“ਆਮ ਆਦਮੀ ਪਾਰਟੀ ਦਾ ਇਹ ਦਾਅਵਾ ਵੀ ਹੱਕੀ ਜਾਪਦਾ ਹੈ ਕਿ ਉਸ ਨੇ ਪਿਛਲੇ ਸਮੇਂ ਵਿੱਚ ...”
(15 ਮਈ 2023)
ਇਸ ਸਮੇਂ ਪਾਠਕ: 312.
ਇਹ ਸਤਰਾਂ ਲਿਖਣ ਤਕ ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ਦਾ ਨਤੀਜਾ ਆ ਚੁੱਕਾ ਹੈ। ਪੰਜਾਬ ਦੀ ਸਰਕਾਰ ਦੀ ਅਗਵਾਈ ਕਰਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਹ ਸੀਟ ਵੱਡੇ ਫਰਕ ਨਾਲ ਜਿੱਤਣ ਵਿੱਚ ਸਫਲ ਹੋਇਆ ਹੈ। ਕਾਂਗਰਸ ਪਾਰਟੀ ਦੇ ਚੌਧਰੀ ਸੰਤੋਖ ਸਿੰਘ ਪਿਛਲੀ ਪਾਰਲੀਮੈਂਟ ਚੋਣ ਦੌਰਾਨ ਇਸ ਹਲਕੇ ਤੋਂ ਜਿੱਤੇ ਸਨ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਕਾਂਗਰਸ ਪਾਰਟੀ ਦੇ ਕੌਮੀ ਲੀਡਰ ਰਾਹੁਲ ਗਾਂਧੀ ਜਦੋਂ ਸਾਰੇ ਦੇਸ਼ ਵਿੱਚ ਯਾਤਰਾ ਕਰਦੇ ਹੋਏ ਇੱਥੇ ਆਏ ਸਨ ਤਾਂ ਉਨ੍ਹਾਂ ਨਾਲ ਤੁਰੇ ਜਾਂਦੇ ਚੌਧਰੀ ਸੰਤੋਖ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਕਾਂਗਰਸ ਪਾਰਟੀ ਨੇ ਆਪਣੇ ਆਗੂ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਕਾਰਨ ਖਾਲੀ ਹੋਈ ਸੀਟ ਉੱਤੇ ਉਸ ਦੀ ਪਤਨੀ ਬੀਬੀ ਕਰਮਜੀਤ ਕੌਰ ਨੂੰ ਇਹ ਸੋਚ ਕੇ ਖੜ੍ਹਾ ਕੀਤਾ ਸੀ ਕਿ ਹਮਦਰਦੀ ਦੀ ਵੋਟ ਵੀ ਮਿਲੇਗੀ ਤੇ ਉਸ ਦੇ ਬਹਾਨੇ ਪੰਜਾਬ ਦੀ ਸਾਰੀ ਲੀਡਰਸ਼ਿੱਪ ਇਕੱਠੀ ਹੋ ਕੇ ਵੀ ਚੱਲ ਪਵੇਗੀ। ਬਾਅਦ ਵਿੱਚ ਇਹ ਗੱਲ ਵੇਖੀ ਗਈ ਕਿ ਪਾਰਟੀ ਦੀ ਪੰਜਾਬ ਦੀ ਲੀਡਰਸ਼ਿੱਪ ਕਾਗਜ਼ ਦਾਖਲ ਕਰਾਉਣ ਤਕ ਹੀ ਇਕੱਠੀ ਰਹੀ ਤੇ ਉਸ ਦੇ ਬਾਅਦ ਸਾਰਿਆਂ ਦੇ ਰਾਹ ਵੀ ਅੱਡੋ-ਅੱਡ ਅਤੇ ਬੋਲੀ ਵੀ ਹਰ ਕੋਈ ਆਪਣੀ ਵੱਖਰੀ ਬੋਲਦਾ ਸੁਣਦਾ ਸੀ। ਇਸਦਾ ਨਤੀਜਾ ਇਹ ਨਿਕਲਿਆ ਕਿ ਬਹੁਤ ਜ਼ੋਰਦਾਰ ਚੋਣ ਮੁਹਿੰਮ ਚਲਾਉਣ ਦੇ ਬਾਵਜੂਦ ਕਾਂਗਰਸ ਆਪਣੀ ਰਿਵਾਇਤੀ ਸੀਟ ਗੁਆ ਬੈਠੀ ਹੈ। ਉਂਜ ਇਸ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਨੇ ਵੀ ਆਪਣੀ ਪੰਜਾਬ ਦੀ ਲੀਡਰਸ਼ਿੱਪ ਅਤੇ ਜਲੰਧਰ ਦੀ ਉਮੀਦਵਾਰ ਬੀਬੀ ਕਰਮਜੀਤ ਕੌਰ ਦਾ ਸਾਥ ਓਦਾਂ ਨਹੀਂ ਦਿੱਤਾ, ਜਿੱਦਾਂ ਦੇਣਾ ਚਾਹੀਦਾ ਸੀ ਤੇ ਹੋਰ ਤਾਂ ਹੋਰ, ਕੇਂਦਰ ਤੋਂ ਕੋਈ ਪ੍ਰਮੁੱਖ ਲੀਡਰ ਵੀ ਜਲੰਧਰ ਵਿੱਚ ਚੋਣ ਪ੍ਰਚਾਰ ਕਰਨ ਲਈ ਨਹੀਂ ਸੀ ਆਇਆ, ਪੰਜਾਬ ਵਾਲੇ ਹੀ ਤੁਰੇ ਫਿਰਦੇ ਦਿਸਦੇ ਸਨ।
ਦੂਸਰੇ ਪਾਸੇ ਅਕਾਲੀ ਦਲ ਦਾ ਗੱਠਜੋੜ ਬਹੁਜਨ ਸਮਾਜ ਪਾਰਟੀ ਨਾਲ ਸੀ ਤੇ ਦਾਅਵੇ ਭਾਵੇਂ ਉਹ ਇਸ ਸੀਟ ਨੂੰ ਜਿੱਤਣ ਦੇ ਕਰਦੇ ਸਨ, ਅਮਲ ਵਿੱਚ ਉਹ ਬੁਰੀ ਤਰ੍ਹਾਂ ਪਛੜ ਗਏ। ਉਮੀਦਵਾਰ ਉਨ੍ਹਾਂ ਨੇ ਬੰਗਾ ਹਲਕੇ ਦਾ ਵਿਧਾਇਕ ਤੇ ਨਵਾਂ ਸ਼ਹਿਰ ਇਲਾਕੇ ਵਿੱਚ ਜਾਣਿਆ-ਪਛਾਣਿਆ ਤੇ ਸੁਥਰੇ ਅਕਸ ਵਾਲਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਲਿਆ ਕੇ ਪੇਸ਼ ਕੀਤਾ ਸੀ। ਉਹ ਬੰਗਾ ਹਲਕੇ ਵਿੱਚੋਂ ਉਦੋਂ ਵੀ ਅਕਾਲੀ ਦਲ ਵੱਲੋਂ ਵਿਧਾਇਕ ਚੁਣਿਆ ਗਿਆ ਸੀ ਤੇ ਸਾਰੇ ਦੋਆਬੇ ਵਿੱਚੋਂ ਇਕੱਲਾ ਅਕਾਲੀ ਵਿਧਾਇਕ ਬਣਿਆ ਸੀ, ਜਦੋਂ ਸਾਰੇ ਪੰਜਾਬ ਵਿੱਚ ਇਸ ਪਾਰਟੀ ਦੀ ਇੰਨੀ ਬੁਰੀ ਹਾਲਤ ਸੀ ਕਿ ਇੱਕ ਸੌ ਸਤਾਰਾਂ ਵਿੱਚੋਂ ਮਸਾਂ ਤਿੰਨ ਸੀਟਾਂ ਜਿੱਤ ਸਕੀ ਸੀ। ਅਕਾਲੀ ਦਲ ਨੂੰ ਇਸ ਸਮੇਂ ਦੌਰਾਨ ਇੱਕ ਸੱਟ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਕਾਰਨ ਵੀ ਪਈ। ਉਸ ਕਾਰਨ ਕਈ ਦਿਨ ਪਾਰਟੀ ਲੀਡਰਸ਼ਿੱਪ ਚੋਣ ਪ੍ਰਚਾਰ ਵਿੱਚੋਂ ਲਾਂਭੇ ਰਹਿਣ ਨੂੰ ਮਜਬੂਰ ਹੋਈ ਤੇ ਉਹੀ ਪੰਜ-ਛੇ ਦਿਨ ਬਾਕੀ ਪਾਰਟੀਆਂ ਚੋਖਾ ਕੰਮ ਕਰਨ ਨਾਲ ਇਸ ਤੋਂ ਅੱਗੇ ਲੰਘ ਗਈਆਂ ਹੋਣਗੀਆਂ। ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ ਵਿੱਚ ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਵਕਤ ਵੇਖੀ ਗਈ ਬੇ-ਦਿਲੀ ਵੀ ਹਾਲੇ ਤਕ ਦੂਰ ਨਹੀਂ ਹੋ ਸਕੀ, ਉਹ ਬੇਅਦਬੀ ਅਤੇ ਹੋਰ ਮੁੱਦਿਆਂ ਕਾਰਨ ਆਮ ਲੋਕਾਂ ਕੋਲ ਜਾਣ ਵਿੱਚ ਝਿਜਕ ਮਹਿਸੂਸ ਕਰਦੇ ਰਹੇ ਤੇ ਪਤਾ ਨਹੀਂ ਹੋਰ ਕਦੋਂ ਤਕ ਮਹਿਸੂਸ ਕਰਦੇ ਰਹਿਣਗੇ। ਇਨ੍ਹਾਂ ਗੱਲਾਂ ਦਾ ਇਸ ਪਾਰਟੀ ਦੀ ਹਾਰ ਅਤੇ ਬਹੁਤ ਹੀ ਘੱਟ ਵੋਟ ਮਿਲਣ ਪਿੱਛੇ ਵੱਡਾ ਕਾਰਨ ਜਾਪਦਾ ਹੈ।
ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਕੇਂਦਰੀ ਲੀਡਰਸ਼ਿੱਪ ਨੇ ਸਾਰਾ ਤਾਣ ਇਸ ਗੱਲ ਲਈ ਲਾਇਆ ਸੀ ਕਿ ਸੀਟ ਜਿੱਤਣ ਦੀ ਸੰਭਾਵਨਾ ਤਾਂ ਬਣਦੀ ਨਹੀਂ ਲਗਦੀ, ਅਕਾਲੀ ਪਾਰਟੀ ਤੋਂ ਆਪਣੀਆਂ ਵੋਟਾਂ ਵਧਾ ਕੇ ਇਹ ਸਾਬਤ ਕੀਤਾ ਜਾਵੇ ਕਿ ਉਹ ਪੰਜਾਬ ਵਿੱਚ ਅਕਾਲੀ ਦਲ ਤੋਂ ਵੱਡੇ ਆਧਾਰ ਵਾਲੇ ਹਨ। ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰ ਦੋਵਾਂ ਪਾਰਟੀਆਂ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਵਾਸਤੇ ਇਹ ਗੱਲ ਭਾਜਪਾ ਲਈ ਜ਼ਰੂਰੀ ਸੀ ਕਿ ਜਿਵੇਂ ਸੰਗਰੂਰ ਚੋਣ ਦੌਰਾਨ ਉਸਦੀਆਂ ਅਕਾਲੀਆਂ ਤੋਂ ਵੱਧ ਵੋਟਾਂ ਨਿਕਲੀਆਂ ਸਨ, ਇੱਥੇ ਜਲੰਧਰ ਵਿੱਚ ਵੀ ਹੋਣ, ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ ਅਤੇ ਅਕਾਲੀਆਂ ਦੀਆਂ ਵੋਟਾਂ ਕੁਝ ਵਧ ਗਈਆਂ ਹਨ। ਫਿਰ ਵੀ ਹਰ ਕੋਈ ਜਾਣਦਾ ਹੈ ਕਿ ਇਹ ਵੋਟਾਂ ਇਕੱਲੇ ਅਕਾਲੀ ਦਲ ਦੀਆਂ ਨਾ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਸਿਰੜੀ ਸਮਰਥਕਾਂ ਦੀਆਂ ਵੋਟਾਂ ਸਮੇਤ ਹਨ ਤੇ ਬਸਪਾ ਦੀਆਂ ਵੋਟਾਂ ਅਕਾਲੀਆਂ ਤੋਂ ਵੱਧ ਹੋ ਸਕਦੀਆਂ ਹਨ। ਇੱਕ ਤਰ੍ਹਾਂ ਇਸ ਚੋਣ ਵਿੱਚ ਅਕਾਲੀ ਦਲ ਦੀ ਲੀਡਰਸ਼ਿੱਪ ਲਈ ਬਹੁਜਨ ਸਮਾਜ ਪਾਰਟੀ ਦਾ ਸਾਥ ਇਨ੍ਹਾਂ ਦੀ ਇੱਜ਼ਤ ਬਚਾਉਣ ਵਾਲਾ ਸਾਬਤ ਹੋਇਆ ਹੈ, ਵਰਨਾ ਹੋਰ ਵੋਟਾਂ ਘਟਣ ਨਾਲ ਭਾਜਪਾ ਤਾਂ ਭਾਰੂ ਹੋਣੀ ਹੀ ਸੀ, ਪੰਜਾਬੀਆਂ ਦੀ ਖੇਤਰੀ ਪਾਰਟੀ ਹੋਣ ਦਾ ਦਾਅਵਾ ਵੀ ਹੋਰ ਕਮਜ਼ੋਰ ਹੋ ਜਾਣਾ ਸੀ।
ਰਹਿ ਗਈ ਗੱਲ ਆਮ ਆਦਮੀ ਪਾਰਟੀ ਦੀ, ਉਸ ਦੀ ਇਹ ਅਪੀਲ ਆਮ ਲੋਕਾਂ ਉੱਤੇ ਚੋਖਾ ਅਸਰ ਕਰਨ ਵਾਲੀ ਸੀ ਕਿ ਬਾਕੀ ਪਾਰਟੀਆਂ ਨੂੰ ਪਿਛਲੇ ਸੱਤਰ ਸਾਲਾਂ ਤੋਂ ਮੌਕਾ ਦਿੱਤਾ ਜਾਂਦਾ ਰਿਹਾ ਹੈ, ਸਾਡੀ ਪਾਰਟੀ ਨੂੰ ਅਗਲੀ ਲੋਕ ਸਭਾ ਚੋਣ ਤਕ ਦਾ ਬਾਕੀ ਰਹਿੰਦਾ ਇੱਕ ਸਾਲ ਦੇ ਕੇ ਪਰਖ ਲਿਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਉਸ ਨੇ ਪੰਜ ਸਾਲ ਲੋਕ ਸਭਾ ਵਿੱਚ ਲੋਕਾਂ ਦੇ ਮੁੱਦੇ ਚੁੱਕੇ ਤਾਂ ਸੰਗਰੂਰ ਵਾਲਿਆਂ ਨੇ ਫਿਰ ਉਸੇ ਨੂੰ ਚੁਣ ਲਿਆ ਸੀ ਤੇ ਜਲੰਧਰ ਤੋਂ ਉਨ੍ਹਾਂ ਦਾ ਉਮੀਦਵਾਰ ਚੁਣਿਆ ਗਿਆ ਤਾਂ ਉਹ ਵੀ ਪਾਰਟੀ ਲੀਡਰਸ਼ਿੱਪ ਦੀ ਅਗਵਾਈ ਹੇਠ ਇਹ ਸਾਬਤ ਕਰੇਗਾ ਕਿ ਲੋਕਾਂ ਦੀ ਅਸਲੀ ਪ੍ਰਤੀਨਿਧਤਾ ਇਸ ਤਰ੍ਹਾਂ ਕੀਤੀ ਜਾਂਦੀ ਹੈ। ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਾਂਗਰਸ ਤੋਂ ਦਲਬਦਲੀ ਕਰ ਕੇ ਆਉਣ ਦਾ ਮੁੱਦਾ ਚੋਖਾ ਚੁੱਕਿਆ, ਪਰ ਲੋਕਾਂ ਨੇ ਇਸ ਨੂੰ ਇਸ ਕਰ ਕੇ ਨਹੀਂ ਗੌਲਿਆ ਕਿ ਬਾਕੀ ਪਾਰਟੀਆਂ ਵਿੱਚੋਂ ਵੀ ਕਈ ਆਗੂ ਕਈ-ਕਈ ਵਾਰੀ ਇਹੋ ਕੁਝ ਕਰ ਚੁੱਕੇ ਹਨ ਅਤੇ ਇਹ ਖੇਡ ਆਮ ਆਦਮੀ ਪਾਰਟੀ ਨੇ ਨਹੀਂ ਸੀ ਸ਼ੁਰੂ ਕੀਤੀ, ਪਹਿਲਾਂ ਤੋਂ ਚੱਲਦੀ ਆਈ ਸੀ। ਜਿਸ ਪੰਜਾਬ ਰਾਜ ਵਿੱਚ ਮੁੱਖ ਮੰਤਰੀ ਵੀ ਦਲਬਦਲੀਆਂ ਕਰਦੇ ਫਿਰਦੇ ਹੋਣ, ਉੱਥੇ ਲੋਕ ਸਭਾ ਚੋਣ ਲਈ ਖੜ੍ਹੇ ਉਮੀਦਵਾਰ ਦੀ ਚਰਚਾ ਨਹੀਂ ਸੀ ਚੱਲਣੀ।
ਆਮ ਆਦਮੀ ਪਾਰਟੀ ਦਾ ਇਹ ਦਾਅਵਾ ਵੀ ਹੱਕੀ ਜਾਪਦਾ ਹੈ ਕਿ ਉਸ ਨੇ ਪਿਛਲੇ ਸਮੇਂ ਵਿੱਚ ਆਮ ਲੋਕਾਂ ਲਈ ਸਹੂਲਤਾਂ ਦੇਣ ਦਾ ਉਪਰਾਲਾ ਚੋਖਾ ਕੀਤਾ ਸੀ। ਜਦੋਂ ਉਸ ਨੇ ਹਰ ਕਿਸੇ ਘਰ ਲਈ ਬਿਜਲੀ ਮੁਫਤ ਕਰਨ ਵਾਲਾ ਐਲਾਨ ਕੀਤਾ ਤਾਂ ਦੋ ਗੱਲਾਂ ਉਸ ਦੇ ਖਿਲਾਫ ਕਹੀਆਂ ਜਾ ਰਹੀਆਂ ਸਨ। ਇੱਕ ਤਾਂ ਇਹ ਕਿ ਮੁਫਤ ਬਿਜਲੀ ਦਾ ਇੱਡਾ ਬੋਝ ਪੰਜਾਬ ਦੀ ਬਿਜਲੀ ਕਾਰਪੋਰੇਸ਼ਨ ਤੋਂ ਚੁੱਕਿਆ ਨਹੀਂ ਜਾਣਾ ਤੇ ਪੰਜਾਬ ਸਰਕਾਰ ਹੋਰ ਕਰਜ਼ੇ ਹੇਠ ਆ ਜਾਵੇਗੀ ਅਤੇ ਦੂਸਰਾ ਇਹ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਮੁਫਤ ਰਿਉੜੀਆਂ ਵੰਡਣ ਦਾ ਚਸਕਾ ਲਾ ਰਹੀ ਹੈ। ਮੁਫਤ ਰਿਉੜੀਆਂ ਵੰਡਣ ਵਾਲਾ ਕੰਮ ਬਹੁਤ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਟੀ ਰਾਮਾ ਰਾਓ ਨੇ ਸ਼ੁਰੂ ਕੀਤਾ ਅਤੇ ਫਿਰ ਸਭ ਪਾਰਟੀਆਂ ਹੀ ਇਹ ਕੰਮ ਕਰਦੀਆਂ ਰਹੀਆਂ ਸਨ ਤੇ ਇਹ ਵੀ ਸਾਰੇ ਲੋਕ ਜਾਣਦੇ ਸਨ। ਬਿਜਲੀ ਸਬਸਿਡੀ ਨਾਲ ਪੈਂਦੇ ਬੋਝ ਬਾਰੇ ਇਹ ਪਾਰਟੀ ਸਾਫ ਕਹਿੰਦੀ ਸੀ ਕਿ ਚੋਰ-ਮਘੋਰੇ ਬੰਦ ਕਰਵਾ ਕੇ ਇਹ ਖਰਚਾ ਵੀ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਮੁਫਤ ਦਿੱਤੀ ਬਿਜਲੀ ਵਾਲੇ ਵੀਹ ਹਜ਼ਾਰ ਕਰੋੜ ਰੁਪਏ ਆਪਣੇ ਵਾਅਦੇ ਮੁਤਾਬਕ ਪਾਵਰ ਕਾਰਪੋਰੇਸ਼ਨ ਦੇ ਖਾਤੇ ਵਿੱਚ ਪਾ ਦਿੱਤੇ ਤੇ ਪਿਛਲੀ ਸਰਕਾਰ ਵੇਲੇ ਦੇ ਮੁਫਤ ਬਿਜਲੀ ਦੇ ਕਰਜ਼ੇ ਵਾਲੇ ਨੌਂ ਹਜ਼ਾਰ ਕਰੋੜ ਵਿੱਚੋਂ ਵੀ ਇਸ ਨੇ ਅਠਾਰਾਂ ਸੌ ਕਰੋੜ ਰੁਪਏ ਭੁਗਤਾਨ ਅਤੇ ਸਾਢੇ ਛੇ ਸੌ ਕਰੋੜ ਤੋਂ ਵੱਧ ਦਾ ਬਿਆਜ ਵੀ ਭਰ ਦਿੱਤਾ। ਇਸ ਨਾਲ ਪੰਜਾਬ ਦੇ ਲੋਕਾਂ ਕੋਲ ਇਹ ਗੱਲ ਚਲੀ ਗਈ ਕਿ ਇਹ ਸਰਕਾਰ ਖਜ਼ਾਨੇ ਦੀ ਦੁਰਵਰਤੋਂ ਰੋਕ ਕੇ ਅਸਲ ਕੰਮਾਂ ਲਈ ਖਰਚਣ ਦੇ ਨਾਲ ਠੀਕ ਸੇਧ ਵਿੱਚ ਚੱਲ ਰਹੀ ਹੈ, ਜਿਸ ਕਾਰਨ ਸਰਕਾਰ ਤੇ ਪਾਰਟੀ ਦਾ ਅਕਸ ਨਿੱਖਰਿਆ ਹੈ। ਨਤੀਜਾ ਇਸਦਾ ਇਹ ਹੈ ਕਿ ਜਦੋਂ ਪਿਛਲੇ ਸਾਲ ਪੂਰੇ ਪੰਜਾਬ ਵਿੱਚ ਇਸ ਪਾਰਟੀ ਦੀ ਲਹਿਰ ਸੀ, ਉਦੋਂ ਇਸ ਜ਼ਿਲ੍ਹੇ ਵਿੱਚ ਲੋਕ ਸਭਾ ਸੀਟ ਹੇਠਲੀਆਂ ਨੌਂ ਵਿਧਾਨ ਸਭਾ ਸੀਟਾਂ ਵਿੱਚੋਂ ਮਸਾਂ ਚਾਰ ਜਿੱਤ ਸਕੀ ਸੀ, ਪਰ ਇਸ ਵਾਰ ਉਹ ਕਾਂਗਰਸ ਪਾਰਟੀ ਦਾ ਰਿਵਾਇਤੀ ਗੜ੍ਹ ਗਿਣੇ ਜਾਂਦੇ ਇਸ ਇਲਾਕੇ ਵਿੱਚੋਂ ਪਾਰਲੀਮੈਂਟ ਸੀਟ ਵੀ ਜਿੱਤ ਕੇ ਹਿੱਕ ਠੋਕਣ ਦੇ ਲਾਇਕ ਸਾਬਤ ਹੋ ਗਈ ਹੈ।
ਫਿਰ ਵੀ ਇਹ ਸਾਰੇ ਪ੍ਰਭਾਵ ਅੱਜ ਆਏ ਇਸ ਸੀਟ ਦੇ ਚੋਣ ਨਤੀਜੇ ਬਾਰੇ ਮੁਢਲੇ ਹੀ ਹਨ, ਇਸ ਸੀਟ ਅਤੇ ਇਸ ਰਾਜ ਦੀ ਸਿਆਸਤ ਬਾਰੇ ਅਸਲੀ ਅਤੇ ਸਾਰਾ ਲੇਖਾ-ਜੋਖਾ ਕੁਝ ਸਮਾਂ ਬਾਅਦ ਵੀ ਕੀਤਾ ਜਾ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3971)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)