜਾਣਦੇ ਕਿ ਉਹ ਲੋਕਾਂ ਨੂੰ ਵਲਾਵੇਂ ਵਿੱਚ ਲੈ ਕੇ ਰਾਹ ਕੱਢਦਾ ਪਿਆ ਹੈ ਕਿ ‘ਚੋਰੀ ਲੱਖ ਦੀ ਵੀ ਹੁੰਦੀ ਹੈ ਅਤੇ ਕੱਖ ਦੀ ਵੀ’, ਜਿੰਨੀ ਕਰਨ ਜੋਗੇ ਹੋ, ਤੁਸੀਂ ਕਰਦੇ ਰਹੋ ਅਤੇ ਮੈਂ ਨਹੀਂ ਰੋਕਦਾ ਤੇ ਮੇਰੀ ਟੀਮ ਜੋ ਮਰਜ਼ੀ ਕਰੀ ਜਾਵੇ, ਤੁਸੀਂ ਕਿਸੇ ਦੀਆਂ ਗੱਲਾਂ ਵਿੱਚ ਨਾ ਆਇਉ। ਇੱਡੀ ਸੌਖੀ ਜਿਹੀ ਚਾਲ ਨਾਲ ‘ਕੋਕੋ’ ਵਾਂਗ ਉਸ ਨੇ ਆਪਣੇ ਰਾਜ ਦੀ ਪਰਜਾ ਨੂੰ ਬੱਚਿਆਂ ਵਾਂਗ ਆਪਣੇ ਵਰਗੇ ਕਰ ਲਿਆ ਸੀ। ਭਾਰਤ ਦਾ ਪ੍ਰਧਾਨ ਮੰਤਰੀ ਉਸ ਤੋਂ ਜ਼ਿਆਦਾ ਚੁਸਤ ਹੋਣਾ ਚਾਹੀਦਾ ਹੈ, ਤਾਂ ਕਿ ‘ਸਾਮ-ਦਾਮ-ਦੰਡ-ਭੇਦ’ ਵਰਤਣ ਦੇ ਬਾਅਦ ਵੀ ਕੋਈ ਉਸ ਦੇ ਬਾਰੇ ਕੁਝ ਕਹਿਣ ਤੋਂ ਪਹਿਲਾਂ ਸੌ ਵਾਰੀ ਸੋਚਿਆ ਕਰੇ। ਸਿਰਕਰਦਾ ਚੋਰਾਂ ਨੂੰ ਪਹਿਲਾਂ ਡਾਂਟਣਾ ਅਤੇ ਫਿਰ ਉਨ੍ਹਾਂ ਵਿੱਚੋਂ ਕੰਮ ਦੇ ਬੰਦੇ ਛਾਂਟਣਾ ਅਤੇ ਆਪਣੇ ਵਿਹੜੇ ਦੇ ਗਮਲਿਆਂ ਵਿੱਚ ਬੂਟਿਆਂ ਵਾਂਗ ਲਿਆ ਸਜਾਉਣਾ ਉਸ ਨੇਤਾ ਨੂੰ ਆਉਂਦਾ ਹੋਣਾ ਚਾਹੀਦਾ ਹੈ। ਜਿਸ ਨੂੰ ਇਹ ਨਾ ਆਉਂਦਾ ਹੋਵੇ, ਉਹ ਡਾਕਟਰ ਮਨਮੋਹਨ ਸਿੰਘ ਵਾਂਗ ਦੂਸਰਿਆਂ ਦੀ ਮੁਥਾਜੀ ਕਰਨ ਤਕ ਵੀ ਸੀਮਤ ਹੋ ਜਾਂਦਾ ਹੈ ਤੇ ਉਨ੍ਹਾਂ ਸਾਰੇ ਦੂਸਰਿਆਂ ਦੇ ਗੁਨਾਹਾਂ ਦਾ ਭਾਰ ਵੀ ਉਸੇ ਨੂੰ ਇੱਦਾਂ ਚੁੱਕਣਾ ਪੈਂਦਾ ਹੈ, ਬੇਸ਼ਕ ਉਸ ਤੋਂ ਚੁੱਕਿਆ ਨਾ ਜਾਂਦਾ ਹੋਵੇ, ਪਰ ਚੁੱਕਣ ਤੋਂ ਨਾਂਹ ਕਰਨ ਜੋਗੀ ਹਿੰਮਤ ਉਸ ਕੋਲ ਨਹੀਂ ਰਹਿ ਜਾਂਦੀ।
ਇਸ ਵੇਲੇ ਨੇਤਾ ਇੰਨਾ ਸਿਆਣਾ ਹੈ ਕਿ ਉਸ ਨੇ ਖੁਦ ਕਦੇ ਕੁਝ ਖਾਧਾ ਹੋਵੇ, ਇਸਦੀ ਸਪਸ਼ਟ ਮਿਸਾਲ ਕਦੇ ਵੀ ਕਿਤੋਂ ਨਹੀਂ ਸੁਣੀ ਗਈ, ਪਰ ਉਸ ਨਾਲ ਜੁੜੇ ਲੋਕਾਂ ਨੇ ਕਿਸੇ ਪਾਸੇ ਕਸਰ ਨਹੀਂ ਰਹਿਣ ਦਿੱਤੀ। ਫਿਰ ਵੀ ਭਾਰਤ ਦੇ ਲੋਕਾਂ ਦਾ ਵੱਡਾ ਹਿੱਸਾ ਉਸ ਨੇਤਾ ਦੇ ਚੁਫੇਰੇ ਜੁੜੀ ਜੁੰਡੀ ਦੇ ਸਾਰੇ ਐਬਾਂ ਤੋਂ ਅੱਖਾਂ ਮੀਟੀ ਰੱਖਦਾ ਹੈ। ਕਾਰਨ ਬਹੁਤ ਸਾਫ ਹੈ ਕਿ ਉਸ ਨੇ ਭਾਰਤ ਦੇ ਲੋਕਾਂ ਨੂੰ ਰਾਜ, ਰਾਜੇ ਤੇ ਦੇਸ਼ ਦਾ ਇੱਕ ਨਵਾਂ ਸਬਕ ਪੜ੍ਹਾਉਣਾ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿੱਚ ਇਸ ਦੇਸ਼ ਦੀ ਅਗਵਾਈ ਕਰਨ ਵਾਲਾ ਸਿਰਫ ਰਾਜਾ ਨਹੀਂ, ਪੁਰਾਤਨ ਸਮੇਂ ਦੇ ਕੁਝ ਚਰਚਿਤ ਰਾਜਿਆਂ ਵਾਂਗ ਰਾਜਾ ਅਤੇ ਰਿਸ਼ੀ, ਦੋ ਰੂਪਾਂ ਦਾ ਸੁਮੇਲ ਹੋਣਾ ਚਾਹੀਦਾ ਹੈ। ਪੁਰਾਤਨ ਯੁੱਗਾਂ ਤੋਂ ਸੰਸਕ੍ਰਿਤ ਤੇ ਫਿਰ ਹਿੰਦੀ ਵਿੱਚ ਰਾਜੇ ਨੂੰ ਰਾਜਾ ਕਹਿਣ ਦੀ ਥਾਂ ਉਸ ਲਈ ‘ਨਰੇਸ਼’ ਦਾ ਸ਼ਬਦ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਭਾਵ ‘ਰਾਜੇ ਦੇ ਰੂਪ ਵਿੱਚ ਈਸ਼ਵਰ’ ਹੁੰਦਾ ਸੀ। ਅੱਜਕੱਲ੍ਹ ਉਹ ਸ਼ਬਦ ਭਾਵੇਂ ਨਹੀਂ ਵਰਤਿਆ ਜਾਂਦਾ, ਅਮਲ ਵਿੱਚ ਉਹ ਹੀ ਹੋ ਰਿਹਾ ਹੈ। ਧਰਮ ਅਸਥਾਨਾਂ ਦੇ ਨੀਂਹ ਪੱਥਰ ਰੱਖਣੇ ਜਾਂ ਉਨ੍ਹਾਂ ਦੇ ਉਦਘਾਟਨ ਤੇ ਪ੍ਰਾਣ ਪ੍ਰਤਿਸ਼ਠਾ ਕਰਨੀ ਹੈ ਤਾਂ ਰਾਜ ਦੇ ਰੂਪ ਵਿੱਚ ਈਸ਼ਵਰੀ ਸੰਕਲਪ ਵਰਗਾ ਨੇਤਾ ਹਰ ਥਾਂ ਮੌਜੂਦ ਹੋਣਾ ਚਾਹੀਦਾ ਹੈ। ਜਦੋਂ ਦੇਸ਼ ਦੀ ਪੌਣੀ ਆਬਾਦੀ ਨੂੰ ਇਹ ਪੱਟੀ ਪੜ੍ਹਾ ਦਿੱਤੀ ਜਾਵੇ ਤਾਂ ਉਸ ਵਿੱਚੋਂ ਜੇ ਅੱਧੇ ਵੀ ਉਸ ਦੇ ਅਸਰ ਹੇਠ ਵੋਟਾਂ ਵਾਲੇ ਬੂਥਾਂ ਤਕ ਚਲੇ ਗਏ, ਫਿਰ ‘ਨਰੇਸ਼’ ਵਾਲੀ ਹਸਤੀ ਹਾਸਲ ਕਰ ਚੁੱਕੇ ਨੇਤਾ ਲਈ ਅਗਲੇ ਪੰਜ ਸਾਲ ਭਾਰਤ ਦੀ ਵਾਗ ਸੰਭਾਲਣ ਦਾ ਪਟਾ ਲਿਖਵਾ ਲੈਣ ਦੀ ਸੰਭਾਵਨਾ ਬਣ ਜਾਂਦੀ ਹੈ।
ਨਤੀਜਾ ਇਹ ਹੈ ਕਿ ਸਰਕਾਰ ਅਤੇ ਪਿਛਲੀ ਹਰ ਕਿਸਮ ਦੀ ਸਰਕਾਰ ਦੇ ਖਿਲਾਫ ਬੇਲਿਹਾਜ਼ ਹੋ ਕੇ ਲਿਖਣ ਵਾਲੇ ਲੋਕਾਂ ਦੀ ਗਿਣਤੀ ਇਸ ਵੇਲੇ ਘਟਦੀ ਜਾਂਦੀ ਹੈ ਅਤੇ ਵਲਾਵਾਂ ਪਾ ਕੇ ਸਰਕਾਰ ਦੇ ਹਰ ਕਦਮ ਦੀ ਹਿਮਾਇਤ ਲਈ ਅੰਕੜੇ ਲੱਭਣ ਲਈ ਅੱਧੀ-ਅੱਧੀ ਰਾਤ ਤਕ ਕੰਪਿਊਟਰ ਨਾਲ ਮੱਥਾ ਮਾਰਨ ਦਾ ਰੁਝਾਨ ਵਧੀ ਜਾਂਦਾ ਹੈ। ਜਿਹੜੇ ਨੌਜਵਾਨ ਨੇ ਵੀਹ ਕੁ ਸਾਲ ਪਹਿਲਾਂ ਪੱਤਰਕਾਰੀ ਸ਼ੁਰੂ ਕਰਨ ਵੇਲੇ ਰਾਜਧਾਨੀ ਦਿੱਲੀ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਇੱਕ ਕੁੜੀ ਦੇ ਖਿਲਾਫ ਇਹ ਰਿਪੋਰਟ ਪੇਸ਼ ਕਰ ਕੇ ਹੰਗਾਮਾ ਮਚਾ ਦਿੱਤਾ ਸੀ ਕਿ ਉੱਥੇ ਆਉਂਦੀਆਂ ਬੱਚੀਆਂ ਤੋਂ ੳਹ ਗਲਤ ਧੰਦਾ ਕਰਾਉਂਦੀ ਹੈ, ਬਾਅਦ ਵਿੱਚ ਸਾਰੀ ਰਿਪੋਰਟ ਗਲਤ ਸਾਬਤ ਹੋਈ ਸੀ, ਉਹ ਅੱਜ ਦੇ ਯੁਗ ਦਾ ਸਿਰਮੌਰ ਪੱਤਰਕਾਰ ਹੈ। ਉਸ ਵਰਗੇ ਪੰਜ-ਦਸ ਪੱਤਰਕਾਰ ਨਹੀਂ, ਸੈਂਕੜਿਆਂ ਦੀ ਗਿਣਤੀ ਵਿੱਚ ਹਨ ਅਤੇ ਹਰ ਕੋਈ ਮੌਕੇ ਦੇ ਮਾਲਕਾਂ ਦਾ ਗੁਣਗਾਨ ਕਰਨ ਦੇ ਲਈ ਹੋਰਨਾਂ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ। ਜਦੋਂ ਇੱਦਾਂ ਦੇ ਲੋਕ ਇਸ ਕੰਮ ਲੱਗੇ ਹੋਣ, ਉਦੋਂ ਭਾਰਤ ਵਿੱਚ ਸਦੀਆਂ ਤੋਂ ਪ੍ਰਚਲਿਤ ਰਿਵਾਇਤਾਂ ਜਾਂ ਰਹੁ-ਰੀਤਾਂ ਦੇ ਸਤਿਕਾਰ ਦਾ ਯੁਗ ਖਤਮ ਹੋਇਆ ਮੰਨ ਲੈਣਾ ਚਾਹੀਦਾ ਹੈ। ਭਾਰਤ ਦੀ ਤਕਦੀਰ ਅਗਲੀਆਂ ਲੋਕ ਸਭਾ ਚੋਣਾਂ ਕਿਸ ਤਰ੍ਹਾਂ ਦੀ ਲਿਖ ਦੇਣਗੀਆਂ, ਜਾਂ ਕੀ ਦਿਸਦਾ ਹੈ ਕਿ ਕਿੱਦਾਂ ਦੀ ਲਿਖਣ ਲਈ ਤਿਆਰ ਹੋ ਸਕਦੀਆਂ ਹਨ, ਇਸ ਬਾਰੇ ਕਈ ਪੱਖਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ। ਕਮਾਲ ਦੀ ਗੱਲ ਹੈ ਕਿ ਬਹੁਤ ਸਾਰੇ ਸਿਰ ਇਹੋ ਜਿਹੀ ਗੱਲ ਸੋਚਣ ਦੇ ਬਾਵਜੂਦ ਖੁੱਲ੍ਹ ਕੇ ਕਹਿਣ ਨੂੰ ਤਿਆਰ ਨਹੀਂ ਹੁੰਦੇ। ਕਾਰਨ ਵੀ ਇਸਦਾ ਸਭ ਨੂੰ ਪਤਾ ਹੈ।
ਇਹੋ ਜਿਹੇ ਹਾਲਾਤ ਵਿੱਚ ਅਸੀਂ ਇਹ ਨਹੀਂ ਸੋਚ ਸਕਦੇ ਕਿ ਬਾਹਰ ਬੈਠ ਕੇ ਸਿਰਫ ਉਕਸਾਉਣ ਦਾ ਕੰਮ ਕਰਨ ਵਾਲੇ ਕੀ ਕਹਿੰਦੇ ਹਨ, ਉਸ ਦੀ ਥਾਂ ਇਹ ਸੋਚਣ ਦੀ ਲੋੜ ਸਮਝਦੇ ਹਾਂ ਕਿ ਇੱਦਾਂ ਦੇ ਹਾਲਾਤ ਵਿੱਚ ਕੀ ਕੀਤਾ ਤੇ ਕੀ ਨਹੀਂ ਕੀਤਾ ਜਾ ਸਕਦਾ! ਜਦੋਂ ਵੀ ਕੋਈ ਗੱਲ ਕੀਤੀ ਜਾਵੇ, ਉਸ ਦਾ ਅਸਰ ਉੱਥੋਂ ਤਕ ਸੀਮਤ ਨਹੀਂ ਹੁੰਦਾ। ਛੱਪੜ ਵਿੱਚ ਖੜੋਤੇ ਪਾਣੀ ਵਿੱਚ ਠੀਕਰੀ ਮਾਰੀ ਜਾਵੇ ਤਾਂ ਉਸ ਨਾਲ ਇੱਕ ਛੱਲ ਉੱਠਦੀ ਅਤੇ ਚਾਰ-ਚੁਫੇਰੇ ਗੋਲਾਈ ਵਿੱਚ ਫੈਲਦੀ ਹੈ ਤੇ ਉਹ ਜਿਉਂ-ਜਿਉਂ ਉਸ ਕੇਂਦਰ ਤੋਂ ਦੂਰ ਜਾਂਦੀ ਹੈ, ਘਟਦੀ ਬੇਸ਼ਕ ਜਾਂਦੀ ਹੈ, ਘਟਦੀ-ਘਟਦੀ ਭਾਵੇਂ ਮਾਮੂਲੀ ਵੀ ਰਹਿ ਜਾਵੇ, ਛੱਪੜ ਦੇ ਧੁਰ ਸਿਰੇ ਤੀਕਰ ਵੀ ਪਹੁੰਚਦੀ ਹੈ। ਸਾਹਿਰ ਲੁਧਿਆਣਵੀ ਨੇ ਕਿਹਾ ਸੀ: ‘ਕਭੀ ਖੁਦ ਪੇ ਕਭੀ ਹਾਲਾਤ ਪੇ ਰੋਨਾ ਆਇਆ, ਬਾਤ ਨਿਕਲੀ ਤੋ ਹਰ ਏਕ ਬਾਤ ਪੇ ਰੋਨਾ ਆਇਆ।’ ਹਾਲਾਤ ਇੱਦਾਂ ਦੇ ਹਨ ਕਿ ਅੱਜ ਹਰ ਗੱਲ ਉੱਤੇ ਰੋਣ ਆ ਸਕਦਾ ਹੈ ਅਤੇ ਇਹੋ ਜਿਹੇ ਮੋੜ ਉੱਤੇ ਫਿਰ ਦੋ ਹੀ ਰਾਹ ਹੋ ਸਕਦੇ ਹਨ। ਇੱਕ ਤਾਂ ਇਹ ਕਿ ਕਲਮ ਨੂੰ ਸਮਝਾ ਦਿੱਤਾ ਜਾਵੇ ਕਿ ਤੇਰਾ ਸਮਾਂ ਨਹੀਂ ਰਿਹਾ, ਤੂੰ ਆਰਾਮ ਨਾਲ ਨੁੱਕਰੇ ਲੱਗ ਕੇ ਨੀਂਦ ਪੂਰੀ ਕਰਨਾ ਸਿੱਖ ਲੈ। ਇਸ ਤੋਂ ਉਲਟ ਦੂਜੀ ਗੱਲ ਜਾਵੇਦ ਅਖਤਰ ਕਹਿੰਦਾ ਹੈ ਕਿ ‘ਜੋ ਬਾਤ ਕਹਤੇ ਡਰਤੇ ਹੈਂ ਸਬ, ਤੂ ਵੋ ਬਾਤ ਲਿਖ। ਇੰਨੀ ਅੰਧੇਰੀ ਥੀ ਨਾ ਕਭੀ ਪਹਿਲੇ, ਰਾਤ ਲਿਖ।’ ਲਿਖਣਾ ਹੈ ਕਿ ਨਹੀਂ, ਇਹ ਫੈਸਲਾ ਕਲਮ ਨਹੀਂ ਕਰਦੀ ਹੁੰਦੀ, ਕਲਮ ਚੁੱਕਣ ਵਾਲੇ ਨੂੰ ਹੀ ਕਰਨਾ ਪੈਂਦਾ ਹੈ। ਅੱਜ ਦੇ ਕਲਮਾਂ ਵਾਲਿਆਂ ਨੇ ਇਸ ਮੌਕੇ ਕੀ ਕਰਨਾ ਹੈ, ਇਹ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4777)
(ਸਰੋਕਾਰ ਨਾਲ ਸੰਪਰਕ ਲਈ: (