JatinderPannu7ਪੰਜਾਬ ਵਿਧਾਨ ਸਭਾ ਵਿੱਚ ਇਸ ਵਾਰੀ ਜੋ ਕੁਝ ਹੋਇਆ ਹੈ, ਉਹ ਬੇਅਸੂਲੀ ਹੁੱਲੜ੍ਹਬਾਜ਼ੀ ...
(8 ਮਾਰਚ 2021)
(ਸ਼ਬਦ: 1350)


ਸ਼ਿਵ ਬਟਾਲਵੀ ਨੇ ਪਤਾ ਨਹੀਂ ਕਿਸ ਰੰਗ ਵਿੱਚ ਲਿਖਿਆ ਹੋਵੇ
, ‘ਮੈਂ ਮਸੀਹਾ ਵੇਖਿਆ, ਬੀਮਾਰ ਤੇਰੇ ਸ਼ਹਿਰ ਦਾਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ।’ ਮੈਂਨੂੰ ਇਹ ਸਤਰਾਂ ਉਦੋਂ ਸੁੱਝੀਆਂ, ਜਦੋਂ ਇੱਕ ਸੱਜਣ ਨੇ ਇਹ ਗੱਲ ਪੁੱਛ ਲਈ ਕਿ ਅੱਜ ਦੇ ਭਾਰਤ ਦੇਸ਼ ਦਾ ਲੋਕਤੰਤਰ ਸਹੀ ਅਰਥਾਂ ਵਿੱਚ ਲੋਕਤੰਤਰ ਵਜੋਂ ਤੋਲਣਾ ਹੋਵੇ ਤਾਂ ਤੁਸੀਂ ਇਸ ਨੂੰ ਕਿਸ ਪੱਧਰ ਦਾ ਕਹਿ ਸਕਦੇ ਹੋ! ਇਹ ਸਵਾਲ ਡਾਢਾ ਔਖਾ ਸੀਮੈਂ ਜਿਉਂ-ਜਿਉਂ ਭਾਰਤ ਦੀ ਪਾਰਲੀਮੈਂਟ ਅਤੇ ਰਾਜਾਂ ਦੇ ਵਿਧਾਨ ਮੰਡਲਾਂ ਵੱਲ ਨਜ਼ਰ ਮਾਰੀ ਜਾਵਾਂ, ਉਨ੍ਹਾਂ ਵਿੱਚ ਲੋਕਤੰਤਰੀ ਰਿਵਾਇਤਾਂ ਲੱਭਣੀਆਂ ਔਖੀਆਂ ਹੋਈ ਜਾਣ ਅਤੇ ਉਨ੍ਹਾਂ ਦੀ ਥਾਂ ਇਹ ਪ੍ਰਭਾਵ ਬਣਦਾ ਜਾਵੇ ਕਿ ਜਿਹੜੇ ਹਾਲਾਤ ਵਿੱਚ ਇਹ ਲੋਕਤੰਤਰ ਪਹੁੰਚ ਗਿਆ ਹੈ, ਇਹ ਭਾਰਤ ਵਿੱਚ ਕਿੰਨਾ ਕੁ ਚਿਰ ਟਿਕਿਆ ਰਹੇਗਾ ਅਤੇ ਅਰਾਜਕਤਾ ਇਸ ਨੂੰ ਖੂੰਜੇ ਲਾਉਣ ਵਿੱਚ ਕਿੰਨੇ ਕੁ ਸਾਲ ਹੋਰ ਲਾਵੇਗੀ! ਮਨ ਵਿੱਚ ਪਿਛਲੇ ਅੱਧੀ ਸਦੀ ਦੇ ਦ੍ਰਿਸ਼ਟਾਂਤ ਸੁਖਾਵੇਂ ਮੁੱਢ ਤੋਂ ਚੱਲੀ ਅਤੇ ਦੁਖਾਂਤਕ ਦੌਰ ਵਿੱਚ ਮੁੱਕਣ ਵਾਲੀ ਫਿਲਮ ਬਣਦੇ ਗਏ

ਪੰਜਤਾਲੀ ਕੁ ਸਾਲ ਪਹਿਲਾਂ ਜਦੋਂ ਅਸੀਂ ਅਖਬਾਰਾਂ ਪੜ੍ਹਨ ਅਤੇ ਰਾਜਨੀਤੀ ਨੂੰ ਸਮਝਣ ਜੋਗੇ ਹੋਏ ਤਾਂ ਵਿਧਾਨ ਸਭਾ ਹੋਵੇ ਜਾਂ ਪਾਰਲੀਮੈਂਟ, ਲੋਕ ਉਨ੍ਹਾਂ ਦੇ ਅਜਲਾਸਾਂ ਵਿੱਚ ਹੁੰਦੀਆਂ ਬਹਿਸਾਂ ਪੜ੍ਹ ਕੇ ਵੱਖੋ-ਵੱਖ ਲੀਡਰਾਂ ਦੇ ਭਾਸ਼ਣਾਂ ਦੀ ਚਰਚਾ ਕਰਦੇ ਹੁੰਦੇ ਸਨ ਉਦੋਂ ਪੰਜਾਬ ਦੀ ਸਰਕਾਰ ਦੇ ਮੁਖੀ ਗਿਆਨੀ ਜ਼ੈਲ ਸਿੰਘ ਹੁੰਦੇ ਸਨ ਅਤੇ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਦੇ ਆਪਣੇ ਪਿੰਡ ਦੇ ਅਕਾਲੀ ਵਿਧਾਇਕ ਜਸਵਿੰਦਰ ਸਿੰਘ ਬਰਾੜ ਸਨਦੋਵੇਂ ਆਪਣੀ-ਆਪਣੀ ਰਾਜਨੀਤੀ ਦੇ ਪੱਕੇ ਸਨ, ਪਰ ਇੱਕ ਸਦਾਚਾਰ ਦਾ ਰਿਸ਼ਤਾ ਆਪਸ ਵਿੱਚ ਲਗਾਤਾਰ ਨਿਭਾਉਂਦੇ ਹੁੰਦੇ ਸਨਫਿਰ ਅਸੀਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਬਲਰਾਮ ਜਾਖੜ ਹੁਰਾਂ ਦੇ ਆਪੋਜ਼ੀਸ਼ਨ ਲੀਡਰੀ ਦੇ ਦਿਨ ਵੇਖੇ, ਜਿਨ੍ਹਾਂ ਵਿੱਚ ਹਰ ਮੁੱਦੇ ਉੱਤੇ ਭਖਵੀਂ ਬਹਿਸ ਦੇ ਬਾਵਜੂਦ ਸ਼ਬਦਾਂ ਤੇ ਸੰਬੰਧਾਂ ਦੀ ਮਹਿਮਾ ਕਾਇਮ ਰੱਖੀ ਜਾਂਦੀ ਸੀਅਸੈਂਬਲੀ ਵਿੱਚ ਕਾਮਰੇਡ ਸਤਪਾਲ ਡਾਂਗ, ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਅਤੇ ਸਮਾਜਵਾਦੀ ਪਾਰਟੀ ਤੋਂ ਚੱਲ ਕੇ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤਕ ਪਹੁੰਚਣ ਵਾਲੇ ਕ੍ਰਿਪਾਲ ਸਿੰਘ ਅਤੇ ਹੋਰਨਾਂ ਵਿਚਾਲੇ ਹਰ ਮੁੱਦੇ ਉੱਤੇ ਠੋਸ ਦਲੀਲਾਂ ਵਾਲੀ ਬਹਿਸ ਹੁੰਦੀ ਵੀ ਵੇਖੀ ਸੀਜਦੋਂ ਦੇਸ਼ ਦੀ ਪਾਰਲੀਮੈਂਟ ਦੀ ਗੱਲ ਆਉਂਦੀ ਹੈ ਤਾਂ ਉੱਥੇ ਵੀ ਦਲੀਲਾਂ ਦੇ ਧਨੀ ਮੈਂਬਰ ਬਹਿਸਾਂ ਕਰਿਆ ਕਰਦੇ ਸਨ

ਫਿਰ ਨਵਾਂ ਮਾਹੌਲ ਬਣਨ ਲੱਗ ਪਿਆਇੱਕ ਮੌਕੇ ਤਾਮਿਲ ਨਾਡੂ ਦੀ ਵਿਧਾਨ ਸਭਾ ਵਿੱਚ ਬਹਿਸ ਤੋਂ ਗੱਲ ਝਗੜੇ ਤਕ ਜਾ ਪਹੁੰਚੀ ਤੇ ਹੱਥੋ-ਪਾਈ ਵਿੱਚ ਜੈਲਲਿਤਾ ਦੀ ਸਾੜ੍ਹੀ ਦਾ ਇੱਕ ਕੋਨਾ ਪਾਟ ਜਾਣ ਤੋਂ ਬਾਅਦ ਉਸ ਨੇ ਬਾਹਰ ਆ ਕੇ ਕਿਹਾ ਸੀ: ‘ਹਾਊਸ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾਉਣ ਦਾ ਯਤਨ ਕੀਤਾ ਗਿਆ ਹੈ।’ ਮੱਧ ਪ੍ਰਦੇਸ਼ ਵਿੱਚ ਇੱਕ ਵਿਧਾਇਕ ਨੇ ਇੱਕ ਵਾਰੀ ਆਪਣੀ ਧੋਤੀ ਖੋਲ੍ਹਣ ਦੀ ਧਮਕੀ ਦਿੱਤੀ ਤਾਂ ਦੂਸਰੇ ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਰੋਕਿਆ ਸੀਇਸ ਧਮੱਚੜ ਨੂੰ ਸ਼ੁਰੂ ਵਿੱਚ ਰੋਕਿਆ ਜਾਂਦਾ ਤਾਂ ਮਿਆਰ ਕਾਇਮ ਰਹਿ ਜਾਂਦੇ, ਪਰ ਰੱਖੇ ਨਹੀਂ ਸਨ ਗਏਅੱਜ ਪਾਰਲੀਮੈਂਟ ਤੋਂ ਵਿਧਾਨ ਸਭਾਵਾਂ ਤਕ ਹਰ ਥਾਂ ਹਰ ਗੱਲ ਉੱਤੇ ਇੰਨਾ ਧਮੱਚੜ ਪੈਂਦਾ ਹੈ ਕਿ ਕੰਮ ਦੀ ਗੱਲ ਦੀ ਆਸ ਹੀ ਨਹੀਂ ਰੱਖੀ ਜਾ ਸਕਦੀ ਤੇ ਇੱਕ ਦੂਸਰੇ ਦੀ ਇੱਜ਼ਤ ਉਛਾਲਣਾ ਆਮ ਗੱਲ ਬਣ ਗਈ ਹੈ ਉਦੋਂ ਸਪੀਕਰ ਆਮ ਕਰ ਕੇ ਹੁੱਲੜ੍ਹਬਾਜ਼ੀ ਤੋਂ ਪ੍ਰਹੇਜ਼ ਕਰਨ ਲਈ ਕਹਿੰਦੇ ਅਤੇ ਖੁਦ ਵੀ ਬੰਧੇਜ ਵਿੱਚ ਰਹਿੰਦੇ ਹੁੰਦੇ ਸਨ, ਅੱਜਕੱਲ੍ਹ ਸਪੀਕਰਾਂ ਦਾ ਵੀ ਉਹ ਮਿਆਰ ਨਹੀਂ ਰਿਹਾ

ਪੰਜਾਬ ਵਿਧਾਨ ਸਭਾ ਵਿੱਚ ਇਸ ਵਾਰੀ ਜੋ ਕੁਝ ਹੋਇਆ ਹੈ, ਉਹ ਬੇਅਸੂਲੀ ਹੁੱਲੜ੍ਹਬਾਜ਼ੀ ਦੀਆਂ ਹੱਦਾਂ ਟੱਪ ਜਾਣ ਵਾਲਾ ਹੈਵਿਰੋਧੀ ਧਿਰ ਹੁੱਲੜ੍ਹਬਾਜ਼ੀ ਕਰੇ ਤਾਂ ਹਾਕਮ ਧਿਰ ਨੂੰ ਹਾਊਸ ਚੱਲਦਾ ਰੱਖਣ ਵਾਸਤੇ ਯਤਨ ਕਰਨੇ ਪਿਆ ਕਰਦੇ ਹਨ, ਪਰ ਇਸ ਵਾਰੀ ਉੱਥੇ ਹਾਕਮ ਧਿਰ ਦੇ ਵਿਧਾਇਕ ਵੀ ਹੱਦਾਂ ਟੱਪਦੇ ਵੇਖੇ ਗਏਮੈਂ ਕਿਸੇ ਪਾਰਟੀ ਦੇ ਕਿਸੇ ਆਗੂ ਦਾ ਨਾਂਅ ਨਹੀਂ ਲੈ ਰਿਹਾ, ਕਿਉਂਕਿ ਜਿਵੇਂ ਸਿਫਤ ਕਰਦੇ ਸਮੇਂ ਕਿਸੇ ਦਾ ਨਾਂਅ ਰਹਿ ਜਾਾਣ ਨਾਲ ਉਸ ਦੇ ਰੁੱਸਣ ਦਾ ਡਰ ਹੁੰਦਾ ਹੈ, ਉੱਦਾਂ ਹੀ ਇਨ੍ਹਾਂ ਦੇ ਵਿਹਾਰ ਦੀ ਨਿੰਦਾ ਕਰਦਿਆਂ ਕਿਸੇ ਦਾ ਨਾਂਅ ਲੈਣ ਤੋਂ ਰਹਿ ਗਿਆ ਤਾਂ ਉਸ ਨਾਲ ਕਿਸੇ ਤਰ੍ਹਾਂ ਦਾ ਲਿਹਾਜ ਕੀਤਾ ਜਾਪਣ ਲੱਗੇਗਾਇੱਕ ਮਸਲਾ ਇਹੋ ਜਿਹਾ ਹੈ, ਜਿਸ ਵਿੱਚ ਸਿਰਫ ਇੱਕ ਵਿਧਾਇਕ ਜਦੋਂ ਬੋਲਣ ਲੱਗਾ ਤਾਂ ਬਾਕੀ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਉਹ ਉੱਧੜਧੁੰਮੀ ਚੁੱਕੀ ਕਿ ਉਸ ਨੂੰ ਬੋਲਣ ਦੀ ਥਾਂ ਬਾਹਰ ਚਲੇ ਜਾਣਾ ਵੱਧ ਚੰਗਾ ਲੱਗਾਬਾਕੀ ਧਿਰਾਂ ਵਾਲੇ ਇਸ ਤੋਂ ਖੁਸ਼ ਹੋਣਗੇ, ਪਰ ਅਸਲ ਵਿੱਚ ਇਹ ਬੇਵਕੂਫੀ ਦਾ ਕੰਮ ਸੀ, ਜਿਹੜਾ ਨਾ ਕੀਤਾ ਜਾਂਦਾ ਤਾਂ ਚੰਗਾ ਹੋਣਾ ਸੀਉਹ ਵਿਧਾਇਕ ਭਾਜਪਾ ਦਾ ਸੀਚਾਰ ਸਾਲ ਪਹਿਲਾਂ ਦੀ ਚੋਣ ਦੌਰਾਨ ਭਾਜਪਾ ਦੇ ਤਿੰਨ ਜਣੇ ਜਿੱਤੇ ਸਨ, ਫਿਰ ਉਪ ਚੋਣ ਵਿੱਚ ਇੱਕ ਸੀਟ ਭਾਜਪਾ ਦੀ ਘਟ ਗਈ ਤੇ ਬਾਕੀ ਦੋਂਹ ਵਿੱਚੋਂ ਇੱਕੋ ਜਣਾ ਹਾਊਸ ਵਿੱਚ ਉਸ ਦਿਨ ਗਿਆ ਸੀਜੇ ਉਹ ਚਾਰ ਮਿੰਟ ਬੋਲ ਕੇ ਆਪਣੀ ਗੱਲ ਕਹਿ ਲੈਂਦਾ ਤਾਂ ਇੱਕ ਸੌ ਸਤਾਰਾਂ ਦੀ ਵਿਧਾਨ ਸਭਾ ਵਿੱਚੋਂ ਭਾਜਪਾ ਦੇ ਦੋ ਮੈਂਬਰਾਂ ਅਤੇ ਸਪੀਕਰ ਨੂੰ ਛੱਡ ਕੇ ਬਾਕੀ ਇੱਕ ਸੌ ਚੌਦਾਂ ਜਣੇ ਭਾਜਪਾ ਦੇ ਇਸ ਵਿਧਾਇਕ ਦੀ ਗੱਲ ਦੀ ਕਾਟ ਕਰ ਸਕਦੇ ਸਨਉਸ ਵਿਰੁੱਧ ਇਤਰਾਜ਼ ਇਹ ਹੋਇਆ ਕਿ ਉਸ ਦੀ ਪਾਰਟੀ ਕਿਸਾਨ ਸੰਘਰਸ਼ ਦਾ ਵਿਰੋਧ ਕਰਨ ਵਾਲੀ ਧਿਰ ਹੈਇਹ ਗੱਲ ਸੰਵਿਧਾਨ ਵਿੱਚ ਕਿਤੇ ਨਹੀਂ ਲਿਖੀ ਕਿ ਵਿਚਾਰ ਵੱਖ ਹੋਣ ਤਾਂ ਉਸ ਨੂੰ ਹਾਊਸ ਵਿੱਚ ਬੋਲਣ ਦਾ ਹੱਕ ਨਹੀਂ ਹੋਵੇਗਾਅੱਜ ਇੱਥੇ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਦੇ ਮੈਂਬਰਾਂ ਨੇ ਉਸ ਭਾਜਪਾ ਵਾਲੇ ਨੂੰ ਬੋਲਣ ਨਹੀਂ ਦਿੱਤਾ, ਜੇ ਕੱਲ੍ਹ ਨੂੰ ਲੋਕ ਸਭਾ ਦੇ ਪੰਜ ਸੌ ਤਿਰਤਾਲੀਆਂ ਵਿੱਚ ਪੰਜਾਬ ਦੇ ਤੇਰਾਂ ਵਿੱਚੋਂ ਭਾਜਪਾ ਦੇ ਦੋ ਕੱਢ ਕੇ ਬਾਕੀ ਗਿਆਰਾਂ ਨੂੰ ਬੋਲਣ ਤੋਂ ਉਨ੍ਹਾਂ ਨੇ ਇਸੇ ਤਰ੍ਹਾਂ ਰੋਕਣ ਲਈ ਹੱਲਾ-ਗੁੱਲਾ ਵਿੱਢ ਲਿਆ ਤਾਂ ਇਸ ਨਾਲ ਜਲੂਸ ਕਿਸ ਦਾ ਨਿਕਲੇਗਾ? ਭਾਜਪਾ ਵਾਲੇ ਤਾਂ ਇੱਦਾਂ ਦੇ ਹੰਗਾਮੇ ਕਰਨ ਵਿੱਚ ਬਾਕੀਆਂ ਨਾਲੋਂ ਉਂਝ ਵੀ ਵੱਧ ਮਾਹਰ ਸਮਝੇ ਜਾਂਦੇ ਹਨਲੋਕ-ਰਾਜ ਵਿੱਚ ਹਰ ਚੁਣੇ ਹੋਏ ਪ੍ਰਤੀਨਿਧ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੱਕ ਹੈ, ਜੇ ਕੋਈ ਸੁਣਨਾ ਨਹੀਂ ਚਾਹੁੰਦਾ ਤਾਂ ਉੱਠ ਕੇ ਬਾਹਰ ਚਲਾ ਜਾਵੇ, ਪਰ ਕਿਸੇ ਦਾ ਬੋਲਣ ਦਾ ਹੱਕ ਨਹੀਂ ਖੋਹਿਆ ਜਾ ਸਕਦਾਇੰਜ ਕਰ ਕੇ ਨਾ ਭਾਜਪਾ ਦੀ ਨੀਤੀ ਬਦਲਣੀ ਹੈ, ਨਾ ਨੀਤ, ਪਰ ਪੰਜਾਬ ਦੇ ਵਿਧਾਇਕਾਂ ਦੀ ਅਕਲ ਸਾਹਮਣੇ ਆ ਗਈ ਹੈ

ਲੋਕ-ਰਾਜ ਜਿਨ੍ਹਾਂ ਦੇਸ਼ਾਂ ਤੋਂ ਤੁਰਿਆ ਸੀ, ਉੱਥੇ ਵੀ ਬਿਨਾਂ ਸ਼ੱਕ ਉਦੋਂ ਜਿੰਨਾ ਸੁਥਰਾ ਨਹੀਂ ਰਿਹਾ, ਪਰ ਵਿਕਾਸ ਦੀ ਯਾਤਰਾ ਕਰਦਾ-ਕਰਦਾ ਭਾਰਤ ਵਰਗੇ ਦੇਸ਼ਾਂ ਵਿੱਚ ਪਹੁੰਚ ਕੇ ਤਾਂ ਆਪਣੇ ਆਪ ਵਿੱਚ ਹੀ ਸ਼ਰਮਿੰਦਾ ਮਹਿਸੂਸ ਕਰਨ ਲੱਗ ਪਿਆ ਹੋਵੇਗਾਅਸੀਂ ਜਦੋਂ ਪੰਜਤਾਲੀ ਕੁ ਸਾਲ ਪਹਿਲਾਂ ਦੀਆਂ ਗੰਭੀਰ ਬਹਿਸਾਂ ਤੇ ਸਦਾਚਾਰੀ ਪੱਧਰ ਦਾ ਚੇਤਾ ਕਰਦੇ ਹਾਂ ਤਾਂ ਇਸਦਾ ਆਖਰੀ ਝਲਕਾਰਾ ਉਦੋਂ ਮਿਲਿਆ ਸੀ, ਜਦੋਂ ਚੌਦਾਂ ਕੁ ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਚੌਥੀ ਵਾਰੀ ਇਸ ਰਾਜ ਦੇ ਮੁੱਖ ਮੰਤਰੀ ਬਣੇ ਸਨ ਅਤੇ ਨਵੀਂ ਪੀੜ੍ਹੀ ਕਾਂਗਰਸ ਤੇ ਅਕਾਲੀ ਦਲ ਦੋਵੇਂ ਪਾਸੇ ਅਜੇ ਬੇਲਗਾਮ ਨਹੀਂ ਸੀ ਹੋਈਕੌੜੇ ਸ਼ਬਦ ਮੁੱਖ ਮੰਤਰੀ ਬਾਦਲ ਤੇ ਵਿਰੋਧੀ ਧਿਰ ਵੱਲੋਂ ਵੀ ਕੁਝ ਲੋਕ ਕਹਿ ਜਾਂਦੇ ਸਨ, ਪਰ ਇੱਕ ਹੱਦ ਫਿਰ ਵੀ ਕਾਇਮ ਰਹਿੰਦੀ ਸੀਮੁੱਖ ਮੰਤਰੀ ਬੋਲਦਾ ਹੋਵੇ ਤਾਂ ਉਸ ਦੀ ਗੱਲ ਸੁਣਨ ਤੋਂ ਰੋਕਣ ਦਾ ਰਿਵਾਜ ਹਾਲੇ ਨਹੀਂ ਸੀ ਪਿਆਪੰਜਾਬ ਕਾਂਗਰਸ ਦੇ ਅਜੋਕੇ ਪ੍ਰਧਾਨ ਸੁਨੀਲ ਜਾਖੜ ਦੇ ਆਪੋਜ਼ੀਸ਼ਨ ਲੀਡਰ ਹੁੰਦਿਆਂ ਸਦਾਚਾਰ ਇਸ ਹੱਦ ਤਕ ਹੁੰਦਾ ਸੀ ਕਿ ਉਹ ਉਮਰ ਦਾ ਲਿਹਾਜ਼ ਕਰ ਕੇ ਮੁੱਖ ਮੰਤਰੀ ਬਾਦਲ ਦੇ ਗੋਡੀਂ ਹੱਥ ਲਾ ਦਿੰਦੇ ਸਨਅਗਲਾ ਪੜਾਅ ਉਦੋਂ ਆਇਆ ਸੀ, ਜਦੋਂ ਯੋਜਨਾ ਕਮਿਸ਼ਨ ਦੀ ਮੀਟਿੰਗ ਵਾਸਤੇ ਦਿੱਲੀ ਪਹੁੰਚੇ ਤਾਂ ਸੁਨੀਲ ਜਾਖੜ ਨੇ ਬਾਦਲ ਦੇ ਪੈਰੀਂ ਹੱਥ ਲਾਏ ਅਤੇ ਅਕਾਲੀ ਦਲ ਦੀ ਨਵੀਂ ਪੀੜ੍ਹੀ ਨੇ ਉਹ ਫੋਟੋ ਮੀਡੀਏ ਵਿੱਚ ਉਚੇਚੀ ਇਹ ਕਹਿ ਕੇ ਪੇਸ਼ ਕਰਵਾਈ ਕਿ ਕਾਂਗਰਸ ਵਾਲੇ ਤਾਂ ਮੁੱਖ ਮੰਤਰੀ ਬਦਲ ਦੇ ਗੋਡੀਂ ਝੁਕਦੇ ਫਿਰਦੇ ਹਨਸੁਨੀਲ ਜਾਖੜ ਦਾ ਝੱਟ ਬਿਆਨ ਆ ਗਿਆ ਕਿ ਬਜ਼ੁਰਗ ਦਾ ਸਤਿਕਾਰ ਕਰਨ ਲਈ ਮੈਂ ਉਨ੍ਹਾਂ ਦੇ ਗੋਡੀਂ ਹੱਥ ਲਾਉਂਦਾ ਹੁੰਦਾ ਸੀ, ਅਕਾਲੀ ਦਲ ਦੀ ਲੀਡਰਸ਼ਿੱਪ ਇਸ ਤੋਂ ਵੀ ਲਾਹਾ ਲੈਣਾ ਚਾਹੁੰਦੀ ਹੈ ਤਾਂ ਅੱਜ ਤੋਂ ਬਾਅਦ ਨਹੀਂ ਲਾਏ ਜਾਣਗੇਸਦਾਚਾਰ ਉੱਤੇ ਕਦਾਚਾਰ ਦੇ ਭਾਰੂ ਹੋਣ ਨਾਲ ਕਿਸੇ ਇੱਕ ਜਾਂ ਦੂਸਰੇ ਲੀਡਰ ਦਾ ਜਲੂਸ ਨਹੀਂ ਨਿਕਲਿਆ, ਪੰਜਾਬ ਵਿਚਲੇ ਲੋਕ-ਰਾਜ ਦੀ ਗਿਰਾਵਟ ਦਾ ਸਿਖਰ ਹੋਣ ਦੇ ਸੰਕੇਤ ਬਾਹਰ ਆ ਗਏ ਸਨਇਸ ਵਾਰ ਪੰਜਾਬ ਦੀ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਧਮੱਚੜ ਪਾਇਆ ਗਿਆ, ਉਸ ਨੂੰ ਸੋਚਣ ਵੇਲੇ ਅਚਾਨਕ ਬਾਹਰ ਖੜ੍ਹੀ ਕਿਸੇ ਗੱਡੀ ਵਿੱਚ ਚੱਲਦੀ ਸੀ ਡੀ ਤੋਂ ਇਹ ਗਾਣਾ ਵੱਜ ਪਿਆ ਕਿ ‘ਮੈਂ ਮਸੀਹਾ ਵੇਖਿਆ, ਬੀਮਾਰ ਤੇਰੇ ਸ਼ਹਿਰ ਦਾਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ’ ਮੈਂਨੂੰ ਇੰਜ ਲੱਗਣ ਲੱਗ ਪਿਆ, ਜਿਵੇਂ ਗਾਣੇ ਦੇ ਅਜੋਕੇ ਬੋਲ ‘ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ’ ਵਾਂਗ ਰਾਜਨੀਤੀ ਦੇ ਖੇਤਰ ਲਈ ਲਿਖਣੇ ਹੋਣ ਤਾਂ ‘ਰੋਗ ਬਣ ਕੇ ਰਹਿ ਗਿਆ ਲੋਕ-ਰਾਜ ਤੇਰੇ ਦੇਸ਼ ਦਾ’ ਲਿਖਣ ਦੀ ਗੁਸਤਾਖੀ ਕੀਤੀ ਜਾ ਸਕਦੀ ਹੈਉਂਜ ਇਹ ਗੀਤ ਨਹੀਂ ਹੋਣਾ, ਸ਼ਿਵ ਬਟਾਲਵੀ ਦੇ ਗੀਤ ਦੀ ਪੈਰੋਡੀ ਹੋਵੇਗਾ, ਪਰ ਜੋ ਕੁਝ ਭਾਰਤ ਵਿੱਚ ਸਾਨੂੰ ਵੇਖਣਾ ਪੈ ਰਿਹਾ ਹੈ, ਉਹ ਵੀ ਕੋਈ ਲੋਕ-ਰਾਜ ਨਹੀਂ, ਲੋਕ-ਰਾਜ ਦੀ ਇੱਕ ਪੈਰੋਡੀ ਵਰਗਾ ਹੀ ਹੈ, ਅਸਲੀ ਲੋਕ-ਰਾਜ ਤਾਂ ਕਿਸੇ ਖੂੰਜੇ ਬੈਠਾ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦਾ ਹੋਵੇਗਾ ਕਿ ਜੇ ਮੇਰੇ ਉੱਤੇ ਆਹ ਦਿਨ ਹੀ ਆਉਣੇ ਸਨ ਤਾਂ ਇਹੋ ਜਿਹੇ ਦੇਸ਼ ਵਿੱਚ ਆਉਣ ਦੀ ਲੋੜ ਕੀ ਸੀ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2628)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author